ਬਾਬਾ ਬੰਦਾ ਸਿੰਘ ਬਹਾਦਰ ਆਪਣੇ ਵਕਤਾਂ ਦਾ ਅਜਿਹਾ ਬੇਜੋੜ ਜਿਉੜਾ ਸੀ, ਜਿਸ ਨੇ ਜ਼ੁਲਮ ਦੇ ਟਾਕਰੇ ਲਈ ਤਲਵਾਰ ਵਾਹੀ ਅਤੇ ਫਿਰ ਸਰਬੱਤ ਦੇ ਭਲੇ ਵਾਲਾ ਰਾਜ ਕਾਇਮ ਕੀਤਾ। ਉਹਦੀ ਆਪਣੀ ਸ਼ਖਸੀਅਤ ਵਾਂਗ ਇਹ ਪਹਿਲਾ ਸਿੱਖ ਰਾਜ ਵੀ ਮਿਸਾਲੀ ਹੋ ਨਿਬੜਿਆ। ਸ਼ ਮਝੈਲ ਸਿੰਘ ਸਰਾਂ ਨੇ ਇਸ ਮਿਸਾਲੀ ਰਾਜ ਅਤੇ ਬੰਦਾ ਸਿੰਘ ਬਹਾਦਰ ਬਾਰੇ ਗੱਲਾਂ ਕਰਦਿਆਂ ਇਤਿਹਾਸਕਾਰਾਂ ਦੀਆਂ ਅੱਖਾਂ ਦੇ ਟੀਰ ਦਾ ਜ਼ਿਕਰ ਵੀ ਛੋਹਿਆ ਹੈ
ਜਿਨ੍ਹਾਂ (ਖਾਸ ਕਰ ਨਿਜੀ ਸਵਾਰਥਾਂ ਕਰਕੇ ਹਕੂਮਤ ਨਾਲ ਜੁੜੇ) ਨੇ ਬੰਦਾ ਸਿੰਘ ਨਾਲ ਇਨਸਾਫ ਨਹੀਂ ਕੀਤਾ ਤੇ ਆਪਣੀਆਂ ਲਿਖਤਾਂ ਵਿਚ ਉਸ ਨੂੰ ਡਾਕੂ-ਲੁਟੇਰਾ ਅਤੇ ਜ਼ਾਲਮ ਹੀ ਦਰਸਾਇਆ। ਉਂਜ ਵਕਤ ਨੇ ਇਸ ਮਹਾਂਨਾਇਕ ਨਾਲ ਇਨਸਾਫ ਕੀਤਾ ਹੈ; ਹੁਣ ਪਿਛਲੇ ਕੁਝ ਸਮੇਂ ਤੋਂ ਉਸ ਦੀ ਕੀਰਤੀ ਦੇ ਸੋਹਿਲੇ ਸਾਹਮਣੇ ਆਏ ਹਨ। ਸ਼ ਸਰਾਂ ਨੇ ਇਨ੍ਹਾਂ ਸਭ ਤੱਥਾਂ ਬਾਰੇ ਆਪਣੇ ਇਸ ਲੇਖ ਵਿਚ ਟਿੱਪਣੀ ਕਰਦਿਆਂ ਅੱਜ ਦੇ ਅਖੌਤੀ ਬਾਬਿਆਂ ਅਤੇ ਨਾਲ ਹੀ ਹਾਕਮਾਂ ਨੂੰ ਖੂਬ ਆਰਾਂ ਲਾਈਆਂ ਹਨ। -ਸੰਪਾਦਕ
ਮਝੈਲ ਸਿੰਘ ਸਰਾਂ
ਦੁਨੀਆਂ ਭਰ ਵਿਚ ਵੱਡਾ ਧਰਮੀ ਹੋਣ ਦਾ ਦਾਅਵਾ ਕਰਦੇ ਮੁਲਕ ਭਾਰਤ ਵਿਚ ਧਰਮੀ ਕਹਾਉਂਦੇ ਰਾਜਿਆਂ ਵਿਚ ਸ਼ਾਇਦ ਹੀ ਕੋਈ ਹੋਵੇ ਜਿਸ ਨੂੰ ਧਰਮ ਨਿਰਪੱਖ ਸ਼ਾਸਕ ਕਹਿ ਸਕੀਏ। ਨਜ਼ਰ ਮਾਰੋ ਜ਼ਰਾ: ਮੁੱਢ ਕਦੀਮ ਤੋਂ ਅੱਜ ਤੱਕ ‘ਰਾਮ ਰਾਜ’ ਵਾਲੇ ਰਾਜੇ ਤੋਂ ਲੈ ਕੇ ‘ਅੱਛੇ ਦਿਨ ਲਿਆਉਣ’ ਵਾਲੇ ਹੁਕਮਰਾਨ ਤੱਕ, ਸਾਰੇ ਹੀ ਵੱਡੇ ਧਰਮੀ ਕਹਾਉਂਦੇ ਰਹੇ ਹਨ ਪਰ ਧਾਰਮਿਕ ਸਹਿਣਸ਼ੀਲਤਾ ਵਾਲੀ ਨਿਰਪੱਖਤਾ ਦੀ ਕਣੀ ਕਿਤੇ ਵੀ ਨਜ਼ਰ ਨਹੀਂ ਆਈ। ਦਿਲ ਵਿਚ ਸਦਾ ਖੋਟ ਰੱਖ ਕੇ ਹਕੂਮਤ ਕੀਤੀ। ਇਹ ਹਾਕਮ ਘੱਟ-ਗਿਣਤੀ ਧਾਰਮਿਕ ਤਬਕਿਆਂ ਨਾਲ ਦਰਿੰਦਗੀ ਨਾਲ ਪੇਸ਼ ਆਏ। ਇੰਤਹਾ ਤਾਂ ਉਸ ਵਕਤ ਹੋ ਗਈ ਜਦੋਂ ਇਸ ਦੀ ਹੁਕਮਰਾਨ ਸ਼ਾਸਕ ‘ਦੇਵੀ’ ਜਿਸ ਨੂੰ ਉਸ ਵਕਤ ਹੱਲਾਸ਼ੇਰੀ ਦੇਣ ਵਾਲੇ ਅੱਜ ਦੇ ਸ਼ਾਸਕਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ, ਨੇ ਦੇਸ਼ ਭਗਤ ਭਾਈਚਾਰੇ ਦੇ ਸਭ ਤੋਂ ਮੁਕੱਦਸ ਸਥਾਨ ‘ਤੇ 1984 ਵਿਚ ਦੁਨੀਆਂ ਦੀ ਤੀਜੀ ਵੱਡੀ ਫੌਜ ਚੜ੍ਹਾਈ, ਇਸ ਨੂੰ ਤਹਿਸ ਨਹਿਸ ਕੀਤਾ, ਤੇ ਹਜ਼ਾਰਾਂ ਬੇਗੁਨਾਹ ਬਾਸ਼ਿੰਦਿਆਂ ਦਾ ਕਤਲ ਕੀਤਾ ਤੇ ਫਿਰ ਉਸੇ ਹੀ ਸਾਲ ‘ਬੜਾ ਦਰਖਤ’ ਡਿੱਗਣ ‘ਤੇ ਧਰਤੀ ਬੁਰੀ ਤਰ੍ਹਾਂ ਕੰਬਾ ਦਿੱਤੀ। ਸ਼ਾਸਕਾਂ ਵੱਲੋਂ ਦਿੱਤੇ ਜ਼ਖਮ ਅੱਜ ਨਾਸੂਰ ਬਣੇ ਪਏ ਹਨ।
ਬਾਬਾ ਬੰਦਾ ਸਿੰਘ ਬਹਾਦਰ ਦੇ ਥੋੜ੍ਹ ਚਿਰੇ ਸ਼ਾਸਨ ਵੱਲ ਨਿਗ੍ਹਾ ਮਾਰੀਏ ਤਾਂ ਉਹ ਵਾਹਦ ਇਕੋ ਇਕ ਸ਼ਾਸਕ ਹੋਇਆ ਹੈ ਜਿਸ ਨੇ ਧਰਮ ਨਿਰਪੱਖਤਾ ਦਾ ਪੱਲਾ ਫੜ ਕੇ ਬੇਗਮਪੁਰੇ ਵਰਗਾ ਹਲੇਮੀ ਰਾਜ ਪਰਜਾ ਨੂੰ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਤਕਾਲੀ ਅਤੇ ਬਾਅਦ ਦਾ ਇਤਿਹਾਸ ਲਿਖਣ ਵਾਲਿਆਂ ਨੇ ਇਸ ਮਹਾਨ ਸੂਰਬੀਰ ਨਾਲ ਬੜੀ ਬੇਇਨਸਾਫੀ ਕੀਤੀ, ਉਸ ਦੀ ਮਹਾਨ ਸ਼ਖਸੀਅਤ ਨੂੰ ਧੁੰਦਲਾ ਕਰਨ ਲਈ ਬੜੀਆਂ ਤੋਹਮਤਾਂ ਲਾਈਆਂ। ਉਹਦੀ ਸਿਰਮੌਰ ਸੂਰਬੀਰਤਾ ਨੂੰ ਖੂੰਖਾਰ ਦਰਿੰਦਾ, ਸਫ਼ਲ ਨਿਆਇਕ ਪ੍ਰਬੰਧਕ ਨੂੰ ਡਾਕੂ ਲੁਟੇਰਾ, ਗੁਰੂ ਤੋਂ ਬੇਮੁਖ ਹੋਇਆ ਬਾਗੀ ਅਤੇ ਪਰਜਾ ਦੇ ਹਿਤੈਸ਼ੀ ਨਾਲੋਂ ਇੱਟ ਨਾਲ ਇੱਟ ਖੜਕਾਉਣ ਵਾਲਾ ਜ਼ਾਲਮ ਵਹਿਸ਼ੀ ਬਣਾ ਕੇ ਪੇਸ਼ ਕੀਤਾ। ਇਹ ਉਹ ਇਤਿਹਾਸ ਹੈ ਜਿਹੜਾ ਸਾਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਪੜ੍ਹਾਇਆ ਜਾਂਦਾ ਰਿਹਾ ਹੈ।
ਦਰਅਸਲ ਸਿੱਖ ਦੁਨੀਆਂ ਦੇ ਉਨ੍ਹਾਂ ਕੁਝ ਭਾਈਚਾਰਿਆਂ ਵਿਚੋਂ ਹਨ ਜਿਹੜੇ ਇਤਿਹਾਸ ਤਾਂ ਸਿਰਜ ਸਕਦੇ ਹਨ, ਪਰ ਲਿਖ ਨਹੀਂ ਸਕਦੇ। ਇਸੇ ਤ੍ਰਾਸਦੀ ਕਰ ਕੇ ਲਿਖਣ ਵਾਲਿਆਂ ਨੇ ਇਹਦੇ ਨਾਇਕਾਂ ਵਾਲੇ ਗੌਰਵਮਈ ਕਾਰਨਾਮਿਆਂ ਨੂੰ ਖਲਨਾਇਕਾਂ ਵਾਂਗ ਪੇਸ਼ ਕਰਨ ਦੀ ਹਿਮਾਕਤ ਕੀਤੀ ਅਤੇ ਬਾਬਾ ਬੰਦਾ ਸਿੰਘ ਵੀ ਇਸੇ ਤੱਦੀ ਦਾ ਸ਼ਿਕਾਰ ਹੋਇਆ। ਉਸ ਵਕਤ ਲਿਖਣ ਵਾਲੇ ਸਟੇਟ ਦੇ ਅਧੀਨ ਸਨ ਤੇ ਉਹ ਹੁਕਮਰਾਨ ਦੀ ਨਬਜ਼ ਟੋਹ ਕੇ ਲਿਖਦੇ ਸਨ। ਅੱਜ ਵੀ ਇਹੋ ਦਸਤੂਰ ਚੱਲ ਰਿਹਾ ਹੈ।
ਬਹੁਤ ਚਿਰ ਤੱਕ ਸਿੱਖ ਭਾਈਚਾਰਾ ਬਾਬਾ ਬੰਦਾ ਸਿੰਘ ਦੀ ਅਲਬੇਲੀ, ਮਹਾਨ ਸ਼ਖਸੀਅਤ ਬਾਰੇ ਅਵੇਸਲਾ ਹੀ ਰਿਹਾ। ਬਹੁਤਾ ਪ੍ਰਚਾਰ ਉਨ੍ਹਾਂ ਦੇ ਉਸ ਜੀਵਨ ਦਾ ਹੀ ਕੀਤਾ ਜਾਂਦਾ ਰਿਹਾ ਜਦੋਂ ਉਹ ਗੁਰੂ ਦਾ ਸਿੱਖ ਨਹੀਂ ਸੀ ਬਣਿਆ; ਮਸਲਨ, ਉਹ ਜੰਮੂ ਵਿਚ ਰਾਜਪੂਤ ਘਰ ਜਨਮਿਆ, ਵੱਡਾ ਸ਼ਿਕਾਰੀ ਸੀ। ਇਕ ਦਿਨ ਤੀਰ ਨਾਲ ਹਿਰਨੀ ਤੇ ਉਹਦੇ ਗਰਭ ਵਿਚਲਾ ਬੱਚਾ ਮਾਰਿਆ ਗਿਆ ਤਾਂ ਸ਼ਿਕਾਰੀ ਤੋਂ ਬੈਰਾਗੀ ਬਣ ਗਿਆ। ਨਾਂਦੇੜ ਵਿਚ ਰਹਿ ਕੇ ਡੇਰਾ ਬਣਾ ਲਿਆ, ਕਰਾਮਾਤਾਂ ਸਿੱਖ ਲਈਆਂ, ਕਰਾਮਾਤੀ ਪਾਲੰਘ ਬਣਾ ਲਿਆ, ਵਗੈਰਾ ਵਗੈਰਾ। ਇਹ ਕੋਈ ਮਹਾਨਤਾ ਵਾਲੀਆਂ ਗੱਲਾਂ ਥੋੜ੍ਹੀਆਂ ਸਨ, ਅੱਜ ਵੀ ਬਥੇਰੇ ਪਾਖੰਡੀ ਫਿਰਦੇ ਆ ਡੇਰੇ ਬਣਾ ਕੇ। ਉਸ ਦੀ ਮਹਾਨਤਾ ਉਸ ਦਿਨ ਸ਼ੁਰੂ ਹੋਈ ਜਿਸ ਦਿਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਨੇ ਆਪਣਾ ਰਹਿਮਤ ਭਰਿਆ ਹੱਥ ਉਹਦੇ ਸਿਰ ‘ਤੇ ਰੱਖ ਕੇ ਜਿਥੇ ਉਹਨੂੰ ਉਹਦਾ ਅਸਲੀ ਨਾਂ ਬੰਦਾ ਸਿੰਘ ਦਿੱਤਾ, ਨਾਲ ਦੀ ਨਾਲ ਦੋ ਵੱਡੀਆਂ ਉਪਾਧੀਆਂ- ਇਕ ‘ਬਾਬਾ’ ਤੇ ਦੂਜੀ ‘ਬਹਾਦਰ’ ਬਖਸ਼ੀਆਂ।
ਇਥੇ ਇਕ ਗੱਲ ਜ਼ਰੂਰ ਸਾਂਝੀ ਕਰਨੀ ਹੈ ਕਿ 10 ਗੁਰੂ ਸਾਹਿਬਾਨ ਦੇ 240 ਸਾਲਾਂ ਦੇ ਇਤਿਹਾਸ ਦੌਰਾਨ ਸਿਰਫ 2 ਸਿੱਖਾਂ ਨੂੰ ਬਾਬੇ ਦੀ ਉਪਾਧੀ ਮਿਲੀ। ਪਹਿਲੀ ਬਾਬਾ ਬੁੱਢਾ ਨੂੰ ਗੁਰੂ ਨਾਨਕ ਨੇ ਬਖਸ਼ੀ, ਤੇ ਦੂਜੀ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਨੂੰ। ਕਮਾਲ ਇਹ ਹੈ ਕਿ ਪਿਛਲੇ 60 ਕੁ ਸਾਲਾਂ ਵਿਚ ਸਿੱਖ ਧਰਮ ਵਿਚ ਬਾਬਿਆਂ ਦੀ ਗਿਣਤੀ ਹਜ਼ਾਰਾਂ ਵਿਚ ਪਹੁੰਚ ਗਈ ਹੈ। ਬਾਬਾ ਬੁੱਢਾ ਨੇ ਕਦੇ ਕੋਈ ਆਪਣਾ ਡੇਰਾ ਨਹੀਂ ਬਣਾਇਆ। ਆਪਣੇ ਘਰ, ਗ੍ਰਹਿਸਥੀ ਜੀਵਨ ਬਸਰ ਕਰਦਿਆਂ ਗੁਰੂ ਘਰ ਵਿਚ ਪਹਿਲੇ 6 ਗੁਰੂਆਂ ਤੱਕ ਸੇਵਾ ਕੀਤੀ ਤੇ ਬਣਦੀ ਹਰ ਜ਼ਿੰਮੇਵਾਰੀ ਗੁਰਮਤਿ ‘ਤੇ ਪਹਿਰਾ ਦੇ ਕੇ ਪੂਰੀ ਕੀਤੀ; ਤੇ ਜਿਸ ਦਿਨ ਬੰਦਾ ਸਿੰਘ ਨੂੰ ਬਾਬੇ ਦੀ ਉਪਾਧੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ, ਉਸੇ ਦਿਨ ਉਹਨੇ ਆਪਣੇ ਹੱਥੀਂ ਬਣੇ ਬਣਾਏ ਡੇਰੇ ਨੂੰ ਸਦਾ ਲਈ ਛੱਡ ਦਿੱਤਾ। ਸਾਡੇ ਅੱਜ ਦੇ ਬਾਬੇ ਡੇਰਾ ਪਹਿਲਾਂ ਬਣਾਉਂਦੇ ਹਨ! ਕਿੰਨਾ ਵੱਡਾ ਫਰਕ ਹੈ।
ਅੱਜ ਦੇ ਡੇਰਿਆਂ ਵਾਲੇ ਬਾਬੇ ਕਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾ ਜਨਮ ਦਿਨ, ਨਾ ਫ਼ਤਿਹ ਦਿਨ ਤੇ ਨਾ ਸ਼ਹੀਦੀ ਦਿਨ ਕਿਸੇ ਡੇਰੇ ਵਿਚ ਮਨਾਉਂਦੇ ਹਨ ਕਿਉਂਕਿ ਇਹ ਨਕਲੀ ਬਾਬੇ ਅਸਲੀ ਬਾਬੇ ਨੂੰ ਯਾਦ ਕਰਨ ਦੀ ਹਿੰਮਤ ਕਿਥੇ ਰੱਖਦੇ ਹਨ!
ਹੁਣ ਪਿਛਲੇ ਕੁਝ ਸਮੇਂ ਤੋਂ ਬਾਬਾ ਬੰਦਾ ਸਿੰਘ ਦੀ ਅਸਲ ਬਹੁਪੱਖੀ ਸ਼ਖਸੀਅਤ ਉਘਾੜਨ ਵੱਲ ਸਿੱਖ ਬੁੱਧੀਜੀਵੀ ਅਹੁਲੇ ਹਨ ਤੇ ਤੱਥ ਸਾਹਮਣੇ ਲਿਆ ਰਹੇ ਹਨ। ਪੰਜਾਬ ਦੀ ‘ਪੰਥਕ’ ਸਰਕਾਰ ਵੀ ਵਧਾਈ ਦੀ ਹੱਕਦਾਰ ਹੈ ਜਿਸ ਨੇ ਚੱਪੜਚਿੜੀ (ਅਸਲ ਵਿਚ ਛੱਪੜ ਝਿੜੀ) ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਜਿੱਤ ਨੂੰ ਉਜਾਗਰ ਕਰਦੀ ਯਾਦਗਾਰ ਬਣਾ ਕੇ ਭਾਈਚਾਰੇ ਦੇ ਨਾਲ-ਨਾਲ ਮੁਲਕ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਹੋਰ ਕਿਸੇ ਨੇ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਨੇ ਲੜੀ ਸੀ ਤੇ ਜਿੱਤੀ ਸੀ।
ਫਿਰ ਉਸ ਤੋਂ ਵੀ ਵੱਡੀ ਗੱਲ ਕਿ ਭਾਰਤੀ ਲੀਡਰਾਂ ਨੇ ਜਿਹੜਾ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਦੇ ਅੰਦੋਲਨ ਦੌਰਾਨ ‘ਸਵਰਾਜ’ ਵਰਗਾ ਨਾਅਰਾ ਲਾਇਆ ਸੀ, ਆਜ਼ਾਦੀ ਲੈਣ ਦੇ ਸੱਤ ਦਹਾਕਿਆਂ ਵਿਚ ਵੀ ਇਹ ਅੱਜ ਤੱਕ ਪੂਰਾ ਨਹੀਂ ਕਰ ਸਕੇ, ਪਰ ਉਹ ਬਾਬਾ ਬੰਦਾ ਸਿੰਘ ਨੇ ਸਰਹਿੰਦ ਫਤਿਹ ਕਰਨ ਤੋਂ ਬਾਅਦ ਇਕੋ ਝਟਕੇ ਨਾਲ ਕਰ ਦਿੱਤਾ ਸੀ। ‘ਸਵਰਾਜ’ ਦਾ ਕੀ ਮਤਲਬ ਹੁੰਦਾ ਹੈ? ਇਹੋ ਹੀ ਕਿ ਆਜ਼ਾਦ ਪ੍ਰਭੂਸੱਤਾ ਵਾਲੇ ਖਿੱਤੇ ਦਾ ਹਰ ਬਾਸ਼ਿੰਦਾ ਬੇਖੌਫ਼ ਹੋ ਕੇ ਆਜ਼ਾਦੀ ਦਾ ਨਿੱਘ ਆਪ ਵੀ ਮਾਣੇ ਤੇ ਦੂਜਿਆਂ ਨੂੰ ਵੀ ਮਾਣਨ ਦੇਵੇ। ਇਸ ਵਿਚ ਹਕੂਮਤ ਤੇ ਸਟੇਟ ਵੀ ਖ਼ਲਲ ਨਾ ਪਾਵੇ, ਤੇ ਇਹ ਕੰਮ ਕੀਤਾ ਬਾਬਾ ਬੰਦਾ ਸਿੰਘ ਨੇ। ਅੰਗਰੇਜ਼ ਇਤਿਹਾਸਕਾਰ ਇਰਵਿਨ ਨੇ ਲਿਖਿਆ ਹੈ ਕਿ ਬੰਦਾ ਸਿੰਘ ਦੇ ਥੋੜ੍ਹ ਚਿਰੇ ਸ਼ਾਸਨ ਦੌਰਾਨ ਲੁੱਟ-ਮਾਰ ਤੇ ਕਤਲੋਗਾਰਤ ਕਰਨ ਵਾਲੇ ਮਾੜੇ ਅਨਸਰਾਂ ਸਮੇਤ ਰਾਜ ਸੱਤਾ ਉਤੇ ਕਾਬਜ਼ ਲੋਕ ਇਕ ਦਮ ਸਭ ਕੁਝ ਛੱਡ ਗਏ ਸਨ ਤੇ ਇਹੋ ਜਿਹੀਆਂ ਵਾਰਦਾਤਾਂ ਬੀਤੇ ਦੀਆਂ ਗੱਲਾਂ ਬਣ ਗਈਆਂ ਸਨ। ਅੱਜ ਦੇ ‘ਸਵਰਾਜ’ ਨੂੰ ਸਿੱਖ ਭਾਈਚਾਰੇ ਦੇ ਇਕ ਆਗੂ ਦੇ ਪੋਸਟਰਾਂ ਤੋਂ ਵੀ ਕਿਉਂ ਐਡਾ ਖੌਫ਼ ਆਉਂਦਾ? ਕਿਉਂ ਇਹ ‘ਸਵਰਾਜ’ ਉਸ ਨੌਜਵਾਨ ਨੂੰ ਗੋਲੀ ਦਾ ਨਿਸ਼ਾਨਾ ਬਣਾ ਮਾਰਦਾ ਹੈ ਜਿਹੜਾ ਆਪਣੇ ਆਗੂ ਦੇ ਪੋਸਟਰ ਕੋਲ ਵੀ ਖੜ੍ਹਾ ਹੈ? ਜੇ ਪੰਜਾਬ ਦੇ ਹਾਕਮਾਂ ਨੇ ਬਾਬਾ ਬੰਦਾ ਸਿੰਘ ਦੀ ਯਾਦਗਾਰ ਬਣਾਈ ਹੈ ਤਾਂ ਆਹ ਉਪਰ ਵਾਲਾ ਸੁਨੇਹਾ ਇਹ ਆਪਣੇ ਜੋਟੀਦਾਰਾਂ ਨੂੰ ਸਮਝਾਉਣ ਵਿਚ ਦਿਲਚਸਪੀ ਕਿਉਂ ਨਹੀਂ ਦਿਖਾਉਂਦੇ? ਕਿਤੇ ਆਪਣੇ ਵਿਚ ਹੀ ਤਾਂ ਕੋਈ ਕਾਣ ਨਹੀਂ? ਜੇ ਹੋਰ ਨਹੀਂ ਤਾਂ ਸਿੱਖ ਜ਼ਰੂਰ ਸਮਝਣ ਇਸ ਖੋਟ ਨੂੰ।
ਬਾਬਾ ਬੰਦਾ ਸਿੰਘ ਨੇ ਮੁਖਲਿਸਗੜ੍ਹ ਦੇ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾ ਕੇ ਉਹਦਾ ਨਾਂ ਲੋਹਗੜ੍ਹ ਰੱਖ ਕੇ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਬਣਾਈ ਅਤੇ ਆਜ਼ਾਦ ਮੁਲਕ ਦਾ ਸ਼ਾਸਕ ਬਣ ਕੇ ਗੁਰੂ ਦੇ ਨਾਂ ਦਾ ਸਿੱਕਾ ਚਲਾਇਆ। ਇਸ ਤੋਂ ਵੀ ਵੱਧ, ਉਹ ਸਮਝਦਾ ਸੀ ਕਿ ਜੇ ਸਿੱਖਾਂ ਨੇ ਅਗਾਂਹ ਵੀ ਆਪਣਾ ਖਾਲਸਾ ਰਾਜ ਕਾਇਮ ਰੱਖਣਾ ਹੈ, ਜਿਸ ਦੀ ਰੂਹ ਵਿਚ ਸਰਬੱਤ ਦਾ ਭਲਾ ਕਰਨਾ ਹੈ, ਤਾਂ ਦੂਜਿਆਂ ਸ਼ਾਸਕਾਂ ਤੋਂ ਨਿਖੇੜਨਾ ਪੈਣਾ ਹੈ। ਇਸੇ ਲਈ ਉਹਨੇ ਸਰਹਿੰਦ ਫਤਿਹ ਕਰਨ ਵਾਲੇ ਦਿਨ ਤੋਂ ਵੱਖਰਾ ਸੰਮਤ ਜਿਹਨੂੰ ਅੱਜ ਕੱਲ੍ਹ ਕੈਲੰਡਰ ਵੀ ਕਿਹਾ ਜਾਂਦਾ ਹੈ, ਚਲਾਇਆ ਤਾਂ ਕਿ ਪਰਜਾ ਦੇ ਮਨਾਂ ਵਿਚ ਇਹ ਵੱਸ ਜਾਵੇ ਕਿ ਖਾਲਸਾ ਰਾਜ ਧਰਮ ਨਿਰਪੱਖਤਾ ਦੇ ਦੈਵੀ ਸਿਧਾਂਤ ਹਨ ਜਿਸ ਦਾ ਮੁੱਢ ਗੁਰੂ ਨਾਨਕ ਨੇ ਬੰਨ੍ਹਿਆ ਅਤੇ ਇਸ ਨੂੰ ਅਸਲੀ ਜਾਮਾ ਗੁਰੂ ਦੀ ਰਹਿਮਤ ਸਦਕਾ ਸਰਹਿੰਦ ਫਤਿਹ ਕਰਨ ਵਾਲੇ ਦਿਨ ਤੋਂ ਪਹਿਨਾਇਆ ਗਿਆ ਹੈ।
ਅੱਜ ਪਤਾ ਨਹੀਂ ਕਿਉਂ ਸਾਡੇ ਆਪਣੇ ਪੰਥਕ ਹਾਕਮ, ਬਾਬੇ ਤੇ ਜਥੇਦਾਰ ਕਿਸ ਬਿਪਰ ਦੀ ਈਨ ਮੰਨ ਕੇ ਆਪਣੀ ਵਿਲੱਖਣ ਪਛਾਣ ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰੀ ਜਾਂਦੇ ਹਨ। ਕੀ ਇਨ੍ਹਾਂ ਦਾ ਕੋਈ ਹੱਕ ਬਣਦਾ ਹੈ ਕਿ ਬਾਬਾ ਬੰਦਾ ਸਿੰਘ ਦੀ ਯਾਦਗਾਰ ਉਤੇ ਜਾ ਕੇ ਕਹਿੰਦੇ ਫਿਰਨ ਕਿ ‘ਅਸੀਂ ਬਾਬਾ ਬੰਦਾ ਸਿੰਘ ਦੇ ਪਾਏ ਪੂਰਨਿਆਂ ‘ਤੇ ਚੱਲ ਰਹੇ ਹਾਂ!’ ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਵਾਲਾ ਹਰ ਸਿੱਖ, ਹਰ ਗੁਰਦੁਆਰਾ ਕਮੇਟੀ ਤੇ ਹਰ ਸਿੱਖ ਸੰਸਥਾ ਇਹ ਸੁਆਲ ਜ਼ਰੂਰ ਪੁੱਛੇ।
ਸ਼ਾਇਦ ਕਿਸੇ ਵੀਰ-ਭੈਣ ਦੇ ਮਨ ਵਿਚ ਇਹ ਸੁਆਲ ਉਠੇ ਕਿ ਜਦੋਂ ਬਾਬਾ ਬੰਦਾ ਸਿੰਘ ਨੇ ਵੱਖਰਾ ਖਾਲਸਾ ਰਾਜ ਸਥਾਪਤ ਕਰਨ ਦੀ ਗੱਲ ਕੀਤੀ ਤਾਂ ਫਿਰ ਧਰਮ ਨਿਰਪੱਖਤਾ ਕਿਵੇਂ ਰੱਖ ਸਕਿਆ; ਕਿਉਂਕਿ ਉਸ ਵੇਲੇ ਸਮਾਜ ਵਿਚ ਮੁਸਲਮਾਨ ਤੇ ਹਿੰਦੂ ਜ਼ਿਆਦਾ ਸਨ, ਜਿਨ੍ਹਾਂ ਤੋਂ ਸਿੱਖ ਵੱਖਰੇ ਸਨ। ਇਥੇ ਉਸ ਵੇਲੇ ਦੀਆਂ ਤਤਕਾਲੀ ਦੋ ਰਿਪੋਰਟਾਂ ਮਿਸਾਲ ਹਨ ਕਿ ਉਹਨੇ ਧਰਮ ਨਿਰਪੱਖਤਾ ਕਿਸ ਤਰ੍ਹਾਂ ਕਾਇਮ ਰੱਖੀ; ਪਹਿਲੀ ਹੈ ਸਰਕਾਰੀ ਰਿਪੋਰਟ ਜਿਹਦਾ ਨਾਂ ਹੈ ‘ਅਖਬਾਰਤ-ਏ-ਦਰਬਾਰ-ਏ-ਮੌਲਾ’ ਜੋ 28 ਅਪਰੈਲ 1711 ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਭੇਜੀ। ਇਹਦੀ ਇਬਾਰਤ ਕੁਝ ਇਸ ਤਰ੍ਹਾਂ ਹੈ, “ਨਾਨਕ ਦਾ ਪੁਜਾਰੀ ਕੁੱਤਾ (ਬੰਦਾ ਸਿੰਘ) ਕਲਾਨੌਰ ਵਿਚ ਕੈਂਪ ਲਾਈ ਬੈਠਾ ਹੈ ਤੇ ਇਹਨੇ ਵਾਅਦਾ ਤੇ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਉਹ ਮੁਸਲਮਾਨਾਂ ‘ਤੇ ਕੋਈ ਵੀ ਜ਼ਿਆਦਤੀ ਨਹੀਂ ਕਰੇਗਾ। ਕੋਈ ਵੀ ਮੁਸਲਮਾਨ ਜਿਹੜਾ ਉਹਨੂੰ ਮਿਲੇਗਾ, ਉਹਦੇ ਲਈ ਰੋਜ਼ਾਨਾ ਭੱਤਾ ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੈ, ਤੇ ਉਹ (ਬੰਦਾ ਸਿੰਘ) ਉਨ੍ਹਾਂ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਆਪਣੇ ‘ਤੇ ਲੈਂਦਾ ਹੈ। ਉਨ੍ਹਾਂ (ਮੁਸਲਮਾਨਾਂ) ਨੂੰ ਆਪਣੇ ਧਰਮ ਮੁਤਾਬਕ ਆਜ਼ਾਦਾਨਾ ਤੌਰ ‘ਤੇ ਖੁਤਬਾ ਤੇ ਨਮਾਜ਼ ਅਦਾ ਕਰਨ ਦੀ ਖੁੱਲ੍ਹ ਹੈ।” ਇਸ ਨੂੰ ਪੜ੍ਹ ਕੇ ਕਿਹੜਾ ਕਹਿ ਸਕਦਾ ਕਿ ਬੰਦਾ ਸਿੰਘ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਸੀ। ਉਹਨੇ ਇਹ ਫਰਮਾਨ ਨਿਰਾ ਜਾਰੀ ਹੀ ਨਹੀਂ ਸੀ ਕੀਤਾ, ਇਸ ‘ਤੇ ਅਮਲ ਵੀ ਪੂਰੀ ਦ੍ਰਿੜਤਾ ਨਾਲ ਕੀਤਾ ਗਿਆ। ਜ਼ਾਹਿਰ ਹੈ ਕਿ ਉਸ ਦੇ ਅੰਦਰ ਗੁਰੂ ਦੀ ਸਿੱਖਿਆ ਧੁਰ ਅੰਦਰ ਵਸੀ ਹੋਈ ਸੀ।
ਅਗਲੀ ਮਿਸਾਲ ਇਸ ਬਾਰੇ ਇਤਿਹਾਸਕਾਰ ਇਰਵਿਨ ਦੀ ਹੈ, “ਸਿੱਖ ਰਾਜ ਦੇ ਸਾਰੇ ਪਰਗਨਿਆਂ ਵਿਚ ਪਹਿਲੀਆਂ ਚਾਲੂ ਸਾਰੀਆਂ ਰੀਤੀਆਂ ਨੂੰ ਇਕੋ ਝਟਕੇ ਨਾਲ ਉਲਟਾ ਦਿੱਤਾ। ਉਸ ਵੇਲੇ ਭਾਰਤੀ ਸਮਾਜ ਵਿਚ ਨੀਚ ਤੋਂ ਨੀਚ ਗਰਦਾਨੇ ਜਾਣ ਵਾਲੇ ਚਮੜੇ ਦਾ ਕੰਮ ਕਰਨ ਵਾਲੇ ਵੀ ਜੇ ਸਿੱਖ ਫੌਜ ਵਿਚ ਸ਼ਿਰਕਤ ਕਰਨ ਗਏ, ਤਾਂ ਘਰ ਵਾਪਸੀ ਉਤੇ ਉਨ੍ਹਾਂ ਦੇ ਹੱਥ ਵਿਚ ਬੰਦਾ ਸਿੰਘ ਦਾ ਦਿੱਤਾ ਸ਼ਾਹੀ ਫਰਮਾਨ ਹੁੰਦਾ, ਜਿਸ ਵਿਚ ਉਸੇ ਨੂੰ ਇਲਾਕੇ ਦਾ ਮੁੱਖ ਪ੍ਰਬੰਧਕ ਲਾਇਆ ਹੁੰਦਾ ਤਾਂ ਇਲਾਕੇ ਦੇ ਸਾਰੇ ਧਨਾਢ, ਜਾਗੀਰਦਾਰ ਤੇ ਹੋਰ ਵੱਡੇ ਕਹਾਉਂਦੇ ਲੋਕ ਉਹਦੇ ਇਲਾਕੇ ਵਿਚ ਪੈਰ ਪੈਂਦਿਆਂ ਸਾਰ ਹੱਥ ਬੰਨ੍ਹੀ ਸਤਿਕਾਰ ਲਈ ਖੜ੍ਹੇ ਹੁੰਦੇ ਸਨ। ਕਿਸੇ ਦੀ ਜੁਰਅਤ ਨਹੀਂ ਸੀ ਕਿ ਉਹਦੀ ਹੁਕਮ-ਅਦੂਲੀ ਕਰ ਸਕੇ। ਸਾਰੇ ਧੌਣਾਂ ਝੁਕਾਈ ਉਹਦੇ ਹੁਕਮ ਦੀ ਉਡੀਕ ਕਰਦੇ ਹੁੰਦੇ। ਇਹ ਸਾਰਾ ਕੁਝ ਬਿਨਾਂ ਕਿਸੇ ਭੇਦ-ਭਾਵ, ਜਾਤ-ਪਾਤ, ਊਚ-ਨੀਚ ਦੇ ਕੀਤਾ ਜਾਂਦਾ।”
ਇਨ੍ਹਾਂ ਦੋਹਾਂ ਮਿਸਾਲਾਂ ਤੋਂ ਸ਼ਾਇਦ ਹੋਰ ਕੁਝ ਵਾਧੂ ਲਿਖਣਾ ਜ਼ਰੂਰੀ ਨਾ ਹੋਵੇ, ਇਹ ਸਾਬਤ ਕਰਨ ਲਈ ਕਿ ਬਾਬਾ ਬੰਦਾ ਸਿੰਘ ਦਾ ਸ਼ਾਸਨ ਪੂਰਨ ਤੌਰ ‘ਤੇ ਧਰਮ ਨਿਰਪੱਖਤਾ ‘ਤੇ ਖੜ੍ਹਾ ਸੀ। ਇਹ ਵੀ ਉਹਦਾ ਧਰਮ ਨਿਰਪੱਖਤਾ ਵਾਲਾ ਕਰਮ ਹੀ ਸੀ ਕਿ ਸਰਹਿੰਦ ਫਤਿਹ ਕਰਨ ਉਪਰੰਤ ਉਥੇ ਕਿਸੇ ਵੀ ਮਸਜਿਦ ਦੀ ਇੱਟ ਤੱਕ ਨਹੀਂ ਤੋੜੀ ਗਈ, ਕਿਸੇ ਦਾ ਘਰ ਨਹੀਂ ਢਾਹਿਆ, ਸਿਵਾਏ ਸੁੱਚਾ ਨੰਦ ਦੇ। ਉਸ ਤਖ਼ਤ ਦੀ ਉਹਨੇ ਇੱਟ ਨਾਲ ਇੱਟ ਖੜਕਾ ਦਿੱਤੀ ਜਿਸ ‘ਤੇ ਬਹਿ ਕੇ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਨ ਦਾ ਹੁਕਮ ਦਿੱਤਾ ਸੀ। ਠੰਢੇ ਬੁਰਜ ਨੂੰ ਹੱਥ ਤੱਕ ਨਾ ਲਾਇਆ, ਕਿਉਂਕਿ ਉਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲਣੀ ਸੀ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਇਤਿਹਾਸਕ ਯਾਦਾਂ ਦੀ ਇੱਟ ਨਾਲ ਇੱਟ ਤਾਂ ਕਾਰ ਸੇਵਾ ਵਾਲੇ ਸਾਰੇ ਬਾਬਿਆਂ ਨੇ ਖੜਕਾ ਛੱਡੀ ਹੈ।
ਕੀ ਹਿੰਦੁਸਤਾਨੀ ਹੁਕਮਰਾਨ ਇਹੋ ਜਿਹੀ ਧਰਮ ਨਿਰਪੱਖਤਾ ਦਾ ਦਾਅਵਾ ਕਰ ਸਕਦੇ ਹਨ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਬਾਬਰੀ ਮਸਜਿਦ ਨੂੰ ਕੋਲ ਖੜ੍ਹ ਕੇ ਢਾਹਿਆ। ਜੇ ਅਜਿਹਾ ਹੁੰਦਾ ਤਾਂ ਕਿਉਂ ਅੱਜ ਤੱਕ ਘੱਟ-ਗਿਣਤੀਆਂ ਇਥੇ ਬੇਗਾਨਗੀ ਕਾਰਨ ਰੋਜ਼ ਮਰ ਮਰ ਕੇ ਜਿਉਣ ਲਈ ਮਜਬੂਰ ਹਨ? ਕਿਉਂ ਹਕੂਮਤੀ ਰਫਲਾਂ ਦੇ ਮੂੰਹ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਹੋਰ ਘੱਟ-ਗਿਣਤੀਆਂ ਵੱਲ ਸਿੱਧੇ ਕੀਤੇ ਹੋਏ ਹਨ?
ਜਦੋਂ ਬਾਬਾ ਬੰਦਾ ਸਿੰਘ ਦੀ ਇਤਿਹਾਸਕ ਯਾਦਗਾਰ ਚੱਪੜਚਿੜੀ ਵਿਚ ਬਣਾਈ ਗਈ ਤਾਂ ਸਿੱਖਾਂ ਦਾ ਖੁਸ਼ ਹੋਣਾ ਕੁਦਰਤੀ ਸੀ, ਕਿ ਚਲੋ ਦੇਰ ਨਾਲ ਹੀ ਸਹੀ, ਪੰਥਕ ਹਾਕਮਾਂ ਨੇ ਲੋਕਾਂ ਦੇ ਨਾਇਕ ਦੀ ਯਾਦਗਾਰ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਤਾਂ ਸੰਭਾਲਿਆ। ਹਾਕਮਾਂ ਨੇ ਇਸ ਖੁਸ਼ੀ ਵਿਚ ਹੋਰ ਵੀ ਵਾਧਾ ਇਹ ਕਰ ਦਿੱਤਾ ਕਿ ਲੋਕਾਂ ਵੱਲੋਂ ਵੋਟਾਂ ਵਿਚ ਜਿਤਾਏ ਜਾਣ ‘ਤੇ ਆਪਣੇ ਕਾਰਜ ਦੀ ਸ਼ੁਰੂਆਤ ਇਸ ਮਹਾਨ ਸੂਰਬੀਰ ਦੀ ਯਾਦਗਾਰ ਉਤੇ ਸਹੁੰ ਚੁੱਕ ਕੇ ਕੀਤੀ। ਅਸਲ ਵਿਚ ਇਹ ਹਾਕਮ, ਸਿੱਖਾਂ ਦੇ ਢਿੱਡ ਦੀ ਇਹ ਗੱਲ ਬਾਖੂਬੀ ਜਾਣਦੇ ਹਨ ਕਿ ਪੰਜਾਬੀ, ਖਾਸ ਕਰ ਕੇ ਸਿੱਖ ਤਾਂ ਪੰਥ ਦੇ ਨਾਂ ਤੋਂ ਕੁਰਬਾਨ ਹੋਣ ਨੂੰ ਸਦਾ ਤਿਆਰ ਹੋ ਜਾਂਦੇ ਹਨ। ਇਨ੍ਹਾਂ ਹਾਕਮਾਂ ਨੂੰ ਇਹ ਵੀ ਪਤਾ ਹੈ ਕਿ ਇਹ ਪੰਥਕ ਮਸਲੇ ਹੀ ਹਨ ਜਿਹੜੇ ਉਨ੍ਹਾਂ ਨੂੰ ਹੁਕਮਰਾਨ ਦੀ ਗੱਦੀ ਬਖਸ਼ਦੇ ਹਨ।
ਇਹ ਆਪਾਂ ਜਾਣਦੇ ਹੀ ਹਾਂ ਕਿ ਬਾਬਾ ਬੰਦਾ ਸਿੰਘ ਦਾ ਸ਼ਾਸਨ ਕੁਝ ਮਹੀਨੇ ਹੀ ਰਿਹਾ। ਕੋਈ ਵੱਡਾ ਪ੍ਰਬੰਧਕੀ ਫੇਰ-ਬਦਲ ਇੰਨੇ ਸਮੇਂ ਵਿਚ ਕਰਨਾ ਮੁਸ਼ਕਿਲ ਹੀ ਸੀ। ਨਾਲੇ ਉਹ ਕਿਹੜਾ ਜੱਦੀ ਪੁਸ਼ਤੀ ਰਾਜਾ ਸੀ ਕਿ ਰਾਜ ਪ੍ਰਬੰਧ ਦਾ ਜਾਣੂ ਹੁੰਦਾ! ਉਹ ਤਾਂ ਗੁਰੂ ਸਿੱਖਿਆ ‘ਸਭੈ ਸਾਂਝੀਵਾਲ ਸਦਾਇਨ’ ਮੁਤਾਬਕ ਅਜਿਹਾ ਨਿਆਇਕ ਪ੍ਰਬੰਧ ਦੇਣਾ ਚਾਹੁੰਦਾ ਸੀ ਜਿਹੜਾ ਆਰਥਿਕ ਲੁੱਟ-ਖਸੁੱਟ ਨੂੰ ਰੋਕਦਾ। ਪੈਂਦੀ ਸੱਟੇ ਉਹਨੂੰ ਜਾਗੀਰਦਾਰੀ ਪ੍ਰਬੰਧ ਇਸ ਆਰਥਿਕ ਲੁੱਟ ਦਾ ਮੁੱਖ ਕਾਰਨ ਲੱਗਾ ਤਾਂ ਉਹਨੇ ਫਰਮਾਨ ਜਾਰੀ ਕੀਤਾ ਕਿ ਸਾਰੇ ਜਾਗੀਰਦਾਰ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਖੁਦ ਨਹੀਂ ਵਾਹੁੰਦੇ, ਉਥੇ ਹਲ ਵਾਹ ਕੇ ਖੇਤੀ ਕਰਦੇ ਮੁਜਾਰਿਆਂ ਨੂੰ ਦੇ ਦੇਣ, ਨਹੀਂ ਤਾਂ ਇਹ ਕੰਮ ਰਾਜ ਖਾਲਸਾ ਕਰੇਗਾ।
ਸਰਕਾਰੀ ਰਿਕਾਰਡ ਮੁਤਾਬਕ, ਥੋੜ੍ਹੇ ਜਿਹੇ ਸਮੇਂ ਵਿਚ ਹੀ ਇਹ ਸਾਰਾ ਕੰਮ ਨੇਪਰੇ ਚੜ੍ਹਾ ਦਿੱਤਾ ਗਿਆ। ਮੁਲਕ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਬੇਜ਼ਮੀਨੇ ਵੀ ਜ਼ਿਮੀਦਾਰ ਬਣਾਏ ਗਏ। ਐਡਾ ਵੱਡਾ ਇਨਕਲਾਬੀ, ਸਮਾਜ ਸੁਧਾਰਕ ਫੈਸਲਾ ਸਿਰਫ਼ ਬਾਬਾ ਬੰਦਾ ਸਿੰਘ ਹੀ ਕਰ ਸਕਿਆ। ਇਥੇ ਇਹ ਗੱਲ ਸਪਸ਼ਟ ਹੋਣੀ ਜ਼ਰੂਰੀ ਹੈ ਕਿ ਬਾਬਾ ਬੰਦਾ ਸਿੰਘ ਨੇ ਜ਼ਿਮੀਦਾਰੀ ਸਿਸਟਮ ਖਤਮ ਨਹੀਂ ਕੀਤਾ, ਉਸ ਨੇ ਤਾਂ ਉਲਟਾ ਬੇਜ਼ਮੀਨਿਆਂ ਨੂੰ ਜ਼ਿਮੀਦਾਰ ਬਣਾਇਆ, ਉਹਨੇ ਜਾਗੀਰਦਾਰੀ ਸਿਸਟਮ ਖਤਮ ਕੀਤਾ।
ਇਹ ਜਾਗੀਰਦਾਰੀ ਸਿਸਟਮ ਭਲਾ ਕੀ ਸੀ? ਇਹ ਜਾਣਨਾ ਵੀ ਬੜਾ ਜ਼ਰੂਰੀ ਹੈ। ਦਰਅਸਲ ਇਹ ਅਜਿਹਾ ਮਾਫ਼ੀਆ ਸੀ ਜਿਹੜਾ ਸਾਰੀ ਵਾਹੀਯੋਗ ਜ਼ਮੀਨ ਉਤੇ ਪੀੜ੍ਹੀ ਦਰ ਪੀੜ੍ਹੀ ਕਾਬਜ਼ ਰਹਿੰਦਾ ਰਿਹਾ। ਇਹ ਹੱਥੀਂ ਕੁਝ ਵੀ ਨਹੀਂ ਸੀ ਕਰਦਾ, ਪਰ ਦੂਜੇ ਦੇ ਕੀਤੇ-ਕਰਾਏ ਉਤੇ ਆਪਣਾ ਹੱਕ ਧੌਂਸ ਦੇ ਨਾਲ ਨਾਲ ਕਾਨੂੰਨੀ ਹਕੂਮਤੀ ਸਰਪ੍ਰਸਤੀ ਨਾਲ ਲੈਂਦਾ ਰਿਹਾ। ਸਟੇਟ ਇਹਦੀ ਸਿੱਧੀ ਮਦਦ ਉਤੇ ਸੀ ਤੇ ਕਾਨੂੰਨ ਇਹਦੇ ਹੱਕ ਵਿਚ ਬਣਦੇ ਸਨ। ਆਮ ਪਰਜਾ ਤਾਂ ਦੋ ਡੰਗ ਦੀ ਰੋਟੀ ਦੀ ਵੀ ਮੁਥਾਜ ਸੀ, ਪਰ ਇਨ੍ਹਾਂ ਜਾਗੀਰਦਾਰਾਂ ਕੋਲ ਦੌਲਤ ਦੇ ਅੰਬਾਰ ਸਨ ਜਿਹੜੇ ਉਹ ਹਕੂਮਤ ਨਾਲ ਵੰਡ ਲੈਂਦੇ ਸਨ। ਆਪਾਂ ਪੜ੍ਹਦੇ ਰਹੇ ਹਾਂ ਕਿ ਪਹਿਲੇ ਜ਼ਮਾਨੇ ਵਿਚ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਹ ਸੋਨਚਿੜੀ ਇਨ੍ਹਾਂ ਜਾਗੀਰਦਾਰਾਂ ਦੇ ਘਰਾਂ ਵਿਚ ਹੀ ਉਡਾਰੀਆਂ ਮਾਰਦੀ ਸੀ। ਪਰਜਾ ਦੇ ਘਰ ਤਾਂ ਬਿੱਠ ਵੀ ਨਹੀਂ ਸੀ ਕਰਦੀ, ਤੇ ਇਸ ਮਾਫ਼ੀਏ ਦਾ ਭੋਗ ਬਾਬਾ ਬੰਦਾ ਸਿੰਘ ਨੇ ਪਾਇਆ। ਇਹ ਜਾਗੀਰਦਾਰੀ ਮਾਫ਼ੀਆ ਉਨਾ ਚਿਰ ਨਹੀਂ ਕੁਸਕਿਆ ਜਿੰਨਾ ਚਿਰ ਬੰਦਾ ਸਿੰਘ ਦਾ ਰਾਜ ਰਿਹਾ। ਬੱਸ ਉਹਦੀ ਸ਼ਹਾਦਤ ਦੀ ਦੇਰ ਸੀ ਕਿ ਇਹ ਹੋਰ ਵੀ ਤਾਕਤਵਰ ਹੋ ਕੇ ਮੁਲਕ ਤੇ ਸਮਾਜ ਨੂੰ ਆਣ ਚਿੰਬੜਿਆ। ਇਸ ਮਾਫ਼ੀਏ ਨੇ ਉਹ ਕਾਰਨ ਵੀ ਲੱਭ ਲਿਆ ਜਿਸ ਕਰ ਕੇ ਇਹਨੂੰ ਜ਼ਮੀਨ ਤੋਂ ਹੱਥ ਧੋਣੇ ਪਏ ਸਨ। ਇਹ ਸੀ ਹਕੂਮਤ ਵਿਚ ਇਸ ਦੀ ਹਿੱਸੇਦਾਰੀ ਨਾ ਹੋਣਾ। ਬਾਅਦ ਵਿਚ ਇਹੋ ਜਾਗੀਰਦਾਰ ਹੁਕਮਰਾਨਾਂ ਵਿਚ ਵੀ ਸ਼ਾਮਲ ਹੋਣ ਲੱਗ ਪਏ, ਤਾਂ ਕਿ ਇਹਦੇ ਸੋਮਿਆਂ ‘ਤੇ ਕੋਈ ਉਂਗਲ ਕਰਨ ਦੀ ਹਿੰਮਤ ਨਾ ਕਰੇ।
ਅੱਜ ਗੁਰਾਂ ਦੀ ਧਰਤੀ ‘ਤੇ ਕਿੰਨੇ ਹੀ ਮਾਫ਼ੀਏ ਪੈਦਾ ਹੋ ਚੁੱਕੇ ਹਨ- ਰੇਤ ਮਾਫੀਆ, ਬਜਰੀ ਮਾਫ਼ੀਆ, ਕੇਬਲ ਨੈਟਵਰਕ ਮਾਫੀਆ, ਡਰੱਗ ਮਾਫ਼ੀਆ, ਸ਼ਰਾਬ ਦੇ ਠੇਕਿਆਂ ਦਾ ਮਾਫ਼ੀਆ, ਜੇਲ੍ਹ ਮਾਫੀਆ ਤੇ ਕਈ ਹੋਰ ਵੀ ਬਥੇਰੇ ਬੇਨਾਮੀ ਮਾਫੀਏ ਬਣੇ ਹੋਏ ਹਨ। ਇਨ੍ਹਾਂ ਸਾਰਿਆਂ ਹੀ ਮਾਫ਼ੀਆ ਗਰੁਪਾਂ ਦੀ ਸੂਈ ਭਲਾ ਕਿੱਧਰ ਨੂੰ ਘੁੰਮਦੀ ਹੈ? ਇਹ ਕਿਤੇ ਗੁੱਝਾ ਥੋੜ੍ਹਾ ਰਿਹਾ ਹੈ ਹੁਣ, ਕਿ ਇਨ੍ਹਾਂ ਵਿਚ ਸ਼ਮੂਲੀਅਤ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ‘ਤੇ ਸਹੁੰ ਚੁੱਕਣ ਵਾਲਿਆਂ ਦੀ ਹੈ। ਅਗਲੇ ਸਾਲ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਵੀ ਸੂਬਾ ਪੱਧਰ ‘ਤੇ ਮਨਾਉਣ ਵਾਲੇ ਹੋਰ ਕੋਈ ਨਹੀਂ, ਇਹੋ ਸਹੁੰ ਚੁੱਕਣ ਵਾਲੇ ਹਾਕਮ ਹੀ ਹੋਣਗੇ। ਦੂਣੀ ਦਾ ਉਹੀ ਪਹਾੜਾ ਫਿਰ ਦੁਹਰਾਇਆ ਜਾਵੇਗਾ ਕਿ ‘ਸਾਡਾ ਰਾਜ ਬਾਬਾ ਬੰਦਾ ਸਿੰਘ ਦੇ ਪਾਏ ਪੂਰਨਿਆਂ ਉਤੇ ਚੱਲ ਰਿਹਾ ਹੈ ਤੇ ਅਗਾਂਹ ਵੀ ਲੋਕੋ, ਤੁਸੀਂ ਸਾਨੂੰ ਇਹ ਸੇਵਾ ਬਖਸ਼ਿਓ’, ਕਿਉਂਕਿ ਇਸ ਤੋਂ ਕੁਝ ਮਹੀਨੇ ਬਾਅਦ ਵੋਟਾਂ ਵਾਲਾ ਡੌਰੂ ਫਿਰ ਵੱਜਣਾ ਹੈ।
ਹੁਣ ਸਿੱਖ ਜੇ ਤਾਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਦਾ ਦਿਲੋਂ ਸਤਿਕਾਰ ਕਰਦੇ ਹਨ, ਤਾਂ ਇਹ ਨਿਖੇੜਾ ਕਰਨਾ ਭਲਾ ਕਿੰਨਾ ਕੁ ਮੁਸ਼ਕਿਲ ਹੈ ਕਿ ਬਾਬਾ ਬੰਦਾ ਸਿੰਘ ਨੇ ਤਾਂ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਕੇ ਜ਼ਿਮੀਦਾਰ ਬਣਾਇਆ ਸੀ, ਤੇ ਅੱਜ ਦੇ ਪੰਥਕ ਹੁਕਮਰਾਨ ਉਸ ਸਰਕਾਰੀ ਬਿੱਲ ‘ਤੇ ਸਹਿਮਤੀ ਦੇ ਦਸਤਖ਼ਤ ਕਰਦੇ ਹਨ ਜਿਹਨੇ ਜ਼ਿਮੀਦਾਰਾਂ ਤੋਂ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ਬੇਜ਼ਮੀਨੇ ਬਣਾਉਣਾ ਹੈ। ਉਹਨੇ ਜ਼ਮੀਨਾਂ ਲਈਆਂ ਸੀ ਵੱਡੇ ਜਾਗੀਰਦਾਰਾਂ ਤੋਂ, ਤੇ ਅੱਜ ਵਾਲੇ ਸਹੁੰ ਚੁੱਕਣ ਵਾਲਿਆਂ ਨੇ ਉਹ ਜ਼ਮੀਨਾਂ ਦੇਣੀਆਂ ਹਨ ਵੱਡੇ ਘਰਾਣਿਆਂ ਨੂੰ। ਇਸ ਲਈ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਮਨਾਉਣਾ ਪਰਖ ਹੈ ਸਿੱਖਾਂ ਦੀ, ਕਿ ਇਹ ਅਸਲ ਤੇ ਨਕਲ ਨੂੰ ਪਰਖਣ ਵਿਚ ਕਿਤੇ ਧੋਖਾ ਤਾਂ ਨਹੀਂ ਖਾ ਰਹੇ!
ਦੁਸ਼ਮਣ ਤਾਂ ਸਦਾ ਤੋਹਮਤਾਂ ਲਾਉਂਦਾ ਹੁੰਦਾ ਹੈ, ਪਰ ਸਿੱਖਾਂ ਨੇ ਵੀ ਬੰਦਾ ਸਿੰਘ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਇਹ ਕਿ ਉਹਨੇ ਗੁਰੂ ਗੋਬਿੰਦ ਸਿੰਘ ਦੇ ਇਸ ਹੁਕਮ ਨੂੰ ਨਾ ਮੰਨਿਆ ਕਿ ਵਿਆਹ ਨਾ ਕਰਾਈਂ। ਕਿੰਨਾ ਤਰਕਹੀਣ ਇਲਜ਼ਾਮ ਹੈ ਇਹ! ਨਾਂਦੇੜ ਬਾਬਾ ਬੰਦਾ ਸਿੰਘ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਗੁਰੂ ਜੀ ਨੇ ਉਸ ਨੂੰ ਇਕ ਮਹੀਨਾ ਆਪਣੇ ਨਾਲ ਰੱਖਿਆ ਤੇ ਇਸ ਇਕ ਮਹੀਨੇ ਵਿਚ ਗੁਰੂ ਜੀ ਨੇ ਬੰਦਾ ਸਿੰਘ ਨੂੰ ਸਿੱਖ ਧਰਮ ਦੇ ਅਸੂਲਾਂ ਬਾਰੇ ਹੀ ਪੱਕਾ ਕੀਤਾ ਹੋਣਾ ਹੈ ਕਿ ਸਿੱਖ ਧਰਮ ਦੀ ਬੁਨਿਆਦ ਹੈ-ਗ੍ਰਹਿਸਥ ਜੀਵਨ। ਫਿਰ ਭਲਾ ਗੁਰੂ ਜੀ ਕਿਉਂ ਬੰਦਾ ਸਿੰਘ ਨੂੰ ਬੁਨਿਆਦੀ ਅਸੂਲ ਤੋਂ ਹੀ ਮੁਨਕਰ ਹੋਣ ਲਈ ਕਹਿਣਗੇ? ਨਾਲੇ ਬੰਦਾ ਸਿੰਘ ਦਾ ਵਿਆਹ ਕਰਾਉਣਾ ਇਖਲਾਕੀ ਗੁਣ ਸੀ, ਕੋਈ ਜੱਗੋਂ ਤੇਰਵੀਂ ਨਹੀਂ ਸੀ ਕੀਤੀ ਉਸ ਨੇ। ਦਰਅਸਲ ਵਿਆਹ ਨਾ ਕਰਾਉਣ ਵਾਲੀ ਇਸ ਗੱਲ ਦਾ ਠੋਸ ਸਬੂਤ ਕਿਤਿਓਂ ਨਹੀਂ ਲੱਭਾ, ਇਹ ਤਾਂ ਸਾਡੇ ਮਨਾਂ ਵਿਚ ਉਸ ਅਨਸਰ ਨੇ ਪਾਈ ਹੈ ਜਿਹੜਾ ਉਸ ਨੂੰ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ ‘ਬੰਦਾ ਬੈਰਾਗੀ’ ਸਾਬਤ ਕਰਨ ਉਤੇ ਤੁਲਿਆ ਹੋਇਆ ਹੈ।
ਅਗਲੀ ਬੇਤੁਕੀ ਗੱਲ ਵੀ ਅਸੀਂ ਸਿੱਖਾਂ ਨੇ ਹੀ ਜੋੜੀ ਹੋਈ ਹੈ ਕਿ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ। ਉਸ ਦੇ ਨਾਂਦੇੜ ਤੋਂ ਬਾਅਦ ਦੇ ਸਾਰੇ ਜੀਵਨ ਉਤੇ ਜਦੋਂ ਝਾਤ ਪਾਉਂਦੇ ਹਾਂ ਤਾਂ ਕਿਤੇ ਵੀ ਝਉਲਾ ਤੱਕ ਨਹੀਂ ਪੈਂਦਾ ਕਿ ਉਹਨੇ ਆਪਣੇ ਆਪ ਨੂੰ ਗੱਦੀ ਕਰ ਕੇ ਗੁਰੂ ਕਹਾਇਆ ਹੋਵੇ। ਜੇ ਉਸ ਅੰਦਰ ਇਹ ਲਾਲਸਾ ਹੁੰਦੀ ਤਾਂ ਉਹ ਨਾਂਦੇੜ ਤੋਂ ਚੱਲਣ ਬਾਅਦ ਹੀ ਇੱਦਾਂ ਕਰ ਸਕਦਾ ਸੀ, ਕਿਉਂਕਿ ਜਿਸ ਦਿਨ ਉਹ ਨਾਂਦੇੜ ਤੋਂ ਚੱਲਿਆ ਸੀ, ਉਸ ਤੋਂ ਅਗਲੇ ਦਿਨ ਹੀ ਵਜ਼ੀਰ ਖਾਨ ਵੱਲੋਂ ਭੇਜੇ ਪਠਾਣ ਨੇ ਗੁਰੂ ਗੋਬਿੰਦ ਸਿੰਘ ‘ਤੇ ਛੁਰੇ ਨਾਲ ਘਾਤਕ ਵਾਰ ਕਰ ਦਿੱਤਾ ਸੀ ਜਿਹੜਾ ਬਾਅਦ ਵਿਚ ਗੁਰੂ ਜੀ ਦੇ ਪਰਲੋਕ ਗਮਨ ਦਾ ਕਾਰਨ ਬਣਿਆ। ਉਸ ਵਕਤ ਬਾਬਾ ਬੰਦਾ ਸਿੰਘ ਨਾਂਦੇੜ ਦੇ ਨੇੜੇ ਹੀ ਸੀ, ਕਿਉਂਕਿ ਪੰਜਾਬ ਦੀ ਜੂਹ ਤੱਕ ਅੱਪੜਣ ਲਈ ਉਹਨੂੰ ਤਕਰੀਬਨ ਇਕ ਸਾਲ ਲੱਗ ਗਿਆ ਸੀ। ਉਹਨੂੰ ਗੁਰੂ ਜੀ ਦੇ ਸਖਤ ਜ਼ਖ਼ਮੀ ਹੋਣ ਅਤੇ ਬਾਅਦ ਵਿਚ ਪਰਲੋਕ ਗਮਨ ਦੀ ਖ਼ਬਰ ਵੀ ਨਾਂਦੇੜ ਤੋਂ ਕੁਝ ਦੂਰੀ ‘ਤੇ ਹੀ ਮਿਲ ਗਈ ਸੀ। ਉਹ ਵਾਪਸ ਮੁੜ ਸਕਦਾ ਸੀ, ਗੁਰੂ ਜੀ ਦਾ ਉਤਰਾਧਿਕਾਰੀ ਬਣਨ ਲਈ, ਉਸ ਕੋਲ ਤਾਂ ਗੁਰੂ ਜੀ ਦਾ ਹੱਥੀਂ ਲਿਖਿਆ ਹੁਕਮਨਾਮਾ ਵੀ ਸੀ ਜਿਸ ਵਿਚ ਹੁਕਮ ਸੀ ਤਮਾਮ ਸਿੱਖ ਕੌਮ ਲਈ ਕਿ ਬੰਦਾ ਸਿੰਘ ਨੂੰ ਉਹੋ ਜਿਹਾ ਮਿਲਵਰਤਨ ਦਿਓ, ਜਿਹੋ ਜਿਹਾ ਮੈਨੂੰ ਦਿੰਦੇ ਹੋ।
ਬਾਵਜੂਦ ਇਸ ਦੇ ਉਹ ਮੁੜਿਆ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਮਿਸ਼ਨ ਨੂੰ ਹੋਰ ਵੀ ਸ਼ਿੱਦਤ ਨਾਲ ਪੂਰਾ ਕਰਨ ਲਈ ਦ੍ਰਿੜਤਾ ਪੱਲੇ ਬੰਨ੍ਹ ਲਈ, ਹਾਲਾਂਕਿ ਉਹ ਜਾਣਦਾ ਸੀ ਕਿ ਹੁਣ ਉਹਦੇ ਕੀਤੇ ਕਾਰਨਾਮਿਆਂ ਨੂੰ ਕਿਹੜਾ ਗੁਰੂ ਗੋਬਿੰਦ ਸਿੰਘ ਨੇ ਦੇਖਣਾ ਜਾਂ ਸੁਣਨਾ ਹੈ ਪਰ ਉਹ ਬਚਨ ਦਾ ਪੱਕਾ ਗੁਰਸਿੱਖ ਸੀ ਜਿਸ ਨੇ ਆਪਣਾ ਸਭ ਕੁਝ ਗੁਰੂ ਤੋਂ ਨਿਛਾਵਰ ਕਰਨਾ ਸੀ। ਉਹਨੇ ਉਹੀ ਕੀਤਾ। ਜਿਸ ਨੇ ਜੰਗ ਵਿਚ ਫਤਿਹ ਉਪਰੰਤ ਰਾਜ ਚਲਾਇਆ ਗੁਰੂ ਦੇ ਨਾਮ ‘ਤੇ, ਸਿੱਕਾ ਚਲਾਇਆ ਗੁਰੂ ਦੇ ਨਾਮ ਦਾ, ਸਰਕਾਰੀ ਮੋਹਰ ਗੁਰੂ ਦੇ ਨਾਮ ਦੀ, ਸਰਕਾਰੀ ਫਰਮਾਨ ਗੁਰੂ ਦੇ ਨਾਮ ‘ਤੇ। ਸਭ ਤੋਂ ਉਪਰ ਜਿਸ ਸਿਦਕ ਨਾਲ ਤੇ ਸ਼ਾਂਤ ਚਿੱਤ ਰਹਿ ਕੇ ਉਹਨੇ ਸ਼ਹਾਦਤ ਦਾ ਜਾਮ ਪੀਤਾ, ਉਹ ਵੀ ਬਤੌਰ ਸਿੱਖ। ਇਸ ਤੋਂ ਵੱਧ ਉਹਨੇ ਆਪਣੇ ਆਪ ਨੂੰ ਕੁਝ ਨਹੀਂ ਮੰਨਿਆ। ਹਾਂ, ਜੇ ਉਹ ਅੱਜ ਦੇ ਬਾਬਿਆਂ ਵਿਚੋਂ ਹੁੰਦਾ ਤਾਂ ਜ਼ਰੂਰ ਸਭ ਤੋਂ ਪਹਿਲਾਂ ਗੁਰਗੱਦੀ ਨੂੰ ਹੱਥ ਪਾਉਂਦਾ। ਉਹ ਗੁਰੂ ਦੇ ਦਿੱਤੇ ਮਿਸ਼ਨ ਨੂੰ ਹੱਥ ਤਲਵਾਰ, ਤੇ ਮੋਢੇ ਤੀਰਾਂ ਦਾ ਭੱਥਾ ਲੈ ਕੇ ਤਾਕਤਵਰ ਮੁਗਲ ਸਲਤਨਤ ਨਾਲ ਸਿੱਧਾ ਮੱਥਾ ਲਾਉਣ ਦੀ ਬਜਾਏ, ਚਿੱਟਾ ਚੋਲਾ ਪਾ ਕੇ, ਗਲ ਵਿਚ ਮੋਤੀਆਂ ਦੀ ਮਾਲਾ ਪਹਿਨ ਕੇ, ਗੋਲ ਪੱਗ ਬੰਨ੍ਹ ਕੇ ਢੋਲਕੀਆਂ ਚਿਮਟੇ ਵਜਾਉਂਦਾ ਆ ਸਕਦਾ ਸੀ। ਹਕੂਮਤ ਨੇ ਵੀ ਉਹਦਾ ਸਾਥ ਦੇਣਾ ਸੀ ਪੂਰਾ ਪ੍ਰਿਥੀ ਚੰਦ ਵਾਂਗ। ਸਿੱਖ ਵੀ ਸ਼ਾਇਦ ਸਤਿਕਾਰ ਦਿੰਦੇ ਗੁਰੂ ਦੇ ਹੁਕਮਨਾਮੇ ਦੀ ਤਾਮੀਲ ਵਿਚ; ਪਰ ਬਾਬਾ ਤਾਂ ਸਿੱਖ ਸੀ ਆਪਣੇ ਗੁਰੂ ਦਾ, ਤੇ ਆਖਰੀ ਸਾਹ ਤੱਕ ਸਿੱਖ ਰਿਹਾ।
ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸੂਰਬੀਰ ਯੋਧੇ ਦੀ ਸ਼ਹਾਦਤ ਜਿਸ ਤਰ੍ਹਾਂ ਹੋਈ, ਅੱਖੀਂ ਦੇਖਣ ਵਾਲਿਆਂ ਨੇ ਬਿਆਨ ਕੀਤੀ ਹੈ, ਇਸ ਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ। ਫਿਰ ਹੀ ਸਾਨੂੰ ਕੁਝ ਸੋਝੀ ਆਵੇਗੀ ਕਿ ਮੌਜੂਦਾ ਸਮੇਂ ਵਿਚ ਸਿੱਖਾਂ ਨੇ ਆਪਣੇ ਮਿੱਤਰਾਂ ਤੇ ਦੁਸ਼ਮਣਾਂ ਵਿਚ ਫਰਕ ਕਿਵੇਂ ਕਰਨਾ ਹੈ। ਅੱਖੀਂ ਦੇਖਣ ਵਾਲੀ ਗੱਲ ਲਿਖਣ ਵਾਲਿਆਂ ਵਿਚੋਂ ਕੁਝ ਕੁ ਨਾਂ ਹਨ: ਮੁਹੰਮਦ ਹਰੀਸੀ, ਖਫ਼ੀ ਖਾਂ, ਥੌਰਨਟਨ, ਐਲਫ਼ਿਨਸਟਨ, ਦਾਨੇਸ਼ਵਰ, ਈਸਟ ਇੰਡੀਆ ਕੰਪਨੀ ਦਾ ਅੰਬੈਸਡਰ ਜੌਹਨ ਸਰਮਨ ਤੇ ਐਡਵਰਡ। ਜਦੋਂ ਬੰਦਾ ਸਿੰਘ ਬਹਾਦਰ ਨੂੰ ਲਾਲਚ ਤੇ ਤਸੀਹੇ ਵੀ ਡੁਲਾ ਨਾ ਸਕੇ, ਤਾਂ ਉਹਨੂੰ ਪਿੰਜਰੇ ਵਿਚ ਪਾ ਕੇ ਕੁਤਬ ਮੀਨਾਰ ਦੇ ਨੇੜਲੇ ਕਬਰਸਤਾਨ ਵਿਚ ਉਹਦੇ 20 ਵੱਡੇ ਜਰਨੈਲਾਂ ਨਾਲ ਲਿਆਂਦਾ ਗਿਆ। ਇਕ ਵਾਰ ਫਿਰ ਕਿਹਾ ਗਿਆ ਕਿ ਇਸਲਾਮ ਵਿਚ ਆ ਜਾਓ, ਪਰ ਨਾ ਉਹਨੇ ਆਉਣਾ ਸੀ ਤੇ ਨਾ ਆਇਆ। ਸਭ ਤੋਂ ਪਹਿਲਾਂ 20 ਸਰਦਾਰਾਂ ਦੇ ਸਿਰ ਵੱਢ ਕੇ ਬਰਛਿਆਂ ‘ਤੇ ਟੰਗ ਕੇ ਬੰਦਾ ਸਿੰਘ ਦੇ ਪਿੰਜਰੇ ਦੁਆਲੇ ਘੁਮਾਏ, ਫਿਰ ਸਾਰੇ ਉਹਦੇ ਸਾਹਮਣੇ ਰੱਖ ਦਿੱਤੇ। ਫਿਰ ਉਸ ਨੂੰ ਕਟਾਰ ਦੇ ਕੇ ਕਿਹਾ ਕਿ ਆਪਣੇ ਚਾਰ ਸਾਲਾ ਪੁੱਤ ਅਜੈ ਸਿੰਘ, ਜਿਹੜਾ ਬਾਬਾ ਬੰਦਾ ਸਿੰਘ ਦੀ ਗੋਦ ਵਿਚ ਬਿਠਾਇਆ ਹੋਇਆ ਸੀ, ਦਾ ਸੀਨਾ ਆਪਣੇ ਹੱਥੀਂ ਚੀਰ। ਬਾਬਾ ਅਡੋਲ ਬੈਠਾ ਰਿਹਾ ਤਾਂ ਜਲਾਦ ਨੇ ਉਹੋ ਕਟਾਰ ਉਹਦੇ ਪੁੱਤਰ ਦੇ ਸੀਨੇ ਵਿਚੋਂ ਪਾਰ ਕਰ ਦਿੱਤੀ ਤੇ ਬੱਚੇ ਦੇ ਦੋ ਟੋਟੇ ਕਰ ਦਿੱਤੇ। ਬੱਚੇ ਦਾ ਤੜਫ਼ਦਾ ਦਿਲ ਬੰਦਾ ਸਿੰਘ ਦੇ ਮੂੰਹ ਵਿਚ ਤੁੰਨ੍ਹਣ ਦੀ ਕੋਸ਼ਿਸ਼ ਕੀਤੀ। ਉਹ ਸ਼ਾਂਤ ਚਿੱਤ ਬੈਠਾ ਰਿਹਾ। ਉਹਦਾ ਹੋਰ ਧੀਰਜ ਪਰਖਣ ਤੋਂ ਪਹਿਲਾਂ ਮੁਹੰਮਦ ਅਮੀਨ ਖਾਂ ਨੇ ਬਾਬਾ ਬੰਦਾ ਸਿੰਘ ਨੂੰ ਪੁੱਛਿਆ, “ਤੌਰ ਤਰੀਕਿਆਂ ਤੋਂ ਤੂੰ ਕੋਈ ਸਿੱਧ ਪੁਰਖ ਲੱਗਦਾ ਹੈਂ ਜਿਹੜਾ ਰੱਬ ਵਿਚ ਯਕੀਨ ਰੱਖਦਾ ਤੇ ਸਦਾ ਨੇਕ ਕੰਮ ਕਰਦਾ ਹੈ। ਤੂੰ ਅਕਲਮੰਦ ਵੀ ਬਹੁਤ ਹੈਂ। ਤੂੰ ਦੱਸ ਸਕਦਾ ਹੈਂ ਕਿ ਇਥੇ ਆਹ ਤੈਨੂੰ ਐਨੀਆਂ ਦੁੱਖ ਤਕਲੀਫ਼ਾਂ ਕਿਉਂ ਮਿਲ ਰਹੀਆਂ ਹਨ?”
ਬੰਦਾ ਸਿੰਘ ਜਿਹੜਾ ਪਹਿਲਾਂ ਤੋਂ ਹੀ ਚੁੱਪ ਸੀ, ਬੋਲਿਆ, “ਜਦੋਂ ਜ਼ਾਲਮ ਹਾਕਮ ਆਪਣੀ ਪਰਜਾ ‘ਤੇ ਜ਼ੁਲਮ ਦੀ ਸੀਮਾ ਪਾਰ ਕਰ ਦਿੰਦੇ ਹਨ, ਤਾਂ ਰੱਬ ਮੇਰੇ ਵਰਗਿਆਂ ਨੂੰ ਇਸ ਧਰਤੀ ‘ਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਭੇਜਦਾ ਹੈ, ਪਰ ਮਨੁੱਖੀ ਜੀਵ ਹੋਣ ਕਰ ਕੇ ਕਦੇ ਕਦਾਈਂ ਇਨਸਾਫ਼ ਦੇ ਕਾਨੂੰਨ ਦੀ ਉਲੰਘਣਾ ਹੋ ਜਾਂਦੀ ਹੈ। ਉਸੇ ਵਧੀਕੀ ਕਰ ਕੇ ਆਹ ਸਭ ਕੁਝ ਝੱਲਣ ਲਈ ਮੈਂ ਇਥੇ ਹਾਂ। ਰੱਬ ਨੇ ਕਦੇ ਵੀ ਮੇਰੇ ਨਾਲ ਅਨਿਆਂ ਨਹੀਂ ਕੀਤਾ।” ਆਹ ਹਨ ਉਸ ਸੂਰਬੀਰ ਯੋਧੇ ਦੇ ਸ਼ਹਾਦਤ ਤੋਂ ਪਹਿਲਾਂ ਦੇ ਅਲਫ਼ਾਜ਼।
ਜਲਾਦ ਨੇ ਅੱਗੇ ਵਧ ਕੇ ਆਪਣੇ ਛੁਰੇ ਨਾਲ ਬੰਦੇ ਦੀ ਸੱਜੀ ਅੱਖ ਦਾ ਡੇਲਾ ਬਾਹਰ ਕੱਢ ਦਿੱਤਾ ਤੇ ਫਿਰ ਇਸੇ ਤਰ੍ਹਾਂ ਦੂਜੀ ਅੱਖ ਦਾ ਵੀ। ਬੰਦਾ ਸਿੰਘ ਇਸ ਵਰਤਾਰੇ ਦੌਰਾਨ ਚੱਟਾਨ ਦੀ ਤਰ੍ਹਾਂ ਅਡੋਲ ਬੈਠਾ ਰਿਹਾ। ਉਹਦੇ ਚਿਹਰੇ ‘ਤੇ ਤਕਲੀਫ਼ ਦੇ ਕੋਈ ਹਾਵ ਭਾਵ ਵੀ ਨਹੀਂ ਦਿਸੇ, ਤੇ ਫਿਰ ਉਸ ਜਲਾਦ ਨੇ ਆਪਣੀ ਤਲਵਾਰ ਕੱਢ ਕੇ ਬੰਦੇ ਦਾ ਖੱਬਾ ਪੈਰ ਵੱਢ ਦਿੱਤਾ ਤੇ ਫਿਰ ਦੋਵੇਂ ਬਾਂਹਾਂ, ਪਰ ਬੰਦੇ ਦੇ ਚਿਹਰੇ ‘ਤੇ ਅਜੇ ਵੀ ਸ਼ਾਂਤੀ ਸੀ ਜਿਵੇਂ ਉਹ ਆਪਣੇ ਰਚਨਹਾਰੇ ਦੀ ਰਜ਼ਾ ਵਿਚ ਹੋਵੇ। ਅੰਤ ਵਿਚ ਗਰਮ ਜਮੂਰ ਉਹਦੇ ਸਰੀਰ ਵਿਚ ਪਰੁੰਨੇ ਗਏ। ਵਹਿਸ਼ੀਪੁਣੇ ਦਾ ਹਰ ਤਰੀਕਾ ਅਪਨਾਇਆ ਗਿਆ। ਉਨ੍ਹਾਂ ਉਹਦੇ ਸਰੀਰ ਦੇ ਕੋਈ 100 ਟੁਕੜੇ ਕੀਤੇ, ਤਾਂ ਜਾ ਕੇ ਉਨ੍ਹਾਂ ਨੂੰ ਤਸੱਲੀ ਹੋਈ।
ਇਹ ਸ਼ਹਾਦਤ ਦਾ ਬਿਰਤਾਂਤ ਹੈ, ਉਸ ਮਹਾਨ ਸੂਰਬੀਰ ਯੋਧੇ ਦਾ ਜਿਸ ਨੇ ਸਿੱਖਾਂ ਵਿਚ ਨਵੀਂ ਰੂਹ ਫੂਕ ਦਿੱਤੀ ਕਿ ਵੱਡੀ ਤੋਂ ਵੱਡੀ ਸਲਤਨਤ ਨੂੰ ਹਰਾਇਆ ਵੀ ਜਾ ਸਕਦਾ ਹੈ, ਤੇ ਜੇ ਗੁਰੂ ਦੀ ਮੱਤ ‘ਤੇ ਚੱਲੀਏ ਤਾਂ ਆਪਣਾ ਰਾਜ ਕਾਇਮ ਕਰਨਾ ਮੁਸ਼ਕਿਲ ਤਾਂ ਭਾਵੇਂ ਹੋਵੇ ਪਰ ਨਾਮੁਮਕਿਨ ਨਹੀਂ।