ਸਾਰੀ ਤਾਕਤ ਤਾਂ ਲੋਕਾਂ ਦੀ

ਭਰਾਵਾਂ ਦਾ ਮਾਣ-3
ਪੰਜਾਬੀ ਕਥਾ ਜਗਤ ਦੇ ਮਿਸਾਲੀ ਹਸਤਾਖਰ ਵਰਿਆਮ ਸਿੰਘ ਸੰਧੂ ਨੇ ਆਪਣੀਆਂ ਯਾਦਾਂ ਦੇ ਭਰੇ-ਭੁਕੰਨੇ ਬੋਹੀਏ ਵਿਚੋਂ ਕੁਝ ਯਾਦਾਂ ‘ਭਰਾਵਾਂ ਦਾ ਮਾਣ’ ਨਾਂ ਦੀ ਲੜੀ ਵਿਚ ਪਰੋਈਆਂ ਹਨ। ਇਨ੍ਹਾਂ ਯਾਦਾਂ ਦਾ ਬਿਰਤਾਂਤ ਕਹਾਣੀ ਰਸ ਦੇ ਵਲਟੋਹੇ ਤਾਂ ਵਰਤਾਉਂਦਾ ਹੀ ਹੈ, ਨਾਲ ਦੀ ਨਾਲ ਸਰੋਕਾਰਾਂ ਅਤੇ ਸੁਨੇਹਿਆਂ ਦਾ ਝੰਡਾ ਵੀ ਬੁਲੰਦ ਕਰਦਾ ਹੈ। ਵਰਿਆਮ ਦੀ ਹਰ ਰਚਨਾ ਬਹੁ-ਪਾਸਾਰੀ ਹੁੰਦੀ ਹੈ, ਇਸੇ ਕਰ ਕੇ ਹੀ ਪਾਠਕ ਨੂੰ ਉਹ ਸਹਿਜੇ ਹੀ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ।

ਇਸ ਲੇਖ ਲੜੀ ਦੀ ਪਹਿਲੀ ਤੇ ਦੂਜੀ ਕੜੀ ‘ਭਰਾਵਾਂ ਦਾ ਸੰਗ-ਸਾਥ’ ਅਤੇ ‘ਦੂਹਰੀ ਮਾਫੀ’ ਵਿਚ ਉਹਨੇ ਆਪਣੇ ਸੰਗੀ-ਸਾਥੀਆਂ ਦਾ ਜ਼ਿਕਰ ਬਹੁਤ ਹੁੱਬ ਕੇ ਕੀਤਾ ਹੈ। ਇਨ੍ਹਾਂ ਵਿਚ ਲੋਕ-ਸ਼ਕਤੀ ਦੇ ਨੈਣ-ਨਕਸ਼ ਗੂੜ੍ਹੇ ਵਾਹੇ ਹੋਏ ਦਿਸਦੇ ਹਨ। ਤੀਜੀ ਕੜੀ ‘ਸਾਰੀ ਤਾਕਤ ਤਾਂ ਲੋਕਾਂ ਦੀ’ ਵਿਚ ਵੀ ਇਹ ਰੰਗ ਬਰਕਰਾਰ ਰਹਿੰਦਾ ਹੈ ਅਤੇ ਲੋਕਾਂ ਦਾ ਏਕਾ ਤੇ ਸੂਝ ਭਰੀ ਲੜਾਈ ਰਲ ਕੇ ਕਿਸ ਤਰ੍ਹਾਂ ਜਾਬਰ ਪੁਲਿਸ ਦੀਆਂ ਗੋਡਣੀਆਂ ਲਵਾਉਂਦੀ ਹੈ, ਇਸ ਲਿਖਤ ਦਾ ਹਾਸਲ ਹੈ। ਇਸ ਲੋਕ ਸ਼ਕਤੀ ਦਾ ਬਿਰਤਾਂਤ ਸੁਣਾਉਂਦਿਆਂ ਵਰਿਆਮ ਨੇ ਆਪਣੇ ਪਿੰਡ, ਪਿੰਡ ਵਿਚ ਵਸਦੇ ਜੀਆਂ ਅਤੇ ਇਨ੍ਹਾਂ ਜੀਆਂ ਦੀਆਂ ਤਾਂਘਾਂ, ਤੱਦੀਆਂ ਤੇ ਤੌਖਲਿਆਂ ਦੀ ਬਾਤ ਪਾਈ ਹੈ। -ਸੰਪਾਦਕ

ਵਰਿਆਮ ਸੰਧੂ
ਇਕ ਦਿਨ ਸਾਡੇ ਖੇਤਾਂ ਵਿਚਲਾ ਗਵਾਂਢੀ ਸਾਧਾ ਸਿੰਘ ਅਕਾਲੀ ਮੈਨੂੰ ਕਹਿੰਦਾ, “ਵਰਿਆਮ ਸਿਹਾਂ! ਯਾਰ ਤੇਰੀ ਲੋਕ ਸੁਣਦੇ ਵੀ ਆ, ਮੰਨਦੇ ਵੀ ਆ। ਆਹ ਆਪਣੀ ਪੱਤੀ ਦੀ ਸ਼ਾਮਲਾਟ ਵਾਲਾ ਵੀ ਕੰਢਾ ਕਢਵਾ ਦੇ।”
ਸਾਡੀ ਪੱਤੀ ਦੀ ਸਾਂਝੇ ਥਾਂ ਛੱਡੀ ਹੋਈ ਜ਼ਮੀਨ ਤੀਹ ਏਕੜ ਦੇ ਲਗਭਗ ਸੀ। ਇਹਦੇ ਵਿਚੋਂ ਸਿਰਫ਼ ਚਾਰ-ਪੰਜ ਏਕੜ ਹੀ ‘ਸਾਫ਼’ ਸੀ, ਤੇ ਹਰ ਸਾਲ ਪੱਤੀ ਵੱਲੋਂ ਠੇਕੇ ‘ਤੇ ਦਿੱਤੀ ਜਾਂਦੀ ਸੀ। ਬਾਕੀ ਜ਼ਮੀਨ ਚਾਰ-ਚਾਰ, ਪੰਜ-ਪੰਜ ਏਕੜ ਦੇ ਜਾਂ ਕੁਝ ਵੱਧ ਘੱਟ ਟੋਟਿਆਂ ਵਿਚ ਕਈ ਥਾਂਵਾਂ ਵਿਚ ਵੰਡੀ ਹੋਈ ਸੀ। ਕੁਝ ਜ਼ਮੀਨ ‘ਤੇ ਤਾਂ ਨਾਲ ਲੱਗਦੀ ਪੱਤੀ ਵਾਲਿਆਂ ਕਬਜ਼ਾ ਕੀਤਾ ਹੋਇਆ ਸੀ ਤੇ ਕੁਝ ਜ਼ਮੀਨ ਪੱਤੀ ਦੇ ਰਸੂਖ ਵਾਲੇ ਚੌਧਰੀਆਂ ਨੇ ਮੱਲੀ ਹੋਈ ਸੀ। ਉਨ੍ਹਾਂ ਨੇ ਕਈ ਸਾਲਾਂ ਤੋਂ ਜ਼ਮੀਨ ਦੀਆਂ ਗਰਦੌਰੀਆਂ ਵੀ ਆਪਣੇ ਨਾਂ ਕਰਵਾਈਆਂ ਹੋਈਆਂ ਸਨ। ਪੱਤੀ ਵਾਲੇ ਆਮ ਲੋਕ ਉਨ੍ਹਾਂ ਦੀ ਇਸ ਵਧੀਕੀ ਤੋਂ ਨਾਖ਼ੁਸ਼ ਤਾਂ ਸਨ ਪਰ ਉਨ੍ਹਾਂ ਨੂੰ ਜ਼ਮੀਨ ਛੱਡਣ ਲਈ ਆਖਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ।
ਮੈਂ ਸਾਧਾ ਸਿੰਘ ਦੀ ਸਲਾਹ ‘ਤੇ ਵਿਚਾਰ ਕੀਤਾ ਅਤੇ ਪੱਤੀ ਦੇ ਲੋਕਾਂ ਨਾਲ ਵੱਖਰੇ ਵੱਖਰੇ ਮਿਲ ਕੇ ਕਈ ਦਿਨ ਵਿਚਾਰ ਵਟਾਂਦਰਾ ਕਰਦਾ ਰਿਹਾ। ਉਹ ਕਹਿਣ, “ਜੇ ਤੂੰ ਅੱਗੇ ਲੱਗੇਂ ਤਾਂ ਅਸੀਂ ਤੇਰੇ ਨਾਲ ਆਂ।”
ਹੌਂਸਲਾ ਕਰ ਕੇ ਮੈਂ ਜ਼ਮੀਨ ‘ਤੇ ਕਾਬਜ਼ ਬੰਦਿਆਂ ਨੂੰ ਵਾਰੀ ਵਾਰੀ ਮਿਲ ਕੇ ਆਖਿਆ, “ਪੱਤੀ ਵਾਲੇ ਚਾਹੁੰਦੇ ਨੇ ਕਿ ਸਾਂਝੀ ਜ਼ਮੀਨ ‘ਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਐ, ਮੈਂ ਉਨ੍ਹਾਂ ਨੂੰ ਜ਼ਮੀਨ ਛੱਡਣ ਦੀ ਬੇਨਤੀ ਕਰਾਂ। ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਹੈ ਨਹੀਂ। ਭਾਈਚਾਰੇ ਦਾ ਮਾਣ ਰੱਖੋ। ਆਪਾਂ ਇਸ ਜ਼ਮੀਨ ਤੋਂ ਹੁੰਦੀ ਸਾਂਝੀ ਖੱਟੀ ਨਾਲ ਪੱਤੀ ਦਾ ਕਈ ਕੁਝ ਸਵਾਰ ਸਕਦੇ ਹਾਂ।”
ਅਗਲਾ ਬੜਾ ਪੁੱਠਾ-ਸਿੱਧਾ ਹੁੰਦਾ। ਕਹਿੰਦਾ, ‘ਪੱਤੀ ਵਾਲੇ ਹੁੰਦੇ ਕੌਣ ਨੇ ਪੁੱਛਣ ਵਾਲੇ? ਪੁੱਛਣ ਵਾਲਾ ਉਹਦੇ ਸਾਹਮਣੇ ਆ ਕੇ ਪੁੱਛਣ ਦੀ ਹਿੰਮਤ ਕਰੇ। ਇਹ ਜ਼ਮੀਨ ਤਾਂ ਨਿਰੀ ਕੱਲਰ ਬੰਜਰ ਸੀ, ਅਸੀਂ ਇਸ ‘ਤੇ ਸਾਲਾਂ ਬੱਧੀ ਮਿਹਨਤ ਕੀਤੀ। ਬਣਾਇਆ, ਸਵਾਰਿਆ, ਵਾਹੀ-ਯੋਗ ਬਣਾਈ ਤਾਂ ਹੁਣ ਇਹ ਪੱਤੀ ਵਾਲਿਆਂ ਨੂੰ ਦਿਸਣ ਲੱਗ ਪਈ। ਨਾਲੇ ਫਲਾਣੇ ਨੇ ਨਹੀਂ ਕਬਜ਼ਾ ਕੀਤਾ ਹੋਇਆ? ਉਹਨੇ ਨਹੀਂ ਆਪਣੇ ਨਾਂ ਗਰਦੌਰੀ ਕਰਾਈ?’ ਮੈਂ ਕਹਿੰਦਾ ਕਿ ‘ਫਲਾਣਾ’ ਤਾਂ ਜ਼ਮੀਨ ਛੱਡਣ ਲਈ ਤਿਆਰ ਹੈ ਪਰ ਉਹਦੀ ਸ਼ਰਤ ਹੈ ਕਿ ਤੁਸੀਂ ਵੀ ਛੱਡ ਦਿਓ।
ਉਹ ਕਹਿੰਦਾ, “ਚੰਗਾ ਵੇਖ ਲਾਂ ਗੇ। ਜੇ ਉਹ ਛੱਡ ਦੂ ਤਾਂ ਮੈਂ ਵੀ ਛੱਡ ਦੂੰ।” ਉਹਨੂੰ ਯਕੀਨ ਹੁੰਦਾ, ਨਾ ਅਗਲੇ ਨੇ ਛੱਡਣੀ ਹੈ ਤੇ ਨਾ ਮੈਂ।
ਤਦ ਵੀ ਗੱਲਾਂ ਗੱਲਾਂ ਵਿਚ ਮੈਂ ਇਹ ਵਚਨ ਤਾਂ ਹਰ ਇਕ ਕੋਲੋਂ ਲੈ ਲਿਆ ਸੀ ਕਿ “ਜੇ ਉਹ ਛੱਡ ਦੂ ਤਾਂ ਮੈਂ ਵੀ ਛੱਡ ਦੂੰ।”
ਕੁਝ ਦਿਨ ਦੇ ਅਭਿਆਸ ਮਗਰੋਂ ਮੈਂ ਸਾਰੀ ਪੱਤੀ ਦੇ ਪਰਿਵਾਰਾਂ ਦੇ ਮੁਖੀਆਂ ਦੀ ਇਕੱਤਰਤਾ ਖੇਤਾਂ ਵਿਚ ਬਣੇ ਆਪਣੀ ਪੱਤੀ ਦੇ ਗੁਰਦਵਾਰੇ ਵਿਚ ਬੁਲਾ ਲਈ। ਮਾਹੌਲ ਤਿਆਰ ਕਰਨ ਲਈ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ ਹਜ਼ੂਰੀ ਦਾ ਮਹੱਤਵ ਬਿਆਨ ਕਰਦਿਆਂ ਨਿੱਕਾ ਜਿਹਾ ਲੈਕਚਰ ਝਾੜਿਆ ਕਿ ਗੁਰੂ ਸਾਹਿਬਾਨ ਦੀ ਰਵਾਇਤ ਤਾਂ ਵੰਡ ਛਕਣ ਦੀ ਸੀ, ਕਿਸੇ ਦਾ ਹੱਕ ਮਾਰਨ ਦੀ ਨਹੀਂ। ਕਹਿੰਦੇ ਨੇ, ਤੁਰੇ ਜਾਂਦੇ ਨਿਹੰਗ ਸਿੰਘਾਂ ਨੂੰ ਇੱਕ ਤਿਲ਼ ਲੱਭਾ ਸੀ। ਛੋਟੇ ਜਿਹੇ ਤਿਲ਼ ਨੂੰ ਵੰਡ ਕੇ ਛਕਣ ਦੀ ਜੁਗਤ ਨਾ ਲੱਭਣ ਕਰ ਕੇ ਉਨ੍ਹਾਂ ਨੇ ਤਿਲ਼ ਘੋਟ ਕੇ ਉਸ ਵਿਚ ਪਾਣੀ ਪਾ ਲਿਆ। ਉਹ ਪਾਣੀ ਆਪਸ ਵਿਚ ਵੰਡ ਕੇ ਛਕ ਲਿਆ ਪਰ ਉਸ ਤਿਲ਼ ਨੂੰ ਕਿਸੇ ਇਕ ਜਣੇ ਨੇ ਇਸ ਕਰ ਕੇ ਲੈਣਾ ਪ੍ਰਵਾਨ ਨਹੀਂ ਸੀ ਕੀਤਾ ਕਿ ਹਰ ਕੋਈ ਸਮਝਦਾ ਸੀ, ਇਸ ‘ਤੇ ਦੂਜੇ ਸਿੰਘ ਦਾ ਹੱਕ ਵੀ ਬਣਦਾ ਹੈ। ਕਿਸੇ ਦਾ ਹੱਕ ਮਾਰਨ ਨੂੰ ਗੁਰੂ ਸਾਹਿਬ ਨੇ ਹਰਾਮ ਆਖਿਆ ਸੀ। ਅੱਜ ਗੁਰੂ ਘਰ ਵਿਚ ਬੈਠੇ ਸਾਰੇ ਤੁਸੀਂ ਗੁਰਸਿੱਖ ਹੋ। ਗੁਰੂ ਦੀ ਸਿੱਖਿਆ ਮੁਤਾਬਕ ਸੋਚਣ ਤੇ ਅਮਲ ਕਰਨ ਦੀ ਤੁਹਾਡੇ ਕੋਲੋਂ ਆਸ ਕਰਦਾ ਹਾਂ। ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲੇ ਦਾ ਲੋਕ-ਪ੍ਰਲੋਕ ਸੌਰ ਜਾਂਦਾ ਹੈ।
ਫਿਰ ਤੋੜਾ ਝਾੜਿਆ, “ਮੈਨੂੰ ਬੜੀ ਖ਼ੁਸ਼ੀ ਹੈ ਕਿ ਸਾਰੇ ਟੱਬਰਾਂ ਦੇ ਮੁਖੀ ਇਥੇ ਸੰਗਤ ਰੂਪ ਵਿਚ ਇਕੱਠੇ ਹੋਏ ਨੇ। ਸੰਗਤ ਨੂੰ ਗੁਰੂ ਜੀ ਨੇ ਆਪਣੇ ਤੋਂ ਵੀ ਵੱਡਾ ਰੁਤਬਾ ਦਿੱਤਾ ਸੀ। ਸੰਗਤ ਦਾ ਹੁਕਮ ਗੁਰੂ ਜੀ ਨੇ ਵੀ ਨਹੀਂ ਸੀ ਮੋੜਿਆ। ਮੈਨੂੰ ਵਿਸ਼ਵਾਸ ਹੈ ਕਿ ਇਥੇ ਹਾਜ਼ਰ ਹੋਏ ਸੱਜਣ ਆਪਣੇ ਗੁਰੂ ਦਾ ਮਾਣ ਰੱਖਣਗੇ। ਵਧੀਆ ਗੱਲ ਇਹ ਹੈ ਕਿ ਜਿਨ੍ਹਾਂ ਸੱਜਣਾਂ ਕੋਲ ਜ਼ਮੀਨ ਦਾ ਕਬਜ਼ਾ ਹੈ, ਉਨ੍ਹਾਂ ਵਿਚੋਂ ਕੇਵਲ ਇਕ ਜਣੇ ਨੂੰ ਛੱਡ ਕੇ ਬਾਕੀ ਸਾਰੇ ਹਾਜ਼ਰ ਨੇ। ਮੈਂ ਇਨ੍ਹਾਂ ਦਾ ਸੰਗਤ ਵੱਲੋਂ ਧੰਨਵਾਦੀ ਹਾਂ। ਇਨ੍ਹਾਂ ਸਾਰਿਆਂ ਨੇ ਕਿਹਾ ਹੈ ਕਿ ਜੇ ਦੂਜੀ ਧਿਰ ਕਬਜ਼ਾ ਛੱਡਣ ਲਈ ਤਿਆਰ ਹੈ, ਤਾਂ ਉਹ ਵੀ ਕਬਜ਼ਾ ਛੱਡ ਦੇਣਗੇ। ਇਹ ਵਚਨ ਦੇਣ ਪੱਖੋਂ ਮੈਂ ਇਨ੍ਹਾਂ ਸਾਰਿਆਂ ਦੀ ਵਡਿਆਈ ਕਰਦਾ ਹਾਂ। ਇਹ ਵੀ ਸਮਝਦਾਂ ਕਿ ਮਸਲਾ ਹੱਲ ਕਰਨ ਬਾਰੇ ਇਨ੍ਹਾਂ ਦੇ ਮਨ ਵਿਚ ਕੋਈ ਖੋਟ ਨਹੀਂ; ਤਦ ਈ ਤਾਂ ਇਹ ਸਾਰੇ ਇਥੇ ਹਾਜ਼ਰ ਹੋਏ ਨੇ।”
ਪੁਰਾਣੇ ਸਰਪੰਚ ਤੇ ਘੈਂਟ ਸਮਝੇ ਜਾਣ ਵਾਲੇ ਬੰਦੇ ਮਹਿੰਦਰ ਸਾਈਂ ਨੇ ਕਿਹਾ, “ਅਸੀਂ ਤਿਆਰ ਆਂ ਜ਼ਮੀਨ ਛੱਡਣ ਨੂੰ ਪਰ ਪਹਿਲਾਂ ਸੇਵਾ ਸੁੰਹ ਛੱਡੇ।”
ਸੇਵਾ ਸੁੰਹ ਤਾਂ ਮੀਟਿੰਗ ਵਿਚ ਆਇਆ ਈ ਨਹੀਂ ਸੀ।
ਇਸ ਤੋਂ ਬਾਅਦ, ‘ਪਹਿਲਾਂ ਇਹਨੇ ਕਬਜ਼ਾ ਕੀਤਾ, ਪਹਿਲਾਂ ਉਹਨੇ ਗਰਦੌਰੀ ਕਰਾਈ, ਪਹਿਲਾਂ ਇਹ ਛੱਡੇ, ਫਿਰ ਮੈਂ ਛੱਡ ਦੂੰ’ ਦੀ ਲੰਮੀ ਚਰਚਾ ਚੱਲੀ। ਗੱਲਬਾਤ ਦੀ ਵਾਗ-ਡੋਰ ਮੈਂ ਆਪਣੇ ਹੱਥ ਰੱਖੀ। ਤੋੜਾ ਸੇਵਾ ਸਿੰਘ ‘ਤੇ ਝੜ ਰਿਹਾ ਸੀ। ਕਾਬਜ਼ ਧਿਰ ਵਾਲੇ ਸਾਰੇ ਕਹਿਣ, “ਪਹਿਲਾਂ ਉਹਨੂੰ ਮਨਾ ਲੌ। ਅਸੀਂ ਵੀ ਮੰਨ ਜਾਂ ਗੇ।” ਉਨ੍ਹਾਂ ਨੂੰ ਖੁੜਕ ਸੀ ਕਿ ਉਹ ਮੰਨਣ ਨਹੀਂ ਲੱਗਾ।
ਸੇਵਾ ਸਿੰਘ ਦਾ ਛੋਟਾ ਭਰਾ ਮੀਟਿੰਗ ਵਿਚ ਹਾਜ਼ਰ ਸੀ। ਉਹਨੂੰ ਅਸੀਂ ਪਹਿਲਾਂ ਹੀ ਆਪਣੇ ਨਾਲ ਜੋੜਿਆ ਹੋਇਆ ਸੀ। ਮੈਂ ਉਹਨੂੰ ਕਿਹਾ ਕਿ ਉਹ ਸੰਗਤ ਦਾ ਹੁਕਮ ਭਰਾ ਤੱਕ ਪੁਚਾਵੇ ਤੇ ਇਥੇ ਵਿਸ਼ਵਾਸ ਵੀ ਦਿਵਾਏ ਕਿ ਉਹ ਆਪਣੇ ਭਰਾ ਦੀ ਜ਼ਿੰਮੇਵਾਰੀ ਚੁੱਕਦਾ ਹੈ। ਉਸ ਨੇ ਹਾਮੀ ਭਰੀ ਤਾਂ ਮੈਂ ਜੈਕਾਰਾ ਬੁਲਾ ਦਿੱਤਾ ਕਿ ਲਓ ਜੀ, ਮਸਲਾ ਤਾਂ ਹੱਲ ਹੋ ਗਿਆ। ਮੈਂ ਮੁੜ-ਘਿੜ ਕੇ ਕਾਬਜ਼ ਸੱਜਣਾਂ ਦੇ ‘ਤਿਆਗ’ ਦੀ ਵਡਿਆਈ ਕੀਤੀ, ਜਿਹੜਾ ਉਨ੍ਹਾਂ ਨੇ ਅਜੇ ਕਰਨਾ ਸੀ। ਉਨ੍ਹਾਂ ਨੇ ਵੀ ਝੂਠੀ-ਸੱਚੀ ਹਾਮੀ ਭਰ ਦਿੱਤੀ। ਮੀਟਿੰਗ ਦੇ ਅਖ਼ੀਰ ‘ਤੇ ਫ਼ੈਸਲਾ ਹੋ ਗਿਆ ਕਿ ਕਮੇਟੀ ਬਣਾਈ ਜਾਵੇ ਤੇ ਇਸ ਗੱਲ ਨੂੰ ਸਰਬਸੰਮਤੀ ਨਾਲ ਸਿਰੇ ਚੜ੍ਹਾਇਆ ਜਾਏ। ਕਮੇਟੀ ਵਿਚ ਸਾਰੇ ਭਾਈਚਾਰਿਆਂ ਦੇ ਬੰਦੇ ਸ਼ਾਮਲ ਕੀਤੇ ਗਏ। ਮੈਨੂੰ ਕਮੇਟੀ ਦਾ ਮੁਖੀ ਚੁਣਿਆ ਗਿਆ ਤੇ ਸਾਥੀਆਂ ਨੂੰ ਨਾਲ ਲੈ ਕੇ ਜ਼ਮੀਨ ਛੁਡਾਉਣ ਤੇ ਗਰਦੌਰੀ ਤੁੜਾਉਣ ਦਾ ਕੰਮ ਸੌਂਪਿਆ ਗਿਆ।
ਕੰਮ ਕੋਈ ਸੌਖਾ ਨਹੀਂ ਸੀ। ਬੜੀ ਮਗ਼ਜ਼-ਪੱਚੀ ਕਰਨੀ ਪਈ। ਤਰਲਾ-ਮਿੰਨਤ ਵੀ ਕਰਨਾ ਪਿਆ। ਭਾਈਚਾਰਕ ਦਬਾਓ ਵੀ ਰੱਖਿਆ। ਆਖ਼ਰ ਕਈ ਦਿਨਾਂ ਦੀ ਖ਼ੇਚਲ, ਖ਼ਹਿਮਖ਼ਹਿ ਤੇ ਕਸ਼ਮਕਸ਼ ਤੋਂ ਬਾਅਦ ਮੈਂ ਤੇ ਕਮੇਟੀ ਦੇ ਸਾਥੀ ਬਹੁਤ ਹੱਦ ਤੱਕ ਕਾਮਯਾਬ ਹੋ ਗਏ। ਹੌਲੀ ਹੌਲੀ ਸਾਰੀ ਜ਼ਮੀਨ ਪੱਤੀ ਦੇ ਕਬਜ਼ੇ ਵਿਚ ਆ ਗਈ। ਠੇਕੇ ਦੇ ਇੰਨੇ ਪੈਸੇ ਆਉਣ ਲੱਗੇ ਕਿ ਪੱਤੀ ਵਾਲਿਆਂ ਨੂੰ ਸਮਝ ਨਾ ਆਉਂਦੀ ਕਿ ਕਿਹੜੇ ਸਾਂਝੇ ਥਾਂ ‘ਤੇ ਇਨ੍ਹਾਂ ਨੂੰ ਖ਼ਰਚ ਕੀਤਾ ਜਾਵੇ।
ਜਦੋਂ ਖੇਤਾਂ ਵਿਚ ਪਾਣੀ ਲਾਉਂਦਾ ਸਾਧਾ ਸਿੰਘ ਮੇਰੇ ਕੋਲ ਆਇਆ ਤੇ ਆਖਿਆ, “ਵਰਿਆਮ ਸਿਹਾਂ! ਤੈਥੋਂ ਬਿਨਾਂ ਇਹ ਖੁਭੀ ਕਦੀ ਨਹੀਂ ਸੀ ਨਿਕਲਣੀ। ਸ਼ਾਬਾਸ਼ੇ ਤੇਰੇ। ਧੰਨ ਧੰਨ ਹੋ ਗਈ ਭਈ। ਤੇਰੇ ਬਿਨਾਂ ਉਨ੍ਹਾਂ ਵੱਡਿਆਂ ਦੇ ਗਲ ਟੱਲੀ ਕਿਸੇ ਨਹੀਂ ਸੀ ਬੰਨ੍ਹਣੀ। ਭਾਈ ਤੂੰ ਜੁਗਤ ਵੀ ਚੰਗੀ ਵਰਤੀ। ਸਭ ਨੇ ਸਾਰੀ ਉਮਰ ਬੁੜ ਬੁੜ ਕਰਦੇ ਰਹਿਣਾ ਸੀ, ਪਰ ਜ਼ਮੀਨ ਕਿਸੇ ਕੋਲੋਂ ਛੁਡਵਾਈ ਨਹੀਂ ਸੀ ਜਾਣੀ।”
ਮੈਂ ਕਿਹਾ, “ਭਾਊ ਜੀ! ਮੇਰਾ ਨਹੀਂ, ਇਹ ਤਾਂ ਸੰਗਤ ਦੇ ਮਿਲ ਬੈਠਣ ਦਾ ਕਮਾਲ ਹੈ। ਸੰਗਤ ਇਕੱਠੀ ਹੋ ਗਈ। ਮਿਲ ਬੈਠਣ ਨੇ ‘ਬੁੜ ਬੁੜ’ ਨੂੰ ‘ਬੋਲਾਂ’ ਵਿਚ ਬਦਲ ਲਿਆ। ਬੋਲ ਤਾਕਤ ਬਣ ਗਏ। ਮਸਲਾ ਹੱਲ ਹੋ ਗਿਆ। ਅਗਲਿਆਂ ਵੇਖ ਲਿਆ ਕਿ ਹੁਣ ਸਾਰੀ ਪੱਤੀ ਇਕਮੁੱਠ ਹੋ ਗਈ ਹੈ। ਇਕਮੁੱਠਤਾ ਅੱਗੇ ਕੋਈ ਨਹੀਂ ਟਿਕਦਾ। ਮੈਂ ਤਾਂ ਬਹਾਨਾ ਤੇ ਵਸੀਲਾ ਬਣਿਆ। ਅਸਲੀ ਦਬਾਅ ਤਾਂ ਭਾਈਚਾਰੇ ਦੇ ਏਕੇ ਦਾ ਸੀ।”
“ਪਰ ਪਹਿਲ ਤਾਂ ਤੂੰ ਈ ਕੀਤੀ ਨਾ।”
“ਨਹੀਂ, ਪਹਿਲ ਵੀ ਤੁਸਾਂ ਕੀਤੀ। ਤੁਸਾਂ ਹੀ ਮੈਨੂੰ ਅਹਿਸਾਸ ਕਰਾਇਆ ਕਿ ਮੈਂ ਵਸੀਲਾ ਬਣ ਸਕਦਾਂ। ਨਹੀਂ ਤਾਂ ਸ਼ਾਇਦ ਮੈਂ ਵੀ ਹੋਰਨਾਂ ਵਾਂਗ ਸੋਚੀ ਜਾਂਦਾ ਕਿ ‘ਬਲਦੀ ਦੇ ਬੁੱਥੇ ਕਿਉਂ ਸਿਰ ਦਿਆਂ?’
ਇਕ ਦੂਜੇ ਦੀ ਤਾਰੀਫ਼ ਕਰਨ ਦੀ ਥਾਂ ਅੰਤਮ ਤੌਰ ‘ਤੇ ਸਾਨੂੰ ਇਸ ਨੁਕਤੇ ‘ਤੇ ਸਹਿਮਤ ਹੋਣਾ ਪਿਆ ਕਿ ਸਾਰੀ ਤਾਕਤ ਤਾਂ ਲੋਕਾਂ ਦੀ ਹੁੰਦੀ ਹੈ, ਬੰਦੇ ਤਾਂ ਉਸ ਤਾਕਤ ਨੂੰ ਜਗਾਉਣ ਜਾਂ ਹੁਲਾਰਨ ਲਈ ਕੇਵਲ ਮਾਧਿਅਮ ਬਣਦੇ ਨੇ। ਆਪਣੇ ਬਾਰੇ ਇਸ ਤੋਂ ਵੱਧ ਹੋਣ ਦਾ ਅਨੁਮਾਨ ਲਾਉਣਾ ਜਾਂ ਸੋਚਣਾ ਨਿਪਟ ਹਉਮੈ ਹੈ।
***
ਇਕ ਸਵੇਰ। ਅਜੇ ਮੈਂ ਸੌਂ ਕੇ ਉਠਿਆ ਹੀ ਸਾਂ, ਸਾਡਾ ਬਾਹਰਲਾ ਦਰਵਾਜ਼ਾ ਖੜਕਿਆ। ਗਾਡੀ ਦਰਵਾਜ਼ੇ ਵਿਚ ਲੱਗੀ ਵੱਡੀ ਬਾਰੀ ਖੋਲ੍ਹੀ। ਸਾਹਮਣੇ ਮੇਰੀ ਪੱਤੀ ਦਾ ਬਜ਼ੁਰਗ ਦਲੀਪ ਸਿੰਘ ਅਟਾਰੀ ਵਾਲਾ ਬੁੱਕਲ ਮਾਰੀ ਖਲੋਤਾ ਸੀ। ਦਲੀਪ ਸਿੰਘ ਸਾਡੇ ਭਾਈਚਾਰੇ ਵਿਚੋਂ ਸੀ। ਸਿਆਣਾ ਤੇ ਦਾਨਾ ਬਜ਼ੁਰਗ। ਮੇਰਾ ਪਿਓ ਉਹਨੂੰ ‘ਭਾਊ ਜੀ’ ਕਹਿ ਕੇ ਬੁਲਾਉਂਦਾ ਤੇ ਮੈਂ ‘ਤਾਇਆ ਜੀ’। ਉਹਦਾ ਮੁੰਡਾ ਸ਼ਬੇਗਾ ਮੇਰਾ ਨਿੱਕੇ ਹੁੰਦੇ ਦਾ ਯਾਰ ਸੀ। ਕਦੀ ਉਹ ਸਾਡੇ ਘਰ ਆ ਜਾਂਦਾ, ਕਦੀ ਮੈਂ ਉਨ੍ਹਾਂ ਦੇ ਘਰ ਚਲਾ ਜਾਂਦਾ। ਤਾਈ ਜੋਗਿੰਦਰ ਕੌਰ, ਮੇਰੀ ਮਾਂ ਦੀ ਸਿਰਨਾਵੀਂ, ਪੁੱਤਾਂ ਵਾਂਗ ਲਾਡ ਕਰਦੀ, ਚੋਘੇ ਕੱਢ ਕੇ ਰੋਟੀ ਖਵਾਉਂਦੀ। ਸਾਡਾ ਵਿਆਹਵਾਂ-ਸ਼ਾਦੀਆਂ ‘ਤੇ ਆਉਣ ਜਾਣ। ਗੋਡੀ, ਵਾਢੀ ਤੇ ਵਹਾਈ ਲਈ ਇਕ ਦੂਜੇ ਟੱਬਰ ਦੀ ਮਦਦ ਕਰਨੀ। ਮੈਂ ਉਹਦੇ ਹੱਥਾਂ ਵਿਚ ਪਲਿਆ ਸਾਂ। ਪੱਤੀ ਵਿਚ ਉਹਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਸੀ।
ਪਿੰਡ ਦੇ ਕਈ ਸਾਲ ਧੜੱਲੇ ਨਾਲ ਸਰਪੰਚੀ ਕਰਨ ਵਾਲੇ ਸੇਵਾ ਸਿੰਘ ਦਾ ਸਭ ਤੋਂ ਨੇੜਲਾ ਯਾਰ ਤੇ ਹਮਾਇਤੀ ਦਲੀਪ ਸਿੰਘ ਹੁਣ ਪਿਛਲੇਰੀ ਉਮਰ ਵਿਚ ਸੀ। ਅੱਜ ਕੱਲ੍ਹ ਉਹਦਾ ਟੱਬਰ ਡੰਡੀ ਵਾਲੇ ਖੂਹ ‘ਤੇ ਬਣੇ ਡੇਰੇ ਉਪਰ ਰਿਹਾਇਸ਼ ਰੱਖਦਾ ਸੀ। ਸਵੇਰੇ ਸਵੇਰੇ ਉਹਦਾ ਮੇਰੇ ਵੱਲ ਆਉਣਾ ਖਟਕਿਆ। ਕੋਈ ਗੱਲ ਜ਼ਰੂਰ ਸੀ।
ਫ਼ਤਹਿ ਬੁਲਾ ਕੇ ਮੈਂ ਬਾਰੀ ‘ਚੋਂ ਪਾਸੇ ਹੋਇਆ, “ਲੰਘ ਆਓ ਤਾਇਆ ਜੀ।”
ਬੈਠਕ ਵਿਚ ਉਹਦੇ ਸਾਹਮਣੇ ਬੈਠ ਕੇ ਮੈਂ ਉਸ ਵੱਲ ਪੁੱਛਦੀਆਂ ਨਜ਼ਰਾਂ ਨਾਲ ਵੇਖਿਆ। ਉਹਦਾ ਚਿਹਰਾ ਗਹਿਰ-ਗੰਭੀਰ ਸੀ ਤੇ ਅੱਖਾਂ ਲਾਲ ਗਹਿਰੀਆਂ। ਆਪਣੀ ਬੁੱਕਲ ਵਿਚੋਂ ਉਹਨੇ ਸੱਜਾ ਹੱਥ ਬਾਹਰ ਕੱਢਿਆ ਤੇ ਹੱਥ ਵਿਚ ਫੜਿਆ ਧੌਲੇ ਵਾਲਾਂ ਦਾ ਰੁੱਗ ਮੇਰੇ ਵੱਲ ਵਧਾਇਆ।
“ਆਹ ਲੈ, ਇਨ੍ਹਾਂ ਵਾਲਾਂ ਦਾ ਮੁੱਲ ਪਾ ਸਕਦਾ ਏਂ ਤਾਂ ਦੱਸ ਮੈਨੂੰ। ਨਹੀਂ ਤਾਂ ਕੋਈ ਹੋਰ ਰਾਹ ਵੇਖਾਂ।”
ਮੈਨੂੰ ਕੋਈ ਸਮਝ ਨਾ ਆਈ। ਘਰਵਾਲੀ ਨੂੰ ਚਾਹ ਬਣਾਉਣ ਲਈ ਆਵਾਜ਼ ਦੇ ਕੇ ਮੈਂ ਸਾਰੀ ਗੱਲ ਵਿਸਥਾਰ ਨਾਲ ਜਾਣਨੀ ਚਾਹੀ।
ਰਾਤੀਂ ਉਹ ਖੇਤਾਂ ਵਿਚੋਂ ਕਿਸੇ ਕੰਮ ਪਿੰਡ ਆਇਆ ਸੀ। ਬਾਜ਼ਾਰ ਵਿਚੋਂ ਲੰਘਦਿਆਂ ਉਹਨੇ ਵੇਖਿਆ ਕਿ ਸਾਹਮਣੇ ਚੌਕੀ ਦਾ ਥਾਣੇਦਾਰ ਤੇ ਦੋ ਕੁ ਸਿਪਾਹੀ ਕਿਸੇ ਨੂੰ ਬਾਜ਼ਾਰ ਵਿਚ ਘੇਰੀ ਖੜ੍ਹੇ ਸਨ। ਉਨ੍ਹਾਂ ਵੱਲ ਵੇਖ ਕੇ ਉਹਨੂੰ ਖ਼ਿਆਲ ਆਇਆ ਕਿ ਘੋੜੇ ਦੇ ਪਛਾੜੀ ਤੇ ਅਫਸਰ ਦੇ ਅਗਾੜੀ ਨਾ ਹੀ ਲੰਘੀਏ ਤਾਂ ਚੰਗਾ ਹੈ। ਉਹ ਬਾਜ਼ਾਰ ਵਿਚੋਂ ਨਿਕਲਦੀ ਵਿਚਲੀ ਗਲੀ ਪੈ ਗਿਆ। ਉਹਨੂੰ ਪਾਸਾ ਵੱਟ ਕੇ ਗਲੀ ਵੱਲ ਮੁੜਦਿਆਂ ਥਾਣੇਦਾਰ ਨੇ ਵੇਖ ਲਿਆ। ਸਿਪਾਹੀਆਂ ਨੂੰ ਕਹਿੰਦਾ, “ਉਹਨੂੰ ਫੜੋ ਕੰਜਰ ਨੂੰ, ਝਕਾਨੀ ਦੇ ਕੇ ਭੱਜ ਚੱਲਿਆ ਜੇ।”
ਭੱਜਣਾ ਉਹਨੇ ਕਿੱਥੇ ਸੀ। ਉਹ ਨਾ ਸ਼ਰਾਬੀ ਨਾ ਐਬੀ। ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ। ਇਸ ਉਮਰੇ ਵੀ ਹਲ਼ ਵਾਹੁੰਦਾ। ਸਿਪਾਹੀਆਂ ਨਾਲ ਬਾਜ਼ਾਰ ਨੂੰ ਮੁੜ ਪਿਆ।
“ਕਿਧਰ ਭੱਜਣ ਲੱਗਾ ਸੈਂ ਕੰਜਰਾ! ਕੁੜੀ ਚੋਦਾ ਅਸੀਂ ਭੱਜਣ ਦੇਂਦੇ ਆਂ ਤੇਰੇ ਵਰਗੇ ਗੁੰਡਿਆਂ ਨੂੰ। ਤੂੰ ਸਾਨੂੰ ਕੀ ਸਮਝਿਐ ਉਏ!” ਸ਼ਰਾਬੀ ਥਾਣੇਦਾਰ ਚੀਕਿਆ।
ਦਲੀਪ ਸਿੰਘ ਸੁੱਚਾ ਬੰਦਾ ਸੀ। ਉਹਨੂੰ ਸਵੈਮਾਣ ਨੇ ਹੁੰਗਾਰਿਆ।
“ਸਰਦਾਰਾ! ਜ਼ਬਾਨ ਸੰਭਾਲ ਕੇ ਗੱਲ ਕਰ। ਮੈਂ ਕੋਈ ਚੋਰ-ਉਚੱਕਾ ਨਹੀਂ।”
ਇੰਨੀ ਸੁਣਦਿਆਂ ਹੀ ਥਾਣੇਦਾਰ ਨੇ ਉਹਦੀ ਦਾੜ੍ਹੀ ਨੂੰ ਫੜ ਲਿਆ।
“ਬੁੱਢਿਆ! ਚੌਰਿਆ! ਤੇਰੀ ਇਹ ਹਿੰਮਤ?”
ਦੋਵਾਂ ਹੱਥਾਂ ਨਾਲ ਦਾੜ੍ਹੀ ਨੂੰ ਹਲੂਣਿਆ। ਵਾਲਾਂ ਦਾ ਰੁੱਗ ਉਹਦੇ ਹੱਥਾਂ ਵਿਚ ਸੀ। ਦਲੀਪ ਸਿੰਘ ਨੇ ਬਚਾਅ ਕਰਨ ਲਈ ਉਹਨੂੰ ਹੱਥਾਂ ਨਾਲ ਧੱਕਿਆ। ਉਹਨੇ ਗਾਲ੍ਹਾਂ ਦਿੰਦਿਆਂ ਫਿਰ ਉਹਦੀ ਦਾੜ੍ਹੀ ਫੜ ਲਈ। ਆਖ਼ਰ ਸਿਪਾਹੀਆਂ ਨੇ ਹੀ ‘ਚਲੋ ਛੱਡੋ ਸਰਦਾਰ ਜੀ’ ਆਖ ਕੇ ਦਲੀਪ ਸਿੰਘ ਨੂੰ ਛੁਡਵਾਇਆ। ਨਹੀਂ ਤਾਂ ਉਹ ਕਹਿ ਰਿਹਾ ਸੀ, “ਲੈ ਚਲੋ ਇਹਨੂੰ ਚੌਕੀ ਹਰਾਮ ਦੇ ਨੂੰ। ਇਹ ਗਲੀ ‘ਚ ਕਿਤੇ ਨਾਜਾਇਜ਼ ਸ਼ਰਾਬ ਲੁਕਾ ਆਇਆ। ਇਹਦੇ ਤੋਂ ਬਰਾਮਦ ਕਰਾਉਣੀ ਆਂ।”
ਦਲੀਪ ਸਿੰਘ ਨੇ ਰਾਤੀਂ ਹੋਈ ਬੀਤੀ ਦਾ ਨਕਸ਼ਾ ਬੰਨ੍ਹ ਦਿੱਤਾ।
“ਆਹ ਵਾਲ ਮੈਂ ਹੁਣ ਬਾਜ਼ਾਰ ‘ਚੋਂ ਜ਼ਮੀਨ ‘ਤੇ ਡਿੱਗੇ ‘ਕੱਠੇ ਕਰ ਕੇ ਲਿਆਇਆਂ। ਅਜੇ ਵੀ ਵੇਖ ਦਾੜ੍ਹੀ ‘ਚੋਂ ਨਿਕਲਦੇ।” ਉਹਨੇ ਦਾੜ੍ਹੀ ਵਿਚ ਹੱਥ ਫੇਰਿਆ ਤੇ ਹੋਰ ਦਸ ਬਾਰਾਂ ਵਾਲ ਕੱਢ ਕੇ ਮੇਰੀ ਤਲੀ ‘ਤੇ ਧਰ ਦਿੱਤੇ।
ਥਾਣੇਦਾਰ ਵਿਰੁੱਧ ਗੁੱਸੇ ਨਾਲ ਮੇਰਾ ਅੰਦਰ ਹਲੂਣਿਆ ਗਿਆ। ਇਕ ਦਮ ਮੈਨੂੰ ਕੋਈ ਗੱਲ ਸੁੱਝੀ ਨਾ। ਪਲ ਕੁ ਸੋਚਿਆ ਤਾਂ ਮਹਿਸੂਸ ਹੋਇਆ, ਪੁਲਿਸ ਨਾਲ ਪੰਗਾ ਲੈਣ ਲਈ ਪਿੰਡ ਵਿਚੋਂ ਸਿਆਣਿਆਂ ਤੇ ਮੋਹਤਬਰ ਬੰਦਿਆਂ ਨੂੰ ਨਾਲ ਲੈਣਾ ਬੜਾ ਜ਼ਰੂਰੀ ਸੀ। ਸਿਰਫ਼ ਸਾਡੇ ਮੁੰਡਿਆਂ ਖੁੰਡਿਆਂ ਤੋਂ ਸ਼ਾਇਦ ਇਹ ਗੱਲ ਸੰਭਾਲੀ ਨਾ ਜਾ ਸਕੇ। ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਸਾਥੀਆਂ ਤੇ ਹੋਰ ਬੰਦਿਆਂ ਨਾਲ ਗੱਲ ਕਰਦਾਂ, ਉਹ ਉਨਾ ਚਿਰ ਆਪਣੇ ਪੁਰਾਣੇ ਯਾਰ ਸੇਵਾ ਸਿੰਘ ਸਾਬਕਾ ਸਰਪੰਚ ਵੱਲ ਹੋ ਆਏ।
ਉਹ ਕਹਿੰਦਾ, “ਮੈਂ ਹੋ ਆਇਆਂ। ਉਹ ਵੀ ਆਂਹਦਾ ਸੀ ਹੋਰ ਬੰਦਿਆਂ ਨੂੰ ਪਹਿਲਾਂ ਮਿਲ ਆਵਾਂ। ਹੈ ਨੀ ਉਨ੍ਹਾਂ ਤਿਲਾਂ ‘ਚ ਤੇਲ। ਹੁਣ ਮੈਂ ‘ਕੱਲੇ ‘ਕੱਲੇ ਦੇ ਬੂਹੇ ‘ਤੇ ਜਾ ਕੇ ਕੀਹਦੇ ਕੀਹਦੇ ਕੋਲ ਆਪਣੀ ਦਾੜ੍ਹੀ ਪੁਟਾਵਾਂ। ਤੂੰ ਈ ਦੱਸ।”
ਮੈਂ ਉਹਦੇ ਗੋਡੇ ਨੱਪ ਕੇ ਧਰਵਾਸ ਦਿੱਤਾ। ਪਿੰਡ ਦੇ ਸਾਥੀਆਂ ਕੋਲ ਗਿਆ। ਮੀਟਿੰਗ ਕੀਤੀ। ਆਸੇ ਪਾਸੇ ਦੇ ਪਿੰਡਾਂ ਦੀਆਂ ਨੌਜਵਾਨ ਸਭਾਵਾਂ ਨੂੰ ਸੁਨੇਹਾ ਭੇਜਿਆ। ਦੁਪਹਿਰ ਤੱਕ ਚਾਲੀ ਪੰਜਾਹ ਬੰਦੇ ਇਕੱਠੇ ਹੋ ਗਏ। ਅਸੀਂ ਪੁਲਿਸ ਦੇ ਖ਼ਿਲਾਫ਼ ਨਾਅਰੇ ਲਾਉਂਦਾ ਜਲੂਸ ਸਾਰੇ ਪਿੰਡ ਦੁਆਲੇ ਕੱਢਿਆ। ਥਾਣੇ ਸਾਹਮਣੇ ਰੈਲੀ ਕੀਤੀ। ਥਾਣੇਦਾਰ ਨੂੰ ਸਿੱਧਾ ਮਿਲਣ ਦੀ ਥਾਂ ਅਸੀਂ ਕੁਝ ਜਣੇ ਦਲੀਪ ਸਿੰਘ ਨੂੰ ਉਹਦੇ ਵਾਲਾਂ ਸਮੇਤ ਲੈ ਕੇ ਅੰਮ੍ਰਿਤਸਰ ਦੇ ਐਸ਼ਐਸ਼ਪੀæ ਨੂੰ ਜਾ ਮਿਲੇ। ਦਲੀਪ ਸਿੰਘ ਤੋਂ ਸਾਰੀ ਕਹਾਣੀ ਸੁਣਵਾਈ। ਐਸ਼ਐਸ਼ਪੀæ ‘ਤੇ ਗੱਲਾਂ ਵਿਚਲੀ ਸਦਾਕਤ ਦਾ ਅਸਰ ਪ੍ਰਤੱਖ ਦਿਸਦਾ ਸੀ। ਉਹਨੇ ਤਰਨਤਾਰਨ ਦੇ ਡੀæਐਸ਼ਪੀæ ਨੂੰ ਸਵੇਰੇ ਜਾ ਕੇ ਸਾਰੇ ਕੇਸ ਦੀ ਤਫਤੀਸ਼ ਕਰਨ ਲਈ ਸਾਡੇ ਸਾਹਮਣੇ ਫੋਨ ਕਰ ਦਿੱਤਾ।
ਪਿੰਡ ਆ ਕੇ ਮੈਂ ਆਪਣੀ ਪਛਾਣ ਦੇ ਕੁਝ ਉਨ੍ਹਾਂ ਬਜ਼ੁਰਗਾਂ, ਜਿਹੜੇ ਸਾਡੇ ਕੀਤੇ ਕੰਮਾਂ ਨੂੰ ਆਦਰ ਦੀ ਨਜ਼ਰ ਨਾਲ ਵੇਖਦੇ ਸਨ, ਨੂੰ ਆਪਣੇ ਨਾਲ ਤੁਰਨ ਅਤੇ ਡੀæਐਸ਼ਪੀæ ਕੋਲ ਹੋਈ ਵਧੀਕੀ ਖ਼ਿਲਾਫ਼ ਸਾਡੇ ਨਾਲ ਖਲੋਣ ਦੀ ਬੇਨਤੀ ਕੀਤੀ। ਉਨ੍ਹਾਂ ਵਿਚੋਂ ਵੀ ਸਿਵਾਏ ਮੋਤਾ ਸਿੰਘ ਦੇ, ਜਿਹੜਾ ਮੇਰੇ ਪਿਓ ਦਾ ਯਾਰ ਰਿਹਾ ਸੀ, ਸਾਡੇ ਨਾਲ ਹੋਰ ਕੋਈ ਤੁਰਨ ਲਈ ਤਿਆਰ ਨਹੀਂ ਸੀ। ਉਨ੍ਹਾਂ ਚੌਧਰੀਆਂ ਨੇ ਤਾਂ ਸਾਡੇ ਨਾਲ ਤੁਰਨਾ ਹੀ ਕੀ ਸੀ ਜਿਨ੍ਹਾਂ ਦੀਆਂ ਪੁਲਿਸ ਨਾਲ ਚੱਤੋ-ਪਹਿਰ ਹਰੀਆਂ ਚੁਗਦੀਆਂ ਸਨ। ਉਂਜ ਵੀ ਪੁਲਿਸ ਨਾਲ ਪੰਗਾ ਲੈ ਕੇ ਕੋਈ ਦਲੀਪ ਸਿੰਘ ਵਰਗੀ ਨਹੀਂ ਸੀ ਕਰਵਾਉਣੀ ਚਾਹੁੰਦਾ।
ਫਿਰ ਵੀ ਅਗਲੇ ਦਿਨ ਅਸੀਂ ਕੋਈ ਸੌ ਕੁ ਬੰਦਾ ਇਕੱਠਾ ਕਰ ਲਿਆ। ਇਕ ਪਾਸੇ ਅਸੀਂ ਤੇ ਦੂਜੇ ਪਾਸੇ ਥਾਣੇਦਾਰ ਨੇ ਆਪਣੇ ਹੱਕ ਵਿਚ ਪਿੰਡ ਦੇ ਨਵੇਂ-ਪੁਰਾਣੇ ਸਰਪੰਚ, ਪੰਚ ਤੇ ਹੋਰ ਘੜੰਮ ਚੌਧਰੀ ਬੁਲਾਏ ਹੋਏ ਸਨ। ਉਨ੍ਹਾਂ ਵਿਚੋਂ ਥਾਣੇਦਾਰ ਦੇ ਸਿਖਾਏ ਇਕ ਦੋ ਜਣੇ ਸਾਡੇ ਕੋਲ ਸਮਝੌਤਾ ਕਰਵਾਉਣ ਦੀ ਤਜਵੀਜ਼ ਲੈ ਕੇ ਆਏ। ਸਾਥੋਂ ਪਹਿਲਾਂ ਦਲੀਪ ਸਿੰਘ ਚੀਕ ਪਿਆ, “ਲਿਆਓ! ਤੁਹਾਡੇ ‘ਚੋਂ ਕੋਈ ਆਪਣੀ ਦਾੜ੍ਹੀ ਪੁਟਾਉਣ ਨੂੰ ਤਿਆਰ ਐ? ਮੈਂ ਸਮਝੌਤਾ ਕਰ ਲੈਨਾਂ।”
ਵਿਚੋਲੇ ਚੁੱਪ-ਚਾਪ ਖਿਸਕ ਗਏ।
ਡੀæਐਸ਼ਪੀæ ਨੇ ਸਾਨੂੰ ਸੁਨੇਹਾ ਭੇਜਿਆ ਕਿ ਐਸ਼ਐਸ਼ਪੀæ ਕੋਲ ਜਾਣ ਵਾਲੇ ਦੋ ਤਿੰਨ ਜਣੇ ਅੰਦਰ ਆ ਜਾਣ; ਬਾਕੀ ਬਾਹਰ ਈ ਬੈਠਣ। ਅਸੀਂ ਮੋਤਾ ਸਿੰਘ ਨੂੰ ਵੀ ਨਾਲ ਲੈ ਲਿਆ। ਉਹਨੇ ਸਾਰਾ ਕੇਸ ਧਿਆਨ ਨਾਲ ਸੁਣਿਆ। ਅਸੀਂ ਤਾਂ ਆਖਣਾ ਹੀ ਸੀ ਪਰ ਦਲੀਪ ਸਿੰਘ ਆਪ ਵੀ ਚੰਗਾ ਗੱਲ-ਕਾਰ ਸੀ। ਉਹਨੇ ਸਾਰੀ ਕਹਾਣੀ ਹੂਬਹੂ ਬਿਆਨ ਕੀਤੀ। ਦਾੜ੍ਹੀ ਦੇ ਵਾਲਾਂ ਦਾ ਰੁੱਗ ਉਹਨੇ ਮੇਜ਼ ‘ਤੇ ਰੱਖ ਦਿੱਤਾ। ਮੈਂ ਗਵਾਹੀ ਦਿੱਤੀ ਕਿ ਦਲੀਪ ਸਿੰਘ ਪਿੰਡ ਦੇ ਦਾਨੇ ਬੰਦਿਆਂ ਵਿਚੋਂ ਸੀ। ਅੱਜ ਤੱਕ ਉਹਨੇ ਨਾ ਕਿਸੇ ਨਾਲ ਲੜਾਈ ਝਗੜਾ ਕੀਤਾ ਹੈ, ਤੇ ਨਾ ਹੀ ਕੋਈ ਅਜਿਹਾ ਗੁਨਾਹ ਕੀਤਾ ਹੈ ਕਿ ਉਹਨੂੰ ਜ਼ਿੰਦਗੀ ਭਰ ਕਦੀ ਥਾਣੇ ਦਾ ਮੂੰਹ ਵੇਖਣਾ ਪਿਆ ਹੋਵੇ। ਸ਼ਰਾਬੀ ਹੋਏ ਥਾਣੇਦਾਰ ਨੇ ਉਸ ਨਾਲ ਸਰਾਸਰ ਵਧੀਕੀ ਕੀਤੀ ਹੈ। ਉਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ।
“ਤੂੰ ਕੌਣ ਹੁੰਦੈਂ ਅੱਗੇ ਲੱਗ ਕੇ ਲੜਾਈ ਲੜਨ ਵਾਲਾ? ਇਹਦੇ ਆਪਣੇ ਪੁੱਤ ਭਤੀਜੇ ਕਿੱਥੇ ਨੇ? ਮੈਨੂੰ ਪਤੈ ਤੁਸੀਂ ਸਭਾਵਾਂ ਵਾਲੇ ਤਾਂ ਰੇੜਕਾ ਖੜ੍ਹਾ ਕਰੀ ਰੱਖਣਾ ਚਾਹੁੰਦੇ ਓ ਕਿਸੇ ਨਾ ਕਿਸੇ ਗੱਲੋਂ। ਬਹਾਨਾ ਮਿਲਿਆ ਨਹੀਂ, ਤੇ ਤੁਸੀਂ ‘ਜ਼ਿੰਦਾਬਾਦ, ਮੁਰਦਾਬਾਦ’ ਸ਼ੁਰੂ ਕੀਤੀ ਨਹੀਂ। ਸਭ ਨਕਸਲੀਏ ਓ ਤੁਸੀਂ।” ਡੀæਐਸ਼ਪੀæ ਨੇ ਪੁਲਸੀਆ ਰੋਹਬ ਝਾੜਦਿਆਂ ਲੋਕ ਜਥੇਬੰਦੀਆਂ ਵੱਲ ਆਪਣੀ ਨਫ਼ਰਤੀ ਹਉਂ ਦਾ ਪ੍ਰਗਟਾਵਾ ਕੀਤਾ।
“ਨਕਸਲੀਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਮੈਂ ਤਾਂ ਬਜ਼ੁਰਗ ਦਾ ਭਤੀਜਾ ਹਾਂ, ਤੇ ਇਹ ਮੇਰਾ ਤਾਇਆ ਹੈ। ਮੈਂ ਸਕੂਲ ਅਧਿਆਪਕ ਹਾਂ ਤੇ ਕਿਸੇ ਸਭਾ ਦਾ ਅਹੁਦੇਦਾਰ ਵੀ ਨਹੀਂ। ਤੁਹਾਡਾ ਕੀ ਖ਼ਿਆਲ ਹੈ ਕਿ ਲੜਨ ਲਈ ‘ਬਹਾਨਾ’ ਬਣਾਉਣ ਵਾਸਤੇ ਤੇ ਤੁਹਾਨੂੰ ਵਿਖਾਉਣ ਲਈ ਅਸੀਂ ਆਪਣੇ ਪਿਓ ਦਾਦਿਆਂ ਦੀਆਂ ਦਾੜ੍ਹੀਆਂ ਆਪੇ ਪੁੱਟਦੇ ਆਂ?”
ਕੋਲੋਂ ਮੋਤਾ ਸਿੰਘ ਤਲਖ਼ੀ ਵਿਚ ਆ ਗਿਆ, “ਸਰਦਾਰ ਜੀ! ਇਹ ਕੀ ਗੱਲ ਹੋਈ ਭਲਾ ਕਿ ਕਿਸੇ ਬਜ਼ੁਰਗ ਦੀ ਪੁਲਿਸ ਬੇਇਜ਼ਤੀ ਕਰੇ, ਤੇ ਉਹਦੇ ਪੁੱਤਾਂ ਭਤੀਜਿਆਂ ਤੋਂ ਬਿਨਾਂ ਉਹਦੇ ਹੱਕ ਵਿਚ ਕੋਈ ਆਵਾਜ਼ ਈ ਨਾ ਉਠਾਵੇ? ਪੁੱਤ ਭਤੀਜਾ ਪੁਲਿਸ ਦੀ ਦਹਿਸ਼ਤ ਤੋਂ ਡਰਦਾ ਬੋਲੇ ਕੋਈ ਨਾ, ਤੇ ਹੋਰ ਕਿਸੇ ਨੂੰ ਤੁਸੀਂ ਬੋਲਣ ਨਾ ਦਿਓ। ਵਾਹ ਜੀ! ਇਹ ਕਿੱਧਰ ਦਾ ਨਿਆਂ ਏਂ?”
ਡੀæਐਸ਼ਪੀæ ਜਵਾਬ ਵਿਚ ਕੁਝ ਨਹੀਂ ਬੋਲਿਆ।
ਸਾਥੋਂ ਬਾਅਦ ਪਿੰਡ ਦੇ ਵੱਡੇ ਵੱਡੇ ਚੌਧਰੀ ਥਾਣੇਦਾਰ ਦੇ ਹੱਕ ਵਿਚ ਨਿੱਤਰੇ। ਚੌਕੀ ਦੇ ਲਾਂਗਰੀ ਜਿਹੜਾ ਡੀæਐਸ਼ਪੀæ ਨੂੰ ਪਾਣੀ-ਧਾਣੀ ਫੜਾਉਣ ਦੀ ਡਿਊਟੀ ਨਿਭਾ ਰਿਹਾ ਸੀ, ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਚੌਧਰੀ ਕਹਿ ਰਹੇ ਸਨ, “ਜੀ! ਥਾਣੇਦਾਰ ਸਾਹਿਬ ਵਰਗਾ ਨੇਕ ਥਾਣੇਦਾਰ ਤਾਂ ਅੱਜ ਤੱਕ ਇਸ ਚੌਕੀ ਵਿਚ ਕਦੀ ਆਇਆ ਈ ਨਹੀਂ। ਬੜੇ ਭਲੇਮਾਣਸ ਨੇ, ਸਭ ਦੀ ਸੁਣ ਕੇ ਨਿਆਂ ਕਰਨ ਵਾਲੇ। ਕਿਸੇ ਨਾਲ ਧੱਕਾ ਨਹੀਂ, ਕਿਸੇ ਨਾਲ ਵਧੀਕੀ ਨਹੀਂ।”
ਡੀæਐਸ਼ਪੀæ ਨੇ ਮੇਜ਼ ‘ਤੇ ਪਏ ਦਲੀਪ ਸਿੰਘ ਦੀ ਦਾੜ੍ਹੀ ਦੇ ਵਾਲਾਂ ਵੱਲ ਇਸ਼ਾਰਾ ਕਰ ਕੇ ਪੁੱਛਿਆ ਸੀ, “ਆਹ ਦਾੜ੍ਹੀ ਦੇ ਵਾਲ ਉਹ ਆਪੇ ਪੁੱਟ ਕੇ ਲੈ ਆਇਐ?”
ਚੌਧਰੀ ਛਿੱਥੇ ਪਏ ਆਖਣ ਲੱਗੇ ਕਿ ਇਹ ਗ਼ਲਤੀ ਪਤਾ ਨਹੀਂ ਉਨ੍ਹਾਂ ਤੋਂ ਕਿਵੇਂ ਹੋ ਗਈ!
ਡੀæਐਸ਼ਪੀæ ਖਿਝ ਗਿਆ। ਕਹਿੰਦਾ, “ਤੁਸੀਂ ਸਾਰੇ ਚਿੱਟੇ ਪੱਗੜ ਬੰਨ੍ਹ ਕੇ ਹਵੇਲੀਆਂ ਤੇ ਵਾੜਿਆਂ ‘ਚੋਂ ਉਠ ਕੇ ਆ ਗਏ ਜੇ। ਤੁਸੀਂ ਵੀ ਇੱਦਾਂ ਦਾ ਨਿਆਂ ਈ ਕਰਦੇ ਹੋਵੋਗੇ?”
ਤਫਤੀਸ਼ ਨਿਪਟਾਉਣ ਤੋਂ ਬਾਅਦ ਡੀæਐਸ਼ਪੀæ ਜਾਣ ਲੱਗਾ ਤਾਂ ਮੈਂ ਅੱਗੇ ਹੋ ਕੇ ਪੁੱਛਿਆ ਕਿ ਉਹਨੇ ਕੀ ਫ਼ੈਸਲਾ ਕੀਤਾ ਹੈ। ਉਹ ਖਿਝ ਕੇ ਅਫਸਰੀ ਠਾਠ ਨਾਲ ਬੋਲਿਆ, “ਕਿਉਂ, ਤੂੰ ਮੇਰਾ ਅਫਸਰ ਲੱਗਾ ਏਂ, ਜੋ ਤੈਨੂੰ ਜਵਾਬ ਦਿਆਂ?”
ਅਸਲ ਵਿਚ ਡੀæਐਸ਼ਪੀæ ਨੌਜਵਾਨ ਸਭਾ ਦੇ ਅੱਗੇ ਲੱਗਣ ‘ਤੇ ਖ਼ਫ਼ਾ ਲੱਗਦਾ ਸੀ ਤੇ ਉਸ ਦੇ ਵਿਹਾਰ ਵਿਚੋਂ ਲੋਕ ਜਥੇਬੰਦੀਆਂ ਪ੍ਰਤੀ ਸਥਾਪਤੀ ਦੇ ਨਜ਼ਰੀਏ ਦੀ ਝਲਕ ਪੈਂਦੀ ਸੀ। ਫਿਰ ਵੀ ਜੀਪ ਵਿਚ ਬੈਠਣ ਲੱਗਿਆਂ ਉਹਦੇ ਮੂੰਹੋਂ ਨਿਕਲ ਗਿਆ, “ਨਿਆਂ ਹੋਊਗਾ।”
ਇੰਨੀ ਆਖ ਉਹ ਜੀਪ ਭਜਾ ਕੇ ਲੈ ਗਿਆ। ਅਗਲੇ ਦਿਨ ਐਸ਼ਐਸ਼ਪੀæ ਨੂੰ ਮੁੜ ਤੋਂ ਮਿਲਣ ਦੀ ਸਲਾਹ ਬਣਾ ਹੀ ਰਹੇ ਸਾਂ ਕਿ ਪਤਾ ਲੱਗਾ; ਤਫਤੀਸ਼ ਦੇ ਆਧਾਰ ‘ਤੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਹੈ।
ਅਸੀਂ ਪਿੰਡ ਵਿਚ ਜੇਤੂ ਜਲੂਸ ਕੱਢਿਆ।
‘ਪੁਲਿਸ-ਤਸ਼ੱਦਦ-ਮੁਰਦਾਬਾਦ!’æææ’ਧੱਕੇਸ਼ਾਹੀ ਨਹੀਂ ਚੱਲੇਗੀ!’æææ’ਪੁਲਸੀ ਟਾਊਟ ਮੁਰਦਾਬਾਦ!’ ਦੇ ਨਾਅਰੇ ਲਾਉਂਦੇ ਅਸੀਂ ਪਿੰਡ ਦੁਆਲੇ ਗੇੜਾ ਲਾਇਆ।
ਤਖ਼ਤਪੋਸ਼ਾਂ ‘ਤੇ ਬੈਠੇ ਚੌਧਰੀ ਸਾਡੇ ਵੱਲ ਵੇਖ ਕੇ ਖਸਿਆਨੀ ਹਾਸੀ ਹੱਸਣ।
ਅਗਲੇ ਦਿਨ ਆਪਣੇ ਆਪ ਨੂੰ ਘੈਂਟ ਸਮਝਣ ਵਾਲਾ ਉਹੋ ਥਾਣੇਦਾਰ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਮੇਰੀਆਂ ਬਰੂਹਾਂ ‘ਤੇ ਮੁਆਫ਼ੀ ਮੰਗਣ ਆ ਗਿਆ। ਇਨ੍ਹਾਂ ਬੰਦਿਆਂ ਵਿਚ ਮੇਰੀ ਪਛਾਣ ਦੇ ਆਂਢੀ-ਗਵਾਂਢੀ ਸ਼ਰੀਫ਼ ਬਜ਼ੁਰਗ ਵੀ ਸਨ। ਤਾਇਆ ਲਾਭ ਚੰਦ ਕਹਿਣ ਲੱਗਾ, “ਪੁੱਤ ਵਰਿਆਮ ਸਿਅ੍ਹਾਂ! ਗਲਤੀ ਤਾਂ ਸਾਹਬ ਬਹਾਦਰ ਨੇ ਬੜੀ ਵੱਡੀ ਕੀਤੀ ਸੀ, ਪਰ ਹੁਣ ਭੁੱਲ ਬਖਸ਼ਾਉਣਾ ਚਾਹੁੰਦੇ ਨੇ। ਪੁੱਤਰਾ! ਭੁੱਲ ਬਖ਼ਸ਼ ਦੇਣੀ ਵੀ ਮੁਦੱਬਰ ਬੰਦਿਆਂ ਦਾ ਕੰਮ ਐਂ। ਕਰੋ ਜੀ ਸਾਹਬ ਬਹਾਦਰ ਤੁਸੀਂ ਆਪ ਗੱਲ ਕਰੋ।”
ਥਾਣੇਦਾਰ ਮੇਰੇ ਵੱਲ ਹੱਥ ਜੋੜ ਕੇ ਕਹਿੰਦਾ, “ਕਾਮਰੇਡ ਜੀ! ਬਥੇਰੀ ਹੋ ਗਈ ਮੇਰੇ ਨਾਲ। ਗਲਤੀ ਮਾਫ਼ ਕਰ ਦਿਓ ਤੇ ਗੱਲ ਅੱਗੇ ਨਾ ਵਧਾਓ। ਲਾਈਨ ਹਾਜ਼ਰ ਤਾਂ ਹੋ ਗਿਆਂ, ਮੇਰਾ ਅੱਗੇ ਨੁਕਸਾਨ ਹੋਣ ਤੋਂ ਬਚਾਓ। ਮੇਰੀ ਤਾਂ ਕੁਝ ਦਿਨਾਂ ਤੱਕ ਪ੍ਰਮੋਸ਼ਨ ਵੀ ਡਿਊ ਹੈ।”
ਮੈਂ ਕਿਹਾ, ਉਹ ਮੇਰੇ ਕੋਲੋਂ ਨਹੀਂ, ਸਾਹਮਣੇ ਬੈਠੇ ਦਲੀਪ ਸਿੰਘ ਕੋਲੋਂ ਮੁਆਫ਼ੀ ਮੰਗ ਲਵੇ ਤਾਂ ਅਸੀਂ ਉਸ ਖ਼ਿਲਾਫ਼ ਅਗਲਾ ਸੰਘਰਸ਼ ਰੋਕ ਲਵਾਂਗੇ! ਉਹ ਉਠ ਕੇ ਦਲੀਪ ਸਿੰਘ ਦੇ ਗੋਡਿਆਂ ਨੂੰ ਹੱਥ ਲਾਉਣ ਲਈ ਅੱਗੇ ਵਧਿਆ ਤਾਂ ਉਸ ਨੇ ਅੱਗਿਉਂ ਥਾਣੇਦਾਰ ਨੂੰ ਗੁੱਸੇ ਵਿਚ ਝਿੜਕ ਕੇ ਬਿਠਾਉਂਦਿਆਂ ਕਿਹਾ, “ਹੁਣ ਮੇਰੀ ਵਾਰੀ ਏ। ਪਰੇ ਹੋ ਜਾ, ਮੇਰੇ ਗੋਡਿਆਂ ਨੂੰ ਆਪਣੇ ਗੰਦੇ ਹੱਥ ਨਾ ਲਾਵੀਂ। ਮੇਰੇ ਪੁੱਤ ਨੇ ਮੈਨੂੰ ਹੁਣ ਤੇਰੇ ਅੱਗੇ ਬੋਲਣ ਜੋਗਾ ਕਰ ਦਿੱਤਾ ਹੈ। ਮੈਂ ਤੈਨੂੰ ਮਾਫ਼ ਨਹੀਂ ਕਰਨ ਲੱਗਾ।”
ਉਸ ਅੰਦਰੋਂ ਸਾਡੇ ਏਕੇ ਦੀ ਤਾਕਤ ਲਲਕਾਰ ਰਹੀ ਸੀ।
ਥਾਣੇਦਾਰ ਨੂੰ ਮਾਫ਼ੀ ਨਾ ਮਿਲੀ, ਤੇ ਉਹਨੂੰ ਬਣਦੀ ਸਜ਼ਾ ਭੁਗਤਣੀ ਪਈ।
***
ਕੰਪਿਊਟਰ ‘ਤੇ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਪਤਨੀ ਕੋਲ ਆ ਕੇ ਪੁੱਛਣ ਲੱਗੀ, “ਕੀ ਲਿਖ ਰਹੇ ਓ?” ਮੈਂ ਦੱਸਿਆ ਤਾਂ ਕਹਿੰਦੀ, “ਤੁਹਾਨੂੰ ਉਹ ਗੱਲ ਚੇਤੇ ਐ, ਜਦੋਂ ਘਾਟੀ ਉਤਲੇ ਕੁੜੀਆਂ ਦੇ ਮਿਡਲ ਸਕੂਲ ਦੀਆਂ ਭੈਣ ਜੀਆਂ ਆਪਣੇ ਘਰ ਸ਼ਿਕਾਇਤ ਲੈ ਕੇ ਆਈਆਂ ਸਨ ਕਿ ਛੁੱਟੀ ਵਾਲੇ ਦਿਨ ਕੁਝ ਬੰਦੇ ਕੰਧਾਂ ਟੱਪ ਕੇ ਸਕੂਲ ਵਿਚ ਆ ਜਾਂਦੇ ਨੇ, ਤੇ ਉਥੇ ਬਰਾਂਡੇ ਵਿਚ ਬੈਠ ਕੇ ਸ਼ਰਾਬਾਂ ਪੀਂਦੇ ਤੇ ਜੂਆ ਖੇਡਦੇ ਨੇ। ਤੁਸੀਂ ਉਨ੍ਹਾਂ ਬੰਦਿਆਂ ਦਾ ਪਤਾ ਕਰ ਕੇ ਉਨ੍ਹਾਂ ਨੂੰ ਵੀ ਹਟਾਇਆ ਸੀ।”
ਇਹ ਗੱਲ ਮੇਰੇ ਚੇਤੇ ਵਿਚ ਨਹੀਂ ਸੀ। ਪਤਨੀ ਦੇ ਕਹਿਣ ‘ਤੇ ਹੀ ਚੇਤੇ ਆਈ। ਇੰਜ ਹੀ ਕਈ ਹੋਰ ਗੱਲਾਂ ਹਨ; ਚੇਤੇ ਵਿਚਲੀਆਂ ਵੀ ਤੇ ਚੇਤੇ ‘ਚੋਂ ਵਿਸਰ ਗਈਆਂ ਵੀ; ਪਰ ਮੇਰਾ ਉਨ੍ਹਾਂ ਸਾਰੀਆਂ ਗੱਲਾਂ ਨੂੰ ਹੀ ਬਿਆਨ ਕਰਨ ਦਾ ਮਕਸਦ ਨਹੀਂ। ਮੈਂ ਤਾਂ ਇਨ੍ਹਾਂ ਕੁਝ ਗੱਲਾਂ ਦੇ ਪਿਛੋਕੜ ਨੂੰ ਬਿਆਨ ਕਰ ਕੇ ਅਸਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ।