ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਗੁਰਨਾਮ ਕੌਰ, ਕੈਨੇਡਾ
ਰਾਮਕਲੀ ਰਾਗੁ ਵਿਚ ਰਚੀ ਬਾਣੀ Ḕਸਿਧ ਗੋਸਟਿḔ ਵਿਚ ਗੁਰੂ ਨਾਨਕ ਸਾਹਿਬ ਦਾ ਸਿੱਧਾਂ ਨਾਲ ਜੀਵਨ ਦੇ ਵੱਖ ਵੱਖ ਮਸਲਿਆਂ ‘ਤੇ ਹੋਏ ਵਾਰਤਾਲਾਪ ਦਾ ਜ਼ਿਕਰ ਪ੍ਰਾਪਤ ਹੈ। ਹਥਲੇ ਲੇਖ ਦਾ ਮਕਸਦ ਸਿਧ ਗੋਸਟਿḔ ਬਾਣੀ ਦਾ ਵਿਸਲੇਸ਼ਣ ਕਰਨਾ ਨਹੀਂ ਹੈ ਬਲਕਿ Ḕਸਬਦੁ ਗੁਰੂḔ ਜੋ ਸਿੱਖ ਧਰਮ ਚਿੰਤਨ ਵਿਚ ਪ੍ਰਾਪਤ ḔਗੁਰੂḔ ਦਾ ਸੰਕਲਪ ਹੈ, ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ।

ਸਬੰਧਤ ਪੰਕਤੀਆਂ ਵਿਚ ਗੁਰੂ ਨਾਨਕ ਦੇਵ ਉਸ ਪ੍ਰਸ਼ਨ ਦਾ ਜ਼ਿਕਰ ਕਰਦੇ ਹਨ ਜੋ ਜੋਗੀਆਂ ਨੇ ਗੁਰੂ ਸਾਹਿਬ ਨੂੰ ਜੀਵਨ ਦੇ ਅਰੰਭ ਅਰਥਾਤ ਜੀਵਨ ਦਾ ਮੁੱਢ ਕਿਥੋਂ ਜਾਂ ਕਿਵੇਂ ਹੈ ਅਤੇ ਮਨੁੱਖ ਨੂੰ ਜੀਵਨ ਮਿਲਦਾ ਕਿਸ ਲਈ ਹੈ? ਦੇ ਸਬੰਧ ਵਿਚ ਕੀਤੇ ਹਨ। ਜੋਗੀ ਪ੍ਰਸ਼ਨ ਕਰਦੇ ਹਨ, ਹੇ ਨਾਨਕ! ਸਾਨੂੰ ਦੱਸ, ਜੀਵਨ ਦਾ ਅਰੰਭ ਕੀ ਹੈ, ਕਿਹੜੀ ਸਿੱਖਿਆ ਲੈਣ ਦਾ ਮਨੁੱਖ ਦਾ ਇਹ ਜੀਵਨ ਵੇਲਾ ਹੈ ਅਰਥਾਤ ਮਨੁੱਖ ਦੇ ਜੀਵਨ ਦਾ ਮਕਸਦ ਕੀ ਹੈ? ਤੂੰ ਕਿਸ ਗੁਰੂ ਦਾ ਚੇਲਾ ਭਾਵ ਸਿੱਖ ਹੈਂ ਅਤੇ ਕਿਹੜੀ ਗੱਲ ਕਰਕੇ ਜਾਂ ਕਿਵੇਂ ਤੂੰ ਮਾਇਆਵੀ ਬੰਧਨਾਂ ਤੋਂ ਨਿਰਲੇਪ ਹੈਂ? ਉਹ ਅੱਗੇ ਪ੍ਰਸ਼ਨ ਕਰਦੇ ਹਨ ਕਿ ਸਾਨੂੰ ਇਹ ਗੱਲ ਵੀ ਸਮਝਾ ਕਿ ਗੁਰੂ, ਸ਼ਬਦ ਰਾਹੀਂ ਮਨੁੱਖ ਨੂੰ ਸੰਸਾਰ-ਸਾਗਰ ਤੋਂ ਕਿਸ ਤਰ੍ਹਾਂ ਪਾਰ ਲੈ ਜਾਂਦਾ ਹੈ?
ਅਗਲੀਆਂ ਪੰਕਤੀਆਂ ਵਿਚ ਗੁਰੂ ਨਾਨਕ ਜੋਗੀਆਂ ਨੂੰ ਉਤਰ ਦਿੰਦੇ ਹਨ ਕਿ ਪੌਣ ਮਨੁੱਖੀ ਜੀਵਨ ਦਾ ਅਰੰਭ ਹੈ ਅਰਥਾਤ ਪ੍ਰਾਣ ਹੀ ਹਸਤੀ ਜਾਂ ਹੋਂਦ ਦਾ ਅਰੰਭ ਹਨ। ਇਹ ਮਨੁੱਖਾ ਜਨਮ ਦਾ ਸਮਾਂ ਸਿੱਖਿਆ ਲੈਣ ਦਾ ਹੈ ਭਾਵ ਮਨੁੱਖ ਨੂੰ ਇਹ ਜਨਮ ਸਤਿਗੁਰੂ ਦੀ ਸਿੱਖਿਆ ਲੈਣ ਦੇ ਅਵਸਰ ਵਜੋਂ ਮਿਲਿਆ ਹੈ (ਇਸੇ ਨੂੰ ਗੁਰੂ ਅਰਜਨ ਦੇਵ ਨੇ Ḕਗੋਬਿੰਦ ਮਿਲਣੁ ਕੀ ਇਹ ਤੇਰੀ ਬਰੀਆḔ ਕਿਹਾ ਹੈ)। ਗੁਰੂ ਨਾਨਕ ਜੋਗੀਆਂ ਨੂੰ ਅੱਗੇ ਸਮਝਾਉਂਦੇ ਹਨ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ ਅਤੇ ਉਨ੍ਹਾਂ ਦੀ ਸੁਰਤਿ ਦਾ ਸ਼ਬਦ ਵਿਚ ਟਿਕਾਉ ਉਸ ਗੁਰੂ ਦਾ ਚੇਲਾ ਹੈ ਅਰਥਾਤ ਸੁਰਤਿ ਦਾ ਸ਼ਬਦ ਰੂਪ ਗੁਰੂ ਵਿਚ ਟਿਕ ਜਾਣਾ ਸਿੱਖ ਹੈ। ਉਸ ਅਕੱਥ (ਜਿਸ ਨੂੰ ਕਥਿਆ ਨਹੀਂ ਜਾ ਸਕਦਾ) ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕਰਕੇ ਉਹ ਮਾਇਆ ਤੋਂ ਨਿਰਲੇਪ ਹੋਏ ਹਨ। ਉਹ ਗੁਰ-ਗੋਪਾਲ ਹਰ ਜੁਗ ਵਿਚ ਵਿਆਪਕ ਹੈ, ਮੌਜੂਦ ਹੈ। ਗੁਰੂ ਨਾਨਕ ਅੱਗੇ ਫਰਮਾਉਂਦੇ ਹਨ, ਕੇਵਲ ਗੁਰੂ ਦਾ ਸ਼ਬਦ ਹੀ ਹੈ ਜਿਸ ਰਾਹੀਂ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਅਤੇ ਇਸ ਸ਼ਬਦ ਰਾਹੀਂ ਹੀ ਗੁਰਮੁਖ ਭਾਵ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਮਨੁੱਖ ਆਪਣੇ ਅੰਦਰੋਂ ਹਉਮੈ ਰੂਪ ਅਗਨੀ ਨੁੰ ਦੂਰ ਕਰਦਾ ਹੈ, ਬਾਹਰ ਕੱਢ ਦਿੰਦਾ ਹੈ,
ਕਵਣ ਮੂਲੁ ਕਵਣਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥

ਗੁਰਮੁਖਿ ਹਉਮੈ ਅਗਨਿ ਨਿਵਾਰੀ॥੪੪॥ (ਪੰਨਾ ੯੪੩)
ਗੁਰੂ ਨਾਨਕ ਸਾਹਿਬ ਦੂਸਰੇ ਧਰਮਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਕਿਸੇ ਧਾਰਮਿਕ ਇਕੱਠ ਸਮੇਂ ਜਾਂਦੇ ਸਨ ਕਿਉਂਕਿ ਅਜਿਹੇ ਇਕੱਠ ਸਮੇਂ ਵੱਧ ਤੋਂ ਵੱਧ ਲੋਕਾਂ ਨਾਲ ਗੋਸ਼ਟਿ ਹੋ ਸਕਦੀ ਹੈ। ਅਚਲ-ਵਟਾਲਾ ਸਿੱਧਾਂ ਦਾ ਖਾਸ ਸਥਾਨ ਰਿਹਾ ਹੈ ਜਿੱਥੇ ਸ਼ਿਵਰਾਤ੍ਰੀ ਦੇ ਮੇਲੇ ‘ਤੇ ਸਿੱਧਾਂ ਦਾ ਭਰਵਾਂ ਇਕੱਠ ਹੁੰਦਾ ਰਿਹਾ ਹੈ। ਸਿੱਧਾਂ ਦਾ ਗੁਰੂ ਨਾਨਕ ਸਾਹਿਬ ਦੇ ਸਮੇਂ ਲੋਕਾਂ ‘ਤੇ ਬਹੁਤ ਅਸਰ ਸੀ ਅਤੇ ਸਿੱਧਾਂ ਦਾ ਮਾਰਗ ਸੰਸਾਰ ਦੇ ਤਿਆਗ ਦਾ ਮਾਰਗ ਹੈ। ਗੁਰੂ ਨਾਨਕ ਸਾਹਿਬ ਨੇ ਜੋ ਮਾਰਗ ਸੰਸਾਰ ਨੂੰ ਦਿੱਤਾ, ਉਹ ਗ੍ਰਹਿਸਥ ਵਿਚ ਰਹਿ ਕੇ ਰੱਬ ਦੇ ਸਿਮਰਨ ਦਾ ਮਾਰਗ ਹੈ। ਇਸ ਲਈ ਗੁਰੂ ਨਾਨਕ ਸਾਹਿਬ ਸਿੱਧਾਂ ਨਾਲ ਗੋਸ਼ਟਿ ਕਰਨ ਲਈ ਸ਼ਿਵਰਾਤ੍ਰੀ ਦੇ ਮੇਲੇ ਨੂੰ ਚੁਣਦੇ ਹਨ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਇਕੱਠੇ ਹੋਏ ਜੋਗੀਆਂ ਨਾਲ ਵਾਰਤਾਲਾਪ ਹੋ ਸਕੇ।
ਭਾਈ ਗੁਰਦਾਸ ਵੀ ਆਪਣੀ ਪਹਿਲੀ ਵਾਰ ਵਿਚ ਸਿੱਧ-ਜੋਗੀਆਂ ਨਾਲ ਗੁਰੂ ਨਾਨਕ ਸਾਹਿਬ ਦੇ ਵਾਰਤਾਲਾਪ ਦਾ ਜ਼ਿਕਰ ਕਰਦੇ ਹਨ ਕਿ ਕਰਤਾਰਪੁਰ ਨੂੰ ਟਿਕਾਣਾ ਬਣਾਉਣ ਉਪਰੰਤ ਗੁਰੂ ਨਾਨਕ ਸ਼ਿਵਰਾਤ੍ਰੀ ਦੇ ਮੇਲੇ ਸਮੇਂ ਅਚਲ ਵਟਾਲੇ ਜਾਂਦੇ ਹਨ ਜਿੱਥੇ ਉਨ੍ਹਾਂ ਦੀ ਸਿੱਧਾਂ ਨਾਲ ਗੋਸ਼ਟਿ ਹੁੰਦੀ ਹੈ। ਭਾਈ ਗੁਰਦਾਸ ਗੋਸ਼ਟਿ ਦਾ ਸਾਰ-ਤੱਤ ਦੱਸਦੇ ਹਨ ਕਿ ਸਿੱਧ-ਮੰਡਲੀ ਨੂੰ ਜਦੋਂ ਗੁਰੂ ਨਾਨਕ ਸ਼ਬਦ ਰਾਹੀਂ ਜਿੱਤ ਲੈਂਦੇ ਹਨ ਤਾਂ ਖਿੱਝ-ਹਾਰ ਕੇ ਸਿੱਧ ਗੁਰੂ ਸਾਹਿਬ ਨੂੰ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਦੁਨੀਆਂ ਨੂੰ ਕਰਾਮਾਤਾਂ ਦਿਖਾਈਆਂ ਹਨ। ਸਾਨੂੰ ਵੀ ਕੋਈ ਕਰਾਮਾਤ ਦਿਖਾਉ, ਕਿਉਂ ਦੇਰ ਕੀਤੀ ਹੈ? ਤਾਂ ਗੁਰੂ ਨਾਨਕ ਸਾਹਿਬ ਦਾ ਉਤਰ ਹੈ ਕਿ ਉਨ੍ਹਾਂ ਕੋਲ ਕਰਾਮਾਤ ਵਰਗੀ ਕੋਈ ਚੀਜ਼ ਨਹੀਂ ਹੈ ਦਿਖਾਉਣ ਲਈ (ਗੁਰਮਤਿ ਵਿਚ ਕਰਾਮਾਤਾਂ ਆਦਿ ਦਿਖਾਉਣਾ ਅਕਾਲ ਪੁਰਖ ਦੀ ਕੁਦਰਤਿ ਵਿਚ ਦਖਲ-ਅੰਦਾਜ਼ੀ ਮੰਨਿਆ ਗਿਆ ਹੈ)। ਗੁਰੂ ਨਾਨਕ ਸਿੱਧਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਉਸ ਅਕਾਲ ਪੁਰਖ, ਸੰਗਤ ਅਤੇ ਬਾਣੀ ਦਾ ਓਟ-ਆਸਰਾ ਲਿਆ ਹੈ (੧/੪੨)। ਅਗਲੀ ਪਉੜੀ ਵਿਚ ਇਸੇ ਵਾਰਤਾਲਾਪ ਨੂੰ ਜਾਰੀ ਰੱਖਦਿਆਂ ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਇਹ ਖਿਆਲ ਦ੍ਰਿੜ ਕਰਵਾਉਂਦੇ ਹਨ ਕਿ ਜੋ ਉਹ ਕਹਿ ਰਹੇ ਹਨ, ਉਸ ਨੂੰ ਧਿਆਨ ਨਾਲ ਸੁਣਨ ਕਿ ਉਨ੍ਹਾਂ ਵਾਸਤੇ ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾਂ ਹੋਰ ਕਿਸੇ ਕਿਸਮ ਦੀ ਕਰਾਮਾਤ ਕੋਈ ਅਰਥ ਨਹੀਂ ਰੱਖਦੀ (੧/੪੩)।
Ḕਸ਼ਬਦḔ ਨੂੰ ਪ੍ਰਮਾਣਿਕ ਗਿਆਨ ਦੇਣ ਦਾ ਇੱਕ ਸਮਰੱਥ ਅਤੇ ਸ਼ਕਤੀਸ਼ਾਲੀ ਸਾਧਨ ਪ੍ਰਵਾਨ ਕੀਤਾ ਜਾ ਚੁੱਕਾ ਹੈ। ਗੁਰੂ ਸਾਹਿਬਾਨ ਨੇ ਸ਼ਬਦ ਦੇ ਕਈ ਵੱਖ ਵੱਖ ਰੂਪਾਂ ਦੀ ਵੱਖਰੇ ਸੰਦਰਭਾਂ ਵਿਚ ਵਰਤੋਂ ਕੀਤੀ ਹੈ। ਸਿੱਖ ਧਰਮ ਦਰਸ਼ਨ ਵਿਚ ਸ਼ਬਦ ਦਾ ਇੱਕ ਰੂਪ ਬਾਣੀ ਹੈ ਅਤੇ ਸਿੱਖ ਚਿੰਤਨ ਵਿਚ ਸ਼ਬਦ ਅਤੇ ਬਾਣੀ ਸਮਾਨਰਥਕ ਹਨ। ਗੁਰੂ ਸਾਹਿਬਾਨ ਨੂੰ ਸਤਿ ਦਾ ਜੋ ਗਿਆਨ ਹੋਇਆ, ਉਸ ਨੂੰ ਉਨ੍ਹਾਂ ਨੇ ਸ਼ਬਦ ਰਾਹੀਂ, ਬਾਣੀ ਰਾਹੀਂ ਪ੍ਰਗਟ ਕੀਤਾ। ਸ਼ਬਦ ਨੂੰ ਪ੍ਰਮਾਣ ਦੇ ਤੌਰ ‘ਤੇ ਗਿਆਨ ਦੇ ਸੋਮੇ ਵਜੋਂ ਵੀ ਪ੍ਰਵਾਨ ਕੀਤਾ ਗਿਆ ਹੈ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ ਵੱਖ ਅਰਥਾਂ ਦਾ ਸੰਕੇਤਕ ਹੈ ਜਿਵੇਂ ਕਰਤਾਰ, ਗੁਰ ਉਪਦੇਸ਼, ਧਰਮ, ਦੈਵੀ ਹੁਕਮ ਜੋ ਸਤਿਗੁਰ ਰਾਹੀਂ ਪ੍ਰਗਟ ਹੋਇਆ ਹੈ ਅਤੇ ਗੁਰਮੰਤਰ ਆਦਿ। ਜਪੁਜੀ ਸਾਹਿਬ ਦੀ ਅਖੀਰਲੀ ਪਉੜੀ ਵਿਚ ਸ਼ਬਦ ਪਰਮਸਤਿ ਵੱਲ ਸੰਕੇਤਕ ਹੈ ਜਿਸ ਨੂੰ ਜਪੁਜੀ ਦਾ ਸਾਰ-ਤੱਤ ਵੀ ਕਿਹਾ ਜਾਂਦਾ ਹੈ। ਇਸ ਪਉੜੀ ਵਿਚ ਸੰਖੇਪ ਵਿਚ ਦੱਸਿਆ ਹੋਇਆ ਹੈ ਕਿ ਮਨੁੱਖ ਆਪਣੇ ਆਪ ਨੂੰ ਉਸ ਅਕਾਲ ਪੁਰਖ ਤੱਕ ਪਹੁੰਚਣ ਲਈ ਕਿਵੇਂ ਤਿਆਰ ਕਰਦਾ ਹੈ। ਬ੍ਰਹਮ ਜਾਂ ਪਰਮਸਤਿ ਨੂੰ ਮਨੁੱਖ ਦੇ ਅੰਤਰ-ਨਿਹਤ ਮੰਨਿਆ ਗਿਆ ਹੈ। ਇਸ ਤਿਆਰੀ ਵਾਸਤੇ ਬ੍ਰਹਮ ਜਾਂ ਪਰਮਸਤਿ ਜੋ ਕਿ ਅੰਤਰ-ਨਿਹਤ ਹੈ, ਉਸ ਦੀ ਸ਼ਬਦ-ਰੂਪ ਵਿਚ ਘਾੜਤ ਹੁੰਦੀ ਹੈ। ਜਤੁ ਪਹਾਰਾ ਹੈ, ਭੱਠੀ ਹੈ; ਧੀਰਜ ਸੁਨਿਆਰ ਹੈ ਜੋ ਘਾੜਤ ਕਰਦਾ ਹੈ, ਅਹਿਰਣ ਸੋਝੀ ਹੈ (ਸੋਝੀ ਨੂੰ ਗੁਰਮਤਿ ਵਿਚ ਵਿਚਾਰ ਦੀ ਬਹੁਤ ਉਚੀ ਅਵਸਥਾ ਮੰਨਿਆ ਹੈ), ਮਤਿ ਹੈ ਅਤੇ ਗਿਆਨ ਨੂੰ ਇਸ ਪ੍ਰਸੰਗ ਵਿਚ ਵੇਦ ਕਿਹਾ ਹੈ (ਵੇਦ ਦਾ ਅਰਥ ਗਿਆਨ ਵੀ ਕੀਤਾ ਜਾਂਦਾ ਹੈ)। ਇਹ ਸਾਰੇ ਸੰਦ ਹਨ, ਸਾਧਨ ਹਨ, ਹਥਿਆਰ ਹਨ। ਸੰਜਮ ਦੀ ਧੌਂਕਣੀ ਨਾਲ ਸਾਧਨਾ ਦੀ ਅਗਨੀ ਬਾਲੀ ਜਾਂਦੀ ਹੈ। ਇਸ ਤਰ੍ਹਾ ਪ੍ਰੇਮ ਅਤੇ ਭਗਤੀ ਦੇ ਭਾਂਡੇ ਵਿਚ ਅੰਮ੍ਰਿਤ ਢਲਦਾ ਹੈ। ਇਸ ਸੱਚੀ ਟਕਸਾਲ ਵਿਚ ਸ਼ਬਦ ਘੜਿਆ ਜਾਂਦਾ ਹੈ। ਇਸ ਤਰ੍ਹਾਂ ਅੰਤ੍ਰੀਵ ਵਿਚ ਪਰਮਸਤਿ ਦੀ ਚੇਤੰਨਤਾ ਦੀ ਘਾੜਤ ਹੁੰਦੀ ਹੈ। ਇਹ ਤਿਆਰੀ ਹੈ ਜੋ ਪ੍ਰਾਣੀ ਨੇ ਕਰਨੀ ਹੈ। ਅੰਤਿਮ ਸਿੱਟਾ ਜਾਂ ਅੰਤਿਮ ਪ੍ਰਾਪਤੀ ਨਦਰਿ ਅਰਥਾਤ ਕਿਰਪਾ ‘ਤੇ ਨਿਰਭਰ ਹੈ,
ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਿਰਣ ਮਤਿ ਵੇਦੁ ਹਥਿਆਰੁ॥æææ
ਜੇ ਉਸ ਪਰਵਰਦਗਾਰ ਦੀ ਮਿਹਰ ਹੋ ਜਾਵੇ ਤਾਂ ਮਨੁੱਖ ਨੂੰ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਘਾੜਤ, ਸਿੱਖ ਧਰਮ ਚਿੰਤਨ ਅਨੁਸਾਰ ਮੰਤਰ-ਵਿਧੀ ਦੀ ਸੀਮਾ ਵਿਚ ਨਹੀਂ ਹੈ ਅਤੇ ਨਾ ਹੀ ਇਸ ਨੂੰ ਲਾਜ਼ਮ ਸਿੱਟਿਆਂ ਦੀ ਸੋਸ਼ਣ-ਵਿਧੀ ਨਾਲ ਜੋੜਿਆ ਜਾ ਸਕਦਾ ਹੈ (ਸਿੱਖ ਧਰਮ ਦੇ ਸੰਦਰਭ ਵਿਚ ਇਸ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ ਜੋ ਇਸ ਲੇਖ ਦਾ ਮੁੱਖ ਮਕਸਦ ਹੈ)।
ਗੁਰੂ ਨਾਨਕ ਦੇਵ ਅਨੁਸਾਰ ਗੁਰੂ ਪਰਮਸਤਿ ਤੱਕ ਪਹੁੰਚਣ ਵਾਸਤੇ ਮਾਧਿਅਮ ਹੈ। ਗੁਰੂ ਇਥੇ ਸਰੀਰ ਜਾਂ ਦੇਹ ਨਹੀਂ ਬਲਕਿ ਸ਼ਬਦ ਹੈ। ਇਸ ਤਰ੍ਹਾਂ ਗੁਰੂ ਸ਼ਬਦ ਰੂਪ ਹੋ ਕੇ ਮਨੁੱਖ ਦੇ ਅੰਦਰ ਵਸ ਰਿਹਾ ਹੈ। ਜ਼ਰੂਰਤ ਉਸ ਅੰਦਰ ਵੱਸ ਰਹੇ ਨੂੰ ਪ੍ਰਗਟ ਕਰਨ ਦੀ ਹੈ। ਪ੍ਰਗਟ ਕਰਨ ਦੇ ਮਾਰਗ ਨੂੰ ਘਾੜਤ ਆਖਿਆ ਹੈ। ਮਨੁੱਖ ਆਪਣੇ ਅੰਦਰ ਵਸ ਰਹੇ ਸ਼ਬਦ ਦਾ ਅਨੁਭਵ ਕਰ ਸਕਦਾ ਹੈ ਜੇ ਉਹ ਆਪਣੇ ਭਰਮ ਦੂਰ ਕਰਕੇ ਗੁਰੂ ਨੂੰ ਅਨੁਭਵ ਵਿਚ ਉਤਾਰ ਲਵੇ,
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ॥ (ਪੰਨਾ ੨੧)
ਪ੍ਰਾਪਤ ਭਾਰਤੀ ਪਰੰਪਰਾ ਵਿਚ ਅੰਤਮ ਲਕਸ਼ ਨੂੰ ਮੁਕਤੀ ਕਿਹਾ ਜਾਂਦਾ ਹੈ ਜੋ ਮਨੁੱਖ ਨੂੰ ਮਰਨ ਪਿੱਛੋਂ ਮਿਲਦੀ ਹੈ। ਗੁਰਮਤਿ ਚਿੰਤਨ ਅਨੁਸਾਰ ਮਨੁੱਖ ਨੇ ਪਰਮਸਤਿ ਨਾਲ ਇੱਕਸੁਰਤਾ ਪ੍ਰਾਪਤ ਕਰਨੀ ਹੈ ਅਤੇ ਆਪਣੇ ḔਅੰਹḔ ਨੂੰ ਦੂਰ ਕਰਕੇ ਮਨੁੱਖ ਉਸ ਨੂੰ ਆਪਣੇ ਜੀਵਦਿਆਂ ਹੀ ਪ੍ਰਾਪਤ ਕਰ ਸਕਦਾ ਹੈ। ਉਹ ਅਨਹਦ ਨਾਦ ਨੂੰ ਆਪਣੇ ਅੰਦਰ ਸੁਣ ਸਕਦਾ ਹੈ ਜੇ ਉਹ ਗੁਰੂ ਰਾਹੀਂ ਇਸ ਉਤੇ ਵਿਚਾਰ ਕਰੇ। ਇਥੇ ਪਰਮਸਤਿ ḔਨਾਦḔ ਹੈ ਜਿਸ ਨੂੰ ਮਨ ਦੇ ਕੰਨਾਂ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਭਾਰਤੀ ਯੋਗ-ਸ਼ਾਸਤਰ ਅਨੁਸਾਰ Ḕਬ੍ਰਹਮḔ ਸ੍ਰਿਸ਼ਟੀ ਵਿਚ ਸ਼ਬਦ-ਰੂਪ ਵਿਚ ਸਮਾਇਆ ਹੋਇਆ ਹੈ। ਇਹ ਸ਼ਬਦ ਜਿਸ ਨੂੰ Ḕਅਨਹਤ ਸ਼ਬਦḔ ਕਿਹਾ ਹੈ, ਇਸ ਨੂੰ ਜੋਗ-ਸਾਧਨਾ ਰਾਹੀਂ, ਜਦੋਂ ḔਕੁੰਡਲਣੀḔ ਜਾਗਦੀ ਹੈ ਅਤੇ Ḕਸੁਸ਼ਮਨਾḔ ਦਾ ਰਸਤਾ ਖੁਲ੍ਹਦਾ ਹੈ, ਸੁਣਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਨੇ ਜਪੁਜੀ ਵਿਚ ਗਿਆਨ ਮਾਰਗ ਦੀ ਗੱਲ ਕੀਤੀ ਹੈ। ਇਸ ਗਿਆਨ ਮਾਰਗ ‘ਤੇ ਚੱਲ ਕੇ ਮਨੁੱਖ ਆਪਣੇ ਅੰਤਰ-ਮਨ ਨੂੰ ਜਾਗ੍ਰਿਤ ਕਰ ਸਕਦਾ ਹੈ ਅਤੇ ਉਸ ਦੇ ਅੰਤਰ-ਮਨ ਵਿਚ ਪਰਮ-ਸਤਿ ਦੀ ਚੇਤੰਨਤਾ ਪੈਦਾ ਹੁੰਦੀ ਹੈ। ਇਸ ਚੇਤੰਨਤਾ ਦਾ ਅਨੁਭਵ ਜਦੋਂ ਮਾਨਵੀ ਕਰਮਾਚਾਰ ਵਿਚੋਂ ਪ੍ਰਗਟ ਹੋਣ ਲੱਗ ਪਵੇ ਤਾਂ ਇਸ ਵਾਸਤੇ ਕਿਸੇ ਸਾਧਨਾ ਜਾਂ ਤਪੱਸਿਆ ਦੀ ਥਾਂ ਸ਼ਬਦ-ਗਿਆਨ ਦਾ ਵਿਚਾਰ ਅਤੇ ਧਿਆਨ ਮਨੁੱਖ ਦੇ ਕੰਮ ਆ ਜਾਂਦਾ ਹੈ। ਇਸ ਗਿਆਨ ਰਾਹੀਂ ਉਸ ਦੇ ਅੰਦਰ ਜੋ ਉਚਤਮ ਸੰਗੀਤ ਪੈਦਾ ਹੁੰਦਾ ਹੈ, ਉਹ ਉਸ ਨੂੰ ਸੁਣ ਸਕਦਾ ਹੈ। ਇਹ ਸੁਣਨਾ ਮਾਨਸਿਕਤਾ ਦੀ ਪ੍ਰਜਵਲਤਾ ਹੈ। ਇਸੇ ਪ੍ਰਸੰਗ ਵਿਚ ਹੀ ਸਿੱਖ ਚਿੰਤਨ ਅਨੁਸਾਰ ਸ਼ਬਦ ਦਾ ਵਿਲੱਖਣ ਪਰਿਪੇਖ ਸਾਹਮਣੇ ਆਇਆ ਹੈ ਅਤੇ, ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, ਗੁਰਮਤਿ ਅਨੁਸਾਰ ਸ਼ਬਦ ਹੀ ਬਾਣੀ ਹੈ ਅਤੇ ਬਾਣੀ ਸ਼ਬਦ ਹੈ। ਸ਼ਬਦ, ਬਾਣੀ ਦੇ ਸੁਣਨ, ਮਨਣ ਅਤੇ ਧਿਆਨ ਦਾ ਰਸਤਾ ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਹੈ। ਇਸ ਰਸਤੇ ‘ਤੇ ਚੱਲ ਕੇ ਮਨੁੱਖ ਦਾ ਗਿਆਨ ਬਹੁਤ ਵਿਸ਼ਾਲ ਅਤੇ ਉਚਾ ਹੋ ਜਾਂਦਾ ਹੈ। ਜਪੁਜੀ ਵਿਚ ਗੁਰੂ ਨਾਨਕ ਸਾਹਿਬ ਨੇ ਮੁੱਢ ਵਿਚ ਹੀ ਮਨੁੱਖ ਦੇ ਜੀਵਨ ਦਾ ਅੰਤਮ ਲਕਸ਼ ḔਸਚਿਆਰḔ ਹੋਣਾ ਦਸ ਦਿੱਤਾ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਸ਼ਬਦ ਗਿਆਨ ਹੈ ਜੋ ਮਨੁੱਖ ਨੂੰ ḔਸਚਿਆਰḔ ਹੋਣ ਦਾ, ḔਸਚਿਆਰḔ ਦਾ ਜੀਵਨ ਜਿਊਣ ਦਾ ਮਾਰਗ ਦੱਸਦਾ ਹੈ। ਸ਼ਬਦ ਦੇ ਸੁਣਨ, ਮਨਣ ਅਤੇ ਧਿਆਨ ਰਾਹੀਂ ਮਨੁੱਖ ਹਰ ਤਰ੍ਹਾਂ ਦੇ ਬੰਧਨ ਤੋਂ, ਜੋ ਮਨੁੱਖ ਦੇ ਅਕਾਲ ਪੁਰਖ ਨਾਲੋਂ ਵਿਛੋੜੇ ਅਰਥਾਤ ਦੂਰੀ ਦਾ ਅਤੇ ਜਨਮ-ਮਰਨ ਦੇ ਚੱਕਰ ਦਾ ਕਾਰਨ ਹੈ, ਛੁਟਕਾਰਾ ਪਾ ਲੈਂਦਾ ਹੈ। ਗੁਰਮਤਿ ਚਿੰਤਨ ਅਨੁਸਾਰ ਅਗਿਆਨ ਬੰਧਨ ਹੈ ਜੋ ਮਨੁੱਖ ਦੀ ਮਨੁੱਖ ਨਾਲੋਂ ਦੂਰੀ ਅਤੇ ਮਨੁੱਖ ਦੀ ਅਕਾਲ ਪੁਰਖ ਨਾਲੋਂ ਦੂਰੀ ਦਾ ਕਾਰਨ ਬਣਦਾ ਹੈ। ਗੁਰਮਤਿ ਵਿਚ ਇਹ ਅਗਿਆਨ ਦੋ ਤਰ੍ਹਾਂ ਦਾ ਪ੍ਰਵਾਨ ਕੀਤਾ ਗਿਆ ਹੈ। ਜਦੋਂ ਅਗਿਆਨ ਵਿਅਕਤੀਗਤ ਪੱਧਰ ‘ਤੇ ਵਿਚਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਹਉਮੈ ਕਿਹਾ ਹੈ, ਜਿਸ ਨੂੰ ਜਪੁਜੀ ਵਿਚ Ḕਕੂੜੈ ਪਾਲਿḔ ਕਰਕੇ ਦੱਸਿਆ ਗਿਆ ਹੈ। ਇਹ ਅਗਿਆਨ ਹੈ ਜੋ ਮਨੁੱਖ ਦੇ ਪਰਮਸਤਿ ਨਾਲੋਂ, ਵਾਹਿਗੁਰੂ ਨਾਲੋਂ ਵਿਛੋੜੇ ਦਾ ਕਾਰਨ ਬਣਦਾ ਹੈ। ਗੁਰਬਾਣੀ ਵਿਚ ਇਸ ਦੀ Ḕਮਨ ਝੂਠਾḔ ਅਤੇ Ḕਤਨ ਝੂਠਾḔ ਕਰਕੇ ਵੀ ਵਿਆਖਿਆ ਕੀਤੀ ਹੈ। ਬ੍ਰਹਿਮੰਡਕ ਅਰਥਾਤ ਸੰਸਾਰਕ ਪੱਧਰ ‘ਤੇ ਇਸ ਅਗਿਆਨ ਨੂੰ ḔਮਾਇਆḔ ਵੀ ਕਿਹਾ ਗਿਆ ਹੈ ਜੋ ਮਨੁੱਖ ਦੇ ਜਨਮ ਅਤੇ ਮਰਨ ਦੇ ਚੱਕਰ ਵਿਚ ਫਸੇ ਰਹਿਣ ਦਾ ਕਾਰਨ ਬਣਦੀ ਹੈ। ਸ਼ਬਦ ਭਾਵ ਬਾਣੀ ਦੇ ਸੁਣਨ, ਮਨਣ ਅਤੇ ਧਿਆਨ ਰਾਹੀਂ ਮਨੁੱਖ ਦਾ ਮਨ ਅਤੇ ਤਨ ਦੋਵੇਂ ਸਾਫ ਹੁੰਦੇ ਹਨ। ਮਨੁੱਖ ਸ਼ਬਦ ਰਾਹੀਂ ਹਉਮੈ ਤੋਂ ਛੁਟਕਾਰਾ ਪਾ ਸਕਦਾ ਹੈ ਜੋ ਉਸ ਦੇ ਵਾਹਿਗੁਰੂ ਨਾਲੋਂ ਵਿਛੋੜੇ ਦਾ ਕਾਰਨ ਬਣਦੀ ਹੈ। ਉਹ ਪਰਮਸਤਿ ਜਾਂ ਵਾਹਿਗੁਰੂ, ਜੋ ਉਸ ਦੇ ਅੰਦਰ ਵਸ ਰਿਹਾ ਹੈ, ਉਸ ਦਾ ਆਪਣੇ ਅੰਤਰ-ਅਨੁਭਵ ਵਿਚ ਪਰਗਾਸ ਕਰ ਸਕਦਾ ਹੈ। ਸ਼ਬਦ ਰਾਹੀਂ ਮਨੁੱਖ ਨੂੰ ਸਚਿਆਰ ਬਣਨ ਦੀ ਜਾਚ ਆਉਂਦੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮਨੁੱਖਾ ਜੀਵਨ ਦਾ ਅੰਤਮ ਲਕਸ਼ ਮੰਨਿਆ ਹੈ। ਮਨੁੱਖ ਸ਼ਬਦ ਰਾਹੀਂ ਹਰ ਤਰ੍ਹਾਂ ਦੇ ਅਗਿਆਨ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਤਰ੍ਹਾਂ ਸ਼ਬਦ ਉਚਤਮ ਕਿਸਮ ਦਾ ਗਿਆਨ ਹੈ, ਜੋ ਉਸ ਦੇ ਤਨ ਅਤੇ ਮਨ ਦੋਹਾਂ ਨੂੰ ਨਿਰਮਲ ਕਰਦਾ ਹੈ,
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥
ਬਿਨੁ ਅਭ ਸਬਦ ਨ ਮਾਂਜੀਐ ਸਾਚੈ ਤੇ ਸਚੁ ਹੋਇ॥੧॥ (ਪੰਨਾ ੫੫-੫੬)
ਇਹ ਗਿਆਨ ਮਨੁੱਖ ਦੇ ਅੰਦਰ ਜਗ ਰਹੀ ਜੋਤੀ ਹੈ, ਜੋ ਸੈਭੰ ਹੈ, ਜਿਸ ਦੇ ਜਗਣ ਨਾਲ ਗਿਆਨ ਅਤੇ ਕਰਮ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਗੁਰੂ ਸਾਹਿਬਾਨ ਅਨੁਸਾਰ ਸ਼ਬਦ, ਜਗਿਆਸੂ ਦੀ, ਧਿਆਨ ਰਾਹੀਂ ਗਿਆਨ ਪ੍ਰਾਪਤ ਕਰਨ ਅਤੇ ਧਰਮ ਦੇ ਰਸਤੇ ‘ਤੇ ਚੱਲਣ ਵਿਚ ਸਹਾਇਤਾ ਕਰਦਾ ਹੈ। ਸ਼ਬਦ ਨੂੰ ਰਾਹ ਦੱਸਣ ਵਾਲੀ ਸ਼ਕਤੀ ਕਿਹਾ ਗਿਆ ਹੈ। ਸ਼ਬਦ ਜਦੋਂ ਮਨੁੱਖ ਲਈ ਰਸਤਾ ਦਿਖਾਉਣ ਵਾਲੀ ਸ਼ਕਤੀ ਬਣਦਾ ਹੈ ਤਾਂ ਇਹ ਗੁਰੂ ਬਣ ਜਾਂਦਾ ਹੈ,
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ ੬੩੫)
ਸ਼ਬਦ ਰਾਹੀਂ ਮਨੁੱਖ ਕਰਮ ਅਤੇ ਇੱਛਾ ਦੀ ਪੱਧਰ ‘ਤੇ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਦਾ ਕਰਮ ਅਤੇ ਇੱਛਾ ਗੁਰੂ ਦੀ ਇੱਛਾ ਦੇ ਅਨੁਸਾਰੀ ਹੋ ਜਾਂਦੇ ਹਨ,
ਜਿਨ੍ਹ ਇਕਮਨਿ ਧਿਆਇਆ ਤਿਨ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ॥
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵੈ ਹਾਰਿ ਜੀਉ॥ (ਪੰਨਾ ੪੩੮)
ਸ਼ਬਦ ਉਚਤਮ ਸਤਿ ਹੈ ਅਤੇ ḔਹੁਕਮḔ ਨੂੰ ਸਮਝਣ ਦਾ ਸਾਧਨ ਹੈ। ਸ਼ਬਦ ਰਾਹੀਂ ਮਨੁੱਖ ਨੂੰ ਸਮਝ ਲਗਦੀ ਹੈ ਕਿ ਮਨੁੱਖ ਦੁਨੀਆਂ ਵਿਚ ਕਿਉਂ ਅਤੇ ਕੀ ਕਰਨ ਆਉਂਦਾ ਹੈ ਅਤੇ ਕਿਉਂ ਵਾਪਸ ਜਾਂਦਾ ਹੈ,
ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥æææ
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ॥ (ਪੰਨਾ ੯੪੦)
ਇਸ ਤਰ੍ਹਾਂ ਸ਼ਬਦ ḔਹੁਕਮḔ ਨੂੰ, ਜਿਸ ਨੂੰ ਦੈਵੀ ਵਿਧਾਨ ਵੀ ਕਹਿੰਦੇ ਹਨ, ਸਮਝਣ ਦਾ ਸਾਧਨ ਹੈ। ਇਸ ਤਰ੍ਹਾਂ ਸ਼ਬਦ ਮਨੁੱਖ ਦੀ ਜਗਿਆਸਾ ਦਾ ਉਤਰ ਹੈ ਅਤੇ ਵਿਰੋਧਾਂ ਦੀ ਸਮਸਵਰਤਾ ਹੈ।
(ਚਲਦਾ)