ਜਦੋਂ ਬੱਕਰੇ ਬੋਹਲ ਦੀ ਰਾਖੀ ਕਰਨ ਲੱਗ ਪਏ ਹੋਣ, ਬਘਿਆੜ ਭੇਡਾਂ ਨਾਲ ਕਿੱਕਲੀ ਪਾਉਣ ਲੱਗ ਪੈਣ, ਕਰਜ਼ਾ ਹੋਰਾਂ ਨੇ ਚੁੱਕਿਆ ਹੋਵੇ, ਉਗਰਾਹੀ ਕਿਤੋਂ ਹੋਰ ਕਰਨ ਦੇ ਯਤਨ ਕੀਤੇ ਜਾ ਰਹੇ ਹੋਣæææ ਬੀਵੀ ਹੋਰ ਦੀ, ਪਤੀ ਕਿਸੇ ਹੋਰ ਦਾ ਹੋ ਗਿਆ ਹੋਵੇ, ਭੈਣ ਰੱਖੜੀ ਵਾਲੇ ਦਿਨ ਭੁੱਬਾਂ ਮਾਰੇ, ਮਾਂ ਪੁੱਤ ਨੂੰ ਜੇਲ੍ਹ ਡੱਕਣ ਲਈ ਥਾਣੇਦਾਰ ਦੇ ਹਾੜ੍ਹੇ ਕੱਢੇ, ਰੱਜੇ ਨੇਤਾ ਨੂੰ ਡਕਾਰ ਵੀ ਨਾ ਆਵੇ ਪਰ ਪਰਜਾ ਭੁੱਖ ਦੀਆਂ ਉਬਾਸੀਆਂ ਮਾਰੇ, ਅਧਿਆਪਕ ਉਤੇ ਵਿਦਿਆਰਥਣ ਨਾਲ ਪ੍ਰੇਮ ਸਬੰਧਾਂ ਦਾ ਦੋਸ਼ ਹੋਵੇ, ਭੈਣ ਵੀਰਾਂ ਤੋਂ ਡਰ ਕੇ ਸੁੰਗੜਦੀ ਜਾ ਰਹੀ ਹੋਵੇ ਤਾਂ ਕਲਯੁਗ ਨੂੰ ਹੋਰ ‘ਵਾਜਾਂ ਮਾਰਨ ਦੀ ਲੋੜ ਹੀ ਕੀ ਰਹਿ ਜਾਂਦੀ ਹੈ?
ਚਿੜੀ ਨੇ ਕਬੂਤਰ ਨੂੰ ਪੁੱਛਿਆ, “ਅੱਜ ਕੱਲ੍ਹ ਕਾਂ ਨਹੀਂ ਦਿਸਦੇ, ਕਿਧਰ ਗਏ?” ਕਬੂਤਰ ਹੱਸ ਪਿਆ, “ਭੋਲੀ ਤਾਂ ਤੂੰ ਹੈਗੀ ਈ ਆਂ, ਕਮਲੀ ਵੀ ਹੋ ਗਈ। ਮੂਰਖੇ! ਅੱਜ ਕੱਲ੍ਹ ਵੋਟਾਂ ਪੈ ਰਹੀਆਂ ਹਨ।” ਚਿੜੀ ‘ਹੂੰ’ ਦੀ ਹੂੰਗਰ ਭਰ ਕੇ ਉਡ ਗਈ, “ਚੰਗਾ ਹੋਇਆ ਆਪਾਂ ਦੋਹਾਂ ਦਾ ਚਰਖਾ ਟੁੱਟਿਆ, ਤੇ ਹੱਡ ਛੁੱਟੇ।” ਕਵਿਤਾ ਵਿਚ ਜੇ ਰਸ ਮੁੱਕ ਗਿਆ ਹੈ, ਕਈ ਭੂੰਡ ਕਵੀ ਬਣ ਗਏ ਹਨ ਤਾਂ ਇਹ ਇਸ ਕਰ ਕੇ ਹੋਇਆ ਹੈ ਕਿ ਇਹ ਰੋਗ ਤਾਂ ਲੱਗਦਾ ਹੈ ਕਿ ਪਹਿਲਾਂ ਪਿਆਰ ਕਰੋ ਤੇ ਫਿਰ ਉਹਦੇ ਵਿਚ ਅਸਫ਼ਲ ਹੋਵੋ, ਦਰਦ ਫਿਰ ਹੀ ਨਿਕਲੇਗਾ। ਹੁਣ ‘ਜੈ ਜਵਾਨ’ ਦਾ ਨਾਅਰਾ ਇਸ ਕਰ ਕੇ ਘੱਟ ਲੱਗ ਰਿਹਾ ਹੈ ਕਿ ਨਸ਼ਿਆਂ ਦਾ ਬਣਾਇਆ ਪਿੰਜਰ ਵੇਖ ਕੇ ‘ਜੈ’ ਕਰਨ ਨੂੰ ਕੀਹਦਾ ਚਿੱਤ ਕਰੇਗਾ? ਜੈ ਕਿਸਾਨ ਤਾਂ ਕਿਹਾ ਹੀ ਨਹੀਂ ਜਾ ਸਕਦਾ, ਕਿਉਂਕਿ ਫਾਂਸੀ ਤਾਂ ਚਲੋ ਤਿਹਾੜ ਜੇਲ੍ਹ ਵਿਚ ਲਗਦੀ ਹੋਊ, ਕਿਸਾਨ ਫਾਹੇ ਦਿੱਲੀ ਦੀ ਹਿੱਕ ‘ਤੇ ਚੜ੍ਹ ਕੇ ਦਰਖਤਾਂ ਦੇ ਸਹਾਰੇ ਲੈ ਰਿਹਾ ਹੈ। ਕਿਤੇ ਕਿਤੇ ਇੱਦਾਂ ਲੱਗ ਰਿਹਾ ਹੈ ਕਿ ਬੰਦਾ ਖ਼ਰਬੂਜ਼ੇ ਲੈਣ ਗਿਆ ਸੀ, ਕਰੇਲਿਆਂ ਦਾ ਝੋਲਾ ਭਰ ਲਿਆਇਆ। ਸ਼ਹਿਰ ਨੂੰ ਕੰਮ ਲੱਭਣ ਗਿਆ ਸੀ, ਮੁੜਦਾ ਹੋਇਆ ਵਹੁਟੀ ਲੈ ਆਇਆ। ਬਿਮਾਰ ਸੱਸ ਸੀ, ਮਰ ਸਹੁਰਾ ਗਿਆ। ਗੀਤ ਲਿਖਣ ਵਾਲੇ ਗਾਉਣ ਲੱਗ ਪਏ ਹਨ ਤੇ ਗਾਉਣ ਵਾਲੇ ਨੱਚਣ ਦਾ ਯਤਨ ਕਰ ਰਹੇ ਹਨ। ਇਸ ਭੇਤ ਨੂੰ ਜਾਣਨ ਦਾ ਕੋਈ ਹੁੰਗਾਰਾ ਹੀ ਨਹੀਂ ਭਰਦਾ ਕਿ ਰੌਲਾ ਤਾਂ ਪੈ ਰਿਹਾ ਸੀ ਕਿ ਬੱਚਾ ਸਤਵਾਹੇਂ ਯਾਨਿ ਸੱਤਵੇਂ ਮਹੀਨੇ ਜੰਮ ਪਿਆ ਪਰ ਸਿਹਤ ਪੱਖੋਂ ਉਹ ਨੌਵੇਂ ਮਹੀਨੇ ਜੰਮਣ ਵਾਲੇ ਬੱਚਿਆਂ ਤੋਂ ਵੀ ਤਕੜੈ। ਜਿਸ ਯੁੱਗ ਵਿਚ ਬਦਨਾਮ ਹੋਣ ਦੀਆਂ ਹਰਕਤਾਂ ਕਰਨ ਵਾਲੇ ਵੀ ਮਸ਼ਹੂਰ ਹੋਣ ਦੇ ਸੁਪਨੇ ਵੇਖ ਰਹੇ ਹੋਣ, ਉਹ ਯੁੱਗ ‘ਕਲਯੁਗ’ ਹੋਊ, ਤਸਦੀਕ ਕਰ ਹੀ ਦੇਣਾ ਚਾਹੀਦੈ। ਜ਼ਮੀਨ ਹੁਣ ਸੋਨਾ ਉਗਲਣ ਦੀ ਥਾਂ ਕੈਂਸਰ ਉਗਲਣ ਲੱਗ ਪਈ ਹੈ, ਅੰਨਦਾਤਾ ਫਾਹਾ ਲੈਣ ਲਈ ਦਰਖਤਾਂ ਦੇ ਸੁੰਨੇ ਡਾਹਣੇ ਲੱਭ ਰਿਹਾ ਹੈ ਤਾਂ ਲਗਦਾ ਨਹੀਂ, ਸਰੱਗੀ ਦਾ ਕਾਲ ਅਜੇ ਹੋਰ ਪਵੇਗਾ। ਹੰਕਾਰ ਗਲ ਨੂੰ ਚੜ੍ਹੇਗਾ ਕਿਉਂਕਿ ਮੌਤ ਸਾਰਿਆਂ ਦੇ ਕੁੱਛੜ ਚੜ੍ਹ ਗਈ ਹੈ।
ਐਸ਼ ਅਸ਼ੋਕ ਭੌਰਾ
ਸੰਤ, ਫਕੀਰ ਤੇ ਮਹਾਂ ਪੁਰਸ਼ ਹੀ ਆਪਣੇ ਆਪ ਨੂੰ ਨੀਵਾਂ ਸਮਝਦੇ ਰਹੇ ਹਨ ਤੇ ਵਰਤਮਾਨ ਯੁੱਗ ਵਿਚ ਇਹ ਤਿੰਨੇ ਨਹੀਂ ਲੱਭਦੇ। ਇਸੇ ਲਈ ਹਰ ਬੰਦਾ ਆਪਣੇ ਆਪ ਨੂੰ ਵੱਡਾ ਤੇ ਉਚਾ ਸਮਝਣ ਦੀ ਗੁਸਤਾਖ਼ੀ ਕਰ ਰਿਹਾ ਹੈ। ਖਾਲੀ ਭਾਂਡੇ ਖੜਕਣ ਦੀਆਂ ਗੱਲਾਂ ਤਾਂ ਚਲੋ ਸੁਣਦੇ ਸੀ, ਪਰ ਹੁਣ ਇਹ ਸ਼ੋਰ ਪਾਉਣ ਲੱਗ ਪਏ ਹਨ ਤੇ ਹਾਲਾਤ ਹੋਰ ਵਿਗੜਨ ਤੋਂ ਬਚਾ ਕੌਣ ਸਕੇਗਾ? ਮਿਹਨਤ ਨਾਲ ਢਿੱਡ ਤਾਂ ਭਰਦਾ ਰਿਹਾ ਹੈ, ਅਮੀਰ ਹੋਣ ਲਈ ਚੁਸਤੀਆਂ-ਚਲਾਕੀਆਂ ਵਰਤੀਆਂ ਹੀ ਜਾਂਦੀਆਂ ਰਹੀਆਂ ਹਨ, ਹੁਣ ਆ ਕੇ ਇਨ੍ਹਾਂ ਦੀ ਥਾਂ ਹੇਰਾ-ਫੇਰੀਆਂ ਨੇ ਲੈ ਲਈ ਹੈ। ਸੱਚ ਨਹੀਂ, ਕਿ ਜੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਤਾਂ ਇਸ ਦਾ ਅਰਥ ਮਿਹਨਤ ਕਰ ਕੇ ‘ਫਾਹਾ’ ਲੈਣਾ ਬਣ ਗਿਆ ਹੈ। ਚਲੋ ਕਰਜ਼ਾ ਚੁੱਕਣਾ ਤੇ ਦੇਣਾ-ਦੋਵੇਂ ਮਾੜੇ ਹੁੰਦੇ ਹਨ ਪਰ ਅਮੀਰ ਕਰਜ਼ਾ ਮੋੜਨ ਦੀ ਥਾਂ ‘ਦੀਵਾਲੀਆ’ ਬਣ ਜਾਂਦਾ ਹੈ, ਤੇ ਜ਼ਿਮੀਂਦਾਰ ਨੂੰ ਸਲਫਾਸ ਦੇ ਰੱਸੇ ‘ਜੀ ਆਇਆਂ’ ਕਹਿਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਚਲੋ ਵੱਡੀ ਮੱਛੀ ਤਾਂ ਛੋਟੀ ਨੂੰ ਖਾਂਦੀ ਹੀ ਆਈ ਹੈ, ਹੁਣ ਮੱਛੀਆਂ ਮਗਰਮੱਛ ਖਾਣ ਲੱਗ ਪਈਆਂ ਹਨ।
ਬੁੱਢੇ ਬੋਹੜ ਦੀ ਛਾਂਵੇਂ ਬੈਠੀ ਭੀੜ, ਕੋਲ ਦੋ ਮੰਜਿਆਂ ‘ਤੇ ਪਈਆਂ ਪਿਉ ਤੇ ਧੀ ਦੀਆਂ ਲਾਸ਼ਾਂ ਇਹ ਵੀ ਸਿੱਧ ਕਰ ਰਹੀਆਂ ਸਨ ਕਿ ਜ਼ਰੂਰੀ ਨਹੀਂ, ਹੋਣੀ ਹੀ ਸਾਰਿਆਂ ਦੀਆਂ ਜਾਨਾਂ ਕੱਢਦੀ ਹੋਵੇ; ਕਈ ਵਾਰ ਇਹ ਕੰਮ ਹਾਲਾਤ ਤੇ ਹਾਕਮ ਵੀ ਆਸਾਨੀ ਨਾਲ ਕਰ ਜਾਂਦੇ ਹਨ। ਬਰਫ਼ ਦੀਆਂ ਸਿੱਲੀਆਂ ਵਿਚ ਭਿੱਜੀਆਂ ਲਾਸ਼ਾਂæææ ਇਕ ਪਾਸੇ ਪਾਣੀ ਦੇ ਟੱਬ ਉਪਰ ਫੱਟੇ ‘ਤੇ ਰੱਖਿਆ ਬਰਫ਼ ਦਾ ਟੁਕੜਾ ਦੱਸ ਰਿਹਾ ਸੀ ਕਿ ਆਲੇ-ਦੁਆਲੇ ਇਕੱਲੇ ਦੁੱਖ ਦੀ ਹੀ ਗਰਮੀ ਨਹੀਂ ਹੈ, ਸਗੋਂ ਕੁਦਰਤ ਵੀ ਖਫ਼ਾ ਹੋ ਕੇ ਅੱਗ ਦੇ ਗੋਲੇ ਵਰ੍ਹਾ ਰਹੀ ਹੈ। ‘ਵਾਹ ਸ਼ੇਰਾæææ ਹਾਏ ਨੀ ਧੀਏ ਰਾਣੀਏæææ’ ਦੁਹੱਥੜਾਂ ਨਾਲ ਇਕ ਪਾਸੇ ਚੀਕਾਂ ਉਠ ਰਹੀਆਂ ਸਨ ਤੇ ਦੂਜੇ ਪਾਸੇ ਮਰਦ ਬੋਹੜ ਦੀ ਛਾਂ ਹੇਠ ਨੂੰ ਸੁੰਗੜੀ ਜਾ ਰਹੇ ਸਨ। ਕੋਈ ਕੋਈ ਪੱਖੀ ਝੱਲ ਰਿਹਾ ਸੀ, ਨਹੀਂ ਤਾਂ ਪਰਨੇ ਦੇ ਲੜ ਨਾਲ ਹੀ ਗਰਮੀ ਝੱਲਣ ਦਾ ਯਤਨ ਹੋ ਰਿਹਾ ਸੀ। ਦੋ ਕੁ ਗੱਭਰੂ ਮਰਦਾਂ ਵਿਚ, ਤੇ ਦੋ-ਚਾਰ ਬੀਬੀਆਂ ਰੋਂਦੀਆਂ ਪਿੱਟਦੀਆਂ ਔਰਤਾਂ ਨੂੰ ਹੱਥ ਦੀਆਂ ਉਂਗਲਾਂ ਨਾਲ ਚਾਰ ਚਾਰ ਗਲਾਸ ਫੜ ਕੇ ਪਾਣੀ ਪਿਲਾ ਰਹੀਆਂ ਸਨ।
‘ਪੈ ਗਈ ਫਿਰ ਬੰਸੋ ਨੂੰ ਦੰਦ-ਛਿੱਕਲ਼ææ’, ਦੀ ਆਵਾਜ਼ ਜਦੋਂ ਫਿਰ ਆਈ ਤਾਂ ਬੋਹੜ ਹੇਠ ਚੁੱਪ ਬੈਠੇ ਸਾਰਿਆਂ ਵਿਚੋਂ ਕਰਮੇ ਚੌਕੀਦਾਰ ਨੇ ਹਾਅ ਦਾ ਨਾਅਰਾ ਮਾਰਦਿਆਂ ਗੱਲ ਤੋਰ ਹੀ ਦਿੱਤੀ, “ਬਈ ਹੁਣ ਇਸ ਨਾਨੀ ਦੋਹਤੀ ਦਾ ਕੌਣ ਬਣੇਗਾ? ਕਿਵੇਂ ਲੰਘੇਗੀ ਜ਼ਿੰਦਗਾਨੀ? ਕਿਵੇਂ ਪਾਲੇਗੀ ਇਹ ਡੇਢ ਕੁ ਸਾਲ ਦੀ ਨੰਨ੍ਹੀ ਮੁੰਨੀ ਜਾਨ?”
“ਯਾਰ ਰੱਬ ਵੀ ਕਈ ਵਾਰ ਇੰਨਾ ਹੱਥੀਂ ਉਤਰ ਆਉਂਦੈ ਕਿ ਚੰਗੇ ਭਲੇ ਦੇ ਹੱਥ ਖੜ੍ਹੇ ਹੋ ਜਾਂਦੇ ਆæææ ਇਹਨੂੰ ਕਹਿੰਦੇ ਆ ਭੋਗਣੀæææ।”
ਹਾਲੇ ਪੰਚ ਜਵਾਲੇ ਦੇ ਅਗਲੀ ਗੱਲ ਮੂੰਹ ਵਿਚ ਹੀ ਸੀ ਕਿ ਅਮਲੀ ਨਾਥੀ ਰਾਮ ਨੇ ਉਲਰ ਕੇ ਗੱਲ ਬੋਚ ਲਈ, “ਇਹ ਪੰਚ ਕਮਲਾ ਰੱਬ ਨੂੰ ਹੱਥੀਂ ਉਤਰ ਆਇਆ ਦੱਸਦੈæææਜਿੰਨੀ ਇਸ ਪਰਿਵਾਰ ਨਾਲ ਮਾੜੀ ਹੋਈ ਐ, ਅਨਰਥ ਹੋਇਐæææਨ੍ਹੇਰ ਪੈ ਗਿਆ ਸਾਈਂ ਦਾ, ਰੱਬ ਚੱਕੀ ਫਿਰਦੇ ਆ, ਮੇਰੇ ਕਿਤੇ ਸਾਹਮਣੇ ਤਾਂ ਆਵੇ, ਬੂਰੀ ਮੱਝ ਦੇ ਗੋਹੇ ਆਲਾ ਫੌੜਾ ਨਾ ਮਾਰਾਂ ਮੈਂ ਉਹਦੇ ਗਿੱਟਿਆਂ ਵਿਚ। ਐਨਾ ਜ਼ੁਲਮ! ਹੱਦ ਹੋ’ਗੀ ਆ।” ਤੇ ਉਹ ਵੀ ਉਪਰ ਵਾਲੇ ਨਾਲ ਗੁੱਸੇ ਵਿਚ ਆਫਰਿਆ ਪਾਣੀ ਦਾ ਘੁੱਟ ਪੀਣ ਚਲਾ ਗਿਆ।
“ਬਹਿ ਜਾ ਘੜੀ”, ਦੀ ਪੰਚ ਨੇ ਸੁਲ੍ਹਾ ਮਾਰੀ ਤਾਂ ਅਗਨ ਬਾਣ ਫਿਰ ਛੱਡ’ਤਾ, “ਸਾਲੇ ਕੰਜਰ ਦੇ ਪ੍ਰੀਤੀ ਦੇ ਸਹੁਰੇ ਵੀ ਨ੍ਹੀਂ ਆਉਂਦੇ ਲਗਦੇ। ਉਹ ਤਾਂ ਲੁੱਚਾ ਸਾਲਾ ਮੇਰਾ ਵਿਆਹ ਕਰਾ ਕੇ ‘ਮਰੀਕਾ ਤੋਂ ਨਹੀਂ ਬਹੁੜਿਆ ਫਿਰ।”
ਕਿਸੇ ਨੇ ਫਿਰ ਕੋਈ ਹੁੰਗਾਰਾ ਨਾ ਦਿੱਤਾ, ਕਿੰਨਾ ਚਿਰ ਸਭ ਕੁਝ ਔਰਤਾਂ ਦੀਆਂ ਚੀਕਾਂ ਵਿਚ ਗੁੰਮ ਹੋ ਰਿਹਾ ਸੀ।
“ਚਲੋ ਬਈ ਹੁਣ ਕੀਹਨੇ ਆਉਣਾ, ਚੱਕੋ, ਕਾਹਨੂੰ ਮੁਰਦਿਆਂ ਦੀ ਮਿੱਟੀ ਹੋਰ ਖਰਾਬ ਕਰਦੇ ਆਂæææ।” ਸਰਪੰਚ ਬਾਰੂ ਰਾਮ ਨੇ ਗਲਾ ਭਰ ਕੇ ਬੜੇ ਜੇਰੇ ਨਾਲ ਕਿਹਾ ਲਗਦਾ ਸੀ।
“ਭਜਨ ਸਿਹੁੰ ਬੜਾ ਮਿਹਨਤੀ ਬੰਦਾ ਸੀ ਪਈ”, ਪੰਚ ਜਵਾਲੇ ਨੇ ਫਿਰ ਹਮਦਰਦੀ ਦੀ ਠੰਢੀ ਫੂਕ ਮਾਰੀ ਤਾਂ ਬਾਰੂ ਸਰਪੰਚ ਨੇ ਵਿਚਾਲੇ ਬਹਿੰਦਿਆਂ ਗੱਲ ਅੱਗੇ ਤੋਰੀ, “ਭਜਨ ਸਿਹੁੰ ਤੇ ਕਰਤਾਰ ਸਿਹੁੰ ਦੋ ਭਾਈ ਸਨ, ਜਗਤ ਸਿਹੁੰ ਦੇ ਪੁੱਤ। ਪੂਰੇ ਚਾਲੀ ਕਿੱਲੇ ਜ਼ਮੀਨ, ਪਰ ਰੱਬ ਦੀ ਐਸੀ ਕਰੋਪੀ ਹੋਈ, ਨਸ਼ੇ ਦੀ ਲੱਤ ਲਾ ਲਈ ਤੇ ਸਾਰੀ ਵੇਚ-ਵੱਟ ਕੇ ਖਾ ਗਿਆ। ਜਿੱਦਣ ਅੱਖਾਂ ਮੀਟੀਆਂ, ਚਾਰ ਕਿੱਲੇ ਬਚੇ ਸਨ।”
“ਕਰਤਾਰ ਸਿਹੁੰ ਕਿਥੇ ਰਹਿੰਦੈ?” ਕਿਸੇ ਨੇ ਵਿਚੋਂ ਪੁੱਛਿਆ ਤਾਂ ਬਾਰੂ ਨੇ ਹਉਕਾ ਲੈ ਕੇ ਫਿਰ ਦੱਸਿਆ, “ਕਰਤਾਰਾ ਵਿਆਹਿਆ ਨ੍ਹੀਂ ਸੀ, ਛੜਾ ਰਿਹੈ। ਬੜੀ ਮਦਦ ਕਰਦਾ ਰਿਹਾ ਭਜਨੇ ਦੀ। ਪੰਜ ਛੇ ਸਾਲ ਹੋ ਗਏ, ਉਹ ਵੀ ਤੁਰ ਗਿਆ ਤੇ ਆਪ ਤਾਂ ਦੋਹਾਂ ਭਰਾਵਾਂ ਨੇ ਹੱਡ ਭੰਨਵੀਂ ਕਮਾਈ ਕੀਤੀ, ਪਰ ਫਿਰ ਅਗਲੀ ਪੀੜ੍ਹੀ ਉਜੜ ਗਈ।”
ਗੱਲ ਟੁੱਟਣ ਤੋਂ ਪਹਿਲਾਂ ਹੀ ਚੌਕੀਦਾਰ ਕਰਮੇ ਨੇ ਜੋੜ’ਤੀ, “ਮੇਜ ਭਾਵੇਂ ਛੋਟਾ ਹੀ ਹੋਵੇ ਪਰ ਲੱਤਾਂ ਮਜ਼ਬੂਤ ਹੋਣ। ਮਾਰ ਲਿਆ ਅੱਗੇ ਗੰਦੀ ਉਲਾਦ ਨੇ, ਜੰਮ ਪਿਆ ਡੋਗਰ ਇਨ੍ਹਾਂ ਦੇæææ।”
ਅਮਲੀ ਨਾਥੀ ਰਾਮ ਨੇ ਬੋਚ ਲਈ, “ਨਾਂ ਰੱਖਿਆ ਭਜਨ ਸਿਹੁੰ ਨੇ ਸਵੀਟੀ, ਜੀਹਨੂੰ ਡੋਗਰ ਦੱਸਦੈਂ। ਕਿਲਾ ਤਾਂ ਪੱਕਾ ਉਹਦੇ ਕਰ ਕੇ ਡੁੱਬਿਆ। ਸਾਲਾ ਲੱਗ ਪਿਆ ਸੀ ਪੀਣ ਸਮੈਕ। ਬੰਸੋ ਨੂੰ ਬੜਾ ਤੰਗ ਕੀਤਾ ਹਰਾਮਜ਼ਾਦੇ ਨੇ, ਮੈਨੂੰ ਪੱਚੀ ਸਾਲ ਹੋ ਗਏ ਭੁੱਕੀ ਖਾਂਦੇ ਨੂੰ, ਕਦੇ ਸਿਰ ਨਹੀਂ ਦੁਖਿਆ। ਆਹ ਸਾਲੇ ਜਿਹੜੇ ਵੈਲੀ ਤੁਰੇ ਫਿਰਦੇ ਆ, ਦੌੜ ਕੇ ਵੇਖ ਲੈਣ। ਸਾਲਿਆਂ ਦੀ ਧੁੱਕੀ ਨਾ ਕੱਢ ਦਿਆਂæææ ਸਮੈਕ ਨਾਲ ਢਾਈ ਸਾਲ ਨ੍ਹੀਂ ਕੱਢੇ ਸਵੀਟੀ ਨੇ। ਊਂ ਨਾਂ ਰੱਖਿਆ ਸੀ ਭਜਨੇ ਨੇ ਪ੍ਰਧਾਨ ਮੰਤਰੀ ਆਲਾ ਮਨਮੋਹਨ ਸਿਹੁੰ। ਉਹਦੇ ਕੱਦ ਜਿੱਡਾ ਤਾਂ ਸੀ, ਪਰ ਸਰੀਰ ਕਰ ਲਿਆ ਸ਼ਿਕਾਰੀ ਕੁੱਤੇ ਵਰਗਾ।”
“ਚੁੱਪ ਕਰ ਨਾਥੀ, ਵੇਖ ਤਾਂ ਲੈ ਬੈਠਾ ਕਿਥੇ ਆਂ?” ਸਰਪੰਚ ਬਾਰੂ ਨੇ ਵਰਜ’ਤਾ ਫਿਰ।
“ਸਰਪੰਚ ਸਾਹਿਬ! ਊਂ ਆਏਂ ਤਾਂ ਦੱਸ, ਪਈ ਕਿੰਨਾ ਕੁ ਸਿਰ ਪੈਸਾ ਸੀ ਭਜਨ ਸਿਹੁੰ ਦੇ?” ਪੁੱਛਣ ਵਾਲਾ ਕੋਈ ਰਿਸ਼ਤੇਦਾਰੀ ਵਿਚੋਂ ਸਸਕਾਰ ‘ਤੇ ਆਇਆ ਲਗਦਾ ਸੀ।
“ਬੈਂਕ ਆਲੇ ਦੋ ਤਿੰਨ ਸ਼ਾਹੂਕਾਰ ਤੁਰੇ ਫਿਰਦੇ ਸਨ, ਪੱਕਾ ਤਾਂ ਪਤਾ ਨ੍ਹੀਂ, ਪਰ ਸੱਠ-ਸੱਤਰ ਲੱਖ ਸਿਰ ਹੋ ਗਿਆ ਸੀæææਪਰਸੋਂ ਜਦੋਂ ਬੈਂਕ ਵਾਲੇ ਪੁਲਿਸ ਨਾਲ ਲੈ ਕੇ ਆਏ ਤਾਂ ਰੰਗ ਉਤਰਿਆ ਪਿਆ ਸੀ। ਆਂਹਦੇ ਸੀ, ਜ਼ਮੀਨ ਕੁਰਕ ਕਰਨੀ ਆ। ਉਧਰ ਸ਼ਾਹੂਕਾਰ ਕਹੀ ਜਾਂਦੇ ਸੀ, ਜਿਥੋਂ ਮਰਜ਼ੀ ਲਿਆ, ਜ਼ਮੀਨ ਬੈਂਕ ਲੈ ਗਈ ਤਾਂ ਅਸੀਂ ਕੀ ਕਰਾਂਗੇ। ਪੁਲਿਸ ਵਾਲੇ ਨੇ ਗਾਲ੍ਹਾਂ ਵੀ ਕੱਢੀਆਂ ਪੰਜ ਸੱਤ। ਬੰਸੋ ਦੱਸਦੀ ਸੀ, ਪਈ ਪ੍ਰੀਤੀ ਦਾ ਭਾਪਾ ਉਦਣ ਦਾ ਈ ਨ੍ਹੀਂ ਬੋਲਦਾ, ਚੁੱਪ ਜਿਹਾ ਹੋ ਗਿਆ। ਰਾਤੀਂ ਲੱਭਦਿਆਂ ਨੇ ਵੇਖਿਆ, ਟਹਿਲੇ ਕਿਆਂ ਦੀ ਟਾਹਲੀ ਨਾਲ ਲਟਕਦਾ ਸੀ।”
“ਚੱਟ ਲਓ ਮੁਰਦੇ ਦੀਆਂ ਤਲੀਆਂ, ਬੈਂਕ ਵਾਲਿਓ, ਕੁੱਤਿਓ ਸ਼ਾਹੂਕਾਰੋæææਖਾ ਲਿਆ ਸੰਤ ਬੰਦਾ।” ਅਮਲੀ ਨੇ ਵਿਚ ਦੀ ਫਿਰ ਲਾ’ਤੀ।
“ਪਰ ਚਲੋ ਇਹ ਤਾਂ ਕਰਜ਼ੇ ਦਾ ਸਤਾਇਆ ਸੀ, ਭਲਾ ਤੜਕੇ ਕੁੜੀ ਨੇ ਕੀ ਕਰ’ਤਾ! ਖਾ ਲਈਆਂ ਸਲਫਾਸ ਦੀਆਂ ਗੋਲੀਆਂ ਜਿੱਦਾਂ ਪਹਿਲਾਂ ਈ ਲਿਆ ਕੇ ਰੱਖੀਆਂ ਹੁੰਦੀਆਂ, ਪਈ ਕਮਲੀਏ! ਤਕੜੀ ਹੋ, ਹੁਣ ਤਾਂ ਬੰਸੋ ਦੀ ਤੂੰ ਹੀ ਧੀ ਤੇ ਪੁੱਤ ਸੀ। ਪੁਲਿਸ ਆਲੇ ਦੱਸਦੇ ਆ, ਪਈ ਜਿਹੜਾ ਕਾਗਜ਼ ਉਹਦੇ ਕੋਲੋਂ ਨਿਕਲਿਆ, ਉਹਦੇ ‘ਤੇ ਤਾਂ ਇਕ ਲਾਈਨ ਹੀ ਲਿਖੀ ਆ ਪ੍ਰੀਤੀ ਨੇ, ਬਾਪੂ ਤੂੰ ਮੇਰੇ ਕਰ ਕੇ ਕਰਜ਼ਈ ਹੋ ਕੇ ਮਰਿਆਂ, ਮੈਂ ਨਾ ਈ ਜੰਮਦੀ। ਪਰ ਇਨ੍ਹਾਂ ਦੋ ਲਾਈਨਾਂ ਵਿਚ ਬੜਾ ਕੁਝ ਹੈ। ਕੁੱਖ ਵਿਚ ਧੀਆਂ ਮਾਰਨ ਵਾਲਿਓ, ਹੋਰ ਮਾਰੋæææਸ਼ਾਬਾਸ਼ ਤੁਹਾਡੇ। ਘੱਟੋ-ਘੱਟ ਮੇਰੇ ਵਾਂਗ ਤੜਫ ਕੇ ਤਾਂ ਨਾ ਮਰਨਗੀਆਂ। ਬਾਪੂ ਤੂੰ ਡਾਲਰਾਂ ਦੇ ਸੁਪਨਿਆਂ ਵਿਚ ਜ਼ਿੰਦਗੀ ਲੱਭਦਾ ਸੀ, ਤੇਰਾ ਘਰ ਈ ਉਜਾੜ ਗਏ। ਮੈਂ ਕੀ ਕਰਨਾ ਸੀ ਜੀਅ ਕੇ।” ਚੌਕੀਦਾਰ ਹਾਲੇ ਹੋਰ ਬੋਲਦਾ ਕਿ ਵਿਚ ਦੀ ਇਕ ਹੋਰ ਆਵਾਜ਼ ਉਠ ਪਈ, “ਨਾਲੇ ਕਹਿੰਦੇ ਸੀ ਭਜਨ ਸਿਹੁੰ ਨੇ ਕੁੜੀ ਅਮਰੀਕਾ ਵਿਆਹੀ ਸੀ?”
ਇਹ ਕਹਿਣ ਦੀ ਦੇਰ ਸੀ ਕਿ ਭਜਨ ਸਿਹੁੰ ਦਾ ਸਾਂਢੂ ਉਬਲ ਪਿਆ, ਛੱਡ’ਤੀਆਂ ਧਾਹਾਂ, “ਸੁਣੋ ਮੇਰੀ ਹੁਣ”, ਤੇ ਕਰਨ ਲੱਗ ਪਿਆ ਪਾਗਲਾਂ ਵਾਂਗੂੰ। ਉਹਦੇ ਮੂੰਹ ਨੂੰ ਠੰਢੇ ਪਾਣੀ ਦਾ ਘੁੱਟ ਲਾਇਆ, ਸ਼ਾਂਤ ਕੀਤਾ ਮਸਾਂ, ਪਰ ਨਾਲ ਹੀ ਬਾਰੂ ਆਂਹਦਾ, “ਕਰ ਲਓ ਜੀ ਤੁਸੀਂ ਪੂਰੀ ਗੱਲ, ਮਨ ਹਲਕਾ ਹੋ ਜੂ।”
ਜਿਵੇਂ ਬੰਨ੍ਹ ਦਾ ਪਾਣੀ ਛੱਡਣ ‘ਤੇ ਬੇਕਾਬੂ ਹੁੰਦਾ, ਬੋਲ ਪਿਆ, “ਇਹ ਦੋ ਲਾਸ਼ਾਂ ਤਾਂ ਹੁਣ ਫੂਕੀਆਂ ਜਾਣੀਆਂ ਨੇ, ਪਰ ਪਾਪੀ ਰੱਬ ਹੋਰ ਕਦੇ ਕਿਸੇ ਦੇ ਘਰ ਪਿਉ-ਧੀ ਦੀਆਂ ਲਾਸ਼ਾਂ ਦੀਆਂ ਮੰਜੀਆਂ ਨਾ ਡਾਹਵੇ। ਮੈਂ ਦੱਸਦਾਂ, ਇਹ ਘਰ ਉਜੜਿਆ ਕਿਵੇਂ ਐ? ਕਿਤੇ ਬੰਸੋ ਦੀ ਧਰਮ ਦੀ ਭੈਣ ਬਣੀ ਬੁੱਢੀ ਜਨਾਨੀ ਟੱਕਰ ਪਈ ਇਨ੍ਹਾਂ ਨੂੰ, ਕਹਿਣ ਲੱਗੀ, ਮੈਂ ਅਮਰੀਕਾ ਤੋਂ ਆਈ ਆਂ, ਤੇ ਇਕ ਮੁੰਡਾ ਵੀ ਆਇਆ ਸਾਡੇ ਕੋਲੋਂ। ਪ੍ਰੀਤੀ ਦਾ ਕਰਾ ਦਈਏ ਰਿਸ਼ਤਾæææਗੋਰਖ ਤੋਂ ਜਿੱਦਾਂ ਰਾਂਝੇ ਨੂੰ ਜੋਗ ਮਿਲ ਗਿਆ ਹੋਵੇ, ਘਰ ਵਿਚ ਚੱਲ ਪਈ ਘੁਸਰ-ਮੁਸਰ। ਬੰਸੋ ਨੇ ਕਿਹਾ ਕਿ ਸਵੀਟੀ ਤਾਂ ਹੁਣ ਮਰ ਮੁੱਕ ਗਿਆ, ਪ੍ਰੀਤੀ ਹੀ ਸਾਡਾ ਸਭ ਕੁਝ ਐ। ਅਮਰੀਕਾ ਚਲੇ ਜੂ, ਦਿਨ ਬਦਲ ਜਾਣਗੇ।”
ਜਿੱਦਣ ਫਿਰ ਚੌਦਵੀਂ ਦਾ ਚੰਦ ਚੜ੍ਹਦਾ ਵੇਖਣ ਲਈ ਜਲੰਧਰ ਇਕ ਹੋਟਲ ਵਿਚ ਪੁੱਜੇ ਤਾਂ ਮੁੰਡਾ ਨਹੀਂ, ਬੰਦਾ ਦੇਖਦਿਆਂ ਸਾਰ ਭਜਨ ਸਿਹੁੰ ਕਚੀਚੀਆਂ ਵੱਟਦਾ ਬਾਹਰ ਆ ਗਿਆ। ਨਾਲ ਈ ਬਾਹੋਂ ਫੜ ਲਿਆਇਆ ਵਿਚੋਲਣ ਨਛੱਤਰ ਕੌਰ ਨੂੰ, “ਨਾ ਤੈਂ ਕੋਈ ਬਦਲਾ ਲੈਣਾ, ਮੇਰੀ ਅਨਭੋਲ ਜਿਹੀ ਕੁੜੀ, ਸਾਲ ਕੁ ਹੋਇਆ ਕਾਲਜ ਜਾਂਦੀ ਨੂੰ ਤੇ ਇਹ ਬੁੱਢ-ਬੁਢੇਲ! ਸੰਗ ਨ੍ਹੀਂ ਲੱਗੀ ਤੈਨੂੰ?”
“ਭਜਨਿਆ, ਨਹੀਂ ਪੁੱਗਦਾ ਨਾ ਕਰ। ਇਹ ਤਾਂ ਤਿੰਨ ਦਿਨ ਹੋਏ ਆ ਆਏ ਨੂੰ। ਹਾਲੇ ਤਾਂ ਉਘ-ਸੁੱਘ ਨ੍ਹੀਂ ਕੱਢੀ। ਜਿੱਦਣ ਰਿਸ਼ਤੇ ਦੀ ਗੱਲ ਬਾਹਰ ਕੱਢੀ, ਢੇਰੀਆਂ ਲੱਗ ਜਾਣੀਆਂ। ਅਮਰੀਕਾ ਤੋਂ ਆਇਆ, ਡੁਬਈ ਤੋਂ ਨ੍ਹੀਂ। ਡਾਲਰ ਵੇਖਣੇ ਆਂ, ਸਵਰਗ ਮਾਨਣੈ ਤਾਂ ਉਮਰਾਂ ਨਾ ਵੇਖ, ‘ਮਰੀਕਾ ਦੀਆਂ ਖੁਰਾਕਾਂ ਤਾਂ ਦੇਖੀਂ ਜਾ ਕੇæææਮਰਦ ਤੇ ਘੋੜਾ ਇਕੋ ਜਿਹੇ ਰਹਿੰਦੇ ਆ।”
“ਸਤਿਸੰਗ ਕੋਲੇ ਰੱਖ। ਡੂਢ ਕਿੱਲਾ ਹੈਗਾ ਹਾਲੇ, ਵੇਚ ਕੇ ਕਰਦੂੰ ਹੱਥ ਪੀਲੇ। ਝੋਟੇ ਨਾਲ ਵੱਛੀ ਬੰਨ੍ਹਣ ਲੱਗੀ ਆ!”
“ਚੱਲ ਭੈਣੇ, ਕੱਲ੍ਹ ਦੱਸਾਂਗੇ ਅਸੀਂ; ਪ੍ਰੀਤੀ ਨੂੰ ਨਾਲ ਲਿਆ ਕੇ ਵਿਖਾਲਾਂਗੇ ਮੁੰਡਾ।”
ਉਦਣ ਭਜਨ ਸਿਹੁੰ ਚੰਡਾਲ ਬਣਨ ਨੂੰ ਫਿਰੇ। ਬੰਸੋ ਨੂੰ ਕਹਿੰਦਾ, “ਖੜ੍ਹੀ ਨੂੰ ਅੱਗ ਲਾ ਦੂੰ ਜੇ ‘ਗਾਹਾਂ ਗੱਲ ਤੋਰੀ।”
ਘਰ ਆ ਕੇ ਬੰਸੋ ਸਾਰੀ ਰਾਤ ਭਜਨ ਸਿਹੁੰ ਮਗਰ ਪਈ ਰਹੀ, ਸਾਡੀ ਤਾਂ ਲੰਘ ਗਈ, ਕੁੜੀ ਦੀ ਬਣ ਜੂ ਜ਼ਿੰਦਗੀ। ਇਥੇ ਤੇਰੇ ਪੁੱਤ ਵਰਗਾ ਕੋਈ ਸਮੈਕੀਆ ਟੱਕਰ ਗਿਆ, ਫਿਰ?” ਉਹ ਪਿਘਲ ਗਿਆ।
ਅਗਲੇ ਦਿਨ ਲੈ ਆਈ ਲਾਲਚਣ ਤੇ ਠੱਗ ਵਿਚੋਲਣ ਅਮਰੀਕਾ ਆਲੇ ਬੰਦੇ ਭਜਨ ਸਿਹੁੰ ਦੇ ਘਰ। ਚਾਹ ਪਾਣੀ ਦੇ ਬਹਾਨੇ ਗੁਰਪ੍ਰੀਤ ਨੂੰ ‘ਵਾਜ ਮਾਰ’ਲੀ। ਉਂਜ ਆਖੇæææਆਂਹਦੇ ਸਾਰੇ ਇਹਨੂੰ ਪ੍ਰੀਤੀ ਈ ਆ।
ਪ੍ਰੀਤੀ ਨੇ ਇਕ ਵਾਰ ਅੱਖਾਂ ਭਰ ਕੇ ਵੇਖਿਆ ਅਮਰੀਕਨ ਲਾੜੇ ਵੱਲ, ਤੇ ਪਾਲੋ ਬੋਲੀ, “ਪ੍ਰੀਤੀਏ, ਤੇਰੀ ਮਾਸੀ ਬਚਿੱਤਰ ਸਿਹੁੰ ਨਾਂ ਦੱਸਦੀ ਆ ਇਹਦਾ, ਬੜਾ ਕਾਰੋਬਾਰ ਐ।”
ਉਹ ਬੂਹਾ ਭੇੜ ਕੇ ਅੰਦਰ ਜਾ ਵੜੀ ਤੇ ਹੁਬਕੀਆਂ ਭਰ ਭਰ ਲੱਗੀ ਰੋਣ। ਬਾਪੂ ਨੇ ਗਲ ਨਾਲ ਲਾ ਕੇ ਚੁੱਪ ਕਰਾਇਆ, “ਪੁੱਤ ਕੋਈ ਜ਼ਬਰਦਸਤੀ ਨਹੀਂ ਕਰਦੇ, ਜੇ ਪਸੰਦ ਨ੍ਹੀਂæææਰੋਂਦੀ ਕਿਉਂ ਏ?”
“ਨਹੀਂ ਬਾਪੂ, ਇਹ ਮੇਰੇ ਖੁਸ਼ੀ ਦੇ ਅੱਥਰੂ ਨੇ। ਮੇਰੇ ਵੱਲੋਂ ‘ਹਾਂ’। ਅਮਰੀਕਾ ਜਾਵਾਂਗੀ, ਮਿਹਨਤ ਕਰਾਂਗੀ। ਬਾਪੂ ਹੁਣ ਤੈਨੂੰ ਕਣਕ ਦੇ ਬੋਹਲ ਦੇਖਣ ਤੇ ਉਡੀਕਣ ਦੀ ਲੋੜ ਨਹੀਂ ਪਵੇਗੀ।”
ਪ੍ਰੀਤੀ ਦਾ ਮਾਸੜ ਹੋਰ ਭਾਵੁਕ ਹੋ ਕੇ ਉਛਲਿਆ। ਵਿਆਹ ‘ਤੇ ਪੱਚੀ ਲੱਖ ਕੈਸ਼ ਦੀ ਮੰਗ ਆਈ, ਪੈਲੇਸ ਤੇ ਖਾਣ ਪੀਣ ਦਾ ਸਾਰਾ ਖਰਚ ਭਜਨ ਸਿਹੁੰ ਸਿਰ ਪੈ ਗਿਆ। ਮਿਲਣੀ ਦੀਆਂ ਚੁਤਾਲੀ ਸੋਨੇ ਦੀਆਂ ਮੁੰਦਰੀਆਂ ਪਈਆਂ, ਤੇ ਇਹ ਕੌੜਾ ਘੁੱਟ ਪਿਉ ਨੇ ਇਸ ਕਰ ਕੇ ਭਰ ਲਿਆ ਕਿ ਸ਼ਾਇਦ ਡਾਲਰਾਂ ਦਾ ਪਰਛਾਵਾਂ ਪਿਛੇ ਹੀ ਹੈ।
ਬਚਿੱਤਰ ਸਿਹੁੰ ਪੰਦਰਾਂ ਦਿਨ ਰਹਿ ਕੇ ਚਲਾ ਗਿਆ। ਫਿਰ ਮਹੀਨੇ ਲਈ ਆਇਆ, ਤੇ ਫਿਰ ਕਦੇ ਵੀ ਨਾ ਆਇਆ, ਤੇ ਅਮਰੀਕਾ ਦਾ ਬੱਦਲ ਚੜ੍ਹਿਆ ਤਾਂ ਸੀ ਪਰ ਵਰ੍ਹਿਆ ਨਾ।
ਪ੍ਰੀਤੀ ਦਾ ਪੈਰ ਭਾਰੀ ਹੋਇਆ, ਉਹ ਮੈਨੂੰ ਪਿੰਡ ਮਿਲਣ ਆਈ ਦੱਸਣ ਲੱਗੀ, ‘ਮਾਸੜ ਜੀ, ਬਚਿੱਤਰ ਨੇ ਸਿਰ ‘ਤੇ ਕਾਲੇ ਵਾਲਾਂ ਦਾ ਨਕਲੀ ਬਿੱਗ ਚੜ੍ਹਾਇਆ ਹੋਇਆ। ਨਿਰਾ ਗੰਜਾ। ਛਾਤੀ ‘ਤੇ ਇਕ ਵੀ ਵਾਲ ਕਾਲਾ ਨਹੀਂ ਸੀ। ਵਾਹਿਗੁਰੂ ਦੀ ਹਜ਼ੂਰੀ ਵਿਚ ਅਨਰਥ ਨੂੰ ਭਾਣਾ ਮੰਨ ਲਿਆ ਕਿ ਸ਼ਾਇਦ ਇਉਂ ਹੀ ਹੋਣਾ ਸੀ। ਲਾਵਾਂ ਖਾਵੰਦ ਨਾਲ ਨਹੀਂ, ਰੱਬ ਨੇ ਅੱਖੀਂ ਜਿਵੇਂ ਕਿਸੇ ਧੀ ਦੀਆਂ ਪਿਉ ਨਾਲ ਹੁੰਦੀਆਂ ਹੱਸ ਕੇ ਵੇਖ ਲਈਆਂ ਸਨ! ਧੀ ਤਾਂ ਮੈਂ ਜੰਮ ਲਈ ਹੈ ਪਰ ਸੱਤ ਸਾਲ ਤੋਂ ਉਸ ਜਹਾਜ਼ ਦੀ ਉਡੀਕ ਵਿਚ ਹੈ ਜੋ ਅਮਰੀਕਾ ਨੂੰ ਉਡਣ ਲਈ ਹਾਲੇ ਕੰਪਨੀ ਨੇ ਬਣਾਇਆ ਹੀ ਨਹੀਂ ਤੇ ਪਾਪੀ ਮਾਸੀ ਵਿਚੋਲਣ ਨੇ ਮੇਰੇ ਗਲ ਵਿਚ ਫਾਹਾ ਤਾਂ ਪਾਇਆ ਕਿ ਉਸ ਨੇ ਆਪਣਾ ਪੁੱਤ ਉਹਦੀ ਧੀ ਨਾਲ ਵਿਆਹੁਣਾ ਸੀ।’
ਤੇ ਪ੍ਰੀਤੀ ਕੰਨੀ ਦੇ ਕਿਆਰੇ ਵਾਂਗ ਸੁੱਕੀ ਉਦੋਂ ਰਹਿ ਗਈ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਵਿਆਹ ਤਾਂ ਉਸ ਨੇ ਮੌਜ ਮਸਤੀ ਲਈ ਕਰਵਾਇਆ ਸੀ। ਉਹਦੇ ਕੋਲ ਤਾਂ ਚੌਥੇ ਵਿਆਹ ਦੀ ਤੀਵੀਂ ਤੇ ਛੇ ਜੁਆਕ ਇਵੇਂ ਸਨ ਜਿਵੇਂ ਕਿਸੇ ਨੇ ਬੈਂਕ ਦੇ ਲਾਕਰ ਵਿਚ ਚੋਰੀ ਦਾ ਸੋਨਾ ਲਕੋ ਕੇ ਰੱਖਿਆ ਹੋਵੇ। ਤੇ ਬਾਪੂ ਦਾ ਕਰਜ਼ੇ ਨਾਲ ਵਾਲ ਵਾਲ ਵਿੰਨ੍ਹਿਆ ਉਸ ਤੋਂ ਜਰਿਆ ਨਹੀਂ ਸੀ ਜਾਂਦਾ। ਫਿਰ ਇਸੇ ਲਈ ਸਲਫ਼ਾਸ ਦੀਆਂ ਦੋ ਗੋਲੀਆਂ ਨਾਲ ਸਾਰਾ ਕਰਜ਼ਾ ਇਕੋ ਕਿਸ਼ਤ ਵਿਚ ਉਤਾਰ ਕੇ ਆਪ ਦੋਸ਼ੀ ਬਣਦਿਆਂ ਸਮਾਜ ਨੂੰ ਲਾਹਣਤ ਦਾ ਖਤ ਲਿਖ ਕੇ ਛਾਤੀ ਤੇ ਦਿਲ ਦੇ ਦਰਦ ਨੂੰ ਘਟਾਉਣ ਲਈ ਉਥੇ ਹੀ ਖੜ੍ਹਾ ਲਿਆ ਸੀ।
ਮਕਾਣਾਂ ਦਾ ਚੀਕ-ਚਿਹਾੜਾ ਅਰਥੀਆਂ ਚੁੱਕਣ ਵੇਲੇ ਅਸਮਾਨ ਤੱਕ ਲਾਹਣਤ ਦੇ ਧੂੰਏ ਵਾਂਗ ਉਠ ਰਿਹਾ ਸੀ।
ਅਮਲੀ ਨਾਥੀ ਰਾਮ ਨੇ ਕਾਨੇ ਵਰਗੇ ਸਰੀਰ ਵਿਚੋਂ ਜਦੋਂ ਸ਼ੇਰ ਵਰਗੀ ਭੁੱਬ ਮਾਰ ਕੇ ਕਿਹਾ, “ਧਰਮੀ ਬਾਬਲ ਕਾਫ਼ਰਾਂ ਦੀ ਕੁੜਿੱਕੀ ਵਿਚ ਫਸ ਕੇ ਮਾਰਿਆ ਗਿਆ। ਸਵੇਰੇ ਖ਼ਬਰਾਂ ਪੜ੍ਹ ਲਿਓ, ਲਿਖਿਆ ਹੋਵੇਗਾ, ਕਰਜ਼ੇ ਤੋਂ ਦੁਖੀ ਇਕ ਹੋਰ ਕਿਸਾਨ ਵੱਲੋਂ ਆਤਮ ਹੱਤਿਆ।”
ਸੱਚੀਂ, ‘ਧਰਮ’ ਤਿਲਕ ਕੇ ਨਰਕ ਦੇ ਕੁੰਡ ਵਿਚ ਡਿੱਗ ਹੀ ਪਿਆ ਹੈ।