ਦੇਵਿੰਦਰ ਸਤਿਆਰਥੀ-4
ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਨੇ ਮੋਗੇ ਦੇ ਹਾਈ ਸਕੂਲ ਵਿਚ ਵਿਦਿਆਰਥੀ ਹੁੰਦਿਆ ਪੰਜਾਬ ਦੇ ਅਨੇਕਾਂ-ਅਨੇਕ ਲੋਕ-ਗੀਤ ਇਕੱਠੇ ਕਰ ਲਏ ਸਨ। ਲਾਹੌਰ ਕਾਲਜ ਵਿਚ ਬਿਤਾਏ ਕੁਝ ਸਮੇਂ ਵਿਚ ਸਰਹੱਦੀ ਵਿਦਿਆਰਥੀਆਂ ਤੋਂ ਪਸ਼ਤੋ ਗੀਤ ਮਿਲ ਗਏ। ਹੁਣ ਅਮਰਨਾਥ ਦੀ ਯਾਤਰਾ ਉਤੇ ਨਿਕਲੇ ਤਾਂ ਪਹਾੜੀ ਗੀਤ ਪ੍ਰਾਪਤ ਹੋ ਗਏ।
ਫੇਰ ਗੁਰੂਦੇਵ ਰਾਬਿੰਦਰਨਾਥ ਟੈਗੋਰ ਕੋਲ ਸ਼ਾਂਤੀ ਨਿਕੇਤਨ ਪੁੱਜੇ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਹੁਣ ਤੱਕ ਦੇ ਕੰਮ ਬਾਰੇ ਜਾਣ ਕੇ ਪ੍ਰੇਰਿਆ, ਸਾਰੇ ਦੇਸ ਦੇ ਲੋਕ-ਗੀਤ ਦਿਲੀ ਜਜ਼ਬਿਆਂ ਦੀ ਇਕੋ ਮਾਲ਼ਾ ਦੇ ਮਣਕੇ ਹਨ, ਇਹ ਖਿੰਡੇ ਹੋਏ ਮਣਕੇ ਇਕੱਠੇ ਕਰੋ! ਤੇ ਇਨ੍ਹਾਂ ਨੇ ਗੁਰੂਦੇਵ ਦੇ ਸੁਝਾਅ ਉਤੇ ਫੁੱਲ ਚੜ੍ਹਾਉਂਦਿਆਂ ਬੰਗਾਲ, ਮਹਾਂਰਾਸ਼ਟਰ, ਗੁਜਰਾਤ, ਸਿੰਧ ਅਤੇ ਰਾਜਪੂਤਾਨੇ ਦੇ ਪਿੰਡ ਗਾਹ ਮਾਰੇ ਤੇ ਅਨੇਕਾਂ-ਅਨੇਕ ਲੋਕ-ਗੀਤਾਂ ਦਾ ਵਡਮੁੱਲਾ ਖ਼ਜ਼ਾਨਾ ਇਕੱਤਰ ਕਰ ਲਿਆ।
ਦੋ ਸਾਲ ਮਗਰੋਂ ਘਰ ਪਰਤੇ ਤਾਂ ਇਨ੍ਹਾਂ ਦੀ ਬੇਮੁਹਾਰ ਅਵਾਰਗੀ ਦੀ ਸਮੱਸਿਆ ਦਾ ਘਰ-ਵਾਲਿਆਂ ਦਾ ਉਹੋ ਸਿਕੇਬੰਦ ਹੱਲ! ਜਗਰਾਵੀਂ ਵਿਆਹ ਕਰ ਕੇ ਪੈਰ-ਚੱਕਰ ਵਾਲੇ ਅਵਾਰਾ ਯਾਤਰੀ ਦੇ ਪੈਂਖੜ ਪਾ ਦਿੱਤਾ ਗਿਆ, ਤਾਂ ਜੋ ਰੱਸਿਆਂ ਨਾਲ ਬੱਝਿਆ ਨਾ ਰਹਿਣ ਵਾਲਾ ਗੱਭਰੂ ਗੋਰੀ ਦੇ ਵਾਲ ਨਾਲ ਬੱਝ ਕੇ ਟਿਕ ਸਕੇ। ਘਰ-ਵਾਲੇ ਆਪਣੀ ਚਤੁਰਾਈ ਤੇ ਕਰਨੀ ਨਾਲ ਸੰਤੁਸ਼ਟ ਸਨ, “ਹੁਣ ਹਿੱਲ ਬੱਚੂ! ਦੇਖੀਏ ਤੇਰੀ ਅਵਾਰਗੀ!” ਪਰ ਰੇਸ਼ਮੀ ਵਾਲਾਂ ਦੇ ਸੰਗਲ ਵੀ ਕਮਜ਼ੋਰ ਹੀ ਸਿੱਧ ਹੋਏ। ਘਰਦਿਆਂ ਦੀ ਚਤੁਰਾਈ ਉਤੇ ਪਾਣੀ ਫੇਰ ਕੇ ਤੇ ਉਨ੍ਹਾਂ ਨੂੰ ਹੱਥ ਮਲ਼ਦੇ ਛੱਡ ਕੇ ਭੱਜੇ ਸਤਿਆਰਥੀ ਜੀ ਇਸ ਵਾਰ ਵੀ ਦੋ ਸਾਲ ਮਗਰੋਂ ਹੀ ਘਰ ਪਰਤੇ। ਹੁਣ ਉਹ ਡਲਹੌਜ਼ੀ, ਚੰਬਾ, ਕੁੱਲੂ ਤੇ ਸ਼ਿਮਲਾ ਗਾਹੁਣ ਮਗਰੋਂ ਫੇਰ ਸ਼ਾਂਤੀ ਨਿਕੇਤਨ ਹੁੰਦੇ ਹੋਏ ਆਸਾਮ ਤੇ ਮਨੀਪੁਰ ਹੋ ਆਏ ਸਨ।
ਅਗਲੀ ਉਦਾਸੀ ਲਗਭਗ ਇਕ ਦਹਾਕਾ ਲੰਮੀ ਹੋ ਗਈ ਕਿਉਂਕਿ ਪਿਛਲੀ ਉਦਾਸੀ ਸਮੇਂ ਘਰਦਿਆਂ ਨੂੰ ਚੁਭਦਾ ਰਿਹਾ ਪਿਛੇ ਛੱਡਿਆ ਸੰਗਲ ਇਸ ਵਾਰ ਉਨ੍ਹਾਂ ਨੇ ਨਾਲ ਲੈ ਲਿਆ ਸੀ। ਦੋ-ਢਾਈ ਸਾਲਾਂ ਦੀ ਇਕ ਤਰ੍ਹਾਂ ਨਾਲ ਨਵੀਂ-ਨਵੇਲੀ ਪਤਨੀ, ਜੀਹਨੂੰ ਹੁਣ ਉਹ ਲੋਕ-ਮਾਤਾ ਆਖਣ ਲਗੇ ਸਨ, ਵੀ ਇਨ੍ਹਾਂ ਦੇ ਨਾਲ ਸੀ। ਇਸ ਵਾਰ ਉਹ ਪਹਿਲਾਂ ਹੇਠ ਨੂੰ ਤੇ ਸੱਜੇ ਪਾਸੇ ਉੜੀਸਾ, ਮਦਰਾਸ, ਬੰਗਾਲ, ਬਰਮਾ ਆਦਿ ਗਏ ਅਤੇ ਫੇਰ ਉਨ੍ਹਾਂ ਉਤਾਂਹ ਵਾਲੇ ਪਾਸੇ ਕਸ਼ਮੀਰ, ਸਰਹੱਦੀ ਸੂਬਾ ਤੇ ਹੋਰ ਅਨੇਕ ਥਾਂਵਾਂ ਨੂੰ ਜਾ ਰੰਗ-ਭਾਗ ਲਾਏ।
“ਪਤਨੀ ਤੁਹਾਡੀ ਸਾਥਣ ਬਣ ਕੇ ਗਈ ਜਾਂ ਉਹਨੂੰ ਵੀ ਲੋਕ-ਗੀਤਾਂ, ਆਦਿ ਦਾ ਸ਼ੌਕ ਸੀ?” ਮੈਂ ਪਤਨੀ ਦੇ ਸਾਥ ਦਾ ਭੇਤ ਜਾਣਨਾ ਚਾਹਿਆ।
ਸਤਿਆਰਥੀ ਜੀ ਨੇ ਭੇਤ ਖੋਲ੍ਹਣ ਵਿਚ ਇਕ ਪਲ ਵੀ ਨਾ ਲਾਇਆ ਅਤੇ ਖਚਰੀ ਹਾਸੀ ਹਸਦਿਆਂ ਅੰਦਰਲੀ ਗੱਲ ਦੱਸੀ, “ਨਾ ਸਾਥ, ਨਾ ਸ਼ੌਕ। ਗੱਲ ਦਰਅਸਲ ਇਹ ਹੋਈ ਜੀ, ਉਹਦੀ ਇਕ ਜਠਾਣੀ ਨੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਹੁਣ ਜਿਧਰ ਜਾਵੇ, ਨਾਲ ਹੀ ਤੁਰ ਜਾਈਂ, ਨਹੀਂ ਤਾਂ ਇਹਨੇ ਤੇਰੇ ਹੱਥ ਨਹੀਂ ਆਉਣਾ। ਲਉ ਜੀ, ਮੇਰੇ ਤੁਰਨ ਵੇਲ਼ੇ ਲੋਕ-ਮਾਤਾ ਗਠੜੀ ਚੁੱਕ ਕੇ ਮੈਥੋਂ ਪਹਿਲਾਂ ਤਿਆਰ ਖਲੋਤੀ! ਪਹਿਲਾਂ ਤਾਂ ਮੈਂ ਹੈਰਾਨ ਹੋਇਆ, ਫੇਰ ਸੋਚਿਆ, ਚੱਲ ਇਹ ਵੀ ਜੋ ਕੁਛ ਹੁੰਦਾ ਹੈ, ਠੀਕ ਹੀ ਹੈ।æææਠੀਕ ਹੀ, ਮੈਨੂੰ ਸਹੂਲਤ ਵੀ ਰਹੀ। ਹੁਣ ਮੇਰੇ ਬਾਰੇ ਬੇਵਸਾਹੀ ਦਾ ਕੋਈ ਕਾਰਨ ਨਾ ਰਿਹਾ। ਕੁੜੀਆਂ-ਚਿੜੀਆਂ ਸਾਡੇ ਦੁਆਲ਼ੇ ਝੁਰਮਟ ਪਾ ਲੈਂਦੀਆਂ। ਉਨ੍ਹਾਂ ਤੋਂ ਗੀਤ ਲੈਣੇ ਸੌਖੇ ਹੋ ਗਏ।”
ਗੱਲ ਕੁੜੀਆਂ-ਚਿੜੀਆਂ ਉਤੇ ਪੁਜੀ ਤਾਂ ਦਿਲ ਕੀਤਾ ਕਿ ਸਤਿਆਰਥੀ ਜੀ ਤੋਂ ਇਨ੍ਹਾਂ ਦੇ ਇਸ਼ਕ ਬਾਰੇ ਜਾਂ ਇਸ਼ਕਾਂ ਬਾਰੇ ਪੁੱਛਾਂ। “ਬਾਜੀਆਂ ਬਾਜੀਆਂ ਤੀਵੀਆਂ, ਹਾਏ ਉਏ ਰੱਬਾ” ਲਿਖਣ ਵਾਲੇ ਬਾਬਿਆਂ ਨੇ ਆਖ਼ਰ ਇਹ ਵਚਨ ਕਿਸੇ ਅਨੁਭਵ ਵਿਚੋਂ ਹੀ ਕੀਤਾ ਹੋਵੇਗਾ। ਇਹ ਤਾਂ ਨਿੱਕੇ ਬਾਲ ਤੋਂ ਲੈ ਕੇ ਬਜ਼ੁਰਗ ਤਕ ਹਰ ਕਿਸੇ ਨਾਲ ਹਾਣੀ ਹੋਣ ਦਾ ਰਿਸ਼ਤਾ ਪਾਲਦੇ ਹਨ। ਇਨ੍ਹਾਂ ਨਾਲ ਅਜਿਹੀ ਗੱਲ ਕਰਨ ਤੋਂ ਝਿਜਕ ਦੀ ਕੀ ਲੋੜ!
ਉਹ ਅਜਿਹੇ ਰਿਸ਼ਤੇ ਕੇਵਲ ਕਹਿੰਦੇ ਹੀ ਨਹੀਂ ਸਨ, ਇਨ੍ਹਾਂ ਦੀ ਲਾਜ ਵੀ ਪਾਲਦੇ ਸਨ। ਇਕ ਵਾਰ ਇਕ ਮਿੱਤਰ ਦੀ ਚਿੱਠੀ ਆਈ ਕਿ ਉਸ ਵਲੋਂ ਸੰਪਾਦਿਤ ਕੀਤੇ ਜਾ ਰਹੇ ਕਹਾਣੀ-ਸੰਗ੍ਰਹਿ ਲਈ ਸਤਿਆਰਥੀ ਜੀ ਦੀ ਇਕ ਕਹਾਣੀ ਦੀ ਆਗਿਆ ਲੈ ਦੇਵਾਂ। ਸਬੱਬ ਨਾਲ ਕਈ ਦਿਨ ਮੁਲਾਕਾਤ ਨਾ ਹੋ ਸਕੀ ਤਾਂ ਭਾਪਾ ਜੀ ਨੂੰ ਕਿਹਾ ਕਿ ਜਦੋਂ ਵੀ ਆਉਣ, ਮੈਨੂੰ ਫੋਨ ਜ਼ਰੂਰ ਕਰਨ। ਭਾਪਾ ਜੀ ਨੇ ਫੋਨ ਕਰਵਾਇਆ ਤਾਂ ਮੈਂ ਬੇਨਤੀ ਦੁਹਰਾਈ। ਦੋ ਕੁ ਦਿਨਾਂ ਮਗਰੋਂ ਭਾਪਾ ਜੀ ਦਾ ਦਸਤਖ਼ਤ ਕਰ ਕੇ ਪੁਸ਼ਟ ਕੀਤਾ ਹੋਇਆ ਸਤਿਆਰਥੀ ਜੀ ਦਾ ਆਮ-ਮੁਖ਼ਤਿਆਰਨਾਮਾ ਮੈਨੂੰ ਪੁਜਿਆ: “ਪਿਆਰੇ ਭੁੱਲਰ! ਮੇਰੀ ਕੋਈ ਵੀ ਰਚਨਾ (ਸਣੇ ਕਹਾਣੀ) ਤੁਸੀਂ ਕਿਤੇ ਵੀ ਤੇ ਜਦੋਂ ਵੀ ਚਾਹੋ, ਵਰਤ ਸਕਦੇ ਹੋ। ਸਗੋਂ ਮੈਨੂੰ ਵੀ ਜਿਥੇ ਚਾਹੋ ਗਹਿਣੇ ਰਖ ਸਕਦੇ ਹੋ (ਜੇਕਰ ਕੁਝ ਮਿਲ ਸਕਦਾ ਹੋਵੇ!) ਆਪ ਜੀ ਦਾ, ਦੇਵਿੰਦਰ ਸਤਿਆਰਥੀ।
ਇਕ ਇਲਾਕਾ, ਉਮਰੋਂ ਫ਼ਰਕ ਦੇ ਬਾਵਜੂਦ ਜਜ਼ਬਾਤੀ ਪੱਖੋਂ ਹਾਣੀ, ਤੇ ਨਾਲੇ ਮੁਖ਼ਤਿਆਰੇ-ਆਮ, ਤਾਂ ਫੇਰ ਇਸ਼ਕ-ਮੁਸ਼ਕ ਦੀ ਗੱਲ ਪੁੱਛਣ ਵਿਚ ਝਿਜਕ ਕੇਹੀ? ਇਨ੍ਹਾਂ ਦਾ ਇਕੋ ਜਵਾਬ, “ਖ਼ਬਰੈ ਕਿੰਨੀ ਵੇਰ ਬਰਫ਼ਾਂ ਵਿਚ ਅੱਗ ਬਲ ਪਈ ਤੇ ਸੁਪਨੇ ਦੇ ਯੋਗ ਵਿਚ ਕੁਆਰੇ ਪਿਆਰ ਦੀ ਆਹੂਤੀ ਦੇਣੀ ਪਈ।æææ ਕਦੇ ਸੰਨਾਟੇ ਵਿਚ ਕਿਸੇ ਦੀ ਪਦ-ਚਾਪ ਕਹਾਣੀ ਦੀ ਰੂਹ ਬਣ ਕੇ ਮੁਸਕਰਾ ਪਈ!æææਪਰ ਮੇਰੀ ਤਾਂਘ ਤ੍ਰਿਹਾਈ ਹੀ ਰਹੀ!”
ਆਓ, ਢੱਕੀ ਰਿਝਦੀ ਖੀਰ ਵਿਚੋਂ ਇਕ ਦਾਣਾ ਕੱਢ ਕੇ ਟੋਹ ਲਈਏ।
ਇਕ ਵਾਰ ਕਿਸੇ ਪ੍ਰਕਾਸ਼ਕ ਤੋਂ ਚਾਰ ਹਜ਼ਾਰ ਪੇਸ਼ਗੀ ਰਾਇਲਟੀ ਮਿਲ ਗਈ ਅਤੇ ਛੇ ਹਜ਼ਾਰ ਕਰਜ਼ਾ ਲੈ ਲਿਆ। ਦਸ ਹਜ਼ਾਰ ਨਾਲ ਕਾਰ ਖਰੀਦ ਲਈ। ਅਸਲ ਉਦੇਸ਼, ਸ਼ਿਆਮਲੀ ਨੂੰ ਮਿਲਣ-ਗਿਲਣ ਵਿਚ ਸੌਖ ਰਹਿਣੀ ਸੀ, ਤੇ ਸੌਖ ਰਹੀ ਵੀ। ਪਰ ਸਦਾ ਤੋਂ ਬੂਟ-ਸਵਾਰ ਰਹੇ ਮਹਾਂਪੁਰਸ਼ ਨੂੰ ਤਾਂ ਸ਼ਾਇਦ ਸਾਈਕਲ ਚਲਾਉਣਾ ਵੀ ਨਹੀਂ ਸੀ ਆਉਂਦਾ, ਕਾਰ ਚਲਾਉਣੀ ਤਾਂ ਜੇ ਸਿੱਖ ਵੀ ਲੈਂਦੇ, ਦਿੱਲੀ ਵਰਗੇ ਭੀੜ-ਭੜੱਕੇ ਵਿਚ ਚਲਾ ਸਕਣ ਦੀ ਕੋਈ ਸੰਭਾਵਨਾ ਨਹੀਂ ਸੀ। ਨਾਲੇ ਸ਼ਿਆਮਲੀ ਦੇ ਦੁਆਰ ਡਰਾਈਵਰ ਦੀ ਚਲਾਈ ਕਾਰ ਵਿਚ ਠਾਠ ਨਾਲ ਜਾਣਾ ਹੀ ਸ਼ੋਭਦਾ ਸੀ! ਇਥੇ ਇਹ ਸਪੱਸ਼ਟ ਕਰਨਾ ਵਾਜਬ ਹੈ ਕਿ ਉਸ ਹਿੰਦੀ ਲੇਖਿਕਾ ਦਾ ਨਾਂ ਤਾਂ ਕੁਝ ਹੋਰ ਸੀ ਪਰ ਕੁਝ ਕੁਝ ਸ਼ਿਆਮ-ਰੰਗੀ ਹੋਣ ਸਦਕਾ ਉਹਨੂੰ ਇਹ ਪਿਆਰ-ਨਾਂ ਸਤਿਆਰਥੀ ਜੀ ਨੇ, ਤੇ ਉਹ ਵੀ ਸਿਰਫ਼ ਆਪਣੇ ਲਈ, ਦਿੱਤਾ ਹੋਇਆ ਸੀ।
ਹੋਰ ਭਾਵੇਂ ਕਿਸੇ ਟੁੰਡੀਲਾਟ ਨੂੰ ਮਿਲਣ ਜਾਂਦੇ, ਡਰਾਈਵਰ ਵਾਸਤੇ ਇਨ੍ਹਾਂ ਦਾ ਹੱਥ ਕਦੀ ਜੇਬ ਨੂੰ ਨਹੀਂ ਸੀ ਗਿਆ। ਜੇਬ ਵਿਚ ਹੁੰਦਾ ਹੀ ਕੁਝ ਨਹੀਂ ਸੀ। ਪਰ ਸ਼ਿਆਮਲੀ ਨੂੰ ਮਿਲਣ ਜਾਂਦੇ ਤਾਂ ਔਖੇ-ਸੌਖੇ ਕੁਝ ਨਾ ਕੁਝ ਡਰਾਈਵਰ ਦੀ ਹਥੇਲੀ ਉਤੇ ਰੱਖ ਹੀ ਦਿੰਦੇ। ਡਰਾਈਵਰ ਅਜਿਹੀਆਂ ਗੱਲਾਂ ਅਣਕਹੀਆਂ ਹੋਣ ਦੇ ਬਾਵਜੂਦ ਏਨੇ ਚੁਸਤ ਜ਼ਰੂਰ ਹੁੰਦੇ ਹਨ ਕਿ ਸਮਝ ਸਕਣ, ਮਾਲਕ ਇਸ ਘਰ ਆਉਣ ਸਮੇਂ ਹੀ ਸਖ਼ੀ-ਦਾਤਾ ਕਿਉਂ ਬਣਦਾ ਹੈ। ਉਹ ਅਣਬੋਲੇ ਸਮਝੌਤੇ ਅਧੀਨ ਅਜਿਹੇ ਥਾਂਈਂ ਆਉਣ-ਜਾਣ ਕਿਸੇ ਤੀਜੇ ਨੂੰ ਆਮ ਕਰਕੇ ਸੌਖਿਆਂ ਦਸਦੇ ਨਹੀਂ। ਸਦਾ ਮਸਤਾਨੀ ਰਹਿੰਦੀ ਜੇਬ ਵਾਲੇ ਸਤਿਆਰਥੀ ਜੀ ਇਹ ਕਿੰਨਾ ਵੱਡਾ ਮਹਾਂ-ਦਾਨ ਕਰ ਰਹੇ ਸਨ ਤੇ ਕਿੰਨੀ ਵਡੀ ਕੁਰਬਾਨੀ, ਸ਼ਾਇਦ ਡਰਾਈਵਰ ਵਿਚ ਇਸ ਗੱਲ ਦੇ ਅਹਿਸਾਸ ਵਾਲੀ ਸੂਖ਼ਮਤਾ ਨਹੀਂ ਸੀ। ਜੇ ਹੁੰਦੀ ਤਾਂ ਉਹਨੇ ਸਤਿਆਰਥੀ ਜੀ ਦਾ ਭਾਂਡਾ ਏਨੀ ਛੇਤੀ ਨਹੀਂ ਸੀ ਭੰਨਣਾ। ਸਤਿਆਰਥੀ-ਸ਼ਿਆਮਲੀ ਸਾਹਿਤਕ-ਸਭਿਆਚਾਰਕ ਮਿਲਣੀਆਂ ਕੁਝ ਦਿਨ ਹੀ ਚੱਲੀਆਂ ਕਿ ਪਾਪੀ ਡਰਾਈਵਰ ਨੇ ਭੇਤ ਵਾਲੀ ਸਾਰੀ ਗੱਲ ਲੋਕ-ਮਾਤਾ ਨੂੰ ਦੱਸ ਦਿੱਤੀ!
ਅੱਗੇ ਹਾਲ ਸਤਿਆਰਥੀ ਜੀ ਤੋਂ ਹੀ ਸੁਣੋ, “ਡਰਾਈਵਰ ਪੂਰਾ ਪਹਾੜਾ ਸਿੰਘ ਨਿਕਲਿਆ ਜੀ। ਭੁੱਲਰ ਜੀ, ਉਹ ਆਪਣਾ ਸ਼ਾਹ ਮੁਹੰਮਦ ਲਿਖਦਾ ਹੈ ਨਾ, ਅਖੇ, ‘ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ, ਸਿੰਘਾਂ ਨਾਲ ਸੀ ਓਸ ਦੀ ਗ਼ੈਰਸਾਲੀ। ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾ ਦੱਸੀ ਸਾਰੀ ਭੇਤ ਵਾਲੀ।’ ਤੇ ਹੋਇਆ ਇਹ ਜੀ ਕਿ ਲੋਕ-ਮਾਤਾ ਨੂੰ ਸ਼ਿਆਮਲੀ ਦੇ ਸ਼ੱਕ ਦੀ ਬੀਮਾਰੀ ਤਾਂ ਹਰ ਭਾਰਤੀ ਨਾਰੀ ਵਾਂਗ ਪਹਿਲਾਂ ਹੀ ਸੀ। ਪਤਾ ਨਹੀਂ, ਉਹਦੇ ਕੰਨ ਵਿਚ ਕਿਸ ਬੇਈਮਾਨ ਨੇ ਫੂਕ ਮਾਰ ਦਿੱਤੀ ਸੀ। ਅਸੀਂ ਤਾਂ ਜੀ ਬੱਸ ਇਕ ਦੂਜੇ ਦੀਆਂ ਰਚਨਾਵਾਂ ਸੁਣਦੇ-ਸੁਣਾਉਂਦੇ ਪਰ ਲੋਕ-ਮਾਤਾ ਅਜਿਹਾ ਮਿਹਣਾ ਮਾਰਦੀ ਕਿ ਸਾਰੀ ਦਿੱਲੀ ਨੂੰ ਹੀ ਮਾਰ ਦਿੰਦੀ। ਆਖਦੀ, ਸੁਣਨ-ਸੁਣਾਉਣ ਨੂੰ ਬੱਸ ਤੁਸੀਂ ਦੋਵੇਂ ਹੀ ਰਹਿ ਗਏ, ਬਾਕੀ ਸਾਰੀ ਦਿੱਲੀ ਕੀ ਮਰ ਗਈ! ਹੁਣ ਕਥਾ ਵਿਚ ਕਾਰ ਦਾ ਪੁਆੜਾ ਪੈ ਗਿਆ। ਉਹਨੇ ਲੇਖਾ ਲਾਇਆ, ਮੈਂ ਜ਼ਰੂਰ ਉਹਨੂੰ ਮਿਲਣ ਜਾਂਦਾ ਹੋਵਾਂਗਾ, ਜੀਹਨੂੰ ਉਹ ਸ਼ਿਆਮਲੀ ਦੀ ਥਾਂ ‘ਕਲਮੂੰਹੀਂ’ ਆਖਦੀ ਸੀ। ਉਹ ਜਾਣਦੀ ਸੀ, ਮੈਂ ਤਾਂ ਭੇਤ ਦੇ ਭੀੜੇ ਹੋਏ ਬੂਹੇ ਵਿਚ ਵਿਰਲ ਹੋਣ ਨਹੀਂ ਸੀ ਦੇਣੀ, ਇਸ ਲਈ ਮੈਨੂੰ ਪੁੱਛਣਾ ਐਵੇਂ ਵਾਧੂ ਮੱਥਾ ਮਾਰਨ ਵਾਲੀ ਗੱਲ ਸੀ। ਇਕ ਦਿਨ ਉਹਨੇ ਮੇਰੀ ਗ਼ੈਰਹਾਜ਼ਰੀ ਵਿਚ ਡਰਾਈਵਰ ਨੂੰ ਘੇਰ ਲਿਆ। ਉਹਦੇ ਕੁਛ ਬਹੁਤੇ ਹੀ ਜ਼ੋਰ ਨਾਲ ਸਿਰ ਮਾਰਨ ਤੋਂ ਉਹ ਸਮਝ ਗਈ ਕਿ ਮੈਂ ਉਹਦੇ ਮੂੰਹ ਹੱਡੀ ਦਿੰਦਾ ਹਾਂ। ਲਉ ਭੁੱਲਰ ਜੀ, ਉਹਨੇ ਝੱਟ ਕੁਛ ਮਾਇਆ ਉਹਦੀ ਹਥੇਲ਼ੀ ਉਤੇ ਰੱਖ ਦਿੱਤੀ ਜੋ ਸਬੱਬ ਨਾਲ ਮੈਥੋਂ ਦੁਗੁਣੀ ਸੀ!
ਉਹ ਆਪਣੀ ਦੁਰਗਤ ਦੀ ਦਿਹਲ਼ੀ ਉਤੇ ਪਹੁੰਚ ਕੇ ਪਰੇਸ਼ਾਨ ਜਿਹੇ, ਕੱਚੇ ਜਿਹੇ ਹੋਏ ਕੁਝ ਪਲ ਚੁੱਪ ਰਹੇ ਤੇ ਫੇਰ ਹਉਕੇ ਵਰਗਾ ਸਾਹ ਲੈ ਕੇ ਬੋਲੇ, “ਭੁੱਲਰ ਜੀ, ਲੋਕ-ਮਾਤਾ ਨੇ ਤਦ ਤਕ ਨਾ ਚੈਨ ਦਾ ਸਾਹ ਲਿਆ ਤੇ ਨਾ ਮੈਨੂੰ ਲੈਣ ਦਿੱਤਾ ਜਦ ਤਕ ਮੈਂ ਉਹਨੂੰ ਕਾਰ ਵਿਚ ਬਿਠਾ ਕੇ ਸ਼ਿਆਮਲੀ ਦੇ ਘਰ ਨਾ ਲੈ ਗਿਆ ਤੇ ਉਹਦੀ ਹਾਜ਼ਰੀ ਵਿਚ ਸ਼ਿਆਮਲੀ ਨੂੰ ਇਹ ਨਾ ਆਖ ਦਿੱਤਾ ਕਿ ਇਹ ਸਾਡੀ ਆਖ਼ਰੀ ਮੁਲਾਕਾਤ ਹੈ। ਲਓ ਜੀ, ਮੇਰੀ ਹਾਲਤ ਡਾਢੀ ਤਰਸਯੋਗ। ਮਾਂ ਦਾ ਲੋਕਯਾਨ-ਯਾਤਰੀ! ਸ਼ਿਆਮਲੀ ਵਿਚਾਰੀ ਪਰੇਸ਼ਾਨ, ਮੈਂ ਭਿੱਜੀ ਬਿੱਲੀ ਬਣਿਆ ਹੋਇਆ ਤੇ ਲੋਕ-ਮਾਤਾ ਦੁਰਗਾ ਦਾ ਅਵਤਾਰ!”
ਕੁਝ ਪਲ ਫੇਰ ਚੁੱਪ ਰਹਿ ਕੇ ਉਹ ਦੁਬਾਰਾ ਆਪਣੇ ਅਸਲ ਰੰਗ ਵਿਚ ਆ ਗਏ, “ਮੈਂ ਤਾਂ ਜੀ ਕਾਰ ਦਾ ਹੀ ਸਿਆਪਾ ਮੁਕਾਉਣ ਦੀ ਸੋਚ ਲਈ। ਪਹਿਲਾਂ ਕਿਹੜਾ ਕਾਰ ਦੀ ਸਵਾਰੀ ਹੀ ਕਰਦੇ ਸੀ! ਸਲਾਮਤ ਰਹਿਣ ਸਾਡੇ ਬੂਟ ਵਿਚਾਰੇ! ਕਾਰ ਵਿਕ ਗਈ ਤਾਂ ਪਹਾੜਾ ਸਿੰਘ ਡਰਾਈਵਰ ਦਾ ਡਰ ਨਾ ਰਿਹਾ।…ਜਿਵੇਂ ਸ਼ਿਆਮਲੀ ਸਾਹਮਣੇ ਲੋਕ-ਮਾਤਾ ਕੋਲੋਂ ਮਾਫੀ ਮੰਗੀ ਸੀ, ਹੁਣ ਲੋਕ-ਮਾਤਾ ਦੀ ਪਿੱਠ-ਪਿੱਛੇ ਸ਼ਿਆਮਲੀ ਕੋਲੋਂ ਮਾਫੀ ਜਾ ਮੰਗੀ। ਉਹਨੇ ਜੀ ਮੇਰੇ ਸ਼ੰਕੇ ਦੇ ਉਲਟ ਵੱਡਾ ਦਿਲ ਦਿਖਾਇਆ ਤੇ ਮੁਸਕਰਾ ਕੇ ਉਹ ਘਟਨਾ ਭੁਲਾ ਛੱਡੀ।… ਦੇਖੋ ਨਾ ਭੁੱਲਰ ਜੀ, ਆਖ਼ਰ ਮਿੱਤਰਤਾ ਦੇ ਦਰਵਾਜ਼ੇ ਕਈ ਵਾਰ ਭਿੜਦੇ ਹਨ ਤੇ ਕਈ ਵਾਰ ਖੁੱਲ੍ਹਦੇ ਹਨ।”
ਸਤਿਆਰਥੀ ਜੀ ਦਾ ਇਕਬਾਲ-ਏ-ਜੁਰਮ ਵਾਲਾ ਇਹ ਹਲਫ਼ੀਆ ਬਿਆਨ ਸੁਣ ਕੇ ਮੈਨੂੰ ਇਨ੍ਹਾਂ ਦੀ ਹੀ ਇਕ ਕਵਿਤਾ ਦੇ ਬੋਲ ਚੇਤੇ ਆ ਗਏ: “ਕਾਹਦਾ ਕੁੜੀਏ ਗਿਆਨ-ਵਿਵੇਕ, ਮਿੱਟੀ ਨੂੰ ਮਿੱਟੀ ਦਾ ਸੇਕ!” ਠੀਕ ਹੀ ਜਦੋਂ ਮਿੱਟੀ ਨੂੰ ਮਿੱਟੀ ਦੇ ਸੇਕ ਦੀ ਲੋਚਾ ਹੁੰਦੀ ਹੈ, ਸਭ ਗਿਆਨ-ਵਿਵੇਕ ਧਰੇ-ਧਰਾਏ ਰਹਿ ਜਾਂਦੇ ਹਨ!