ਖੂਹ ਤੇ ਦਰਿਆ

ਕਾਨਾ ਸਿੰਘ
ਫੋਨ:+91-95019-44944
ਜਦੋਂ ਵੀ ਕੁਝ ਅਣਸੁਖਾਵਾਂ ਵੇਖਣ ਨੂੰ ਮਿਲੇ, ਕੁਝ ਘਿਨਾਉਣੀ ਘਟਨਾ ਵਾਪਰੇ, ਕੋਈ ਮਿੱਤਰ ਕ੍ਰਿਤਘਣ ਜਾਂ ਅਹਿਸਾਨ-ਫਰਾਮੋਸ਼ ਹੋ ਨਿਬੜੇ ਅਤੇ ਸਾਡੀ ਸੋਚ ਦੀ ਸੂਈ ਉਥੇ ਦੀ ਉਥੇ ਹੀ ਫਸ ਜਾਵੇ, ਵਾਰ ਵਾਰ ਉਸੇ ਇਕੋ ਦੁਖਦ-ਅਨੁਭਵ ਨੂੰ ਹੰਢਾਣ ਲੱਗੀਏ, ਝੂਰੀਏ ਤੇ ਢਹਿੰਦੀਆਂ ਕਲਾਂ ਵਿਚ ਨਿਘਰਦੇ ਜਾਈਏ ਤਾਂ ਸਿਆਣੇ-ਬਿਆਣੇ ਇਹੋ ਆਖਦੇ ਹਨ:

‘ਛੱਡੋ ਜੀ ਮਿੱਟੀ ਪਾਓ, ਸੁੱਟੋ ਖੂਹ-ਖਾਤੇ ਵਿਚ ਤੇ ਅੱਗੇ ਦੀ ਸੋਚੋ। ਰੱਬ ਭਲੀ ਕਰੇਗਾ।’
ਮਤਲਬ ਭੁੱਲ ਜਾਓ, ਖਿਮਾ ਕਰੋ ਤੇ ਨਵੀਂ ਸ਼ੁਰੂਆਤ ਕਰੋ। ਇਸ ਦੇ ਉਲਟ ਕਿਸੇ ਦਾ ਭਲਾ ਕਰ ਕੇ ਸਾਨੂੰ ਵਿਸਰ ਜਾਣ ਅਤੇ ਨਾ ਜਤਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਖੇ-‘ਨੇਕੀ ਕਰ ਦਰਿਆ ਵਿਚ ਪਾ।’
ਨੇਕੀ ਨੂੰ ਦਰਿਆ ਵਿਚ ਕਿਉਂ ਸੁੱਟਿਆ ਜਾਵੇ, ਖੂਹ ਵਿਚ ਕਿਉਂ ਨਹੀਂ? ਇਹ ਸੋਚ ਮੇਰੇ ਮਨ ਦੇ ਕਿਸੇ ਖੂੰਜੇ ਵਿਚ ਚਿਰਾਂ ਤੋਂ ਉਸਲਵੱਟੇ ਲੈਂਦੀ ਰਹੀ ਹੈ।
-ਹਾਇ ਮੈਂ ਇਸ ਬੱਚੇ ਨੂੰ ਕਿੰਨੀਆਂ ਜੋਧੀਆਂ ਨਾਲ ਪਾਲਿਆ ਸੀ ਤੇ ਕਿਤਨਾ ਪੱਥਰ-ਦਿਲ, ਨਿਰਮੋਹਾ ਨਿਕਲਿਆ?
-ਮੈਂ ਹੀ ਉਸ ਨੂੰ ਟਿਕਾਣਾ ਦਿੱਤਾ, ਨੌਕਰੀ ਲਵਾਈ, ਵਿਆਹ ਕਰਵਾਇਆ ਤੇ ਹੁਣ ਮੇਰਾ ਹੀ ਦੁਸ਼ਮਣ ਬਣ ਕੇ ਡੰਗ ਮਾਰ ਗਿਆæææ।
-ਉਹ ਕਰਜ਼ੇ ਨਾਲ ਨੂੜੋ-ਨੂੜ ਸੀ। ਲਹਿਣੇਦਾਰ ਜਾਨੀ-ਦੁਸ਼ਮਣ ਬਣ ਬੈਠੇ। ਕੋਈ ਨਾ ਮਿੱਤਰ-ਸਕਾ ਬਹੁੜਿਆ ਵੇਲੇ ਸਿਰ। ਮੈਂ ਹੀ ਬਾਂਹ ਫੜੀ ਤੇ ਮੁੜ ਖੜ੍ਹਾ ਕੀਤਾ ਤੇ ਹੁਣ ਪਛਾਣਦਾ ਹੀ ਨਹੀਂ ਬੇਕਦਰਾæææ।
ਅਜਿਹੇ ਝੋਰਿਆਂ ਸਾਹਵੇਂ ਕਿਸੇ ਵਿਵੇਕਸ਼ੀਲ ਬੰਦੇ ਦੀ ਇਹੋ ਸਮਝੌਤੀ ਹੁੰਦੀ ਹੈ ਕਿ ਨੇਕੀ ਦੇ ਬਦਲੇ ਨੇਕੀ ਮਿਲੇ, ਇਹ ਜ਼ਰੂਰੀ ਨਹੀਂ। ਤੁਸਾਂ ਜੋ ਕਰਮ ਕੀਤਾ, ਆਪਣੀ ਅੰਤਰ-ਆਤਮਾ ਦੇ ਅਨੁਸਾਰ ਹੀ ਕੀਤਾ। ਤੁਸੀਂ ਕਿਸੇ ਦੇ ਕੰਮ ਆਏ, ਭਲਾ ਕੀਤਾ। ਕੁਝ ਚੰਗਾ ਚੰਗਾ ਕਰ ਕੇ ਤੁਹਾਡਾ ਮਨ ਖੁਸ਼ ਹੋਇਆ।
ਇਹ ਖੁਸ਼ੀ ਹੀ ਤੁਹਾਡਾ ਹਾਸਲ ਹੈ।
ਕਰੋ ਨੇਕੀ ਤੇ ਸੁੱਟੋ ਦਰਿਆ ਵਿਚ। ਅਗਲਾ ਯਾਦ ਰੱਖੇ ਜਾਂ ਨਾ, ਇਹ ਨਾ ਸੋਚੋ।
ਦਰਿਆ ਦਾ ਸੁਭਾਅ ਹੈ ਵਹਿਣਾ। ਲਗਾਤਾਰ ਵਹਿੰਦੇ ਰਹਿਣਾ। ਉਸ ਵਿਚ ਜੋ ਕੁਝ ਵੀ ਡਿੱਗੇਗਾ, ਵਹਿ ਜਾਵੇਗਾ। ਦਰਿਆ ਆਪਣੇ ਵੇਗ ਨਾਲ ਉਸ ਨੂੰ ਅੱਗੇ ਲੈ ਜਾਵੇਗਾ। ਉਹ ਅੱਗੇ ਜਾ ਕੇ ਕਿਸੇ ਹੋਰ ਨੂੰ ਮਿਲ ਜਾਵੇਗਾ ਤੇ ਇੰਜ ਹੀ ਫਿਰ ਕਿਸੇ ਹੋਰ ਹੋਰ ਤੇ ਹੋਰ ਨੂੰ।
ਇਹ ਜ਼ਰੂਰੀ ਨਹੀਂ ਕਿ ਨੇਕੀ ਦਾ ਬਦਲਾ ਤੱਤ-ਪੜੱਤ ਹੀ ਮਿਲ ਜਾਵੇ ਜਾਂ ਬਾਅਦ ਵਿਚ ਮਿਲੇ ਜਾਂ ਕਦੇ ਵੀ ਨਾ ਮਿਲੇ।
ਵੇਲੇ ਸਿਰ ਕੋਈ ਕੰਮ ਆਇਆ ਬੰਦਾ ਸਾਡੇ ਮਨ ‘ਤੇ ਗਹਿਰੀ ਛਾਪ ਛੱਡ ਜਾਂਦਾ ਹੈ। ਸਾਨੂੰ ਉਸ ਦੇ ਕਿਸੇ ਕੰਮ ਆਉਣ ਦਾ ਮੌਕਾ ਮਿਲੇ ਜਾਂ ਨਾ ਵੀ ਮਿਲੇ, ਉਸ ਦੀ ਭਲਾਈ ਸਾਡੇ ਅਵਚੇਤਨ ਵਿਚ ਵਸ ਜਾਂਦੀ ਹੈ। ਆਪਣੇ ਵਰਗੀ ਹੀ ਕਸੂਤੀ ਦਸ਼ਾ ਵਿਚ ਕਿਸੇ ਹੋਰ ਨੂੰ ਫਾਥੇ ਵੇਖ ਕੇ ਉਹ ਭਲਾਈ ਸਾਨੂੰ ਵੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਅੱਗਿਉਂ ਉਸ ਦੇ ਚੇਤੇ ਵਿਚ ਵਸ ਗਈ ਸਾਡੀ ਹਮਦਰਦੀ ਉਸ ਨੂੰ ਵੀ ਕਿਸੇ ਹੋਰ ਦੇ ਕੰਮ ਆਉਣ ਲਈ ਪ੍ਰੇਰਦੀ ਹੈ। ਉਹ ਵੀ ਕਿਸੇ ਨੂੰ ਬਿਪਤਾ ‘ਚੋਂ ਉਭਾਰ ਕੇ ਤੁਰਦਾ ਬਣਦਾ ਹੈ; ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ।
ਸਫ਼ਰ ਕਰਦਿਆਂ ਕਿੰਨੀਆਂ ਔਕੜਾਂ ਆਉਂਦੀਆਂ ਹਨ। ਕਿੰਨੀਆਂ ਨੇਕ ਰੂਹਾਂ ਮਿਲਦੀਆਂ ਹਨ ਜੋ ਆਪਣੀ ਜਾਨ ਜੋਖਮ ਵਿਚ ਪਾ ਕੇ ਜਾਂ ਜਾਨ ਦੀ ਬਾਜ਼ੀ ਲਾ ਕੇ ਵੀ ਅਜਨਬੀਆਂ ਦੀਆਂ ਜਾਨਾਂ ਬਚਾ ਜਾਂਦੀਆਂ ਹਨ।
ਹੈ ਕੋਈ ਨੇਕੀ ਦੀ ਸੀਮਾ ਜਾਂ ਅੰਤ?
ਨੇਕੀ ਦਾ ਦਰਿਆ ਵਹਿੰਦਾ ਰਿਹਾ ਹੈ ਤੇ ਵਹਿੰਦਾ ਰਹੇਗਾ। ਅਜ਼ਲ ਤੋਂ ਕਿਆਮਤ ਤੱਕ।
ਖੂਹ ਵਿਚ ਬਦੀ ਹੀ ਸੁੱਟਣੀ ਬਣਦੀ ਹੈ, ਨੇਕੀ ਨਹੀਂ।
ਦਰਿਆ ਦੇ ਰਾਹ ਵਿਚ ਜੇ ਖੂਹ ਵੀ ਆ ਜਾਵੇ ਤਾਂ ਉਹ ਦਰਿਆ ਬਣ ਜਾਂਦਾ ਹੈ। ਖੂਹ ਵਿਚ ਸੁੱਟੀ ਬਦੀ ਵਹਿੰਦੇ ਦਰਿਆ ਦੀ ਨੇਕੀ ਵਿਚ ਘੁਲ ਮਿਲ ਦਰਿਆ ਦਰਿਆ ਹੋ ਜਾਂਦੀ ਹੈ। ਉਹ ਵਿਛਦੀ ਜਾਂਦੀ ਹੈ ਅਤੇ ਅੱਗੇ ਅਗੇਰੇ ਥਾਂ ਥਾਂ ‘ਤੇ ਨੇਕੀਓ-ਨੇਕੀ ਹੁੰਦੀ-ਥੀਂਦੀ ਤੇ ਜਾ ਰਲਦੀ ਹੈ ਸਾਗਰ ਨਾਲ।
ਸਾਗਰ! ਨੇਕੀ ਦਾ ਸਾਗਰ। ਜਿਸ ਦਾ ਦਸਤੂਰ ਹੈ ਵੱਸਣਾ ਤੇ ਵਿਛਣਾ। ਭਾਫ਼ੋ-ਭਾਫ਼। ਬੱਦਲ ਬਣ। ਆਪਾ ਵਾਰ ਕੇ।
ਬਦਲ ਬਦਲ ਹੋਈ ਨੇਕੀ ਦੇ ਰਾਹ ਵਿਚ ਵਿਰੋਧ ਦੇ ਹਿਮਾਲਿਆਵਾਂ ਦਾ ਰੋਕ-ਟੋਕ ਬਣ ਕੇ ਖੜੋਣਾ ਵੀ ਕੁਦਰਤ ਦਾ ਦਸਤੂਰ ਹੈ ਤੇ ਦਸਤੂਰ ਹੀ ਹੈ ਨੇਕੀ ਦਾ ਵੀ, ਉਨ੍ਹਾਂ ਪਹਾੜਾਂ ਨਾਲ ਟਕਰਾਣਾ ਤੇ ਵੱਸਣਾ ਵੀ।
ਵੱਸ ਵੱਸ, ਜ਼ਰੇ ਜ਼ਰੇ ਤੇ ਜਣੇ ਖਣੇ ਨੂੰ ਨਿਹਾਲ ਕਰਦੀ ਹੈ ਨੇਕੀ; ਤੇ ਮੁੜ ਸੁਰਜੀਤ ਹੋਇਆ ਕਣ ਕਣ ਕਰ ਉਠਦਾ ਹੈ:
ਵਾਹ ਵਾਹ!
ਸੁਬਹਾਨ ਅੱਲ੍ਹਾ।