ਗੁਲਜ਼ਾਰ ਸਿੰਘ ਸੰਧੂ
1954-55 ਦੀ ਗੱਲ ਹੈ, ਇੱਕ ਸਿੱਖ ਨੌਜਵਾਨ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਰਚਾਏ ਗਏ ਵਿਸ਼ਾਲ ਕਮਿਊਨਿਸਟ ਸਮਾਗਮ ਵਿਚ ਸਾਥੀ ਏ ਕੇ ਗੋਪਾਲਨ ਦੇ ਭਾਸ਼ਣ ਨੂੰ ਉਸ ਦੀ ਅੰਗਰੇਜ਼ੀ ਨਾਲੋਂ ਵੀ ਚੁਸਤ ਪੰਜਾਬੀ ਵਿਚ ਨਾਲੋ ਨਾਲ ਉਲਥਾਈ ਜਾ ਰਿਹਾ ਸੀ। ਬੋਲੇ ਜਾਂਦੇ ਵਾਕ ਚੁਸਤ ਦਰੁਸਤ ਤੇ ਸਰਲ ਸਪਸ਼ਟ।
ਜਦੋਂ ਉਸ ਨੇ ਕਮਿਊਨਿਸਟ ਲਹਿਰ ਦੀ ਕਿਸੇ ਪ੍ਰਾਪਤੀ ਨੂੰ ਘਾਲਣਾ ਘਾਲ ਕੇ ਪ੍ਰਾਪਤ ਹੋਈ ਕਹਿਣ ਦੀ ਥਾਂ ਇਹ ਕਿਹਾ ਕਿ ਇਹ ‘ਪੈਰ ਥੱਲੇ ਬਟੇਰਾ’ ਨਹੀਂ ਸੀ ਆਇਆ ਤਾਂ ਮੈਂ ਉਸ ਨੌਜਵਾਨ ਦਾ ਨਾਂ ਪੁੱਛੇ ਬਿਨਾ ਨਾ ਰਹਿ ਸਕਿਆ। ਮੈਨੂੰ ਦੱਸਿਆ ਗਿਆ ਕਿ ਉਹ ਕਵੀ ਪ੍ਰੀਤਮ ਸਿੰਘ ਸਫੀਰ ਦਾ ਭਰਾ ਹੈ, ਜਗਜੀਤ ਸਿੰਘ ਆਨੰਦ।
ਉਸ ਤੋਂ ਪਿੱਛੋਂ ਮੈਂ ਐਮ ਐਸ ਰੰਧਾਵਾ ਦੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦਾ ਮੁਖੀ ਬਣਦੇ ਸਾਰ ਖੇਤੀਬਾੜੀ ਸਬੰਧੀ ਛਪਦਾ ਸਾਹਿਤ ਤਾਮਿਲ, ਤੈਲੂਗੂ, ਬੰਗਾਲੀ, ਮਰਾਠੀ ਆਦਿ ਭਾਸ਼ਾਵਾਂ ਸਮੇਤ ਪੰਜਾਬੀ ਵਿਚ ਵੀ ਛਪਵਾਉਣਾ ਸ਼ੁਰੂ ਕੀਤਾ। ਇਸ ਕੰਮ ਦਾ ਪ੍ਰਚਾਰ ਕਰਨ ਲਈ ਇਨ੍ਹਾਂ ਭਾਸ਼ਾਵਾਂ ਦੇ ਸਮਾਚਾਰ ਪੱਤਰਾਂ ਵਿਚ ਵਿਗਿਆਪਨ ਦੇਣਾ ਸੀ ਤਾਂ ਦਫ਼ਤਰ ਵਾਲਿਆਂ ਨੇ ਸਬੰਧਤ ਅਖਬਾਰਾਂ ਦੀ ਛਪਣ ਗਿਣਤੀ ਪੁੱਛੀ। ਜਿੱਥੇ ਬਾਕੀ ਭਾਸ਼ਾਵਾਂ ਦੇ ਅੰਕੜੇ ਹਜ਼ਾਰਾਂ ਵਿਚ ਸਨ, ਪੰਜਾਬੀ ਪ੍ਰੀਤ ਲੜੀ ਦੋ ਹਜ਼ਾਰ ਛਪਦੀ ਸੀ, ਅਜੀਤ ਡੇਢ ਤੇ ਨਵਾਂ ਜ਼ਮਾਨਾ ਕੇਵਲ ਪੰਜ ਸੌ। ਬਿਜ਼ਨਸ ਮੈਨੇਜਰ ਪ੍ਰੇਸ਼ਾਨ ਕਿ ਏਨੀ ਥੋੜ੍ਹੀ ਛਪਣ ਗਿਣਤੀ ਵਾਲੇ ਅਖਬਾਰਾਂ ਨੂੰ ਵਿਗਿਆਪਨ ਕਿਵੇਂ ਦਿੱਤਾ ਜਾਵੇ। ਡਾæ ਰੰਧਾਵਾ ਨੇ ਗਿਣਤੀ-ਮਿਣਤੀ ਵਿਚ ਪੈਣ ਦੀ ਥਾਂ ਹਰ ਭਾਸ਼ਾ ਦੀਆਂ ਉਤਲੀਆਂ ਤਿੰਨ ਅਖਬਾਰਾਂ ਨੂੰ ਵਿਗਿਆਪਨ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਲਈ ਤਿੰਨਾਂ ਵਿਚ ‘ਨਵਾਂ ਜ਼ਮਾਨਾ’ ਵੀ ਆ ਜਾਂਦਾ ਸੀ। ਜਗਜੀਤ ਸਿੰਘ ਆਨੰਦ ਅੱਧੀ ਸਦੀ ਤੋਂ ਵੱਧ ਇਸ ਪਰਚੇ ਦਾ ਸੰਪਾਦਕ ਰਿਹਾ।
ਜਦੋਂ ਸੋਵੀਅਤ ਦੇਸ ਨੇ ਉਤਮ ਰੂਸੀ ਸਾਹਿਤ ਦਾ ਪੰਜਾਬੀ ਉਲਥਾ ਕਰਵਾਉਣਾ ਸ਼ੁਰੂ ਕੀਤਾ ਤਾਂ ਤੁਰਤ ਫੁਰਤ ਅਨੁਵਾਦ ਕਰਨ ਵਿਚ ਆਨੰਦ ਦਾ ਕੋਈ ਸਾਨੀ ਨਹੀਂ ਸੀ। ਫਲਸਤੀਨਾਂ ਲਈ ‘ਸਫੈਦਪੋਸ਼’ ਤੇ ਸਿਆਸੀ ਬਦਲਾਖੋਰੀ ਲਈ ‘ਕੈੜ ਕਢਣ’ ਜਿਹੇ ਸ਼ਬਦ ਵਰਤਣ ਵਾਲੀ ਸ਼ੈਲੀ ਸੀ, ਉਸ ਦੀ। ‘ਪੈਰ ਥੱਲੇ ਬਟੇਰੇ’ ਨਾਲ ਮਿਲਦੀ ਜੁਲਦੀ।
ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕੰਮ ਕਰਨ ਲੱਗਿਆ ਤਾਂ ਉਹ ਰੂਪ ਸਿੰਘ ਰੂਪ ਨਾਂ ਦੇ ਕਰਮਚਾਰੀ ਯੂਨੀਅਨ ਵਾਲੇ ਚੇਲੇ ਨੂੰ ਨਾਲ ਲੈ ਕੇ ਮੇਰੇ ਦਫਤਰ ਆ ਧਮਕਿਆ। ਕੇਵਲ ਇਹ ਕਹਿਣ ਕਿ ਸਾਨੂੰ ਇੱਕ ਦੂਜੇ ਦਾ ਖਿਆਲ ਰਖਣਾ ਚਾਹੀਦਾ ਹੈ। ਰੂਪਾ ਰਾਜ ਪੱਧਰ ਦਾ ਪ੍ਰਧਾਨ ਸੀ, ਆਨੰਦ ਰਾਸ਼ਟਰੀ ਪੱਧਰ ਦਾ। ਜਦੋਂ ਰੂਪਾ ਸੇਵਾ ਮੁਕਤ ਹੋਣ ਤੋਂ ਪਿੱਛੋਂ ਅਮਰੀਕਾ ਜਾ ਕੇ ਪਟਰੌਲ ਪੰਪਾਂ ਦਾ ਮਾਲਕ ਹੋ ਗਿਆ ਤਾਂ ਉਸ ਨੇ ਆਨੰਦ ਦੇ ਨਾਂ ਉਤੇ 21,000 ਰੁਪਏ ਦਾ ਪੰਜਾਬੀ ਵਾਰਤਕ ਸਨਮਾਨ ਸਥਾਪਤ ਕੀਤਾ ਜਿਹੜਾ ਚੰਗੇ ਵਾਰਤਕ ਲੇਖਕ ਨੂੰ ਦਿੱਤਾ ਜਾਂਦਾ ਹੈ। ਉਹ ਇਹ ਇਨਾਮ ਹਰ ਵਰ੍ਹੇ ਪੰਜਾਬੀ ਅਕਾਡਮੀ ਲੁਧਿਆਣਾ ਤੋਂ ਦਿਵਾਉਂਦਾ ਹੈ।
ਆਪਣੇ ਸਮੇਂ ਦੇ ਸਿੱਖ ਵਿਦਿਆ ਸ਼ਾਸਤਰੀ ਮਹਿਤਾਬ ਸਿੰਘ ਦਾ ਪੁੱਤਰ ਤੇ ਤਰਨ ਤਾਰਨ ਦਾ ਜੰਮਪਲ ਜਗਜੀਤ ਸਿੰਘ ਆਨੰਦ ਖੱਬੇ ਪੱਖੀ ਵਿਚਾਰਧਾਰਾ ਦਾ ਧਾਰਨੀ ਸੀ। ਉਹ ਆਪਣੀ ਧਾਰਨਾ ਉਤੇ ਪਹਿਰਾ ਦਿੰਦਿਆਂ ਕਈ ਵਾਰ ਜੇਲ੍ਹ ਵੀ ਗਿਆ। ਇਸ ਲਹਿਰ ਵਿਚ ਉਸ ਦਾ ਯੋਗਦਾਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਭਗਤ ਸਿੰਘ ਬਿਲਗਾ ਤੋਂ ਰਤਾ ਵਖਰਾ ਤੇ ਬੁਧੀਜੀਵੀਆਂ ਵਾਲਾ ਸੀ। ਹੁਣ ਉਹ ਤਿੰਨੇ ਕੂਚ ਕਰ ਚੁੱਕੇ ਹਨ। ਉਪਰ ਜਾ ਕੇ ਕੌਣ ਕੀ ਕਰਦਾ ਹੈ ਉਪਰ ਵਾਲਾ ਜਾਣੇ। ਅਸੀਂ ਤਾਂ ਉਨ੍ਹਾਂ ਨੂੰ ਚੇਤੇ ਕਰਨ ਵਾਲੇ ਹਾਂ। ਉਨ੍ਹਾਂ ਦੀ ਦੇਣ ਨੂੰ।
ਰੰਗ ਮੰਚ ਦੀ ਰਾਜਧਾਨੀ ਚੰਡੀਗੜ੍ਹ ਤੋਂ: ਇਸ ਵਾਰ ਚੰਡੀਗੜ੍ਹ ਸੰਗੀਤ ਨਾਟਕ ਅਕਾਡਮੀ ਵੱਲੋਂ ਟੈਗੋਰ ਥੀਏਟਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਮੇਲੇ ਵਿਚ ਬਹੁਤ ਵਧੀਆ ਨਾਟਕ ਵੇਖਣ ਨੂੰ ਮਿਲੇ। ਪਾਲੀ ਭੂਪਿੰਦਰ ਦਾ ‘ਦਿੱਲੀ ਰੋਡ ਤੇ ਇੱਕ ਹਾਦਸਾ’ ਅਤੇ ਸੁਹੇਲਾ ਕਪੂਰ ਵੱਲੋਂ ਸਪੈਨਿਸ਼ ਨਾਟਕਕਾਰ ਲੋਰਿਕਾ ਦਾ ਭਾਰਤੀ ਮਾਹੌਲ ਵਿਚ ਢਾਲਿਆ ‘ਬੇਬੇ ਦਾ ਚੰਬਾ’ ਤਾਂ ਬੜੇ ਹੀ ਕਮਾਲ ਦੇ ਸਨ। ਪਹਿਲੇ ਨਾਟਕ ਵਿਚ ਅਨੀਤਾ ਸ਼ਬਦੀਸ਼ ਦੀ ਸੋਲੋ ਪੇਸ਼ਕਾਰੀ (ਮਨ ਬਚਨੀ) ਉਤਮਤਾ ਦੀਆਂ ਸਿਖਰਾਂ ਛੂਹਣ ਵਾਲੀ ਸੀ। ਉਸ ਨੇ ਇਕੱਲੀ ਨੇ ਪੰਜ ਪਾਤਰਾਂ ਦਾ ਰੋਲ ਬਿਨਾ ਸਾਹ ਲਿਆਂ ਨਿਭਾਇਆ। ਉਂਜ ਵੀ ਇਹ ਨਾਟਕ ਇਕ ਤਰ੍ਹਾਂ ਨਾਲ ਰਾਮਾਇਣ ਦਾ ਵਰਤਮਾਨ ਰੂਪ ਸੀ ਜਿਸ ਵਿਚ ਨਾਇਕ ਤੇ ਖਲਨਾਇਕ ਆਪਣੇ ਨਿਸਚਿਤ ਕਿਰਦਾਰ ਤੋਂ ਉਲਟਾ ਰੋਲ ਕਰ ਕੇ ਵੀ ਨਾਇਕ ਤੇ ਖਲਨਾਇਕ ਹੀ ਰਹਿੰਦੇ ਹਨ। ਕਿਵੇਂ? ਇਸੇ ਵਿਚ ਅਨੀਤਾ ਸ਼ਬਦੀਸ਼ ਦੀ ਪੇਸ਼ਕਾਰੀ ਉਭਰਦੀ ਹੈ। ਪੌਣੇ ਦੋ ਘੰਟੇ ਦੀ ਤੇਜ਼ ਤਰਾਰ ਵਾਰਤਾਲਾਪ ਕਿਵੇਂ ਕੰਠ ਕੀਤੀ ਹੋਵੇਗੀ, ਸੋਚ ਕੇ ਹੈਰਾਨ ਰਹਿ ਜਾਈਦਾ ਹੈ।
‘ਬੇਬੇ ਦਾ ਚੰਬਾ’ ਵਿਚ ਸੁਹੇਲਾ ਕਪੂਰ ਨੇ ਲੋਰਿਕਾ ਦੇ ਨਾਟਕ ਨੂੰ ਦੇਸ਼ ਵੰਡ ਵੇਲੇ ਦੀਆਂ ਉਨ੍ਹਾਂ ਸਥਿਤੀਆਂ ਨਾਲ ਜੋੜਿਆ ਹੈ ਜਿਨ੍ਹਾਂ ਵਿਚ ਅੱਧੀ ਦਰਜਨ ਜਵਾਨ ਜਹਾਨ ਧੀਆਂ ਨੂੰ ਮੈਲੀਆਂ ਨਜ਼ਰਾਂ ਤੋਂ ਦੂਰ ਰਖਣ ਹਿੱਤ ਬੇਬੇ ਆਪਣੇ ਘਰ ਦੀ ਚਾਰਦੀਵਾਰੀ ਵਿਚ ਹੀ ਡੱਕੀ ਰਖਦੀ ਹੈ। ਉਹ ਆਪਣੀਆਂ ਵਾਸਨਾ ਰੁਚੀਆਂ ਨੂੰ ਗੱਲੀਂ ਬਾਤੀਂ ਢਾਰਸ ਦਿੰਦੀਆਂ ਹਨ। ਪਰ ਸਭ ਤੋਂ ਛੋਟੀ ਬੇਬੇ ਵਿਰੁੱਧ ਬਗਾਵਤ ਕਰਕੇ ਆਪਣੀ ਜਾਨ ਤੇ ਖੇਲ੍ਹ ਜਾਂਦੀ ਹੈ। ਲੋਰਿਕਾ ਦੀ ਇਹ ਕਹਾਣੀ ਇਸ ਤੋਂ ਪਹਿਲਾਂ ਗੋਵਿੰਦ ਨਿਹਲਾਨੀ ਨੇ ‘ਰੁਕਮਾਵਤੀ ਦੀ ਹਵੇਲੀ’ ਵਿਚ ਫਿਲਮਾਈ ਸੀ। ਉਦੋਂ ਵੀ ਬਹੁਤ ਪਸੰਦ ਕੀਤੀ ਗਈ ਸੀ। ਟੈਗੋਰ ਥੀਏਟਰ ਵਾਲਾ ਨਵਾਂ ਰੂਪ ਦਿੱਲੀ ਦੇ ਕਾਤੀਆਨੀ ਗਰੁਪ ਨੇ ਪੇਸ਼ ਕੀਤਾ ਹੈ। ਸੰਗੀਤ ਨਾਟਕ ਅਕਾਡਮੀ ਦੀ ਚੋਣ ਦਾਦ ਦੀ ਹੱਕਦਾਰ ਹੈ। ਐਵੇਂ ਤਾਂ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਤਾ-ਧਰਤਾ ਤੇ ਪੰਜਾਬ ਰਾਜਪਾਲ ਦੇ ਸਲਾਹਕਾਰ ਵਿਜੇ ਦੇਵ ਆਪਣੇ ਰੁਝੇਵਿਆਂ ਵਿਚੋਂ ਸਮਾਂ ਕਢ ਕੇ ਇਸ ਨੂੰ ਵੇਖਣ ਆਏ ਤੇ ਖੁਸ਼ ਹੋ ਕੇ ਗਏ। ਸੰਗੀਤਾ ਗੁਪਤਾ ਦੀ ਪੇਸ਼ਕਾਰੀ ਤੋਂ ਵੀ ਇਹੀਓ ਆਸ ਰੱਖੀ ਜਾ ਸਕਦੀ ਹੈ।
ਇਨ੍ਹਾਂ ਨਾਟਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਚੰਡੀਗੜ੍ਹ ਸੱਚ ਮੁੱਚ ਹੀ ਰੰਗ ਮੰਚ ਦੀ ਰਾਜਧਾਨੀ ਬਣ ਚੁੱਕਾ ਹੈ। ਅੱਜ ਦੇ ਦਿਨ ਇਥੇ ਇਕ ਦਰਜਨ ਨਾਟਕੀ ਸੰਸਥਾਵਾਂ ਹਨ ਅਤੇ ਪੰਜਾਬ ਤੇ ਚੰਡੀਗੜ੍ਹ ਦੀਆਂ ਆਪੋ ਆਪਣੀਆਂ ਸੰਗੀਤ ਨਾਟਕ ਅਕਾਡਮੀਆਂ। ਇਸ ਖੇਤਰ ਵਿਚ ਚੰਡੀਗੜ੍ਹ ਨੇ ਦਿੱਲੀ ਨੂੰ ਕਿਵੇਂ ਮਾਤ ਪਾਇਆ, ਇਸ ਵਿਸ਼ੇ ਉਤੇ ਡਾਕਟਰੇਟ ਕੀਤੀ ਜਾ ਸਕਦੀ ਹੈ।
ਸਾਡੇ ਪਿੰਡ ਦਾ ਜੱਟ ਫਿਲਾਸਫਰ: ਨੇਪਾਲ ਵਿਚ ਆਏ ਭੁਚਾਲ ਦੇ ਝਟਕਿਆਂ ਦੀ ਗੱਲ ਹੋ ਰਹੀ ਸੀ ਤਾਂ ਮੇਰੇ ਪਿੰਡ ਦਾ ਅਨਪੜ੍ਹ ਜਟ ਬੋਲਿਆ, ‘ਦੇਖਦੇ ਨਹੀਂ ਅੱਜ ਦੇ ਟਿਉਬਵੈਲ ਧਰਤੀ ਹੇਠਲਾ ਪਾਣੀ ਕਿਵੇਂ ਖਿੱਚ ਰਹੇ ਨੇ! ਧਰਤੀ ਥੱਲੇ ਅੱਗ ਨਾ ਲਗੇ ਤਾਂ ਹੋਰ ਕੀ ਹੋਵੇ?’
ਅੰਤਿਕਾ: (ਦਿਲਾਵਰ ਫਿਗਾਰ)
ਸੁਨਾ ਹੈ ਬਾਪ ਨੇ ਬੇਟੇ ਕੋ ਅਪਨੇ ਯੇਹ ਨਸੀਹਤ ਦੀ
ਨਹੀਂ ਸਰਵਿਸ ਮੇਂ ‘ਏ’ ਕੀ ਸ਼ਰਬਤ, ‘ਬੀ’ ਯਾ ‘ਸੀ’ ਭੀ ਬਨ ਜਾਨਾ।
ਜਗ੍ਹਾ ਕੈਸੀ ਭੀ ਹੋ ਯੇਹ ਦੇਖਨਾ ਹੈ ਮਹਿਕਮਾ ਕੈਸਾ
ਅਗਰ ਕਸਟਮ ਮੇਂ ਮਿਲ ਜਾਏ ਤੋ ਚਪਰਾਸੀ ਭੀ ਬਨ ਜਾਨਾ।