ਕੀਰਤ ਕਾਸ਼ਣੀ
ਤੁਰਕੀ ਦੀ ਉਭਰ ਰਹੀ ਗਾਇਕਾ ਮੁਤਲੂ ਕਾਇਆ ਤਕਰੀਬਨ ਡੇਢ ਮਹੀਨੇ ਬਾਅਦ ਕੋਮਾ ਤੋਂ ਬਾਹਰ ਆਈ ਹੈ। ਉਸ ਦੇ ਹਠ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਅਤੇ ਉਹ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਆਖ ਰਹੇ ਹਨ। 18 ਮਈ ਨੂੰ ਕਾਇਆ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਗਈ ਸੀ।
ਉਹ ਤੁਰਕੀ ਦੇ Ḕਗੌਟ ਟੇਲੈਂਟḔ ਪ੍ਰੋਗਰਾਮ ਵਿਚ ਹਿੱਸਾ ਲੈ ਰਹੀ ਸੀ ਅਤੇ ਔਰਤ ਵਿਰੋਧੀ ਜਨੂੰਨੀਆਂ ਨੇ ਉਸ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਵਰਜਿਆ ਸੀ। ਨਾਲ ਹੀ ਧਮਕੀ ਦਿਤੀ ਸੀ ਕਿ ਜੇ ਉਸ ਨੇ ਇਸ ਸ਼ੋਅ ਵਿਚ ਹਿੱਸਾ ਲਿਆ ਤਾਂ ਉਸ ਦੀ ਜਾਨ ਦੀ ਖੈਰ ਨਹੀਂ, ਪਰ 19 ਸਾਲਾ ਕਾਇਆ ਨੇ ਪਾਕਿਸਤਾਨੀ ਕੁੜੀ ਯੂਸਫਜ਼ਈ ਮਲਾਲਾ ਵਾਂਗ ਇਨ੍ਹਾਂ ਧਮਕੀਆਂ ਦੀ ਉਕਾ ਪਰਵਾਹ ਨਹੀਂ ਕੀਤੀ; ਸਗੋਂ ਐਲਾਨ ਕੀਤਾ ਕਿ ਉਹ Ḕਸੇਸੀ ਕੌਕ ਗ਼ਜ਼ਲḔ ਨਾਂ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲੈਵੇਗੀ। ਯਾਦ ਰਹੇ, ਮਲਾਲਾ ਨੂੰ ਵੀ ਤਾਲਿਬਾਨ ਨੇ ਸਿਰ ਵਿਚ ਗੋਲੀ ਮਾਰੀ ਸੀ।
ਕਾਇਆ ਤੁਰਕੀ ਦੇ ਦਿਆਰਬਾਕਰ ਸੂਬੇ ਦੀ ਰਹਿਣ ਵਾਲੀ ਹੈ ਜਿਥੇ ਕੁਰਦ ਬਹੁਮਤ ਵਿਚ ਹਨ। ਸੂਬੇ ਵਿਚ ਭਾਵੇਂ ਔਰਤਾਂ ਦੀ ਆਜ਼ਾਦੀ ਲਈ ਤਕੜੀਆਂ ਲਹਿਰਾਂ ਚੱਲਦੀਆਂ ਰਹੀਆਂ ਹਨ ਪਰ ਸਮਾਜ ਦਾ ਇਕ ਹਿੱਸਾ ਅਜੇ ਵੀ ਰੂੜੀਵਾਦੀ ਹੈ। ਹੋਰ ਤਾਂ ਹੋਰ ਤੁਰਕੀ ਦੇ ਰਾਸ਼ਟਰਪਤੀ ਰਿਸਪ ਤਯਪ ਇਰਦੋਗਨ ਦਾ ਕਹਿਣਾ ਹੈ ਕਿ ਮਰਦ ਅਤੇ ਔਰਤਾਂ ਬਰਾਬਰ ਨਹੀਂ ਹਨ, ਬਲਕਿ ਇਹ ਇਕ-ਦੂਜੇ ਨਾਲ ਮਿਲ ਕੇ ਹੀ ਮੁਕੰਮਲ ਹੁੰਦੇ ਹਨ।
ਕਾਇਆ ‘ਤੇ ਹਮਲੇ ਦੇ ਦੋਸ਼ ਵਿਚ ਉਸ ਦੇ ਸਾਬਕਾ ਪ੍ਰੇਮੀ 26 ਸਾਲਾ ਵੇਸਲ ਇਰਕਾਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਰਕਾਨ ਦਾ ਕਹਿਣਾ ਹੈ ਕਿ ਉਸ ਨੇ ਕਾਇਆ ਨੂੰ ਪ੍ਰੋਗਰਾਮ ਵਿਚ ਜਾਣ ਤੋਂ ਰੋਕਿਆ ਜ਼ਰੂਰ ਸੀ, ਪਰ ਹਮਲੇ ਵਿਚ ਉਸ ਦਾ ਹੱਥ ਨਹੀਂ ਹੈ। ਉਸ ਨੇ ਤਾਂ ਉਲਟਾ ਕਾਇਆ ਉਤੇ ਦੋਸ਼ ਲਗਾਇਆ ਕਿ ਉਸ ਨੂੰ ਮਿਲਣ ਤੋਂ ਬਾਅਦ ਉਹ ਦਾਰੂ ਅਤੇ ਤਮਾਕੂ ਪੀਣ ਲੱਗ ਪਿਆ ਹੈ। ਉਸ ਮੁਤਾਬਕ ਕਾਇਆ ਵੱਲੋਂ ਦਿੱਤੀਆਂ ਪ੍ਰੇਸ਼ਾਨੀਆਂ ਨੇ ਹੀ ਉਸ ਨੂੰ ਇਸ ਪਾਸੇ ਧੱਕਿਆ ਹੈ।
ਕਾਇਆ ਉਤੇ ਹਮਲੇ ਤੋਂ ਬਾਅਦ ਤੁਰਕੀ ਵਿਚ ਔਰਤਾਂ ਖਿਲਾਫ਼ ਹਿੰਸਾ ਵਿਰੁਧ ਰੋਹ ਅਤੇ ਰੋਸ ਵੱਡੇ ਪੱਧਰ ਉਤੇ ਫੈਲ ਗਿਆ। ਮੁਲਕ ਵਿਚ ਔਰਤਾਂ ਦੀ ਵੱਡੀ ਗਿਣਤੀ ਘਰੇਲੂ ਹਿੰਸਾ ਦੀ ਸ਼ਿਕਾਰ ਹੋ ਰਹੀ ਹੈ। ਗੈਰ-ਸਰਕਾਰੀ ਸੰਸਥਾ (ਐਨæਜੀæਓæ) Ḕਪਲੇਟਫਾਰਮ ਟੂ ਸਟੌਪ ਵਾਇਲੈਂਸ ਅਗੇਂਸਟ ਵਿਮੈਨḔ ਦੀ ਰਿਪੋਰਟ ਅਨੁਸਾਰ 2014 ਵਿਚ 286 ਪਤੀਆਂ ਨੇ ਆਪਣੀਆਂ ਪਤਨੀਆਂ ਨੂੰ ਕਤਲ ਕੀਤਾ। 2015 ਵਿਚ ਹੁਣ ਤੱਕ ਅਜਿਹੀ ਘਰੇਲੂ ਹਿੰਸਾ ਵਿਚ 134 ਔਰਤਾਂ ਦੀ ਜਾਨ ਜਾ ਚੁੱਕੀ ਹੈ।
ਹੋਸ਼ ਵਿਚ ਆਈ ਕਾਇਆ ਨੇ ਦੱਸਿਆ ਕਿ ਜਦੋਂ ਉਹ ਸ਼ੋਅ ਵਿਚ ਸ਼ਾਮਲ ਹੋਣ ਵਾਲੇ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਈ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਉਸ ਵੇਲੇ ਪ੍ਰਸਿੱਧ ਲੋਕ ਗਾਇਕ ਸਿਬਲ ਕਾਨ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਇਸ ਕੁੜੀ ਨੂੰ ਗਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ, ਇਸ ਦੀ ਆਵਾਜ਼ ਵਿਚ ਬੜਾ ਦਮ ਹੈ ਅਤੇ ਇਹ ਸੁਰਾਂ ਤੇ ਸੰਗੀਤ ਦੀ ਦੁਨੀਆਂ ਵਿਚ ਬਹੁਤ ਲੰਮਾ ਸਫ਼ਰ ਤੈਅ ਕਰ ਸਕਦੀ ਹੈ।