ਫਿਲਮ ‘ਸੈਕੰਡ ਹੈਂਡ ਹਸਬੈਂਡ’ ਨੇ ਖਿੱਚਿਆ ਬਾਲੀਵੁੱਡ ਦਾ ਧਿਆਨ

ਸੈਨ ਫਰਾਂਸਿਸਕੋ (ਐਸ਼ ਅਸ਼ੋਕ ਭੌਰਾ): ਜੀ ਬੀ ਐਂਟਰਟੇਨਮੈਂਟ ਦੀ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਹਿੰਦੀ ਫਿਲਮ Ḕਸੈਕੰਡ ਹੈਂਡ ਹਸਬੈਂਡḔ ਨੇ ਮੁੰਬਈ ਮਹਾਂਨਗਰੀ ਦਾ ਹੀ ਨਹੀਂ ਸਗੋਂ ਸਮੁੱਚੇ ḔਬਾਲੀਵੁੱਡḔ ਦਾ ਧਿਆਨ ਖਿੱਚ ਕੇ ਨਿਰਮਾਤਾਵਾਂ ਲਈ ਪਰ ਤੋਲਣ ਦਾ ਨਵਾਂ ਮਾਹੌਲ ਸਿਰਜ ਦਿੱਤਾ ਹੈ।

ਫਿਲਮ ਜਗਤ ਦੀਆਂ ਨਾਮੀ ਹਸਤੀਆਂ ਦੀਆਂ ਦਿਲਚਸਪ ਟਿੱਪਣੀਆਂ ਇਹ ਪ੍ਰਭਾਵ ਦਿੰਦੀਆਂ ਹਨ ਕਿ Ḕਸੈਕੰਡ ਹੈਂਡ ਹਸਬੈਂਡḔ ਦੇ ਨਾ ਸਿਰਫ ਬਾਕਸ ਆਫਿਸ Ḕਤੇ ਹਿੱਟ ਹੋਣ ਦੀ ਪੂਰੀ ਸੰਭਾਵਨਾ ਬਣ ਗਈ ਹੈ ਸਗੋਂ ਤਲਾਕ ਵਰਗੇ ਸੰਵੇਦਨਸ਼ੀਲ ਤੇ ਦਰਦ ਭਰੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਹ ਫਿਲਮ ਦਰਸ਼ਕਾਂ ਨੂੰ ਹਾਸੇ ਵਿਚ ਲਪੇਟ ਕੇ ਉਨ੍ਹਾਂ ਦਾ ਪੂਰਾ ਧਿਆਨ ਵੀ ਖਿੱਚਣ ਵਿਚ ਸਫਲ ਹੋਵੇਗੀ। ਆਮਿਰ ਖਾਨ ਨੇ ਆਪਣੀ ਟਿੱਪਣੀ ਵਿਚ ਫਿਲਮ ਨੂੰ Ḕਜੀ ਆਇਆਂḔ ਕਹਿੰਦਿਆਂ ਅਭਿਨੇਤਾ ਗਿੱਪੀ ਗਰੇਵਾਲ ਦੀ ਆਹਲਾ ਅਦਾਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਅਭਿਨੇਤਰੀ ਟੀਨਾ ਆਹੂਜਾ ਦੇ ਪਿਤਾ ਗੋਵਿੰਦਾ ਨੇ ਕਿਹਾ ਹੈ ਕਿ ਜਿਥੇ ਉਸ ਦੀ ਬੇਟੀ ਨੇ ਆਪਣੀ ਪਹਿਲੀ ਵੱਡੀ ਫਿਲਮ ਵਿਚ ਕੰਮ ਕਰਨ ਦਾ ਅਵਸਰ ਲਿਆ, ਉਥੇ ਉਸ ਨੇ ਇਕ ਅਦਾਕਾਰ ਬਾਪ ਦੇ ਕੈਰੀਅਰ ਨੂੰ ਵੀ ਨਵਾਂ ਅਤੇ ਉਤਸ਼ਾਹ ਭਰਿਆ ਹੁੰਗਾਰਾ ਦਿੱਤਾ ਹੈ। ਸਲਮਾਨ ਖਾਨ ਨੇ ਕਿਹਾ ਹੈ ਕਿ ਫਿਲਮ ਨਾ ਸਿਰਫ ਪਰਿਵਾਰ ਨਾਲ ਬਹਿ ਕੇ ਵੇਖਣਯੋਗ ਹੈ ਸਗੋਂ ਮਨੋਰੰਜਨ ਦਾ ਭਰਵਾਂ ਰੂਪ ਵੀ ਹੈ। ਬਿਗ ਬੀ ਅਮਿਤਾਬ ਬਚਨ ਨੇ ਸਮੀਪ ਕੰਗ ਤੇ ਗਾਖਲ ਭਰਾਵਾਂ ਨੂੰ ਫਿਲਮ ਇੰਡਸਟਰੀ Ḕਚ ਨਰੋਏ ਪੈਰੀਂ ਪ੍ਰਵੇਸ਼ ਲਈ ਵਧਾਈ ਅਤੇ ਸ਼ੁਭ ਕਾਮਨਾਵਾਂ ਭੇਜੀਆਂ ਹਨ।
ਤਿੰਨ ਜੁਲਾਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਜੇ ਪਹਿਲਾਂ ਚਰਚਾ ਹੋਈ ਹੈ ਤਾਂ ਫਿਲਮ ਸਮੀਖਿਅਕਾਂ ਦਾ ਮੰਨਣਾ ਹੈ ਕਿ Ḕਗੱਲ ਕੋਈ ਖਾਸḔ ਜ਼ਰੂਰ ਹੈ।
ਅਭਿਨੇਤਰੀ ਟੀਨਾ ਆਹੂਜਾ ਨੇ ਕਿਹਾ ਹੈ ਕਿ ਇਹ ਉਸ ਦਾ ਫਿਲਮੀ ਨਾਮ ਹੈ ਤੇ ਉਂਜ ਉਹ ਅਦਾਕਾਰੀ ਵਾਲੇ ਪਰਿਵਾਰ ਵਿਚ ਸਦਾ ਬਹਾਰ ਅਭਿਨੇਤਾ ਗੋਵਿੰਦਾ ਦੇ ਘਰ ਨਰਮਦਾ ਦੇ ਨਾਂ ਨਾਲ ਪੈਦਾ ਹੋਈ ਹੈ। ਉਹ ਗਿੱਪੀ ਦੇ Ḕਕੈਰੀ ਆਨ ਜੱਟਾḔ ਤੋ ਪੂਰੀ ਤਰ੍ਹਾਂ ਪ੍ਰਭਾਵਿਤ ਸੀ ਤੇ ਉਸ ਨੇ ਫਿਲਮ Ḕਸੈਕੰਡ ਹੈਂਡ ਹਸਬੈਂਡḔ ਵਿਚ ਕੰਮ ਕਰਨ ਲਈ ਆਪ ਨਿਰਦੇਸ਼ਕ ਸਮੀਪ ਕੰਗ ਨਾਲ ਸੰਪਰਕ ਬਣਾਇਆ ਤੇ ਉਨ੍ਹਾਂ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਉਸ ਵਕਤ ਉਹ ਮੁਕਤਾ ਆਰਟਸ ਦੀ ਕਿਸੇ ਫਿਲਮ ‘ਤੇ ਕੰਮ ਕਰ ਰਹੇ ਸਨ, ਫਿਲਮ ਦੀ ਕਹਾਣੀ ਮੈਨੂੰ ਪਸੰਦ ਆਈ ਤੇ ਬਾਪ ਗੋਵਿੰਦਾ ਦੀ ਆਗਿਆ ਨਾਲ ਮੈਂ ਸੈਕਿੰਡ ਹੈਂਡ ਹਸਬੈਂਡ ਦੀ ਹੀਰੋਇਨ ਗੁਰਪ੍ਰੀਤ ਬਣ ਗਈ। ਆਪਣੇ ਇਸ ਕਿਰਦਾਰ ਦੀ ਗੱਲ ਕਰਦਿਆਂ ਉਹ ਆਖਦੀ ਹੈ ਕਿ ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਮੈਂ ਅੱਧੀ ਪੰਜਾਬਣ ਹਾਂ। ਮੈਂ ਫਿਲਮ ਵਿਚ ਵਕੀਲ ਦਾ ਰੋਲ ਕਰ ਰਹੀ ਹਾਂ ਅਤੇ ਗਿੱਪੀ ਮੇਰੇ ਕੋਲ ਤਲਾਕ ਲੈਣ ਲਈ ਆਉਂਦਾ ਹੈ ਤੇ ਮੈਂ ਉਸ ਨੂੰ ਹੋਰ ਫਸਾ ਦਿੰਦੀ ਹਾਂ। ਆਪਣੇ ਪਿਤਾ ਦੀ ਪਛਾਣ ਦਾ ਲਾਹਾ ਮਿਲਣ ਦੀ ਉਹ ਪੂਰੀ ਤਰ੍ਹਾਂ ਆਸਵੰਦ ਹੈ ਪਰ ਉਹ ਇਹ ਵੀ ਮੰਨਦੀ ਹੈ ਕਿ ਧਰਮਿੰਦਰ ਭਾ ਜੀ ਨਾਲ ਨਾ ਸਿਰਫ ਕੰਮ ਕਰਕੇ ਸੁਆਦ ਮਿਲਿਆ ਹੈ ਸਗੋਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ। ਧਰਮ ਭਾ ਜੀ ਨੇ ਇਸ ਫਿਲਮ ਵਿਚ ਸਿੱਧ ਕਰ ਦਿੱਤਾ ਹੈ ਕਿ ਧਰਮਿੰਦਰ ਧਰਮਿੰਦਰ ਹੀ ਹੈ, ਸਦਾ ਬਹਾਰ।
ਇਕ ਹੋਰ ਦਿਲਚਸਪ ਗੱਲ ਇਤਫਾਕਨ ਇਹ ਬਣੀ ਹੈ ਕਿ ਤਿੰਨ ਜੁਲਾਈ ਨੂੰ Ḕਸੈਕੰਡ ਹੈਂਡ ਹਸਬੈਂਡḔ ਰਿਲੀਜ਼ ਹੋ ਰਹੀ ਹੈ ਅਤੇ ਉਸੇ ਦਿਨ ਹੀ ਕ੍ਰਿਕਟਰ ਹਰਭਜਨ ਭੱਜੀ ਦਾ ਜਨਮ ਦਿਨ ਹੈ ਤੇ ਫਿਲਮ ਦੀ ਸਾਈਡ ਹੀਰੋਇਨ ਗੀਤਾ ਬਸਰਾ ਭੱਜੀ ਦੀ ਗਰਲ ਫ੍ਰੈਂਡ ਹੈ। ਗੀਤਾ ਕ੍ਰਿਕਟ ਮੈਚਾਂ ਵਿਚ ਭੱਜੀ ਦੇ ਪਿੱਛੇ ਪਿੱਛੇ ਜਾਂਦੀ ਰਹੀ ਹੈ ਤੇ ਸੁਭਾਵਿਕ ਹੈ ਕਿ ਉਹ ਵੀ ਉਸ ਦੀ ਫਿਲਮ ਦੇ ਹਿੱਟ ਹੋਣ ਲਈ ਸਹਿਯੋਗ ਦੇਵੇਗਾ। ਗੀਤਾ ਅਨੁਸਾਰ ਹਰਭਜਨ ਫਿਲਮਾਂ ਨੂੰ ਬੇਹੱਦ ਪਸੰਦ ਕਰਦਾ ਹੈ ਅਤੇ ਇਹ ਕਾਮੇਡੀ ਛੋਹ ਵਾਲੀ ਫਿਲਮ ਉਸ ਨੂੰ ਵੀ ਚੰਗੀ ਲੱਗੇਗੀ ਤੇ ਮੈਂ ਤਾਂ ਉਸ ਨੂੰ ਸੋਹਣੀ ਲੱਗਦੀ ਹੀ ਹਾਂ।
ਫਿਲਮ ਇੰਸਡਟਰੀ ਵਿਚ ਗਿੱਪੀ ਗਰੇਵਾਲ ਨੂੰ ਜੇ ਹਿੰਦੀ Ḕਚ ਗਾਖਲ ਭਰਾਵਾਂ, ਖਾਸ ਕਰ ਅਮੋਲਕ ਸਿੰਘ ਗਾਖਲ ਨੇ ਬ੍ਰੇਕ ਦਿੱਤੀ ਹੈ ਤਾਂ ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ਉਹ ਐਮਰਜੈਂਸੀ ਬੀਟ ਸੌਂਗ ਨਾਲ ਹਰ ਗੈਰ ਪੰਜਾਬੀ ਦੇ ਦਿਲ ਵਿਚ ਉਤਰਿਆ ਹੋਇਆ ਹੈ। ਉਂਜ ਨਿਰਦੇਸ਼ਕ ਸਮੀਪ ਕੰਗ ਅਨੁਸਾਰ ਗਿੱਪੀ ਦਾ ਹਿੰਦੀ ਬੋਲਣਾ ਗੈਰ ਕੁਦਰਤੀ ਕਿਤੇ ਵੀ ਨਹੀਂ ਲੱਗਦਾ ਤੇ ਉਸ ਨੇ ਅਦਾਕਾਰੀ ਵੀ ਬਾਲੀਵੁੱਡ ਦੇ ਹਾਣ ਦੀ ਹੀ ਕੀਤੀ ਹੈ।
ਫਿਲਮ ਦੇ ਗੀਤ Ḕਮਿੱਠੀ ਮੇਰੀ ਜਾਨḔ ਅਤੇ Ḕਬੈਡ ਬੇਬੀḔ ਨੂੰ ਮਿਲੇ ਯੂ ਟਿਊਬ Ḕਤੇ ਸੋਸ਼ਲ ਮੀਡੀਏ ਦੇ ਅੰਕੜੇ ਦੱਸਦੇ ਹਨ ਕਿ ਇਹ ਮਿਲੀਅਨ ਤੋਂ ਵੱਧ ਲੋਕਾਂ ਦੀ ਪਸੰਦ ਬਣ ਗਏ ਹਨ।
ਮੁੰਬਈ Ḕਚ ਰਹਿ ਕੇ ਦਿਨ ਰਾਤ ਇਕ ਕਰਨ ਵਾਲੇ ਅਮੋਲਕ ਸਿੰਘ ਗਾਖਲ ਦੀ ਮਿਹਨਤ Ḕਤੇ Ḕਸੈਕਿੰਡ ਹੈਂਡ ਹਸਬੈਂਡḔ ਅਮਲੀ ਰੂਪ ਵਿਚ ਕਿੱਥੇ ਆ ਕੇ ਖੜਦੀ ਹੈ, ਇਹ ਦੇਖਣ ਲਈ ਤਿੰਨ ਜੁਲਾਈ ਦਾ ਇੰਤਜ਼ਾਰ ਹੈ।
ਮਨੋਰੰਜਨ ਚਾਹੁਣ ਵਾਲੇ ਦਰਸ਼ਕਾਂ ਨੂੰ ਫਿਲਮ ਦੇਖਣ ਦਾ ਮੈਂ ਵੀ ਸੁਝਾਅ ਦਿਆਂਗਾ।