ਕੁਲਦੀਪ ਕੌਰ
ਰਾਜ ਕਪੂਰ ਦਾ ਸਿਨੇਮਾ ਆਰਥਿਕ ਵੰਡ ਅਤੇ ਜਮਾਤੀ ਟਕਰਾਉ ਦੇ ਸਮਾਜਕ ਨਤੀਜਿਆਂ ਨੂੰ ਪੇਸ਼ ਕਰਦਾ ਸੀ। ਇਸ ਪ੍ਰਸੰਗ ਵਿਚ ‘ਜਾਗਤੇ ਰਹੋ’ ਫਿਲਮ ਮਹੱਤਵਪੂਰਨ ਹੈ। ਇਹ ਫਿਲਮ ਸਾਧਾਰਨ ਪੇਂਡੂ ਨੌਜਵਾਨ ਬਾਰੇ ਹੈ ਜਿਹੜਾ ਪਾਣੀ ਪੀਣ ਲਈ ਇੱਕ ਉਚ-ਕਲਾਸ ਸੁਸਾਇਟੀ ਵਿਚ ਚਲਾ ਜਾਂਦਾ ਹੈ, ਉਥੇ ਉਸ ਨੂੰ ਚੋਰ ਸਮਝ ਲਿਆ ਜਾਂਦਾ ਹੈ। ਪਿੱਛਾ ਕਰ ਰਹੇ ਚੌਕੀਦਾਰ ਤੋਂ ਬਚਣ ਲਈ ਉਹ ਇੱਕ ਤੋਂ ਦੂਜੇ ਫਲੈਟ ਜਾ ਕੇ ਲੁਕਣ ਦੀ ਕੋਸ਼ਿਸ਼ ਕਰਦਾ ਹੈ।
ਇਸ ਕੋਸ਼ਿਸ਼ ਦੌਰਾਨ ਉਹ ਉਚ-ਵਰਗੀ ਅਤੇ ਸਮਾਜ ਦੇ ‘ਸਨਮਾਨਿਤ’ ਤਬਕੇ ਦਾ ਖੋਖਲਾਪਣ, ਲਾਲਚ ਅਤੇ ਬੇਗੈਰਤੀ ਨੂੰ ਨੇੜਿਉਂ ਤੱਕਦਾ ਤੇ ਸੁਣਦਾ ਹੈ। ਬਿਲਕੁਲ ਸੁੰਨ ਹੋਇਆ ਜਦੋਂ ਉਹ ਇੱਕ ਫਲੈਟ ਵਿਚ ਸਮਾਜਵਾਦੀ ਵਿਚਾਰਾਂ ਵਾਲੀ ਕੁੜੀ ਨੂੰ ਮਿਲਦਾ ਹੈ ਤਾਂ ਕੁੜੀ ਉਸ ਦੀ ਨਿਰਾਸ਼ਾ ਤੇ ਉਦਾਸੀ ਨੂੰ ਤਰਕ ਤੇ ਉਮੀਦ ਨਾਲ ਦੂਰ ਕਰ ਦਿੰਦੀ ਹੈ। ਜਦੋਂ ਉਹ ਹਾਲਾਤ ਦਾ ਸਾਹਮਣਾ ਕਰਨ ਲਈ ਬਾਹਰ ਸੜਕ ‘ਤੇ ਨਿਕਲਦਾ ਹੈ ਤਾਂ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਕਿਸੇ ਨੂੰ ਉਹਦੀ ਕੋਈ ਪਰਵਾਹ ਹੀ ਨਹੀਂ।
ਰਾਜ ਕਪੂਰ ਬਤੌਰ ਨਿਰਦੇਸ਼ਕ ਫਿਲਮ ‘ਆਗ’ ਨਾਲ ਚਰਚਾ ਵਿਚ ਆਇਆ। ਇਹ ਫਿਲਮ ਉਹਨੇ ਆਪਣੇ ਬੈਨਰ ਆਰæਕੇæ ਫਿਲਮਜ਼ ਥੱਲੇ ਬਣਾਈ ਸੀ। ਫਿਲਮ ਵਿਚ ਨਰਗਿਸ ਵੀ ਸੀ ਪਰ ਫਿਲਮ ਅਸਫ਼ਲ ਰਹੀ। ਉਦੋਂ ਤੱਕ ਰਾਜ ਕਪੂਰ 10-12 ਸਾਲ ਫਿਲਮ ਨਿਰਮਾਣ ਦੇ ਤਕਰੀਬਨ ਸਾਰੇ ਪੱਖਾਂ ‘ਤੇ ਕੰਮ ਕਰ ਚੁੱਕੇ ਸਨ। ਘੱਟ ਪੜ੍ਹਿਆ-ਲਿਖਿਆ ਹੋਣ ਕਾਰਨ ਉਹਨੂੰ ਕਈ ਗੁਣਾਂ ਵੱਧ ਮਿਹਨਤ ਕਰਨੀ ਪਈ, ਪਰ ਸਿਨੇਮਾ ਨਾਲ ਜਨੂੰਨ ਦੀ ਹੱਦ ਤੱਕ ਲਗਾਉ ਨੇ ਉਹਦੇ ਅੰਦਰਲੀ ਅੱਗ ਬਾਲੀ ਰੱਖੀ। ‘ਆਗ’ ਦੀ ਅਸਫ਼ਲਤਾ ਨੇ ਕੁਝ ਸਮਾਂ ਆਰæਕੇæ ਫਿਲਮਜ਼ ਨੂੰ ਜੱਕੋਤੱਕੀ ਵਿਚ ਰੱਖਿਆ। ਇਸੇ ਫਿਲਮ ਦੌਰਾਨ ਰਾਜ ਕਪੂਰ ਅਤੇ ਨਰਗਿਸ ਵਿਚਕਾਰ ਗਹਿਰੀ ਦੋਸਤੀ ਪਣਪੀ। ਇਹ ਦੋਸਤੀ ਨਰਗਿਸ ਦੀ ਬੌਧਿਕਤਾ ਅਤੇ ਰਾਜ ਕਪੂਰ ਦੀ ਸੁਪਨਸਾਜ਼ੀ ਦਾ ਸੰਗਮ ਸੀ। ਇਸ ਫਿਲਮ ਤੋਂ ਬਾਅਦ ਦੋਵਾਂ ਨੇ 16 ਫਿਲਮਾਂ ਇੱਕਠਿਆਂ ਕੀਤੀਆਂ। ਇਨ੍ਹਾਂ ਵਿਚੋਂ ‘ਬਰਸਾਤ’ ਦਾ ਜ਼ਿਕਰ ਜ਼ਰੂਰੀ ਹੈ। ਇਸ ਫਿਲਮ ਵਿਚ ਦੋ ਸਮਾਨੰਤਰ ਪ੍ਰੇਮ ਕਹਾਣੀਆਂ ਹਨ। ਰਾਜ ਕਪੂਰ ਦੀਆਂ ਫਿਲਮਾਂ ਵਿਚ ਪ੍ਰੇਮ ਦੋ-ਧਾਰੀ ਤਲਵਾਰ ਵਰਗਾ ਹੈ। ਇਨ੍ਹਾਂ ਪ੍ਰੇਮ ਕਹਾਣੀਆਂ ਵਿਚ ਜਮਾਤੀ ਸੰਘਰਸ਼, ਜਾਤ-ਪਾਤ ਦੇ ਝਗੜੇ ਅਤੇ ਪ੍ਰੇਮ ਬਾਰੇ ਸਮਾਜਕ ਨਜ਼ਰੀਏ ‘ਤੇ ਵਿਅੰਗ ਆਦਿ ਤਾਂ ਸ਼ਾਮਿਲ ਸਨ ਹੀ, ਪ੍ਰੇਮ ਕਹਾਣੀ ਦੇ ਮੌਲਣ ਨੂੰ ਫਿਲਮਾਉਣ ਦਾ ਢੰਗ ਜੋੜੇ ਵਿਚ ਇਕ-ਦੂਜੇ ਦੀਆਂ ਸਮੱਸਿਆਵਾਂ ਸਮਝਣ, ਆਪਸੀ ਸਹਿਹੋਂਦ ਅਤੇ ਕੁਝ ਹੱਦ ਤੱਕ ਦੇਹ ਦੀ ਖਿੱਚ ‘ਤੇ ਆਧਾਰਿਤ ਹੁੰਦਾ ਸੀ। ਇਹ ਸਿਨੇਮਾ ਪ੍ਰੇਮ ਨੂੰ ਰਹੱਸ ਅਤੇ ਅਲੌਕਿਤਤਾ ਤੋਂ ਤੋੜ ਕੇ ਇਨਸਾਨਾਂ ਦੇ ਆਪਸੀ ਵਿਹਾਰ ਦੀ ਜ਼ਰੂਰਤ ਵਜੋਂ ਪੇਸ਼ ਕਰਦਾ ਹੈ। ‘ਬਰਸਾਤ’ ਵਿਚ ਵੀ ਪ੍ਰੇਮੀਆਂ ਦਾ ਆਪਸੀ ਵਿਸ਼ਵਾਸ ਤੇ ਸਾਦਗੀ ਮੁੱਖ ਹਨ।
‘ਬਰਸਾਤ’ ਤੋਂ ਬਾਅਦ ‘ਅੰਦਾਜ਼’ ਨੇ ਆਰæਕੇæ ਫਿਲਮਜ਼ ਨੂੰ ਸਥਾਪਿਤ ਕਰ ਦਿੱਤਾ। ਅਗਲੀ ਫਿਲਮ ‘ਬੂਟ ਪਾਲਿਸ਼’ ਆਈ। ਫਿਲਮ ਗਰੀਬ ਤਬਕੇ ਦੇ ਬੱਚਿਆਂ ਬਾਰੇ ਸੀ ਤੇ ਇਸ ਵਿਚ ਵਿਅੰਗ ਦੀ ਧਾਰ ਕਾਫ਼ੀ ਤਿੱਖੀ ਸੀ। ਫਿਰ ‘ਆਵਾਰਾ’ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਹੋ ਨਿਬੜੀ। ‘ਆਵਾਰਾ’ ਅਤੇ ‘ਸ੍ਰੀ 420’ ਨਾਲ ਰਾਜ ਕਪੂਰ ਦੀ ਲੋਕਪ੍ਰਿਯਤਾ ਦੇਸ਼-ਵਿਦੇਸ਼ ਦੀਆਂ ਹੱਦਾਂ ਪਾਰ ਕਰ ਗਈ। ਤੁਰਕੀ, ਅਫ਼ਰੀਕਾ ਅਤੇ ਇਰਾਨ ਵਿਚ ‘ਆਵਾਰਾ ਹੂੰ’, ‘ਘਰ ਆਇਆ ਮੇਰਾ ਪਰਦੇਸੀ’ ਤੇ ‘ਹਮ ਤੁਮ ਸੇ ਮਹੁੱਬਤ ਕਰ ਕੇ ਸਨਮ’ ਰਾਤੋ-ਰਾਤ ਲੱਖਾਂ ਦਰਸ਼ਕਾਂ ਦੇ ਹੋਠਾਂ ‘ਤੇ ਨੱਚਣ ਲੱਗੇ। ਉਂਜ ਜੋ ਪ੍ਰਸਿੱਧੀ ਇਸ ਫਿਲਮ ਨੂੰ ਸੋਵੀਅਤ ਸੰਘ ਵਿਚ ਮਿਲੀ, ਉਹ ਬੇਮਿਸਾਲ ਹੈ। ਇਸ ਦਾ ਕਾਰਨ ਸੀ ਕਿ ਜਦੋਂ ਦੂਜੇ ਸੰਸਾਰ ਯੁੱਧ ਤੋਂ ਬਾਅਦ ਦੁਨੀਆਂ ਮੰਦਵਾੜੇ, ਬੇਰੁਜ਼ਗਾਰੀ ਅਤੇ ਗਰੀਬੀ ਨਾਲ ਘੁਲ ਰਹੀ ਸੀ, ਰਾਜ ਕਪੂਰ ਦਾ ਹਸਾਉਣ ਵਾਲਾ ਚਿਹਰਾ ਅਤੇ ਦੁਸ਼ਵਾਰੀਆਂ ਨੂੰ ਹੱਸ ਕੇ ਬਰਦਾਸ਼ਤ ਕਰਨ ਦਾ ਮਾਦਾ ਦਰਸ਼ਕਾਂ ਦੇ ਜ਼ਿਹਨ ਵਿਚ ਡੂੰਘਾ ਉਤਰ ਜਾਂਦਾ ਸੀ। ਸੋ, ਉਹ ਉਮੀਦ ਅਤੇ ਭਵਿੱਖ ਦੇ ਸੁਪਨਿਆਂ ਦਾ ਚਿੰਨ੍ਹ ਬਣ ਕੇ ਉਭਰਿਆ। ‘ਸ੍ਰੀ 420’ ਨਾਲ ਉਹ ਚਾਰਲੀ ਚੈਪਲਿਨ ਦੀ ਵਿਅੰਗਾਤਮਕ ਸ਼ੈਲੀ ਅਤੇ ਅਦਾਕਾਰੀ ਦੇ ਤਰੀਕੇ ਦੀ ਨਕਲ ਪੇਸ਼ ਕਰਨ ਵਿਚ ਕਾਮਯਾਬ ਹੋ ਗਿਆ। ਬਾਅਦ ਵਿਚ ਉਹਨੇ ਆਪਣੇ ਇਸ ਅਕਸ ਨੂੰ ‘ਅਨਾੜੀ’ ਅਤੇ ‘ਛੱਲਾ’ ਜੋ ਦੂਜੇ ਨਿਰਦੇਸ਼ਕਾਂ ਨੇ ਬਣਾਈਆਂ ਸਨ, ਵਿਚ ਵੀ ਦੁਹਰਾਇਆ।
ਰਾਜ ਕਪੂਰ ਦੇ ਕਰੀਅਰ ਨੂੰ 1960 ਤੋਂ ਪਹਿਲਾਂ ਅਤੇ ਬਾਅਦ ਦੇ ਸਿਨੇਮਾ ਵਿਚ ਵੰਡਿਆ ਜਾ ਸਕਦਾ ਹੈ। 1960 ਤੋਂ ਪਹਿਲਾਂ ਉਹਦਾ ਸਿਨੇਮਾ ਆਜ਼ਾਦ ਹੋਏ ਭਾਰਤ ਦੀਆਂ ਸਮੱਸਿਆਵਾਂ, ਲੋਕਾਂ ਦੇ ਸੰਘਰਸ਼ ਅਤੇ ਸਮਾਜਕ ਤ੍ਰਾਸਦੀਆਂ ਨੂੰ ਰੂਪਮਾਨ ਕਰਦਾ ਹੈ; 1960 ਤੋਂ ਬਾਅਦ ਵੱਡੀ ਤਬਦੀਲੀ ਵਾਪਰਦੀ ਹੈ। ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ (1960) ਸ਼ਾਇਦ ਪਹਿਲੀ ਧਾਰਾ ਵਾਲੀ ਆਖਰੀ ਫਿਲਮ ਸੀ। 1964 ਵਿਚ ਆਈ ‘ਸੰਗਮ’ ਵਿਚ ਉਹ ਨਵੀਂ ਕਿਸਮ ਦਾ ਸਿਨੇਮਾ ਸਿਰਜਦਾ ਹੈ। ਇਹ ਜ਼ਿਆਦਾ ਰੁਮਾਂਟਿਕ ਤੇ ਉਚ-ਵਰਗ ਆਧਾਰਿਤ ਹੈ। ਪਹਿਲੀ ਵਾਰ ਦਰਸ਼ਕਾਂ ਨੂੰ ਰਾਜ ਕਪੂਰ ਦੀ ਫਿਲਮ ਵਿਚ ਭਾਰਤੀ ਪਿੰਡ, ਗਰੀਬ ਬਸਤੀਆਂ ਅਤੇ ਭੋਲਾਪਣ ਗਾਇਬ ਮਿਲੇ। ਜਿਹੜਾ ਨਿਰਦੇਸ਼ਕ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਵਿਚ ‘ਹਮ ਉਸ ਦੇਸ਼ ਕੇ ਵਾਸੀ ਹੈ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਦਾ ਵਿਖਿਆਨ ਕਰਦਾ ਹੈ, ਉਹ ‘ਸੰਗਮ’ ਵਿਚ ‘ਦੋਸਤ ਦੋਸਤ ਨਾ ਰਹਾ’ ਉਤੇ ਪਹੁੰਚ ਜਾਂਦਾ ਹੈ। ਇਸ ਤਬਦੀਲੀ ਨੂੰ ਕਈ ਪੱਖਾਂ ਤੋਂ ਘੋਖਿਆ ਜਾ ਸਕਦਾ ਹੈ ਪਰ ਇਹ ਸਵਾਲ ਹਮੇਸ਼ਾ ਰਹੇਗਾ ਕਿ, 1960 ਤੱਕ ਪੁੱਜਦਿਆਂ ਭਾਰਤੀ ਸਿਆਸਤ ਵਾਂਗ ਸਿਨੇਮਾ ਵਿਚੋਂ ਵੀ ਨਿਮਨ-ਵਰਗ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹਾਸ਼ੀਏ ‘ਤੇ ਧੱਕੀਆਂ ਜਾਣ ਲੱਗੀਆਂ ਸਨ?æææ ਜਾਂ ਇਹ ਭਾਰਤੀ ਸਿਨੇਮਾ ਦੁਆਰਾ ਕੌਮਾਂਤਰੀ ਮੰਡੀ ਵਿਚ ਖਰਾ ਉਤਰਨ ਲਈ ਕੋਈ ਤਰਦੱਦ ਸੀ?æææ ਜਾਂ ਫਿਰ ਇਸ ਦਾ ਕਾਰਨ 1956 ਵਿਚ ‘ਜਾਗਤੇ ਰਹੋ’ ਦੇ ਇੱਕ ਗਾਣੇ ਵਿਚ ਨਜ਼ਰ ਆਉਣ ਤੋਂ ਬਾਅਦ ਨਰਗਿਸ ਦੁਆਰਾ ਆਰæਕੇæ ਫਿਲਮਜ਼ ਨੂੰ ਛੱਡਣ ਦਾ ਫ਼ੈਸਲਾ ਸੀ। ਨਰਗਿਸ ਨੇ ਆਰæਕੇæ ਬੈਨਰਜ਼ ਨੂੰ ਅਲਵਿਦਾ ਕੀ ਆਖਿਆ, ਜਿੱਦਾਂ ਰਾਜ ਕਪੂਰ ਦੇ ਸਿਨੇਮਾ ਦੀ ਰੂਹ ਵੀ ਨਾਲ ਹੀ ਚਲੀ ਗਈ ਹੋਵੇ! ਪਿਛੇ ਰਹਿ ਗਿਆ ਸੁਪਨਸਾਜ਼ ਰਾਜ ਕਪੂਰ ਇਸ ਰੂਹ ਦੀ ਤਲਾਸ਼ ਵਿਚ ਕਦੇ ਰਾਧਾ (ਸੰਗਮ), ਕਦੇ ਬਾਬੀ (ਬਾਬੀ) ਅਤੇ ਕਦੇ ਮੈਰੀ, ਮਰੀਨਾ ਤੇ ਮੀਨੂ (ਮੇਰਾ ਨਾਮ ਜੋਕਰ) ਵਰਗੇ ਬੁੱਤ ਤਰਾਸ਼ਦਾ ਹੈ, ਪਰ ਉਸ ਦੇ ਅੰਦਰਲਾ ਖਲਾਅ ਭਰਨ ਦਾ ਨਾਮ ਨਹੀਂ ਲੈਂਦਾ।
(ਚਲਦਾ)