ਗੁਰ-ਵਰੋਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਜਸ਼ਨਾਂ ਦੌਰਾਨ ਸਿਆਸਤ ਇਕ ਵਾਰ ਫਿਰ ਧਰਮ ਨੂੰ ਪਛਾੜ ਕੇ ਅੱਗੇ ਲੰਘ ਗਈ। ਸੱਤਾ-ਨਸ਼ੀਨ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਾਖ ਨੂੰ ਅੱਜ ਕੱਲ੍ਹ ਖੋਰਾ ਲੱਗਾ ਹੋਇਆ ਹੈ ਅਤੇ ਸਮੇਂ ਦੇ ਹਾਕਮ ਆਪਣੀਆਂ ਗਲਤੀਆਂ ਅਤੇ ਆਪ-ਹੁਦਰੀਆਂ ਕਾਰਨ ਹੋਈਆਂ ਮੋਰੀਆਂ ਮੁੰਦਣ ਲਈ ਧਰਮ ਦੇ ਸਹਾਰੇ ਦੀ ਭਾਲ ਕਰ ਰਹੇ ਹਨ। ਇਸੇ ਕਰ ਕੇ ਸ੍ਰੀ ਅਨੰਦਪੁਰ ਸਾਹਿਬ, ਜਿਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਸੀ, ਨਾਲ ਸਬੰਧਤ ਇਹ ਜਸ਼ਨ ਸਿਰਫ ਦੋ ਪਾਰਟੀਆਂ ਦਾ ਸਮਾਗਮ ਬਣ ਕੇ ਰਹਿ ਗਿਆ।
ਉਂਜ ਮੁੱਖ ਸਮਾਗਮ ਦੌਰਾਨ ਇਹ ਦੋਵੇਂ ਪਾਰਟੀਆਂ-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੀ ਆਪਸ ਵਿਚ ਖਹਿਸਰਦੀਆਂ ਰਹੀਆਂ। ਜੱਗ ਜਾਣਦਾ ਹੈ ਕਿ ਪਿਛਲੇ ਸਮੇਂ ਤੋਂ ਇਨ੍ਹਾਂ ਪਾਰਟੀਆਂ ਦੇ ਰਿਸ਼ਤਿਆਂ ਵਿਚ ਫਿੱਕ ਪਈ ਹੈ। ਅਸਲ ਵਿਚ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਿਆਸਤ ਵਿਚ ਆਪਣੇ ਬਲਬੂਤੇ ਵਿਚਰਨ ਬਾਰੇ ਸੋਚਣਾ-ਵਿਚਾਰਨਾ ਅਰੰਭ ਕੀਤਾ ਹੈ, ਉਦੋਂ ਤੋਂ ਹੀ ਇਨ੍ਹਾਂ ਦੋਹਾਂ ਪਾਰਟੀਆਂ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਇਸ ਪਾਸੇ ਸਰਗਰਮੀ ਵਿਚ ਖੂਬ ਤੇਜ਼ੀ ਆਈ। ਬਾਅਦ ਵਿਚ ਮਹਾਂਰਾਸ਼ਟਰ, ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਜਿੱਤਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਨੇਤਾਵਾਂ ਦਾ ਰੁਖ ਹੋਰ ਵੀ ਹਮਲਾਵਰ ਬਣਾ ਦਿੱਤਾ। ਇਹੀ ਨਹੀਂ, ਭਾਰਤੀ ਜਨਤਾ ਪਾਰਟੀ ਦੀ ਮਾਂ-ਪਾਰਟੀ ਆਰæਐਸ਼ਐਸ਼ ਤਾਂ ਚਿਰਾਂ ਤੋਂ ਪੰਜਾਬ ਲਈ ਘਾਤ ਲਗਾਈ ਬੈਠੀ ਸੀ। ਇਹ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਅਤੇ ਆਪਣੀਆਂ ਹੋਰ ਜਥੇਬੰਦੀਆਂ ਤੇ ਸੰਸਥਾਵਾਂ ਰਾਹੀਂ ਪੰਜਾਬ ਵਿਚ ਚੁੱਪ-ਚੁਪੀਤੇ ਸਰਗਰਮੀ ਕਰ ਰਹੀ ਸੀ, ਹੁਣ ਜਦੋਂ ਕੇਂਦਰ ਵਿਚ ਆਰæਐਸ਼ਐਸ਼ ਦੀ ਮਰਜ਼ੀ ਵਾਲੀ ਸਰਕਾਰ ਬਣ ਗਈ ਹੈ ਤਾਂ ਇਸ ਨੇ ਹੋਰ ਥਾਂਵਾਂ ਵਾਂਗ ਪੰਜਾਬ ਵਿਚ ਵੀ ਸਿਆਸਤ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰੀ ਪਿਛੋਕੜ ਵਾਲੀਆਂ ਮੰਨੀਆਂ ਜਾਂਦੀਆਂ ਇਹ ਦੋਵੇਂ ਜਥੇਬੰਦੀਆਂ-ਭਾਰਤੀ ਜਨਤਾ ਪਾਰਟੀ ਤੇ ਆਰæਐਸ਼ਐਸ਼ ਅੱਜ ਕੱਲ੍ਹ ਪਿੰਡ ਪਿੰਡ ਪਹੁੰਚ ਚੁੱਕੀਆਂ ਹਨ। ਮੋਗਾ ਵਿਚ ਹੋਏ ਔਰਬਿਟ ਬੱਸ ਕਾਂਡ ਤੋਂ ਉਖੜਿਆ ਬਾਦਲ ਪਰਿਵਾਰ ਹੁਣ ਸਿਆਸੀ ਪਿੜ ਵਿਚ ਪੈਰ ਟਿਕਾਈ ਰੱਖਣ ਲਈ ਹੱਥ-ਪੈਰ ਮਾਰ ਰਿਹਾ ਹੈ। ਇਸੇ ਲਈ ਇਸ ਨੇ ਹੁਣ ਆਪਣਾ ਪੁਰਾਣਾ ‘ਪੰਥਕ ਏਜੰਡਾ’ ਸਾਹਮਣੇ ਲੈ ਆਂਦਾ ਹੈ। ਇਸੇ ਕਰ ਕੇ ਹੀ ਨਿਰੋਲ ਧਾਰਮਿਕ ਦਰਸ਼ਨ-ਦੀਦਾਰ ਯਾਤਰਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਮਾਗਮਾਂ ਨੂੰ ਇਸ ਨੇ ਸਿਆਸਤ ਦੀ ਭੇਟ ਚੜ੍ਹਾ ਦਿੱਤਾ ਹੈ। ਅਸਲ ਵਿਚ ਸਿਆਸੀ ਪਿੜ ਵਿਚ ਬਾਦਲ ਪਰਿਵਾਰ ਹੁਣ ਕਸੂਤਾ ਫਸ ਗਿਆ ਹੈ। ਇਸੇ ਕਰ ਕੇ ਇਕ ਪਾਸੇ ਤਾਂ ਉਸ ਨੂੰ ਵਿਰੋਧੀ ਧਿਰ ਨੂੰ ਪਛਾੜਨ ਲਈ ਪੰਥਕ ਏਜੰਡੇ ਨੂੰ ਮੁੜ ਆਪਣੇ ਝੋਲੇ ਵਿਚੋਂ ਕੱਢਣਾ ਪੈ ਰਿਹਾ ਹੈ, ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਸਿਆਸਤ ਕਰ ਕੇ ਵਾਰ ਵਾਰ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਧਰਮ ਨਿਰਪੱਖ ਸਿਆਸਤ ਦਾ ਮੁੱਦਈ ਹੈ। ਇਸ ਤੋਂ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਸਿਆਸਤ ਦੇ ਸੰਕੇਤ ਮਿਲ ਜਾਂਦੇ ਹਨ।
ਅਸਲ ਵਿਚ ਆਉਣ ਵਾਲੇ ਦਿਨਾਂ ਦੀ ਸਿਆਸਤ ਤਾਂ ਹੁਣ ਤਕਰੀਬਨ ਸਪਸ਼ਟ ਹੋ ਹੀ ਗਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਤਾਂ ਸਮੁੱਚੇ ਮੁਲਕ ਵਿਚ ਹੀ ਨਹੀਂ ਸਗੋਂ ਸੰਸਾਰ ਭਰ ਵਿਚ ਯੋਗਾ ਦੀ ਹਨੇਰੀ ਲਿਆ ਦਿੱਤੀ ਹੈ। ਯੋਗਾ ਨੂੰ ਧਰਮ ਅਤੇ ਦੇਸ਼ ਭਗਤੀ ਨਾਲ ਜੋੜ ਕੇ ਜੋ ਘੁੱਟੀ ਲੋਕਾਂ ਨੂੰ ਪਿਲਾਈ ਜਾ ਰਹੀ ਹੈ, ਉਸ ਦੇ ਸਾਹਮਣੇ ਤਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਜਥੇਬੰਦੀ ਦੀ ਕੋਈ ਵੱਟੀ ਹੀ ਨਹੀਂ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯੋਗਾ ਵਾਲੀ ਸਰਗਰਮੀ ਸੂਹ ਦੇ ਰਹੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਿਆਸਤ ਦੇ ਖੇਤਰ ਵਿਚ ਧਰਮ ਰਾਹੀਂ ਕਿਸ ਤਰ੍ਹਾਂ ਦਾ ਦਖਲ ਦੇਣ ਵਾਲੇ ਹਨ। ਮੋਦੀ ਅਤੇ ਉਨ੍ਹਾਂ ਦੇ ਸਾਥੀ ਆਗੂਆਂ ਨੇ ਯੋਗਾ ਦਿਵਸ ਨੂੰ ਘੱਟ-ਗਿਣਤੀਆਂ ਦੇ ਖਿਲਾਫ ਖੂਬ ਵਰਤਿਆ ਅਤੇ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਉਣ ਤੱਕ ਘੱਟ-ਗਿਣਤੀ ਭਾਈਚਾਰਿਆਂ ਨੂੰ ਜਿਸ ਤਰ੍ਹਾਂ ਧੱਕ ਕੇ ਹਾਸ਼ੀਏ ਉਤੇ ਲਿਜਾਇਆ ਗਿਆ, ਉਹ ਨਵੇਂ ਸਿਰਿਓਂ ਸੋਚਣ-ਵਿਚਾਰਨ ਵਾਲਾ ਮਸਲਾ ਹੈ। ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਇਸ ਦਾ ਮੁਕਾਬਲਾ ਕਿਸ ਤਰ੍ਹਾਂ ਕੀਤਾ ਜਾਵੇ। ਅੱਜ ਦੀ ਤਰੀਕ ਵਿਚ ਦੋਵੇਂ ਪਾਰਟੀਆਂ-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਧਰਮ ਨੂੰ ਸਿਆਸਤ ਨਾਲ ਜੋੜ ਕੇ ਚੱਲ ਰਹੀਆਂ ਹਨ। ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਧਰਮ ਦਾ ਸਿਆਸਤ ਉਤੇ ਕੁੰਡਾ ਹੋਣਾ ਚਾਹੀਦਾ ਹੈ, ਪਰ ਹੁਣ ਜਦੋਂ ਮੋਦੀ ਵਰਗੇ ਆਗੂ ਸਿਆਸਤ ਦੇ ਪਿੜ ਵਿਚ ਨਿੱਤਰੇ ਹੋਏ ਹਨ ਅਤੇ ਹਰ ਮੁੱਦੇ ਉਤੇ, ਹਰ ਵਾਰ ਹੀ ਆਪਣੀ ਮਰਜ਼ੀ ਚਲਾ ਰਹੇ ਹਨ ਤਾਂ ਸੋਚਣਾ ਬਣਦਾ ਹੈ ਕਿ ਧਰਮ ਅਤੇ ਸਿਆਸਤ ਵਾਲੀ ਗੱਲ ਕਿਸ ਪਾਸੇ ਮੋੜਾ ਕੱਟੇਗੀ। ਜ਼ਾਹਿਰ ਹੈ ਕਿ ਧਰਮ ਅਤੇ ਸਿਆਸਤ ਦੇ ਖੇਤਰ ਵਿਚ ਵਿਚਰ ਰਹੇ ਸੰਜੀਦਾ ਲੋਕਾਂ ਨੂੰ ਅੱਜ ਪਹਿਲਾਂ ਦੇ ਸਮਿਆਂ ਨਾਲੋਂ ਕਿਤੇ ਵੱਡੀਆਂ ਵੰਗਾਰਾਂ ਪਈਆਂ ਹੋਈਆਂ ਹਨ, ਪਰ ਸਵਾਲ ਘੜੀ-ਮੁੜੀ ਉਹੀ ਸਾਹਮਣੇ ਆ ਰਿਹਾ ਹੈ ਕਿ ਸੰਜੀਦਾ ਸਿਆਸਤ ਲਈ ਥਾਂ ਹੁਣ ਹੈ ਕਿੱਥੇ? ਪਿਛਲੇ ਛੇ ਦਹਾਕਿਆਂ ਦੌਰਾਨ ਭਾਰਤੀ ਜਮਹੂਰੀਅਤ ਨੇ ਜਿਹੜਾ ਸਫਰ ਤੈਅ ਕੀਤਾ ਹੈ, ਉਸ ਵਿਚ ਆਮ ਬੰਦੇ ਦੀ ਔਕਾਤ ਹੁਣ ਵੋਟ ਤੱਕ ਸਿਮਟ ਗਈ ਹੈ। ਇਸ ਸੂਰਤ ਵਿਚ ਚੁਸਤ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਦੀਆ ਮੌਜਾਂ ਲੱਗੀਆਂ ਹੋਈਆ ਹਨ। ਸਗੋਂ ਹੁਣ ਤਾਂ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਵਿਚਲਾ ਫਰਕ ਵੀ ਮਿਟ ਗਿਆ ਹੈ। ਇਸੇ ਕਰ ਕੇ ਹੀ ਸਿਆਸਤ ਦਾ ਪਿੜ ਹੁਣ ਖੜੋਤ ਦਾ ਸ਼ਿਕਾਰ ਹੋ ਗਿਆ ਹੈ। ਇਸ ਖੜੋਤ ਨੂੰ ਇਕੋ ਹੱਲੇ ਤੋੜਨ ਵਾਲਾ ਤੰਤ ਅਜੇ ਕਿਤੇ ਨਜ਼ਰੀਂ ਨਹੀਂ ਪੈ ਰਿਹਾ। ਜ਼ਾਹਿਰ ਹੈ ਕਿ ਧਰਮ, ਸਿਆਸਤ ਅਤੇ ਕਾਰੋਬਾਰ ਦੀਆਂ ਸਿਆਸਤਾਂ ਤੋਂ ਅਗਾਂਹ ਵਾਲਾ ਕੋਈ ਪਿੜ ਮੱਲ ਕੇ ਹੀ ਇਸ ਖੜੋਤ ਦੇ ਮੋਛੇ ਲਾਹੇ ਜਾ ਸਕਦੇ ਹਨ।