ਯੋਗਾ ਦੇ ਮਹਾਂ ਜਸ਼ਨ ਨੂੰ ਚੜ੍ਹਾਈ ਹਿੰਦੂਤਵ ਦੀ ਚਾਸ਼ਣੀ

ਨਵੀਂ ਦਿੱਲੀ: ਪਹਿਲਾ ਕੌਮਾਂਤਰੀ ਯੋਗ ਦਿਵਸ ਭਾਵੇਂ ਭਾਰਤ ਸਮੇਤ ਤਕਰੀਬਨ 192 ਦੇਸ਼ਾਂ ਦੇ 251 ਤੋਂ ਵੱਧ ਸ਼ਹਿਰਾਂ ਵਿਚ ਮਨਾਇਆ ਗਿਆ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਹੋਇਆ ਯੋਗ ਸ਼ੋਅ ਸਿਆਸੀ ਮੁਫਾਦਾਂ ਵੱਲ ਵੱਧ ਇਸ਼ਾਰਾ ਕਰ ਗਿਆ। ਉਨ੍ਹਾਂ ਆਪਣੇ ਭਾਸ਼ਨ ਵਿਚ ਭਾਵੇਂ ਇਹ ਕਿਹਾ ਕਿ ਯੋਗ ਕੋਈ ਬ੍ਰਾਂਡ ਨਹੀਂ, ਜਿਸ ਨੂੰ ਵੇਚਿਆ ਜਾਣਾ ਹੈ ਪਰ ਇਸ ਦਾ ਸਰਕਾਰੀ ਪੱਧਰ ਉਤੇ ਵੱਡਾ ਆਯੋਜਨ ਇਹ ਗੱਲ ਸਾਫ਼ ਕਰ ਗਿਆ ਕਿ ਕੌਮਾਂਤਰੀ ਯੋਗ ਦਿਵਸ ਨੂੰ ਸੌੜੀ ਸਿਆਸਤ ਦਾ ਬ੍ਰਾਂਡ ਬਣਾ ਕੇ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਯੋਗ ਦਿਵਸ ਦਾ ਆਯੋਜਨ ਵੀ ਇਸ ਦੇ ਸਿਆਸੀ ਲਾਹਾ ਲੈਣ ਵੱਲ ਸੰਕੇਤ ਕਰਦਾ ਹੈ।
ਇਸ ਯੋਗ ਸਮਾਗਮ ਵਿਚ ‘ਓਮ’ ਤੇ ਮੰਤਰਾਂ ਦਾ ਜਾਪ ਯੋਗ ਨੂੰ ਸਰਕਾਰ ਰਾਜਧਰਮ ਦਾ ਦਰਜਾ ਦਿੰਦੀ ਨਜ਼ਰ ਆਈ। ਸਰਕਾਰ ਵੱਲੋਂ ਭਾਵੇਂ ਇਸ ਸਮਾਗਮ ਲਈ ਸਾਰੀਆਂ ਸਿਆਸੀ ਪਾਰਟੀਆਂ ਤੇ ਉੱਚ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦੇਣ ਦਾ ਦਾਅਵਾ ਕੀਤਾ ਗਿਆ, ਪਰ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਸੱਦਾ ਪੱਤਰ ਨਾ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ। ਯੋਗ ਭਾਵੇਂ ਤਣਾਅ ਤੋਂ ਮੁਕਤੀ ਦਿੰਦਾ ਹੈ ਪਰ ਇਸ ਦਿਵਸ ਦੀ ਵੱਡੇ ਪੱਧਰ ਉਤੇ ਤਿਆਰੀ, ਧੂੰਆਂਧਾਰ ਪ੍ਰਚਾਰ ਤੇ ਆਯੋਜਨ ਨੇ ਘੱਟ ਗਿਣਤੀਆਂ ਦੇ ਵੱਡੇ ਹਿੱਸੇ ਵਿੱਚ ਬੇਚੈਨੀ ਪੈਦਾ ਕੀਤੀ ਹੈ। ਸਰਕਾਰ ਵੱਲੋਂ ਜਿਸ ਤਰ੍ਹਾਂ ਯੋਗ ਦਿਵਸ ਨੂੰ ਹਿੰਦੂ ਸੱਭਿਆਚਾਰ ਦੀ ਜੀਵਨ ਜੁਗਤ ਦੇ ਰੂਪ ਵਿਚ ਪੇਸ਼ ਕੀਤਾ ਗਿਆ, ਉਸ ਨਾਲ ਮੁਲਕ ਦੀਆਂ ਘੱਟ ਗਿਣਤੀਆਂ ਵਿਚ ਸ਼ੰਕੇ ਪੈਦਾ ਹੋਏ ਹਨ।
ਯੋਗ ਦਾ ਇਹ ਮਹਾਂ ਜਸ਼ਨ ਕਰਦਾਤਾਵਾਂ ਦੀ ਕੀਮਤ ਉਤੇ ਹਿੰਦੂਤਵ ਦੀ ਚਾਸ਼ਨੀ ਵਿਚ ਲਪੇਟ ਕੇ ਕਰਵਾਇਆ ਗਿਆ। ਇਸ ਤੋਂ ਘੱਟ ਗਿਣਤੀਆਂ ਦੇ ਵੱਡੇ ਹਿੱਸੇ ਨੂੰ ਬੇਚੈਨੀ ਹੋਣੀ ਸੁਭਾਵਿਕ ਹੀ ਹੈ। ਆਖ਼ਰਕਾਰ ਇਹ ਉਹੀ ਹਕੂਮਤ ਹੈ ਜਿਹੜੀ ਆਰæਐਸ਼ਐਸ਼ ਨਾਲ ਆਪਣੀ ਸਾਂਝ ਦੇ ਫੂੰਦੇ ਆਪਣੇ ਦੋਹਾਂ ਮੋਢਿਆਂ ਉਤੇ ਮਾਣ ਨਾਲ ਲਟਕਾਈ ਬੈਠੀ ਹੈ।
ਭਾਵੇਂ ਕਈ ਮਹੰਤਾਂ ਤੇ ਗੁਰੂਆਂ ਨੇ ਚਿਤਾਵਨੀ ਦਿੱਤੀ ਸੀ ਕਿ ਯੋਗ ਦਿਵਸ ਮਨਾਉਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਖਾਮਿਆਜ਼ਾ ਭੁਗਤਣਾ ਪਵੇਗਾ, ਪਰ ਦੂਜੇ ਪਾਸੇ ਸੁਸ਼ਮਾ ਸਵਰਾਜ ਤੇ ਕੁਝ ਹੋਰ ਵਜ਼ੀਰਾਂ ਨੇ ਤਰੀਕੇ ਜਿਹੇ ਨਾਲ ਕਬੂਲ ਕਰ ਲਿਆ ਕਿ ਜੇ ਉਸ ਦਿਨ ਮੁਸਲਮਾਨ ਤੇ ਹੋਰ ਘੱਟ ਗਿਣਤੀਆਂ ਨਾਲ ਸਬੰਧਤ ਲੋਕ ਯੋਗ ਨਹੀਂ ਕਰਨਾ ਚਾਹੁੰਦੇ, ਤਾਂ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ ਤੇ ਉਨ੍ਹਾਂ ਦਾ ਨੁਕਸਾਨ ਵੀ। ਉਂਜ, ਉਨ੍ਹਾਂ ਵੱਲੋਂ ਉਪਰੇ ਦਿਲ ਨਾਲ ਦਿਖਾਈ ਇਹ ਸੁਹਜ ਬੁਨਿਆਦੀ ਤੌਰ ਉਤੇ ਬੇਅਰਥ ਹੈ ਕਿਉਂਜੋ ‘ਸੂਰਿਆ ਨਮਸਕਾਰ’ ਤੇ ‘ਓਮ’ ਬਾਰੇ ਛਿੜਿਆ ਵਿਵਾਦ ਆਪਣਾ ਮੁਢਲਾ ਮਕਸਦ ਮੁਕੰਮਲ ਕਰ ਚੁੱਕਾ ਹੈ। ਇਸ ਰਾਹੀਂ ‘ਆਪਣਿਆਂ’ ਤੇ ਉਪਰਿਆਂ’ ਵਿਚਕਾਰ ਲਕੀਰ ਖਿੱਚੀ ਜਾ ਚੁੱਕੀ ਹੈ। ਜਿਹੜਾ ਵੀ ਕੋਈ ਜਣਾ ਉਜ਼ਰ ਕਰਦਾ ਹੈ, ਉਹ ਬਹੁਗਿਣਤੀ ਦੀ ਨਾਰਾਜ਼ਗੀ ਦਾ ਜੋਖ਼ਿਮ ਮੁੱਲ ਲੈ ਰਿਹਾ ਹੈ।
ਘੱਟ ਗਿਣਤੀਆਂ ਨੂੰ ਜ਼ੋਰਾਵਰੀ ਦੀਆਂ ਇਨ੍ਹਾਂ ਲਾਟਾਂ ਦਾ ਸੇਕ ਮਹਿਸੂਸ ਹੋਣ ਤੋਂ ਕਿਤੇ ਵੱਧ, ਇਹ ਬਹੁਗਿਣਤੀ ਦੀ ਘੇਰਾਬੰਦੀ ਹੀ ਹੈ ਜਿਹੜੀ ਹਰ ਜਮਹੂਰੀ ਜਿਊੜੇ ਨੂੰ ਬੌਂਦਲਾ ਸਕਦੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਆਪਣੇ ਸਰਕਾਰੀ ਵਸੀਲੇ ਤੇ ਬਲ ਇੰਨੇ ਵਿਰਾਟ ਪੱਧਰ ਉਤੇ ਸਮਾਗਮ ਰਚਾਉਣ ਲਈ ਇਸਤੇਮਾਲ ਨਹੀਂ ਕੀਤੇ। ਹੁਣ ਤੱਕ ਗਣਤੰਤਰ ਦਿਵਸ ਹੀ ਅਜਿਹਾ ਇਕ ਸਮਾਗਮ ਹੁੰਦਾ ਹੈ ਜਦੋਂ ਸਰਕਾਰ ਵਰਦੀਧਾਰੀ ਮੁਲਾਜ਼ਮਾਂ (ਤੇ ਸਕੂਲੀ ਬੱਚਿਆਂ ਦੇ ਕੁਝ ਦਸਤਿਆਂ) ਨੂੰ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਕਰਦੀ ਆਈ ਹੈ।
ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਨ ਲਈ ਸਰੋਤਿਆਂ ਵਜੋਂ ( ਤੇ ਤਾੜੀਆਂ ਮਾਰਨ ਲਈ) ਕੁਝ ਸਕੂਲਾਂ ਨੂੰ ਸੱਦਿਆ ਜਾਂਦਾ ਹੈ। ਹੁਣ ਕੈਬਨਿਟ ਸਕੱਤਰ ਤੋਂ ਲੈ ਕੇ ਜ਼ਿਲ੍ਹਾ ਕੁਲੈਕਟਰ ਵਰਗੇ ਅਫ਼ਸਰ (ਘੱਟੋ-ਘੱਟ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ), ਸੁਰੱਖਿਆ ਬਲਾਂ, ਨੀਮ-ਫੌਜੀ ਬਲਾਂ, ਸਕੂਲਾਂ, ਯੂਨੀਵਰਸਿਟੀਆਂ ਤੇ ਸਮਾਜਕ ਗਰੁੱਪਾਂ ਦੀ 21 ਜੂਨ ਵਾਲੇ ਸ਼ੋਅ ਵਿਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਜਾਨ ਹੂਲਵੀਂ ਮੁਸ਼ੱਕਤ ਕਰ ਦਿੱਤੀ। ਰਸਮੀ ਇਕੱਠ ਆਮ ਤੌਰ ਉਤੇ ਖਾਸ ਮਕਸਦ ਲਈ ਕੀਤੇ ਜਾਂਦੇ ਹਨ। ਮਸਲਾ ਇਕਮੁੱਠਤਾ ਦਾ ਹੁੰਦਾ ਹੈ ਤੇ ਨਾਲ ਹੀ ਮੌਜੂਦਾ ਸਾਂਝ ਤੇ ਸ਼ਰਧਾ ਨੂੰ ਮੁੜ ਦ੍ਰਿੜਾਉਣਾ ਹੁੰਦਾ ਹੈ। ਮਸਲਨ, 1990ਵਿਆਂ ਵਿਚ ਮੁੰਬਈ ਵਿਚ ਸ਼ਰੀਕੇਬਾਜ਼ੀ ਵਿਚੋਂ ਹੀ ਆਰਤੀ ਤੇ ਨਮਾਜ਼ ਲਈ ‘ਮਹਾਂ ਇਕੱਠ’ ਕੀਤੇ ਗਏ। ਇਨ੍ਹਾਂ ਦੇ ਨਤੀਜੇ ਨਾਖ਼ੁਸ਼ਗਵਾਰ ਤੇ ਪੱਕੇ ਫਿਰਕੂ ਪਾੜੇ ਦੇ ਰੂਪ ਵਿਚ ਸਾਹਮਣੇ ਆਏ।
ਭਾਰਤ ਤੋਂ ਇਲਾਵਾ ਪੱਛਮੀ ਮੁਲਕਾਂ ਵਿੱਚ ਵੀ ਯੋਗ ਦੀ ਅਹਿਮੀਅਤ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੌਮਾਂਤਰੀ ਯੋਗ ਦਿਵਸ ਮਨਾਉਣ ਸਬੰਧੀ ਸੰਯੁਕਤ ਰਾਸ਼ਟਰ ਵਿਚ ਮਤਾ ਪੇਸ਼ ਕੀਤਾ ਤਾਂ ਉਸ ਨੂੰ ਭਰਪੂਰ ਹੁੰਗਾਰਾ ਮਿਲਿਆ ਤੇ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਐਲਾਨ ਦਿੱਤਾ। ਸੰਯੁਕਤ ਰਾਸ਼ਟਰ ਵੱਲੋਂ ਇਸ ਤੋਂ ਇਲਾਵਾ ਲਗਪਗ 125 ਮੁੱਦਿਆਂ ਨੂੰ ਵਿਸ਼ਵ ਦਿਵਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਭਾਰਤ ਵੱਲੋਂ ਕੇਵਲ ਯੋਗ ਦਿਵਸ ਨੂੰ ਹੀ ਇੰਨਾ ਜ਼ਿਆਦਾ ਮਹੱਤਵ ਦੇਣਾ ਸੁਆਲ ਖੜ੍ਹੇ ਕਰਦਾ ਹੈ।
__________________________________________________
ਰਾਜਨਾਥ ਵੱਲੋਂ ਅਤਿਵਾਦੀਆਂ ਨੂੰ ਯੋਗ ਕਰਨ ਦੀ ਸਲਾਹ
ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਤਿਵਾਦੀਆਂ ਨੂੰ ਗਿਆਨ ਦੀ ਕਮੀ ਨਹੀਂ ਹੈ ਤੇ ਉਹ ਵੀ ‘ਗਿਆਨੀ’ ਹਨ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਅਤਿਵਾਦੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਗਿਆਨ ਨੂੰ ਸਮਾਜ ਦੀ ਉਸਾਰੀ ਦੇ ਕੰਮ ਵਿਚ ਲਾਉਣ ਵਾਸਤੇ ਯੋਗ ਕਰਨਾ ਚਾਹੀਦਾ ਹੈ। ਇਥੇ ਯੋਗ ਦੇ ਲਾਭ ਸਾਂਝੇ ਕਰਨ ਲਈ ਕਰਵਾਏ ਇਕ ਸਮਾਗਮ ਵਿਚ ਉਨ੍ਹਾਂ ਨੇ ਇਹ ਗੱਲ ਕਹੀ।
______________________________________________
ਯੋਗ ਦਿਵਸ ਤੋਂ ਦੂਰ ਹੀ ਰਿਹਾ ਪਾਕਿਸਤਾਨ
ਇਸਲਾਮਾਬਾਦ: ਵਿਸ਼ਵ ਭਰ ਵਿਚ ਮਨਾਇਆ ਗਿਆ ਪਹਿਲਾ ਕੌਮਾਂਤਰੀ ਯੋਗ ਦਿਵਸ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਦੀਆਂ ਹੱਦਾਂ ਤੱਕ ਹੀ ਸੀਮਿਤ ਰਿਹਾ ਜਿਥੇ ਸਟਾਫ ਤੇ ਵਿਦੇਸ਼ੀ ਕੂਟਨੀਤਿਕ ਅਧਿਕਾਰੀਆਂ ਨੇ ਯੋਗ ਦੇ ਆਸਨ ਕੀਤੇ। ਇਥੇ ਵਰਣਨਯੋਗ ਹੈ ਕਿ ਸ਼ੁਰੂਆਤ ਵਿਚ ਪਾਕਿਸਤਾਨ ਨੇ ਕੌਮਾਂਤਰੀ ਯੋਗ ਦਿਵਸ ਮਨਾਉਣ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ ਸੀ ਪਰ ਬਾਅਦ ਵਿਚ ਉਸ ਨੇ ਇਹ ਇਰਾਦਾ ਛੱਡ ਦਿੱਤਾ ਸੀ। ਪਾਕਿਸਤਾਨ ਨੇ ਭਾਰਤੀ ਯੋਗ ਅਧਿਆਪਕ ਜਿਸ ਨੂੰ ਤਿਆਰੀਆਂ ਕਰਵਾਉਣ ਲਈ ਇਸਲਾਮਾਬਾਦ ਭੇਜਿਆ ਜਾ ਰਿਹਾ ਸੀ, ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਇਸ ਉਪੰਰਤ ਭਾਰਤ ਨੇ ਹਾਈ ਕਮਿਸ਼ਨ ਦੇ ਅੰਦਰ ਹੀ ਯੋਗ ਸਮਾਗਮ ਕਰਨ ਦਾ ਫੈਸਲਾ ਕੀਤਾ ਸੀ।
___________________________________________
ਜਦੋਂ ਰਾਜਪੱਥ ਬਣਿਆ ਯੋਗਪੱਥæææ
ਨਵੀਂ ਦਿੱਲੀ: ਦੇਸ਼ ਭਰ ਦੇ ਸਮਾਗਮਾਂ ਵਿਚੋਂ ਸਭ ਤੋਂ ਵਿਸ਼ੇਸ਼ ਨਜ਼ਾਰਾ ਦਿੱਲੀ ਵਿਚ ਰਾਜਪੱਥ ਉਤੇ ਵੇਖਣ ਨੂੰ ਮਿਲਿਆ। ਤਕਰੀਬਨ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਯੋਗ ਕਰਨ ਵਾਲੇ, ਸਰਕਾਰੀ ਅਧਿਕਾਰੀਆਂ ਤੇ ਲੋਕਾਂ ਦੇ ਹੜ੍ਹ ਨੂੰ ਵੇਖਦਿਆਂ ਮੋਦੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਕ ਦਿਨ ‘ਰਾਜਪੱਥ’ ‘ਯੋਗਪੱਥ’ ਵਿਚ ਤਬਦੀਲ ਹੋ ਜਾਏਗਾ। ਰਾਜ ਪੱਥ ਉਤੇ ਯੋਗ ਦੀ ਸ਼ੁਰੂਆਤ ‘ਓਮ’ ਨਾਲ ਕੀਤੀ ਗਈ ਪਰ ਉਥੇ ਮੌਜੂਦ ਮੁਸਲਿਮ ਭਾਈਚਾਰੇ ਨੇ ‘ਅਲਾਹ’ ਦਾ ਜੈਕਾਰਾ ਲਾਇਆ। ਇਥੇ ਇਹ ਵਰਨਣਯੋਗ ਹੈ ਕਿ ਯੋਗ ਦਿਵਸ ਦੇ ਹਿੰਦੂ ਪੱਖੀ ਹੋਣ ਦੇ ਕਥਿਤ ਇਲਜ਼ਾਮਾਂ ਦੇ ਵਿਵਾਦਾਂ ਤੋਂ ਬਾਅਦ ਸਰਕਾਰ ਨੇ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਜਿਨ੍ਹਾਂ ਨੂੰ ‘ਓਮ’ ਦੇ ਉਚਾਰਨ ਉਤੇ ਇਤਰਾਜ਼ ਹੈ ਉਹ ਆਪਣੀ ਸ਼ਰਧਾ ਦੇ ਮੁਤਾਬਕ ਉਚਾਰਨ ਕਰ ਸਕਦੇ ਹਨ। ਇਕ ਹੋਰ ਵਿਵਾਦ ਦੇ ਚਲਦਿਆਂ ਕੀਤੇ ਜਾਣ ਵਾਲੇ ਆਸਣਾਂ ਦੀ ਸੂਚੀ ਵਿਚੋਂ ‘ਸੂਰੀਆ ਨਮਸਕਾਰ’ ਨੂੰ ਹਟਾ ਦਿੱਤਾ ਗਿਆ। ਯੋਗ ਦਿਵਸ ਦੀਆਂ ਟੀ-ਸ਼ਰਟਾਂ ਪਾਏ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਹਿੰਦੀ ਤੇ ਅੰਗਰੇਜ਼ੀ ਵਿਚ ਦਿੱਤੇ ਨਿਰਦੇਸ਼ਾਂ ਮੁਤਾਬਿਕ ਆਸਣ ਕਰ ਰਹੇ ਸਨ।