ਬਠਿੰਡਾ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਜੋ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਵੀ ਹਨ, ਦੇ ਠਾਠ ਨਵਾਬਾਂ ਨਾਲੋਂ ਘੱਟ ਨਹੀਂ ਹਨ। ਮੰਡੀ ਬੋਰਡ ਨੂੰ ਇਹ ਚੇਅਰਮੈਨੀ ਲੰਘੇ ਸਵਾ ਸੱਤ ਵਰ੍ਹਿਆਂ ਦੌਰਾਨ ਕਰੀਬ 2æ04 ਕਰੋੜ ਰੁਪਏ ਵਿਚ ਪਈ ਹੈ।
ਪੰਜਾਬ ਪੁਲਿਸ ਨੂੰ ਉਨ੍ਹਾਂ ਦੀ ਸੁਰੱਖਿਆ (ਗੰਨਮੈਨਾਂ ਦੀ ਤਨਖਾਹ) ਕਰੀਬ 1æ15 ਕਰੋੜ ਰੁਪਏ ਵਿਚ ਪਈ ਹੈ। ਇਹ ਰਕਮ 2æ04 ਕਰੋੜ ਰੁਪਏ ਤੋਂ ਵੱਖਰੀ ਹੈ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਸ਼ ਲੱਖੋਵਾਲ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਹੈ, ਪਰ ਰੈਂਕ ਦਾ ਸਾਰਾ ਮਾਲੀ ਭਾਰ ਮੰਡੀ ਬੋਰਡ ਝੱਲਦਾ ਹੈ। ਪੰਜਾਬ ਪੁਲਿਸ ਤਰਫੋਂ ਉਨ੍ਹਾਂ ਨੂੰ ਚਾਰ ਗੰਨਮੈਨ ਸੁਰੱਖਿਆ ਵਾਸਤੇ ਦਿੱਤੇ ਹੋਏ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਚੇਅਰਮੈਨ ਲੱਖੋਵਾਲ ਨੂੰ ਪ੍ਰਤੀ ਮਹੀਨਾ 30 ਹਜ਼ਾਰ ਰੁਪਏ ਤਨਖਾਹ ਅਤੇ ਪੰਜ ਹਜ਼ਾਰ ਰੁਪਏ ਭੱਤਾ ਮਿਲਦਾ ਹੈ। ਹੁਣ ਪੰਜਾਬ ਵਿਚ ਵਜ਼ੀਰਾਂ ਦੇ ਭੱਤੇ ਵਧਣ ਮਗਰੋਂ ਉਨ੍ਹਾਂ ਦੀ ਤਨਖਾਹ ਵਿਚ ਹੋਰ ਵਾਧਾ ਹੋ ਜਾਣਾ ਹੈ। ਸਵਾ ਸੱਤ ਵਰ੍ਹਿਆਂ ਵਿਚ ਚੇਅਰਮੈਨ ਨੂੰ 24æ70 ਲੱਖ ਰੁਪਏ ਤਨਖਾਹ ਅਤੇ ਕੰਪਨਸੇਂਟਰੀ ਭੱਤੇ ਦੇ ਮਿਲ ਚੁੱਕੇ ਹਨ। ਉਹ ਲੁਧਿਆਣੇ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਲੱਖੋਵਾਲ ਵਿਚ ਰਹਿੰਦੇ ਹਨ ਜਿਸ ਦਾ ਮੰਡੀ ਬੋਰਡ ਪ੍ਰਤੀ ਮਹੀਨਾ ਕਿਰਾਇਆ 15 ਹਜ਼ਾਰ ਰੁਪਏ ਦੇ ਰਿਹਾ ਹੈ ਅਤੇ ਹੁਣ ਤੱਕ ਬੋਰਡ 13æ20 ਲੱਖ ਰੁਪਏ ਮਕਾਨ ਦੇ ਅਦਾ ਕਰ ਚੁੱਕਾ ਹੈ। ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਚੇਅਰਮੈਨ ਅਤੇ ਬੋਰਡ ਮੈਨੈਜਮੈਂਟ ਵਾਸਤੇ ਵੱਖਰੇ ਤਿੰਨ ਸੂਟ ਰਾਖਵੇਂ ਹਨ। ਪੰਜਾਬ ਮੰਡੀ ਬੋਰਡ ਨੇ ਹੁਣ ਨਵੀਂ ਇਮਾਰਤ ਵਿਚ ਚੇਅਰਮੈਨ ਦੇ ਦਫਤਰ ਵਾਸਤੇ ਇਕੱਲੇ ਫਰਨੀਚਰ ਤੇ 7æ43 ਲੱਖ ਰੁਪਏ ਦਾ ਖਰਚ ਕੀਤਾ ਹੈ। ਚੇਅਰਮੈਨ ਵਾਸਤੇ ਦੋ ਰਿਵਾਲਵਿੰਗ ਕੁਰਸੀਆਂ 28,574 ਰੁਪਏ (ਪ੍ਰਤੀ ਕੁਰਸੀ 14317 ਰੁਪਏ) ਖ਼ਰੀਦੀਆਂ ਹਨ ਜਦੋਂ ਕਿ ਚੇਅਰਮੈਨ ਲਈ 82,296 ਰੁਪਏ ਦਾ ਦਫਤਰੀ ਮੇਜ਼ ਖਰੀਦਿਆ ਹੈ। ਦਫਤਰ ਵਿਚ 3æ09 ਲੱਖ ਰੁਪਏ ਦੇ ਸੋਫੇ ਸਜਾਏ ਗਏ ਹਨ। ਇਸ ਤੋਂ ਬਿਨਾਂ ਪਹਿਲਾਂ ਵੀ 4æ21 ਲੱਖ ਰੁਪਏ ਦਾ ਫਰਨੀਚਰ ਖਰੀਦਿਆ ਗਿਆ ਸੀ। ਬੋਰਡ ਨੇ ਚੇਅਰਮੈਨ ਨੂੰ ਪੀæਏæ ਅਤੇ ਨਿੱਜੀ ਸਟਾਫ ਤੋਂ ਬਿਨਾਂ ਇੱਕ ਡਰਾਈਵਰ ਦੀ ਸਹੂਲਤ ਦਿੱਤੀ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਨੇ ਚੇਅਰਮੈਨ ਲੱਖੋਵਾਲ ਵਾਸਤੇ ਲੰਘੇ ਸੱਤ ਵਰ੍ਹਿਆਂ ਵਿਚ ਸੱਤ ਗੱਡੀਆਂ ਖ਼ਰੀਦ ਕੀਤੀਆਂ ਹਨ ਜਿਨ੍ਹਾਂ ਉੱਤੇ 78æ12 ਲੱਖ ਰੁਪਏ ਖਰਚ ਕੀਤੇ ਹਨ।
ਇਸ ਬਾਰੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਉਸ ਨੂੰ ਸਭ ਸਹੂਲਤਾਂ ਨਿਯਮਾਂ ਅਨੁਸਾਰ ਮਿਲੀਆਂ ਹਨ, ਕੈਬਨਿਟ ਰੈਂਕ ਮੁਤਾਬਿਕ ਵਾਹਨ ਮਿਲੇ ਹਨ ਅਤੇ ਉਨ੍ਹਾਂ ਦਾ ਨਵਾਂ ਦਫਤਰ ਵੀ ਬਾਕੀ ਦਫਤਰਾਂ ਵਰਗਾ ਹੀ ਹੈ ਜਿਸ ਉਤੇ ਕੋਈ ਵੱਖਰਾ ਖਰਚਾ ਨਹੀਂ ਕੀਤਾ ਗਿਆ।