ਵਿਸ਼ਵ ਦੇ ਛੇ ਕਰੋੜ ਲੋਕਾਂ ਦਾ ਉਜਾੜਾ ਬਣੀਆਂ ਜੰਗਾਂ

ਜਨੇਵਾ: ਵਿਸ਼ਵ ਭਰ ਵਿਚ 2014 ਵਿਚ ਜੰਗਾਂ, ਅਤਿਆਚਾਰਾਂ ਤੇ ਲੜਾਈਆਂ ਕਾਰਨ ਛੇ ਕਰੋੜ ਲੋਕ ਬੇਘਰ ਹੋਏ। ਇਸ ਦਾ ਮਤਲਬ ਪਿਛਲੇ ਸਾਲ ਹਰ ਰੋਜ਼ 42500 ਲੋਕਾਂ ਨੂੰ ਆਪਣੇ ਘਰਾਂ ਤੋਂ ਉਜੜਨਾ ਪਿਆ ਤੇ ਇਹ ਗਿਣਤੀ ਵਿਸ਼ਵ ਦੇ 24ਵੇਂ ਸਭ ਤੋਂ ਵੱਡੇ ਦੇਸ਼ ਦੀ ਆਬਾਦੀ ਦੇ ਬਰਾਬਰ ਬਣਦੀ ਹੈ।

ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਇਹ ਗਿਣਤੀ 83 ਲੱਖ ਵਧੀ ਹੈ। ਵਿਸ਼ਵ ਭਰ ਵਿਚ ਹਰੇਕ 122 ਵਿਅਕਤੀਆਂ ਪਿੱਛੇ ਇਕ ਵਿਅਕਤੀ ਸ਼ਰਨਾਰਥੀ ਹੈ, ਘਰੇਲੂ ਤੌਰ ਉਤੇ ਬੇਘਰ ਹੈ ਜਾਂ ਉਸ ਨੇ ਪਨਾਹ ਮੰਗੀ ਹੈ।
ਸਾਲ 2014 ਵਿਚ ਭਾਰਤ ਦੇ 10,433 ਸ਼ਰਨਾਰਥੀਆਂ ਤੇ ਦੂਜੇ ਮੁਲਕਾਂ ਵਿਚ ਸ਼ਰਨ ਮੰਗਣ ਵਾਲੇ 16,709 ਵਿਅਕਤੀਆਂ ਦੇ ਕੇਸ ਲਟਕ ਰਹੇ ਹਨ, ਜਦੋਂ ਕਿ ਇਸੇ ਸਾਲ ਦੌਰਾਨ 1,99,937 ਸ਼ਰਨਾਰਥੀਆਂ ਤੇ 5074 ਵਿਅਕਤੀਆਂ ਨੇ ਭਾਰਤ ਵਿਚ ਸ਼ਰਨ ਮੰਗੀ। ਰਿਪੋਰਟ ਵਿਚ ਕਿਹਾ ਗਿਆ ਕਿ ਇਸ ਹਿਸਾਬ ਨਾਲ ਵਿਸ਼ਵ ਦੇ ਹਰੇਕ 122 ਵਿਅਕਤੀਆਂ ਵਿਚੋਂ ਇਕ ਜਾਂ ਤਾਂ ਸ਼ਰਨਾਰਥੀ ਹੈ ਜਾਂ ਦੇਸ਼ ਦੇ ਅੰਦਰ ਹੀ ਉਜਾੜੇ ਦੀ ਮਾਰ ਝੱਲ ਰਿਹਾ ਹੈ ਜਾਂ ਉਸ ਨੇ ਕਿਸੇ ਦੂਜੇ ਮੁਲਕ ਵਿਚ ਸ਼ਰਨ ਮੰਗੀ ਹੈ। ਜੇ ਇਸ ਨੂੰ ਇਕ ਦੇਸ਼ ਦੀ ਆਬਾਦੀ ਮੰਨ ਲਿਆ ਜਾਵੇ ਤਾਂ ਇਹ ਵਿਸ਼ਵ ਦਾ 24ਵਾਂ ਵੱਡਾ ਮੁਲਕ ਬਣੇਗਾ। ਪਿਛਲੇ ਸਾਲ ਦੌਰਾਨ ਹਰ ਰੋਜ਼ 42,500 ਵਿਅਕਤੀ ਸ਼ਰਨਾਰਥੀ, ਸ਼ਰਨ ਮੰਗਣ ਵਾਲੇ ਜਾਂ ਅੰਦਰੂਨੀ ਤੌਰ ਉਤੇ ਉਜਾੜੇ ਦੀ ਮਾਰ ਝੱਲਣ ਵਾਲੇ ਸਨ। ਇਸ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ। ਪਿਛਲੇ ਸਾਲ ਦੌਰਾਨ ਅੱਤਿਆਚਾਰ, ਸੰਘਰਸ਼ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹੇਠ ਵਿਸ਼ਵ ਭਰ ਵਿਚ 5æ95 ਕਰੋੜ ਲੋਕ ਜਬਰੀ ਉਜਾੜੇ ਗਏ। ਇਨ੍ਹਾਂ ਵਿਚ 1æ95 ਕਰੋੜ ਸ਼ਰਨਾਰਥੀ ਤੇ 3æ82 ਕਰੋੜ ਅੰਦਰੂਨੀ ਤੌਰ ਉਤੇ ਉਜੜੇ ਵਿਅਕਤੀ ਸ਼ਾਮਲ ਹਨ, ਜਦੋਂ ਕਿ 18 ਲੱਖ ਵਿਅਕਤੀਆਂ ਨੇ ਦੂਜੇ ਮੁਲਕਾਂ ਵਿਚ ਸ਼ਰਨ ਮੰਗੀ। ਇਨ੍ਹਾਂ 1æ95 ਕਰੋੜ ਸ਼ਰਨਾਰਥੀਆਂ ਵਿਚੋਂ 51 ਲੱਖ ਫਲਸਤੀਨੀ ਹਨ, ਜਦੋਂ ਕਿ ਸੀਰੀਆ, ਸੋਮਾਲੀਆ ਤੇ ਅਫ਼ਗਾਨਿਸਤਾਨ ਦੇ 1æ44 ਕਰੋੜ ਸ਼ਰਨਾਰਥੀ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਵਿਸ਼ਵ ਦੇ ਅੱਧੇ ਤੋਂ ਵੱਧ ਸ਼ਰਨਾਰਥੀ ਬੱਚੇ ਹਨ।
_____________________________
ਢਾਈ ਦਹਾਕਿਆਂ ‘ਚ 2129 ਲੋਕ ਦਹਿਸ਼ਤਗਰਦੀ ਦਾ ਸ਼ਿਕਾਰ
ਨਵੀਂ ਦਿੱਲੀ: ਪਿਛਲੇ 25 ਸਾਲਾਂ ਦੌਰਾਨ ਦਹਿਸ਼ਤੀ ਹਮਲਿਆਂ ਤੇ ਬੰਬ ਧਮਾਕਿਆਂ ਵਿਚ ਸੁਰੱਖਿਆ ਬਲਾਂ ਸਮੇਤ ਦੋ ਹਜ਼ਾਰ ਤੋਂ ਵੱਧ ਵਿਅਕਤੀ ਹਲਾਕ ਹੋਏ ਹਨ। ਇਸ ਦਾ ਖ਼ੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਦੌਰਾਨ ਹੋਇਆ ਹੈ। ਕੇਂਦਰੀ ਗ੍ਰਹਿ ਮਾਮਲਿਆਂ ਦੀ ਅੰਦਰੂਨੀ ਸੁਰੱਖਿਆ ਡਿਵੀਜ਼ਨ ਵੱਲੋਂ ਦਿੱਤੇ ਗਏ ਜਵਾਬ ਮੁਤਾਬਕ 1989 ਤੇ 31 ਮਈ 2015 ਦੌਰਾਨ ਦੇਸ਼ ਵਿਚ ਦਹਿਸ਼ਤੀ ਹਮਲਿਆਂ ਤੇ ਬੰਬ ਧਮਾਕਿਆਂ ਵਿਚ ਸੁਰੱਖਿਆ ਬਲਾਂ ਸਮੇਤ 2129 ਵਿਅਕਤੀ ਹਲਾਕ ਹੋਏ। ਪਿਛਲੇ 25 ਸਾਲਾਂ ਦੌਰਾਨ ਸਭ ਤੋਂ ਵੱਡੇ ਹਮਲਿਆਂ ਵਿਚ 1993 ਦੇ ਮੁੰਬਈ ਲੜੀਵਾਰ ਬੰਬ ਧਮਾਕੇ, 26/11 ਦਾ ਮੁੰਬਈ ਹਮਲਾ, 2006 ਮੁੰਬਈ ਰੇਲ ਧਮਾਕਾ, 1998 ਕੋਇੰਬਟੂਰ ਲੜੀਵਾਰ ਧਮਾਕੇ, 2005 ਦਿੱਲੀ ਧਮਾਕੇ, 2006 ਵਾਰਾਣਸੀ ਧਮਾਕਾ, 2007 ਸਮਝੌਤਾ ਐਕਸਪ੍ਰੈਸ ਧਮਾਕਾ, 2008 ਗੁਹਾਟੀ ਲੜੀਵਾਰ ਬੰਬ ਧਮਾਕੇ ਤੇ 2010 ਜਰਮਨ ਬੇਕਰੀ ਧਮਾਕਾ ਸ਼ਾਮਲ ਹਨ।
______________________________
ਦੱਖਣੀ ਸੂਡਾਨ ‘ਚ ਢਾਈ ਲੱਖ ਬੱਚੇ ਭੁੱਖਮਰੀ ਦਾ ਸ਼ਿਕਾਰ
ਜਿਊਬਾ: ਜੰਗ ਕਾਰਨ ਪ੍ਰਭਾਵਤ ਹੋਏ ਦੱਖਣੀ ਸੂਡਾਨ ਵਿਚ ਤਕਰੀਬਨ ਢਾਈ ਲੱਖ ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਟੋਬੀ ਲਾਂਜ਼ਰ ਨੇ ਕਿਹਾ ਕਿ ਉਹ ਛੇ ਮਹੀਨੇ ਪਹਿਲਾਂ ਸੋਚ ਰਹੇ ਸਨ ਕਿ ਸ਼ਾਇਦ ਹਿੰਸਾ ਤੇ ਦਰਦ ਦਾ ਦੌਰ ਲੰਘ ਗਿਆ ਹੈ ਤੇ ਹੁਣ ਸ਼ਾਂਤੀ ਦਾ ਵੇਲਾ ਹੈ, ਪਰ ਉਹ ਗ਼ਲਤ ਸਨ। ਜੰਗ ਨੇ ਇਸ ਖਿੱਤੇ ਨੂੰ ਆਰਥਿਕਤਾ ਪੱਖੋਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਹ ਸਿਵਲ ਜੰਗ ਦਸੰਬਰ 2013 ਵਿਚ ਸ਼ੁਰੂ ਹੋਈ ਸੀ। ਜੰਗ ਕਾਰਨ ਇਸ ਸਮੇਂ ਦੇਸ਼ ਵਿਚ ਹਰ ਤੀਜਾ ਬੱਚਾ ਕੁਪੋਸ਼ਣ ਤੇ ਢਾਈ ਲੱਖ ਬੱਚੇ ਭੁੱਖਮਰੀ ਦਾ ਸ਼ਿਕਾਰ ਹਨ। ਉਨ੍ਹਾਂ ਸਭ ਨੂੰ ਦੱਖਣੀ ਸੁਡਾਨ ਲਈ 16æ30 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦੀ ਅਪੀਲ ਕਰਦਿਆਂ ਕਿਹਾ ਕਿ ਇਥੇ ਮਨੁੱਖਤਾ ਦੇ ਵਿਕਾਸ ਲਈ ਮਦਦ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਦੇਸ਼ ਦੇ 1æ20 ਕਰੋੜ ਲੋਕਾਂ ਵਿਚੋਂ ਦੋ ਤਿਹਾਈ ਲੋਕਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ ਤੇ 45 ਲੱਖ ਲੋਕ ਖਾਧ ਪਦਾਰਥਾਂ ਦੀ ਕਮੀ ਨਾਲ ਜੂਝ ਰਹੇ ਹਨ। ਰਿਪੋਰਟ ਵਿਚ ਆਮ ਲੋਕਾਂ ਉਤੇ ਜਬਰ ਜਨਾਹ ਤੇ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਘਰਾਂ ਦਾ ਸਾੜਿਆ ਜਾਣਾ, ਸਿਹਤ ਅਦਾਰਿਆਂ ਤੇ ਸਕੂਲਾਂ ਦੀ ਤਬਾਹੀ, ਖਾਣ ਪੀਣ ਦੀਆਂ ਵਸਤਾਂ ਦੇ ਹਜ਼ਾਰਾਂ ਰਾਖਵੇਂ ਗੁਦਾਮਾਂ ਦੀ ਚੋਰੀ, ਜਲ ਸੋਮਿਆਂ ਦਾ ਨਾਸ ਤੇ ਸਾਧਾਰਨ ਜ਼ਿੰਦਗੀ ਲਈ ਜ਼ਰੂਰੀ ਹੋਰਨਾਂ ਸੋਮਿਆਂ ਤੇ ਢਾਂਚੇ ਦੀ ਤਬਾਹੀ ਹੈ।