ਸ਼ਕਤੀ ਪ੍ਰਦਰਸ਼ਨ ਬਣ ਕੇ ਰਹਿ ਗਿਆ ਸਥਾਪਨਾ ਦਿਵਸ ਸਮਾਗਮ

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਸਮਾਗਮ ਅਕਾਲੀ-ਭਾਜਪਾ ਦਾ ਸਿਆਸੀ ਸ਼ੋਅ ਬਣ ਕੇ ਰਹਿ ਗਿਆ। ਧਰਮ ਨੂੰ ਸਿਆਸਤ ਲਈ ਵਰਤਣ ਦੇ ਸੁਆਲਾਂ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਸਿਆਸੀ ਪਾਰਟੀਆਂ ਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਸੱਦਾ ਦੇਣ ਦੀ ਦਲੀਲ ਰਾਹੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।

ਪਰ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਵੀ ਨਾ ਸੱਦਣ ਪਿੱਛੇ ਇਸ ਪ੍ਰੋਗਰਾਮ ਨੂੰ ਖ਼ਾਸ ਸਿਆਸੀ ਜਮਾਤਾਂ ਤੱਕ ਸੀਮਤ ਰੱਖਣ ਦੀ ਮਨਸ਼ਾ ਨੂੰ ਹੋਰ ਪੁਖ਼ਤਾ ਕਰਦੀ ਹੈ। ਕਿਸੇ ਪਾਰਟੀ ਦਾ ਨਾਂ ਲਏ ਬਿਨਾਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ 84 ਦੇ ਸਿੱਖ ਕਤਲੇਆਮ ਦੇ ਜ਼ਿਕਰ ਰਾਹੀਂ ਸਿਆਸੀ ਸੰਕੇਤ ਦੇਣ ਦੀ ਕੋਸ਼ਿਸ਼ ਹੋਈ। ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਤੇ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਸਲਾਮ ਵੀ ਆਪਣੀ ਸਿਆਸੀ ਮਕਸਦ ਤੱਕ ਸੀਮਤ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਦੇ ਦਾਇਰੇ ਵਿਚੋਂ ਗੁਜਰਾਤ ਦੇ ਦੰਗਿਆਂ ਤੇ ਹੋਰ ਫ਼ਿਰਕੇਦਾਰਾਨਾ ਘਟਨਾਵਾਂ ਬਾਰੇ ਸੁਚੇਤ ਰੂਪ ਵਿਚ ਚੁੱਪ ਰਹਿਣ ਨੂੰ ਤਰਜੀਹ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਇਕ ਘੱਟ ਗਿਣਤੀ ਧਰਮ ਦਾ ਜ਼ਿਕਰ ਕਰਕੇ ਦੇਸ਼ ਦੀ ਪੁਰਾਤਨ ਸੱਭਿਆਚਾਰਕ ਮਹਾਨਤਾ ਪ੍ਰਗਟਾਉਂਦਿਆਂ ਇਸ ਮੌਕੇ ਮੋਦੀ ਸਰਕਾਰ ਉਤੇ ਘੱਟ ਗਿਣਤੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲੱਗ ਰਹੇ ਇਲਜ਼ਾਮਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।
ਰਾਜਨਾਥ ਸਿੰਘ ਆਪਣਾ ਧਰਮ ਨਿਰਪੱਖਤਾ ਦਾ ਦਾਅਵਾ ਪੁਖਤਾ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੁਲਕ ਦੇ ਬੱਚੇ-ਬੱਚੇ ਨੂੰ ਅਹਿਸਾਸ ਹੈ ਕਿ ਖਾਲਸਾ ਪੰਥ ਦੀਆਂ ਕੁਰਬਾਨੀਆਂ ਸਦਕਾ ਹੀ ਇਹ ਮੁਲਕ ਤੇ ਇਸ ਦਾ ਅਮੀਰ ਸੱਭਿਆਚਾਰ ਬਰਕਰਾਰ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਧਰਮ ਨਿਰਪੱਖਤਾ ਦਾ ਢੰਡੋਰਾ ਪਿੱਟਣ ਦੇ ਜਵਾਬ ਵਿਚ ਕਿਹਾ ਕਿ ਅਕਾਲੀ ਦਲ ਜਾਂ ਸਿੱਖਾਂ ਨੂੰ ਕੋਈ ਵੀ ਫਿਰਕਾਪ੍ਰਸਤ ਨਹੀਂ ਕਹਿ ਸਕਦਾ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੂ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਆਪਣਾ ਬਲੀਦਾਨ ਦੇਣ ਲਈ ਇਸ ਧਰਤੀ ਤੋਂ ਹੀ ਰਵਾਨਾ ਹੋਏ।। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਾਰਾ ਜ਼ੋਰ ਆਪਣੀ ਪਾਰਟੀ ਦੇ ਧਰਮ ਨਿਰਪੱਖ ਅਕਸ ਨੂੰ ਉਭਾਰਨ ਉਤੇ ਹੀ ਲੱਗਿਆ ਰਿਹਾ।। ਉਨ੍ਹਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਵਿਚਾਰਧਾਰਾ ਨੂੰ ਸਮਝਿਆ ਨਹੀਂ ਜਾ ਰਿਹਾ। ਮੁਲਕ ਨੂੰ ਆਜ਼ਾਦ ਕਰਵਾਉਣ, ਇਸ ਦੀ ਰੱਖਿਆ ਕਰਨ ਤੇ ਦੇਸ਼ ਦੀ ਨਵ-ਉਸਾਰੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਨੂੰ ਕੁਝ ਸ਼ਕਤੀਆਂ ਵੱਲੋਂ ਫਿਰਕਾਪ੍ਰਸਤ ਗਰਦਾਨ ਕੇ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਦਰਮਿਆਨ ਕਿਸੇ ਵੀ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਸਿੱਖ ਕੈਦੀਆਂ ਦਾ ਪੰਜਾਬ ਵਿਚ ਕੀਤਾ ਤਬਾਦਲਾ ਇਨਸਾਨੀਅਤ ਦੇ ਆਧਾਰ ਉਤੇ ਤੇ ਮੁਲਕ ਦੇ ਕਾਨੂੰਨ ਅਨੁਸਾਰ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ 30 ਸਾਲਾਂ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਕੌਮ ਨੂੰ ਇਨਸਾਫ਼ ਦੀ ਉਡੀਕ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਪਣੇ ਇਤਿਹਾਸ ਤੋਂ ਪ੍ਰੇਰਨਾ ਤੇ ਸੇਧ ਲੈਣ ਵਾਲੀਆਂ ਕੌਮਾਂ ਤੇ ਮੁਲਕ ਹੀ ਤਰੱਕੀ ਕਰਦੇ ਹਨ। ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਖਾਲਸਾ ਪੰਥ ਦੀ ਸਾਜਨਾ ਦੇ ਮਹਾਨ ਕੌਤਕ ਦੀ ਗਵਾਹ ਹੈ, ਜਿਸ ਨੇ ਪੂਰੇ ਮੁਲਕ ਦੀ ਤਕਦੀਰ ਬਦਲ ਦਿੱਤੀ। ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੇ ਬਹੁਤ ਹੀ ਸੰਖੇਪ ਭਾਸ਼ਣ ਵਿਚ ਕਿਹਾ ਕਿ ਹਿੰਦੂ ਧਰਮ ਦੀ ਹੋਂਦ ਸਿਰਫ ਤੇ ਸਿਰਫ ਸਿੱਖਾਂ ਵੱਲੋਂ ਕੀਤੀਆਂ ਲਾਮਿਸਾਲ ਕੁਰਬਾਨੀਆਂ ਸਦਕਾ ਹੀ ਕਾਇਮ ਰਹਿ ਸਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਹਮੇਸ਼ਾ ਜਬਰ, ਜ਼ੁਲਮ ਤੇ ਬੇਇਨਸਾਫੀ ਵਿਰੁੱਧ ਜੂਝ ਮਰਨ ਦਾ ਸੁਨੇਹਾ ਦਿੱਤਾ ਹੈ ਤੇ ਬਹਾਦਰ ਪੰਜਾਬੀਆਂ ਨੇ ਹਰ ਮੋਰਚੇ ਉਤੇ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ 90 ਫੀਸਦੀ ਸਿੱਖਾਂ ਨੇ ਫਾਂਸੀ ਦੇ ਰੱਸੇ ਚੁੰਮ ਕੇ ਜਿਥੇ ਸ਼ਹਾਦਤ ਦਿੱਤੀ, ਉਥੇ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਆਜ਼ਾਦੀ ਘੁਲਾਟੀਆਂ ਵਿਚ ਵੀ 85 ਫੀਸਦੀ ਸਿੱਖ ਸਨ। ਇਸ ਤੋਂ ਇਲਾਵਾ ਸਿਰਫ ਦੋ ਫੀਸਦੀ ਆਬਾਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੇ ਅਨਾਜ ਭੰਡਾਰ ਵਿਚ 60 ਫੀਸਦੀ ਯੋਗਦਾਨ ਦੇ ਕੇ ਦੇਸ਼ ਦੀ ਅਨਾਜ ਸੁਰੱਖਿਆ ਆਪਣੀ ਮਿਹਨਤ ਨਾਲ ਕਾਇਮ ਕੀਤੀ। ਸ਼ ਬਾਦਲ ਨੇ ਕਿਹਾ ਕਿ ਹੁਣ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਬਣਨ ਪਿੱਛੋਂ ਪੰਜਾਬ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਪੰਜਾਬ ਨਾਲ ਹੁੰਦੇ ਆ ਰਹੇ ਵਿਤਕਰਿਆਂ ਦਾ ਅੰਤ ਹੋਵੇਗਾ ਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਪੰਜਾਬ ਵਾਸੀ ਭੀਖ ਨਹੀਂ ਸਗੋਂ ਆਪਣੇ ਹੱਕ ਮੰਗ ਰਹੇ ਹਨ।
________________________________________________
ਇਕੱਠ ਵਿਚ ਨਾ ਦਿੱਸੇ ਭਾਜਪਾ ਆਗੂ
ਮੁੱਖ ਸਮਾਗਮ ਵਿਚ ਸਟੇਜ ਉੱਪਰ ਤਾਂ ਭਾਜਪਾ ਲੀਡਰਸ਼ਿਪ ਹਾਵੀ ਰਹੀ ਪਰ ਪੰਡਾਲ ਵਿਚ ਹਾਜ਼ਰੀ ਨਾ ਦੇ ਬਰਾਬਰ ਰਹੀ। ਮੁੱਖ ਸਟੇਜ ਉੱਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਭਾਰਤ ਰਾਜਨਾਥ ਸਿੰਘ, ਕੌਮੀ ਸੀਨੀਅਰ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਪੰਜਾਬ ਪ੍ਰਧਾਨ ਕਮਲ ਸ਼ਰਮਾ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਪੰਜਾਬ ਦੇ ਵਜ਼ੀਰ ਮਦਨ ਮੋਹਨ ਮਿੱਤਲ ਤੇ ਭਗਤ ਚੂਨੀ ਲਾਲ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਸੁਸ਼ੋਭਿਤ ਸਨ। ਇਸ ਹਿਸਾਬ ਨਾਲ ਸਟੇਜ ਉੱਪਰ ਭਾਜਪਾ ਆਗੂਆਂ ਦਾ ਦਬਦਬਾ ਨਜ਼ਰ ਆ ਰਿਹਾ ਸੀ, ਪਰ ਪੰਜਾਬ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਇਕੱਠ ਵਿਚ ਭਾਜਪਾ ਦੀ ਹਾਜ਼ਰੀ ਨਾ ਦੇ ਬਰਾਬਰ ਸੀ। ਕਿਸੇ ਵੀ ਹਲਕੇ ਤੋਂ ਭਾਜਪਾ ਵਿਧਾਇਕ ਬੱਸਾਂ ਲੈ ਕੇ ਨਹੀਂ ਸਨ ਪੁੱਜੇ।
______________________________________________
ਸਥਾਪਨਾ ਸਮਾਗਮ: ਕੁਝ ਝਲਕੀਆਂ
– ਹੋਰ ਪਾਰਟੀਆਂ ਸਮਾਗਮ ਤੋਂ ਦੂਰ ਹੀ ਰਹੀਆਂ।
– ਪੰਥਕ ਪੱਤਾ ਖੇਡਣ ਦੇ ਦੋਸ਼ਾਂ ਉਤੇ ਵਾਰ-ਵਾਰ ਸਫਾਈ ਦਿੰਦੇ ਨਜ਼ਰ ਆਏ ਬਾਦਲ
– ਕੇਂਦਰੀ ਆਗੂਆਂ ਵੱਲੋਂ ਪੰਜਾਬ ਲਈ ਕੋਈ ਐਲਾਨ ਨਾ ਕੀਤਾ
– ਇਕੱਠ ਵਿਚ ਨਜ਼ਰ ਨਾ ਆਏ ਭਾਰਤੀ ਜਨਤਾ ਪਾਰਟੀ ਦੇ ਆਗੂ
– ਪੰਡਾਲ ਵਿਚੋਂ ਸਿਰਫ਼ ਅਕਾਲੀਆਂ ਦੇ ਬੋਲਣ ਸਮੇਂ ਹੀ ਨਾਅਰੇ ਲਗਦੇ ਰਹੇ
– ਤੋਲ-ਮੋਲ ਕੇ ਹੀ ਭਾਸ਼ਣ ਦਿੰਦੇ ਨਜ਼ਰ ਆਏ ਕੇਂਦਰੀ ਆਗੂ।
__________________________________________
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪੁੱਛ-ਪ੍ਰਤੀਤ ਨਾ ਹੋਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਮੁੱਖ ਸਟੇਜ ਉੱਪਰ ਬਿਠਾਇਆ ਵੀ ਨਹੀਂ ਗਿਆ। ਉਹ ਧਾਰਮਿਕ ਸੰਤ ਮਹਾਂਪੁਰਸ਼ਾਂ ਵਾਲੀ ਸਟੇਜ ਉੱਪਰ ਬੈਠੇ ਤੇ ਉਥੋਂ ਹੀ ਸੰਬੋਧਨ ਕੀਤਾ ਪਰ ਬਾਅਦ ਵਿਚ ਕਿਵੇਂ ਨਾ ਕਿਵੇਂ ਅਖੀਰ ਮੁੱਖ ਸਮਾਗਮ ਦੇ ਸਟੇਜ ਦੇ ਕਿਨਾਰੇ ਉਪਰ ਆ ਬੈਠੇ ਸਨ। ਸਮਾਗਮ ਦੀ ਮੁੱਖ ਸਟੇਜ ਉਪਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਿਸੇ ਨੇ ਨਾਂ ਤੱਕ ਨਹੀਂ ਲਿਆ।