ਅਨੰਦਪੁਰ ਸਾਹਿਬ ਵਿਚ ਲੱਗੀਆਂ ਸਥਾਪਨਾ ਦਿਵਸ ਦੀਆਂ ਰੌਣਕਾਂ

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਤ ਤਿੰਨ ਦਿਨਾਂ ਸਮਾਗਮ ਖਾਲਸਈ ਜਾਹੋ-ਜਲਾਲ ਨਾਲ ਸਮਾਪਤ ਹੋ ਗਏ। ਤਿੰਨ ਦਿਨਾਂ ਸਮਾਗਮਾਂ ਵਿਚ ਅਤਿ ਦੀ ਗਰਮੀ ਦੇ ਬਾਵਜੂਦ ਦੇਸਾਂ-ਵਿਦੇਸਾਂ ਵਿਚੋਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਵਿਚ ਉਘੀਆਂ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਪੁੱਜੀਆਂ ਸਨ।

ਇਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਬਲਵੀਰ ਸਿੰਘ, ਗਿਆਨੀ ਹਰਨਾਮ ਸਿੰਘ ਖਾਲਸਾ, ਬਾਬਾ ਰਾਮ ਦੇਵ ਤੋਂ ਇਲਾਵਾ ਈਸਾਈ ਧਰਮ, ਬੁੱਧ ਧਰਮ ਤੇ ਇਸਲਾਮ ਧਰਮ ਦੇ ਆਗੂ ਵੀ ਹਾਜ਼ਰ ਸਨ। ਸਮਾਗਮ ਵਿਚ ਸ਼ੰਕਰਾਚਾਰੀਆ ਸੁਆਮੀ ਨਿਸ਼ਚਿੰਦਾ ਨੰਦ ਸਰਸਵਤੀ ਮਹਾਰਾਜ ਵੀ ਪੁੱਜੇ।
ਇਸ ਮੌਕੇ ਕੇਸਰੀ ਦਸਤਾਰਾਂ-ਦੁਪੱਟੇ ਤੇ ਥਾਂ-ਥਾਂ ਲੱਗੀਆਂ ਝੰਡੀਆਂ ਖਾਲਸਈ ਜਾਹੋ-ਜਲਾਲ ਦਾ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਸੰਗਤਾਂ ਵੱਲੋਂ ਆਪੋ-ਆਪਣੇ ਵਾਹਨਾਂ ਉਤੇ ਵੀ ਕੇਸਰੀ ਝੰਡੀਆਂ ਲਗਾ ਕੇ ਜਿਥੇ ਇਸ ਪਵਿੱਤਰ ਅਸਥਾਨ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਉਨ੍ਹਾਂ ਦੇ ਖ਼ਾਲਸਾ ਰੰਗ ਵਿਚ ਰੰਗੇ ਹੋਣ ਦਾ ਵੀ ਇਹ ਸਪੱਸ਼ਟ ਪ੍ਰਮਾਣ ਸੀ। ਉਧਰ ਪਹਿਲਾਂ ਹੀ ਦੁੱਧ-ਚਿੱਟੇ ਰੰਗ ਵਿਚ ਨਹਾਈ ਸ੍ਰੀ ਅਨੰਦਪੁਰ ਸਾਹਿਬ ਦੀ ਸਮੁੱਚੀ ਨਗਰੀ ਵੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਹੈ ਤੇ ਰਾਤ ਸਮੇਂ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਇਹ ਨਜ਼ਾਰਾ ਬੇਹੱਦ ਖੂਬਸੂਰਤ ਹੋ ਜਾਂਦਾ ਹੈ, ਜੋ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਪੰਜਾਬ ਤੇ ਹੋਰਨਾਂ ਰਾਜਾਂ ਤੋਂ 100 ਦੇ ਕਰੀਬ ਨਗਰ ਕੀਰਤਨ ਖਾਲਸੇ ਦੀ ਧਰਤੀ ਉਤੇ ਪੁੱਜੇ।
ਗੁਰਦੁਆਰਾ ਭੋਰਾ ਸਾਹਿਬ ਵਿਖੇ ਹਜ਼ਾਰਾਂ ਦੀ ਤਾਦਾਦ ਵਿਚ ਸੰਗਤ ਦੀ ਹਾਜ਼ਰੀ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੇਸ-ਵਿਦੇਸ ਦੀ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਸਿਰਜਣਾ ਸਿੱਖ ਇਤਿਹਾਸ ਦਾ ਗੌਰਵਮਈ ਵਿਰਸਾ ਹੈ। ਇਹ ਸਿੱਖ ਪੰਥ ਦਾ ਉਹ ਮਹਾਨ ਕੇਂਦਰ ਹੈ ਜਿਸ ਦੇ ਜ਼ਰੇ-ਜ਼ਰੇ ਨੂੰ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਤੇ ਸਿੰਘਾਂ ਦੀ ਚਰਨਛੋਹ ਪ੍ਰਾਪਤ ਹੈ। ਇਸ ਨਗਰ ਦਾ ਨਾਮ ਗੁਰੂ ਤੇਗ ਬਹਾਦਰ ਨੇ ਆਪਣੀ ਮਾਤਾ ਦੇ ਨਾਮ ਉਤੇ ‘ਚੱਕ ਨਾਨਕੀ’ ਰੱਖਿਆ ਸੀ। ਇਥੇ ਹੀ ਦਸਮੇਸ਼ ਪਿਤਾ ਨੇ ਖਾਲਸੇ ਦੀ ਸਾਜਨਾ ਕੀਤੀ। ਉਨ੍ਹਾਂ ਇਸ ਮੌਕੇ ਦਿੱਤੇ ਸੰਦੇਸ਼ ਵਿਚ ਕਿਹਾ ਕਿ ਅੱਜ ਇਸ ਮਹਾਨ ਪਵਿੱਤਰ ਨਗਰੀ ਦਾ ਨਾਮ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ। ਕੇਸਾਂ ਦੀ ਮਹਾਨਤਾ ਨੂੰ ਦਰਸਾਉਂਦਾ ਤਖ਼ਤ ਕੇਸਗੜ੍ਹ ਸਾਹਿਬ ਗੁਰੂ ਪਿਆਰਿਆਂ ਨੂੰ ਖਾਲਸੇ ਦੀ ਰਹਿਣੀ-ਬਹਿਣੀ ਤੇ ਉੱਚ ਖਾਲਸਈ ਜੀਵਨ ਦੀ ਕਮਾਈ ਕਰਕੇ ਜ਼ਿੰਦਗੀ ਦੇ ਰਣ ਖੇਤਰ ਵਿਚ ਜੂਝਣ ਲਈ ਵੰਗਾਰ ਪਾਉਂਦਾ ਰਹੇਗਾ। ਅਨੰਦਪੁਰ ਸਾਹਿਬ ਦੀ ਧਰਤੀ ਆਪਣੇ ਆਪ ਵਿਚ ਹੀ ਅਜਿਹਾ ਵਿਰਾਸਤੀ ਸਥਾਨ ਹੈ ਜੋ ਇਤਿਹਾਸ ਦੀਆਂ ਯਾਦਗਾਰਾਂ ਸਾਂਭੀ ਬੈਠਾ ਹੈ। ਇਹ ਉਹ ਸਥਾਨ ਹੈ ਜਿਸ ਦੀ ਵਿਰਾਸਤ ਖਤਮ ਹੋ ਰਹੀਆਂ ਮਨੁੱਖੀ ਕਦਰਾਂ ਕੀਮਤਾਂ ਨੂੰ ਸਾਂਭਣ ਦਾ ਸੱਦਾ ਦਿੰਦੀ ਹੈ।
ਇਸ ਪਵਿੱਤਰ ਅਵਸਰ ਉਤੇ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾ ਸਬੰਧੀ ਕੀਤੇ ਐਲਾਨਨਾਮੇ ਉਤੇ ਅਮਲ ਕਰਕੇ ਗੁਰੂ ਸਾਹਿਬ ਦੇ ਸਪੁੱਤਰ ਤੇ ਸਪੁੱਤਰੀਆਂ ਬਣ ਕੇ ਅਨੰਦਪੁਰ ਸਾਹਿਬ ਦੇ ਵਾਸੀ ਬਣਨ। ਉਨ੍ਹਾਂ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿੱਖ ਗੁਰੂ ਸਾਹਿਬਾਨ ਦੀ ਪੰਜਾਬੀਆਂ ਨੂੰ ਮਹਾਨ ਦੇਣ ਹੈ। ਅੱਜ ਦੇ ਸਮੇਂ ਵਿਚ ਭੁਲੇਖਿਆਂ ਵਿਚ ਫਸੇ ਬਹੁਤੇ ਪਰਿਵਾਰਾਂ ਦੇ ਬੱਚੇ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਹਨ। ਇਹ ਵਰਤਾਰਾ ਅਫ਼ਸੋਸਜਨਕ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਥਾਪਨਾ ਸਮਾਗਮਾਂ ਵਿਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਮਨਾਈ ਜਾਣੀ ਹੈ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਭਾਵੇਂ ਕੁਝ ਵੀ ਕਹੇ ਪਰ ਇਕ ਗੱਲ ਸਾਫ ਹੈ ਕਿ ਖਾਲਸਾ ਪੰਥ ਤੇ ਸਿੱਖਾਂ ਵੱਲੋਂ ਇਸ ਰਾਸ਼ਟਰ ਦੀ ਅਖੰਡਤਾ, ਇਤਿਹਾਸ, ਸੱਭਿਆਚਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਬਹਾਦਰੀ ਸਿੱਖ ਭਾਈਚਾਰੇ ਵਿਚ ਦੇਖਣ ਨੂੰ ਮਿਲਦੀ ਹੈ ਉਸ ਦੀ ਵਿਸ਼ਵ ਵਿਚ ਕੋਈ ਦੂਜੀ ਉਦਾਹਰਣ ਨਹੀਂ ਮਿਲੇਗੀ ਜਿਨ੍ਹਾਂ ਨੇ ਖੁਦ ਕੁਰਬਾਨੀਆਂ ਹੀ ਨਹੀਂ ਕੀਤੀਆਂ ਸਗੋਂ ਉਨ੍ਹਾਂ ਦੇ ਬੱਚਿਆਂ ਨੇ ਇਸ ਦੇਸ਼ ਦੀ ਅਖੰਡਤਾ ਤੇ ਸਭਿਆਚਾਰ ਦੀ ਰਾਖੀ ਵੀ ਕੀਤੀ। ਸਿੱਖ ਗੁਰੂਆਂ ਨੇ ਜ਼ੁਲਮ ਤੇ ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸੰਦੇਸ਼ ਦਿੱਤਾ ਤੇ ਪਾਠ ਪੜ੍ਹਾਇਆ ਹੈ ਜਿਹੜੇ ਦੇਸ਼ ਦੀ ਅਖੰਡਤਾ ਤੇ ਧਰਮ ਨਿਰਪੱਖ ਢਾਂਚੇ ਦੀ ਉਲੰਘਣਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਬਹਾਦਰ ਸਿੱਖਾਂ ਤੇ ਪੰਜਾਬੀਆਂ ਵੱਲੋਂ ਇਸ ਰਾਸ਼ਟਰ ਦੀ ਖਾਤਰ ਕੁਰਬਾਨੀਆਂ ਦੇਣ ਦਾ ਇਤਿਹਾਸ ਭਰਿਆ ਪਿਆ ਹੈ। ਸ਼ੇਰਸ਼ਾਹ ਸੂਰੀ, ਮਹਾਰਾਣਾ ਪ੍ਰਤਾਪ, ਛੱਤਰਪਤੀ ਸ਼ਿਵਾਜੀ ਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮਾਂ ਖਿਲਾਫ ਲੜਾਈ ਦੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਲਾਲਾ ਲਾਜਪਤ ਰਾਏ ਤੇ ਸ਼ਹੀਦ ਭਗਤ ਸਿੰਘ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਨ੍ਹਾਂ ਇਸ ਦੇਸ਼ ਦੀ ਆਜ਼ਾਦੀ ਖਾਤਰ ਫਾਂਸੀ ਦੇ ਫੰਧਿਆਂ ਨੂੰ ਹੱਸਦੇ ਹੋਏ ਚੁੰਮਿਆ।
_____________________________________________________
ਗਰਮਖਿਆਲੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ
ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਨੇ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਭਾਵੇਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ ਪਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਮੰਚ ਤੋਂ ਸੰਬੋਧਨ ਕਰਨ ਦੌਰਾਨ ਪੰਡਾਲ ਵਿਚ ‘ਰਾਜਨਾਥ ਵਾਪਸ ਜਾਓ, ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਨਾਲ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਪ੍ਰਬੰਧਾਂ ਦੀ ਫੂਕ ਨਿਕਲ ਗਈ। ਜਿਉਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਚ ਤੋਂ ਸੰਗਤ ਨੂੰ ਸੰਬੋਧਨ ਕਰਨ ਲੱਗੇ ਤਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਗ੍ਰਹਿ ਮੰਤਰੀ ਨੂੰ ਭਾਸ਼ਣ ਰੋਕਣਾ ਪਿਆ।। ਭਾਵੇਂ ਪੰਡਾਲ ਦੇ ਅੰਦਰ ਹਰ ਬਲਾਕ ਵਿਚ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਸਨ ਪਰ ਇਹ ਕਾਰਕੁਨ ਨਾਅਰੇਬਾਜ਼ੀ ਕਰਨ ਵਿਚ ਸਫ਼ਲ ਹੋ ਗਏ। ਪੁਲਿਸ ਨੂੰ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਅਨੰਦਪੁਰ ਸਾਹਿਬ ਵਿਚ ਬੰਦ ਕਰਨਾ ਪਿਆ। ਮੁਜ਼ਾਹਰਾਕਾਰੀਆਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਤੇ ਕਰਨੈਲ ਸਿੰਘ ਨਾਰੀਕੇ, ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਭਾਗੋਵਾਲ, ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਗੁਰਨੈਬ ਸਿੰਘ ਸੰਗਰੂਰ ਤੇ ਜਸਵੰਤ ਸਿੰਘ ਚੀਮਾ ਆਦਿ ਸ਼ਾਮਲ ਸਨ।
______________________________________________________
ਸਿੱਖ ਮਸਲਿਆਂ ਦੇ ਹੱਲ ਬਾਰੇ ਵੀ ਉਠੀ ਆਵਾਜ਼
ਸ੍ਰੀ ਅਨੰਦਪੁਰ ਸਾਹਿਬ: ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਦੌਰਾਨ ਸਿੱਖ ਜਥੇਬੰਦੀਆਂ ਨੇ ਸਿੱਖ ਮਸਲਿਆਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੀ। ਸੰਤ ਸਮਾਜ ਸਮੇਤ ਗਰਮਖਿਆਲੀ ਤੇ ਹੋਰ ਵੱਖ-ਵੱਖ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਜਦੋਂ ਵੀ ਵਿਦੇਸ਼ਾਂ ਵਿਚ ਜਾਂਦੇ ਹਨ ਤਾਂ ਸਿੱਖਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਵਾਉਣ। ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਸਮੇਤ ਕੇਂਦਰ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਸਿੱਖ ਕੌਮ ਨੂੰ ਫਿਰਕਾਪ੍ਰਸਤ ਤੇ ਅਤਿਵਾਦੀਆਂ ਵਜੋਂ ਵਿਖਾਇਆ ਜਾ ਰਿਹਾ ਹੈ, ਜਦੋਂ ਕਿ ਸਿੱਖ ਧਰਮ ਇਕ ਨਿਰਪੱਖ ਧਰਮ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਾਕਾ ਨੀਲਾ ਤਾਰਾ 1984 ਤੇ ਜੋਧਪੁਰ ਜੇਲ੍ਹ ਵਿਚ ਕਈ ਸਾਲਾਂ ਤੋਂ ਬੰਦ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦਿਵਾਉਂਦੇ ਹੋਏ ਉਨ੍ਹਾਂ ਸਰਕਾਰ ਤੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ।
______________________________________________
ਮੁੱਖ ਮਾਰਗਾਂ ਉਤੇ ਉਸਾਰੇ ਜਾਣਗੇ ਪੰਜ ਯਾਦਗਾਰੀ ਗੇਟ
ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਤ ਕੀਤੇ ਵਿਰਾਸਤੀ ਕਾਰਜਾਂ ਦੇ ਪ੍ਰੋਜੈਕਟ ਅਧੀਨ ਖਾਲਸੇ ਦੀ ਜਨਮ ਭੂਮੀ ਵਿਖੇ ਪੰਜ ਪਿਆਰਿਆਂ ਦੀ ਯਾਦ ਨੂੰ ਸਮਰਪਤ ਉਨ੍ਹਾਂ ਦੇ ਨਾਮ ਉਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਮਿਲਾਉਣ ਵਾਲੇ ਮਾਰਗਾਂ ਤੇ ਪੰਜ ਯਾਦਗਾਰੀ ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਦੀ ਯਾਦ ਨੂੰ ਸਮਰਪਤ ਇਕ ਯਾਦਗਾਰੀ ਹਾਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਯਾਤਰੂਆਂ ਦੀ ਰਿਹਾਇਸ਼ ਲਈ ਉਸਾਰੀ ਜਾ ਰਹੀ ਐਨæਆਰæਆਈæ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਾਂ ਦੀਆਂ ਪੰਜ ਮੰਜ਼ਲਾਂ ਵੀ ਪੰਜ ਪਿਆਰਿਆਂ ਦੇ ਨਾਂ ਨੂੰ ਸਮਰਪਤ ਹੋਣਗੀਆਂ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਰੋਸਾਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਸਾਰੇ ਗਏ ਪੰਜ ਵਿਰਾਸਤੀ ਕਿਲ੍ਹਿਆਂ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਲੋਂ ਸ਼ੁਰੂ ਕਰਵਾਈ ਕਾਰ ਸੇਵਾ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਕਾਰ ਸੇਵਾ ਵਾਲਿਆਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਉਤੇ ਸ਼ੁਰੂ ਕੀਤੇ ਗਏ ਕਾਰ ਸੇਵਾ ਦੇ ਪ੍ਰੋਜੈਕਟ ਜਲਦੀ ਹੀ ਸੰਪੂਰਨ ਹੋ ਜਾਣਗੇ।