ਨਿਆਰੀ ਕ੍ਰਾਂਤੀ ਦੀ ਧਰਤੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੇ 350 ਸਾਲ 19 ਜੂਨ ਨੂੰ ਪੂਰੇ ਹੋ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਡੇ ਇਤਿਹਾਸਕ ਫ਼ੈਸਲਿਆਂ ਤੇ ਕ੍ਰਾਂਤੀਕਾਰੀ ਬਦਲਾਅ ਦਾ ਮੁੱਢ ਬੰਨ੍ਹਣ ਵਾਲੀ ਧਰਤੀ ਹੈ। ਹਿੰਦੁਸਤਾਨ ਦੇ ਨਵੇਂ ਭਵਿੱਖ ਦੀ ਬਣਤਰ ਦਾ ਖਾਕਾ ਇਸੇ ਧਰਤੀ ਉਤੇ ਖਿੱਚਿਆ ਗਿਆ ਸੀ।

ਇਸੇ ਧਰਤੀ ਉਤੇ ਸਿੱਖੀ ਦੇ ਬਹੁਤ ਸਾਰੇ ਮੁੱਢਲੇ ਸਿਧਾਂਤ ਤੇ ਸੰਕਲਪ, ਵਿਹਾਰਕ ਪੱਧਰ ਉਤੇ ਸਥਾਪਤ ਹੋਏ ਸਨ। ਇਤਿਹਾਸ ਦੇ ਪੰਨਿਆਂ ਉਤੇ ਇਹ ਹਕੀਕਤ ਦਰਜ ਹੈ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਧਰਮ ਦੀ ਆਜ਼ਾਦੀ ਨੂੰ ਬਹਾਲ ਕਰਾਉਣ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਧਰਤੀ ਉਤੇ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ।
ਅਨੰਦਪੁਰ ਸਾਹਿਬ ਦੀ ਸਥਾਪਨਾ ਗੁਰੂ ਸਾਹਿਬਾਨ ਵੱਲੋਂ ਆਪਣੇ ਜੀਵਨ ਵਿਚ ਸਿੱਖ ਧਰਮ ਤੇ ਪੰਥ ਦੀ ਪ੍ਰਫੁੱਲਤਾ ਲਈ ਵਸਾਏ ਗਏ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਤੇ ਕੀਰਤਪੁਰ ਸਾਹਿਬ ਨਗਰਾਂ ਦੀ ਸਥਾਪਨਾ ਦੀ ਚਲਾਈ ਗਈ ਲੜੀ ਦਾ ਵੀ ਇਕ ਸਿਖਰ ਹੈ। ਅਨੰਦਪੁਰ ਸਾਹਿਬ ਦੀ ਨੀਂਹ 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ਉਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਵਿਚ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਹੋਇਆ ਸੀ, ਪਰ ਉਨ੍ਹਾਂ ਨੇ ਆਦਰਸ਼ਕ ਸਮਾਜਿਕ ਰਿਸ਼ਤਿਆਂ ਤੇ ਸਫ਼ਲ ਜੀਵਨ ਦਿਸ਼ਾ ਦੇਣ ਵਾਲਾ ਪਹਿਲਾ ਨਗਰ ਕਰਤਾਰਪੁਰ ਵਸਾਇਆ ਸੀ। ਇਨ੍ਹਾਂ ਹੀ ਲੀਹਾਂ ਉਤੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ, ਤਰਨਤਾਰਨ, ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਨਗਰਾਂ ਦੀ ਸਥਾਪਨਾ ਕੀਤੀ ਗਈ। ਇਸ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਨਾਲ ਗੁਰੂ ਸਾਹਿਬਾਨ ਦੇ ਬਹੁਪਰਤੀ ਰਿਸ਼ਤਿਆਂ ਦੀ ਸਾਂਝ ਤੇ ਪੰਥ ਤੇ ਮਨੁੱਖਤਾ ਨੂੰ ਇਨ੍ਹਾਂ ਨਗਰਾਂ ਰਾਹੀਂ ਦਿੱਤਾ ਜਾਣ ਵਾਲਾ ਵਿਸ਼ਵਵਿਆਪੀ ਸੰਦੇਸ਼ ਤੇ ਉਸ ਅਨੁਸਾਰ ਹੀ ਪੰਥ ਦਾ ਭਵਿੱਖ ਦਾ ਕਾਰਜ ਏਜੰਡਾ ਉਲੀਕਣਾ ਮਹੱਤਵਪੂਰਨ ਬਣ ਜਾਂਦਾ ਹੈ।
ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿਚ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਅਨੰਦਪੁਰ ਸਾਹਿਬ ਦੀ ਸਥਾਪਨਾ ਸਿੱਖੀ ਦੇ ਵੱਡੇ ਮਕਸਦਾਂ ਦੀ ਪੂਰਤੀ ਲਈ ਆਪਣੇ ਆਪ ਵਿਚ ਇਕ ਮੀਲ ਪੱਥਰ ਸੀ। ਸਮਾਜ ਦੇ ਹਰ ਵਰਗ ਤੇ ਕਿੱਤੇ ਨਾਲ ਸਬੰਧਤ ਲੋਕਾਂ ਦਾ ਇਥੇ ਆ ਕੇ ਵੱਸਣਾ, ਘਰਾਂ ਦੀ ਉਸਾਰੀ, ਬਾਜ਼ਾਰ, ਗਲੀਆਂ, ਧਾਰਮਿਕ ਸਰਗਰਮੀਆਂ ਲਈ ਭੋਰਾ ਸਾਹਿਬ ਸਮੇਤ ਹੋਰ ਸਥਾਨਾਂ ਦੀ ਉਸਾਰੀ, ਸਿੱਖ ਸੰਗਤਾਂ ਦਾ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਉਣਾ, ਗੁਰੂ ਪਰਿਵਾਰ ਦੇ ਮਹਿਲਾਂ ਤੇ ਮਾਤਾ ਗੁਜਰੀ ਜੀ ਦਾ ਆਈ ਸੰਗਤ ਦੀ ਟਹਿਲ ਸੇਵਾ ਕਰਨਾ, ਧਰਮ ਪ੍ਰਚਾਰ ਲਈ ਗੁਰੂ ਸਾਹਿਬ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰ ਲੰਮੇ ਪ੍ਰਚਾਰ ਦੌਰਿਆਂ ਉਤੇ ਜਾਣਾ ਆਦਿ ਸਭ ਇਥੋਂ ਦੇ ਇਤਿਹਾਸ ਦੇ ਰੌਸ਼ਨ ਪਹਿਲੂ ਹਨ। ਇਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਹੇਤ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਦਿੱਲੀ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ 1666 ਵਿਚ ਹੋਇਆ ਸੀ। ਅਨੰਦਪੁਰ ਸਾਹਿਬ ਉਨ੍ਹਾਂ ਦੀ ਕਰਮ ਭੂਮੀ ਸੀ। ਆਪਣੀ ਰਚਨਾ ‘ਬਚਿੱਤਰ ਨਾਟਕ’ ਵਿਚ ਉਹ ਅਨੰਦਪੁਰ ਸਾਹਿਬ ਨੂੰ ‘ਮਦ੍ਰ ਦੇਸ਼’ ਦੇ ਰੂਪ ਵਿਚ ਬਿਆਨ ਕਰਦੇ ਹਨ।
ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ ਗਿਆ ਸੀ, ਉਸ ਦੀ ਪੂਰਨਤਾ ਵਿਚ ਅਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਤੇ ਇਸ ਦੇ ਇਲਾਹੀ ਯੋਗਦਾਨ ਦੇ ਵੱਖ-ਵੱਖ ਪੱਧਰ ਤੇ ਨਕਸ਼ ਖ਼ਾਲਸਾ ਪੰਥ ਦੀ ਚੇਤਨਾ ਵਿਚ ਹਰ ਪਲ ਵੱਸੇ ਰਹਿੰਦੇ ਹਨ। ਇਸੇ ਲਈ ਅਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਤੇ ਇਸ ਨਗਰ ਨੂੰ ‘ਮਾਡਲ ਸਿਟੀ ਸਟੇਟ’ ਵਾਂਗ ਵਿਕਸਤ ਕਰਨਾ, ਇਸ ਸ਼ਹਿਰ ਦੀ ਰੱਖਿਆ ਲਈ ਅਪਣਾਏ ਗਏ ਯੁੱਧਨੀਤਕ ਪੈਂਤੜੇ, ਪੰਜ ਕਿਲ੍ਹਿਆਂ ਦੀ ਉਸਾਰੀ, ਅਨੰਦਪੁਰ ਸਾਹਿਬ ਨੂੰ ਇਕ ਸ਼ਕਤੀਸ਼ਾਲੀ ਵਪਾਰਕ-ਆਰਥਿਕ-ਸਭਿਆਚਾਰਕ-ਰਾਜਨੀਤਿਕ ਤੇ ਨਵੀਂ ਕ੍ਰਾਂਤੀ ਦੇ ਕੇਂਦਰ ਵਜੋਂ ਵਿਕਸਿਤ ਕਰਨਾ ਅਜਿਹੇ ਕਰਮ ਤੇ ਜੀਵਨ ਦਿਸ਼ਾਵਾਂ ਹਨ, ਜਿਨ੍ਹਾਂ ਨੂੰ ਖ਼ਾਲਸਾ ਪੰਥ ਨੇ ਆਪਣੇ ਚੇਤੇ ਵਿਚ ਵਸਾਇਆ ਹੋਇਆ ਹੈ। ਅਪਰੈਲ 1999 ਵਿਚ ਖ਼ਾਲਸਾ ਪੰਥ ਦੀ ਸਾਜਨਾ ਦੇ 300ਵੇਂ ਵਰ੍ਹੇ ਨੂੰ ਪੰਥ ਨੇ ਪੂਰੇ ਖ਼ਾਲਸਈ ਜਲੌਅ ਵਿਚ ਮਨਾਇਆ ਸੀ। ਇਸ ਤੋਂ ਪੰਥ ਨੂੰ ਸਿੱਖੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਵੀਂ ਪ੍ਰੇਰਨਾ ਮਿਲੀ ਸੀ।
___________________________________________
ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ
ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦਾ ਮੁੱਢ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੰਨ੍ਹਿਆ ਸੀ। ਸ੍ਰੀ ਕੀਰਤਪੁਰ ਸਾਹਿਬ ਤੋਂ ਅੱਠ ਕਿਲੋਮੀਟਰ ਦੂਰ ਕਹਿਲੂਰ ਦੇ ਰਾਜੇ ਤੋਂ ਗੁਰੂ ਸਾਹਿਬ ਨੇ ਆਪ ਮਾਖੋਵਾਲ ਪਿੰਡ ਦਾ ਥੇਹ ਖਰੀਦਿਆ ਸੀ। ਫਿਰ ਬਾਬਾ ਬੁੱਢਾ ਜੀ ਦੇ ਵੰਸ਼ਜ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਵਾਈ ਸੀ ਤੇ ਨਵੀਂ ਵਸੋਂ ਦਾ ਨਾਂ ਆਪਣੀ ਪੂਜਨੀਕ ਮਾਤਾ ਦੇ ਨਾਂ ਉਤੇ ‘ਚੱਕ ਨਾਨਕੀ’ ਰੱਖਿਆ ਸੀ। ਭੰਗਾਣੀ ਦੇ ਯੁੱਧ ਵਿਚ ਫੈਸਲਾਕੁੰਨ ਜਿੱਤ ਹਾਸਲ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਉਂਟਾ ਸਾਹਿਬ ਤੋਂ ‘ਚੱਕ ਨਾਨਕੀ’ ਆਏ ਤਾਂ ਉਨ੍ਹਾਂ ਨੇ ਆਪ ਇਸ ਨਗਰ ਦਾ ਨਾਂ ‘ਅਨੰਦਪੁਰ’ ਰੱਖਿਆ। ਨਗਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਲ੍ਹਿਆਂ ਦੀ ਉਸਾਰੀ ਕੀਤੀ ਗਈ ਤੇ ਫਿਰ ਹੌਲੀ-ਹੌਲੀ ਇਹ ਨਗਰ ਵੱਡੀਆਂ ਇਤਿਹਾਸਕ ਸਰਗਰਮੀਆਂ ਦਾ ਕੇਂਦਰ ਬਣ ਗਿਆ।
____________________________________________
ਅਨੰਦਪੁਰ ਸਾਹਿਬ ਦੇ ਇਤਿਹਾਸਕ ਕਿਲ੍ਹੇ
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਰੋਸਾਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਸਾਰੇ ਗਏ ਪੰਜ ਵਿਰਾਸਤੀ ਕਿਲ੍ਹਿਆਂ ਜਿਨ੍ਹਾਂ ਵਿਚ ਕਿਲਾ ਲੋਹਗੜ੍ਹ ਸਾਹਿਬ, ਕਿਲਾ ਫ਼ਤਹਿਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਤਾਰਾਗੜ੍ਹ ਸਾਹਿਬ ਤੇ ਕਿਲਾ ਆਨੰਦਗੜ੍ਹ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਵਿਚੋਂ ਕਿਲਾ ਅਨੰਦਪੁਰ ਸਾਹਿਬ ਇਕ ਮੁੱਖ ਕਿਲ੍ਹਾ ਸੀ। ਇਸ ਕਿਲ੍ਹੇ ਦੇ ਨਾਂ ‘ਤੇ ਹੀ ਸ਼ਹਿਰ ਦਾ ਨਾਂ ਅਨੰਦਪੁਰ ਰੱਖਿਆ ਗਿਆ। ਸਾਰੇ ਕਿਲ੍ਹਿਆਂ ਦਾ ਨਿਰਮਾਣ ਗੁਰੂ ਜੀ ਨੇ ਮੁਗਲਾਂ ਤੇ ਪਹਾੜੀ ਰਾਜਿਆਂ ਤੋਂ ਸੁਰੱਖਿਆ ਲਈ ਕੀਤਾ ਸੀ।