ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਵੱਖ-ਵੱਖ ਜ਼ਿਲ੍ਹਿਆਂ, ਜਿਨ੍ਹਾਂ ਵਿਚ ਮੁਕਤਸਰ ਸਾਹਿਬ, ਤਰਨਤਾਰਨ, ਫਾਜ਼ਿਲਕਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਕਪੂਰਥਲਾ ਤੇ ਮਾਨਸਾ ਆਦਿ ਸ਼ਾਮਲ ਹਨ, ਪਿੰਡਾਂ ਦੇ ਕਿਸਾਨਾਂ ਨੇ ਜ਼ਿੰਦਗੀ ਤੋਂ ਬੇਜ਼ਾਰ ਹੋ ਕੇ ਇਸ ਨੂੰ ਛੱਡ ਦੇਣਾ ਹੀ ਬਿਹਤਰ ਸਮਝਿਆ।
ਆਰਥਿਕ ਤੰਗੀ ਹੀ ਇਨ੍ਹਾਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਬਣ ਰਹੀ ਹੈ। ਇਸ ਸਾਲ ਬੇਮੌਸਮੀ ਬਾਰਸ਼ ਕਾਰਨ ਫਸਲ ਦੀ ਬਰਬਾਦੀ ਪਿੱਛੋਂ ਇਸ ਰੁਝਾਨ ਵਿਚ ਇਕਦਮ ਵਾਧਾ ਹੋਇਆ ਹੈ। ਪਿਛਲੇ ਡੇਢ ਮਹੀਨੇ ਵਿਚ ਤਕਰੀਬਨ 36 ਕਿਸਾਨਾਂ ਨੇ ਮੌਤ ਗਲੇ ਲਾ ਲਈ।
ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਪਿਛਲੇ ਦਿਨੀਂ ਜਿਸ ਸੁਰਜੀਤ ਸਿੰਘ ਨਾਂ ਦੇ ਕਿਸਾਨ ਨੇ ਫਤਹਿਗੜ੍ਹ ਸਾਹਿਬ ਵਿਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅੱਗੇ ਆਪਣੇ ਦੁਖੜੇ ਫਰੋਲੇ ਸਨ, ਉਸ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ, ਕਿਉਂਕਿ ਉਹ ਵੀ ਤਕਰੀਬਨ ਸੱਤ ਲੱਖ ਰੁਪਏ ਦਾ ਕਰਜ਼ਾਈ ਸੀ ਤੇ ਬੇਮੌਸਮੀ ਬਾਰਸ਼ ਨਾਲ ਬਰਬਾਦ ਹੋਈ ਫ਼ਸਲ ਕਾਰਨ ਕਰਜ਼ਾ ਚੁਕਾਉਣ ਤੋਂ ਬੇਵੱਸ ਸੀ। ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਾਹੀਂ ਪੰਜਾਬ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਬਾਰੇ ਇਕ ਸਰਵੇਖਣ ਕਰਵਾਇਆ ਗਿਆ ਸੀ।
ਇਸ ਸਰਵੇਖਣ ਦਾ ਮੰਤਵ 2000 ਤੋਂ 2010 ਦਰਮਿਆਨ ਹੋਈਆਂ ਖ਼ੁਦਕੁਸ਼ੀਆਂ ਦੇ ਅੰਕੜੇ ਤੇ ਵੇਰਵੇ ਇਕੱਤਰ ਕਰਨਾ ਸੀ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਸਮੇਂ ਦੌਰਾਨ ਤਕਰੀਬਨ 5000 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ ਤੇ ਇਨ੍ਹਾਂ ਵਿਚੋਂ 3000 ਖ਼ੁਦਕੁਸ਼ੀਆਂ ਬਠਿੰਡਾ ਤੇ ਸੰਗਰੂਰ ਦੇ ਦੋ ਜ਼ਿਲ੍ਹਿਆਂ ਵਿਚ ਹੀ ਹੋਈਆਂ ਹਨ। ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿਚੋਂ 38 ਫ਼ੀਸਦੀ 20 ਤੋਂ 30 ਸਾਲ ਦੇ ਨੌਜਵਾਨ ਸਨ। 60 ਫ਼ੀਸਦੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਕਰਜ਼ਾ ਸੀ। ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀਆਂ ਵਿਚੋਂ 47 ਫ਼ੀਸਦੀ ਲੋਕ ਅਨਪੜ੍ਹ ਸਨ। ਉਕਤ ਸਮੇਂ ਦੌਰਾਨ ਤਕਰੀਬਨ ਹਰ ਸਾਲ 500 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਤੇ ਇਸ ਤਰ੍ਹਾਂ ਹਰ ਦੋ ਦਿਨਾਂ ਵਿਚ ਤਿੰਨ ਕਿਸਾਨ ਖ਼ੁਦਕੁਸ਼ੀ ਕਰਦੇ ਰਹੇ।ਪਰ ਪਿਛਲੇ ਇਕ ਸਾਲ ਵਿਚ ਇਸ ਵਿਚ ਤੇਜ਼ੀ ਆਈ ਹੈ।
ਹੁਣ ਤਾਂ ਹਰ ਦੋ ਦਿਨਾਂ ਬਾਅਦ ਨਹੀਂ, ਸਗੋਂ ਹਰ ਰੋਜ਼ ਤਕਰੀਬਨ ਦੋ ਤੋਂ ਤਿੰਨ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੇ ਬਾਵਜੂਦ ਕਿਸਾਨੀ ਦੇ ਇਸ ਦੁਖਾਂਤ ਨੂੰ ਕਿਸੇ ਵੀ ਪੱਧਰ ਉਤੇ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਇੰਦਰਜੀਤ ਸਿੰਘ ਜੇਜੀ, ਜਿਨ੍ਹਾਂ ਨੇ ਮਾਲਵੇ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਗਹਿਰੀ ਜਾਂਚ-ਪੜਤਾਲ ਕੀਤੀ ਹੈ ਤੇ ਇਸ ਬਾਰੇ ਇਕ ਪੁਸਤਕ ਵੀ ਲਿਖੀ ਹੈ, ਦਾ ਦਾਅਵਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸੰਗਰੂਰ ਜ਼ਿਲ੍ਹੇ ਦੀਆਂ ਮੂਨਕ ਤੇ ਲਹਿਰਾ ਤਹਿਸੀਲਾਂ ਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਬਲਾਕ ਵਿਚ ਹੀ 2300 ਤੋਂ ਵੱਧ ਕਿਸਾਨ ਤੇ ਬੇਜ਼ਮੀਨੇ ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਅਨੁਸਾਰ ਮੂਨਕ ਨੇੜਲੇ ਪਿੰਡ ਬਲੜਾਂ ਵਿਚ ਹੀ 93 ਦੇ ਕਰੀਬ ਖ਼ੁਦਕੁਸ਼ੀਆਂ ਹੋਈਆਂ ਹਨ।
ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਖੇਤੀ ਉਤਪਾਦਨ ਦੀਆਂ ਲਗਾਤਾਰ ਵਧਦੀਆਂ ਹੋਈਆਂ ਲਾਗਤਾਂ ਤੇ ਇਸ ਮੁਤਾਬਕ ਉਨ੍ਹਾਂ ਨੂੰ ਸਰਕਾਰਾਂ ਤੇ ਨਿੱਜੀ ਵਪਾਰੀਆਂ ਵੱਲੋਂ ਲਾਭਕਾਰੀ ਭਾਅ ਦਾ ਨਾ ਦਿੱਤੇ ਜਾਣਾ ਹੈ। ਇਸ ਤੋਂ ਇਲਾਵਾ ਸ਼ਾਹੂਕਾਰਾਂ ਤੇ ਆੜ੍ਹਤੀਆਂ ਵੱਲੋਂ ਉਨ੍ਹਾਂ ਨੂੰ ਵਧੇਰੇ ਵਿਆਜ ਉਤੇ ਕਰਜ਼ੇ ਤੇ ਹੋਰ ਘਰੇਲੂ ਵਰਤੋਂ ਦੀਆਂ ਵਸਤਾਂ ਉਨ੍ਹਾਂ ਦੇ ਗਲ ਮੜ੍ਹ ਕੇ ਕੀਤਾ ਜਾ ਰਿਹਾ ਅੰਨ੍ਹਾ ਸ਼ੋਸ਼ਣ ਵੀ ਇਸ ਲਈ ਜ਼ਿੰਮੇਵਾਰ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਕੁਝ ਕਾਰਨ ਦੇਸ਼ ਭਰ ਵਿਚ ਸਾਂਝੇ ਹਨ ਤੇ ਕੁਝ ਕਾਰਨ ਵੱਖ-ਵੱਖ ਰਾਜਾਂ ਵਿਚ ਵੱਖੋ-ਵੱਖਰੇ ਵੀ ਹਨ।
ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੀ ਆ ਰਹੀ ਹੈ ਪਰ ਉਸ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ ਰਹੀਆਂ। ਸਰਕਾਰ ਵੱਲੋਂ ਹਾਲ ਹੀ ਵਿਚ ਵਧਾਏ ਟੈਕਸਾਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਤਕਰੀਬਨ ਡੇਢ ਸੌ ਕਰੋੜ ਰੁਪਏ ਦੀ ਵਾਧੂ ਮਾਰ ਪਵੇਗੀ। ਬਿਜਲੀ ਸੈੱਸ ਤੇ ਸਟੈਂਪ ਡਿਉਟੀ ਵਿਚ ਕੀਤਾ ਵਾਧਾ ਇਸ ਤੋਂ ਵੱਖ ਹੈ।
______________________________________________________
ਇਕ ਦਹਾਕੇ ਵਿਚ 6926 ਕਿਸਾਨਾਂ ਨੇ ਮੌਤ ਗਲੇ ਲਾਈ
ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਵੱਲੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਸੂਬੇ ਵਿਚ ਪਿਛਲੇ ਇਕ ਦਹਾਕੇ ਦੌਰਾਨ ਖੇਤੀ ਖੇਤਰ ਵਿਚ ਖੁਦਕੁਸ਼ੀਆਂ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 6926 ਸੀ, ਜਿਨ੍ਹਾਂ ਵਿਚੋਂ 3954 ਕਿਸਾਨ ਸਨ ਤੇ 2972 ਬੇਜ਼ਮੀਨੇ ਮਜ਼ਦੂਰ ਸਨ। ਇਨ੍ਹਾਂ ਵਿਚੋਂ 74 ਫ਼ੀਸਦੀ ਕਿਸਾਨਾਂ ਤੇ 58æ6 ਫੀਸਦੀ ਬੇਜ਼ਮੀਨੇ ਮਜ਼ਦੂਰਾਂ ਨੇ ਭਾਰੀ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਸੀ।
ਦੱਸਣਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਛੇ ਜ਼ਿਲ੍ਹਿਆਂ, ਜਿਨ੍ਹਾਂ ਵਿਚ ਮਾਨਸਾ, ਸੰਗਰੂਰ, ਬਰਨਾਲਾ, ਮੋਗਾ, ਲੁਧਿਆਣਾ ਤੇ ਬਠਿੰਡਾ ਸ਼ਾਮਲ ਹਨ, ਦੇ ਸਰਵੇਖਣ ਦੌਰਾਨ 6126 ਕਿਸਾਨ-ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਖੁਦਕੁਸ਼ੀਆਂ ਦੇ ਬਾਕੀ 798 ਮਾਮਲੇ ਰਾਜ ਦੇ ਬਾਕੀ ਜ਼ਿਲ੍ਹਿਆਂ ਵਿਚੋਂ ਸਾਹਮਣੇ ਆਏ ਹਨ।
ਅਸਲ ਵਿਚ ਇਹ ਛੇ ਜ਼ਿਲ੍ਹੇ ਨਰਮਾ ਪੱਟੀ ਵਾਲੇ ਹਨ, ਜਿਥੇ ਕਰਜ਼ਿਆਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਭਾਰੂ ਹੈ। ਹੁਣ ਇਨ੍ਹਾਂ ਯੂਨੀਵਰਸਿਟੀਆਂ ਨੂੰ ਮਾਰਚ 2013 ਤੱਕ ਦੇ ਅੰਕੜੇ ਇਕੱਠੇ ਕਰਨ ਲਈ ਨਵੇਂ ਸਿਰਿਓਂ ਸਰਵੇਖਣ ਕਰਨ ਲਈ ਕਿਹਾ ਗਿਆ ਹੈ।
___________________________________________________
ਕਿਸਾਨ ਖੁਦਕੁਸ਼ੀਆਂ ਦੇ ਕਾਰਨæææ
ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਖੁਫੀਆ ਵਿੰਗ (ਆਈæਬੀ) ਨੇ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਪੰਜਾਬ ਵਿਚ ਵਧ ਰਹੇ ਕਰਜ਼ੇ ਦੇ ਭਾਰ ਤੇ ਫਸਲਾਂ ਦੀ ਘੱਟ ਰਹੀ ਪੈਦਾਵਾਰ ਖੁਦਕੁਸ਼ੀ ਦਾ ਕਾਰਨ ਬਣ ਰਹੀ ਹੈ। ਰਿਪੋਰਟ ਵਿਚ ਫਸਲਾਂ ਦੇ ਸਰਕਾਰੀ ਭਾਅ ਘੱਟ ਹੋਣ, ਮੌਨਸੂਨ ਦੀ ਗੜਬੜੀ ਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਖੁਦਕੁਸ਼ੀ ਦੇ ਕਾਰਨਾਂ ਵਿਚ ਸ਼ਾਮਲ ਕੀਤਾ ਹੈ।
ਮਾਰਚ ਤੇ ਅਪਰੈਲ ਮਹੀਨੇ ਵਿਚ ਹੋਈਆਂ ਬੇਮੌਸਮੀਆਂ ਬਾਰਸ਼ਾਂ, ਤੇਜ਼ ਹਵਾਵਾਂ ਤੇ ਗੜੇਮਾਰੀ ਨਾਲ ਦੇਸ਼ ਭਰ ਵਿਚ ਵੱਡੀ ਪੱਧਰ ਉਤੇ ਕਣਕ, ਆਲੂ, ਸਰ੍ਹੋਂ ਤੇ ਫਲ-ਸਬਜ਼ੀਆਂ ਆਦਿ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਬਾਅਦ ਕਿਸਾਨ ਖ਼ੁਦਕੁਸ਼ੀਆਂ ਵਿਚ ਵਾਧਾ ਹੋਇਆ ਹੈ। ਪੰਜਾਬ ਦੇ ਕਿਸਾਨ ਸਿਰ 35 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਅੰਕੜੇ ਸੱਤਾਧਾਰੀ ਲੋਕਾਂ ਦੀ ਰੂਹ ਨੂੰ ਹਲੂਣਾ ਨਹੀਂ ਦੇ ਸਕੇ। ਇਕ ਅੰਦਾਜ਼ੇ ਮੁਤਾਬਿਕ ਹਰ 30 ਮਿੰਟ ਬਾਅਦ ਇਕ ਕਿਸਾਨ ਭਾਰਤ ਵਿਚ ਖ਼ੁਦਕੁਸ਼ੀ ਕਰ ਰਿਹਾ ਹੈ। ਦੁਨੀਆ ਭਰ ਵਿਚੋਂ ਇਹ ਅੰਕੜਾ ਸਭ ਤੋਂ ਉੱਪਰ ਹੈ। ਮਾਹਿਰਾਂ ਦੀ ਮੰਨੀ ਜਾਵੇ ਤਾਂ ਕਿਸਾਨ ਤੇ ਖੇਤ ਮਜ਼ਦੂਰ ਦੀ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। 70 ਫ਼ੀਸਦੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ ਜਿਸ ਵਿਚੋਂ ਵੱਡਾ ਹਿੱਸੇ ਦੀ ਰੋਜ਼ੀ-ਰੋਟੀ ਖੇਤੀ ਉਤੇ ਨਿਰਭਰ ਹੈ। ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਵਿਚ ਇਸ ਦਾ ਹਿੱਸਾ ਘਟ ਕੇ 13 ਫ਼ੀਸਦੀ ਰਹਿ ਗਿਆ ਹੈ।