ਮੋਦੀ ਰਾਜ ਦੇ ਲਲਿਤ ਤੇ ਨਰੇਂਦਰ

ਦਲਜੀਤ ਅਮੀ
ਫੋਨ: +91-97811-21873
ਇਕੋ ਵੇਲੇ ਦੋ ਮੋਦੀਆਂ ਦੀ ਚਰਚਾ ਹੋ ਰਹੀ ਹੈ। ਇਕ ਨੇ ਯੋਗ ਨੂੰ ਕੌਮਾਂਤਰੀ ਪੱਧਰ ਉਤੇ ਪੇਸ਼ ਕੀਤਾ ਹੈ ਅਤੇ ਦੂਜਾ ਕ੍ਰਿਕਟ ਇਤਿਹਾਸ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈæਪੀæਐਲ਼) ਦਾ ਅਧਿਆਏ ਜੋੜਨ ਤੋਂ ਬਾਅਦ ਇਲਜ਼ਾਮਾਂ ਦੇ ਘੇਰੇ ਵਿਚ ਹੈ। ਪਿਛਲੇ ਦਿਨੀਂ ਉਤਰੀ ਅਰਧ ਗੋਲੇ ਵਿਚ ਸਾਲ ਦੇ ਸਭ ਤੋਂ ਵੱਡੇ ਦਿਨ ਨੂੰ ਪਲੇਠੇ ਕੌਮਾਂਤਰੀ ਯੋਗ ਦਿਵਸ ਵਜੋਂ ਮਨਾਇਆ ਗਿਆ।

ਇਸੇ ਦੌਰਾਨ ਲਲਿਤ ਮੋਦੀ ਦੀ ‘ਮਨੁੱਖੀ ਆਧਾਰ’ ਉਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਵਲੋਂ ਕੀਤੀ ਗਈ ਇਮਦਾਦ ਵੀ ਚਰਚਾ ਵਿਚ ਹੈ। ਦੋ ਮੋਦੀਆਂ ਦੀ ਇਕੋ ਵੇਲੇ ਚਰਚਾ ਹੋਣਾ ਸਬੱਬ ਹੈ ਪਰ ਇਸ ਸਬੱਬ ਨਾਲ ਮੌਜੂਦਾ ਦੌਰ ਦੀਆਂ ਕਈ ਰਮਜ਼ਾਂ ਖੁੱਲ੍ਹਦੀਆਂ ਹਨ। ਦੋਵਾਂ ਦੀ ਜ਼ਿੰਦਗੀ ਵਿਚ ਕਈ ਗੱਲਾਂ ਇਕੋ ਜਿਹੀਆਂ ਹਨ।
ਲਲਿਤ ਮੋਦੀ ਨੇ ਅਮੀਰ ਕਾਰੋਬਾਰੀਆਂ ਦੇ ਘਰ ਜੰਮਣ ਤੋਂ ਲੈ ਕੇ ਇੰਡੀਅਨ ਪ੍ਰੀਮੀਅਰ ਲੀਗ ਦੀ ਕਾਮਯਾਬੀ ਅਤੇ ਵਿੱਤੀ ਬੇਨੇਮੀਆਂ, ਗ਼ੈਰ-ਅਨੁਸ਼ਾਸਨੀ ਵਿਹਾਰ ਅਤੇ ਪੇਸ਼ੇਵਰ ਬੇਈਮਾਨੀ ਦੇ ਇਲਜ਼ਾਮਾਂ ਵਿਚ ਘਿਰਿਆ ਹੋਇਆ ਹੈ। ਤੀਹ ਸਾਲ ਪਹਿਲਾਂ ਲਲਿਤ ਮੋਦੀ ਨੇ ਉਤਰੀ ਕੈਰੋਲਾਈਨਾ ਵਿਚ ਨਸ਼ਿਆਂ ਦੀ ਤਸਕਰੀ, ਹਿੰਸਾ ਅਤੇ ਅਗਵਾ ਕਰਨ ਵਿਚ ਸ਼ਾਮਿਲ ਹੋਣ ਦੇ ਇਲਜ਼ਾਮ ਕਬੂਲ ਕੀਤੇ ਸਨ। ਪਾਂਡੀ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਨੀ ਕਮਿਸ਼ਨਰ ਹੋਣ ਤੱਕ ਦਾ ਸਫ਼ਰ ਖੇਡ ਪ੍ਰਬੰਧ ਨਾਲ ਜੁੜੇ ਕਈ ਅਹੁਦਿਆਂ ਅਤੇ ਕਾਰੋਬਾਰੀ ਪਹਿਲਕਦਮੀਆਂ ਰਾਹੀਂ ਤੈਅ ਹੋਇਆ ਹੈ। ਦੂਜੇ ਪਾਸੇ ਨਰੇਂਦਰ ਮੋਦੀ ਨੇ ਚਾਹ ਬਣਾਉਣ ਵਾਲੇ ਖੋਖੇ ਤੋਂ ਗੁਜਰਾਤ ਦੇ ਮੁੱਖ ਮੰਤਰੀ ਰਾਹੀਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਦੇ ਇਸ ਸਫ਼ਰ ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਅਤੇ ਆਪਣਾ ਰਾਹ ਸਾਫ਼ ਕਰਨ ਲਈ ਵਰਤੇ ਸਿਆਸੀ ਦਾਅਪੇਚ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਹਨ। ਦੋਵਾਂ ਮੋਦੀਆਂ ਵਿਚੋਂ ਨਰੇਂਦਰ ਨੂੰ ਤਿਆਗੀ ਅਤੇ ਲਲਿਤ ਨੂੰ ਭੋਗੀ ਵਜੋਂ ਪੇਸ਼ ਕਰਨ ਦੀ ਮਸ਼ਕ ਲਗਾਤਾਰ ਚੱਲਦੀ ਰਹਿੰਦੀ ਹੈ। ਨਰੇਂਦਰ ਦੀ ਸਿਆਸੀ ਕਾਮਯਾਬੀ ਵਿਚ ਉਸ ਦੀ ਵਪਾਰਕ ਬੁੱਧੀ ਅਤੇ ਲਲਿਤ ਦੀ ਕਾਰੋਬਾਰੀ ਚੜ੍ਹਾਈ ਵਿਚ ਉਸ ਦੇ ਸਿਆਸੀ ਗੁਰਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਅਤੇ ਯੋਗ ਦੇ ਹਵਾਲੇ ਨਾਲ ਕੁਝ ਗੱਲਾਂ ਮੌਜੂਦਾ ਦੌਰ ਦੇ ਕਈ ਪੱਖਾਂ ਨੂੰ ਉਭਾਰਦੀਆਂ ਹਨ। ਇੰਡੀਅਨ ਪ੍ਰੀਮੀਅਰ ਲੀਗ ਤੋਂ ਕਈ ਸਾਲ ਪਹਿਲਾਂ ਟਵੰਟੀ-20 ਓਵਰਾਂ ਦੀ ਕ੍ਰਿਕਟ ਦੇ ਤਜਰਬੇ ਚੱਲ ਰਹੇ ਸਨ। ਇਸੇ ਦੌਰਾਨ ਕ੍ਰਿਕਟ ਖੇਡ ਮੈਦਾਨ ਦੀ ਥਾਂ ਟੈਲੀਵਿਜ਼ਨ ਦੇ ਪਰਦੇ ਵਜੋਂ ਸਮਝੀ ਜਾ ਰਹੀ ਸੀ। ਇਸ਼ਤਿਹਾਰਬਾਜ਼ੀ ਲਈ ਇਹ ਖੇਡ ਬਹੁਤ ਢੁੱਕਵੀਂ ਬਣਦੀ ਸੀ। ਇਸ ਖੇਡ ਦੀ ਸਭ ਤੋਂ ਤੇਜ਼-ਤਰਾਰ ਵੰਨਗੀ ਵਿਚ ਵੀ ਇਸ਼ਤਿਹਾਰਬਾਜ਼ੀ ਦੀ ਥਾਂ ਹੈ। ਖੇਡ-ਮੈਦਾਨ ਦੇ ਬਾਹਰ ਹਰ ਕੋਨੇ ਉਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਸਕਦੀ ਹੈ। ਖੇਡ ਦੌਰਾਨ ਹਰ ਓਵਰ ਤੋਂ ਬਾਅਦ, ਹਰ ਵਿਕਟ ਗਿਰਨ ਤੋਂ ਬਾਅਦ, ਹਰ ਵਕਫ਼ੇ ਦੌਰਾਨ ਅਤੇ ਦੋ ਪਾਰੀਆਂ ਦੌਰਾਨ ਇਸ਼ਤਿਹਾਰਬਾਜ਼ੀ ਟੈਲੀਵਿਜ਼ਨ ਦਾ ਪੂਰਾ ਪਰਦਾ ਹਥਿਆ ਸਕਦੀ ਹੈ। ਮੋਦੀ ਦੌਰ ਨਾਲ ਡਿਜੀਟਲ ਤਕਨੀਕ ਰਾਹੀਂ ਟੈਲੀਵਿਜ਼ਨ ਰਾਹੀਂ ਜੇ ਮੈਚ ਦੀਆਂ ਤਫ਼ਸੀਲਾਂ ਖੇਡ ਮੈਦਾਨ ਉਤੇ ਉਕਰੀਆਂ ਜਾਣ ਲੱਗੀਆਂ ਤਾਂ ਇਸ਼ਤਿਹਾਰ ਵੀ ਉਕਰਿਆ ਜਾਣ ਲੱਗਿਆ। ਜੇ ਗੇਂਦਬਾਜ਼ ਵਾਲੇ ਸਿਰੇ ਉਤੇ ਮੈਚ ਦਾ ਵੇਰਵਾ ਉਭਰਦਾ ਹੈ ਤਾਂ ਵਿਕਟ-ਕੀਪਰ ਦੇ ਪਿਛੇ ਇਸ਼ਤਿਹਾਰ ਲਿਸ਼ਕਦਾ ਹੈ। ਚੱਲਦੇ ਮੈਚ ਦੌਰਾਨ ਵੀ ਇਸ਼ਤਿਹਾਰ ਟੈਲੀਵਿਜ਼ਨ ਦੇ ਪਰਦੇ ਵਿਚ ਆਪਣੇ ਖ਼ਾਨੇ ਮੱਲ ਸਕਦਾ ਹੈ। ਜੇ ਪਹਿਲਾਂ ਹੇਠਲੀਆਂ ਪੱਟੀਆਂ ਸ਼ੁਰੂ ਹੋਈਆਂ ਤਾਂ ਹੌਲੀ-ਹੌਲੀ ਇਹ ਪੱਟੀਆਂ ਲਗਾਤਾਰ ਚੱਲਣ ਲੱਗੀਆਂ। ਇਹ ਲਿਖਤ ਤੋਂ ਗ੍ਰਾਫ਼ਿਕਸ ਰਾਹੀਂ ਐਨੀਮੇਸ਼ਨ ਅਤੇ ਮਲਟੀਮੀਡੀਆ-ਵੀਡੀਓ ਤੱਕ ਪਹੁੰਚ ਗਈਆਂ। ਹੁਣ ਟੈਲੀਵਿਜ਼ਨ ਦਾ ਪਰਦਾ ਇਕੋ ਵੇਲੇ ਹੇਠਲੀ ਅਤੇ ਵੱਖੀ ਦੀ ਪੱਟੀ ਰਾਹੀਂ ਵੰਡਿਆ ਜਾਂਦਾ ਹੈ ਜਿਸ ਉਤੇ ਇਕੋ ਵੇਲੇ ਇਕ ਤੋਂ ਜ਼ਿਆਦਾ ਇਸ਼ਤਿਹਾਰ ਮੈਚ ਦੇ ਨਾਲ ਚੱਲਦੇ ਹਨ।
ਜਦੋਂ ਟਵੰਟੀ-20 ਕ੍ਰਿਕਟ ਨੂੰ ਤਿੰਨ ਘੰਟਿਆਂ ਦੇ ਮਨੋਰੰਜਨ ਵਜੋਂ ਫ਼ਿਲਮ ਵਾਂਗ ਪੇਸ਼ ਕੀਤਾ ਜਾਂਦਾ ਹੈ ਤਾਂ ਕੁਝ ਤਬਦੀਲੀਆਂ ਹੋਰ ਵਾਪਰਦੀਆਂ ਹਨ; ਜਿਵੇਂ ਟੈਲੀਵਿਜ਼ਨ ਪਰਦੇ ਦੇ ਖੂੰਜਿਆਂ ਅਤੇ ਕੰਨੀਆਂ ਵਿਚ ਇਸ਼ਤਿਹਾਰ ਆਉਂਦਾ ਹੈ ਉਸੇ ਤਰ੍ਹਾਂ ਖੇਡ-ਮੈਦਾਨ ਦੇ ਕੋਨਿਆਂ ਵਿਚ ਦੇਸੀ-ਵਿਦੇਸ਼ੀ ਗੀਤ-ਸੰਗੀਤ-ਨਾਚ ਆਉਂਦਾ ਹੈ। ਫਿਲਮ ਸਨਅਤ ਦੇ ਅਦਾਕਾਰ ਆਪਣੀ ਅਦਾਕਾਰੀ ਅਤੇ ਕਾਰੋਬਾਰ ਲਈ ਟਵੰਟੀ-20 ਨੂੰ ਨਵੇਂ ਮੰਚ ਵਜੋਂ ਪ੍ਰਵਾਨ ਕਰਦੇ ਹਨ। ਉਨ੍ਹਾਂ ਦੇ ਜਸ਼ਨ ਅਤੇ ਅਫ਼ਸੋਸ ਨਾਲ ਟਵੰਟੀ-20 ਦਿਲਕਸ਼ ਹੋ ਜਾਂਦਾ ਹੈ। ਸ਼ਿਲਪਾ ਸ਼ੈਟੀ ਅਤੇ ਪ੍ਰੀਤੀ ਜ਼ਿੰਟਾ ਤੋਂ ਲੈ ਕੇ ਸ਼ਾਹਰੁਖ਼ ਖ਼ਾਨ ਤੱਕ ਕੈਮਰੇ ਲਈ ਢੁਕਵੀਆਂ ਥਾਂਵਾਂ ਉਤੇ ਬੈਠਦੇ ਹਨ ਅਤੇ ਲਗਾਤਾਰ ਸਰਗਰਮ ਰਹਿੰਦੇ ਹਨ। ਜੇ ਕਿਸੇ ਗੇਂਦਬਾਜ਼ ਜਾਂ ਬੱਲੇਬਾਜ਼ ਦਾ ਜਾਦੂ ਨਹੀਂ ਚੱਲਿਆ ਤਾਂ ਖੇਡ ਮੈਦਾਨ ਵਿਚਲੇ ਦਰਸ਼ਕਾਂ ਲਈ ਪੇਸ਼ਕਾਰੀਆਂ ਹਨ ਅਤੇ ਟੈਲੀਵਿਜ਼ਨ ਲਈ ਫਿਲਮ ਸਨਅਤ ਦੇ ਦਿਲਕਸ਼ੀ ਹੈ। ਲਲਿਤ ਮੋਦੀ ਦੇ ਦੌਰ ਵਿਚ ਕੈਰੀ ਪੈਕਰ ਦੇ ਤਿੰਨ ਦਹਾਕੇ ਤਜਰਬੇ ਪੁਰਾਣੇ ਯੁੱਗ ਦੀ ਕਹਾਣੀ ਲੱਗਣ ਲੱਗਦੇ ਹਨ। ਟਵੰਟੀ-20 ਖੇਡ ਪੰਨਿਆਂ ਤੋਂ ਪੇਜ-ਥ੍ਰੀ ਤੱਕ ਦਾ ਸਫ਼ਰ ਤੈਅ ਕਰਦਾ ਹੈ। ਦੇਰ ਰਾਤ ਤੱਕ ਚੱਲਦੇ ਜਸ਼ਨਾਂ ਦੀਆਂ ਸ਼ਰਾਬ, ਸ਼ਬਾਬ ਅਤੇ ਕਬਾਬ ਦੀਆਂ ਮਸਾਲੇਦਾਰ ਗੱਲਾਂ ਖ਼ਬਰਾਂ ਵਜੋਂ ਮਨੋਰੰਜਨ ਅਤੇ ਖ਼ਬਰੀਆ ਜਗਤ ਦਾ ਹਿੱਸਾ ਬਣਦੀਆਂ ਹਨ। ਖਿਡਾਰੀਆਂ ਦੀ ਸ਼ਰਾਬ ਪੀਣ ਦੀ ਸਮਰੱਥਾ, ਨੱਚਣ ਦਾ ਹੁਨਰ ਅਤੇ ਇਕ-ਰਾਤੀਆ-ਇਸ਼ਕ ਟਵੰਟੀ-20 ਦੇ ਬਾਹਰ ਇੰਡੀਅਨ ਪ੍ਰੀਮੀਅਰ ਲੀਗ ਦਾ ਪਸਾਰਾ ਕਰਦੇ ਹਨ। ਸੱਟੇਬਾਜ਼ਾਂ ਦੀ ਗ਼ੈਰ-ਕਾਨੂੰਨੀ ਸਰਗਰਮੀ ਵਧ ਜਾਂਦੀ ਹੈ ਅਤੇ ‘ਭਰੋਸੇਯੋਗ’ ਸੂਤਰਾਂ ਦੇ ਹਵਾਲੇ ਨਾਲ ਮੈਚ ਦੇ ਰੁਖ਼ ਦਾ ਅੰਦਾਜ਼ਾ ਲਗਾਉਣ ਲਈ ਠੋਸ ਜਾਣਕਾਰੀ ਮੰਨੀ ਜਾਂਦੀ ਹੈ। ਸੱਟੇਬਾਜ਼ੀ ਵੀ ਲੜੀ-ਲੜੀ ਜਾਂ ਮੈਚ-ਮੈਚ ਦੀ ਥਾਂ ਓਵਰ-ਓਵਰ ਅਤੇ ਗੇਂਦ-ਗੇਂਦ ਦੀ ਤਫ਼ਸੀਲ ਤੱਕ ਪੁੱਜ ਜਾਂਦੀ ਹੈ। ਚੌਕਿਆਂ-ਛਿੱਕਿਆਂ ਉਤੇ ਲਗਦੀਆਂ ਸ਼ਰਤਾਂ ਨੋ-ਬਾਲ ਅਤੇ ਵਾਈਡ-ਬਾਲ ਨੂੰ ਆਪਣੇ ਘੇਰੇ ਵਿਚ ਲੈ ਲੈਂਦੀਆਂ ਹਨ। ਇਸ ਹਮਾਮ ਵਿਚ ਖਿਡਾਰੀ, ਪ੍ਰਬੰਧਕ, ਮਾਲਕ ਅਤੇ ਪਤਵੰਤੇ ਚਾਂਗਰਾਂ ਮਾਰ-ਮਾਰ ਕੇ ਨਹਾਉਂਦੇ ਹਨ। ਜਦੋਂ ਲਲਿਤ ਮੋਦੀ ਨੂੰ ਵਿੱਤੀ ਬੇਨੇਮੀਆਂ, ਗ਼ੈਰ-ਅਨੁਸ਼ਾਸਨੀ ਵਿਹਾਰ ਅਤੇ ਪੇਸ਼ੇਵਰ ਬੇਈਮਾਨੀ ਦੇ ਇਲਜ਼ਾਮਾਂ ਤਹਿਤ ਪਾਸੇ ਕੀਤਾ ਜਾਂਦਾ ਹੈ ਤਾਂ ‘ਖੇਡ ਹਰ ਹੀਲੇ ਜਾਰੀ ਰਹਿਣੀ ਚਾਹੀਦੀ ਹੈ’ ਦਾ ਬੋਲਾ ਸਿਆਸੀ ਗ਼ਲਿਆਰਿਆਂ ਤੋਂ ਜਮਹੂਰੀਅਤ ਦੇ ਤੀਜੇ ਥੰਮ੍ਹ ਰਾਹੀਂ ਗੂੰਜਦਾ ਹੈ। ਕ੍ਰਿਕਟ ਨੂੰ ‘ਸਲੀਕੇਦਾਰਾਂ’ ਦੀ ਖੇਡ ਵਜੋਂ ਬਹਾਲ ਕਰਨ ਦੀ ਮੰਗ ਹੁੰਦੀ ਰਹਿੰਦੀ ਹੈ।
ਨਰੇਂਦਰ ਮੋਦੀ ਦੇ ਉਭਾਰ ਅਤੇ ਪੇਸ਼ਕਾਰੀ ਵਿਚ ਲਲਿਤ ਮੋਦੀ ਦੀਆਂ ਜੁਗਤਾਂ ਕੰਮ ਆਉਂਦੀਆਂ ਹਨ। ਉਹ ਫ਼ਿਰਕੂ ਫਸਾਦਾਂ ਵਾਲੀ ਕੈਨਵਸ ਉਤੇ ਵਿਕਾਸ ਦਾ ਡਿਜੀਟਲ ਪਰਦਾ ਪਾਉਂਦਾ ਹੈ। ਆਰਥਿਕ ਸੁਧਾਰਾਂ ਦੇ ਭਾਰਤੀ ਕੈਰੀ ਪੈਕਰ ਡਾæ ਮਨਮੋਹਨ ਸਿੰਘ ਦੀਆਂ ਪਹਿਲਕਦਮੀਆਂ ਨੂੰ ਸਿਆਸਤ ਦਾ ਟਵੰਟੀ-20 ਰੂਪ ਬਣਾ ਕੇ ਧੁੰਧਲਾ ਕਰਦਾ ਹੈ। ਉਹ ‘ਮੇਡ ਇੰਨ ਇੰਡੀਆ’ ਵਿਚ ਸਿਰਫ਼ ਇਕ ਅੱਖਰ (‘ਡੀ’ ਦੀ ਥਾਂ ‘ਕੇ’) ਬਦਲ ਕੇ ਇਸ਼ਤਿਹਾਰਬਾਜ਼ੀ ਦੀ ਅਹਿਮੀਅਤ ਨੂੰ ਉਘਾੜਦਾ ਹੈ। ਉਸ ਦੀ ਇਸ ਜੁਗਤ ਸਾਹਮਣੇ ‘ਠੰਢਾ ਮਤਲਬ ਕੋਕਾ ਕੋਲਾ’ ਦਾ ਮੰਡੀ ਮੁਖੀ ਉਦਮੀ ਖ਼ਾਸਾ ਮੱਧਮ ਪੈ ਜਾਂਦਾ ਹੈ। ਉਸ ਦਾ ‘ਪ੍ਰਧਾਨ ਸੇਵਕ’ ਵਜੋਂ ਮੰਤਰੀਆਂ-ਸੰਤਰੀਆਂ ਨੂੰ ਨੁਮਾਇਸ਼ੀ ਬਣਾ ਦੇਣਾ ਨਿਮਰਤਾ ਦਾ ਖੁੱਲ੍ਹੀ ਮੰਡੀ ਦਾ ਆਪ-ਹੁਦਰਾ ਰੂਪ ਪੇਸ਼ ਕਰਦਾ ਹੈ। ਇਕੋ ਦਿਨ ਵਿਚ ਚਾਰ ਪੁਸ਼ਾਕਾਂ ਬਦਲ ਕੇ ਵਧ ਰਹੇ ਆਰਥਿਕ ਪਾੜੇ ਵਾਲੇ ਸਮਾਜ ਵਿਚ ਉਹ ਸਾਦਗੀ ਦੇ ਮਾਅਨੇ ਸਮਝਾਉਂਦਾ ਹੈ। ਇਸੇ ਕੜੀ ਵਿਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਕ ਪਾਸੇ ਯੋਗ ਨੂੰ ਆਲਮੀ ਵਿਰਾਸਤ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਇਸ ਨੂੰ ‘ਭਾਰਤੀ ਸੰਸਕ੍ਰਿਤੀ ਦੇ ਆਲਮੀ ਰਾਜ ਪਲਟੇ’ ਵਜੋਂ ਪ੍ਰਚਾਰਿਆ ਜਾਂਦਾ ਹੈ। ਸੁਆਲ ਯੋਗ ਦੀ ਕਸਰਤ ਵਜੋਂ ਅਹਿਮੀਅਤ ਦਾ ਨਹੀਂ ਹੈ ਸਗੋਂ ਇਸ ਦੀ ਪੇਸ਼ਕਾਰੀ ਨਾਲ ਜੁੜੀ ਸੋਚ ਦਾ ਹੈ।
ਦੋ ਮਿਸਾਲਾਂ: ਗੋਰਖ਼ਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਦਿਤਯਾਨਾਥ ਯੋਗੀ ਨੇ ਯੋਗ ਦਿਵਸ ਦੀ ਸਰਕਾਰੀ ਮਸ਼ਕ ਉਤੇ ਸੁਆਲ ਕਰਨ ਵਾਲੀਆਂ ਘੱਟ-ਗਿਣਤੀਆਂ ਨੂੰ ਜੁਆਬ ਦਿੱਤਾ ਹੈ, “ਵਿਰੋਧ ਕਰਨ ਵਾਲੇ ਮੁਲਕ ਤੋਂ ਬਾਹਰ ਜਾਓ ਜਾਂ ਸਮੁੰਦਰ ਵਿਚ ਡੁੱਬ ਮਰੋ।” ਰਾਸ਼ਟਰੀ ਸਵੈਮਸੇਵਕ ਸੰਘ ਦੇ ਆਗੂ ਰਾਮ ਮਾਧਵ ਨੇ ਯੋਗ ਦਿਵਸ ਦੇ ਸਮਾਗਮਾਂ ਵਿਚੋਂ ਗ਼ੈਰ-ਹਾਜ਼ਰ ਰਹੇ ਹਾਮਿਦ ਅੰਸਾਰੀ ਨੂੰ ਟਵਿੱਟਰ ਰਾਹੀਂ ਸੁਆਲ ਕੀਤੇ ਜਿਨ੍ਹਾਂ ਦਾ ਫ਼ਿਰਕੂ ਖ਼ਾਸਾ ਬਿਆਨ ਕਰਨ ਦੀ ਲੋੜ ਨਹੀਂ। ਬਾਅਦ ਵਿਚ ਉਨ੍ਹਾਂ ਨੇ ਇਹ ਦੋਵੇਂ ਟਵੀਟ ਮਿਟਾ ਦਿੱਤੇ ਕਿਉਂਕਿ ਹਾਮਿਦ ਅੰਸਾਰੀ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਨਾਗਪੁਰ ਪਹੁੰਚ ਗਈ ਸੀ।
ਯੋਗ ਦਿਵਸ ਦੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਯੋਗ ਆਸਣ ਕਰਦੇ ਨਜ਼ਰ ਆਏ। ਕਸਰਤ ਕਰਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਤਸਵੀਰ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਨਾਲੋਂ ਵੱਖਰੀ ਹੈ: ਜਵਾਹਰ ਲਾਲ ਨਹਿਰੂ ਦੇ ਸੀਰਸ ਆਸਣ ਅਤੇ ਇੰਦਰਾ ਗਾਂਧੀ ਦੇ ਯੋਗ ਆਸਣਾਂ ਤੋਂ ਵੱਖਰੀ ਹੈ। ਉਹ ਆਪਣੀ ਸਿਹਤ ਦੀ ਫ਼ਿਕਰਮੰਦੀ ਦੇ ਆਸਣ ਕਰਦੇ ਸਨ, ਪਰ ਨਰੇਂਦਰ ਮੋਦੀ ‘ਧਰਮ, ਦੇਸ਼ਭਗਤੀ, ਨੈਤਿਕਤਾ ਅਤੇ ਸਭਿਅਤਾ’ ਦੇ ‘ਆਲਮੀ ਸ਼ੰਖ ਨਾਦ’ ਦੀ ਨੁਮਾਇੰਦਗੀ ਕਰ ਰਹੇ ਹਨ। ਜੇ ਸਭ ਤੋਂ ਵੱਧ ਖ਼ੂਨ ਦੀ ਕਮੀ ਦਾ ਸ਼ਿਕਾਰ ਲੋਕਾਂ ਦੇ ਮੁਲਕ ਵਿਚ ਸਿਹਤ ਮੁੱਦਿਆਂ ਦੀ ਗੱਲ ਹੋਵੇ ਤਾਂ ਆਵਾਮ ਲਈ ਖੁਸ਼ਖ਼ਬਰੀ ਹੋਵੇਗੀ। ਜੇ ਸਾਡੇ ਮੁਲਕ ਵਿਚ ਬਾਲ ਅਤੇ ਜਣੇਪਾ ਮੌਤਾਂ ਨੂੰ ਘੱਟ ਕਰਨ ਦੀ ਗੱਲ ਹੋਵੇ ਜਾਂ ਮੁਲਕ ਵਿਚ ਖੇਡ ਸਭਿਆਚਾਰ ਪੈਦਾ ਕਰਨ ਦਾ ਉਪਰਲਾ ਹੋਵੇ ਤਾਂ ਸਰਕਾਰ ਦਾ ਧੰਨਵਾਦੀ ਹੋਇਆ ਜਾ ਸਕਦਾ ਹੈ। ਜੇ ਯੋਗ ਨੂੰ ਯੋਗੀਆਂ ਰਾਹੀਂ ਧਰਮ ਦੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਮੁਲਕ ਦੀ ਸਿਹਤ ਨੂੰ ਇਸ ਤੋਂ ਖ਼ਤਰਾ ਹੈ।
ਯੋਗ ਦੀ ਸਰਕਾਰੀ ਮਸ਼ਕ ਨੂੰ ਇਸ ਦੇ ਅਲੰਬਰਦਾਰਾਂ ਦੀ ਸਿਆਸਤ ਤੋਂ ਵੱਖ ਕਰ ਕੇ ਨਹੀਂ ਸਮਝਿਆ ਜਾ ਸਕਦਾ। ਉਹ ਲੋਕਾਂ ਦੀ ‘ਠੰਢੇ’ ਦੀ ਲੋੜ ਨੂੰ ਆਪਣੀ ਬੋਤਲ ਦੀ ਮੰਡੀ ਨਾਲ ਜੋੜ ਰਹੇ ਹਨ। ਲੋਕਾਂ ਨੇ ਕਸਰਤ ਕਰਨੀ ਹੈ ਕਿਉਂਕਿ ਤੰਦਰੁਸਤ ਦਿਮਾਗ਼ ਤੰਦਰੁਸਤ ਸਰੀਰ ਵਿਚ ਵਾਸ ਕਰਦਾ ਹੈ। ਲੋਕਾਂ ਨੇ ਖੇਡਣਾ ਹੈ ਕਿਉਂਕਿ ਜੇ ਖ਼ੁਰਾਕ ਪਹਿਲਾ ਤਾਂ ਖੇਡ ਮਨੁੱਖ ਦਾ ਉਤਮ ਸਕੂਨ ਹੈ। ਖੁੱਲ੍ਹੀ ਮੰਡੀ ਦੇ ਦੌਰ ਵਿਚ ਮੋਦੀਆਂ ਦਾ ਉਦਮੀ ਖ਼ਾਸਾ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੌਰ ਵਿਚ ਲਲਿਤ ਖੇਡ ਭਾਵਨਾ ਉਤੇ ਸਵਾਰ ਹੁੰਦਾ ਹੈ ਤਾਂ ਨਰੇਂਦਰ ਦੇਸ਼ ਭਗਤੀ ਦਾ ਰਥਵਾਨ ਬਣਦਾ ਹੈ।