-ਜਤਿੰਦਰ ਪਨੂੰ
ਲੋਕ-ਰਾਜ ਦਾ ਝੰਡਾ ਚੁੱਕੀ ਫਿਰਦੇ ਭਾਰਤ ਦੇ ‘ਚੋਰ-ਰਾਜ’ ਦਾ ਪਰਦਾ ਲੱਥਣ ਵਿਚ ਜੇ ਕੋਈ ਕਸਰ ਬਾਕੀ ਸੀ ਤਾਂ ਉਹ ਇਸ ਹਫਤੇ ਦੀਆਂ ਘਟਨਾਵਾਂ ਨੇ ਪੂਰੀ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਦੀ ਸਿਖਰ ਦਾ ਖੁਲਾਸਾ ਕਈ ਵਾਰੀ ਪਹਿਲਾਂ ਵੀ ਹੁੰਦਾ ਵੇਖਿਆ ਸੀ, ਇਸ ਵਾਰੀ ਭ੍ਰਿਸ਼ਟਾਚਾਰੀਆਂ ਨਾਲ ਸਾਂਝ ਵਿਚ ਦੇਸ਼ ਨਾਲ ਬੇਵਫਾਈ ਦੀ ਉਹ ਹੱਦ ਵੇਖ ਲਈ ਹੈ, ਜਿਸ ਬਾਰੇ ਸੁਣ ਕੇ ਲੋਕ ਰਾਜ ਵਿਚ ਲੋਕ ਸ਼ਰਮ ਮਹਿਸੂਸ ਕਰ ਰਹੇ ਹਨ ਅਤੇ ਆਗੂ ਅਜੇ ਵੀ ਪੋਚੇ ਪਾ ਰਹੇ ਹਨ।
ਇੱਕ ਬੰਦਾ ਹੈ ਲਲਿਤ ਮੋਦੀ। ਕ੍ਰਿਕਟ ਦੀ ਖੇਡ ਵਿਚ ਜਦੋਂ ਉਹ ਅਤੇ ਸ਼ਸ਼ੀ ਥਰੂਰ ਪਹਿਲੀ ਵਾਰ ਚਰਚਾ ਵਿਚ ਆਏ ਤਾਂ, ਸ਼ਾਇਦ ਕੁਝ ਪਾਠਕਾਂ ਨੂੰ ਯਾਦ ਹੋਵੇ, ਅਸੀਂ ਉਨ੍ਹਾਂ ਦੋਵਾਂ ਬਾਰੇ ‘ਗਲਤ ਮੋਦੀ ਤੇ ਸ਼ੱਕੀ ਥਰੂਰ’ ਦਾ ਸੰਬੋਧਨ ਵਰਤਿਆ ਸੀ। ਸ਼ਸ਼ੀ ਥਰੂਰ ਬਾਅਦ ਵਿਚ ਛੇਤੀ ਹੀ ਸ਼ੱਕੀ ਸਾਬਤ ਹੋ ਗਿਆ ਤੇ ਜਿਸ ਪ੍ਰੇਮਿਕਾ ਪਿੱਛੇ ਸ਼ੱਕੀ ਬਣਿਆ ਸੀ, ਉਸ ਨਾਲ ਵਿਆਹ ਪਿੱਛੋਂ ਉਸ ਦੀ ਮੌਤ ਦੇ ਕੇਸ ਵਿਚ ਉਲਝ ਗਿਆ ਹੈ। ਭਾਜਪਾ ਉਸ ਨੂੰ ਕਾਂਗਰਸੀ ਹੋਣ ਕਰ ਕੇ ਭੰਡਦੀ ਇਹ ਗੱਲ ਲੁਕਾ ਜਾਂਦੀ ਹੈ ਕਿ ਜਿਸ ਨਰਿੰਦਰ ਮੋਦੀ ਨੇ ਉਦੋਂ ਸ਼ਸ਼ੀ ਥਰੂਰ ਨੂੰ ‘ਸੱਠ ਕਰੋੜ ਦੀ ਗਰਲ ਫਰੈਂਡ’ ਵਾਲਾ ਕਹਿ ਕੇ ਉਸ ਦਾ ਗੁੱਡਾ ਬੰਨ੍ਹਿਆ ਸੀ। ਜਦੋਂ ਓਸੇ ਨਰਿੰਦਰ ਮੋਦੀ ਨੇ ਸਫਾਈ ਮੁਹਿੰਮ ਸ਼ੁਰੂ ਕੀਤੀ ਤਾਂ ਆਪਣੇ ‘ਨੌਂ-ਰਤਨ’ ਚੁਣਨ ਵੇਲੇ ਉਸੇ ਸ਼ਸ਼ੀ ਥਰੂਰ ਦਾ ਨਾਂ ਉਨ੍ਹਾਂ ਵਿਚ ਸ਼ਾਮਲ ਕਰ ਲਿਆ ਸੀ। ਦੂਸਰੇ ਬੰਦੇ ਲਲਿਤ ਮੋਦੀ ਨੂੰ ਜਦੋਂ ਭਾਰਤ ਵਿਚ ਫਸਣ ਦਾ ਡਰ ਪਿਆ, ਉਸ ਨਾਲ ਸਾਂਝ ਵਾਲੇ ਸੱਜਣਾਂ ਨੇ ਕਿਹਾ ਕਿ ਤੂੰ ਫਸਿਆ ਤਾਂ ਸਾਰੇ ਫਸਾ ਦੇਵੇਂਗਾ, ਇਸ ਲਈ ਉਹ ਭਾਰਤ ਤੋਂ ਭੱਜ ਗਿਆ ਸੀ। ਸੱਦੇ ਜਾਣ ਉਤੇ ਉਹ ਦੇਸ਼ ਨਾ ਮੁੜਿਆ। ਪਿਛਲੀ ਸਰਕਾਰ ਨੇ ਉਸ ਦਾ ਪਾਸਪੋਰਟ ਰੱਦ ਕੀਤਾ ਤਾਂ ਕਾਨੂੰਨੀ ਚਾਰਾਜ਼ੋਈ ਕਰ ਕੇ ਬ੍ਰਿਟੇਨ ਵਿਚ ਟਿਕਿਆ ਰਿਹਾ ਸੀ।
ਪਿਛਲੇ ਹਫਤੇ ਦੇ ਬਖੇੜੇ ਦਾ ਮੁੱਢ ਲਲਿਤ ਮੋਦੀ ਤੋਂ ਬੱਝਾ ਹੈ। ਆਪਣੇ ਰਾਜ ਦਾ ਸਾਲ ਪੂਰਾ ਹੋਣ ਉਤੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੇਰੇ ਰਾਜ ਵਿਚ ਕੋਈ ਸਕੈਂਡਲ ਨਹੀਂ ਉਭਰਿਆ। ਮਸਾਂ ਇੱਕ ਮਹੀਨੇ ਅੰਦਰ ਸਕੈਂਡਲ ਉਭਰ ਪਿਆ ਹੈ। ਇਹ ਸਕੈਂਡਲ ਹੁਣ ਦਾ ਨਹੀਂ, ਪਿਛਲੇ ਇੱਕ ਸਾਲ ਵਿਚ, ਅਤੇ ਠੀਕ ਕਹੀਏ ਤਾਂ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ ਵਾਪਰ ਗਿਆ ਸੀ। ਕਹਿਣ ਤੋਂ ਭਾਵ ਹੈ ਕਿ ਮੋਦੀ ਰਾਜ ਦੇ ਮੁੱਢ ਨੂੰ ਹੀ ਸਿਓਂਕ ਲੱਗ ਗਈ ਸੀ।
ਲਲਿਤ ਮੋਦੀ ਕੋਲ ਬ੍ਰਿਟੇਨ ਵਿਚ ਟਿਕਣ ਦਾ ਹੱਕ ਸੀ, ਪਰ ਉਹ ਹੋਰ ਕਿਤੇ ਵੀ ਨਹੀਂ ਸੀ ਜਾ ਸਕਦਾ। ਉਸ ਨੇ ਪੁਰਤਗਾਲ ਜਾਣਾ ਸੀ ਅਤੇ ਬ੍ਰਿਟਿਸ਼ ਸਰਕਾਰ ਟਰੈਵਲ ਡਾਕੂਮੈਂਟ ਨਹੀਂ ਸੀ ਦੇਂਦੀ। ਉਸ ਨੂੰ ਭਾਰਤ ਸਰਕਾਰ ਦੀ ਸਹਿਮਤੀ ਦੀ ਲੋੜ ਸੀ। ਇੱਕ ਬ੍ਰਿਟਿਸ਼ ਐਮ ਪੀ ਇਹੋ ਜਿਹੇ ਕੰਮਾਂ ਵਿਚ ਮਦਦ ਕਰਨ ਨੂੰ ਤਿਆਰ ਹੋ ਗਿਆ। ਉਸ ਨੇ ਪਹਿਲਾਂ ਲਲਿਤ ਮੋਦੀ ਦੇ ਕਹੇ ਭਾਰਤੀ ਪਾਰਲੀਮੈਂਟ ਦੀ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਦੇ ਜੇਠ ਦਾ ਪੁੱਤਰ ਇੰਗਲੈਂਡ ਦੇ ਕਿਸੇ ਕਾਲਜ ਵਿਚ ਦਾਖਲ ਕਰਾਉਣ ਵਿਚ ਮਦਦ ਕੀਤੀ ਹੋਈ ਸੀ। ਉਦੋਂ ਉਸ ਦੀ ਮਦਦ ਕਾਰਨ ਓਸੇ ਵਿਰੋਧੀ ਧਿਰ ਦੀ ਪੁਰਾਣੀ ਆਗੂ, ਜਿਹੜੀ ਹੁਣ ਮੋਦੀ ਸਰਕਾਰ ਵਿਚ ਵਿਦੇਸ਼ ਮੰਤਰੀ ਬਣ ਚੁੱਕੀ ਸੀ, ਨੇ ਲਲਿਤ ਮੋਦੀ ਵਾਸਤੇ ਓਸੇ ਬ੍ਰਿਟਿਸ਼ ਐਮ ਪੀ ਰਾਹੀਂ ਟਰੈਵਲ ਡਾਕੂਮੈਂਟ ਲਈ ਹਾਮੀ ਭਰਨ ਦੇ ਨਾਲ ਬ੍ਰਿਟਿਸ਼ ਅਧਿਕਾਰੀਆਂ ਨੂੰ ਕਹਿ ਦਿੱਤਾ ਕਿ ਜੇ ਲਲਿਤ ਮੋਦੀ ਨੂੰ ਟਰੈਵਲ ਡਾਕੂਮੈਂਟ ਦੇ ਦਿੱਤੇ ਜਾਣ ਤਾਂ ਭਾਰਤ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਝਗੜਾ ਇਥੋਂ ਹੀ ਸ਼ੁਰੂ ਹੋਇਆ ਸੀ। ਸੁਸ਼ਮਾ ਸਵਰਾਜ ਨੂੰ ਇਹ ਹਾਮੀ ਭਰਨ ਵੇਲੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਸੀ, ਪਰ ਨਹੀਂ ਕੀਤੀ ਗਈ। ਉਸ ਨੂੰ ਵਿਦੇਸ਼ ਸੈਕਟਰੀ ਅਤੇ ਬ੍ਰਿਟੇਨ ਵਿਚ ਬੈਠੇ ਭਾਰਤ ਦੇ ਹਾਈ ਕਮਿਸ਼ਨਰ ਨਾਲ ਵਿਚਾਰ ਕਰਨ ਦੀ ਲੋੜ ਸੀ, ਪਰ ਏਦਾਂ ਵੀ ਨਹੀਂ ਕੀਤਾ। ਲਲਿਤ ਮੋਦੀ ਨੂੰ ਕਿਹਾ ਜਾ ਸਕਦਾ ਸੀ ਕਿ ਪਹਿਲੀ ਸਰਕਾਰ ਨਾਲ ਤੇਰਾ ਵਿਰੋਧ ਵੀ ਹੋਵੇ ਤਾਂ ਉਹ ਹੁਣ ਨਹੀਂ ਰਹੀ, ਤੂੰ ਇੱਕ ਵਾਰੀ ਇਸ ਨਵੀਂ ਸਰਕਾਰ ਨੂੰ ਅਰਜ਼ੀ ਭੇਜ, ਅਸੀਂ ਵਿਚਾਰ ਕਰ ਲਵਾਂਗੇ। ਇਹ ਵੀ ਨਹੀਂ ਕੀਤਾ। ਬਰਤਾਨਵੀ ਅਧਿਕਾਰੀਆਂ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਟਰੈਵਲ ਡਾਕੂਮੈਂਟ ਦੇ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਕਹਿੰਦੇ ਹਨ ਕਿ ਲਲਿਤ ਮੋਦੀ ਦੀ ਪਤਨੀ ਦਾ ਅਪਰੇਸ਼ਨ ਹੋਣਾ ਸੀ, ਪਰ ਇਹ ਦਲੀਲ ਇੱਕ ਹੱਦ ਤੱਕ ਹੀ ਠੀਕ ਸੀ, ਉਸ ਨੂੰ ਦੋ ਸਾਲ ਦਾ ਵੀਜ਼ਾ ਦੇ ਦਿੱਤਾ ਗਿਆ ਤੇ ਉਹ ਕਈ ਦੇਸ਼ਾਂ ਵਿਚ ਛੁੱਟੀਆਂ ਮਨਾਉਂਦਾ ਤੇ ਭਾਰਤ ਨੂੰ ਚਿੜਾਉਂਦਾ ਫਿਰਿਆ ਹੈ।
ਵਿਦੇਸ਼ ਮੰਤਰੀ ਵਜੋਂ ਸੁਸ਼ਮਾ ਸਵਰਾਜ ਕਹਿੰਦੀ ਹੈ ਕਿ ਇਹ ਕੰਮ ਮਨੁੱਖੀ ਅਧਾਰ ਉਤੇ ਕੀਤਾ ਸੀ। ਉਸ ਦਾ ਕਹਿਣਾ ਗਲਤ ਹੈ। ਅਸਲ ਵਿਚ ਸੁਸ਼ਮਾ ਦਾ ਪਤੀ ਸਵਰਾਜ ਕੌਸ਼ਲ ਪਿਛਲੇ ਬਾਈ ਸਾਲਾਂ ਤੋਂ ਲਲਿਤ ਮੋਦੀ ਦਾ ਵਕੀਲ ਹੈ। ਸੁਸ਼ਮਾ ਦੀ ਧੀ ਬੰਸੁਰੀ ਸਵਰਾਜ ਓਸੇ ਲਲਿਤ ਮੋਦੀ ਦਾ ਕੇਸ ਲੜਨ ਵਾਲੇ ਵਕੀਲਾਂ ਦੀ ਟੀਮ ਵਿਚ ਹੈ। ਇਹ ਸਾਂਝ ਪੁਗਾਉਣ ਲਈ ਚੁੱਕਿਆ ਇੱਕ ਗੈਰ-ਕਾਨੂੰਨੀ ਕਦਮ ਸੀ।
ਕਾਂਗਰਸ ਸਰਕਾਰ ਵੇਲੇ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਾਪੀਰਾਈਟ ਐਕਟ ਦੀ ਸੋਧ ਪਾਰਲੀਮੈਂਟ ਵਿਚ ਪੇਸ਼ ਕਰਨੀ ਸੀ ਤਾਂ ਸੁਸ਼ਮਾ ਸਵਰਾਜ ਨੇ ਵਿਰੋਧੀ ਧਿਰ ਦੀ ਆਗੂ ਦੇ ਤੌਰ ਉਤੇ ਕਿਹਾ ਸੀ ਕਿ ਕਪਿਲ ਸਿੱਬਲ ਦਾ ਵਕੀਲ ਪੁੱਤਰ ਕਾਪੀਰਾਈਟ ਦਾ ਇੱਕ ਕੇਸ ਲੜ ਰਿਹਾ ਹੈ, ਅਸਲ ਵਿਚ ਕਪਿਲ ਸਿੱਬਲ ਆਪਣੇ ਪੁੱਤਰ ਪਿੱਛੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਹੈ। ਕਪਿਲ ਬੈਠ ਗਿਆ ਸੀ। ਹੁਣ ਉਹ ਹੀ ਕੰਮ ਸੁਸ਼ਮਾ ਸਵਰਾਜ ਨੇ ਆਪਣੇ ਪਤੀ ਅਤੇ ਧੀ ਦੇ ਕਾਰੋਬਾਰੀ ਹਿੱਤਾਂ ਖਾਤਰ ਕੀਤਾ ਹੈ। ਇਹੋ ਨਹੀਂ, ਅਦਾਲਤ ਨੇ ਜਦੋਂ ਸਰਕਾਰੀ ਪੱਖ ਦੀ ਢਿੱਲੀ ਪੈਰਵੀ ਕਾਰਨ ਲਲਿਤ ਮੋਦੀ ਦੇ ਕੇਸ ਵਿਚ ਉਸ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਤਾਂ ਨੱਬੇ ਦਿਨਾਂ ਵਿਚ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਸੀ, ਪਰ ਚੁਣੌਤੀ ਵੀ ਨਹੀਂ ਸੀ ਦਿੱਤੀ।
ਜਦੋਂ ਇਸ ਬਾਰੇ ਰੌਲਾ ਬਹੁਤ ਵਧ ਗਿਆ ਤਾਂ ਲਲਿਤ ਮੋਦੀ ਦੇ ਵਕੀਲ ਨੇ ਉਸ ਦਾ ਪੱਖ ਪੂਰਨ ਵਾਸਤੇ ਪ੍ਰੈਸ ਕਾਨਫਰੰਸ ਕਰ ਦਿੱਤੀ, ਪਰ ਇਸ ਵਿਚ ਉਸ ਨੇ ਨਵਾਂ ਖਿਲਾਰਾ ਪਾ ਦਿੱਤਾ। ਜਿਹੜੇ ਕਾਗਜ਼ ਉਸ ਨੇ ਪੱਤਰਕਾਰਾਂ ਨੂੰ ਫੜਾਉਣ ਦੀ ਕਾਹਲ ਕੀਤੀ, ਉਨ੍ਹਾਂ ਵਿਚ ਸ਼ਾਮਲ ਇੱਕ ਚਿੱਠੀ ਰਾਜਸਥਾਨ ਦੀ ਮੌਜੂਦਾ ਭਾਜਪਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੱਲੋਂ ਬਰਤਾਨਵੀ ਅਧਿਕਾਰੀਆਂ ਨੂੰ ਲਿਖੀ ਹੋਈ ਸੀ ਕਿ ਭਾਰਤ ਵਿਚ ਕੇਂਦਰ ਤੇ ਰਾਜਾਂ ਦੇ ਸਬੰਧ ਠੀਕ ਨਹੀਂ ਤੇ ਲਲਿਤ ਮੋਦੀ ਨੂੰ ਭਾਰਤ ਵਿਚ ਇਨਸਾਫ ਨਹੀਂ ਮਿਲ ਸਕਦਾ। ਨਾਲ ਵਸੁੰਧਰਾ ਰਾਜੇ ਨੇ ਇਹ ਵੀ ਲਿਖਿਆ ਸੀ ਕਿ ਮੇਰੀ ਇਸ ਚਿੱਠੀ ਬਾਰੇ ਕਿਸੇ ਨੂੰ ਜਾਹਰ ਨਾ ਕੀਤੀ ਜਾਵੇ, ਇਹ ਸਿਰਫ ਲਲਿਤ ਮੋਦੀ ਦੇ ਕੰਮ ਵਾਸਤੇ ਵਰਤੀ ਜਾਵੇ। ਗੁਨਾਹ ਭਾਵੇਂ ਸੁਸ਼ਮਾ ਸਵਰਾਜ ਦਾ ਵੀ ਛੋਟਾ ਨਹੀਂ, ਪਰ ਜਿਹੜਾ ਵੱਡਾ ਪਾਪ ਵਸੁੰਧਰਾ ਰਾਜੇ ਨੇ ਕਰ ਦਿੱਤਾ ਹੈ, ਉਸ ਦਾ ਹੋਰ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਉਸ ਨੇ ਤਾਂ ਆਪਣੇ ਦੇਸ਼ ਦੀ ਪਿੱਠ ਵਿਚ ਛੁਰਾ ਮਾਰ ਦਿੱਤਾ ਹੈ।
ਭਾਰਤ ਵਿਚ ਕੋਈ ਮੰਤਰੀ ਹੋਵੇ ਜਾਂ ਮੁੱਖ ਮੰਤਰੀ ਤੇ ਜਾਂ ਫਿਰ ਪ੍ਰਧਾਨ ਮੰਤਰੀ, ਉਹ ਦੋ ਕਿਸਮ ਦੀ ਸਹੁੰ ਚੁੱਕ ਕੇ ਅਹੁਦਾ ਸੰਭਾਲਦਾ ਹੈ। ਦੂਸਰੀ ਸਹੁੰ ਉਸ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਹੁੰਦੀ ਹੈ, ਪਰ ਪਹਿਲੀ ਸਹੁੰ ਇਸ ਦੇਸ਼ ਨਾਲ ਵਫਾਦਾਰੀ ਦੀ ਹੁੰਦੀ ਹੈ, ਜਿਸ ਵਿਚ ਪੜ੍ਹਿਆ ਜਾਂਦਾ ਹੈ ਕਿ ਮੈਂ ਰੱਬ ਦੇ ਨਾਂ ਉਤੇ ਸੱਚੇ ਦਿਲੋਂ ਪ੍ਰਤਿੱਗਿਆ ਕਰ ਕੇ ਸਹੁੰ ਖਾਂਦਾ ਹਾਂ ਕਿ ਮੈਂ ਇਸ ਦੇਸ਼ ਦੇ ਸੰਵਿਧਾਨ ਪ੍ਰਤੀ ਪੂਰਾ ਭਰੋਸਾ ਤੇ ਸੱਚੀ ਵਫਾਦਾਰੀ ਰੱਖੂੰਗਾ। ਇਸ ਬੀਬੀ ਨੇ ਬੇਗਾਨੇ ਦੇਸ਼ ਦੀ ਸਰਕਾਰ ਨੂੰ ਆਪਣੇ ਦੇਸ਼ ਦੇ ਖਿਲਾਫ ਲਿਖ ਕੇ ਦੇ ਦਿੱਤਾ ਕਿ ਓਥੇ ਇਨਸਾਫ ਨਹੀਂ ਮਿਲਦਾ ਤੇ ਨਾਲ ਇਹ ਵੀ ਕਿ ਮੇਰੀ ਚਿੱਠੀ ਦਾ ਤੁਸੀਂ ਕਿਸੇ ਨੂੰ ਵੀ, ਮੇਰੇ ਦੇਸ਼ ਦੀ ਸਰਕਾਰ ਨੂੰ ਵੀ, ਪਤਾ ਨਾ ਲੱਗਣ ਦਿਓ। ਆਪਣੇ ਦੇਸ਼ ਨਾਲ ਇਹ ਸਿੱਧੀ ਬੇਵਫਾਈ ਹੈ, ਜਿਸ ਲਈ ਕਿਸੇ ਵੀ ਵਿਅਕਤੀ ਉਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਜੇਲ੍ਹ ਵਿਚ ਸੁਟਿਆ ਜਾ ਸਕਦਾ ਹੈ। ਵਿਦੇਸ਼ ਬੈਠੇ ਬਹੁਤ ਸਾਰੇ ਲੋਕਾਂ ਨੇ ਸਿਰਫ ਓਥੇ ਨਾਗਰਿਕਤਾ ਲੈਣ ਲਈ ਇਹ ਲਿਖ ਦਿੱਤਾ ਕਿ ਭਾਰਤ ਵਿਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਅੱਜ ਤੱਕ ਕਾਲੀ ਸੂਚੀ ਵਿਚ ਉਨ੍ਹਾਂ ਦੇ ਨਾਂ ਲਿਖੇ ਹੋਣ ਕਰ ਕੇ, ਉਨ੍ਹਾਂ ਨੂੰ ਭਾਰਤ ਦੇ ਵੀਜ਼ੇ ਨਹੀਂ ਦਿੱਤੇ ਜਾਂਦੇ, ਹਾਲਾਂਕਿ ਕੁਝ ਗਿਣਵੇਂ ਬੰਦਿਆਂ ਤੋਂ ਬਿਨਾਂ ਬਾਕੀਆਂ ਨੇ ਕਦੇ ਭਾਰਤ ਦੇ ਵਿਰੁਧ ਕੁਝ ਕੀਤਾ ਹੀ ਨਹੀਂ। ਐਨ ਉਹ ਕੁਝ ਇਸ ਬੀਬੀ ਨੇ ਕੀਤਾ ਹੈ ਤੇ ਉਹ ਇੱਕ ਰਾਜ ਵਿਚ ਮੁੱਖ ਮੰਤਰੀ ਬਣੀ ਬੈਠੀ ਹੈ, ਕਿਉਂਕਿ ਉਹ ਕੇਂਦਰ ਵਿਚ ਰਾਜ ਕਰਦੀ ਜ਼ੋਰਾਵਰ ਪਾਰਟੀ ਦੀ ਆਗੂ ਹੈ।
ਇਹ ਕੰਮ ਕੀਤਾ ਕਿਉਂ? ਸਿਰਫ ਮਾਇਆ ਦੇ ਲਾਲਚ ਵਿਚ। ਲਲਿਤ ਮੋਦੀ ਨੇ ਇੱਕ ਕੰਪਨੀ ਦੇ ਅਠਾਨਵੇਂ ਸੌ ਪੰਜਾਹ ਸ਼ੇਅਰ ਇਸ ਬੀਬੀ ਦੇ ਪੁੱਤਰ ਤੇ ਨੂੰਹ ਨੂੰ ਦਸ ਰੁਪਏ ਸ਼ੇਅਰ ਦੇ ਹਿਸਾਬ ਨਾਲ ਸਾਢੇ ਅਠਾਨਵੇਂ ਹਜ਼ਾਰ ਰੁਪਏ ਵਿਚ ਦੇ ਦਿੱਤੇ। ਜਾਣਕਾਰਾਂ ਮੁਤਾਬਕ ਕੰਪਨੀ ਨੇ ਸਾਰਾ ਸਾਲ ਕੰਮ ਕੋਈ ਨਹੀਂ ਕੀਤਾ ਤੇ ਬਿਨਾਂ ਕੰਮ ਕੀਤੇ ਉਸ ਕੰਪਨੀ ਦੇ ਸ਼ੇਅਰ ਦੀ ਕੀਮਤ ਦਸ ਰੁਪਏ ਤੋਂ ਵਧ ਕੇ ਦਸ ਹਜ਼ਾਰ ਰੁਪਏ ਪ੍ਰਤੀ ਸ਼ੇਅਰ ਹੋ ਗਈ ਅਤੇ ਵਸੁੰਧਰਾ ਬੀਬੀ ਦੇ ਪੁੱਤਰ ਨੂੰ ਇੱਕ ਲੱਖ ਰੁਪਏ ਤੋਂ ਘੱਟ ਮੁੱਲ ਦੇ ਸ਼ੇਅਰਾਂ ਬਦਲੇ ਨੌਂ ਕਰੋੜ ਪਚਾਸੀ ਲੱਖ ਰੁਪਏ ਦੀ ਜਾਇਦਾਦ ਮਿਲ ਗਈ। ਨਾਲ ਬਾਰਾਂ ਕਰੋੜ ਰੁਪਏ ਹੋਰ ਲਲਿਤ ਮੋਦੀ ਨੇ ਇਸ ਬੀਬੀ ਦੇ ਪੁੱਤਰ ਦੇ ਖਾਤੇ ਵਿਚ ਸੁੱਟਵਾ ਦਿੱਤੇ। ਏਡਾ ਮੋਟਾ ਮਾਲ ਲੈਣ ਪਿੱਛੋਂ ਜ਼ਮੀਰ ਦਾ ਸੌਦਾ ਕਰ ਕੇ ਲਲਿਤ ਮੋਦੀ ਲਈ ਗਲਤ ਕੰਮ ਕਰਨ ਵਾਲੀ ਬੀਬੀ ਕਿਸੇ ਭੁੱਖੇ-ਨੰਗੇ ਟੱਬਰ ਵਿਚੋਂ ਨਹੀਂ, ਗਵਾਲੀਅਰ ਦੇ ਰਾਜ ਘਰਾਣੇ ਦੀ ਰਾਜਕੁਮਾਰੀ ਅਤੇ ਧੌਲਪੁਰ ਦੇ ਰਾਜ ਘਰਾਣੇ ਦੀ ਨੂੰਹ ਹੈ, ਲੋਕ ਉਸ ਨੂੰ ‘ਮਹਾਰਾਣੀ ਸਾਹਿਬਾ’ ਕਹਿਣ ਤੱਕ ਚਲੇ ਜਾਂਦੇ ਹਨ।
ਜਦੋਂ ਮੋਦੀ ਸਰਕਾਰ ਦਾ ਇੱਕ ਸਾਲ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦੀ ਰੈਲੀ ਵਿਚ ਇਹ ਕਿਹਾ ਸੀ ਕਿ ਬੀਬੀ ਵਸੁੰਧਰਾ ਰਾਜੇ ਦੇ ਰਾਜ ਵਿਚ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਹੀਂ, ਭਾਈ-ਭਤੀਜਾਵਾਦ ਵੀ ਨਹੀਂ ਅਤੇ ਕੋਈ ਕਾਲਾ ਦਾਗ ਵੀ ਨਹੀਂ ਲੱਗਾ। ਉਸ ਰੈਲੀ ਨੂੰ ਪੌਣਾ ਮਹੀਨਾ ਨਹੀਂ ਲੰਘਿਆ ਤੇ ਭ੍ਰਿਸ਼ਟਾਚਾਰ ਦੇ ਨਾਲ ਭਾਈ-ਭਤੀਜਾਵਾਦ ਦੀ ਵੀ ਸਿਖਰ ਵਾਲਾ ਪੁੱਤਰ-ਮੋਹ ਅਤੇ ਮਾਇਆ-ਮੋਹ ਦਾ ਕੱਚਾ ਚਿੱਠਾ ਨਿਕਲ ਪਿਆ ਹੈ।
ਹੁਣ ਭਾਜਪਾ ਇਹ ਕਹਿੰਦੀ ਹੈ ਕਿ ਲਲਿਤ ਮੋਦੀ ਸਾਰਾ ਕਾਲਾ ਧੰਦਾ ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਵਕਤ ਕਰ ਗਿਆ ਸੀ। ਇਹ ਗੱਲ ਸੋਲਾਂ ਆਨੇ ਠੀਕ ਹੈ, ਉਹ ਸਰਕਾਰ ਉਂਜ ਵੀ ਹੁਣ ਤੱਕ ਦੀ ਸਭ ਤੋਂ ਬਦਨਾਮੀ ਵਾਲੀ ਸਰਕਾਰ ਸਾਬਤ ਹੋਈ ਸੀ, ਪਰ ਇਸ ਨਾਲ ਕੁਝ ਹੋਰ ਗੱਲਾਂ ਜੁੜਦੀਆਂ ਹਨ। ਕ੍ਰਿਕਟ ਦੇ ਉਸ ਕਾਲੇ ਕਾਂਡ ਬਾਰੇ ਕ੍ਰਿਕਟ ਬੋਰਡ ਨੇ ਇੱਕ ਜਾਂਚ ਕਮੇਟੀ ਬਿਠਾਈ ਸੀ, ਜਿਸ ਨੇ ਭ੍ਰਿਸ਼ਟਾਚਾਰ ਦੀ ਜੜ੍ਹ ਲਲਿਤ ਮੋਦੀ ਨੂੰ ਮੰਨਿਆ ਸੀ ਅਤੇ ਸਾਰੀ ਭਾਜਪਾ ਉਦੋਂ ਉਸ ਕਮੇਟੀ ਦੀ ਜਾਂਚ ਰਿਪੋਰਟ ਨੂੰ ਠੀਕ ਮੰਨਦੀ ਸੀ। ਹੁਣ ਇਹ ਗੱਲ ਲੋਕਾਂ ਨੂੰ ਹੈਰਾਨੀ ਵਾਲੀ ਲੱਗੇਗੀ ਕਿ ਜਿਸ ਕਮੇਟੀ ਨੇ ਉਦੋਂ ਉਹ ਜਾਂਚ ਕਰ ਕੇ ਲਲਿਤ ਮੋਦੀ ਨੂੰ ਦੋਸ਼ੀ ਠਹਿਰਾਉਣ ਵਾਲੀ ਰਿਪੋਰਟ ਪੇਸ਼ ਕੀਤੀ ਸੀ, ਉਸ ਕਮੇਟੀ ਦਾ ਮੁਖੀ ਕੋਈ ਹੋਰ ਨਹੀਂ, ਅੱਜ ਦਾ ਭਾਜਪਾ ਲੀਡਰ ਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਸੀ ਤੇ ਓਸੇ ਦੇ ਦੋਸ਼ੀ ਠਹਿਰਾਏ ਹੋਏ ਲਲਿਤ ਮੋਦੀ ਉਤੇ ਭਾਜਪਾ ਹੁਣ ਛਤਰੀ ਤਾਣ ਖੜੋਤੀ ਹੈ। ਭਾਜਪਾ ਇਕੱਲੀ ਇਸ ਤਰ੍ਹਾਂ ਨਹੀਂ ਕਰ ਰਹੀ, ਇਸ ਦੇ ਪਿੱਛੇ ਖੜੇ ਆਰ ਐਸ ਐਸ ਵਾਲੇ ਬਹੁਤੇ ਮਹਾਂਪੁਰਸ਼ ਵੀ ਇਸ ਵਿਚ ਭਾਜਪਾ ਵਾਲੀ ਬੋਲੀ ਬੋਲ ਰਹੇ ਹਨ। ਜਦੋਂ ਹਾਲਾਤ ਏਦਾਂ ਦੇ ਹੋਣ, ਉਦੋਂ ਪੰਜਾਬੀ ਦਾ ਅਖਾਣ ‘ਚੋਰ ਦੀ ਮਾਂ, ਕੋਠੀ ਵਿਚ ਸਿਰ’ ਵਰਤਿਆ ਜਾਂਦਾ ਹੈ, ਪਰ ਭਾਰਤੀ ਲੋਕ-ਰਾਜ ਦੇ ਨਾਂ ਉਤੇ ਜਿਹੜਾ ਚੋਰ-ਰਾਜ ਹੁਣ ਚੱਲਦਾ ਪਿਆ ਹੈ, ਉਸ ਵਿਚ ਇਹੋ ਜਿਹੀ ਸ਼ਰਮ ਕਰਨ ਦੀ ਲੋੜ ਕਿਸੇ ਪਾਰਟੀ ਦੇ ਆਗੂ ਵੀ ਨਹੀਂ ਸਮਝਦੇ। ਉਹ ਜਾਣਦੇ ਹਨ ਕਿ ਲੋਕਾਂ ਦਾ ਚੇਤਾ ਬੜਾ ਥੋੜ੍ਹ-ਚਿਰਾ ਹੁੰਦਾ ਹੈ, ਬਾਹਲੀ ਚਿੰਤਾ ਕਰਨ ਦੀ ਲੋੜ ਨਹੀਂ।