ਗੁਰਨਾਮ ਕੌਰ ਕੈਨੇਡਾ
ਕੁਝ ਸਮਾਂ ਪਹਿਲਾਂ ਸਿੱਖਾਂ ਦੀ ਸਰਬ-ਉਚ ਸੰਸਥਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਅਖਬਾਰਾਂ ਵਿਚ ਛਪਿਆ ਸੀ ਕਿ ਸਿੱਖਾਂ ਦੀ ਗਿਣਤੀ ਘਟ ਰਹੀ ਹੈ। ਇੱਕ ਗੱਲ ਦਾ ਮੈਨੂੰ ਪੱਕਾ ਨਹੀਂ ਕਿ ਇਹ ਗਿਣਤੀ ਉਨ੍ਹਾਂ ਨੇ ਪੰਜਾਬ ਦੇ ਸਬੰਧ ਵਿਚ ਕਹੀ ਹੈ ਜਾਂ ਪੂਰੇ ਭਾਰਤ ਦੇ ਸਬੰਧ ਵਿਚ, ਕਿ ਦੁਨੀਆਂ ਭਰ ਦੇ ਦੂਸਰੇ ਮੁਲਕਾਂ ਵਿਚ ਰਹਿ ਰਹੇ ਸਿੱਖਾਂ ਮੁਤੱਲਕ ਵੀ ਕਹੀ ਹੈ, ਕਿਉਂਕਿ ਸਿੱਖ ਹੁਣ ਦੁਨੀਆਂ ਦੇ ਤਕਰੀਬਨ ਹਰ ਮੁਲਕ ਵਿਚ ਰਹਿ ਰਹੇ ਹਨ।
ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਕਿਸੇ ਵਿਆਹ-ਸ਼ਾਦੀ ‘ਤੇ ਚਲੇ ਜਾਉ, ਕਿਸੇ ਹੋਰ ਸਮਾਜਿਕ ਜਾਂ ਧਾਰਮਿਕ ਸਮਾਗਮ ‘ਤੇ, ਹਰ ਥਾਂ ਸਿੱਖ ਮੁੰਡੇ-ਕੁੜੀਆਂ ਆਮ ਤੌਰ ‘ਤੇ ਕੇਸਾਂ ਤੋਂ ਬਿਨਾ ਹੀ ਨਜ਼ਰ ਆਉਂਦੇ ਹਨ। ਇਹ ਬਿਲਕੁਲ ਹੀ ਫਿਕਰ ਵਾਲੀ ਗੱਲ ਹੈ ਕਿ ਸਿੱਖ ਬੱਚੇ-ਬੱਚੀਆਂ ਸਿੱਖ-ਰਹਿਤ ਤੋਂ ਲਾਂਭੇ ਜਾ ਰਹੇ ਹਨ। ਪੰਜਾਬ ਵਿਚ, ਜੋ ਕਿ ਸਿੱਖੀ ਦਾ ਘਰ ਹੈ, ਇਹ ਤੱਥ ਜ਼ਿਆਦਾ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਨੌਕਰੀ ਕਰਦਿਆਂ ਮੈਂ ਕਾਫੀ ਲੰਬਾ ਸਮਾਂ ਪੱਤਰ-ਵਿਹਾਰ ਸਿੱਖਿਆ ਵਿਭਾਗ ਰਾਹੀਂ ਚਲਾਏ ਜਾ ਰਹੇ ਕੋਰਸਾਂ Ḕਐਮæਏæ ਧਰਮ ਅਧਿਐਨḔ ਅਤੇ Ḕਡਿਪਲੋਮਾ ਇਨ ਡਿਵਨਿਟੀ ਸ੍ਰੀ ਗੁਰੂ ਗ੍ਰੰਥ ਸਾਹਿਬḔ ਦੀ ਇੰਚਾਰਜ ਰਹੀ ਹਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕੋਰਸ ਦਿੱਲੀ ਅਤੇ ਫਰੀਦਾਬਾਦ ਪੜ੍ਹਾਏ ਜਾਂਦੇ ਸੀ। ਇਸ ਸਬੰਧੀ ਸੰਪਰਕ ਪ੍ਰੋਗਰਾਮ ਤਹਿਤ ਸਾਲ ਵਿਚ ਹਫਤੇ-ਹਫਤੇ ਦੇ ਦੋ ਪ੍ਰੋਗਰਾਮ ਲਾਉਣ ਦਿੱਲੀ ਜਾਣਾ ਹੁੰਦਾ ਸੀ। ਦਿੱਲੀ ਅਤੇ ਫਰੀਦਾਬਾਦ ਦੇ ਵਿਦਿਆਰਥੀਆਂ ਦਾ ਜਮਾਤ ਵਿਚ ਇਹ ਪ੍ਰਸ਼ਨ ਹਮੇਸ਼ਾ ਹੀ ਹੁੰਦਾ ਸੀ ਕਿ ਪੰਜਾਬ ਵਿਚ ਸਿੱਖ ਬੱਚੇ ਪਤਿਤ ਕਿਉਂ ਹੋ ਰਹੇ ਹਨ? ਅਕਸਰ ਇਹ ਦੇਖਣ ਵਿਚ ਆਮ ਹੀ ਆਇਆ ਹੈ ਕਿ ਪੰਜਾਬ ਤੋਂ ਬਾਹਰ, ਬਾਕੀ ਭਾਰਤ ਵਿਚ ਰਹਿਣ ਵਾਲੇ ਸਿੱਖ ਰਹਿਤ ਪੱਖੋਂ ਜ਼ਿਆਦਾ ਸੁਜੱਗ ਹਨ। ਅਖਬਾਰਾਂ ਵਿਚ ਬਿਆਨ ਪੜ੍ਹਨ ਤੋਂ ਮੈਨੂੰ ਇਉਂ ਜਾਪਿਆ ਹੈ ਕਿ ਜਥੇਦਾਰ ਸਾਹਿਬ ਦੀ ਚਿੰਤਾ ਇਸ ਨਾਲੋਂ ਥੋੜ੍ਹੀ ਵੱਖਰੀ ਕਿਸਮ ਦੀ ਹੈ (ਇਥੇ ਮੇਰਾ ਅੰਦਾਜ਼ਾ ਗਲਤ ਵੀ ਹੋ ਸਕਦਾ ਹੈ)। ਉਨ੍ਹਾਂ ਦੀ ਚਿੰਤਾ ਸ਼ਾਇਦ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਸਿੱਖਾਂ ਦੀ ਘਟ ਰਹੀ ਵੋਟ ਗਿਣਤੀ ਤੋਂ ਹੋਵੇ? ਇਹ ਮੈਨੂੰ ਇਸ ਲਈ ਜਾਪਿਆ ਹੈ ਕਿਉਂਕਿ ਬਿਆਨ ਦਾ ਅਗਲਾ ਹਿੱਸਾ ਸਿੱਖਾਂ ਨੂੰ ਵੱਧ ਬੱਚੇ, ਸ਼ਾਇਦ 4-4 ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਹੈ।
ਹੋਰ ਵੀ ਕਈ ਧਾਰਮਿਕ ਲੀਡਰਾਂ ਦੇ ਇਸ ਕਿਸਮ ਦੇ ਬਿਆਨ ਅਖਬਾਰਾਂ ਵਿਚ ਜਾਂ ਸੋਸ਼ਲ ਮੀਡੀਆ ‘ਤੇ ਪੜ੍ਹਨ ਨੂੰ ਮਿਲਦੇ ਹਨ ਕਿ ਵੱਧ ਬੱਚੇ ਪੈਦਾ ਕੀਤੇ ਜਾਣ। 21ਵੀਂ ਸਦੀ ਵਿਚ ਵੱਧ ਬੱਚੇ ਮਹਿਜ ਧਾਰਮਿਕ ਗਿਣਤੀ ਵਧਾਉਣ ਪੱਖੋਂ ਪੈਦਾ ਕਰਨਾ ਬਹੁਤਾ ਠੀਕ ਨਹੀਂ ਜਾਪਦਾ ਕਿਉਂਕਿ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ, ਉਨ੍ਹਾਂ ਨੂੰ ਸਹੀ ਅਤੇ ਮਿਆਰੀ ਸਿੱਖਿਆ ਦੇਣੀ, ਵੱਧ ਰਹੀ ਮਹਿੰਗਾਈ ਦੇ ਜ਼ਮਾਨੇ ਵਿਚ ਕੋਈ ਸੌਖਾ ਕੰਮ ਨਹੀਂ ਹੈ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਜਿਸ ਸਭਿਆਚਾਰ ਜਾਂ ਧਰਮ ਵਿਚ ਕੋਈ ਬੱਚਾ ਪੈਦਾ ਹੁੰਦਾ ਹੈ, ਆਮ ਤੌਰ ‘ਤੇ ਉਸੇ ਧਰਮ ਜਾਂ ਸਭਿਆਚਾਰ ਨੂੰ ਅਪਨਾਉਂਦਾ ਹੈ। ਪਰ ਇਸ ਦੇ ਨਾਲ ਹੀ ਸਿੱਖ ਧਰਮ ਦੇ ਸਬੰਧ ਵਿਚ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਸਿੱਖ ਧਰਮ ਹਿੰਦੂ ਧਰਮ ਦੀ ਤਰ੍ਹਾਂ ਸਿਰਫ ਜਨਮ ਤੋਂ ਨਹੀਂ ਹੈ ਅਰਥਾਤ ਸਿੱਖ ਧਰਮ ਵਿਚ ਗੁਰੂ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕੋਈ ਵੀ ਪੁਰਸ਼ ਜਾਂ ਇਸਤਰੀ, ਭਾਵੇਂ ਉਹ ਕਿਸੇ ਵੀ ਮੁਲਕ, ਕੌਮ, ਨਸਲ ਜਾਂ ਜਾਤ ਵਿਚ ਜਨਮਿਆ ਹੋਵੇ, ਸਿੱਖ ਸਜ ਸਕਦਾ ਹੈ।
ਸਿੱਖ ਇਤਿਹਾਸ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਤੋਂ ਪਤਾ ਲਗਦਾ ਹੈ ਕਿ ਅਠਾਰਵੀਂ ਸਦੀ ਦੇ ਸੰਕਟ ਸਮੇਂ ਵੀ ਹਿੰਦੂ ਪਰਿਵਾਰਾਂ ਵਿਚ ਵੱਡੇ ਬੱਚੇ ਨੂੰ ਸਿੱਖ ਸਜਾਉਣਾ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਇਹ ਸਿੱਖਾਂ ਦੇ ਕਿਰਦਾਰ ਦੀ ਪ੍ਰੇਰਨਾ ਸਦਕਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਸੁਚੱਜੀ ਜੀਵਨ ਜਾਚ ਲਈ ਮਨੁੱਖ ਨੂੰ ਪ੍ਰੇਰਨਾ ਦਿੰਦੀ ਹੈ। ਫਿਰ ਸਿੱਖਾਂ ਦੀ ਗਿਣਤੀ ਵਧਾਉਣ ਲਈ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਿਉਂ? ਜਿਵੇਂ ਸੰਨ 1984 ਤੋਂ ਬਾਅਦ ਛੋਟੀ ਤੇ ਵੱਡੀ ਉਮਰ ਦੇ ਬੱਚਿਆਂ ਨੇ ਇੱਕ ਦਮ ਬੜੀ ਵੱਡੀ ਗਿਣਤੀ ਵਿਚ ਅੰਮ੍ਰਿਤ ਛਕਣਾ ਸ਼ੁਰੂ ਕਰ ਦਿੱਤਾ ਸੀ, ਉਸੇ ਤਰ੍ਹਾਂ ਖਾੜਕੂਵਾਦ ਤੋਂ ਬਾਅਦ ਕਰੀਬ 1995-96 ਤੋਂ ਬਾਅਦ ਪੰਜਾਬ ਵਿਚ ਸਿੱਖ ਮੁੰਡਿਆਂ ਨੇ ਕੇਸ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ ਜੋ ਕਿ ਮੁੰਡਿਆਂ ਅਤੇ ਕੁੜੀਆਂ ਵਿਚ ਵੀ ਬਾਦਸਤੂਰ ਜਾਰੀ ਹੈ। ਕੇਸ ਕਤਲ ਕਰਨ ਦੇ ਨਾਲ ਨਾਲ ਜੋ ਦੂਸਰੀ ਅਲਾਮਤ ਕੈਂਸਰ ਦੀ ਬਿਮਾਰੀ ਦੀ ਤਰ੍ਹਾਂ ਜੜ੍ਹਾਂ ਫੜ ਚੁੱਕੀ ਹੈ, ਉਹ ਹੈ ਨਸ਼ੇ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਰਾਹੁਲ ਗਾਂਧੀ ‘ਤੇ ਇਲਜ਼ਾਮ ਲਾਈ ਜਾਣ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਉਹ 70% ਨੌਜੁਆਨਾਂ ਨੂੰ ਨਸ਼ੇੜੀ ਕਹਿ ਰਿਹਾ ਹੈ ਪਰ ਹੁਣ ਇਹ ਤੱਥ ਕੇਂਦਰ ਦੀ ਜਾਰੀ ਕੀਤੀ ਰਿਪੋਰਟ ਅਨੁਸਾਰ ਸਹੀ ਸਾਬਤ ਹੋ ਚੁੱਕਾ ਹੈ। ਨਸ਼ਿਆਂ ਦਾ ਕਾਰੋਬਾਰ ਪੰਜਾਬ ਵਿਚ ਮੱਕੜ-ਜਾਲ ਦੀ ਤਰ੍ਹਾਂ ਫੈਲ ਚੁੱਕਾ ਹੈ ਜਿਸ ਵਿਚ ਵੱਡੇ ਵੱਡੇ ਅਕਾਲੀ ਲੀਡਰਾਂ ਦਾ ਨਾਮ ਵੀ ਅਖਬਾਰਾਂ ਵਿਚ ਆ ਚੁੱਕਾ ਹੈ। ਸੁਣਨ ਵਿਚ ਆਇਆ ਹੈ ਕਿ ਪੰਜਾਬ ਵਿਚ ਨੌਜੁਆਨ ਮੁੰਡਿਆਂ ਨੂੰ ਨਸ਼ੇ ਕਰਨ ਦੇ ਦੋਸ਼ ਵਿਚ ਰੋਜ਼ ਫੜ ਫੜ ਕੇ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ ਜਦਕਿ ਸ਼ੱਰੇਆਮ ਇਹ ਧੰਦਾ ਕਰ ਰਹੇ ਸਿਆਸੀ ਪਹੁੰਚ ਵਾਲਿਆਂ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਕੌਮ ਦੇ ਰਾਹਨੁਮਾ ਹੋਣ ਦੇ ਨਾਤੇ ਜਥੇਦਾਰਾਂ ਦਾ ਇਸ ਸਭ ਬਾਰੇ ਸੋਚਣਾ ਬਣਦਾ ਹੈ। ਆਖਰ ਜਦੋਂ ਕੋਈ ਕੌਮ ਡੁੱਬ ਰਹੀ ਹੋਵੇ ਅਤੇ ਜਿਸ ਦੇ ਡੋਬਣ ਵਿਚ ਉਸ ਦੇ ਲੀਡਰਾਂ ਦਾ ਬਹੁਤਾ ਹੱਥ ਹੋਵੇ ਤਾਂ ਧਾਰਮਿਕ ਰਾਹਨੁਮਾਇਆਂ ਨੂੰ ਹੀ ਫਿਕਰ ਕਰਨਾ ਬਣਦਾ ਹੈ।
ਇਸਾਈ ਧਰਮ ਇਸ ਵੇਲੇ ਸਾਰੇ ਸੰਸਾਰ ‘ਤੇ ਇੱਕ ਵੱਡਾ ਧਰਮ ਬਣ ਕੇ ਫੈਲਿਆ ਹੋਇਆ ਹੈ। ਇਸਾਈ ਧਰਮ ‘ਤੇ ਇਹ ਇਲਜ਼ਾਮ ਵੀ ਨਹੀਂ ਲੱਗ ਸਕਦਾ ਕਿ ਉਹ ਤਲਵਾਰ ਦੇ ਜ਼ੋਰ ਜਾਂ ਰਾਜ ਦੇ ਜ਼ੋਰ ਫੈਲਿਆ ਹੈ। ਇਸਾਈ ਧਰਮ ਨੂੰ ਫੈਲਾਉਣ ਵਿਚ ਵੱਖ ਵੱਖ ਗਿਰਜ਼ਿਆਂ ਦਾ ਹੱਥ ਹੈ। ਇਸਾਈ ਪਾਦਰੀ ਜਿੱਥੇ ਵੀ ਗਏ, ਉਹ ਦੋ ਗੱਲਾਂ ਆਪਣੇ ਨਾਲ ਲੈ ਕੇ ਗਏ-ਆਮ ਲੋਕਾਂ ਨੂੰ ਵਿੱਦਿਆ ਦੇਣ ਲਈ ਸਕੂਲ ਅਤੇ ਮੁਢਲੇ ਪੱਧਰ ‘ਤੇ ਗ਼ਰੀਬ ਜਨਤਾ ਨੂੰ ਡਾਕਟਰੀ ਸਹੂਲਤਾਂ ਤੇ ਦਵਾਈਆਂ ਦਾ ਪ੍ਰਬੰਧ। ਗਿਰਜਾ ਘਰਾਂ ਵਿਚ ਗੁਰਦੁਆਰਿਆਂ ਦੀ ਤਰ੍ਹਾਂ ḔਮਾਇਆḔ ਭੇਟ ਕਰਕੇ ਮੱਥਾ ਟੇਕਣ ਦੀ ਪਰੰਪਰਾ ਵੀ ਨਹੀਂ ਹੈ। ਇਹ ਸਾਰੇ ਖਰਚ ਦਾਨ ਨਾਲ ਚੱਲਦੇ ਹਨ। ਸਿੱਖਾਂ ਦੇ ਗੁਰੂ ਘਰਾਂ ਕੋਲ ਸੰਗਤ ਦੇ ਚੜ੍ਹਾਵੇ, ਅਖੰਡ ਪਾਠਾਂ ਅਤੇ ਹੋਰ ਅਜਿਹੇ ਸਾਧਨਾਂ ਰਾਹੀਂ ਬੇਅੰਤ ਮਾਇਆ ਇਕੱਠੀ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਖ ਕਮੇਟੀ ਦੇ ਬਹੁਤ ਸਾਰੇ ਗੁਰਦੁਆਰਿਆਂ ਨਾਲ ਜਾਇਦਾਦਾਂ ਜੁੜੀਆਂ ਹਨ। ਵੱਡੇ ਗੁਰੂ ਘਰਾਂ ਨੂੰ ਕਰੋੜਾਂ ਦੇ ਹਿਸਾਬ ਨਾਲ ਆਮਦਨ ਹੈ। ਬਾਕੀ ਖਾਲਸਾ ਸਕੂਲਾਂ ਜਾਂ ਵਿਦਿਅਕ ਅਦਾਰਿਆਂ ਦੀ ਗੱਲ ਤਾਂ ਛੱਡੋ, ਸ਼੍ਰੋਮਣੀ ਕਮੇਟੀ ਦੇ ਕਿੰਨੇ ਕੁ ਸਕੂਲ, ਵਿਦਿਅਕ ਅਦਾਰੇ ਜਾਂ ਹਸਪਤਾਲ ਹਨ, ਜਿੱਥੇ ਗ਼ਰੀਬ ਸਿੱਖ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ ਜਾਂ ਗ਼ਰੀਬ ਸਿੱਖਾਂ ਦਾ ਇਲਾਜ ਹੁੰਦਾ ਹੈ? ਹੁਣ ਤਾਂ ਗ਼ਰੀਬਾਂ ਨੂੰ ਫਰੀ ਲੰਗਰ ਛਕਾਉਣ ਤੋਂ ਵੀ ਪ੍ਰਹੇਜ਼ ਕੀਤਾ ਜਾਂਦਾ ਹੈ!
ਕਾਫੀ ਸਾਲ ਪਹਿਲਾਂ ਇੱਕ ਦਿਨ ਮੇਰੇ ਕੋਲ ਡਾæ ਮਹਿੰਦਰਪਾਲ ਕੋਹਲੀ, ਜੋ ਉਸ ਸਮੇਂ ਪੱਤਰ-ਵਿਹਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਨ ਤੇ ਛੁੱਟੀਆਂ ਵਿਚ ਆਪਣੀ ਬੇਟੀ ਕੋਲ ਨਾਗਪੁਰ ਰਹਿ ਕੇ ਆਏ ਸਨ, ਵਿਭਾਗ ਵਿਚ ਆਏ। ਉਨ੍ਹਾਂ ਦੱਸਿਆ ਕਿ ਨਾਗਪੁਰ ਵਿਚ ਬਹੁਤ ਸਾਰੇ ਵਣਜਾਰੇ ਸਿੱਖ ਵਸਦੇ ਹਨ ਜੋ ਸਭ ਕੁਝ ਗੁਰੂ ਨਾਨਕ ਦੇ ਨਾਮ ‘ਤੇ ਕਰਦੇ ਹਨ। ਉਹ ਬਹੁਤ ਗ਼ਰੀਬ ਹਨ, ਵਿਦਿਆ ਜਾਂ ਡਾਕਟਰੀ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੈ। ਗਿਰਜਾ ਘਰਾਂ ਵਲੋਂ ਉਨ੍ਹਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਗ਼ਰੀਬ ਲੋਕ ਧੜਾ ਧੜ ਇਸਾਈ ਧਰਮ ਅਪਣਾ ਰਹੇ ਹਨ। ਕੀ ਐਸ਼ ਜੀæ ਪੀæ ਸੀ ਕੋਲ ਧਰਮ ਪ੍ਰਚਾਰ ਲਈ ਕੋਈ ਫੰਡ ਹੈ? ਜਿਸ ਦੇ ਆਸਰੇ ਇਨ੍ਹਾਂ ਲੋਕਾਂ ਨੂੰ ਮੁਢਲੀ ਸਕੂਲੀ ਸਿੱਖਿਆ ਅਤੇ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਤਾਂ ਕਿ ਇਹ ਗੁਰੂ ਨਾਨਕ ਦੇ ਨਾਮ ਨਾਲ ਜੁੜੇ ਰਹਿਣ? ਮੈਂ ਉਸ ਵੇਲੇ ਦੀਆਂ ਪ੍ਰਮੁੱਖ ਕਹੀਆਂ ਜਾਣ ਵਾਲੀਆਂ ਕਈ ਹਸਤੀਆਂ ਨਾਲ ਗੱਲ ਕੀਤੀ ਪਰ ਕਿਸੇ ਨੇ ਇਸ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ। ਕਾਰਨ ਇਹ ਕਿ ਸਾਨੂੰ ਪੰਥ ਦੇ ਨਾਂ ‘ਤੇ ਅਕਾਲੀ ਪਾਰਟੀ ਲਈ ਵੋਟਰ ਚਾਹੀਦੇ ਹਨ, ਨਾ ਕਿ ਗੁਰੂ ਨਾਨਕ ਦੇ ਨਾਮ ਨਾਲ ਜੁੜੇ ਰਹਿਣ ਵਾਲੇ ਸਿੱਖ। ਇਹੀ ਨਹੀਂ, ਪਿਛਲੇ ਵਰ੍ਹਿਆਂ ਵਿਚ ਸੰਨ 1999 ਤੋਂ ਖਾਲਸਾ ਪੰਥ ਨੂੰ ਬਹੁਤ ਸਾਰੀਆਂ ਸ਼ਤਾਬਦੀਆਂ ਮਨਾਉਣ ਦਾ ਮੌਕਾ ਲਗਾਤਾਰ ਮਿਲਿਆ। ਇਨ੍ਹਾਂ ਮੌਕਿਆਂ ‘ਤੇ ਵਣਜਾਰੇ ਸਿੱਖਾਂ ਦੇ ਨੁਮਾਇੰਦੇ ਨਾਗਪੁਰ, ਹੈਦਰਾਬਾਦ ਆਦਿ ਇਲਾਕਿਆਂ ਤੋਂ ਬੱਸਾਂ ਭਰ ਕੇ ਆਉਂਦੇ ਰਹੇ ਹਨ ਅਤੇ Ḕਇੰਸਟੀਚਿਊਟ ਆਫ ਸਿੱਖ ਸਟੱਡੀਜḔ ਵਲੋਂ ਡਾæ ਖੜਕ ਸਿੰਘ ਮਾਨ ਨੇ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰਾਂ ਨਾਲ ਉਨ੍ਹਾਂ ਨੂੰ ਮਿਲਾਉਣ ਦੀ ਕੋਸਿਸ਼ ਵੀ ਕੀਤੀ ਪਰ ਨਤੀਜੇ ਨਾਂਹ-ਵਾਚਕ ਹੀ ਨਿਕਲੇ।
ਇੱਕ ਗੁਰਸਿੱਖ ਬੱਚੀ ਨਿਊ ਯਾਰਕ ਤੋਂ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਦਾਖਲਾ ਲੈਣ ਲਈ ਆਈ। ਉਸ ਬੱਚੀ ਦੇ ਮਾਤਾ ਕਿਸੇ ਯੂਰਪੀਨ ਕੌਮ ਵਿਚੋਂ ਹਨ ਪਰ ਬੱਚੇ ਅਤੇ ਮਾਂ ਬਹੁਤ ਹੀ ਸ਼ਰਧਾਲੂ ਸਿੱਖ ਸਨ। ਬੱਚਿਆਂ ਦੀ ਮਾਂ ਹਰ ਐਤਵਾਰ ਨੂੰ ਤੜਕੇ ਚਾਰ ਵਜੇ ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਜਾ ਕੇ ਗੁਰੂ ਘਰ ਦੀ ਸਫਾਈ ਅਤੇ ਲੰਗਰ ਦੀ ਸੇਵਾ ਕਰਦੀ ਸੀ। ਉਸ ਬੱਚੀ ਦੀ ਦਾਖਲਾ ਫੀਸ ਜਮ੍ਹਾ ਹੋ ਚੁੱਕੀ ਸੀ ਪਰ ਬਾਕੀ ਫਾਰਮੈਲਿਟੀਜ਼ ਲਈ ਉਸ ਨੂੰ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਵਲੋਂ ਏਨਾ ਖਜਲ-ਖੁਆਰ ਕੀਤਾ ਗਿਆ ਕਿ ਉਹ ਦੁਖੀ ਹੋ ਕੇ ਨਿਊ ਯਾਰਕ ਵਾਪਸ ਚਲੀ ਗਈ। ਪਿਛੋਂ ਉਸ ਦੀ ਫੀਸ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬੇਨਤੀ ਕਰਕੇ ਵਾਪਸ ਕਰਵਾਈ ਗਈ। ਉਸ ਬੱਚੀ ‘ਤੇ ਇਸ ਪ੍ਰੇਸ਼ਾਨੀ ਦਾ ਏਨਾ ਅਸਰ ਹੋਇਆ ਕਿ ਉਸ ਨੇ ਪੱਕੇ ਤੌਰ ‘ਤੇ ਆਪਣਾ ਮਨ ਸਿੱਖੀ ਵਲੋਂ ਮੋੜ ਲਿਆ। ਇਸ ਵਿਚ ਸਿੱਖੀ ਦਾ ਨਹੀਂ, ਸਿੱਖ ਧਰਮ ਵਿਚ ਪ੍ਰਵੇਸ਼ ਕਰ ਚੁੱਕੀ ਮਸੰਦ ਬਿਰਤੀ ਅਤੇ ਚੌਧਰ ਦਾ ਕਸੂਰ ਹੈ।
ਸੰਨ 2003-04 ਵਿਚ ਜਦੋਂ ਸਿੱਖ ਧਰਮ ਵਿਚ ਦੇਸ਼-ਵਿਦੇਸ਼ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਅਤੇ ਬਾਕੀ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਪੜ੍ਹੇ-ਲਿਖੇ ਹੋਣ ਕਰਕੇ ਉਨ੍ਹਾਂ ਦੇ ਮਨ ਵਿਚ ਗ਼ਰੀਬ ਸਿੱਖ ਬੱਚਿਆਂ ਦੀ ਵਿਦਿਆ ਦਾ ਪ੍ਰਬੰਧ ਕਰਨ ਲਈ ਕੁਝ ਸੁਪਨੇ ਸਨ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੇ ਆਈæ ਏæ ਐਸ਼ ਟਰੇਨਿੰਗ ਸੈਂਟਰ ਦਾ ਗਿਆਨ ਸੀ ਅਤੇ ਉਹ ਇਸ ਦੀ ਤਰਜ਼ ‘ਤੇ ਚੱਪੜਚਿੜੀ ਵਿਖੇ ਮਹਾਨ ਸਿੱਖ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਆਈæ ਏæ ਐਸ਼ ਟਰੇਨਿੰਗ ਸੈਂਟਰ ਖੋਲ੍ਹਣਾ ਚਾਹੁੰਦੇ ਸਨ। ਇਸ ਦਾ ਖਾਕਾ ਤਿਆਰ ਕਰਨ ਲਈ ਉਹ ਜਾਣਕਾਰੀ ਲੈਣ ਵਾਸਤੇ ਮੇਰੇ ਨਾਲ ਉਸ ਵੇਲੇ ਦੇ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਡਾæ ਬਾਜਵਾ ਨੂੰ ਮਿਲਣ ਗਏ। ਉਨ੍ਹਾਂ ਕੋਲੋਂ ਜਾਣਕਾਰੀ ਅਤੇ ਲੋੜੀਂਦੀ ਮਦਦ ਦਾ ਵਾਅਦਾ ਲੈ ਕੇ ਅਸੀਂ ਵਾਪਸ ਵਿਭਾਗ ਵਿਚ ਆਏ ਤਾਂ ਜਥੇਦਾਰ ਬਡੂੰਗਰ ਕਹਿਣ ਲੱਗੇ ਕਿ ਉਹ ਅਜਿਹਾ ਕੇਂਦਰ ਖੋਲ੍ਹਣਾ ਚਾਹੁੰਦੇ ਹਨ ਜਿੱਥੇ ਸਿੱਖ ਬੱਚਿਆਂ ਨੂੰ ਦਾਖਲਾ ਦਿੱਤਾ ਜਾ ਸਕੇ ਅਤੇ ਸਿੱਖਿਅਤ ਕੀਤਾ ਜਾਵੇ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਦਾਖਲਾ, ਜੋ ਵੀ ਦਾਖਲੇ ਯੋਗ ਹੈ ਉਸ ਨੂੰ ਦਿੱਤਾ ਜਾਵੇ ਭਾਵੇਂ ਉਹ ਸਿੱਖ ਹੈ ਜਾਂ ਨਹੀਂ। ਪਰ ਤੁਸੀਂ ਇਹ ਪ੍ਰਬੰਧ ਕਰੋ ਕਿ ਬਾਕੀਆਂ ਕੋਲੋਂ ਅਤੇ ਜੋ ਸਮਰੱਥ ਹਨ ਉਨ੍ਹਾਂ ਸਿੱਖ ਬੱਚਿਆਂ ਕੋਲੋਂ ਬਾਜਵ ਫੀਸ ਲਵੋ ਪਰ ਗ਼ਰੀਬ ਸਿੱਖ ਬੱਚੇ, ਜਿਹੜੇ ਯੋਗ ਤਾਂ ਹਨ ਪਰ ਫੀਸਾਂ ਦੇਣ ਦੇ ਸਮਰੱਥ ਨਹੀਂ, ਉਨ੍ਹਾਂ ਨੂੰ ਇਹ ਟਰੇਨਿੰਗ ਮੁਫਤ ਦਿਉ। ਇਸ ਨਾਲ ਸਿੱਖ ਬੱਚਿਆਂ ਨੂੰ ਸਿੱਖੀ ਰਹਿਤ ਵਿਚ ਰਹਿਣ ਦੀ ਪ੍ਰੇਰਨਾ ਮਿਲੇਗੀ।
ਇੱਕ ਹੋਰ ਉਦਾਹਰਣ ਸਵਰਗੀ ਯੋਗੀ ਹਰਭਜਨ ਸਿੰਘ ਖਾਲਸਾ ਤੋਂ ਭਾਵੇਂ ਅਮਰੀਕਾ ਰਹਿਣ ਵਾਲੇ ਸਿੱਖ ਖਾਸੇ ਖਫਾ ਹੁੰਦੇ ਰਹੇ ਹਨ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਅਮਰੀਕਨਾਂ ਅਤੇ ਹੋਰ ਕੌਮਾਂ ਦੇ ਲੋਕਾਂ ਨੂੰ ਸਿੱਖੀ ਵੱਲ ਲਿਆਂਦਾ, ਇਹ ਕੋਈ ਵੀ ਸਿੱਖ ਵਿਅਕਤੀਗਤ ਜਾਂ ਅਦਾਰਾ ਨਹੀਂ ਕਰ ਸਕਿਆ। ਉਨ੍ਹਾਂ ਦੀ ਪ੍ਰੇਰਨਾ ਨਾਲ ਤੁਹਾਨੂੰ ਅਮਰੀਕਨ, ਯੂਰਪੀਨ, ਮੈਕਸੀਕਨ, ਬ੍ਰਾਜ਼ੀਲੀਅਨ ਬਹੁਤ ਦੇਸ਼ਾਂ ਤੋਂ ਸਿੱਖ ਮਿਲ ਜਾਂਦੇ ਹਨ। ਮੈਂ ਆਪ ਜਪਾਨ ਤੋਂ ਸਿੱਖ ਸਜੀਆਂ ਬੀਬੀ ਦਲਜੀਤ ਕੌਰ ਤੇ ਕੁਦਰਤਿ ਕੌਰ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਮਿਲੀ ਹਾਂ। ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਨ੍ਹਾਂ ਨੇ ਦੋ ਕੰਮ ਹੋਰ ਕੀਤੇ। ਅਮਰੀਕਨ ਸਿੱਖਾਂ ਲਈ ਵੱਖ ਵੱਖ ਕਿਸਮ ਦੇ ਰੁਜ਼ਗਾਰਾਂ ਦਾ ਪ੍ਰਬੰਧ ਵੀ ਕੀਤਾ ਅਤੇ ਬਾਹਰਲੇ ਸਿੱਖ ਬੱਚਿਆਂ ਨੂੰ ਸਿੱਖ ਪਰੰਪਰਾਵਾਂ ਅਤੇ ਪੰਜਾਬੀ ਰਵਾਇਤਾਂ ਦੀ ਸਿੱਖਿਆ ਲਈ ਅੰਮ੍ਰਿਤਸਰ ਦੇ ਨੇੜੇ ਗੁਰੂ ਕੀ ਵਡਾਲੀ ਵਿਖੇ ਮੀਰੀ ਪੀਰੀ ਅਕੈਡਮੀ ਖੋਲ੍ਹੀ ਜਿੱਥੇ ਅਮਰੀਕਾ ਦੀ ਤਰਜ਼ ‘ਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਅਤੇ ਨਾਲ ਹੀ ਸਿੱਖ ਰਵਾਇਤਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਵੀ ਕੀਤਾ। ਸ਼ੁਰੂ ਸ਼ੁਰੂ ਦੀ ਗੱਲ ਹੈ ਕਿ ਇੱਕ ਅਮਰੀਕਨ ਸਿੱਖ ਅਮਰੀਕੀ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ ਪਰ ਹਰ ਵਾਰ ਉਸ ਨੂੰ ਸਿੱਖ ਹੋਣ ਕਰਕੇ ਵਾਪਸ ਆਉਣਾ ਪੈਂਦਾ ਸੀ। ਉਸ ਨੇ ਹੀ ਯੋਗੀ ਹਰਭਜਨ ਸਿੰਘ ਖਾਲਸਾ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਆਪਣੀ ਸਕਿਉਰਿਟੀ ਕੰਪਨੀ ਬਣਾਈ ਜਾਵੇ? ਅੱਜ ਅਮਰੀਕਨ ਸਿੱਖਾਂ ਦੀ ਸਥਾਪਤ ਕੀਤੀ Ḕਅਕਾਲ ਸਕਿਉਰਿਟੀ ਕੰਪਨੀḔ ਦਾ ਸ਼ੁਮਾਰ ਅਮਰੀਕਾ ਦੀਆਂ ਆਹਲਾ ਸਕਿਉਰਿਟੀ ਕੰਪਨੀਆਂ ਵਿਚ ਹੁੰਦਾ ਹੈ।
ਧਰਮ ਦਾ ਪੈਸਾ, ਗੁਰਦੁਆਰਿਆਂ ਦਾ ਪੈਸਾ ਸੰਗਤ ਦਾ ਪੈਸਾ ਹੈ ਜਿਸ ਨੂੰ ਧਰਮ ਦੇ ਕੰਮਾਂ ‘ਤੇ ਸਿੱਖਾਂ ਦੀ ਬਿਹਤਰੀ ਲਈ ਖਰਚ ਕਰਨਾ ਬਣਦਾ ਹੈ। ਇਹ ਗੁਰੂ ਘਰਾਂ ਦੀ ਪ੍ਰਧਾਨਗੀ ਹਾਸਲ ਕਰਨ ਲਈ ਮੁਕੱਦਮਿਆਂ ਅਤੇ ਪਾਰਟੀ ਲਈ ਵੋਟਾਂ ‘ਤੇ ਖਰਚ ਨਹੀਂ ਹੋਣਾ ਚਾਹੀਦਾ। ਇਸਾਈ ਧਰਮ ਦੀ ਉਦਾਹਰਣ ਸਾਹਮਣੇ ਹੈ ਅਤੇ ਗੁਰੂ ਦਾ ਆਦੇਸ਼ Ḕਗਰੀਬ ਦਾ ਮੂੰਹ, ਗੁਰੂ ਦੀ ਗੋਲਕḔ ਵੱਲ ਧਿਆਨ ਦੇਈਏ। ਸੋਚਣ ਵਾਲੀ ਗੱਲ Ḕਵੱਧ ਬੱਚੇ ਪੈਦਾ ਕਰਨਾ ਨਹੀਂḔ, ਸੋਚਣ ਵਾਲੀ ਗੱਲ ਸਿੱਖੀ ਤੋਂ ਦੂਰ ਜਾਣਾ, ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕਸ਼ੀਆਂ, ਗਾਇਕਾਂ ਵਲੋਂ ਸਭਿਆਚਾਰਕ ਪ੍ਰਦੂਸ਼ਣ, ਨੌਜਵਾਨ ਪੀੜ੍ਹੀ ਦਾ ਨਸ਼ਿਆਂ ਵੱਲ ਧੱਕੇ ਜਾਣਾ ਅਤੇ Ḕਵੱਡੇ ਲੋਕਾਂḔ ਵਲੋਂ ਨਸ਼ਿਆਂ ਦਾ ਵਪਾਰ, ਸਿੱਖ ਹੋ ਕੇ ਵੀ ਅਫਸਰਾਂ ਦਾ ਰਿਸ਼ਵਤਖੋਰ ਹੋਣਾ ਹੈ। ਵਣਜਾਰੇ ਸਿੱਖਾਂ ਦਾ ਮਸਲਾ ਉਵੇਂ ਹੀ ਕਾਇਮ ਹੈ। ਇਸਾਈ ਚਰਚਾਂ ਨੇ ਦੂਸਰੇ ਧਰਮਾਂ ਵਿਚੋਂ ਦੱਬੇ-ਕੁਚਲੇ ਲੋਕਾਂ ਨੂੰ ਇਸਾਈ ਬਣਾਇਆ ਤਾਂ ਅਸੀਂ ਨਾਨਕ ਨਾਮ-ਲੇਵਾ ਸਿੱਖਾਂ ਦੀ ਸੰਭਾਲ ਕਿਉਂ ਨਹੀਂ ਕਰ ਸਕਦੇ? ਸੰਗਤ ਦੀ ਕਿਰਪਾ ਨਾਲ ਹੀ ਸਾਰੇ ਖਜ਼ਾਨੇ ਭਰਪੂਰ ਹਨ ਅਤੇ ਅਹੁਦੇਦਾਰੀਆਂ ਕਾਇਮ ਹਨ, ਫਿਰ ਕਿਉਂ?