ਦੂਹਰੀ ਮਾਫ਼ੀ

ਭਰਾਵਾਂ ਦਾ ਮਾਣ-2
ਵਰਿਆਮ ਸੰਧੂ
ਪੰਜਾਬੀ ਕਥਾ ਜਗਤ ਦੇ ਮਿਸਾਲੀ ਹਸਤਾਖਰ ਵਰਿਆਮ ਸਿੰਘ ਸੰਧੂ ਨੇ ਆਪਣੀਆਂ ਯਾਦਾਂ ਦੇ ਭਰੇ-ਭੁਕੰਨੇ ਬੋਹੀਏ ਵਿਚੋਂ ਕੁਝ ਯਾਦਾਂ ‘ਭਰਾਵਾਂ ਦਾ ਮਾਣ’ ਨਾਂ ਦੀ ਲੜੀ ਵਿਚ ਪਰੋਈਆਂ ਹਨ। ਇਨ੍ਹਾਂ ਯਾਦਾਂ ਦਾ ਬਿਰਤਾਂਤ ਕਹਾਣੀ ਰਸ ਦੇ ਵਲਟੋਹੇ ਤਾਂ ਵਰਤਾਉਂਦਾ ਹੀ ਹੈ, ਨਾਲ ਦੀ ਨਾਲ ਸਰੋਕਾਰਾਂ ਅਤੇ ਸੁਨੇਹਿਆਂ ਦਾ ਝੰਡਾ ਵੀ ਬੁਲੰਦ ਕਰਦਾ ਹੈ। ਵਰਿਆਮ ਦੀ ਹਰ ਰਚਨਾ ਬਹੁ-ਪਾਸਾਰੀ ਹੁੰਦੀ ਹੈ, ਇਸੇ ਕਰ ਕੇ ਹੀ ਪਾਠਕ ਨੂੰ ਉਹ ਸਹਿਜੇ ਹੀ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ।

ਇਸ ਲੇਖ ਲੜੀ ਦੀ ਪਹਿਲੀ ਕੜੀ ‘ਭਰਾਵਾਂ ਦਾ ਸੰਗ-ਸਾਥ’ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁੱਕੇ ਹਨ ਜਿਸ ਵਿਚ ਉਹਨੇ ਆਪਣੇ ਸਾਥੀਆਂ ਦੇ ਸੰਗ-ਸਾਥ ਅਤੇ ਏਕੇ ਦਾ ਨਕਸ਼ਾ ਖਿੱਚਿਆ ਹੈ। ਐਤਕੀਂ ਦੂਜੀ ਕੜੀ ‘ਦੂਹਰੀ ਮਾਫੀ’ ਵਿਚ ਵੀ ਉਹਨੇ ਭਰਾਵਾਂ ਦੇ ਮਾਣ ਦਾ ਜ਼ਿਕਰ ਬਹੁਤ ਹੁੱਬ ਕੇ ਕੀਤਾ ਹੈ। ਇਸ ਵਿਚ ਲੋਕ-ਸ਼ਕਤੀ ਦੇ ਨੈਣ-ਨਕਸ਼ ਗੂੜ੍ਹੇ ਵਾਹੇ ਹੋਏ ਦਿਸਦੇ ਹਨ, ਇੰਨੇ ਗੂੜ੍ਹੇ ਕਿ ਗਲਤੀ ਕਰਨ ਵਾਲਾ ਬੰਦਾ ਦੂਹਰੀ ਮਾਫੀ ਮੰਗਣ ਤਕ ਜਾਂਦਾ ਹੈ। ਇਸ ਲੋਕ ਸ਼ਕਤੀ ਦਾ ਬਿਰਤਾਂਤ ਖਿੱਚਦਿਆਂ ਵਰਿਆਮ ਸੰਧੂ ਨੇ ਆਪਣੇ ਪਿੰਡ, ਪਿੰਡ ਵਿਚ ਵਸਦੇ ਜੀਆਂ ਅਤੇ ਇਨ੍ਹਾਂ ਜੀਆਂ ਦੀਆਂ ਤਾਂਘਾਂ, ਤੱਦੀਆਂ ਤੇ ਤੌਖਲਿਆਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਇਹ ਨਹੀਂ ਸੀ ਕਿ ਕਦੀ ਕੋਈ ਮੁਸ਼ਕਿਲ ਹੀ ਨਹੀਂ ਸੀ ਆਉਂਦੀ, ਪਰ ਅਸੀਂ ਪਿਆਰ ਮੁਹੱਬਤ ਨਾਲ ਹੀ ਗੱਲ ਨਜਿੱਠ ਲੈਂਦੇ। ਸਾਨੂੰ ਪਤਾ ਸੀ ਕਿ ਸਾਡੇ ਕੋਲ ਆਪਣੀ ਗੱਲ ਮਨਾਉਣ ਲਈ ਕੇਵਲ ਭਾਈਚਾਰਕ ਦਬਾਅ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ। ਸਾਡੇ ਕੋਲ ਕਿਹੜੀ ਕੋਈ ਕਾਨੂੰਨੀ ਸ਼ਕਤੀ ਸੀ। ਜਾਣਦੇ ਸਾਂ ਕਿ ਨਿਯਮ ਤੋੜਨ ਵਾਲੇ ਦਾ ‘ਪਿੱਟ-ਸਿਆਪਾ’ ਕੀਤਿਆਂ, ਉਹਨੂੰ ਧੌਂਸ ਦੇਣ ਕਾਰਨ ਜਾਂ ਕਿਸੇ ਖ਼ਿਲਾਫ਼ ਦਬਾਅ ਵਾਲੀ ਕਾਰਵਾਈ ਕਰਨ ਨਾਲ ਨਿਯਮ ਤੋੜਨ ਦੀ ਰਵਾਇਤ ਸ਼ੁਰੂ ਹੋ ਜਾਣੀ ਹੈ। ਇਕ ਵਾਰ ਰਾਹ ਪੈ ਗਿਆ ਤਾਂ ਤਾਸ਼ ਦੇ ਪੱਤੇ ਖਿੱਲਰ ਜਾਣੇ ਹਨ। ਮੈਂ ਗਰਮ ਸਾਥੀਆਂ ਨੂੰ ਕਹਿੰਦਾ ਕਿ ਡੰਗ ਮਾਰਨਾ ਤਾਂ ਕਿਤੇ ਰਿਹਾ, ਸਾਨੂੰ ਫੁੰਕਾਰਾ ਮਾਰਨ ਤੋਂ ਵੀ ਬਿਨਾ ਹੀ ਸਾਰਨਾ ਚਾਹੀਦਾ ਹੈ, ਪਰ ਕਦੀ ਕਦੀ ਮਜਬੂਰੀ ਵੱਸ ਫੁੰਕਾਰਾ ਵੀ ਮਾਰਨਾ ਪੈਂਦਾ ਸੀ।
ਸਾਡਾ ਘਰ ਪਿੰਡ ਦੇ ਮੇਨ ਬਾਜ਼ਾਰ ਦੇ ਚੌਰਸਤੇ ਵਿਚ ਸੀ। ਬਾਜ਼ਾਰ ਵਿਚ ਸਾਡਾ ਜੱਟਾਂ ਦਾ ਘਰ ਇੱਕੋ ਸੀ। ਬਾਕੀ ਘਰ ਬਾਹਮਣਾਂ-ਖੱਤਰੀਆਂ ਦੇ ਸਨ। ਬਹੁਤੇ ਘਰ ਤਿੰਨ ਮੰਜ਼ਿਲੇ ਉਚੇ ਚੁਬਾਰਿਆਂ ਵਾਲੇ ਸਨ। ਸਰਵਣ ਰਾਮ ਦਾ ਛੋਟਾ ਮੁੰਡਾ ਵਾਸਦੇਵ ਉਰਫ਼ ‘ਵਾਸ਼ਾ’ ਬੜਾ ਉਲੱਥ ਸੀ। ਬਦਮਾਸ਼ੀ ਵਿਚ ਵੀ ਪੈਰ ਰੱਖਣ ਲੱਗਾ ਸੀ। ਉਹ ਸ਼ਰਾਬ ਪੀ ਕੇ ਬੜੀਆਂ ਅਜੀਬੋ-ਗ਼ਰੀਬ ਤੇ ਖ਼ਤਰਨਾਕ ਹਰਕਤਾਂ ਕਰਦਾ। ਤਿੰਨ ਮੰਜ਼ਿਲੇ ਚੁਬਾਰੇ ਦੇ ਬਨੇਰਿਆਂ ਦੇ ਬਾਹਰਵਾਰ ਬਣੀ ਛੇ ਕੁ ਇੰਚ ਵੱਟੀ ਉਤੇ ਹੱਥ ਛੱਡ ਕੇ ਤੁਰਨ ਲੱਗਦਾ। ਇੰਨੇ ਕੁ ਥਾਂ ‘ਤੇ ਪੈਰ ਰੱਖ ਕੇ ਤੁਰਨਾ ਬੜਾ ਔਖਾ ਸੀ। ਪੈਰ ਤਿਲਕ ਸਕਦਾ ਸੀ, ਤਵਾਜ਼ਨ ਡੋਲ ਸਕਦਾ ਸੀ, ਜਰਜਰੇ ਹੋ ਚੁੱਕੇ ਪੁਰਾਣੇ ਮਕਾਨ ਦੀ, ਪੈਰਾਂ ਹੇਠਲੀ ਬੰਨੀ ਦੀ ਕੋਈ ਇੱਟ ਉਖੜ ਸਕਦੀ ਸੀ। ਤੇ ਨਤੀਜਾ ਨਿਕਲਣਾ ਸੀ ਵਾਸ਼ੇ ਦਾ ਤੀਜੀ ਮੰਜ਼ਿਲ ਤੋਂ ਬਾਜ਼ਾਰ ਵਿਚ ਚੌਫ਼ਾਲ ਆ ਡਿੱਗਣਾ। ‘ਸ਼ੋਅਲੇ’ ਦੇ ਧਰਮਿੰਦਰ ਨੂੰ ਟੈਂਕੀ ਤੋਂ ਛਾਲ ਮਾਰਨੋਂ ਰੋਕਣ ਵਾਂਗ ਹੇਠਾਂ ਖਲੋਤੇ ਬੰਦੇ ਬਾਜ਼ਾਰ ‘ਚੋਂ ਜਾਂ ਆਂਢ-ਗਵਾਂਢ ਦੇ ਕੋਠਿਆਂ ਤੋਂ ਆਵਾਜ਼ਾਂ ਦਿੰਦੇ, “ਉਏ ਵਾਸ਼ਿਆ! ਕੰਜਰਾ ਪੈਰ ਤਿਲਕ ਗਿਆ ਤਾਂ ਤੇਰੀ ਹੱਡੀ ਪੱਸਲੀ ਇਕ ਵੀ ਸਬੂਤੀ ਨਹੀਂ ਬਚਣੀ। ਬੰਦਾ ਬਣ ਕੇ ਛੱਤ ‘ਤੇ ਚੜ੍ਹ ਜਾਹ। ਕਿਉਂ ਮਰਨ-ਮਿੱਟੀ ਚੁੱਕੀ ਆ ਤੂੰ।”
ਵਾਸ਼ਾ ਕਿਸੇ ਦੀ ਨਾ ਸੁਣਦਾ। ਮੁਹਾਰਤੀ ਬਾਜ਼ੀਗ਼ਰ ਵਾਂਗ ਉਚੇ ਮਕਾਨ ਦੀ ਕੰਧ ਦੇ ਬਾਹਰ ਬਾਹਰ ਵੱਟੀ ‘ਤੇ ਤੁਰਦਾ। ਪਹਿਲਾਂ ਤਾਂ ਬੰਨੀ ਜਿਹੀ ‘ਤੇ ਤੁਰਨ ਦਾ ਕਰਤੱਵ ਕਰਦਾ ਤੇ ਫਿਰ ਬੰਨੀ ਨੂੰ ਹੱਥ ਪਾ ਕੇ ਚੁਬਾਰੇ ਦੀ ਬਾਰੀ ਵਿਚ ਪੈਰ ਅੜਾਉਂਦਾ। ਹੇਠਾਂ ਹੁੰਦਾ ਤੇ ਬਾਰੀ ਨੂੰ ਫੜ ਕੇ ਹੇਠਲੇ ਚੁਬਾਰੇ ਦੀ ਬੰਨੀ ‘ਤੇ ਪੈਰ ਰੱਖ ਕੇ ਤੁਰਨ ਲੱਗਦਾ। ਫਿਰ ਉਸ ਤੋਂ ਹੇਠਾਂ। ਪਹਿਲੀ ਮੰਜ਼ਿਲ ‘ਤੇ ਬਣੀ ਬੰਨੀ ‘ਤੇ ਖਲੋ ਕੇ, ਟੇਢਾ ਹੋ ਕੇ ਦੁਕਾਨਾਂ ਅੱਗੇ ਛਾਂ ਕਰਨ ਲਈ ਬਾਜ਼ਾਰ ਦੇ ਉਰਾਰ-ਪਾਰ ਪਤਲੇ ਵਾਂਸਾਂ ‘ਤੇ ਪਾਏ ਤਰਪਾਲ ਵਿਚੋਂ ਕਿਸੇ ਵਾਂਸ ਨੂੰ ਟੋਂਹਦਾ ਤੇ ਪਤਲੇ ਵਾਂਸ ‘ਤੇ ਮਦਾਰੀਆਂ ਵਾਂਗ ਤੁਰਦਾ ਬਾਜ਼ਾਰ ਤੋਂ ਪਾਰ ਕਿਸੇ ਦੂਜੇ ਘਰ ਦੀ ਛੱਤ ‘ਤੇ ਜਾ ਚੜ੍ਹਦਾ। ਫਿਰ ਕੋਠੇ ਦੇ ਬਨੇਰਿਆਂ ਨੂੰ ਹੱਥ ਪਾ ਕੇ ਹੇਠਾਂ ਪੈਰ ਲਮਕਾ ਲੈਂਦਾ ਤੇ ਬਾਜ਼ਾਰ ਵਿਚ ਛਾਲ ਮਾਰ ਦਿੰਦਾ। ਮੁੜ ਆਪਣੇ ਚੁਬਾਰੇ ‘ਤੇ ਜਾ ਚੜ੍ਹਦਾ ਤੇ ਪਹਿਲੀ ਕਵਾਇਦ ਦੁਹਰਾਉਣ ਲੱਗਦਾ।
ਉਹਦੇ ਟੱਪਣ, ਛਾਲ ਮਾਰਨ ਦੀ ਫ਼ੁਰਤੀ ਬਾਂਦਰਾਂ ਵਰਗੀ ਸੀ। ਮੌਤ ਤੋਂ ਜਿਵੇਂ ਉਹਨੂੰ ਡਰ ਹੀ ਨਹੀਂ ਸੀ ਲੱਗਦਾ। ਹੌਲੀ ਹੌਲੀ ਉਸ ਦਾ ‘ਕਰਤਬ’ ਵੇਖ ਕੇ ਡਰਨ ਵਾਲੇ ਬੰਦਿਆਂ ਦਾ ਭੈਅ ਵੀ ਲਹਿ ਗਿਆ। ਉਸ ਵੱਲ ਉਹ ਵੇਖਦੇ ਜ਼ਰੂਰ ਪਰ ਉਹਨੂੰ ਇਸ ਤਰ੍ਹਾਂ ਕਰਨੋਂ ਵਰਜਦਾ ਕੋਈ ਨਾ। ਸ਼ਰਾਬੀ ਹੋਇਆ ਉਹ ਚਾਂਗਰਾਂ ਤੇ ਲਲਕਾਰੇ ਵੀ ਮਾਰਦਾ, ਪਰ ਉਹਦੀ ਕਿਸੇ ਨਾਲ ਲਾਗ-ਡਾਟ ਨਹੀਂ ਸੀ। ਇਸ ਲਈ ਉਹਦੇ ਲਲਕਾਰੇ ਸੁਣ ਕੇ ਲੋਕ ਹੱਸ ਛੱਡਦੇ, ਕਹਿੰਦੇ ਕੁਝ ਨਾ।
ਜਦੋਂ ਸ਼ਰਾਬ ਪੀ ਕੇ ਲਲਕਾਰੇ ਮਾਰਨ ‘ਤੇ ਰੋਕ ਲੱਗੀ ਤਾਂ ਮੈਂ ਸੋਚਿਆ ਕਿ ਵਾਸ਼ੇ ਦਾ ਕੀ ਕਰਾਂਗੇ? ਮੈਂ ਉਹਨੂੰ ਸੱਦ ਕੇ ਕਿਹਾ, “ਵਾਸ਼ਿਆ! ਹੁਣ ਬੀਬਾ ਵੀਰ ਬਣ ਕੇ ਸਾਡੀ ਇੱਜ਼ਤ ਰੱਖੀਂ। ਤੂੰ ਮੇਰਾ ਗਵਾਂਢੀ ਵੀ ਆਂ ਤੇ ਛੋਟਾ ਵੀਰ ਵੀ। ਮੇਰਾ ਮਾਣ ਰੱਖੀਂ।”
ਵਾਸ਼ੇ ਨੇ ਮਿੰਨ੍ਹਾ ਮਿੰਨ੍ਹਾ ਹੱਸਦਿਆਂ ਮੇਰੇ ਗੋਡਿਆਂ ਨੂੰ ਹੱਥ ਲਾਇਆ, “ਪਰ ਭਾ ਜੀ! ਘਰ ਬਹਿ ਕੇ ਤਾਂ ਪੀ ਸਕਦਾਂ ਨਾ?”
“ਘਰ ਬਹਿ ਕੇ ਜਿਵੇਂ ਮਰਜ਼ੀ ਕਰੀਂ, ਪਰ ਚਾਂਗਰਾਂ ਨਾ ਮਾਰੀਂ ਬਾਜ਼ਾਰ ਵਿਚ।”
ਵਾਸ਼ੇ ਨੇ ਵਚਨ ਦਿੱਤਾ ਤੇ ਕਈ ਮਹੀਨੇ ਨਿਭਾਇਆ ਵੀ। ਕਈ ਸ਼ਰਾਰਤੀ ਲੋਕ ਸਾਡੇ ਖ਼ਿਲਾਫ਼ ਵੀ ਬੋਲਦੇ; ਉਹਨੂੰ ਛੇੜਦੇ ਵੀ, ਵੰਗਾਰਦੇ ਵੀ, “ਬੱਸ ਹੋ ਗਿਐਂ ਗੁੱਗਲ? ਨਿਕਲ ਗਈ ਫੂਕ? ਕਿੱਥੇ ਗਈਆਂ ਤੇਰੀਆਂ ਬੜ੍ਹਕਾਂ? ਇੰਜ ਇਹ ਅਗਲੇ ਦੀ ਸੰਘੀ ਨੱਪਣ ਲੱਗੇ ਤਾਂ ਪਿੰਡ ‘ਚ ਬੋਲਣ ਵਾਲਾ ਕੌਣ ਰਹਿ ਜੂ? ਤੂੰ ਤੇ ਵਾਸ਼ਿਆ ਗੱਲ ਈ ਗਵਾ’ਤੀ! ਇੰਨਾ ਵੀ ਡਰ ਕੀ ਆਖ? ਅੱਗੇ ਕਿਤੇ ਬੰਦੇ ਖਾਂਦੇ ਪੀਂਦੇ ਨਹੀਂ ਆਏ ਕਿ ਲਲਕਾਰੇ ਨਹੀਂ ਮਾਰਦੇ ਰਹੇ? ਘੁੱਟ ਪੀ ਕੇ ਜੇ ਕੋਈ ਆਪਣਾ ਰਾਂਝਾ ਰਾਜ਼ੀ ਕਰਨ ਲਈ ਬੁਲਬੁਲੀ ਮਾਰ ਵੀ ਲਵੇ ਤਾਂ ਕਿਸੇ ਦੇ ਕੀ ਢਿੱਡ ਪੀੜ ਹੁੰਦੀ ਏ?”
ਲੋਕਾਂ ਦੀ ਚੁੱਕਣਾ ਦਾ ਅਸਰ ਸੀ ਜਾਂ ਬਾਹਰਲੇ ਦਬਾਓ ਨਾਲ ਉਸ ਅੰਦਰ ਗੈਸ ਹੀ ਇੰਨੀ ਇਕੱਠੀ ਹੋ ਗਈ ਕਿ ਇਕ ਸ਼ਾਮ ਉਹਦੇ ਅੰਦਰਲਾ ‘ਗਿੱਦੜ ਰੱਜ ਕੇ ਹਵਾਂਕਣ ਲੱਗਾ।’ ਮੈਂ ਉਸ ਦਿਨ ਆਪਣੀ ਪਤਨੀ ਨਾਲ ਆਪਣੇ ਸਹੁਰੇ ਪਿੰਡ ਝਬਾਲ ਗਿਆ ਹੋਇਆ ਸਾਂ। ਵਾਸਦੇਵ ਨੇ ਰਾਤੀਂ ਸ਼ਰਾਬ ਪੀ ਕੇ ਸਭਾ ਦਾ ਨਾਂ ਲੈ ਕੇ ਚਾਂਗਰਾਂ ਮਾਰੀਆਂ ਸਨ। ਕਹਿ ਰਿਹਾ ਸੀ ਕਿ ‘ਉਹਨੂੰ ਕੋਈ ਮਾਈ ਦਾ ਲਾਲ ਲਲਕਾਰੇ ਮਾਰਨੋਂ ਰੋਕ ਨਹੀਂ ਸਕਦਾ। ਕੋਈ ਹੁੰਦਾ ਕੌਣ ਹੈ, ਉਹਦੀ ਖ਼ੁਸ਼ੀ ਵਿਚ ਖ਼ਲਲ ਪਾਉਣ ਵਾਲਾ? ਕਿਸੇ ‘ਚ ਹਿੰਮਤ ਹੈ ਤਾਂ ਉਹਨੂੰ ਰੋਕ ਕੇ ਵਿਖਾਵੇ! ਚਾਰ ਜਣੇ ਰਲ ਕੇ ਪਿੰਡ ‘ਤੇ ਹਕੂਮਤ ਕਰੀ ਜਾਣ! ਅਸੀਂ ਨਹੀਂ ਕਿਸੇ ਦਾ ਹੁਕਮ ਮੰਨਦੇ ਉਏ! ਆ ਜੇ ਜਿਹੜਾ ਸੂਰਮਾ ਆਉਂਦਾ ਏ ਮੈਦਾਨ ਵਿਚ।’
ਗੱਜਦਾ ਹੋਇਆ ਵਾਸ਼ਾ ਨਾਲ ਨਾਲ ਗੰਦੀਆਂ ਗਾਲ੍ਹਾਂ ਦੀ ਵਾਛੜ ਵੀ ਕਰੀ ਜਾ ਰਿਹਾ ਸੀ।
ਉਹਦਾ ਘਰ ਮੇਰੇ ਗਵਾਂਢ ਵਿਚ ਹੀ ਤਾਂ ਸੀ। ਜ਼ਾਹਿਰ ਸੀ ਕਿ ਸਾਰਾ ਕੁਝ ਮੈਨੂੰ ਸੁਣਾ ਕੇ ਹੀ ਕਿਹਾ ਜਾ ਰਿਹਾ ਸੀ। ਉਹਦੇ ਘਰਦਿਆਂ ਵੀ, ਹੋਰ ਵੀ ਇਕ ਦੋ ਸਿਆਣੇ ਬਜ਼ੁਰਗਾਂ ਨੇ ਵਰਜਿਆ ਪਰ ਉਹ ਕਿਸੇ ਦੀ ਕਾਹਨੂੰ ਸੁਣਦਾ ਸੀ! ਤਮਾਸ਼ਬੀਨ ਸਭ ਕੁਝ ਵੇਖ-ਸੁਣ ਕੇ ਹੱਸ ਰਹੇ ਸਨ।
ਅਗਲੇ ਦਿਨ ਸਭਾ ਦੇ ਕੁਝ ਮੁੰਡੇ ਮੇਰੇ ਕੋਲ ਝਬਾਲ ਆ ਪਹੁੰਚੇ। ਸਾਰੀ ਖ਼ਬਰ ਦਿੱਤੀ ਤੇ ਕਿਹਾ ਕਿ ਜੇ ਅਸੀਂ ਕੋਈ ਕਦਮ ਨਾ ਚੁੱਕਿਆ ਤਾਂ ਆਪਣੀ ਹੋਂਦ ਤੇ ਮਾਣ ਤਾਂ ਮਿੱਟੀ ਵਿਚ ਮਿਲੇਗਾ ਹੀ, ਨਾਲ ਦੇ ਨਾਲ ਇੰਨੇ ਉਦਮ ਨਾਲ ਜਾਰੀ ਕੀਤੇ ਸੁਧਾਰਾਂ ਦੇ ਸਿਲਸਿਲੇ ਨੂੰ ਵੀ ਬਰੇਕ ਲੱਗ ਜਾਏਗੀ। ਪਿੰਡ ਦੇ ਕਈ ਚੌਧਰੀ ਅੰਦਰੇ-ਅੰਦਰ ਸਾਡੀ ‘ਸਰਦਾਰੀ’ ਨਾਲ ਖ਼ਾਰ ਵੀ ਖਾਂਦੇ ਸਨ ਤੇ ਚਾਹੁੰਦੇ ਸਨ ਕਿ ਕੋਈ ਨਾ ਕੋਈ ਅਜਿਹੀ ਘਟਨਾ ਵਾਪਰੇ ਜਿਸ ਨਾਲ ਬੱਝੀ ਗੰਢ ਖੁੱਲ੍ਹ ਜਾਏ। ਮੈਂ ਤੇ ਮੇਰੇ ਸਾਥੀ ਗੰਢ ਖੁੱਲ੍ਹਣ ਨਹੀਂ ਸਾਂ ਦੇਣਾ ਚਾਹੁੰਦੇ, ਪਰ ਵਾਸ਼ੇ ਨੇ ਤਾਂ ਹੁਣ ਖੁੱਲ੍ਹ-ਮ-ਖੁੱਲ੍ਹਾ ਚੈਲੰਜ ਕਰ ਦਿੱਤਾ ਸੀ। ਪਿੰਡ ਦੇ ਭਰੇ ਬਾਜ਼ਾਰ ਵਿਚ ਉਸ ਨੇ ਸਾਨੂੰ ਵੰਗਾਰਿਆ, ਲਲਕਾਰਿਆ ਤੇ ਗਾਲ੍ਹਾਂ ਦਿੱਤੀਆਂ ਸਨ। ਸਾਰਾ ਪਿੰਡ ਸੌਦਾ-ਸੂਤ ਲੈਣ ਬਾਜ਼ਾਰ ਵਿਚ ਆਉਂਦਾ ਸੀ। ਗੱਲ ਕੇਵਲ ਬਾਜ਼ਾਰ ਵਿਚ ਜਾਂ ਮੇਰੇ ਤੇ ਵਾਸ਼ੇ ਦੇ ਘਰਾਂ ਤੱਕ ਸੀਮਤ ਨਹੀਂ ਸੀ ਰਹਿ ਗਈ। ਗੱਲ ਸਾਰੇ ਪਿੰਡ ਵਿਚ ਫ਼ੈਲ ਗਈ ਸੀ। ਖ਼ਾਮੋਸ਼ ਬੈਠਾ ਪਿੰਡ ਇਹ ਜਾਨਣਾ ਤੇ ਵੇਖਣਾ ਚਾਹੁੰਦਾ ਸੀ ਕਿ ਕੀ ਅਸੀਂ ਹਥਿਆਰ ਸੁੱਟ ਦਿੱਤੇ ਹਨ ਜਾਂ ਅਜੇ ਵੀ ਆਪਣੇ ਵਿਚਾਰਾਂ ਦੀ ਲੜਾਈ ਲੜਨ ਵਿਚ ਸਾਡਾ ਕੋਈ ਭਰੋਸਾ ਹੈ।
ਸਾਥੀਆਂ ਨਾਲ ਮੈਂ ਪਿੰਡ ਆ ਗਿਆ। ਆਪਸੀ ਇਕੱਠ ਕਰ ਕੇ ਅਸੀਂ ਮਸਲਾ ਵਿਚਾਰਿਆ ਤੇ ਸ਼ਾਮ ਨੂੰ ਵਾਸਦੇਵ ਦਾ ਦਰਵਾਜ਼ਾ ਜਾ ਖੜਕਾਇਆ। ਖੁੜਕ ਤਾਂ ਉਹਨੂੰ ਪਹਿਲਾਂ ਹੀ ਗਈ ਸੀ ਪਰ ਆਪਣੇ ਬੂਹੇ ਅੱਗੇ ਵੀਹ-ਪੰਝੀ ਬੰਦਿਆਂ ਦਾ ਇਕੱਠ ਵੇਖ ਕੇ ਉਹ ਛਾਬਲ ਜਿਹਾ ਗਿਆ।
“ਕਕ…ਕ…ਕੀ ਗੱਲ ਆ? ਕਿਉਂ? ਕੀ ਹੋਇਆ? ਕਿਵੇਂ ਆਉਣੇ ਹੋਏ ਭਾ ਜੀ।”
ਮੈਂ ਉਸ ਦੇ ਗੁੱਟ ਨੂੰ ਹੱਥ ਪਾਇਆ, “ਆ ਜਾ ਮੇਰਾ ਬੀਬਾ ਵੀਰ, ਜ਼ਰਾ ਬਾਹਰ ਆ। ਸਾਰਾ ਕੁਝ ਦੱਸ ਦੇਂਦੇ ਆਂ।”
ਉਹਦੇ ਦਰਵਾਜ਼ੇ ਤੋਂ ਮਸਾਂ ਦਸ ਕਦਮਾਂ ਦੀ ਵਿੱਥ ‘ਤੇ ਬਾਜ਼ਾਰ ਦਾ ਉਹ ਚੌਕ ਸੀ ਜਿੱਥੇ ਰਾਤੀਂ ਉਸ ਨੇ ਆਪਣਾ ‘ਜਲਵਾ’ ਵਿਖਾਇਆ ਸੀ। ਸਾਡੇ ਇਕੱਠ ਨੂੰ ਵੇਖ ਕੇ ਵੱਡੀ ਗਿਣਤੀ ਵਿਚ ਲੋਕ ਬਾਜ਼ਾਰ ਵਿਚ ਇਕੱਠੇ ਹੋ ਗਏ ਸਨ। ਲਾਭ ਚੰਦ ਦੀ ਦੁਕਾਨ ਦੇ ਉਚੇ ਥੜ੍ਹੇ ‘ਤੇ ‘ਲੋਕ-ਅਦਾਲਤ’ ਲੱਗ ਗਈ।
“ਤੂੰ ਰਾਤੀਂ ਪਿੰਡ ਦੇ ਬਣਾਏ ਨੇਮ ਤੋੜਦਿਆਂ ਸ਼ਰਾਬ ਪੀ ਕੇ ਬਾਜ਼ਾਰ ਵਿਚ ਲਲਕਾਰੇ ਮਾਰੇ। ਇੰਨੇ ‘ਤੇ ਬੱਸ ਨਹੀਂ। ਤੂੰ ਸਾਨੂੰ ਵੀ ਗਾਲ੍ਹਾਂ ਕੱਢੀਆਂ। ਨਿਰਾ ਨੇਮ ਤੋੜਦਾ ਤਾਂ ਹੋਰ ਗੱਲ ਸੀ ਪਰ ਤੂੰ ਤਾਂ ਸਾਨੂੰ ਵੀ ਵੰਗਾਰਦਾ, ਲਲਕਾਰਦਾ ਤੇ ਗਾਲ੍ਹਾਂ ਦਿੰਦਾ ਰਿਹਾ। ਜੇ ਮਰਦ ਦਾ ਬੱਚਾ ਏਂ ਤਾਂ ਇਕ ਵਾਰ ਹੁਣ ਚਾਂਗਰ ਮਾਰ ਕੇ ਵਿਖਾ, ਗਾਲ੍ਹ ਭਾਵੇਂ ਨਾ ਹੀ ਕੱਢ। ਜੇ ਕੱਢਣੀ ਏਂ ਤਾਂ ਉਹ ਵੀ ਕੱਢ ਕੇ ਵੇਖ ਲਾ। ਫੇਰ ਵੇਖ ਕੀ ਭਾਅ ਤੁੱਲਦੀ ਆ?” ਮੈਂ ਉਹਦੇ ਗੁੱਟ ਨੂੰ ਹਲੂਣਾ ਦਿੱਤਾ।
ਨਾਲ ਹੀ ਮੇਰੇ ਸਾਥੀ ਵੱਖ ਵੱਖ ਆਵਾਜ਼ਾਂ ਵਿਚ ਬੋਲ ਉਠੇ, “ਤੂੰ ਸਾਨੂੰ ਸਮਝਿਆ ਕੀ ਏ ਉਏ?”, “ਭਾ ਜੀ ਇਹਦੀ ਭੁਗਤ ਸਵਾਰੋ, ਗੱਲਾਂ ਬਾਤਾਂ ‘ਚ ਨਾ ਪਓ ਇਹਦੇ ਨਾਲ”, “ਜਿਹੜੇ ਇਹਦੇ ਪਿੱਛੇ ਨੇ, ਆ ਜਾਣ ਅੱਜ ਉਹ ਵੀ ਸਾਹਮਣੇ। ਲੁਕ ਕੇ ਤਮਾਸ਼ਾ ਵੇਖਿਆਂ ਗੱਲ ਨਹੀਂ ਬਣਨੀ”, “ਲੱਤਾਂ ਦੇ ਭੂਤ ਵੀ ਕਦੀ ਗੱਲਾਂ ਨਾਲ ਮੰਨੇ ਨੇ।”
ਵਾਸ਼ਾ ਭੀੜ ਦਾ ਰਵੱਈਆ ਵੇਖ ਕੇ ਸਹਿਮ ਗਿਆ। ਡੌਰ ਭੌਰ ਜਿਹਾ ਹੋ ਕੇ ਭੀੜ ਦੇ ਚਿਹਰਿਆਂ ਵੱਲ ਵੇਖੀ ਜਾਵੇ।
“ਬੋਲ! ਗੁੰਗਾ ਕਿਉਂ ਹੋ ਗਿਐਂ?” ਮੈਂ ਹਲੂਣਿਆ। ਉਹ ਮੇਰੇ ਗੋਡਿਆਂ ਵੱਲ ਝੁਕਿਆ, “ਭਾ ਜੀ! ਗਲਤੀ ਹੋ ਗਈ ਸ਼ਰਾਬੀ ਹੋਏ ਤੋਂ। ਭੁੱਲ ਕਰ ਬੈਠਾਂ। ਮਾਫ਼ ਕਰ ਦਿਓ ਮੈਨੂੰ। ਅੱਗੇ ਤੋਂ ਕੰਨ ‘ਚ ਪਾਇਆ ਰੜਕ ਗਿਆ ਤਾਂ ਆਖਿਓ। ਮੈਂ ਤੁਹਾਡਾ ਛੋਟਾ ਵੀਰ।”
ਮੈਂ ਉਹਨੂੰ ਗੋਡਿਆਂ ਨੂੰ ਹੱਥ ਲਾਉਣੋਂ ਰੋਕ ਲਿਆ, “ਪਿੰਡ ਵੱਲੋਂ ਸਰਬਸੰਮਤੀ ਨਾਲ ਕੀਤੇ ਫ਼ੈਸਲੇ ਨੂੰ ਠੁਕਰਾ ਕੇ ਤੂੰ ਸਾਨੂੰ ਨਹੀਂ, ਸਾਰੇ ਪਿੰਡ ਨੂੰ ਬੇਇਜ਼ਤ ਕੀਤਾ ਹੈ ਤੇ ਗਾਲ੍ਹਾਂ ਸਾਨੂੰ ਨਹੀਂ, ਸਾਰੇ ਪਿੰਡ ਨੂੰ ਕੱਢੀਆਂ ਨੇ। ਇਸ ਥੜ੍ਹੇ ‘ਤੇ ਖਲੋ ਜਾ ਤੇ ਸਾਰੀ ਸੰਗਤ ਵੱਲ ਮੂੰਹ ਕਰ ਕੇ ਆਪਣੀ ਭੁੱਲ ਦੀ ਮਾਫ਼ੀ ਮੰਗ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਹ।”
ਇੰਨੇ ਵਿਚ ਸੌ ਦੇ ਲਗਭਗ ਬੰਦਾ ਬਾਜ਼ਾਰ ਵਿਚ ਇਕੱਠਾ ਹੋ ਗਿਆ ਸੀ। ਵਾਸ਼ਾ ਭੁੜਕ ਕੇ ਥੜ੍ਹੇ ‘ਤੇ ਚੜ੍ਹ ਗਿਆ। ਭੀੜ ਵੱਲ ਹੱਥ ਜੋੜ ਕੇ ਕਹਿੰਦਾ, “ਪਿੰਡਾ! ਮੈਥੋਂ ਬੜੀ ਬੱਜਰ ਭੁੱਲ ਹੋ ਗੀ ਰਾਤੀਂ। ਮਾਫ਼ ਕਰ ਦਿਓ ਪਿੰਡਾ! ਮੈਨੂੰ ਮਾਫ਼ ਕਰ ਦਿਓ। ਆਹ ਤੁਹਾਡੇ ਅੱਗੇ ਦੋਵੇਂ ਹੱਥ ਬੰਨ੍ਹੇਂ। ਮਾਫ਼ ਕਰ ਦਿਓ, ਮਾਫ਼ ਕਰ ਦਿਓ, ਮਾਫ਼ ਕਰ ਦਿਓ।” ਉਹ ਦੋਵੇਂ ਹੱਥ ਜੋੜੀ ਚਾਰ ਚੁਫ਼ੇਰੇ ਖਲੋਤੀ ਭੀੜ ਵੱਲ ਸਾਰੇ ਪਾਸੇ ਮੂੰਹ ਭੁਆ ਕੇ ਮਾਫ਼ੀ ਮੰਗਣ ਲੱਗਾ। ਸਾਰੇ ਉਸ ਵੱਲ ਵੇਖੀ ਜਾ ਰਹੇ ਸਨ। ਮਾਫ਼ੀ ਮੰਗ ਕੇ ਉਹ ਸਾਡਾ ਤੇ ਲੋਕਾਂ ਦਾ ਪ੍ਰਤੀਕਰਮ ਉਡੀਕਣ ਲੱਗਾ। ਸਾਰੇ ਖ਼ਾਮੋਸ਼ ਸਨ। ਉਹਨੂੰ ਲੱਗਾ ਜਿਵੇਂ ਉਸ ਤੋਂ ਪੂਰੀ ਆਜਜ਼ੀ ਨਾਲ ਭੁੱਲ ਨਹੀਂ ਬਖ਼ਸ਼ਾਈ ਜਾ ਸਕੀ। ਫੇਰ ਹੱਥ ਜੋੜ ਕੇ ਉਹਨੇ ਵੱਖਰੇ ਅੰਦਾਜ਼ ਵਿਚ ਆਪਣਾ ਆਪ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ, “ਪਿੰਡਾ! ਮੈਨੂੰ ਦੂਹਰੀ ਮਾਫ਼ੀ ਦੇ ਦਿਓ।”
‘ਦੂਹਰੀ ਮਾਫ਼ੀ’ ਦੇ ਸ਼ਬਦ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਮੇਰੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਹੱਸ ਪਏ। ਵਾਸ਼ੇ ਨੇ ਛੁਟਕਾਰਾ ਹੋ ਗਿਆ ਸਮਝਿਆ। ਮੈਂ ਹੱਸਦਿਆਂ ਕਿਹਾ, “ਕੰਨਾਂ ਨੂੰ ਹੱਥ ਲਾ ਕੇ ਕਹਿ ਕਿ ਅੱਗੇ ਤੋਂ ਬੰਦਾ ਬਣ ਕੇ ਰਹੂੰ ਤੇ ਇੱਦਾਂ ਦੀ ਗਲਤੀ ਨਹੀਂ ਕਰੂੰਗਾ।”
ਉਹਨੇ ਤੋਤੇ ਵਾਂਗ ਇਹੋ ਮੁਹਾਰਨੀ ਦੁਹਰਾ ਦਿੱਤੀ। ਮੇਰੇ ਹਿਸਾਬ ਨਾਲ ਫ਼ੈਸਲਾ ਹੋ ਗਿਆ ਸੀ। ਮਾਰੇ ਨਾਲੋਂ ਭਜਾਇਆ ਚੰਗਾ। ਹੋਰ ਅਸੀਂ ਕੀ ਲੈਣਾ ਸੀ। ਮਸਲਾ ਨਜਿੱਠਿਆ ਗਿਆ ਸੀ। ਜੇ ਭਲਾ ਵਾਸ਼ਾ ਵਿਹਰ ਜਾਂਦਾ ਤਾਂ ਪਤਾ ਨਹੀਂ ਗੱਲ ਨੇ ਕਿਹੜਾ ਮੋੜ ਅਖ਼ਤਿਆਰ ਕਰਨਾ ਸੀ! ਭਲਾ ਹੋਇਆ ਅਸੀਂ ਉਸ ਮੋੜ ਤੋਂ ਉਰ੍ਹਾਂ ਹੀ ਪਰਤ ਆਏ ਸਾਂ, ਪਰ ਮੇਰੇ ਸਾਥੀਆਂ ਨੂੰ ਠੰਢ ਨਹੀਂ ਸੀ ਪਈ ਇੰਨੇ ਨਾਲ। ਆਖਣ ਲੱਗੇ, “ਇਹਨੇ ਇਕੱਲੇ ਇਸ ਚੌਕ ਵਿਚ ਈ ਗਾਲ੍ਹਾਂ ਨਹੀਂ ਸੀ ਕੱਢੀਆਂ, ਸਾਰੇ ਬਾਜ਼ਾਰ ਵਿਚ ਖ਼ੌਰੂ ਪਾਉਂਦਾ ਰਿਹਾ ਸੀ। ਇੰਨੇ ਨਾਲ ਨਹੀਂ ਸਰਨਾ। ਸਾਰੇ ਬਾਜ਼ਾਰ ਵਿਚ ਸਾਰੇ ਮੋੜਾਂ ‘ਤੇ ਖਲੋ ਕੇ ਮਾਫ਼ੀ ਮੰਗੇ ਤਾਂਕਿ ਸਾਰੇ ਲੋਕਾਂ ਨੂੰ ਪਤਾ ਤਾਂ ਲੱਗੇ।”
ਸਾਥੀਆਂ ਦੀ ਮੰਨਣਾ ਮੇਰੀ ਤਾਂ ਮਜਬੂਰੀ ਸੀ ਪਰ ਵਾਸ਼ਾ ਮੈਥੋਂ ਵੀ ਪਹਿਲਾਂ ਮੰਨ ਗਿਆ, “ਭਰਾਓ! ਜਦੋਂ ਮਾਫ਼ੀ ਮੰਗ ਈ ਲਈ ਤਾਂ ਫਿਰ ਐਥੇ ਕੀ ਤੇ ਔਥੇ ਕੀ?”
ਤੇ ਉਸ ਨੇ ਬਾਜ਼ਾਰ ਵਿਚ ਵੱਖ ਵੱਖ ਪੰਜ ਥਾਵਾਂ ‘ਤੇ ਖਲੋ ਕੇ ਮਾਫ਼ੀ ਮੰਗ ਲਈ।
ਮੈਦਾਨ ਫ਼ਤਿਹ ਹੋ ਗਿਆ ਸੀ। ਚੁੱਪ ਵਿਰੋਧ ਕਰਨ ਵਾਲਿਆਂ ਨੂੰ ਵੀ ਕੁਝ ਚਿਰ ਲਈ ਠੰਢ ਪੈ ਗਈ। ਸਾਡਾ ਪਹਿਲਾਂ ਨਾਲੋਂ ਵੀ ਵੱਧ ਵਜ੍ਹਕਾ ਬਣ ਗਿਆ। ਹੁਣ ਤਾਂ ਸਗੋਂ ਇਹ ਵੀ ਹੋਣ ਲੱਗਾ ਕਿ ਕਿਸੇ ਨੂੰ ਕੋਈ ਹੋਰ ਮੁਸ਼ਕਿਲ ਵੀ ਆ ਬਣਦੀ ਸੀ ਤਾਂ ਉਹ ਪੰਚਾਇਤ ਵੱਲ ਜਾਣ ਦੀ ਥਾਂ ਸਾਡੇ ਵੱਲ ਆਉਂਦਾ।