ਜਨ, ਜੰਤੂ ਤੇ ਜਨਤਾ

ਬਲਜੀਤ ਬਾਸੀ
ਕੁਝ ਸ਼ਬਦਾਂ ਦੀ ਹੋਣੀ ਹੈ ਕਿ ਉਹ ਸੁਤੰਤਰ ਤੌਰ ‘ਤੇ ਵਿਚਰ ਨਹੀਂ ਸਕਦੇ। ਜੰਤੂ ਇਕ ਅਜਿਹਾ ਸ਼ਬਦ ਹੈ ਜੋ ਆਮ ਬੋਲਚਾਲ ਵਿਚ ਏਨਾ ਨਹੀਂ ਵਰਤਿਆ ਜਾਂਦਾ। ਇਹ ਸ਼ਬਦ ਵਧੇਰੇ ਕਰਕੇ ਜੀਵ-ਜੰਤੂ ਸ਼ਬਦ-ਜੁੱਟ ਵਿਚ ਹੀ ਕੈਦ ਰਹਿੰਦਾ ਹੈ। ਢੋਲੋਗੇ ਲਈ ਘੜੇ ਤਕਨੀਕੀ ਸ਼ਬਦ ਜੰਤੂ-ਵਿਗਿਆਨ ਤੋਂ ਵੀ ਇਸ ਤੱਥ ਦੀ ਗਵਾਹੀ ਮਿਲਦੀ ਹੈ।

ਕਿਸੇ ਸ਼ਬਦ ਜੁੱਟ ਵਿਚ ਬੱਝ ਕੇ ਕੁਝ ਸ਼ਬਦ ਕਈ ਕਾਰਨਾਂ ਕਰਕੇ ਆਪਣੀ ਨਿਜੀ ਹਸਤੀ ਗੁਆ ਬੈਠਦੇ ਹਨ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਸ਼ਬਦ-ਜੁੱਟ ਵਿਸ਼ੇਸ਼ ਏਨਾ ਪ੍ਰਚਲਿਤ ਹੋ ਜਾਂਦਾ ਹੈ ਕਿ ਉਸ ਦਾ ਇਕ ਘਟਕ ਵਿਚੇ ਖਲਤ-ਮਲਤ ਹੋ ਕੇ ਰਹਿ ਜਾਂਦਾ ਹੈ। ਦੂਜਾ ਕਾਰਨ ਇਹ ਹੈ ਕਿ ਕੋਈ ਹੋਰ ਸਮਾਨਅਰਥੀ ਸ਼ਬਦ ਇਸ ਦੀ ਥਾਂ ਲੈ ਕੇ ਇਸ ਨੂੰ ਲੋਕ ਪ੍ਰਚਲਨ ‘ਚੋਂ ਕੱਢ ਮਾਰਦਾ ਹੈ। ਮਿਸਾਲ ਵਜੋਂ ਜੰਤੂ ਦੀ ਥਾਂ ਜਾਨਵਰ ਸ਼ਬਦ ਦਾ ਪ੍ਰਚਲਨ ਹੋ ਜਾਣਾ।
ਗੁਰੂ ਗ੍ਰੰਥ ਸਾਹਿਬ ਤੇ ਹੋਰ ਪੁਰਾਤਨ ਸਾਹਿਤ ਵਿਚ ਸਾਨੂੰ ਸੁਤੰਤਰ ਰੂਪ ਵਿਚ ਜੰਤੂ ਸ਼ਬਦ ਨਹੀਂ ਲੱਭਦਾ। ਹਾਂ, ਇਸ ਦਾ ਇਕ ਹੋਰ ਰੂਪ ਜੰਤ ਜ਼ਰੂਰ ਕੁਝ ਇਕ ਵਾਰੀ ਗੁਰਬਾਣੀ ਵਿਚ ਆਪਣੇ ਤੌਰ ‘ਤੇ ਆਇਆ ਹੈ, “ਲੋਭੀ ਜੰਤੁ ਨ ਜਾਣਈ ਭਖੁ ਅਭਖੂ ਸਭ ਖਾਇ॥” (ਗੁਰੂ ਅਰਜਨ ਦੇਵ)। ਆਮ ਤੌਰ ‘ਤੇ ਇਹ ਵੀ ਜੀਅ-ਜੰਤ ਜਾਂ ਜੀਆ-ਜੰਤ ਸ਼ਬਦ ਜੁੱਟ ਵਿਚ ਹੀ ਬੱਝਾ ਹੋਇਆ ਹੈ।
ਜੀਵ-ਜੰਤ/ਜੀਅ-ਜੰਤੂ ਸ਼ਬਦ-ਜੁੱਟ ਸਮੁੱਚੇ ਪ੍ਰਾਣੀ ਜਗਤ ਦੇ ਅਰਥਾਂ ਲਈ ਵਰਤਿਆ ਜਾਂਦਾ ਹੈ। ਆਧੁਨਿਕ ਸਾਹਿਤਕ ਭਾਸ਼ਾ ਵਿਚ ਜੀਵ-ਜੰਤੂ ਲਿਖਿਆ ਜਾਂਦਾ ਹੈ ਜਦਕਿ ਇਸ ਦਾ ਵਧੇਰੇ ਪ੍ਰਚਲਿਤ ਰੂਪ ਜੀਅ ਜੰਤ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਮਿਸਾਲਾਂ ਲੈਂਦੇ ਹਾਂ, “ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਸਰਬ ਜੀਆ॥” (ਗੁਰੂ ਨਾਨਕ ਦੇਵ)। ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਅਤੇ ਉਸ ਦੀ ਸ੍ਰਿਸ਼ਟੀ ਦੀ ਅਨੰਤਤਾ ਦਾ ਗਾਇਨ ਹੈ। ਇਸ ਪ੍ਰਸੰਗ ਵਿਚ ਹੀ ਪ੍ਰਾਣੀ ਜਗਤ ਦੀ ਵਿਸ਼ਾਲਤਾ ਅਤੇ ਵੰਨ-ਸੁਵੰਨਤਾ ਦਾ ਜ਼ਿਕਰ ਹੁੰਦਾ ਹੈ, ਜੋ ਪਰਮਾਤਮਾ ਦੀ ਦਾਤ ਹੈ, “ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥” (ਗੁਰੂ ਨਾਨਕ ਦੇਵ); “ਜੀਅ ਜੰਤ ਸਭਿ ਤੇਰਾ ਖੇਲ॥” (ਗੁਰੂ ਰਾਮ ਦਾਸ); “ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ॥” (ਗੁਰੂ ਅਰਜਨ ਦੇਵ)। ਹਾਸ਼ਮ ਸ਼ਾਹ ਦੀ ਇਕ ਸੀਹਰਫੀ ਵਿਚ ਵੀ ਇਹੋ ਜਿਹੇ ਭਾਵ ਮਿਲਦੇ ਹਨ,
ਅਲਫ਼ ਇਕ ਤੂੰ ਹੈਂ ਕਈ ਲੱਖ ਤੂੰ ਹੈਂ,
ਜੀਆ ਜੰਤ ਤੂੰ ਹੈਂ ਸਭ ਨੂਰ ਤੇਰਾ।
ਫੁਲ ਪਾਤ ਤੂੰ ਹੀਂ ਦਿਨ ਰਾਤ ਤੂੰ ਹੈਂ,
ਲੋਹ ਕਲਮ ਤਮਾਮ ਜ਼ਹੂਰ ਤੇਰਾ।
ਦਸਤਗ਼ੀਰ ਮਲਾਹ ਜਹਾਜ਼ ਤੂੰ ਹੈਂ,
ਤੇ ਦਰੀਆ ਤੂੰ ਹੈਂ ਸਭ ਪੂਰ ਤੇਰਾ।
ਗ਼ੌਸ ਪੀਰ ਜੇਹਾ ਜੈਂ ਦਾ ਪੀਰ ‘ਹਾਸ਼ਮ’,
ਕਰੇ ਕਿਉਂ ਨ ਮਾਨ ਗ਼ਰੂਰ ਤੇਰਾ।
ਪਰ ਜੀਅ-ਜੰਤ ਜਾਂ ਜੀਆ-ਜੰਤ ਦਾ ਅਰਥ ਸੰਕੁਚਿਤ ਹੋ ਕੇ ‘ਇਕੋ ਘਰ ਦੇ ਜੀਅ’ ਵੀ ਹੋ ਗਿਆ ਹੈ। ਮਿਸਾਲ ਵਜੋਂ ਇਹ ਫਿਕਰਾ ਦੇਖੋ, “ਹੋਰ ਜੀਅ-ਜੰਤ ਤਕੜੈ?” ਇਥੇ ਸੰਕੇਤ ਘਰ ਦੇ ਹੋਰ ਮੈਂਬਰਾਂ ਖਾਸ ਤੌਰ ‘ਤੇ ਬੱਚਿਆਂ ਵੱਲ ਹੈ। ਅਸਲ ਵਿਚ ਜੀਅ ਤੇ ਜੰਤ ਦੋਵਾਂ ਸ਼ਬਦਾਂ ਦੇ ਮੁਢਲੇ ਭਾਵ ਲਗਭਗ ਇਕੋ ਜਿਹੇ ਹੋਣ ਕਾਰਨ ਅਤੇ ਦੋਨਾਂ ਦੀ ਅਰੰਭਲੀ ਧੁਨੀ ‘ਜ’ ਹੋਣ ਕਾਰਨ ਜੀਅ-ਜੰਤ ਸ਼ਬਦ-ਜੁੱਟ ਖੂਬ ਪ੍ਰਚਲਿਤ ਹੋਇਆ ਹੈ। ਸੰਦਰਭ ਤੇ ਸਥਿਤੀ ਅਨੁਸਾਰ ਜੀਵ-ਜੰਤ ਦੇ ਅਰਥ ਇਸ ਪ੍ਰਕਾਰ ਕੀਤੇ ਜਾ ਸਕਦੇ ਹਨ: ਸ੍ਰਿਸ਼ਟੀ ਦਾ ਸਾਰਾ ਜਾਨ ਵਾਲਾ ਸੰਸਾਰ ਅਰਥਾਤ ਜੜ ਦੇ ਉਲਟ। ਇਸ ਕੋਟੀ ਵਿਚ ਬਨਸਪਤੀ ਵੀ ਆ ਜਾਵੇਗੀ, “ਜੀਅ ਜੰਤ ਸਭਿ ਤੇਰਾ ਖੇਲ॥” (ਗੁਰੂ ਰਾਮ ਦਾਸ); ਬਨਸਪਤੀ ਤੋਂ ਬਿਨਾਂ ਬਾਕੀ ਦੇ ਸਾਰੇ ਜਾਨਵਰ; ਮਨੁੱਖ ਤੋਂ ਇਲਾਵਾ ਬਾਕੀ ਜਾਨਵਰ; ਪਰਿਵਾਰ ਦੇ ਜੀਅ ਖਾਸ ਤੌਰ ‘ਤੇ ਬੱਚੇ; ਕੀੜੇ-ਮਕੌੜੇ।
ਸੰਸਕ੍ਰਿਤ ਵਿਚ ਜੰਤੂ ਸ਼ਬਦ ਦਾ ਰੂਪ ਹੈ, ‘ਜੰਤੁ’ ਤੇ ਮੁੱਖ ਅਰਥ ਹੈ ਬੱਚਾ, ਜਾਇਆ। ਜਦ ਅਸੀਂ ਆਖਦੇ ਹਾਂ ਕਿ ‘ਜੀਅ ਜੰਤ ਰਾਜ਼ੀ ਹੈ’ ਤਾਂ ਅਸੀਂ ਜੰਤ ਦਾ ਇਹੋ ਅਰਥ ਲੈ ਰਹੇ ਹੁੰਦੇ ਹਾਂ। ਇਸ ਸ਼ਬਦ ਵਿਚ ਮੁਖ ਭਾਵ ਜਨਮ ਲੈਣ ਤੋਂ ਹੈ ਜਿਥੋਂ ਇਸ ਦੇ ਬੱਚੇ ਦੇ ਅਰਥ ਸਮਝ ਪੈਂਦੇ ਹਨ। ਇਸ ਦੇ ਹੋਰ ਅਰਥ ਹਨ: ਜੀਵ, ਪ੍ਰਾਣੀ, ਜਾਨਵਰ, ਮਨੁੱਖ, ਬੰਦਾ। ਆਮ ਤੌਰ ‘ਤੇ ਸੂਖਮ ਜਾਂ ਛੋਟੇ ਜੀਵਾਂ ਜਿਵੇਂ ਕਿਰਮ, ਕੀਟ, ਕੀੜਾ, ਸੁੰਡੀ ਆਦਿ ਲਈ ਵੀ ਜੰਤੂ ਸ਼ਬਦ ਵਰਤਿਆ ਜਾਂਦਾ ਹੈ। ਸੰਸਕ੍ਰਿਤ ਦੇ ‘ਜੰਤੁ’ ਸ਼ਬਦ ਦੀ ਅੰਤਲੀ ਛੋਟੀ ਮਾਤਰ (ਉ) ਆਮ ਤੌਰ ‘ਤੇ ਪੰਜਾਬੀ ਵਿਚ ਉਚਾਰੀ ਨਹੀਂ ਜਾ ਸਕਦੀ ਜਿਸ ਕਰਕੇ ਜਾਂ ਤਾਂ ਇਹ ਅਲੋਪ ਹੋ ਜਾਂਦੀ ਹੈ ਤੇ ਸ਼ਬਦ ਰਹਿ ਜਾਂਦਾ ਹੈ ਜੰਤ ਤੇ ਜਾਂ ਫਿਰ ਛੋਟੀ ਮਾਤਰਾ ਵੱਡੀ ਮਾਤਰਾ (ਊ) ਵਿਚ ਤਬਦੀਲ ਹੋ ਜਾਂਦੀ ਹੈ ਤੇ ਸ਼ਬਦ ਬਣ ਜਾਂਦਾ ਹੈ, ਜੰਤੂ।
ਇਕ ਧਾਤੂ ਹੈ ‘ਜਨ’ ਜਿਸ ਵਿਚ ਪੈਦਾ ਕਰਨ ਜਾਂ ਪੈਦਾ ਹੋਣ ਦੇ ਭਾਵ ਹਨ। ਜੰਤੂ/ਜੰਤ ਸਮੇਤ ਅਨੇਕਾਂ ਸਾਹਿਤਕ ਤੇ ਬੋਲਚਾਲ ਦੇ ਸ਼ਬਦ ਇਸ ਧਾਤੂ ਤੋਂ ਪੈਦਾ ਹੋਏ ਹਨ। ਅਸਲ ਵਿਚ ਜੰਤੁ ਸ਼ਬਦ ਜਨ ਦਾ ਭੂਤਕਾਲੀ ਕਿਰਿਆਵੀ ਰੂਪ ਹੈ। ਇਸ ਤਰ੍ਹਾਂ ਜੰਤੂ ਆਦਿ ਉਹ ਹਨ ਜੋ ਪੈਦਾ ਹੋਏ ਜਾਂ ਜਨਮੇ ਹਨ। ਜਨ ਧਾਤੂ ਤੋਂ ਹੀ ਪੁਰਖ ਦੇ ਅਰਥਾਂ ਵਾਲਾ ਜਨ ਸ਼ਬਦ ਬਣਿਆ, “ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਪਰੈ ਉਧਰਨਹਾਰ॥” (ਗੁਰੂ ਅਰਜਨ ਦੇਵ)। ਇਸ ਦਾ ਮੁਖ ਅਰਥ ਹੈ ਮਨੁੱਖਾਂ ਦਾ ਸਮੂਹ ਜਾਂ ਸਮੂਦਾਇ ਜੋ ਅੱਗੋਂ ਲੋਕ, ਪਰਜਾ ਦਾ ਅਰਥਾਵਾਂ ਵੀ ਬਣ ਜਾਂਦਾ ਹੈ। ਰਾਸ਼ਟਰੀ ਗੀਤ ‘ਜਨ ਗਣ ਮਨ ਅਧਿਨਾਇਕ’ ਵਿਚ ਇਹ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਆਉਂਦਾ ਹੈ। ਇਸ ਸਤਰ ਦਾ ਅਰਥ ਬਣਦਾ ਹੈ, “ਤੁਸੀਂ ਲੋਕਾਂ ਦੇ ਮਨਾਂ ਦੇ ਨਾਇਕ (ਰਾਜੇ) ਹੋ।”
ਜਨਵਾਦੀ ਜੁੱਗ ਹੈ, ਸੋ ਅੱਜ ‘ਜਨ’ ਨੂੰ ਅਗੇਤਰ-ਪਿਛੇਤਰ ਬਣਾ ਕੇ ਢੇਰ ਸਾਰੇ ਸ਼ਬਦਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ: ਜਨ-ਆਧਾਰ, ਜਨ-ਜੀਵਨ, ਜਨ ਸੇਵਾ, ਜਨ ਹਿਤ, ਜਨਗਣਨਾ, ਜਨਮਤ, ਜਨਸਾਧਾਰਨ, ਜਨਤੰਤਰ, ਜਨਜਾਤੀ, ਜਨਮਤ, ਜਨਸੰਖਿਆ, ਹਰੀਜਨ, ਗਿਰੀਜਨ, ਦੁਰਜਨ, ਮਹਾਜਨ, ਸੱਜਣ, ਜਨ ਸੰਘ ਆਦਿ।
ਕੁਝ ਕਾਰਨਾਂ ਕਰਕੇ ਜਨਾਰਦਨ ਸ਼ਬਦ ‘ਤੇ ਥੋੜ੍ਹੀ ਚਰਚਾ ਜ਼ਰੂਰੀ ਸਮਝਦਾ ਹਾਂ। ਜਨਾਰਦਨ ਵਿਸ਼ਨੂੰ, ਖਾਸ ਤੌਰ ‘ਤੇ ਇਸ ਦੇ ਅਵਤਾਰ ਕ੍ਰਿਸ਼ਨ ਦੀ ਇਕ ਉਪਾਧੀ ਹੈ। ਇਹ ਬਣਿਆ ਹੈ ‘ਜਨ+ਅਰਦਨ’ ਤੋਂ। ਅਰਦਨ ਦਾ ਅਰਥ ਹੁੰਦਾ ਹੈ, ਦੁਖ ਦੇਣ ਵਾਲਾ, ਵਾਰ ਕਰਨ ਵਾਲਾ, ਮਾਰਨ ਵਾਲਾ। ਕ੍ਰਿਸ਼ਨ ਦਾ ਅਜਿਹਾ ਨਾਕਾਰਾਤਮਕ ਵਿਸ਼ੇਸ਼ਣ ਕਿਉਂ ਹੈ? ਦਰਅਸਲ ਪਹਿਲਾਂ ਅਜਿਹੇ ਅਹਿੰਸਕ ਕਰਮ ਸੂਰਬੀਰਤਾ ਭਰੇ ਸਮਝੇ ਜਾਂਦੇ ਸਨ, ਇਸ ਲਈ ਪ੍ਰਸ਼ੰਸਾਮਈ ਸਨ ਪਰ ਕਾਲਅੰਤਰ ਵਿਚ ਨਿੰਦਣਯੋਗ ਹੋ ਗਏ, ਇਸ ਲਈ ਉਨ੍ਹਾਂ ਦੇ ਅਰਥ ਬਦਲੇ ਜਾਣ ਲੱਗੇ। ਉਹ ਜਨ-ਸਮੂਦਾਇ ਜਿਨ੍ਹਾਂ ਨੂੰ ਸਤਾ ਕੇ ਆਰੀਆ ਨੇ ਆਪਣੇ ਆਪਣੇ ਦੇਵਤੇ ਸਥਾਪਤ ਕੀਤੇ, ਉਨ੍ਹਾਂ ਨੂੰ ਜਨਾਰਦਨ ਕਿਉਂ ਨਾ ਕਹਿੰਦੇ? ਜਨਤਾ ਜਨਾਰਦਨ ਦਾ ਮਤਲਬ ‘ਬਣਾਇਆ ਗਿਆ’ ਹੈ ਲੋਕਰੂਪੀ ਈਸ਼ਵਰ। ਸ਼ੇਰ ਹਿੰਸਕ ਜਾਨਵਰ ਹੈ ਜੋ ਬੇਸ਼ੁਮਾਰ ਪ੍ਰਾਣੀ-ਜਗਤ ਲਈ ਮੌਤ ਦੇ ਨਿਆਈ ਹੈ। ਇਸ ਦਾ ਸਮਾਨਅਰਥਕ ਸ਼ਬਦ ਸਿੰਘ ‘ਹਿੰਸਾ’ ਤੋਂ ਬਣਿਆ ਹੈ ਪਰ ਸਿੱਖਾਂ ਸਮੇਤ ਹੋਰ ਬਹੁਤਿਆਂ ਨੇ ਸਿੰਘ ਨੂੰ ਸੂਰਬੀਰਤਾ ਦਾ ਪ੍ਰਤੀਕ ਜਾਣਦਿਆਂ ਆਪਣੇ ਖਾਸ ਨਾਂਵਾਂ ਦੇ ਪਿਛੇ ਉਪਨਾਮ ਬਣਾ ਲਿਆ ਹੈ। ਅਜਿਹੇ ਵਰਤਾਰੇ ਦੀਆਂ ਹੋਰ ਅਨੇਕਾਂ ਮਿਸਾਲਾਂ ਦਾ ਅਕਸਰ ਜ਼ਿਕਰ ਹੁੰਦਾ ਰਹਿੰਦਾ ਹੈ ਤੇ ਹੁੰਦਾ ਰਹੇਗਾ।
ਪਰਮਾਤਮਾ ਦੇ ਟਾਕਰੇ ‘ਤੇ ਮਨੁਖ ਦੀ ਹਸਤੀ ਤੁਛ ਹੀ ਸਮਝੀ ਗਈ ਹੈ ਇਸ ਲਈ ਗੁਰਬਾਣੀ ਤੇ ਹੋਰ ਭਗਤੀ ਕਾਵਿ ਵਿਚ ਜਨ ਸ਼ਬਦ ਸੇਵਕ ਦੇ ਅਰਥਾਂ ਵਿਚ ਵੀ ਲਿਆ ਗਿਆ ਹੈ, “ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ॥” (ਗੁਰੂ ਅਰਜਨ ਦੇਵ)। “ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ॥” (ਭਗਤ ਰਵਿਦਾਸ)। ਜਨ ਤੋਂ ਹੀ ਜਣਾ ਸ਼ਬਦ ਬਣ ਗਿਆ ਜਿਸ ਦਾ ਅਰਥ ਵੀ ਬੰਦਾ, ਵਿਅਕਤੀ ਹੀ ਹੁੰਦਾ ਹੈ, “ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ‘ਕੱਲੇ।” ਜਣਾ-ਖਣਾ ਐਰਾ-ਗੈਰਾ ਹੁੰਦਾ ਹੈ। ਹਿੰਦੀ ਵਿਚ ਕਹਾਵਤ ਹੈ, ‘ਤਾਊ ਜੀ ਕੀ ਬਰਾਤ ਮੇਂ ਜਨੇ ਜਨੇ ਠਾਕੁਰ।’ ਜਣੀ ਇਸਤਰੀ ਹੁੰਦੀ ਹੈ। ਜੰਨ, ਜੰਜ, ਜੰਞ ਤੇ ਜਨੇਤ ‘ਤੇ ਵੀ ਇਸੇ ਧਾਤੂ ਦੀ ਮਿਹਰ ਹੋਈ ਹੈ, “ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ॥” (ਗੁਰੂ ਰਾਮ ਦਾਸ); “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥” (ਗੁਰੂ ਨਾਨਕ ਦੇਵ); ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ।
ਜਨ ਧਾਤੂ ਦੇ ਪੈਦਾ ਕਰਨ ਦੇ ਅਰਥ ਤੋਂ ਹੀ ਜਣਨਾ ਸ਼ਬਦ ਬਣਿਆ ਅਰਥਾਤ ਬੱਚਾ ਪੈਦਾ ਕਰਨਾ। ਇਸੇ ਤੋਂ ਜਣੇਪਾ ਸ਼ਬਦ ਬਣਿਆ। ਜਣਨੀ ਜਨਮ ਦੇਣ ਵਾਲੀ ਮਾਂ ਹੈ। ਜਨਕ ਪੈਦਾ ਕਰਨ ਵਾਲਾ ਅਰਥਾਤ ਪਿਤਾ ਹੈ, ਸੀਤਾ ਦੇ ਪਿਤਾ ਦਾ ਨਾਂ ਜਨਕ ਸੀ। ਮਾਂ ਪਿਉ ਨੂੰ ‘ਜਣਦੇ’ ਵੀ ਆਖਿਆ ਜਾਂਦਾ ਹੈ। ਗੁਰੂ ਅਮਰ ਦਾਸ ਨੇ ਜਣਖੇ ਸ਼ਬਦ ਵਰਤਿਆ ਹੈ, “ਅਵਗਨਹਾਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ॥” ਮਹਾਨ ਕੋਸ਼ ਅਤੇ ਸਾਹਿਬ ਸਿੰਘ ਨੇ ਇਸ ਦਾ ਅਰਥ ‘ਭਗਤ ਜਨ’ ਕੀਤਾ ਹੈ: ਜਨਖੇ=ਜਨਾਕਸ਼ਿ ਸੇ।
ਜਨ ਧਾਤੂ ਤੋਂ ਬਣਿਆ ਇਕ ਆਮ ਵਰਤੀਂਦਾ ਸ਼ਬਦ ਹੈ, ‘ਜਨਤਾ।’ ਇਸ ਨੂੰ ਅਹਿਮ ਇਸ ਕਰਕੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਿਆਸਤਦਾਨਾਂ ਦਾ ਸਭ ਤੋਂ ਮਨਭਾਉਂਦਾ ਸ਼ਬਦ ਹੈ। ਇਸ ਸ਼ਬਦ ਦੇ ਆਲੇ-ਦੁਆਲੇ ਕਈ ਪਾਰਟੀਆਂ ਦੇ ਨਾਂ ਜੁੜੇ ਹੋਏ ਹਨ ਜਿਵੇਂ ਜਨਤਾ ਪਾਰਟੀ, ਰਾਸ਼ਟਰੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਦਲ ਆਦਿ। ਕਾਮਰੇਡਾਂ ਦਾ ਤਾਂ ਸਲਾਮ ਹੀ ‘ਜੈ ਜਨਤਾ’ ਹੈ। ਭਾਵੇਂ ਬਹੁਤੀਆਂ ਪਾਰਟੀਆਂ ਜਨਤਾ ਦੀ ਜੈ ਦੀ ਥਾਂ ਖੈ ਹੀ ਕਰਦੀਆਂ ਹਨ। ਆਮ ਤੌਰ ‘ਤੇ ਇਸ ਨੂੰ ਜੰਤਾ ਵਜੋਂ ਹੀ ਉਚਾਰਿਆ ਤੇ ਕਈ ਵਾਰੀ ਲਿਖਿਆ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਜੰਤਾ ਸ਼ਬਦ ਸਾਰੇ ਪ੍ਰਾਣੀ ਜਗਤ ਦਾ ਅਰਥਾਵਾਂ ਹੈ, “ਉਤਭੁਜ ਸੇਤਜ ਤੇਰੇ ਕੀਤੇ ਜੰਤਾ॥” (ਗੁਰੂ ਨਾਨਕ ਦੇਵ)। ਇਸ ਦਾ ਸੰਬੋਧਨੀ ਰੂਪ ਜੰਨਤੇ ਜਾਂ ਜੰਤੇ ਹੈ, “ਭੋਲੀਏ ਜੰਤੇ ਸਾਡੇ ਇਤਿਹਾਸ ਨੂੰ ਵਿਗਾੜਨ ਵਾਲੇ ਦੇ ਜੇ ਤੂੰ ਪਿੱਛੇ ਲੱਗ ਪਈ ਫੇਰ ਅਸੀਂ ਕੀ ਕਰੀਏ ਤੂੰ ਤਾ ਜਿਉਂਦੀ ਹੀ ਮਰ ਗਈ।” ਜਨ ਧਾਤੂ ਨੇ ਅਨੇਕਾਂ ਅਨੇਕ ਸ਼ਬਦ ਜਣੇ ਹਨ ਤੇ ਇਸ ਦੀਆਂ ਅੰਗਲੀਆਂ-ਸੰਗਲੀਆਂ ਦੂਰ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਵੀ ਵਿਆਪਤ ਹਨ। ਇਨ੍ਹਾਂ ਦੀ ਚਰਚਾ ਫੇਰ ਕਰਾਂਗੇ।