ਕਰਨ ਇਸ਼ਾਰੇ ਅਣਦੇਖੇ-ਅਣਜਾਣੇ ਰਾਹ!

ਦੇਵਿੰਦਰ ਸਤਿਆਰਥੀ-3
ਦੇਵਿੰਦਰ ਸਤਿਆਰਥੀ ਨੇ ਹਿੰਦੀ, ਉਰਦੂ ਅਤੇ ਪੰਜਾਬੀ-ਤਿੰਨਾਂ ਹੀ ਭਾਸ਼ਾਵਾਂ ਵਿਚ ਸਾਹਿਤ ਰਚਨਾ ਕੀਤੀ। ਉਨ੍ਹਾਂ ਦਾ ਅਸਲ ਨਾਂ ਦੇਵਿੰਦਰ ਬੱਤਾ ਸੀ। ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉਥੋਂ ਦੇ ਲੋਕ ਜੀਵਨ, ਲੋਕ ਸਾਹਿਤ, ਗੀਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਕਿਤਾਬਾਂ ਅਤੇ ਵਾਰਤਾਵਾਂ ਵਿਚ ਸਾਂਭ ਦਿੱਤੀ।

ਦਿੱਲੀ ਦੇ ਸਾਹਿਤਕ ਹਲਕਿਆਂ ਵਿਚ ਉਨ੍ਹਾਂ ਦੀ ਸਾਹਿਤ ਰਚਨਾ ਲਈ ਖਬਤ ਕਰਕੇ ਉਨ੍ਹਾਂ ਬਾਰੇ ਕਈ ਲਤੀਫੇ ਬਣੇ ਹੋਏ ਸਨ। ਨਾਮੀ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ‘ਸਤਿਯੁਗੀ ਬੰਦੇ’ ਨਾਂ ਦੀ ਆਪਣੀ ਲੇਖ ਲੜੀ ਵਿਚ ਇਕ ਲੇਖ ਸਤਿਆਰਥੀ ਬਾਰੇ ਲਿਖਿਆ ਸੀ। ਇਸ ਲੜੀ ਨੂੰ ਅਗੇ ਤੋਰਦਿਆਂ ਉਨ੍ਹਾਂ ਮਰਹੂਮ ਦੇਵਿੰਦਰ ਸਤਿਆਰਥੀ ਬਾਰੇ ਕੁਝ ਹੋਰ ਲੇਖ ਭੇਜੇ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਨਾਲ ਗੱਲਾਂ ਕਰਨ ਲਈ ਬੰਦੇ ਨੂੰ ਬੜੇ ਦਮ ਦੀ ਲੋੜ ਪੈਂਦੀ ਸੀ-ਸਰੀਰਕ ਦਮ ਦੀ ਵੀ ਤੇ ਮਾਨਸਿਕ ਦਮ ਦੀ ਵੀ। ਉਹ ਸਰੋਤੇ ਨੂੰ ਉਂਗਲੀ ਫੜਾ ਕੇ ਆਪਣੇ ਨਾਲ ਉਸ ਅਮੁੱਕ-ਅਨੰਤ ਭੂਗੋਲ ਦਾ ਯਾਤਰੀ ਬਣਾ ਲੈਂਦੇ ਸਨ ਜਿਸ ਵਿਚ ਉਨ੍ਹਾਂ ਨੇ ਲੋਕਯਾਨ ਦਾ ਅਸ਼ਵਮੇਧੀ ਘੋੜਾ ਛੱਡ ਰਖਿਆ ਸੀ ਜੋ ਉਨ੍ਹਾਂ ਦੇ ਚਕਰਵਰਤੀ ਸਾਹਿਤ-ਸਮਰਾਟ ਹੋਣ ਵਿਚ ਕੋਈ ਸੰਦੇਹ ਨਹੀਂ ਸੀ ਰਹਿਣ ਦਿੰਦਾ।
ਆਪਣੇ ਨਾਲ ਇਸ ਬਿਖੜੇ ਮਾਰਗ ਉਤੇ ਤੁਰਨ ਦਾ ਸੱਦਾ ਦਿੰਦਿਆਂ ਉਹ ਆਖਦੇ ਸਨ, “ਜੇ ਤੱਕਣੇ ਤੈਂ ਘਾਹ-ਪੱਤੀਆਂ ਦੇ ਹੰਝੂ ਕੁੜੀਏ, ਤੁਰਨਾ ਪੈਸੀ ਸਾਡੇ ਨਾਲ!” ਇਹ ਮਾਰਗ ਕਦੀ ਆਸਾਮ ਤੇ ਕਦੀ ਬੰਗਾਲ ਲੈ ਜਾਂਦਾ ਸੀ, ਕਦੀ ਗੁਜਰਾਤ ਤੇ ਕਦੀ ਬਲੋਚਿਸਤਾਨ, ਕਦੀ ਬਰਮਾ ਤੇ ਕਦੀ ਲੰਕਾ। ਕਦੀ ਇਹ ਪਹਾੜੀਂ ਚੜ੍ਹਾ ਲੈਂਦਾ ਸੀ ਅਤੇ ਕਦੀ ਦਰਿਆਵਾਂ ਤੇ ਜੰਗਲਾਂ-ਬੇਲਿਆਂ ਵਿਚੋਂ ਦੀ ਲੰਘਾਉਂਦਾ ਹੋਇਆ ਕੰਨਿਆ ਕੁਮਾਰੀ ਦੇ ਸਾਗਰ ਦੀਆਂ ਲਹਿਰਾਂ ਨਿਹਾਰਨ ਲਈ ਪ੍ਰੇਰਦਾ ਸੀ।
ਇਸ ਮਾਰਗ ਦੇ ਯਾਤਰੀ ਬਣ ਕੇ ਪਤਾ ਨਹੀਂ ਉਹ ਕਿੰਨੇ ਮੰਦਰਾਂ ਦੀਆਂ ਪੌੜੀਆਂ ਉਤਰੇ ਸਨ ਅਤੇ ਕਿੰਨੇ ਕੋਠੇ ਚੜ੍ਹੇ ਸਨ। ਕੌਣ ਜਾਣੇ, ਮਹਾਂਸਾਗਰ ਤੱਕ ਦੀ ਯਾਤਰਾ ਵਿਚ ਹੰਝੂਆਂ ਦੀ ਬੇੜੀ ਕਿਸ-ਕਿਸ ਘਾਟ ਉਤੇ ਲਗਦੀ ਰਹੀ ਸੀ ਅਤੇ ਕਲਾ ਦਾ ਕੈਲਾਸ਼ ਪਰਬਤ ਉਸਾਰਨ ਵਾਸਤੇ ਕਿਥੋਂ-ਕਿਥੋਂ ਕਿਣਕਾ-ਕਿਣਕਾ ਮਿਲਦਾ ਰਿਹਾ ਸੀ? ਕੀ ਪਤਾ, ਕਿਸ-ਕਿਸ ਬੱਦਲ ਦਾ ਪਰਛਾਵਾਂ ਸਿਰ ਉਤੋਂ ਦੀ ਲੰਘਦਾ ਰਿਹਾ ਸੀ ਅਤੇ ਕਿੰਨੇ ਪੈਂਡਿਆਂ ਦੀਆਂ ਯਾਦਾਂ ਮਨ ਵਿਚ ਗਡ-ਮਡ ਹੋ ਕੇ ਰਹਿ ਗਈਆਂ ਸਨ? ਖ਼ਬਰੈ ਸੁਫ਼ਨਿਆਂ ਦੇ ਕਿੰਨੇ ਟਾਪੂ ਉਭਰ ਕੇ ਉਨ੍ਹਾਂ ਦੇ ਪੈਰਾਂ ਦੀ ਛੋਹ ਤੋਂ ਵੀ ਪਹਿਲਾਂ ਡੁਬਦੇ ਰਹੇ ਸਨ ਅਤੇ ਸੋਚ-ਸਮਝ ਦੇ ਪਾਟੇ ਹੋਏ ਕੰਨਾਂ ਵਿਚ ਜਜ਼ਬਿਆਂ ਦੀਆਂ ਮੁੰਦਰਾਂ ਪਾ ਕੇ ਕਿੰਨੇ ਬੂਹਿਆਂ ਉਤੇ ਅਲਖ ਜਗਾਉਣੀ ਪਈ ਸੀ?
ਇਸ ਮਾਰਗ ਉਤੇ ਤੁਰਦਿਆਂ ਕਦੀ ਉਹ ਕਿਸੇ ਆਸ਼ਰਮ ਵਿਚ ਲਿਜਾ ਕੇ ਰਿਖੀਸ਼ਰਾਂ-ਤਪੀਸ਼ਰਾਂ ਵਿਚਕਾਰ ਬਿਠਾ ਦਿੰਦੇ ਸਨ ਅਤੇ ਕਦੀ ਰੂਸ, ਫ਼ਰਾਂਸ, ਅਮਰੀਕਾ, ਇੰਗਲੈਂਡ ਦੇ ਪਿਛਲੀਆਂ ਸਦੀਆਂ ਦੇ ਤੇ ਅਜੋਕੇ ਸਾਹਿਤਕਾਰਾਂ ਨਾਲ ਜਾ ਹੱਥ ਮਿਲਵਾਉਂਦੇ ਸਨ। ਉਰਦੂ, ਹਿੰਦੀ, ਪੰਜਾਬੀ ਅਤੇ ਹੋਰ ਅਨੇਕਾਂ ਭਾਰਤੀ ਭਾਸ਼ਾਵਾਂ ਦੇ ਸਿਰਕੱਢ ਸਮਕਾਲੀ ਲੇਖਕ ਤਾਂ ਉਨ੍ਹਾਂ ਦੇ ਯਾਰ-ਬੇਲੀ ਸਨ ਹੀ। ਸਤਿਆਰਥੀ ਜੀ ਨੇ, ਜੇ ਕੁਝ ਅਨੁਵਾਦਿਤ ਅਤੇ ਸੰਪਾਦਿਤ ਪੁਸਤਕਾਂ ਵੀ ਰਲਾ ਲਈਏ, ਪੰਜ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਰਚੀਆਂ।
ਮੈਂ ਸਵਾਲ ਕੀਤਾ, “ਗੁਰੂਦੇਵ, ਤੁਹਾਨੂੰ ਹਿੰਦੀ ਵਾਲੇ ਉਰਦੂ ਜਾਂ ਪੰਜਾਬੀ ਦਾ ਅਤੇ ਉਰਦੂ ਵਾਲੇ ਹਿੰਦੀ ਜਾਂ ਪੰਜਾਬੀ ਦਾ ਲੇਖਕ ਮੰਨਦੇ ਹਨ। ਅਪਣਾਇਆ ਤਾਂ ਤੁਹਾਨੂੰ ਪੰਜਾਬੀ ਨੇ ਹੀ ਹੈ ਜੋ ਤੁਹਾਨੂੰ ਹਿੱਕ ਨਾਲ ਲਾ ਕੇ ਆਖਦੀ ਹੈ, ਹਿੰਦੀ ਜਾਂ ਉਰਦੂ ਦਾ ਨਹੀਂ, ਇਹ ਤਾਂ ਮੇਰਾ ਲਾਲ ਹੈ!æææਪਰ ਤੁਸੀਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੇ ਵਸੀਲੇ ਵਜੋਂ ਮੁਖ ਤੌਰ ਉਤੇ ਕੋਈ ਇਕੋ ਭਾਸ਼ਾ ਕਿਉਂ ਨਾ ਚੁਣੀ?”
“ਦਰਅਸਲ ਜੀ ਇਹ ਮੇਰੀ ਤਬੀਅਤ ਦੀ ਆਵਾਰਗੀ ਦਾ ਪਰਤੌ ਵੀ ਹੈ ਅਤੇ ਇਸ ਨਾਲ ਸ਼ਬਦ-ਚੋਣ ਦੀ ਸਮਰੱਥਾ ਵੀ ਵਧਦੀ ਹੈ। ਨਾਲੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਵਿਆਕਰਣ ਤਾਂ ਇਕੋ ਹੀ ਹਨ। ਬੈਕਿਟ ਦੀ ਮਾਂ-ਬੋਲੀ ਆਇਰਿਸ਼ ਅੰਗਰੇਜ਼ੀ ਸੀ, ਲਿਖਦਾ ਉਹ ਫਰਾਂਸੀਸੀ ਵਿਚ ਸੀ।” ਉਨ੍ਹਾਂ ਨੇ ਮੁਸਕਰਾ ਕੇ ਆਪਣੀ ਬਹੁਭਾਸ਼ੀ ਪਹੁੰਚ ਦੇ ਕਾਰਨ ਸਮਝਾਏ ਅਤੇ ਫੇਰ ਗੰਭੀਰ ਹੋ ਕੇ ਕਿਤੇ ਦੂਰ, ਕਿਸੇ ਮਾਨਸਿਕ ਦਿਸਹੱਦੇ ਵੱਲ ਦੇਖਦਿਆਂ ਬੋਲੇ, “ਭੁੱਲਰ ਜੀ, ਤੁਸੀਂ ਜ਼ਬਾਨਾਂ ਵਿਚੋਂ ਇਕ ਜ਼ਬਾਨ ਚੁਣਨ ਦੀ ਗੱਲ ਕਰਦੇ ਹੋ, ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਕਿਸ ਦੇਸ ਦਾ ਹਾਂ।”
ਵੱਖ-ਵੱਖ ਭਾਸ਼ਾਵਾਂ ਨਾਲ ਸਤਿਆਰਥੀ ਜੀ ਦਾ ਸਨੇਹ ਸਚਮੁੱਚ ਹੀ ਬੜਾ ਸੁਹਿਰਦ ਸੀ। ਇਕ ਦਿਨ ਲੋਕ-ਮਾਤਾ ਉਨ੍ਹਾਂ ਨੂੰ ਕਹਿਣ ਲੱਗੀ, ਤੁਸੀਂ ਬੋਲੇ ਕੁੱਕੜ ਤਾਂ ਹੋ ਹੀ, ਦੁਸ਼ਟ ਵੀ ਹੋ। ਉਨ੍ਹਾਂ ਨੂੰ ‘ਦੁਸ਼ਟ’ ਕਹੇ ਜਾਣ ਦਾ ਕੋਈ ਗਿਲਾ ਨਹੀਂ ਹੋਇਆ ਸਗੋਂ ਖੁਸ਼ ਹੋ ਕੇ ਬੋਲੇ, “ਬਈ ਵਾਹ, ਤੂੰ ਤਾਂ ਸੰਸਕ੍ਰਿਤ ਵੀ ਬੋਲਣ ਲਗੀ ਹੈਂ, ਰੁਸ਼ਟ, ਮੁਸ਼ਟ, ਦੁਸ਼ਟ।” ਮੈਨੂੰ ਇਹ ਗੱਲ ਸੁਣਾਉਂਦਿਆਂ ਆਖਣ ਲਗੇ, “ਦਰਅਸਲ ਜੀ, ਲੋਕ-ਮਾਤਾ ਦਾ ਬੰਦਿਆਂ ਦਾ ਮੁੱਲ ਅੰਗਣ ਦਾ ਆਪਣਾ ਹੀ ਤਰੀਕਾ ਹੈ ਜੋ ਕੋਈ ਬਹੁਤਾ ਪਾਏਦਾਰ ਜਾਂ ਤਰਕਪੂਰਨ ਨਹੀਂ। ਦੇਖੋ ਨਾ ਭੁੱਲਰ ਜੀ, ਮੈਨੂੰ ਤਾਂ ਦੁਸ਼ਟ ਕਹਿ ਦਿੱਤਾ, ਤੇ ਇਕ ਦਿਨ ਮੈਨੂੰ ਕਹਿ ਰਹੀ ਸੀ, ਤੁਸੀਂ ਹੁਣ ਤਕ ਜਿੰਨੇ ਦੋਸਤ ਬਣਾਏ ਨੇ, ਸਭ ਤੋਂ ਸਾਊ ਭੁੱਲਰ ਐ। ਕੋਈ ਪੁੱਛੇ ਬਈ ਭਲੀਏ ਲੋਕੇ, ਤੂੰ ਆਪਣੀ ਤੱਕੜੀ ਦੀ ਡੰਡੀ ਕੁਛ ਤਾਂ ਸਿੱਧੀæææ!” ਉਨ੍ਹਾਂ ਨੇ ਗੱਲ ਜਾਣ ਕੇ ਵਿਚਾਲੇ ਛੱਡ ਦਿੱਤੀ। ਮੱਕੀ ਦੀਆਂ ਖਿੱਲਾਂ ਵਾਂਗ ਖਿੜ-ਖਿੜ ਪੈਂਦੇ ਹਾਸੇ ਦੀਆਂ ਕੰਨੀਆਂ ਛੋਂਹਦੀ ਮੁਸਕਰਾਹਟ ਨਾਲ ਉਨ੍ਹਾਂ ਦੀਆਂ ਸੰਘਣੀਆਂ ਮੁੱਛਾਂ ਨੱਚਣ ਲਗੀਆਂ ਤੇ ਅੱਖਾਂ ਵਿਚ ਹਾਣੀਆਂ ਵਾਲੀ ਸ਼ਰਾਰਤ ਲਿਸ਼ਕਣ ਲਗੀ।
ਸਤਿਆਰਥੀ ਜੀ ਨੇ ਲੰਮਾ ਸਾਹਿਤਕ ਸਫ਼ਰ ਲੋਕ ਗੀਤ ਇਕੱਤਰ ਕਰਨ ਨਾਲ ਸ਼ੁਰੂ ਕੀਤਾ। ਇਸ ਕਾਰਜ ਦਾ ਸ਼ੁਭ-ਅਰੰਭ ਹਾਈ ਸਕੂਲ ਵਿਚ ਪੜ੍ਹਦਿਆਂ ਹੀ ਹੋ ਗਿਆ ਸੀ। ਲੋਕ ਗੀਤਾਂ ਦੇ ਇਸ ਲਗਾਤਾਰ ਭਰ ਰਹੇ ਖ਼ਜ਼ਾਨੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਕੁਝ ਲੇਖ ਲਿਖੇ ਅਤੇ ‘ਪ੍ਰੀਤਲੜੀ’ ਵਿਚ ਛਪਵਾ ਦਿੱਤੇ। ਉਨ੍ਹਾਂ ਦੇ ਇਹ ਲੇਖ ਸ਼ ਸ਼ ਅਮੋਲ ਨੇ ਪੜ੍ਹੇ ਤਾਂ ਉਨ੍ਹਾਂ ਨੂੰ ਬਹੁਤ ਚੰਗੇ ਲਗੇ। ਉਨ੍ਹਾਂ ਨੇ ਧਨੀ ਰਾਮ ਚਾਤ੍ਰਿਕ ਨਾਲ ਸਲਾਹ ਕੀਤੀ ਅਤੇ ‘ਪ੍ਰੀਤਲੜੀ’ ਤੋਂ ਪਤਾ ਕਰ ਕੇ ਭਦੌੜ ਦੇ ਸਿਰਨਾਵੇਂ ਉਤੇ ਚਿੱਠੀ ਲਿਖ ਭੇਜੀ। ਚਿੱਠੀ ਵਿਚ ਅਮੋਲ ਜੀ ਨੇ ਇਹ ਇੱਛਾ ਦੱਸੀ ਕਿ ਸਤਿਆਰਥੀ ਜੀ ਉਨ੍ਹਾਂ ਦੇ ਕਾਲਜ ਵਿਚ ਲੋਕ ਗੀਤਾਂ ਬਾਰੇ ਪੰਜ ਭਾਸ਼ਨ ਦੇਣ। ਉਹ ਲੇਖਾਂ ਦੀ ਫਾਈਲ ਕੱਛੇ ਮਾਰ ਕੇ ਅੰਮ੍ਰਿਤਸਰ ਜਾ ਪਹੁੰਚੇ।
ਪੰਜ ਭਾਸ਼ਨ ਇਕ ਇਕ ਕਰ ਕੇ ਪੰਜ ਦਿਨਾਂ ਵਿਚ ਹੋਏ ਅਤੇ ਵੱਖ-ਵੱਖ ਵਿਦਵਾਨਾਂ ਨੇ ਪੰਜੇ ਦਿਨਾਂ ਦੇ ਪੰਜਾਂ ਸਮਾਗਮਾਂ ਦੀ ਪ੍ਰਧਾਨਗੀ ਕੀਤੀ। ਇਕ ਭਾਸ਼ਨ ਦੇ ਪ੍ਰਧਾਨ ਪ੍ਰਿੰæ ਤੇਜਾ ਸਿੰਘ ਸਨ। ਸਮਾਗਮ ਦੀ ਸਮਾਪਤੀ ਮਗਰੋਂ ਉਨ੍ਹਾਂ ਨੇ ਸਤਿਆਰਥੀ ਜੀ ਨੂੰ ਇਨ੍ਹਾਂ ਭਾਸ਼ਨਾਂ ਦੀ ਪੁਸਤਕ ਛਪਵਾਉਣ ਦੀ ਸਲਾਹ ਦਿੱਤੀ। ਇਉਂ 1936 ਵਿਚ ‘ਗਿੱਧਾ’ ਦਾ ਜਨਮ ਹੋਇਆ। ‘ਗਿੱਧਾ’ ਛਪਦਿਆਂ ਹੀ ਕਲਾਸਕੀ ਰਚਨਾ ਬਣ ਗਈ। ਇਸ ਪੁਸਤਕ ਨੇ ਲੋਕ-ਗੀਤਾਂ ਦੇ, ਲੋਕ-ਸਾਹਿਤ ਦੇ ਅਤੇ ਲੋਕ-ਸਭਿਆਚਾਰ ਦੇ ਮੁਲੰਕਣ ਦਾ ਇਕ ਗਾਡੀ ਰਾਹ ਖੋਲ੍ਹ ਦਿੱਤਾ ਅਤੇ ਵਿਦਵਾਨਾਂ ਨੂੰ ਇਨ੍ਹਾਂ ਵੱਲ ਉਦੋਂ ਤੱਕ ਦੇ ਨਜ਼ਰੀਏ ਨਾਲੋਂ ਵੱਖਰੇ ਕੋਣ ਤੋਂ ਦੇਖਣ ਵਾਸਤੇ ਸੋਚਣ ਲਾ ਦਿੱਤਾ। ਸਤਿਆਰਥੀ ਜੀ ਨੇ ਕਈ ਕੁਝ ਲਿਖਿਆ, ਕਈ ਭਾਸ਼ਾਵਾਂ ਵਿਚ ਲਿਖਿਆ। ਕਹਾਣੀਆਂ, ਨਾਵਲ, ਕਵਿਤਾਵਾਂ, ਲੇਖ, ਲੋਕਗੀਤਾਂ ਬਾਰੇ ਹੋਰ ਪੁਸਤਕਾਂ, ਯਾਦਾਂ, ਵਗ਼ੈਰਾ ਵਗ਼ੈਰਾ, ਪਰ ਅੰਤ ਤੱਕ ਅਨੇਕ ਪਾਠਕਾਂ ਦੀ ਨਜ਼ਰ ਵਿਚ ਉਹ ‘ਗਿੱਧਾ’ ਦੇ ਰਚਨਾਕਾਰ ਵਜੋਂ ਹੀ ਸਥਾਪਤ ਰਹੇ।
ਘਰ-ਵਾਲਿਆਂ ਨੇ ਪਟਿਆਲੇ, ਮਹਿੰਦਰਾ ਕਾਲਜ ਵਿਚ ਦਾਖਲ ਕਰਵਾਏ ਸਨ ਜੋ ਉਸ ਵੇਲੇ ਪੰਜਾਬ ਦਾ ਇਕ ਪ੍ਰਮੁੱਖ ਕਾਲਜ ਗਿਣਿਆ ਜਾਂਦਾ ਸੀ। ਇਸ ਕਾਲਜ ਵਿਚ ਰਿਆਸਤ ਦੇ ਮੁੰਡਿਆਂ ਨੂੰ ਖਰਚ ਵਿਚ ਰਿਆਇਤ ਵੀ ਮਿਲਦੀ ਸੀ। ਘਰ-ਵਾਲਿਆਂ ਨੇ ਜੇਬ-ਖਰਚ ਵਜੋਂ ਸੱਤ ਰੁਪਏ ਮਹੀਨਾ ਭੱਤਾ ਵੱਖਰਾ ਬੰਨ੍ਹ ਦਿੱਤਾ। ਉਥੇ ਕਸੂਰ ਦਾ ਇਕ ਮੁੰਡਾ ਪਹਿਲਾਂ ਹੀ ਦਾਖ਼ਲ ਹੋ ਚੁਕਿਆ ਸੀ ਜੋ ਉਹਦੇ ਘਰ-ਵਾਲਿਆਂ ਨੇ ਪਤਾ ਨਹੀਂ ਕਿਸ ਕਾਰਨ ਏਨੀ ਦੂਰ ਪੜ੍ਹਨ ਲਾਇਆ ਸੀ। ਸਤਿਆਰਥੀ ਜੀ ਦੀ ਸਭ ਤੋਂ ਗੂੜ੍ਹੀ ਆੜੀ ਉਸੇ ਨਾਲ ਪੈ ਗਈ। ਮੁੰਡਾ ਲਾਹੌਰ ਜਾ ਦਾਖ਼ਲ ਹੋਣ ਦੀਆਂ ਗੱਲਾਂ ਕਰਦਾ ਜਿਸ ਦੀ ਕਸੂਰ ਤੋਂ ਪਟਿਆਲੇ ਨਾਲੋਂ ਦੂਰੀ ਚੌਥਾ ਹਿੱਸਾ ਹੀ ਸੀ। ਆਖ਼ਰ ਉਹ ਲਾਹੌਰ ਚਲਿਆ ਹੀ ਗਿਆ।
ਸਤਿਆਰਥੀ ਜੀ ਤਾਂ ਪਹਿਲਾਂ ਹੀ ਲਾਹੌਰ ਪੜ੍ਹਨ ਦੇ ਚਾਹਵਾਨ ਸਨ ਕਿਉਂਕਿ ਉਹ ਉਸ ਸਮੇਂ ਸਾਹਿਤ ਤੇ ਸਭਿਆਚਾਰ ਦਾ ਹਿੰਦੁਸਤਾਨ ਦਾ ਇਕ ਵੱਡਾ ਕੇਂਦਰ ਸੀ। ਉਥੇ ਕਾਲਜ ਵਿਚ ਅਤੇ ਕਾਲਜ ਤੋਂ ਬਾਹਰ ਉਨ੍ਹਾਂ ਨੂੰ ਮਨਚਾਹਿਆ ਸਿਰਜਣਾਤਮਕ ਮਾਹੌਲ ਮਿਲ ਸਕਦਾ ਸੀ। ਹੁਣ ਦੁਬਿਧਾ ਦੀ ਕੋਈ ਗੁੰਜਾਇਸ਼ ਨਾ ਰਹੀ ਅਤੇ ਸਤਿਆਰਥੀ ਜੀ ਵੀ ਲਾਹੌਰ ਵੱਲ ਤੁਰ ਪਏ। ਉਹ ਕਾਲਜ ਦੀ ਬਦਲੀ ਕਰਵਾ ਕੇ ਘਰ ਆਏ। ਘਰਵਾਲਿਆਂ ਦਾ ਗੁੱਸੇ ਹੋਣਾ ਲਾਜ਼ਮੀ ਸੀ। ਪਟਿਆਲਾ ਘਰ ਤੋਂ ਲਾਹੌਰ ਨਾਲੋਂ ਨੇੜੇ ਵੀ ਸੀ ਤੇ ਪਟਿਆਲੇ ਕਾਲਜ ਵਿਚ ਖਰਚ ਵੀ ਘੱਟ ਸੀ। ਉਨ੍ਹਾਂ ਦੇ ਗੁੱਸੇ ਦਾ ਇਨ੍ਹਾਂ ਦਾ ਘੜਿਆ-ਘੜਾਇਆ ਜਵਾਬ ਤਿਆਰ ਸੀ, “ਜਾਵਾਂਗਾ ਤਾਂ ਲਾਹੌਰ ਹੀ ਪਰ ਤੁਹਾਥੋਂ ਕੁਝ ਨਹੀਂ ਮੰਗਾਂਗਾ।” ਇਨ੍ਹਾਂ ਦੀ ਅੜੀ ਦੇਖ ਕੇ ਪਿਤਾ ਜੀ ਨੇ ਹਥਿਆਰ ਸੁੱਟ ਦਿੱਤੇ ਅਤੇ ਕਿਹਾ, “ਨਹੀਂ, ਪਟਿਆਲੇ ਲਈ ਬੰਨ੍ਹੇ ਹੋਏ ਸੱਤ ਰੁਪਏ ਤਾਂ ਤੈਨੂੰ ਦੇਵਾਂਗੇ ਹੀ!”
ਕਸੂਰੀ ਮਿੱਤਰ ਗਿਣਵੇਂ ਦਿਨ ਕਾਲਜ ਆਇਆ ਅਤੇ ਇਕ ਦਿਨ ਅਚਾਨਕ ਉਹਦੀ ਮੌਤ ਹੋ ਗਈ। ਸਤਿਆਰਥੀ ਜੀ ਨੇ ‘ਹਾਇ ਰੱਬਾ’ ਦਾ ਹਉਕਾ ਲੈ ਕੇ ਉਨ੍ਹੀਂ ਰਾਹੀਂ ਤੁਰਨ ਦਾ ਫੈਸਲਾ ਕਰ ਲਿਆ ਜਿਨ੍ਹਾਂ ਦੀ ਸਾਰ ਕੋਈ ਨਹੀਂ ਜਾਣਦਾ, ਭਾਵ ਮੁੰਡੇ ਦੇ ਮਗਰ ਮਗਰ ਅਗਲੀ ਦੁਨੀਆਂ ਦਾ ਰਾਹ! ਹੋਰ ਮਿੱਤਰਾਂ ਤੇ ਜਮਾਤੀਆਂ ਦੇ ਸਮਝਾਇਆਂ ਵੀ ਨਾ ਸਮਝੇ ਤਾਂ ਕਿਸੇ ਸ਼ੁਭਚਿੰਤਕ ਨੇ ਮਹਾਂਕਵੀ ਇਕਬਾਲ ਸਾਹਮਣੇ ਲਿਜਾ ਖੜ੍ਹੇ ਕੀਤੇ। ਉਨ੍ਹਾਂ ਨੇ ਸਤਿਆਰਥੀ ਜੀ ਦੇ ਚਿਹਰੇ ਨੂੰ ਕੁਝ ਪਲ ਨਜ਼ਰਾਂ ਗੱਡ ਕੇ ਘੋਖਿਆ ਅਤੇ ਬੋਲੇ, “ਨੌਜਵਾਨ, ਹਿੰਦੂ ਏਂ ਤਾਂ ਮਰਨ ਪਿੱਛੋਂ ਤੇਰਾ ਨਵਾਂ ਜਨਮ ਤਾਂ ਹੋਵੇਗਾ ਹੀ। ਦੇਖ, ਤੇਰੇ ਨਵੇਂ ਜਨਮ ਵਿਚ ਤਿੰਨ ਗੱਲਾਂ ਵਿਚੋਂ ਕੋਈ ਇਕ ਮੁਮਕਿਨ ਏ। ਨਵਾਂ ਜਨਮ ਇਸ ਜਨਮ ਵਰਗਾ ਹੀ ਹੋਇਆ ਤਾਂ ਮਰਨ ਦਾ ਕੀ ਲਾਭ? ਇਸ ਨਾਲੋਂ ਭੈੜਾ ਵੀ ਹੋ ਸਕਦਾ ਏ; ਤਦ ਤਾਂ ਮਰਨਾ ਮੂਰਖਤਾ ਹੋਵੇਗੀ। ਸੋ ਚੰਗੇਰਾ ਹੋਣ ਦੇ ਇਮਕਾਨ ਤਾਂ ਤੀਜਾ ਹਿੱਸਾ ਈ ਨੇ। ਏਡਾ ਵੱਡਾ ਰਿਸਕ ਕਾਹਦੇ ਲਈ ਲੈਣਾ ਹੋਇਆ! ਜਿਹੋ ਜਿਹਾ ਵੀ ਹੈ, ਇਸੇ ਜੀਵਨ ਨੂੰ ਚਲਦਾ ਰਹਿਣ ਦੇ!”
ਇੰਜ ਆਤਮਘਾਤ ਦਾ ਵਿਚਾਰ ਤਾਂ ਮਹਾਂਕਵੀ ਇਕਬਾਲ ਨੇ ਛੁਡਵਾ ਦਿੱਤਾ, ਕਾਲਜ ਇਨ੍ਹਾਂ ਨੇ ਆਪ ਛੱਡ ਦਿੱਤਾ ਅਤੇ ਅਮਰਨਾਥ ਦੇ ਯਾਤਰੀਆਂ ਨਾਲ ਹੋ ਤੁਰੇ।