ਅਮਰੀਕਾ ਦਾ ਖੇਡ ਲੇਖਕ ਇਕਬਾਲ ਸਿੰਘ ਜੱਬੋਵਾਲੀਆ

ਡਾæ ਚਰਨਜੀਤ ਸਿੰਘ ਗੁਮਟਾਲਾ
ਫੋਨ: 937-573-9812
ਪੰਜਾਬੀ ਵਿਚ ਖੇਡਾਂ ਬਾਰੇ ਲਿਖਣ ਵਾਲੇ ਬਹੁਤ ਘੱਟ ਲੇਖਕ ਹਨ। ਕੋਈ ਵੇਲਾ ਸੀ ਜਦੋਂ ਪੰਜਾਬੀ ਵਿਚ ਇਕੱਲੇ ਪ੍ਰਿੰਸੀਪਲ ਸਰਵਣ ਸਿੰਘ ਨੇ ਹੀ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ। ਇਹ ਉਨ੍ਹਾਂ ਦੀ ਕਲਮ ਦਾ ਹੀ ਕਮਾਲ ਸੀ ਕਿ ਝੱਟ ਹੀ ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਵਿਚ ਹਰਮਨ ਪਿਆਰੀਆਂ ਹੋ ਗਈਆਂ। ਵਿਦੇਸ਼ਾਂ ਵਿਚ ਤਾਂ ਖੇਡਾਂ ਬਾਰੇ ਲਿਖਣ ਵਾਲੇ ਪੰਜਾਬੀ ਲਿਖਾਰੀ ਅੱਜ ਤੱਕ ਵੀ ਗਿਣਵੇਂ ਚੁਣਵੇਂ ਹੀ ਹਨ ਜਿਨ੍ਹਾਂ ਵਿਚ ਨਿਊ ਯਾਰਕ ਵੱਸਦੇ ਇਕਬਾਲ ਸਿੰਘ ਜੱਬੋਵਾਲੀਆ ਦਾ ਨਾਂ ਸਭ ਤੋਂ ਉਪਰ ਹੈ।

ਜੱਬੋਵਾਲੀਆ ਨੇ ਖਿਡਾਰੀਆਂ ਤੇ ਭਲਵਾਨਾਂ ਦੇ ਰੇਖਾ-ਚਿੱਤਰ ਬੜੀ ਖੂਬਸੂਰਤੀ ਨਾਲ ਲਿਖੇ ਹਨ ਜੋ ਅਮਰੀਕਾ ਤੋਂ ਇਲਾਵਾ ਕੈਨੇਡਾ, ਇੰਗਲੈਂਡ, ਇਟਲੀ ਅਤੇ ਆਸਟ੍ਰੇਲੀਆ ਦੀਆਂ ਅਖ਼ਬਾਰਾਂ ਵਿਚ ਵੀ ਛਪਦੇ ਹਨ।
ਜਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਨਜ਼ਦੀਕ ਪਿੰਡ ਜੱਬੋਵਾਲ ਪਿਤਾ ਧੰਨਪਤ ਰਾਏ ਅਤੇ ਮਾਤਾ ਠਾਕੁਰ ਕੌਰ ਦੇ ਇਕ ਸਾਧਾਰਨ ਪਰਿਵਾਰ ਵਿਚ ਉਨ੍ਹਾਂ ਜਨਮ ਲਿਆ। ਸਿੱਖ ਨੈਸ਼ਨਲ ਕਾਲਜ ਬੰਗਾ ਪੜ੍ਹਦਿਆਂ ਉਸ ਨੇ ਲਿਖਣਾ ਕਹਾਣੀ ਲਿਖਣ ਤੋਂ ਸ਼ੁਰੂ ਕੀਤਾ। ਲਿਖਣ ਦਾ ਇਹ ਸ਼ੌਕ ਅੱਜ ਅਮਰੀਕਾ ਦੀ ਧਰਤੀ ‘ਤੇ ਵੀ ਜਾਰੀ ਹੈ। ਕਾਲਜ ਪੜ੍ਹਦਿਆਂ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਉਨ੍ਹਾਂ ਨੂੰ ਪੰਜਾਬੀ ਪੜ੍ਹਾਇਆ ਕਰਦੇ ਸਨ। ਗੀਤਕਾਰਾਂ, ਗਾਇਕਾਂ ਅਤੇ ਫ਼ਿਲਮਾਂ ਬਾਰੇ ਵੀ ਗੱਲਾਂ-ਬਾਤਾਂ ਕਰਦੇ ਰਹਿੰਦੇ। ਵਿਦਿਆਰਥੀਆਂ ਨੂੰ ਵੀ ਲਿਖਣ ਲਈ ਪ੍ਰੇਰਦੇ। ਇਸੇ ਤੋਂ ਪ੍ਰੇਰਿਤ ਹੋ ਕੇ ਇਕਬਾਲ ਨੇ ਸਭ ਤੋਂ ਪਹਿਲਾਂ ਕਹਾਣੀ ‘ਬੱਸ ਕਿਰਾਇਆ’ ਲਿਖੀ ਜੋ ਕਾਲਜ ਦੇ ਸਾਲਾਨਾ ਮੈਗਜ਼ੀਨ ਵਿਚ ਛਪੀ। ਉਸ ਤੋਂ ਬਾਅਦ ‘ਮਾਂ ਦਾ ਪਿਆਰ’, ‘ਮਜ਼ਬੂਰੀ’, ‘ਸ਼ਰਾਬੀ’ ਅਤੇ ‘ਦਾਜ’ ਵਰਗੀਆਂ ਕਹਾਣੀਆਂ ਲਿਖੀਆਂ, ਜੋ ਕਾਲਜ ਮੈਗਜ਼ੀਨ ਤੋਂ ਇਲਾਵਾ ਇੰਦਰ ਮੋਹਣ ਸੋਢੀ ਦੀ ਬੰਗਿਆਂ ਤੋਂ ਨਿਕਲਦੀ ਸਥਾਨਕ ਪੰਜਾਬੀ ਅਖ਼ਬਾਰ ‘ਨਿਸ਼ਾਨੀ’ ਵਿਚ ਵੀ ਛਪੀਆਂ। ਬੰਗਾ ਕਾਲਜ ਦੇ ਸਾਥੀਆਂ ਨਾਲ ਇਕ ਵਾਰ ਉਹ ਸਾਈਕਲਾਂ ‘ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਗਏ ਜਿਸ ਦੌਰਾਨ ਉਨ੍ਹਾਂ ਗੁਰਦੁਆਰਾ ਕੀਰਤਪੁਰ ਸਾਹਿਬ, ਗੁਰੂ ਕਾ ਲਾਹੌਰ, ਪਰਿਵਾਰ ਵਿਛੋੜਾ ਅਤੇ ਰੋਪੜ ਦਾ ਗੁਰਦੁਆਰਾ ਭੱਠਾ ਸਾਹਿਬ ਵੇਖਿਆ। ਇਸ ਯਾਤਰਾ ਬਾਰੇ ਇਕਬਾਲ ਨੇ ਸਫਰਨਾਮਾ ਲਿਖਿਆ ਜੋ ਬੜਾ ਪਸੰਦ ਕੀਤਾ ਗਿਆ।
ਉਨ੍ਹਾਂ ਦਿਨਾਂ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾæ ਅਜੀਤ ਸਿੰਘ ਸਿੱਕਾ ਸਨ, ਜੋ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਵੀ ਵਿਦਵਾਨ ਸਨ। ਡਾæ ਗੁਰਚਰਨ ਸਿੰਘ ਸਾਕੀ ਵੀ ਉਥੇ ਪੰਜਾਬੀ ਦੇ ਲੈਕਚਰਾਰ ਹੁੰਦੇ ਸਨ। ਇਸ ਤਰ੍ਹਾਂ ਉਥੇ ਸਾਹਿਤਕ ਮਾਹੌਲ ਸੀ। ਇਕਬਾਲ ਸਿੰਘ ਨੇ ਨਿਊ ਯਾਰਕ ਵਿਚ ਸਾਲ 1984 ਵਿਚ ਆ ਡੇਰੇ ਲਾਏ। ਇਥੇ ਜ਼ਿੰਦਗੀ ਨਾਲ ਜੱਦੋਜਹਿਦ ਕਰਦਿਆਂ ਲਿਖਣ ਦਾ ਸ਼ੌਕ ਜਾਰੀ ਰੱਖਿਆ। ਖੇਡਾਂ ਦੇ ਨਾਲ ਨਾਲ ਸਾਹਿਤ ਦਾ ਸ਼ੌਕ ਵੀ ਪਾਲਿਆ ਤੇ ‘ਦੂਜਾ ਵਿਆਹ’, ‘ਧਰਮ ਦੇ ਠੇਕੇਦਾਰ’, ‘ਹਵੇਲੀ ਵਾਲੇ’, ‘ਮਿੱਟੀ ਦਾ ਮੁੱਲ’, ‘ਮੌਕੇ ਦੇ ਹਾਕਮ’, ‘ਲਾਲਾ ਛਟਾਂਕੀ ਰਾਮ’, ‘ਛੜਾ ਤਾਇਆ’, ‘ਭੁੱਟੋ ਦਾ ਟੈਂਪੂ’, ‘ਬੰਗਿਆਂ ਦੇ ਭੰਡ’ ਆਦਿ ਵਿਅੰਗ ਅਤੇ ਕਹਾਣੀਆਂ ਲਿਖੀਆਂ। ਇਸ ਤੋਂ ਇਲਾਵਾ ਗੀਤਕਾਰ ਪਾਲ ਮਜ਼ਾਰੇ ਵਾਲਾ, ਚਰਨ ਸਿੰਘ ਸਫ਼ਰੀ, ਜਸਵੀਰ ਗੁਣਾਚੌਰੀਆ ਤੇ ਗਾਇਕਾ ਨਰਿੰਦਰ ਮਾਵੀ ਤੇ ਲਾਡੀ ਬਸਰਾ ਬਾਰੇ ਵੀ ਲਿਖਿਆ। ਕਵਿਤਾ ਲਿਖਣ ਦੇ ਸ਼ੌਕ ਨੂੰ ਉਹ ‘ਗ਼ਾਡ-ਗਿਫ਼ਟ’ ਸਮਝਦਾ ਹੈ।
ਅਮਰੀਕਾ ਵਿਚ ਉਸ ਦੀ ਪਹਿਲੀ ਖੇਡ ਲਿਖਤ ਨਿਊ ਯਾਰਕ ਦੇ ਪ੍ਰਸਿੱਧ ਕਬੱਡੀ ਖਿਡਾਰੀ ਮੱਖਣ ਸਿੰਘ ਧਾਲੀਵਾਲ ਬਾਰੇ ਸੀ ਜੋ ਇੰਗਲੈਂਡ ਤੋਂ ਛਪਦੀ ਹਫ਼ਤਾਵਾਰੀ ਅਖ਼ਬਾਰ ‘ਪੰਜਾਬ ਟਾਇਮਜ਼’ ਵਿਚ ਛਪੀ। ਉਸ ਤੋਂ ਬਾਅਦ ਖਿਡਾਰੀਆਂ ਬਾਰੇ ਲਿਖਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕਬੱਡੀ ਖਿਡਾਰੀਆਂ ਵਿਚ ਮੱਖਣ ਸਿੰਘ ਧਾਲੀਵਾਲ ਤੋਂ ਇਲਾਵਾ ਸਰਬਣ ਬੱਲ, ਨਡਾਲੇ ਵਾਲਾ ਪ੍ਰੀਤਾ, ਪੱਤੜੀਆ ਬੋਲਾ, ਸ਼ੰਕਰੀਆ ਘੁੱਗਾ, ਹਰਜਿੰਦਰ ਸਿੰਘ ਥਾਣਾ, ਚੱਕਾਂ ਵਾਲਾ ਕਮਲ ਪੰਡਿਤ, ਹਕੀਮਪੁਰ ਵਾਲਾ ਗੁਰਜੀਤ ਪੁਰੇਵਾਲ, ਬਹਿਰਾਮੀਆ ਸ਼ਿੰਦਾ, ਤੀਰਥ ਗਾਖ਼ਲ, ਸੰਨੀ ਕੰਦੋਲਾ, ਸਰਬਜੀਤ ਮਾਹਲ, ਕਬੱਡੀ ਕੈਂਚੀ ਦਾ ਥੰਮ੍ਹ ਮੱਲਪੁਰੀਆ ਹਰੀ, ਸਰਹਾਲੀਆ ਪਾਲੀ, ਕਪੂਰਥਲੀਆ ਕਾਰੀ, ਬਾਜ਼ ਸਿੰਘ ਬਾਜ਼ ਨਿਊ ਯਾਰਕ, ਖੁਰਦਪੁਰੀਆ ਭੱਜੀ ਅਤੇ ਚੰਨਾ (ਦੋਵੇਂ ਭਰਾ) ਆਦਿ ਖਿਡਾਰੀ ਉਸ ਦੀਆਂ ਲਿਖਤਾਂ ਦਾ ਵਿਸ਼ਾ ਬਣੇ।
ਕਬੱਡੀ ਇਤਿਹਾਸ ਦੇ ਦੋ ਥੰਮ੍ਹਾਂ ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋæ ਮੱਖਣ ਸਿੰਘ ਹਕੀਮਪੁਰ, ਸੰਨਵਾਂ ਵਾਲੇ ਹਰਭਜਨ ਭੱਜੀ ਅਤੇ ਨਿਊ ਯਾਰਕ ਦੇ ਪ੍ਰਸਿੱਧ ਕਬੱਡੀ ਪ੍ਰਮੋਟਰ ਮਹਿੰਦਰ ਸਿੰਘ ਸਿੱਧੂ ਬਾਰੇ ਵੀ ਉਸ ਨੇ ਲਿਖਿਆ। ਨਿਊ ਯਾਰਕ ਦੀ ਧਰਤੀ ‘ਤੇ ਸਥਾਪਤ ਰਾਜਾ ਸਾਹਿਬ ਸਪੋਰਟਸ ਕਲੱਬ ਦੋਆਬਾ ਨੂੰ ਖਿਡਾਰੀਆਂ ਵਿਚ ਮਕਬੂਲ ਕਰਨ ਵਿਚ ਵੀ ਉਸ ਦੀ ਵੱਡੀ ਭੂਮਿਕਾ ਹੈ।
ਇਕਬਾਲ ਨੇ ਜਿਨ੍ਹਾਂ ਪਹਿਲਵਾਨਾਂ ਦੀਆਂ ਪ੍ਰਾਪਤੀਆਂ ‘ਤੇ ਕਲਮ ਚਲਾਈ, ਉਨ੍ਹਾਂ ਵਿਚ ਪਹਿਲਵਾਨ ਕਿੱਕਰ ਸਿੰਘ, ਗਾਮਾ ਪਹਿਲਵਾਨ, ਟਾਈਗਰ ਜੋਗਿੰਦਰ ਸਿੰਘ, ਮਾਸਟਰ ਚੰਦਗੀ ਰਾਮ, ਪਹਿਲਵਾਨ ਮੇਹਰਦੀਨ, ਰੁਸਤਮੇ ਹਿੰਦ ਬੁੱਧ ਸਿੰਘ, ਰੁਸਤਮੇ ਹਿੰਦ ਹਰਬੰਸ ਸਿੰਘ ਰਾਏਪੁਰ ਡੱਬਾ, ਬਿੱਲਾ ਅੰਬਰਸਰੀਆ, ਰਾਮਾ-ਖੇਲਾ ਵਾਲਾ ਸਰਬਣ, ਜੱਬੋਵਾਲੀਆ ਦਰਸ਼ਣ, ਕੁਸ਼ਤੀ ਕੋਚ ਪੀ ਆਰ ਸੋਂਧੀ, ਜੈਲਾ ਰਾਏਪੁਰ ਡੱਬਾ, ਅਮਨਦੀਪ ਵਿੱਕੀ, ਮਨਦੀਪ ਸੋਂਧੀ, ਪਟਿਆਲੇ ਵਾਲਾ ਗੁਰਮੁੱਖ ਭਲਵਾਨ, ਸ਼ੀਰੀ ਪਹਿਲਵਾਨ, ਪੀ ਐਨ ਟੀ ਪਹਿਲਵਾਨ, ਸੱਘਵਾਲ ਵਾਲਾ ਸੁਖਵੀਰ, ਜਸਵਿੰਦਰ ਸਿੰਘ ਜੌਹਲ, ਕੇਵਲ ਕੈਲੇ, ਰੰਗਾ ਪਹਿਲਵਾਨ, ਪਹਿਲਵਾਨੀ ਤੋਂ ਫਿਲਮਾਂ ਵਿਚ ਗਿਆ ਸੇਰੋਂ ਵਾਲਾ ਬਾਬਾ ਖੈਰਾ, ਭਾਰਤੀ ਬਾਡੀ ਬਿਲਡਰ ਪ੍ਰੇਮ ਚੰਦ ਡੇਗਰਾ ਆਦਿ ਸ਼ਾਮਲ ਹਨ।
ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਮੈਂਬਰਾਂ ਅਤੇ ਕਲੱਬ ਦੇ ਮੁਖ ਸੇਵਾਦਾਰ ਬਲਦੇਵ ਮਾਨ, ਓਲੰਪੀਅਨ ਵੇਟ ਲਿਫ਼ਟਰ ਜਸਵੀਰ ਸਿੰਘ ਕਰਨਾਣਾ, ਜਗਦੀਸ਼ ਸਿੰਘ ਦੀਸ਼ਾ, ਹਰਜੀਤ ਸਿੰਘ, ਬਲਵਿੰਦਰ ਸਿੰਘ ਬੁੱਧੂ, ਸੰਤੋਖ ਬਿੱਲਾ, ਪ੍ਰਦੀਪ ਮਜ਼ਾਰਾ, ਅਮਰਜੀਤ ਮਜ਼ਾਰਾ, ਸੋਨੂ ਕਰਨਾਣਾ ਅਤੇ ਬੱਬੂਆ ਵੀ ਉਸ ਦੀਆਂ ਲਿਖਤਾਂ ਦਾ ਵਿਸ਼ਾ ਬਣੇ।
ਇਹ ਪੁੱਛੇ ਜਾਣ ‘ਤੇ ਕਿ ਖਿਡਾਰੀਆਂ ਤੇ ਭਲਵਾਨਾਂ ਬਾਰੇ ਲਿਖਣ ਦਾ ਸ਼ੌਕ ਕਿਵੇਂ ਜਾਗਿਆ? ਇਕਬਾਲ ਸਿੰਘ ਨੇ ਦੱਸਿਆ ਕਿ ਉਹਦਾ ਪਿਤਾ ਭਲਵਾਨੀ ਦਾ ਸ਼ੌਕੀ ਸੀ ਅਤੇ ਵੱਡਾ ਵੀਰ ਹੈਡਮਾਸਟਰ ਗਿਆਨ ਸਿੰਘ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਅਤੇ ਯੂਨੀਵਰਸਿਟੀ ਦਾ ਟਾਪ ਫ਼ੁੱਟਬਾਲ ਖਿਡਾਰੀ ਅਤੇ ਬੇਹਤਰੀਨ ਅਥਲੀਟ ਹੁੰਦਾ ਸੀ। ਸਿੱਖਿਆ ਵਿਭਾਗ ਵਿਚ ਆ ਕੇ ਉਹ ਜਲੰਧਰ ਜਿਲ੍ਹੇ ਦੀਆਂ ਸਕੂਲੀ ਖੇਡਾਂ ਦਾ ਚਾਰ ਸਾਲ ਪ੍ਰਧਾਨ ਵੀ ਰਿਹੈ। ਘਰ ਪਰਿਵਾਰ ਖੇਡਾਂ ਨਾਲ ਜੁੜਿਆ ਹੋਣ ਕਰਕੇ ਇਹ ਸ਼ੌਕ ਕੁਦਰਤੀ ਹੀ ਪੈ ਗਿਆ।
ਉਸ ਉਘੇ ਫੁਟਬਾਲਰ ਜਰਨੈਲ ਸਿੰਘ ਪਨਾਮ, ਅਰਜਨ ਐਵਾਰਡੀ ਇੰਦਰ ਸਿੰਘ, ਨਿਰੰਜਨ ਦਾਸ ਮੰਗੂਵਾਲ, ਕਾਹਮੇ ਵਾਲਾ ਗੁਰਸ਼ਰਨ ਛੰਨਾ, ਅਮਰੀਕ ਸਿੰਘ ਪਾਸ਼ਟਾ ਅਤੇ ਗੁਜ਼ਰਪੁਰ ਖੁਰਦ ਵਾਲੇ ਗੁਰਦੇਵ ਦੇਬੀ ਆਦਿ ਫ਼ੁੱਟਬਾਲ ਖਿਡਾਰੀਆਂ ਬਾਰੇ ਲਿਖਿਆ।
ਆਪਣੇ ਵਿਛੜ ਗਏ ਭਰਾ ਦੀ ਯਾਦ ਵਿਚ ਤਿੰਨ ਰੋਜ਼ਾ ‘ਹੈਡਮਾਸਟਰ ਗਿਆਨ ਸਿੰਘ ਕਬੱਡੀ ਮੇਲਾ’ ਪਿੰਡ ਜੱਬੋਵਾਲ ਵਿਚ ਕਰਵਾਇਆ। ਮਾਹਿਲ-ਗਹਿਲਾਂ ਦੇ ਫ਼ੁੱਟਬਾਲ ਅਤੇ ਕਬੱਡੀ ਮੇਲੇ ਅਤੇ ਦਰੜ ਭਰਾਵਾਂ ਦੇ ਪਿੰਡ ਇਬਰਾਹੀਮਪੁਰ ਅੱਖੀਂ ਵੇਖੇ ਖੇਡ ਮੇਲੇ ਦਾ ਜ਼ਿਕਰ ‘ਖੇਡ ਮੇਲੇ ਰੰਗਲੇ ਪੰਜਾਬ ਦੇ’ ਨਾਂ ਹੇਠ ਕੀਤਾ। ਪੰਜਾਬ ‘ਚ ਵਧ ਰਹੀ ਲੱਚਰ ਗਾਇਕੀ ਦਾ ਉਹ ਕੱਟੜ ਵਿਰੋਧੀ ਹੈ। ਨਿਊ ਯਾਰਕ ਵਿਚ ਹੁੰਦੇ ਕਬੱਡੀ, ਫ਼ੁੱਟਬਾਲ, ਬਾਸਕਟਬਾਲ ਅਤੇ ਬੱਚਿਆਂ ਦੇ ਖੇਡ ਮੁਕਾਬਲਿਆਂ ਦੌਰਾਨ ਕੁਮੈਂਟਰੀ ਦੀ ਸੇਵਾ ਵੀ ਉਹ ਨਿਭਾਉਂਦਾ ਹੈ। ਟੂਰਨਾਮੈਂਟਾਂ ਬਾਰੇ ਉਨ੍ਹਾਂ ਦੀਆਂ ਰਿਪੋਰਟਾਂ ਵੱਖ ਵੱਖ ਅਖ਼ਬਾਰਾਂ ਵਿਚ ਛਪਦੀਆਂ ਹਨ।
ਖੇਡ ਲੇਖਕ ਵਜੋਂ ਟੀæਵੀæ ਚੈਨਲ ‘ਜਸ ਪੰਜਾਬੀ’ ਦੇ ਸਟੂਡੀਓ ਵਿਚ ਸੁਰਿੰਦਰ ਸੋਹਲ ਵਲੋਂ ਉਸ ਨਾਲ ਕੀਤੀ ਗਈ ਇੰਟਰਵਿਊ ਪ੍ਰਸਾਰਤ ਕੀਤੀ ਗਈ।
ਜਿਨ੍ਹਾਂ ਪਹਿਲਵਾਨਾਂ ਅਤੇ ਖਿਡਾਰੀਆਂ ਬਾਰੇ ਇਕਬਾਲ ਇਨ੍ਹੀਂ ਦਿਨੀਂ ਲਿਖ ਰਿਹਾ ਹੈ, ਉਨ੍ਹਾਂ ਵਿਚ ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ ਤੇ ਵੇਟ ਲਿਫ਼ਟਰ ਤਾਰਾ ਸਿੰਘ ਸੂੰਢ, ਓਲੰਪੀਅਨ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ, ਕਬੱਡੀ ਖਿਡਾਰੀ ਰਸਾਲ ਸਿੰਘ ਰਸਾਲਾ, ਜੋਤਾ, ਬਲਵਿੰਦਰ ਫ਼ਿੱਡੂ, ਜੱਬੋਵਾਲ ਦੇ ਮਾਹਣਾ ਤੇ ਜੀਤਾ ਅਤੇ ਪਹਿਲਵਾਨ ਲੱਲੀਆਂ ਵਾਲਾ ਸੁਰਜੀਤ, ਆਲਮਗੀਰੀਆ ਫ਼ੱਤਾ, ਕੇਹਰ ਪਹਿਲਵਾਨ, ਸ਼ਿੰਦਾ ਪੱਟੀ ਵਾਲਾ, ਸ਼ੰਕਰੀਆ ਪਾਲਾ, ਮਲਕੀਤ ਗਾਂਧੀ, ਪਰਮਿੰਦਰ ਡੂਮਛੇੜੀ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਦਾ ਵਿਚਾਰ ਗੋਲਾ ਸੁਟਾਵੇ ਇੰਸਪੈਕਟਰ ਅਜੈ ਸਿੰਘ, ਹਾਕੀ ਖਿਡਾਰੀ ਪਰਮਜੀਤ ਸਿੰਘ ਸੈਣੀ, ਪੱਪੂ ਧਮਾਈ ਫ਼ੁੱਟਬਾਲ, ਗੁਰਮੀਤ ਸਿੰਘ ਰਾਏਪੁਰ ਡੱਬਾ ਅਤੇ ਪ੍ਰਵਾਸੀ ਗੀਤਕਾਰ ਮਲਕੀਤ ਮਹਿਦਪੁਰੀ ਬਾਰੇ ਲਿਖਣ ਦਾ ਹੈ।
ਇਕਬਾਲ ਨੇ ਆਪਣੀਆਂ ਲਿਖਤਾਂ ਵਿਚ ਫ਼ਲਾਇੰਗ ਸਿੱਖ ਮਿਲਖਾ ਸਿੰਘ, ਪੰਜਾਬ ਬਿਜਲੀ ਬੋਰਡ ਦੇ ਮੁੱਖ ਕੋਚ ਨਰਿੰਦਰ ਸਿੰਘ ਸਰਹਾਲ, ਭਾਰਤੀ ਹਾਕੀ ਟੀਮ ਦੀ ਪਲੇਅਰ ਤੇ ਕੋਚ ਸਰੋਜ਼ ਬਾਲਾ, ਬਾਕਸਰ ਗੁਰਚਰਨ ਗੁਰੂ, ਵੇਟ ਲਿਫ਼ਟਰ ਜਸਵਿੰਦਰ ਸਿੰਘ ਨਾਗਰਾ, ਯੂਨੀਵਰਸਿਟੀ ਖਿਡਾਰੀ ਮਜ਼ਾਰੇ ਵਾਲਾ ਚਰਨਾ, ਬੀ ਸੀ ਦਾ ‘ਸਟਰੌਂਗ ਮੈਨ’ ਪੈਂਟਾ ਗੁਣਾਚੌਰੀਆ, ਓਲੰਪੀਅਨ ਵੇਟ ਲਿਫ਼ਟਰ ਸੰਦੀਪ ਬੜਾ ਪਿੰਡ, ਅਮਰੀਕਾ ਦਾ ਪਾਵਰ ਲਿਫ਼ਟਰ ਫ਼ਤਿਹਦੀਪ ਸਿੰਘ, ਪਾਵਰ ਲਿਫ਼ਟਰ ਭਰਾ ਹਰਜਿੰਦਰ ਤੇ ਹਰਜੀਤ, ਯੂਨੀਵਰਸਿਟੀ ਅਥਲੀਟ ਤੇ ਵੇਟ ਲਿਫ਼ਟਰ ਗੁਰਮੀਤ ਸਿੰਘ ਗੰਡਮ, ਅਮਰੀਕਾ ਦੇ ਮੈਰਾਥਨ ਦੌੜਾਕ ਹਰਮੇਸ਼ ਸਿੰਘ ਉੜਾਪੜ ਅਤੇ ਡਾæ ਅਵਤਾਰ ਸਿੰਘ ਟੀਨਾ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਹੈ।
ਹਮੇਸ਼ਾ ਆਪਣੇ ਜਿਗਰੀ ਯਾਰਾਂ-ਦੋਸਤਾਂ, ਪਾਠਕਾਂ, ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਨਾਲ ਲੈ ਕੇ ਚਲਣ ਵਾਲਾ ਇਕਬਾਲ ਸਿੰਘ ਆਪਣੀ ਜ਼ਿੰਦਗੀ ਤੋਂ ਬੜਾ ਖ਼ੁਸ਼ ਹੈ। ਉਹ ਆਪ ਜੋ ਕੁਝ ਨਹੀਂ ਬਣ ਸਕਿਆ ਹੁਣ ਲੋੜਵੰਦ ਗਰੀਬ ਖਿਡਾਰੀਆਂ ਦੀ ਤਨ, ਮਨ, ਧਨ ਨਾਲ ਸੇਵਾ ਕਰ ਕੇ ਪੂਰਾ ਕਰ ਰਿਹੈ। ਆਪਣੇ ਦੋ ਬੇਟਿਆਂ-ਨਵਜੋਤ ਸਿੰਘ ਤੇ ਮਨਜੋਤ ਸਿੰਘ ਅਤੇ ਜੀਵਨ ਸਾਥਣ ਨਾਲ ਪੂਰਾ ਖ਼ੁਸ਼ ਹੈ। ਉਸ ਦਾ ਸਭ ਮਾਪਿਆਂ ਨੂੰ ਸੁਨੇਹਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜੋ।