ਜਪਾਨੀ ‘ਗੁੱਡੀ’ ਦਾ ਭਾਰਤਨਾਟਯਮ

ਭਾਰਤ ਦੀਆਂ ਵੱਖ ਵੱਖ ਕਲਾਵਾਂ ਨੇ ਸੰਸਾਰ ਭਰ ਉਤੇ ਆਪਣਾ ਅਸਰ ਛੱਡਿਆ ਹੈ। ਐਤਕੀਂ ਅਸੀਂ ਜਪਾਨ ਦੀ ਅਜਿਹੀ ਔਰਤ ਦੀ ਕਹਾਣੀ ਬਿਆਨ ਕਰ ਰਹੇ ਹਾਂ ਜਿਸ ਨੇ ਭਾਰਤ ਦਾ ਪ੍ਰਸਿੱਧ ਨਾਚ ਭਾਰਤਨਾਟਯਮ ਆਪਣੇ ਦਿਲ ਵਿਚ ਵਸਾਇਆ ਅਤੇ ਫਿਰ ਵਾਪਸ ਲੋਕਾਂ ਦੇ ਸਪੁਰਦ ਕੀਤਾ। ਇਸ ਔਰਤ ਦਾ ਨਾਂ ਹੈ ਦਯਾ ਤੋਮੀਕੋ।

ਦਯਾ ਅੱਜ ਕੱਲ੍ਹ ਜਪਾਨ ਦੀ ਓਸਾਕਾ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਹੈ ਅਤੇ ਉਥੇ ਨਾਚ ਸਕੂਲ ਵੀ ਚਲਾ ਰਹੀ ਹੈ। -ਸੰਪਾਦਕ

ਗੱਲ 25 ਵਰ੍ਹੇ ਪਹਿਲਾਂ ਦੀ ਹੈ। ਸਟੇਜ ਉਤੇ ਬੈਠੇ ਗਵੱਈਏ ਨੇ ਜਦੋਂ ਮੋਹਨ ਗੀਤਮ ḔਵਰਵੀਨਾḔ ਛੇੜਿਆ ਤਾਂ ਸਾਫ ਪਤਾ ਲੱਗ ਰਿਹਾ ਸੀ ਕਿ ਇਹ ਕੁੜੀ ਭਾਰਤੀ ਨਹੀਂ, ਕਿਸੇ ਹੋਰ ਦੇਸ ਦੀ ਵਾਸੀ ਹੈ; ਪਰ ਸਟੇਜ ਉਤੇ ਜੋ ਕੁਝ ਪ੍ਰਗਟ ਹੋ ਰਿਹਾ ਸੀ, ਸਭ ਦਾ ਧਿਆਨ ਉਧਰ ਹੀ ਸੀ। ਸਟੇਜ ਉਤੇ ਨੱਚ ਰਹੀ ਇਹ ḔਗੁੜੀਆḔ ਜਪਾਨ ਤੋਂ ਸੀ ਅਤੇ ਇਹਦਾ ਨਾਂ ਸੀ ਦਯਾ ਤੋਮੀਕੋ। ਬੱਸ ਉਸ ਦਿਨ ਤੋਂ ਬਾਅਦ ਦਯਾ ਤੋਮੀਕੋ ਦਾ ਸਮੁੱਚਾ ਜੀਵਨ ਹੀ ਬਦਲ ਗਿਆ ਅਤੇ ਉਹ ਨਾਚ ਨੂੰ ਸਮਰਪਿਤ ਹੋ ਗਈ। ਸੋ, ਦਯਾ ਤੋਮੀਕੋ ਸਟੇਜ ਉਤੇ ਭਾਰਤਨਾਟਯਮ ਨੱਚ ਰਹੀ ਸੀ। ਇਸ ਗੱਲ ਨੂੰ ਭਾਵੇਂ ਹੁਣ ਢਾਈ ਦਹਾਕੇ ਬੀਤ ਗਏ ਹਨ, ਪਰ ਦਯਾ ਤੋਮੀਕੋ ਨੂੰ ਬਚਪਨ ਵਿਚ ਹੀ ਨਾਚ ਨਾਲ ਬੜਾ ਲਗਾਅ ਸੀ। ਬਾਅਦ ਵਿਚ ਇਹ ਲਗਾਅ ਭਾਰਤਨਾਟਯਮ ਵਿਚ ਬਦਲ ਗਿਆ ਅਤੇ ਉਹ ਗੁਰੂ ਦੀ ਤਲਾਸ਼ ਵਿਚ ਭਾਰਤ ਪੁੱਜ ਗਈ। ਭਾਰਤ ਵਿਚ ਘੁੰਮਦਿਆਂ ਅਤੇ ਲੋਕਾਂ ਨੂੰ ਪੁੱਛਦਿਆਂ-ਦੱਸਦਿਆਂ ਉਸ ਦੀ ਮੁਲਾਕਾਤ ਧਨੰਜਯਨ ਜੋੜੀ ਨਾਲ ਹੋ ਗਈ। ਸ਼ਾਂਤਾ ਧਨੰਜਯਨ ਅਤੇ ਵੀæਪੀæ ਧਨੰਜਯਨ ਉਸ ਨੂੰ ਚੇਨਈ (ਤਾਮਿਲ ਨਾਡੂ) ਵਿਚ ਮਿਲੇ ਸਨ ਅਤੇ ਹੁਣ ਗਾਹੇ-ਬਗਾਹੇ ਦਯਾ ਤੋਮੀਕੋ ਦੇ ਚੇਨਈ ਦੇ ਚੱਕਰ ਲੱਗਦੇ ਰਹਿੰਦੇ ਹਨ, ਸਗੋਂ ਕਹਿਣਾ ਚਾਹੀਦਾ ਹੈ ਕਿ ਦਯਾ ਜਪਾਨ ਬੈਠੀ ਚੇਨਈ ਪੁੱਜਣ ਦੀਆਂ ਸਕੀਮਾਂ ਘੜਦੀ ਰਹਿੰਦੀ ਹੈ ਅਤੇ ਆਪਣੀ ਇਸ ਯਾਤਰਾ ਲਈ ਪੈਸੇ ਵੀ ਜੋੜਦੀ ਰਹਿੰਦੀ ਹੈ। ਆਰੰਭ ਵਿਚ ਦਯਾ ਨੇ ਭਾਰਤਨਾਟਯਮ ਤੋਂ ਇਲਾਵਾ ਉਡੀਸੀ, ਮਨੀਪੁਰੀ ਤੇ ਕੁਝ ਹੋਰ ਨਾਚਾਂ ਦੀ ਸਿਖਲਾਈ ਸ਼ੁਰੂ ਕੀਤੀ ਸੀ, ਪਰ ਬਾਅਦ ਵਿਚ ਉਸ ਨੇ ਸਾਰਾ ਧਿਆਨ ਭਾਰਤਨਾਟਯਮ ਉਤੇ ਲਾ ਦਿੱਤਾ। ਅਜਹਾ ਉਸ ਨੇ ਧਨੰਜਯਨ ਜੋੜੀ ਦੇ ਕਹਿਣ Ḕਤੇ ਕੀਤਾ ਸੀ। ਇਸ ਲਈ ਅੱਜ ਵੀ ਜਦੋਂ ਉਸ ਦੀ ਪਛਾਣ ਅਤੇ ਮਾਨਤਾ ਦੀ ਗੱਲ ਤੁਰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਧਨੰਜਯਨ ਜੋੜੀ ਨੂੰ ਹੀ ਯਾਦ ਕਰਦੀ ਹੈ। ਅਸਲ ਵਿਚ ਇਸ ਜੋੜੀ ਨੇ ਉਸ ਨੂੰ ਨਾਚ ਹੀ ਨਹੀਂ ਸਿਖਾਇਆ, ਸਗੋਂ ਇਸ ਨਾਚ ਅਤੇ ਹੋਰ ਕਲਾਵਾਂ ਨਾਲ ਜੁੜੀਆਂ ਗੱਲਾਂ ਤੋਂ ਵੀ ਵਾਕਿਫ ਕਰਵਾਇਆ। ਇਹ ਸਾਰਾ ਕੁਝ ਗੁਰੂ ਤੋਂ ਬਗੈਰ ਸੰਭਵ ਨਹੀਂ ਸੀ। ਉਂਜ ਇਹ ਗੱਲਾਂ ਸਮਝਣ-ਸਮਝਾਉਣ ਵਿਚ ਉਸ ਨੂੰ ਬਹੁਤੀ ਔਖ ਨਹੀਂ ਹੋਈ, ਕਿਉਂਕਿ ਉਸ ਨੇ ਉਦੋਂ ਤੱਕ ਬੁੱਧਵਾਦ ਅਤੇ ਭਾਰਤੀ ਮਿਥਿਹਾਸ ਤੇ ਇਤਿਹਾਸ ਬਾਰੇ ਕਾਫੀ ਕੁਝ ਪੜ੍ਹ ਲਿਆ ਸੀ। ਇਸ ਲਈ ਮਿਥਿਹਾਸ, ਇਤਿਹਾਸ ਅਤੇ ਨਾਚ ਦੀਆਂ ਕੜੀਆਂ ਅਗਾਂਹ ਆਪਸ ਵਿਚ ਲਗਾਤਾਰ ਜੁੜਦੀਆਂ ਗਈਆਂ ਅਤੇ ਉਸ ਦਾ ਗਿਆਨ ਹੋਰ ਮੋਕਲਾ ਹੁੰਦਾ ਗਿਆ। ਉਹ ਧਨੰਜਯਨ ਜੋੜੀ ਦੀ ਸਿਖਾਉਣ ਪ੍ਰਕਿਰਿਆ ਤੋਂ ਵੀ ਬੜੀ ਮੁਤਾਸਰ ਹੋਈ। ਇਹ ਜੋੜੀ ਹਰ ਨੁਕਤੇ ਦੀਆਂ ਤਹਿਆਂ ਫਰੋਲਦੀ ਸੀ ਅਤੇ ਹੌਲੀ ਹੌਲੀ ਨੁਕਤੇ ਅਗਾਂਹ ਖੁੱਲ੍ਹਦੇ ਜਾਂਦੇ ਸਨ ਜਿਸ ਤਰ੍ਹਾਂ ਹਵਾ ਵਿਚ ਉਡਦਾ ਕੋਈ ਜਹਾਜ਼ ਮਲਕ ਦੇਣੀ ਬੱਦਲਾਂ ਤੋਂ ਪਾਰ ਹੋ ਜਾਂਦਾ ਹੈ। ਫਿਰ ਧਨੰਜਯਨ ਜੋੜੀ ਨੇ ਦਯਾ ਨੂੰ ਚੇਨਈ ਦੇ ਨਾਲ ਨਾਲ ਦਿੱਲੀ ਅਤੇ ਕੋਲਕਾਤਾ ਵਿਚ ਵੀ ਸਟੇਜ ਉਤੇ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਦਿੱਤਾ। ਉਹ ਇਸ ਇਮਤਿਹਾਨ ਵਿਚ ਵੀ ਪਾਸ ਹੋ ਗਈ। ਫਿਰ ਬਹੁਤ ਛੇਤੀ ਉਸ ਦੀ ਗਿਣਤੀ ਚੋਟੀ ਦੀਆਂ ਨਾਚ ਕਲਾਕਾਰਾਂ ਵਿਚ ਹੋਣ ਲੱਗ ਪਈ।
ਅੱਜ ਕੱਲ੍ਹ ਦਯਾ ਜਪਾਨ ਵਿਚ ਨਾਚ ਸਕੂਲ ਚਲਾ ਰਹੀ ਹੈ। ਉਂਜ ਉਹ ਓਸਾਕਾ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਹੈ। ਉਸ ਦਾ ਕਹਿਣਾ ਹੈ ਕਿ ਕਲਾ ਦੀ ਕੋਈ ਹੱਦ-ਸਰਹੱਦ ਨਹੀਂ ਹੁੰਦੀ। ਹਵਾ ਅਤੇ ਪੰਛੀਆਂ ਵਾਂਗ ਕਲਾ ਵੀ ਅਨੰਤ ਸਫਰ ਕਰਦੀ ਹੈ।
-ਜਗਜੀਤ ਸਿੰਘ ਸੇਖੋਂ