ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੇ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਪੰਜਾਬ ਤਬਾਦਲੇ ਨੇ ਸੂਬੇ ਦੀਆਂ ਸਿਆਸੀ ਧਿਰਾਂ ਵਿਚ ਖਿੱਚੋਤਾਣ ਵਧਾ ਦਿੱਤੀ ਹੈ। ਇਸ ਤਬਾਦਲੇ ਦਾ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿੱਥੇ ਵਿਰੋਧ ਕਰ ਰਹੀ ਹੈ, ਉਥੇ ਭਾਜਪਾ ਦੀ ਹਮਾਇਤੀ ਰਾਸ਼ਟਰੀ ਸਿੱਖ ਸੰਗਤ ਨੇ ਭਾਰਤ ਦੀਆਂ ਜੇਲ੍ਹਾਂ ਵਿਚ ਬੰਦੀ ਬਿਰਧ ਸਿੱਖਾਂ ਦੀ ਸੂਚੀ ਗ੍ਰਹਿ ਮੰਤਰੀ ਨੂੰ ਸੌਂਪ ਕੇ ਅਜਿਹੇ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕਰ ਦਿੱਤੀ ਹੈ।
ਭਾਜਪਾ ਦਾਅਵਾ ਕਰ ਰਹੀ ਹੈ ਕਿ ਪ੍ਰੋæ ਭੁੱਲਰ ਦੀ ਪੰਜਾਬ ਤਬਾਦਲੇ ਨਾਲ ਸੂਬੇ ਵਿਚ ਅਤਿਵਾਦ ਫਿਰ ਸਿਰ ਚੁੱਕ ਸਕਦਾ ਹੈ। ਇਨ੍ਹਾਂ ਆਗੂਆਂ ਦਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਯੂ-ਟਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਪਿਛਲੇ ਵਰ੍ਹੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਜਦੋਂ ਦੂਜੀ ਵਾਰ ਹਰਿਆਣਾ ਵਿਚ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਅਰੰਭੀ ਸੀ ਤਾਂ ਸਭ ਤੋਂ ਪਹਿਲਾਂ ਭਾਜਪਾ ਨੇ ਇਸ ਸੰਘਰਸ਼ ਦਾ ਸਮਰਥਨ ਕੀਤਾ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਨੂੰ ਇਸ ਸੰਘਰਸ਼ ਤੋਂ ਵੱਖ ਕਰਦੇ ਹੋਏ ਭਾਈ ਖਾਲਸਾ ਨੂੰ ਪੰਜਾਬ ਵਿਚ ਭੁੱਖ ਹੜਤਾਲ ਕਰਨ ਤੋਂ ਰੋਕ ਦਿੱਤਾ ਸੀ। ਹੁਣ ਭਾਜਪਾ ਆਗੂਆਂ ਦਾ ਇਹ ਪੈਂਤੜਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਭਾਜਪਾ ਆਗੂ ਪ੍ਰੋæ ਭੁੱਲਰ ਮਾਮਲੇ ਵਿਚ ਅਕਾਲੀ ਦਲ ਨੂੰ ਮਿਲ ਰਹੀ ‘ਸ਼ਾਬਾਸ਼’ ਤੋਂ ਨਾਰਾਜ਼ ਹਨ ਕਿਉਂਕਿ ਇਸ ਸਾਰੀ ਕਾਰਵਾਈ ਵਿਚ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੋਈ।
ਅਸਲ ਵਿਚ ਪੰਜਾਬ ਦੀਆਂ ਸਿਆਸੀ ਧਿਰਾਂ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਪੰਥਕ ਮੁੱਦੇ ਸੂਬੇ ਦੀ ਸਿੱਖ ਵੋਟ ਨੂੰ ਬਹੁਤ ਪ੍ਰਭਾਵਿਤ ਕਰ ਸਕਦੇ ਹਨ। ਪੰਜਾਬ ਵਿਚ 2017 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪ੍ਰੋæ ਭੁੱਲਰ ਦੀ ਪੰਜਾਬ ਤਬਾਦਲੇ ਵਿਚ ਸਿਰਫ ਦੋ ਸਿਆਸੀ ਧਿਰਾਂ ਬਾਰੇ ਹੀ ਚਰਚਾ ਹੋ ਰਹੀ ਹੈ, ਇਕ ਦਿੱਲੀ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀ ਜਿਸ ਨੇ ਇਸ ਤਬਾਦਲੇ ਬਾਰੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸਹਿਮਤੀ ਦਿੱਤੀ, ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਇਹ ਸਾਰੀ ਕਾਰਵਾਈ ਨੇਪਰੇ ਚਾੜ੍ਹੀ। ਪ੍ਰੋæ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਦੋਵਾਂ ਧਿਰਾਂ ਦਾ ਧੰਨਵਾਦ ਕਰ ਕੇ ਵੀ ਭਾਜਪਾ ਦੀ ਦੁਖਦੀ ਰਗ ਉਤੇ ਹੱਥ ਰੱਖ ਦਿੱਤਾ। ਭਾਜਪਾ ਦਾ ਦੋਸ਼ ਹੈ ਕਿ ਉਸ ਨੂੰ ਭਾਈਵਾਲ ਨੇ ਸਾਰੀ ਕਾਰਵਾਈ ਦੌਰਾਨ ਭਰੋਸੇ ਵਿਚ ਨਹੀਂ ਲਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਰੱਦ ਕਰਨ ਦੇ ਮਾਮਲੇ ਨੂੰ ਵੀ ਇਸ ਮੁੱਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੰਜਾਬ ਦੇ ਭਾਜਪਾ ਆਗੂ ਖੁੱਲ੍ਹ ਕੇ ਆਖ ਰਹੇ ਹਨ ਕਿ ਮੋਦੀ ਦੀ ਨਾਂਹ ਅਕਾਲੀਆਂ ਵਲੋਂ ਭਾਈਵਾਲਾਂ ਦੀ ਕੀਤੀ ਜਾ ਰਹੀ ਅਣਦੇਖੀ ਦਾ ਜਵਾਬ ਹੈ। ਦੌਰਾ ਰੱਦ ਹੋਣ ਤੋਂ ਇਹ ਆਗੂ ਖ਼ੁਸ਼ ਹਨ, ਦੂਜੇ ਬੰਨੇ ਅਕਾਲੀ ਦਲ ਅੰਦਰ ਨਿਰਾਸ਼ਾ ਦਾ ਆਲਮ ਹੈ। ਯਾਦ ਰਹੇ, ਸ਼ ਬਾਦਲ ਨੇ 29 ਮਈ ਨੂੰ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨੂੰ ਖੁਦ ਮਿਲ ਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜਣ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਮੌਕੇ ਸੂਬੇ ਦੇ ਭਾਜਪਾ ਆਗੂਆਂ ਨੂੰ ਪੁੱਛਿਆ ਤੱਕ ਨਹੀਂ ਗਿਆ। ਹੁਣ ਪ੍ਰਧਾਨ ਮੰਤਰੀ ਦੇ ਸ੍ਰੀ ਅਨੰਦਪੁਰ ਸਾਹਿਬ ਨਾ ਆਉਣ ਦਾ ਕਾਰਨ ਤਨਜ਼ਾਨੀਆ ਦੇ ਪ੍ਰਧਾਨ ਮੰਤਰੀ ਵਲੋਂ 19 ਜੂਨ ਨੂੰ ਦਿੱਲੀ ਆਉਣਾ ਦੱਸਿਆ ਗਿਆ ਹੈ ਪਰ ਸਿਆਸੀ ਗਲਿਆਰਿਆਂ ਵਿਚ ਇਸ ਦਲੀਲ ਨੂੰ ਜ਼ਿਆਦਾ ਵਜ਼ਨ ਨਹੀਂ ਦਿੱਤਾ ਜਾ ਰਿਹਾ। ਇਸ ਫ਼ੈਸਲੇ ਨੂੰ ਅਕਾਲੀ-ਭਾਜਪਾ ਰਿਸ਼ਤਿਆਂ ਦੇ ਰੂਪ ਵਿਚ ਜ਼ਿਆਦਾ ਦੇਖਿਆ ਜਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਭਾਜਪਾ ਨੂੰ ਉਸ ਵਕਤ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਜਦੋਂ ਘੱਟ-ਗਿਣਤੀਆਂ ਜਾਂ ਧਰਮ ਨਿਰਪੱਖ ਕਹਾਉਣ ਵਾਲੀ ਕੋਈ ਵੀ ਪਾਰਟੀ ਭਾਜਪਾ ਨਾਲ ਹੱਥ ਮਿਲਾਉਣ ਲਈ ਤਿਆਰ ਨਹੀਂ ਸੀ। ਇਸ ਨਾਲ ਇਕ ਤਰ੍ਹਾਂ ਆਮ ਸਹਿਮਤੀ ਵਾਲੀ ਧਾਰਨਾ ਹੀ ਬਣ ਗਈ ਸੀ ਕਿ ਸ਼ ਬਾਦਲ ਦੇ ਭਾਜਪਾ ਦੇ ਵੱਡੇ ਆਗੂਆਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਨੇੜਤਾ ਹੋਣ ਕਰ ਕੇ ਪੰਜਾਬ ਵਿਚ ਅਕਾਲੀ ਦਲ ਆਪਣੇ ਤਰੀਕੇ ਨਾਲ ਫ਼ੈਸਲੇ ਲੈਂਦਾ ਰਿਹਾ ਹੈ ਤੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਜ਼ਿਆਦਾ ਨਹੀਂ ਗੌਲਿਆ ਜਾਂਦਾ ਰਿਹਾ।
ਸੋਲ੍ਹਵੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਦਲੇ ਹੋਏ ਹਾਲਾਤ ਵਿਚ ਪੰਜਾਬ ਭਾਜਪਾ ਨੇ ਵੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਕੇਂਦਰ ਵਿਚ ਭਾਜਪਾ ਨੂੰ ਆਪਣੇ ਬਲਬੁੱਤੇ ਬਹੁਮਤ ਮਿਲ ਗਿਆ ਸੀ। ਦਿੱਲੀ ਵਿਚ ਬੇਸ਼ੱਕ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੈ ਪਰ ਕਿਸੇ ਵੀ ਛੋਟੇ ਭਾਈਵਾਲ ਦੀ ਵੱਡੇ ਫ਼ੈਸਲੇ ਲੈਣ ਵਿਚ ਕੋਈ ਸੁਣਵਾਈ ਨਹੀਂ ਜਾਪਦੀ। ਪਿਛਲੇ ਸਮੇਂ ਤੋਂ ਪੰਥਕ ਮੁੱਦਿਆਂ ਬਾਰੇ ਕੇਂਦਰੀ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਕਾਰਨ ਅੰਦਰੇ-ਅੰਦਰ ਅਕਾਲੀ ਦਲ ਵੀ ਘੁਟਣ ਮਹਿਸੂਸ ਕਰ ਰਿਹਾ ਹੈ।
______________________________________________
ਖਾੜਕੂ ਖਹਿਰਾ ਨੂੰ ਵੀ ਪੰਜਾਬ ਲਿਆਉਣ ਲਈ ਰਾਹ ਪੱਧਰਾ
ਚੰਡੀਗੜ੍ਹ: ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੇ ਪੰਜਾਬ ਤਬਾਦਲੇ ਪਿੱਛੋਂ ਕਰਨਾਟਕ ਸਰਕਾਰ ਨੇ ਵੀ ਗੁਲਬਰਗਾ ਜੇਲ੍ਹ ਵਿਚ ਬੰਦ ਗੁਰਦੀਪ ਸਿੰਘ ਖਹਿਰਾ ਨੂੰ ਪੰਜਾਬ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਸ ਨੂੰ ਰੇਲ ਗੱਡੀ ਰਾਹੀ ਵਿਸ਼ੇਸ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਭੇਜਿਆ ਜਾ ਰਿਹਾ ਹੈ। ਇਸ ਲਈ ਟਿਕਟਾਂ ਆਦਿ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਚ ਅਫਸਰਾਂ ਮੁਤਾਬਕ ਉਸ ਨੂੰ ਵੀ ਅੰਮ੍ਰਿਤਸਰ ਜੇਲ੍ਹ ਵਿਚ ਭੇਜਿਆ ਜਾਵੇਗਾ।