ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦਾ ਪੰਜਾਬ ਦੀ ਜੇਲ੍ਹ ਵਿਚ ਤਬਾਦਲਾ ਆਖਰਕਾਰ ਹੋ ਗਿਆ ਹੈ। ਪਿਛਲੇ ਵੀਹ ਸਾਲ ਤੋਂ ਕੈਦ ਦੀ ਇਕੱਲ ਝੱਲਦਿਆਂ, ਉਹਦੀ ਮਾਨਸਿਕ ਸਿਹਤ ਨੂੰ ਬਹੁਤ ਖੋਰਾ ਲੱਗਿਆ ਸੀ। ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਲੰਮੀ ਕੈਦ ਅਤੇ ਢਿੱਲੀ ਮਾਨਸਿਕ ਸਿਹਤ ਦੇ ਆਧਾਰ ‘ਤੇ ਹੀ ਉਸ ਦੀ ਫਾਂਸੀ ਦੀ ਸਜ਼ਾ ਟੁੱਟ ਸਕੀ ਹੈ।
ਅੱਜ ਕੱਲ੍ਹ ਉਹ ਉਮਰ ਕੈਦ ਭੋਗ ਰਿਹਾ ਹੈ, ਪਰ ਬਿਮਾਰ ਹੋਣ ਕਾਰਨ ਤਕਰੀਬਨ ਚਾਰ ਸਾਲ ਤੋਂ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਢਿੱਲੀ ਮਾਨਸਿਕ ਸਿਹਤ ਅਤੇ ਉਸ ਦੇ ਸਹੀ ਇਲਾਜ ਖਾਤਰ ਹੀ ਕੁਝ ਸਮਾਂ ਪਹਿਲਾਂ ਉਸ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਬਾਰੇ ਗੱਲ ਚੱਲੀ ਸੀ। ਨੁਕਤਾ ਇਹੀ ਸੀ ਕਿ ਉਸ ਦੇ ਘਰ ਦੇ ਜੀਅ ਉਸ ਨੂੰ ਵੱਧ ਤੋਂ ਵੱਧ ਮਿਲ ਸਕਣ ਅਤੇ ਉਸ ਦਾ ਇਲਾਜ ਲੀਹ ਉਤੇ ਪੈ ਸਕੇ, ਪਰ ਉਦੋਂ ਬਾਦਲ ਸਰਕਾਰ ਨੇ ਉਸ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦਾ ਵਿਰੋਧ ਕੀਤਾ। ਸਰਕਾਰ ਵਲੋਂ ਕਿਹਾ ਗਿਆ ਸੀ ਕਿ ਭੁੱਲਰ ਖਤਰਨਾਕ ਦਹਿਸ਼ਤਪਸੰਦ ਹੈ, ਉਸ ਦੀ ਪੰਜਾਬ ਵਿਚ ਆਮਦ ਸੂਬੇ ਦਾ ਅਮਨ-ਚੈਨ ਭੰਗ ਕਰ ਸਕਦੀ ਹੈ। ਹੁਣ ਹਾਲਾਤ ਉਕਾ ਹੀ ਬਦਲ ਚੁਕੇ ਹਨ। ਇਕ ਤਾਂ ਭਾਰਤੀ ਜਨਤਾ ਪਾਰਟੀ ਨੇ ਸੱਤਾਧਾਰੀ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ ਹੋਈ ਹੈ, ਤੇ ਬਾਦਲਾਂ ਨੂੰ ਅਣ-ਸਰਦੇ ਨੂੰ ਇਕ ਵਾਰ ਫਿਰ ਸਿੱਖ ਤੇ ਪੰਥਕ ਮਸਲਿਆਂ ਦਾ ਚੇਤਾ ਆ ਗਿਆ ਹੈ; ਦੂਜੇ, ਸਜ਼ਾ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਦਾ ਮਸਲਾ ਭਖਣ ਕਾਰਨ ਸੱਤਾ ਧਿਰ ਲਈ ਭੁੱਲਰ ਦਾ ਮਸਲਾ ਦਰਕਿਨਾਰ ਕਰਨਾ ਹੁਣ ਸੰਭਵ ਨਹੀਂ ਸੀ ਰਿਹਾ। ਇਕ ਨੁਕਤਾ ਹੋਰ ਵੀ ਨੋਟ ਕਰਨ ਵਾਲਾ ਹੈ, ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਮਾਂ ਜਥੇਬੰਦੀ ਆਰæਐਸ਼ਐਸ਼ ਦੇ ਕੁਝ ਆਗੂ ਪਿਛਲੇ ਸਮੇਂ ਦੌਰਾਨ ਕਈ ਕਾਰਨਾਂ ਕਰ ਕੇ ਸਿੱਖ ਮਸਲਿਆਂ ਬਾਰੇ ਪੈਂਤੜਾ ਮੱਲਦੇ ਰਹੇ ਹਨ। ਇਸ ਲਈ ਇਨ੍ਹਾਂ ਬਦਲੇ ਹੋਏ ਸਮੀਕਰਨਾਂ ਵਿਚ ਹੀ ਭੁੱਲਰ ਦਾ ਪੰਜਾਬ ਦੀ ਜੇਲ੍ਹ ਵਿਚ ਤਬਾਦਲਾ ਸੰਭਵ ਹੋ ਸਕਿਆ ਹੈ। ਇਕ ਦਲੀਲ ਮੁਤਾਬਕ ਭੁੱਲਰ ਉਂਜ ਵੀ ਉਮਰ ਕੈਦ ਦੇ ਹਿਸਾਬ ਨਾਲ ਆਪਣੀ ਸਜ਼ਾ ਪੂਰੀ ਕਰ ਚੁਕਾ ਹੈ, ਇਹ ਗੱਲ ਵੱਖਰੀ ਹੈ ਕਿ ਇਸ ਮੁੱਦੇ ਉਤੇ ਭਰਵੀਂ ਚਾਰਾਜੋਈ ਹੋਣੀ ਅਜੇ ਬਾਕੀ ਹੈ। ਭੁੱਲਰ ਦੇ ਕੇਸ ਵਿਚ ਚਾਰਾਜੋਈ ਦਾ ਮੁੱਦਾ ਵੀ ਬੜਾ ਅਹਿਮ ਰਿਹਾ ਹੈ, ਕਿਉਂਕਿ ਉਸ ਨੂੰ ਫਾਂਸੀ ਦੀ ਜਿਹੜੀ ਸਜ਼ਾ ਮਿਲੀ ਸੀ, ਉਸ ਬਾਰੇ ਇਕ ਰਾਏ ਇਹ ਵੀ ਹੈ ਕਿ ਉਸ ਦੇ ਘਰ ਵਾਲੇ ਉਦੋਂ ਉਸ ਦੇ ਕੇਸ ਦੀ ਪੈਰਵੀ ਕਰਨ ਲਈ ਭਾਰਤ ਵਿਚ ਨਹੀਂ ਸਨ ਅਤੇ ਭੁੱਲਰ ਦੇ ਸੰਗੀ-ਸਾਥੀਆਂ ਤੋਂ ਇਹ ਪੈਰਵੀ ਸਹੀ ਢੰਗ ਨਾਲ ਹੋ ਨਹੀਂ ਸੀ ਸਕੀ। ਖੈਰ, ਉਸ ਦੀ ਰਿਹਾਈ ਦਾ ਮਸਲਾ ਤਾਂ ਅਜੇ ਆਉਣ ਵਾਲੇ ਸਮੇਂ ਵਿਚ ਸਪਸ਼ਟ ਹੋਣਾ ਹੈ, ਪਰ ਉਸ ਨੂੰ ਪੈਰੋਲ ਮਿਲਣ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਉਹ ਵੱਧ ਤੋਂ ਵੱਧ ਸਮਾਂ ਆਪਣੇ ਘਰ-ਪਰਿਵਾਰ ਵਿਚ ਬਿਤਾ ਸਕੇਗਾ। ਡਾਕਟਰਾਂ ਮੁਤਾਬਕ ਫਿਲਹਾਲ ਇਹੀ ਉਸ ਦੇ ਮਰਜ਼ ਦੀ ਦਵਾ ਹੈ।
ਹੁਣ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਭੁੱਲਰ ਦੇ ਪੰਜਾਬ ਤਬਾਦਲੇ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ-ਬੰਨ੍ਹਾਉਣ ਲਈ ਸਭ ਧਿਰਾਂ ਦੀ ਦੌੜ ਲੱਗੀ ਹੋਈ ਹੈ। ਇਸੇ ਕਰ ਕੇ ਅੰਮ੍ਰਿਤਸਰ ਹਸਪਤਾਲ ਵਿਚ ਉਸ ਨੂੰ ਮਿਲਣ ਵਾਲਿਆਂ ਦਾ ਵੀ ਤਾਂਤਾ ਲੱਗਾ ਹੋਇਆ ਹੈ। ਹਰ ਕੋਈ ਹਸਪਤਾਲ ਵਿਚ ਹਾਜ਼ਰੀ ਲੁਆਉਣ ਲਈ ਕਾਹਲਾ ਹੈ। ਦੂਜੇ ਬੰਨ੍ਹੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਅਤੇ ਇਸ ਦੇ ਕੁਝ ਆਗੂਆਂ ਨੇ ਭੁੱਲਰ ਦੇ ਤਬਾਦਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਆਰæਐਸ਼ਐਸ਼ ਨਾਲ ਜੁੜੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਉਠਾ ਕੇ ਆਈ ਹੈ। ਅਸਲ ਵਿਚ ਸਿਆਸਤ ਦੀ ਉਪਰਲੀ ਤਹਿ ਦੇ ਹੇਠਾਂ ਵੱਖਰੀ ਤਰ੍ਹਾਂ ਦੀ ਸਰਗਰਮੀ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਆਰæਐਸ਼ਐਸ਼ ਪੰਜਾਬ ਬਾਰੇ ਬਿਲਕੁਲ ਨਾਪ-ਤੋਲ ਕੇ ਕਦਮ ਉਠਾ ਰਹੀਆਂ ਹਨ। ਉਂਜ ਵੀ ਪੰਜਾਬ ਆਰæਐਸ਼ਐਸ਼ ਦੇ ਏਜੰਡੇ ਉਤੇ ਹੈ ਅਤੇ ਇਹ ਕੱਟੜ ਜਥੇਬੰਦੀ ਇਸੇ ਆਧਾਰ ‘ਤੇ ਹੀ ਆਪਣੇ ਪੈਂਤੜੇ ਮੱਲ ਰਹੀ ਹੈ। ਪਿਛਲੇ ਸਮੇਂ ਦੌਰਾਨ ਇਸ ਨੇ ਪੰਜਾਬੀ ਭਾਸ਼ਾ ਤੇ ਬੋਲੀ ਦਾ ਮਸਲਾ ਜ਼ੋਰ-ਸ਼ੋਰ ਨਾਲ ਉਭਾਰਿਆ, ਹੁਣ ਸਿੱਖ ਮਸਲਿਆਂ ਵਾਲੇ ਪਿੜ ਵਿਚ ਨਿੱਤਰ ਪਈ ਹੈ। ਇਹ ਸਰਗਰਮੀਆਂ ਪੰਜਾਬ ਵਿਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਸਮੀਕਰਨਾਂ ਦਾ ਸੰਕੇਤ ਦੇ ਰਹੀਆਂ ਹਨ। ਸੂਬੇ ਦੀ ਮੁੱਖ ਵਿਰੋਧੀ ਧਿਰ ਦਾ ਧੜੇਬੰਦਕ ਕਲੇਸ਼ ਮੁੱਕਣ ਦਾ ਅਜੇ ਨਾਂ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਨ ਵੱਲ ਬੜਾ ਲੰਮਾ ਸਮਾਂ ਝਾਕਣ ਤੋਂ ਬਾਅਦ ਹੁਣ ਸ਼ਾਇਦ ਮਿਆਨ ਵਿਚੋਂ ਤਲਵਾਰ ਸੂਤ ਲਈ ਹੈ ਅਤੇ ਸਰਗਰਮੀ ਕਰਨ ਦਾ ਫੈਸਲਾ ਤਕਰੀਬਨ ਕਰ ਲਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਭ ਨੂੰ ਹੈਰਾਨ ਕਰ ਦੇਣ ਵਾਲੀ ਆਮ ਆਦਮੀ ਪਾਰਟੀ ਵਿਚ ਵੀ ‘ਸਭ ਅੱਛਾ ਨਹੀਂ’ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਤੋਂ ਬਾਗੀ ਹੋਏ ਧੜੇ ਨੇ ਯੋਗੇਂਦਰ ਯਾਦਵ ਦੀ ਅਗਵਾਈ ਵਿਚ ਕਿਸਾਨਾਂ ਦੀ ਲਾਮਬੰਦੀ ਅਰੰਭ ਕਰ ਦਿੱਤੀ ਹੈ। ਚਿਰਾਂ ਤੋਂ ਖਾਮੋਸ਼ ਬੈਠੀਆਂ ਖਾੜਕੂ ਧਿਰਾਂ ਪਿਛਲੇ ਸਮੇਂ ਦੌਰਾਨ ਸਿਆਸੀ ਪਿੜ ਵਿਚ ਹਰ ਦਾਈਆ ਵਰਤ ਕੇ ਦੇਖ ਚੁੱਕੀਆਂ ਹਨ, ਪਰ ਸਿਆਸੀ ਖੜੋਤ ਤੋੜਨ ਵਿਚ ਨਾਕਾਮ ਰਹੀਆਂ ਹਨ। ਹੁਣ ਇਕ ਖਾੜਕੂ ਧਿਰ ਦਾ ਜਿਹੜਾ ਖਾਸ ਦਸਤਾਵੇਜ਼ ਸਾਹਮਣੇ ਆਇਆ ਹੈ, ਉਸ ਵਿਚ ਬਿਲਕੁਲ ਨਵੇਂ ਸਿਰਿਓਂ ਕੰਮ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ। ਇਸ ਤਰ੍ਹਾਂ ਦੇ ਸਿਆਸੀ ਮਾਹੌਲ ਵਿਚ ਭੁੱਲਰ ਦਾ ਕੇਸ ਇਕ ਵਾਰ ਫਿਰ ਉਭਰਿਆ ਹੈ। ਉਸ ਦੇ ਕੇਸ ਉਤੇ ਤਰਦੀ ਜਿਹੀ ਨਿਗ੍ਹਾ ਵੀ ਮਾਰੋ ਤਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਈ ਲੜੀਆਂ ਖੁਦ-ਬਖੁਦ ਖੁੱਲ੍ਹਣ ਲਗਦੀਆਂ ਹਨ। ਖੈਰ! ਡਾਕਟਰਾਂ ਦੇ ਦੱਸਣ ਮੁਤਾਬਕ ਭੁੱਲਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ, ਦੇਖਣਾ ਇਹ ਹੈ ਕਿ ਪੰਜਾਬ ਦੀ ਸਿਆਸਤ ਵਿਚ ਸੁਧਾਰ ਕਿਸ ਬਿਧ ਆਵੇਗਾ।