ਭਗੌੜੇ ਲਲਿਤ ਦੀ ਮਦਦ ਤੋਂ ਘਿਰੀ ਮੋਦੀ ਸਰਕਾਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਆਈæਪੀæਐਲ਼ ਦੇ ਸਾਬਕਾ ਕਮਿਸ਼ਨਰ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲੇ ਵਿਚ ਭਗੌੜੇ ਐਲਾਨੇ ਲਲਿਤ ਮੋਦੀ ਦੀ ਵਿਦੇਸ਼ ਜਾਣ ਵਿਚ ਮਦਦ ਕਰਨ ਬਾਰੇ ਇਕ ਤੋਂ ਬਾਅਦ ਇਕ ਖੁਲਾਸਿਆਂ ਕਾਰਨ ਨਰੇਂਦਰ ਮੋਦੀ ਸਰਕਾਰ ਪੂਰੀ ਤਰ੍ਹਾਂ ਘਿਰ ਗਈ ਹੈ।

ਇਨ੍ਹਾਂ ਖੁਲਾਸਿਆਂ ਪਿੱਛੋਂ ਜਿਥੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਵਲੋਂ ਵਿਦੇਸ਼ੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੁਣ ਤੱਕ ਆਪਣੇ ਆਪ ਨੂੰ ਸਾਫ ਅਕਸ ਵਾਲੀ ਸਰਕਾਰ ਐਲਾਨਦੀ ਰਹੀ ਮੋਦੀ ਸਰਕਾਰ, ਸੁਸ਼ਮਾ ਸਵਰਾਜ ਨੂੰ ਬਚਾਉਣ ਲਈ ਮੈਦਾਨ ਵਿਚ ਨਿੱਤਰ ਆਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਹੈ ਕਿ ਵਿਦੇਸ਼ ਮੰਤਰੀ ਨੇ ਜੋ ਵੀ ਕਾਰਵਾਈ ਕੀਤੀ, ਉਹ ਸੁਹਿਰਦਤਾ ਨਾਲ ਕੀਤੀ ਸੀ ਅਤੇ ਇਸ ਮੁੱਦੇ ਉਤੇ ਸਮੁੱਚੀ ਸਰਕਾਰ ਤੇ ਪਾਰਟੀ ਇਕਮੱਤ ਹਨ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਹਿਮਤੀ ਨਾਲ ਹੀ ਵਿਦੇਸ਼ ਮੰਤਰੀ ਨੇ ਲਲਿਤ ਮੋਦੀ ਦੀ ਮਦਦ ਕੀਤੀ ਹੈ। ਹਾਲਾਂਕਿ ਸੁਸ਼ਮਾ ਸਵਰਾਜ ਤਰਕ ਦੇ ਰਹੇ ਹਨ ਕਿ ਉਨ੍ਹਾਂ ਨੇ ਮਾਨਵਤਾ ਦੇ ਆਧਾਰ ਉਤੇ ਲਲਿਤ ਮੋਦੀ ਨੂੰ ਬ੍ਰਿਟੇਨ ਵਲੋਂ ਟਰੈਵਲ ਦਸਤਾਵੇਜ਼ ਦਿੱਤੇ ਜਾਣ ਬਾਰੇ ਬ੍ਰਿਟੇਨ ਹਾਈ ਕਮਿਸ਼ਨਰ ਨੂੰ ਕਿਹਾ ਸੀ। ਉਧਰ ਲਲਿਤ ਮੋਦੀ ਨੇ ਇਹ ਖੁਲਾਸਾ ਕਰ ਕੇ ਵੱਡਾ ਧਮਾਕਾ ਕਰ ਦਿੱਤਾ ਹੈ ਕਿ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਬਰਤਾਨੀਆ ਵਿਚ ਉਸ ਦੀ ਇਮੀਗ੍ਰੇਸ਼ਨ ਅਰਜ਼ੀ ਦਾ ਲਿਖਤੀ ਤੌਰ ਉਤੇ ਸਮਰਥਨ ਕੀਤਾ ਸੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਤੇ ਯੂæਪੀæਏæ ਸਰਕਾਰ ਦੇ ਮੰਤਰੀ ਸ਼ਰਦ ਪਵਾਰ, ਪ੍ਰਫੁੱਲ ਪਟੇਲ ਤੇ ਕਾਂਗਰਸੀ ਨੇਤਾ ਰਾਜੀਵ ਸ਼ੁਕਲਾ ਨੇ ਵੀ ਉਸ ਦੀ ਮਦਦ ਕੀਤੀ ਸੀ। ਇਕ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵਸੁੰਧਰਾ ਰਾਜੇ ਨੇ ਉਸ ਦੀ ਕੈਂਸਰ ਦੀ ਸ਼ਿਕਾਰ ਪਤਨੀ ਦਾ ਪੁਰਤਗਾਲ ਵਿਚ ਇਲਾਜ ਦੌਰਾਨ ਸਾਥ ਦਿੱਤਾ ਸੀ। ਲਲਿਤ ਮੋਦੀ ਵਲੋਂ ਕੀਤੇ ਗਏ ਖੁਲਾਸੇ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਵਸੁੰਧਰਾ ਰਾਜੇ ਨੇ ਸਾਲ 2011 ਦੌਰਾਨ ਬਰਤਾਨੀਆ ਵਿਚ ਲਲਿਤ ਮੋਦੀ ਲਲਿਤ ਮੋਦੀ ਦੀ ਇਮੀਗ੍ਰੇਸ਼ਨ ਅਰਜ਼ੀ ਉਤੇ ਗਵਾਹ ਵਜੋਂ ਲਿਖਤੀ ਬਿਆਨ ਦਿੱਤੇ ਸਨ, ਹਾਲਾਂਕਿ ਵਸੁੰਧਰਾ ਰਾਜੇ ਨੇ ਕਿਹਾ ਕਿ ਉਪਰੋਕਤ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ।
ਲਲਿਤ ਮੋਦੀ ਉਤੇ ਇਲਜ਼ਾਮ ਹਨ ਕਿ ਉਸ ਨੇ ਆਈæਪੀæਐਲ਼ ਦੇ ਪ੍ਰਸਾਰਨ ਲਈ ਵਰਲਡ ਸਪੋਰਟਸ ਨੂੰ 425 ਕਰੋੜ ਦਾ ਠੇਕਾ ਦਿੱਤਾ ਸੀ। ਇਨ੍ਹਾਂ ਵਿਚੋਂ 125 ਕਰੋੜ ਲਲਿਤ ਮੋਦੀ ਨੂੰ ਮਿਲੇ ਸਨ।। ਸਾਲ 2014 ਵਿਚ ਜਦੋਂ ਸੁਸ਼ਮਾ ਸਵਰਾਜ ਨੇ ਲਲਿਤ ਮੋਦੀ ਨਾਲ ਮੁਲਾਕਾਤ ਕੀਤੀ, ਉਸ ਵੇਲੇ ਈæਡੀæ ਲਲਿਤ ਮੋਦੀ ਨੂੰ ਟੀ-20 ਕ੍ਰਿਕਟ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਵਿਚ ਬੇਨੇਮੀਆਂ ਨੂੰ ਲੈ ਕੇ ਭਾਲ ਰਹੀ ਸੀ। ਉਸ ਵੇਲੇ ਲਲਿਤ ਮੋਦੀ ਬ੍ਰਿਟੇਨ ਵਿਚ ਸੀ ਤੇ ਬ੍ਰਿਟਿਸ਼ ਸਰਕਾਰ ਭਾਰਤ ਨਾਲ ਸਬੰਧ ਖਰਾਬ ਹੋਣ ਦੇ ਡਰੋਂ ਉਨ੍ਹਾਂ ਨੂੰ ਪੁਰਤਗਾਲ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਸੁਸ਼ਮਾ ਸਵਰਾਜ ਨੇ ਬ੍ਰਿਟਿਸ਼ ਹਾਈਕਮਾਨ ਨਾਲ ਲਲਿਤ ਮੋਦੀ ਨੂੰ ਵੀਜ਼ਾ ਦੇਣ ਬਾਰੇ ਗੱਲਬਾਤ ਕੀਤੀ ਸੀ।
________________________________________________
ਕਾਲੀ ਸੂਚੀ ਵਾਲੇ
ਸਿੱਖਾਂ ਲਈ ਹਮਦਰਦੀ ਕਿਉਂ ਨਹੀਂ?
ਚੰਡੀਗੜ੍ਹ: ਭਗੌੜੇ ਲਲਿਤ ਮੋਦੀ ਦੀ ਮਾਨਵਤਾ ਦੇ ਆਧਾਰ ‘ਤੇ ਮਦਦ ਕਰਨ ਦੇ ਦਾਅਵੇ ਪਿਛੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 1984 ਦੰਗਿਆਂ ਤੋਂ ਬਾਅਦ ਕਾਲੀ ਸੂਚੀ ਵਿਚ ਪਾਏ ਸਿੱਖਾਂ ਬਾਰੇ ਵੀ ਮਾਨਵਤਾ ਵਿਖਾਉਣ। ਪਾਰਟੀ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇ ਇਨਸਾਨੀਅਤ ਦੇ ਆਧਾਰ ‘ਤੇ ਭਗੌੜੇ ਲਲਿਤ ਮੋਦੀ ਦੀ ਮਦਦ ਕੀਤੀ ਜਾ ਸਕਦੀ ਹੈ ਤਾਂ 1984 ਤੋਂ ਕਾਲੀ ਸੂਚੀ ਵਿਚ ਪਾਏ ਤਕਰੀਬਨ 350 ਸਿੱਖਾਂ ਨੂੰ ਇਹ ਰਾਹਤ ਕਿਉਂ ਨਹੀਂ ਦਿੱਤੀ ਜਾ ਸਕਦੀ।