ਦੱਖਣੀ ਅਫਰੀਕਾ ਵਿਚ ਜਨਮੇ ਅਲੈਕਸ ਲਾ ਗੁਮਾ (20 ਫਰਵਰੀ 1925-11 ਅਕਤੂਬਰ 1985) ਦਾ ਜੀਵਨ ਬਿਰਤਾਂਤ ਭਖਦੇ ਕੋਲੇ ਵਰਗਾ ਹੈ। ਨਸਲਪ੍ਰਸਤਾਂ ਖਿਲਾਫ ਉਸ ਨੇ ਲੋਹੜੇ ਦਾ ਸੰਘਰਸ਼ ਕੀਤਾ। ਉਹਨੇ ਖੁਦ ਅਤੇ ਉਹਦੇ ਬਾਪੂ ਜੇਮਜ਼ ਲਾ ਗੁਮਾ ਨੇ ਕਮਿਊਨਿਸਟ ਪਾਰਟੀ ਲਈ ਡਟ ਕੇ ਕੰਮ ਕੀਤਾ। ਉਹਦੀਆਂ ਰਚਨਾਵਾਂ ਜ਼ਿੰਦਗੀ ਦੇ ਹਕੀਕੀ ਦ੍ਰਿਸ਼ਾਂ ਨਾਲ ਓਤ-ਪੋਤ ਹਨ। ਇਨ੍ਹਾਂ ਰਚਨਾਵਾਂ ਵਿਚ ‘ਏ ਵਾਕ ਇਨ ਦਿ ਨਾਈਟ’, ‘ਐਡ ਏ ਥ੍ਰੀਫੋਲਡ ਕੋਰਡ’, ‘ਦਿ ਸਟੋਨ ਕੰਟਰੀ’, ‘ਇਨ ਦਿ ਫੌਗ ਆਫ ਦਿ ਸੀਜ਼ਨਜ਼ ਐਂਡ’, ‘ਟਾਈਮ ਆਫ ਦਿ ਬੁਚਰਬਰਡ’ ਅਤੇ ‘ਏ ਸੋਵੀਅਤ ਜਰਨੀ’ ਸ਼ਾਮਲ ਸਨ। ਉਹਨੂੰ 1969 ਵਿਚ ਸਾਹਿਤ ਦਾ ਲੋਟਸ ਪੁਰਸਕਾਰ ਮਿਲਿਆ। ‘ਹਨੇਰੀ ਕੋਠੜੀ ਵਿਚ’ ਕਹਾਣੀ ਸੰਘਰਸ਼ਸ਼ੀਲ ਜਿਊੜਿਆਂ ਦੇ ਬਿਰਤਾਂਤ ਨਾਲ ਭਰੀ ਪਈ ਹੈ। ਇਹ ਉਹ ਜਿਊੜੇ ਹਨ ਜਿਹੜੇ ਹਰ ਹਾਲਾਤ ਵਿਚ ਆਸ ਦਾ ਪੱਲਾ ਫੜੀ ਰੱਖਦੇ ਹਨ।
-ਸੰਪਾਦਕ
ਅਲੈਕਸ ਲਾ ਗੁਮਾ
ਤਰਜਮਾ: ਬਲਬੀਰ ਮਾਧੋਪੁਰੀ
ਇਕ ਝਟਕੇ ਨਾਲ ਕਾਰ ਠਾਣੇ ਸਾਹਮਣੇ ਰੁਕੀ ਤੇ ਖ਼ੁਫ਼ੀਆ ਅਫ਼ਸਰ ਉਸ ਵਿਚੋਂ ਬਾਹਰ ਨਿਕਲੇ। ਚੁਫ਼ੇਰੇ ਉਚੇ ਸੰਘਣੇ ਦਰੱਖ਼ਤ ਸਨ ਤੇ ਹਨੇਰੇ ਵਿਚ ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਸ਼ਕਲਾਂ ਹਿਲ-ਜੁਲ ਰਹੀਆਂ ਸਨ। ਗੇਟ ਤੋਂ ਠਾਣੇ ਦੇ ਵਰਾਂਡੇ ਤੱਕ ਲਾਲ ਬਜਰੀ ਨਾਲ ਬਣਿਆ ਰਸਤਾ ਸੀ ਜਿਸ ਦੇ ਦੁਆਲੇ ਘਾਹ ਦੇ ਲਾਅਨ ਸਨ ਜਿਸ ਉਤੇ ਚੰਨ ਤੇ ਬਿਜਲੀ ਦੀ ਰਲੀ ਮਿਲੀ ਰੋਸ਼ਨੀ ਪਸਰ ਰਹੀ ਸੀ। ਇਸ ਪੀਲੀ ਮਟਮੈਲੀ ਰੋਸ਼ਨੀ ਵਿਚ ਗੂੜ੍ਹੀਆਂ ਲਾਲ ਇੱਟਾਂ ਨਾਲ ਬਣੀ ਠਾਣੇ ਦੀ ਨਵੀਂ ਇਮਾਰਤ ਚਮਕ ਰਹੀ ਸੀ।
ਸਾਦੇ ਕੱਪੜਿਆਂ ਵਿਚ ਤਾਇਨਾਤ ਦੋਵੇਂ ਅਫਸਰ ਕਾਰ ਵਿਚੋਂ ਨਿਕਲ ਕੇ ਮੁਸਤੈਦੀ ਨਾਲ ਖੜ੍ਹੇ ਹੋ ਗਏ ਤੇ ਇਲਿਆਸ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗੇ। ਇਲਿਆਸ ਦੇ ਹੱਥਕੜੀ ਲੱਗੀ ਹੋਈ ਸੀ। ਦੋਵੇਂ ਜਣੇ ਉਸ ਨੂੰ ਲੈ ਕੇ ਠਾਣੇ ਵੱਲ ਵਧੇ। ਇਨ੍ਹਾਂ ਵਿਚੋਂ ਇਕ ਲੰਮਾ ਤੇ ਹੱਟਾ-ਕੱਟਾ ਨੌਜਵਾਨ ਸੀ ਤੇ ਉਸ ਨੇ ਬੜੇ ਸਲੀਕੇ ਨਾਲ ਆਪਣੇ ਵਾਲ ਸੁਆਰੇ ਹੋਏ ਸਨ। ਉਸ ਦੇ ਵਾਲ ਕਿਸੇ ਖੂਬਸੂਰਤ ਚਿੜੀ ਦੇ ਪਰਾਂ ਵਾਂਗ ਚਮਕ ਰਹੇ ਸਨ। ਦੂਜਾ ਦੇਖਣ ਨੂੰ ਕੋਈ ਖਿਡਾਰੀ ਲੱਗਦਾ ਸੀ। ਉਸ ਨੇ ਚੁਸਤ ਪੈਂਟ ਨਾਲ ਵਿੰਡਚੀਟਰ ਅਤੇ ਸਿਰ ਉਤੇ ਗੌਲਫ਼ ਕੈਪ ਪਹਿਨੀ ਹੋਈ ਸੀ। ਲੱਗਦਾ ਸੀ ਜਿਵੇਂ ਉਹ ਖੇਡ ਦੇ ਮੈਦਾਨ ਤੋਂ ਸਿੱਧਾ ਹੀ ਆ ਰਿਹਾ ਹੋਵੇ। ਉਹਦੇ ਸਖ਼ਤ ਚਿਹਰੇ ਉਤੇ ਲਾਲ ਭੂਰੀਆਂ ਮੁੱਛਾਂ ਸਨ।
ਠਾਣੇ ਦੇ ਵਰਾਂਡੇ ਵਿਚ ਚੋਖੀ ਰੋਸ਼ਨੀ ਸੀ ਤੇ ਲੱਕ ਉਤੇ ਰਿਵਾਲਵਰ ਲਮਕਾਈ, ਵਰਦੀਆਂ ਵਿਚ ਫਸੇ ਪੁਲਿਸ ਅਫ਼ਸਰ ਇਧਰ-ਉਧਰ ਆ-ਜਾ ਰਹੇ ਸਨ। ਵਰਾਂਡੇ ਦੀਆਂ ਪੌੜੀਆਂ ਚੜ੍ਹਦਿਆਂ ਉਨ੍ਹਾਂ ਨੇ ਇਲਿਆਸ ਨੂੰ ਗੌਰ ਨਾਲ ਦੇਖਿਆ। ਅੰਦਰੋਂ ਠਾਣੇ ਦੀ ਇਮਾਰਤ ਦੋ ਹਿੱਸਿਆਂ ਵਿਚ ਵੰਡੀ ਹੋਈ ਸੀ। ਇਕ ਹਿੱਸਾ ਗੋਰਿਆਂ ਤੇ ਦੂਜਾ ਕਾਲਿਆਂ ਲਈ। ਦੋਵੇਂ ਖੁਫੀਆ ਅਫਸਰ ਇਲਿਆਸ ਨੂੰ ਲੈ ਕੇ ਕਾਲਿਆਂ ਲਈ ਬਣੇ ਹਿੱਸੇ ਵਿਚ ਗਏ ਤੇ ਡਿਊਟੀ ਉਤੇ ਤਇਨਾਤ ਸਾਰਜੈਂਟ ਨੂੰ ਸੌਂਪ ਦਿੱਤਾ। ਭੂਰੀਆਂ ਮੁੱਛਾਂ ਵਾਲੇ ਅਫ਼ਸਰ ਨੇ ਉਸ ਸਾਰਜੈਂਟ ਨੂੰ ਕਿਹਾ, “ਇਸ ਨੂੰ ਸਵੇਰ ਤੱਕ ਹਿਰਾਸਤ ਵਿਚ ਰੱਖੋ। ਭਲਕੇ ਅਸੀਂ ਇਸ ਨੂੰ ਲੈ ਜਾਵਾਂਗੇ।”
ਸਾਰਜੈਂਟ ਨੇ ਤਿੱਖੀਆਂ ਨਜ਼ਰਾਂ ਨਾਲ ਇਲਿਆਸ ਨੂੰ ਘੂਰਿਆ। ਇਸੇ ਦੌਰਾਨ ਦੋਵੇਂ ਅਫ਼ਸਰਾਂ ਨੇ ਸਾਰਜੈਂਟ ਦੇ ਮੇਜ਼ ਉਤੇ ਸਾਰਾ ਸਾਮਾਨ ਰੱਖ ਦਿੱਤਾ ਜੋ ਇਲਿਆਸ ਕੋਲੋਂ ਗ੍ਰਿਫ਼ਤਾਰੀ ਵੇਲੇ ਬਰਾਮਦ ਹੋਇਆ ਸੀ- ਪਾਈਪ, ਤੰਬਾਕੂ ਦੀ ਪੁੜੀ, ਤੀਲਾਂ ਦੀ ਡੱਬੀ, ਮਾਮੂਲੀ ਜਿਹੀ ਕਿਸਮ ਦੀ ਜੇਬ੍ਹ ਘੜੀ ਤੇ ਮੁੜੀ-ਤੁੜੀ ਪਾਸਬੁੱਕ।
ਠਾਣੇ ਦੇ ਅਹਾਤੇ ਤੋਂ ਬਾਹਰ ਸੜਕ ਤੋਂ ਬੱਸ ਲੰਘੀ। ਤਕਰੀਬਨ ਅੱਧੀ ਰਾਤ ਦਾ ਵਕਤ ਸੀ। ਭਾਲਿਆਂ ਨਾਲ ਲੈਸ ਦੋ ਅਫ਼ਰੀਕੀ ਸਿਪਾਹੀ ਆ ਕੇ ਇਲਿਆਸ ਦੇ ਦੋਹੀਂ ਪਾਸੀਂ ਖੜ੍ਹੇ ਹੋ ਗਏ। ਉਨ੍ਹਾਂ ਇਲਿਆਸ ਨੂੰ ਦੇਖਿਆ ਤੇ ਆਪਸ ਵਿਚ ਬੁੜ-ਬੁੜ ਕੀਤੀ। ਗੌਲਫ਼ ਕੈਪ ਵਾਲੇ ਅਫ਼ਸਰ ਨੇ ਉਬਾਸੀ ਲਈ ਤੇ ਆਪਣੇ ਸਾਥੀ ਨੂੰ ਮੁਖਾਤਿਬ ਹੋ ਕੇ ਕਿਹਾ, “ਮੇਰੀ ਡਿਊਟੀ ਤਾਂ ਕਦੋਂ ਦੀ ਖ਼ਤਮ ਹੋ ਗਈ ਹੁੰਦੀ, ਪਰ ਇਨ੍ਹਾਂ ਹਰਾਮਜ਼ਾਦਿਆਂ ਦੀ ਵਜ੍ਹਾ ਨਾਲ ਆਰਾਮ ਵੀ ਨਹੀਂ ਮਿਲਦਾ।” ਉਸ ਨੇ ਆਪਣੇ ਵਿੰਡਚੀਟਰ ਦੇ ਅੰਦਰ ਹੱਥ ਪਾ ਕੇ ਸਿਗਰਟਾਂ ਦੀ ਡੱਬੀ ਕੱਢੀ ਤੇ ਆਪਣੇ ਸਾਥੀ ਵੱਲ ਵਧਾਈ।
ਇਸੇ ਦੌਰਾਨ ਸਾਰਜੈਂਟ ਨੇ ਉਸ ਸਾਮਾਨ ਦੀ ਸੂਚੀ ਤਿਆਰ ਕਰ ਦਿੱਤੀ ਸੀ ਜੋ ਇਲਿਆਸ ਕੋਲੋਂ ਬਰਾਮਦ ਹੋਇਆ ਸੀ। ਉਹ ਅਜੇ ਸਾਮਾਨ ਨੂੰ ਸੰਭਾਲ ਹੀ ਰਿਹਾ ਸੀ ਕਿ ਇਕ ਆਦਮੀ ਡਿਗਦਾ-ਢਹਿੰਦਾ ਆਇਆ ਤੇ ਕੰਧ ਨਾਲ ਲੱਗੇ ਬੈਂਚ ਉਤੇ ਬਹਿ ਗਿਆ। ਇਸ ਨੂੰ ਲੈ ਕੇ ਜਿਹੜਾ ਪੁਲਿਸ ਵਾਲਾ ਆਇਆ ਸੀ, ਉਹ ਲਗਾਤਾਰ ਗਾਲਾਂ ਕੱਢ ਰਿਹਾ ਸੀ। ਉਹ ਵਿਲਕ-ਤੜਫ਼ ਰਿਹਾ ਸੀ ਤੇ ਸਿਰ ਤੋਂ ਪੈਰਾਂ ਤੱਕ ਖੂਨ ਨਾਲ ਲੱਥਪੱਥ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਨੇ ਬਾਲਟੀ ਵਿਚ ਲਾਲ ਰੰਗ ਭਰ ਕੇ ਉਹਦੇ ਉਪਰ ਉਲੱਦ ਦਿੱਤਾ ਹੋਵੇ। ਉਹ ਨੰਗੇ ਪੈਰੀਂ ਖੂਨ ਨਾਲ ਭਰੇ ਆਪਣੇ ਚੀਥੜਿਆਂ ਵਿਚ ਬੈਂਚ ਉਤੇ ਤੜਫ਼ਦਾ ਰਿਹਾ ਤੇ ਹਾਏ-ਹਾਏ ਕਰਦਾ ਰਿਹਾ।
“ਓਹ ਹੋ”, ਸਾਰਜੈਂਟ ਨੇ ਗੁੱਸੇ ਨਾਲ ਘੂਰਦਿਆਂ ਆਖਿਆ, “ਹੁਣ ਇਸ ਸਾਲੇ ਨੂੰ ਕੀ ਹੋ ਗਿਐ?”
“ਪੀ ਕੇ ਪਿਆ ਹੋਇਆ ਸੀæææਸ਼ੁੱਕਰਵਾਰ ਦੀ ਰਾਤ ਹੈ ਨਾ!” ਨਾਲ ਵਾਲੇ ਸਿਪਾਹੀ ਨੇ ਕਿਹਾ।
“ਸਰ, ਇਨ੍ਹਾਂ ਨੇ ਮੈਨੂੰ ਬਹੁਤ ਕੁਟਾਪਾ ਚਾੜ੍ਹਿਆ।” ਜ਼ਖਮੀ ਬੰਦੇ ਨੇ ਬੜੀ ਮੁਸ਼ਕਿਲ ਨਾਲ ਫਰਿਆਦ ਕੀਤੀ।
“ਓਏ ਸਾਲਿਆ! ਇਥੇ ਕੋਈ ਸਰ ਤੇ ਮੈਡਮ ਨਹੀਂ। ਬੌਸ ਬੋਲ ਬੌਸ।”
“ਬੌਸ, ਇਨ੍ਹਾਂ ਨੇ ਮੈਨੂੰ ਬਹੁਤ ਕੁੱਟਿਆ।”
“ਤੂੰ ਕੋਈ ਬਿਆਨ ਦੇਣਾ?” ਸਾਰਜੈਂਟ ਨੇ ਪੁੱਛਿਆ।
ਇਸੇ ਦੌਰਾਨ ਰੈਡਕਰਾਸ ਦਾ ਲਿਬਾਸ ਪਾਈ ਬੰਦੇ ਨੇ ਉਸ ਜ਼ਖ਼ਮੀ ਆਦਮੀ ਕੋਲ ਬੈਠ ਕੇ ਜ਼ਖਮ ਦੇਖੇ। ਖੁਫ਼ੀਆ ਮਹਿਕਮੇ ਦੇ ਦੋਵੇਂ ਅਫਸਰ ਬਿਨਾਂ ਕਿਸੇ ਹਾਵ-ਭਾਵ ਨਾਲ ਖੜ੍ਹੇ ਦੇਖਦੇ ਰਹੇ। ਗੌਲਫ਼ ਕੈਪ ਵਾਲਾ ਅਫ਼ਸਰ ਵਾਰ-ਵਾਰ ਮੁੱਠਾਂ ਮੀਟਦਾ ਤੇ ਖੋਲ੍ਹਦਾ ਇਉਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਨੂੰ ਕੁਟਾਪਾ ਚਾੜ੍ਹਨ ਲਈ ਕਾਹਲਾ ਤੇ ਬੇਚੈਨ ਹੋਵੇ। ਰੈਡਕਰਾਸ ਵਾਲੇ ਬੰਦੇ ਨੇ ਜ਼ਖ਼ਮੀ ਆਦਮੀ ਉਤੇ ਚਾਦਰ ਪਾ ਦਿੱਤੀ। ਸਾਰਜੈਂਟ ਨੇ ਸਾਮਾਨ ਦੀ ਸੂਚੀ ਤਿਆਰ ਕਰਨ ਤੋਂ ਬਾਅਦ ਇਲਿਆਸ ਉਤੇ ਨਿਗ੍ਹਾ ਮਾਰੀ।
“ਇਹਨੂੰ ਦਸਤਖ਼ਤ ਕਰਨੇ ਆਉਂਦੇ ਨੇ?” ਸਾਰਜੈਂਟ ਨੇ ਖੁਫ਼ੀਆ ਅਫ਼ਸਰ ਤੋਂ ਪੁੱਛਿਆ।
“ਸਾਰਜੈਂਟ ਬਿਲਕੁਲ। ਇਹ ਪੜ੍ਹਿਆ ਲਿਖਿਆ ਵਿਦਵਾਨ ਕਾਲਾ ਕਲੂਟਾ ਹੈ।”
ਸਾਰਜੈਂਟ ਨੇ ਇਲਿਆਸ ਤੋਂ ਸਾਮਾਨ ਦੀ ਰਸੀਦ ਉਤੇ ਦਸਤਖ਼ਤ ਕਰਵਾਏ ਤੇ ਉਸ ਦੀ ਇਕ ਕਾਪੀ ਇਲਿਆਸ ਦੇ ਹੱਥਕੜੀ ਲੱਗੇ ਹੱਥਾਂ ਵਿਚ ਫੜਾ ਦਿੱਤੀ। ਸਾਰਜੈਂਟ ਨੇ ਫਿਰ ਆਵਾਜ਼ ਦੇ ਕੇ ਇਕ ਸਿਪਾਹੀ ਨੂੰ ਸੱਦਿਆ ਤੇ ਇਲਿਆਸ ਨੂੰ ਉਹਦੇ ਹਵਾਲੇ ਕਰ ਦਿੱਤਾ। ਸਿਪਾਹੀ ਉਸ ਨੂੰ ਲੈ ਕੇ ਹਵਾਲਾਤ ਵੱਲ ਤੁਰ ਪਿਆ।
ਹੁਣ ਇਲਿਆਸ ਇਕੱਲਾ ਸੀ। ਉਸ ਨੇ ਉਸ ਛੋਟੀ ਜਿਹੀ ਹਨੇਰੀ ਕੋਠੜੀ ਨੂੰ ਜਾਚਿਆ-ਪਰਖਿਆ। ਨਿਕਲਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਸ ਨੂੰ ਲੱਗਿਆ ਜਿਵੇਂ ਬੋਤਲ ਅੰਦਰ ਕਿਸੇ ਮੱਖੀ ਨੂੰ ਬੰਦ ਕਰ ਦਿੱਤਾ ਗਿਆ ਹੋਵੇ। ਹੱਥਕੜੀ ਅਜੇ ਵੀ ਲੱਗੀ ਹੋਈ ਸੀ। ਉਹ ਚੁੱਪ-ਚਾਪ ਫਰਸ਼ ਉਤੇ ਬੈਠ ਗਿਆ ਤੇ ਸੋਚਣ ਲੱਗ ਪਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਪੁਲਿਸ ਨੂੰ ਮੀਟਿੰਗ ਵਾਲੀ ਥਾਂ ਦਾ ਪਤਾ ਕਿਵੇਂ ਲੱਗ ਗਿਆ। ਸਾਥੀਆਂ ਨੇ ਪੂਰੀ ਚੌਕਸੀ ਵਰਤੀ ਸੀ, ਫਿਰ ਵੀ ਇਹ ਕਿਵੇਂ ਹੋ ਗਿਆ? ਉਹਨੂੰ ਉਮੀਦ ਸੀ ਕਿ ਬਿਊਕਸ ਜ਼ਰੂਰ ਬਚ ਗਿਆ ਹੋਵੇਗਾ। ਜੇ ਉਹ ਫੜਿਆ ਗਿਆ ਹੁੰਦਾ ਤਾਂ ਖੁਫੀਆ ਅਫ਼ਸਰ ਉਸ ਨੂੰ ਹੁਣ ਤੱਕ ਇਥੇ ਪਹੁੰਚਾ ਦਿੰਦੇ। ਹੁਣ ਤੱਕ ਸਾਰੇ ਇਧਰ-ਉਧਰ ਖਿਸਕ ਚੁੱਕੇ ਹੋਣਗੇ, ਤੇ ਜੇ ਬਿਊਕਸ ਬਚ ਗਿਆ ਹੋਵੇਗਾ ਤਾਂ ਵੀ ਉਸ ਨੂੰ ਕੰਮ ਕਰਨ ਵਿਚ ਕਾਫ਼ੀ ਦਿੱਕਤ ਹੋਵੇਗੀ।
“ਇਲਿਆਸ, ਹੁਣ ਇਹ ਗੱਲਾਂ ਸੋਚਣ ਦਾ ਕੋਈ ਫਾਇਦਾ ਨਹੀਂ। ਤੂੰ ਹੁਣ ਤਿਆਰੀ ਕਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ। ਭਲਕ ਤੋਂ ਹੀ ਤੈਥੋਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।” ਉਸ ਨੇ ਮਨ ਹੀ ਮਨ ਕਿਹਾ ਅਤੇ ਇਕ ਵਾਰ ਫਿਰ ਕੋਠੜੀ ਉਤੇ ਨਿਗ੍ਹਾ ਮਾਰੀ।
ਇਸ ਤਰ੍ਹਾਂ ਦੀ ਕੋਠੜੀ ਵਿਚ ਉਸ ਨੂੰ ਪਹਿਲਾਂ ਵੀ ਇਕ ਵਾਰ ਸੁੱਟਿਆ ਗਿਆ ਸੀ। ਉਦੋਂ ਉਸ ਨੇ ਹੜਤਾਲ ਵਿਚ ਹਿੱਸਾ ਲਿਆ ਸੀ। ਉਸ ਵਕਤ ਪੁਲਿਸ ਨੇ ਇੰਨਾ ਕੁਟਾਪਾ ਚਾੜ੍ਹਿਆ ਸੀ ਕਿ ਉਹ ਬੇਹੋਸ਼ ਹੋ ਗਿਆ ਸੀ। ਬੇਹੋਸ਼ੀ ਦੀ ਹਾਲਤ ਵਿਚ ਹੀ ਉਸ ਨੂੰ ਕੋਠੜੀ ਵਿਚ ਸੁੱਟ ਦਿੱਤਾ ਗਿਆ ਸੀ। ਉਸ ਉਤੇ ਇਕਰਾਰਨਾਮਾ ਤੋੜਨ ਦਾ ਦੋਸ਼ ਸੀ ਤੇ ਰਿਹਾ ਹੋਣ ਪਿੱਛੋਂ ਉਸ ਨੂੰ ਸ਼ਹਿਰ ਤੋਂ ਦੂਰ ਟ੍ਰਾਂਜ਼ਿਟ ਕੈਂਪ ਵਿਚ ਰੱਖਿਆ ਗਿਆ ਸੀ।
ਉਸ ਨੂੰ ਅੱਜ ਫਿਰ ਉਸ ਕੈਂਪ ਦੀ ਯਾਦ ਆ ਰਹੀ ਸੀ। ਟੁੱਟੀਆਂ ਹੋਈਆਂ ਝੌਂਪੜੀਆਂ ਦੀਆਂ ਉਦਾਸ ਕਤਾਰਾਂ, ਤੇ ਕੰਮ ਚਲਾਊ ਤੰਬੂ ਜਿਹੜੇ ਪਾਟੇ ਹੋਣ ਕਾਰਨ ਹਵਾ ਦੇ ਜ਼ੋਰ ਨਾਲ ਇਸ ਤਰ੍ਹਾਂ ਫੜ-ਫੜ ਕਰਦੇ ਸਨ ਜਿਵੇਂ ਚਿੜੀ ਦੇ ਨੋਚੇ ਹੋਏ ਖੰਭ ਹੋਣ। ਸਮੁੱਚਾ ਕੈਂਪ ਉਜਾੜੇ ਹੋਏ ਤੇ ਲਾਵਾਰਸ ਬੇਰੁਜ਼ਗਾਰਾਂ ਨਾਲ ਭਰਿਆ ਹੋਇਆ ਸੀ। ਇਨ੍ਹਾਂ ਵਿਚ ਕੁਝ ਅਜਿਹੇ ਸਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਜੇਲ੍ਹ ਦੀ ਸਜ਼ਾ ਕੱਟੀ ਸੀ। ਤੰਗ ਤੇ ਛੋਟੀਆਂ ਕੋਠੜੀਆਂ ਵਿਚ ਪੂਰੇ ਦਾ ਪੂਰਾ ਪਰਿਵਾਰ ਤੂਸਿਆ ਹੁੰਦਾ ਸੀ।
ਇਲਿਆਸ ਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਉਹ ਆਏ ਤਾਂ ਕੋਈ ਕੰਮ ਨਹੀਂ ਸੀ। ਕਿੰਨਾ ਹੀ ਚਿਰ ਉਹ ਉਸ ਪੁਰਾਣੀ ਖੜ-ਖੜ ਕਰਦੀ ਬੱਸ ਵਿਚੋਂ ਉਤਰਨ ਮਗਰੋਂ ਚੁਪ-ਚਾਪ ਖੜ੍ਹੇ ਰਹੇ ਤੇ ਦੂਰ ਪਹਾੜੀ ਤੋਂ ਆ ਰਹੇ ਠੰਢੇ ਬੁੱਲ੍ਹੇ ਝੱਲਦੇ ਰਹੇ। ਫਿਰ ਕੁਝ ਅਫ਼ਸਰ-ਨੁਮਾ ਗੋਰੇ ਆਏ, ਉਨ੍ਹਾਂ ਦੇ ਕਾਗਜ਼ਾਤ ਦੇਖੇ ਗਏ ਤੇ ਉਨ੍ਹਾਂ ਨੂੰ ਕੈਂਪਾਂ ਦੇ ਹਵਾਲੇ ਕਰ ਦਿੱਤਾ ਗਿਆ। ਸਾਰਾ-ਸਾਰਾ ਦਿਨ ਉਹ ਢਾਣੀਆਂ ਬਣਾ ਕੇ ਬੈਠੇ ਰਹਿੰਦੇ ਤੇ ਸਮਝ ਵਿਚ ਨਹੀਂ ਸੀ ਆਉਂਦਾ ਕਿ ਕੀਤਾ ਕੀ ਜਾਵੇ। ਚੁਫੇਰੇ ਨੰਗੀਆਂ-ਟੁੱਟੀਆਂ ਪਹਾੜੀਆਂ ਸਨ। ਲਗਦਾ ਸੀ ਜਿਵੇਂ ਕਿਸੇ ਦੈਂਤ ਦੇ ਉਚੇ-ਨੀਵੇਂ ਦੰਦਾਂ ਵਿਚਾਲੇ ਉਨ੍ਹਾਂ ਨੂੰ ਧੱਕਾ ਦਿੱਤਾ ਗਿਆ ਹੋਵੇ। ਮਿੱਟੀ-ਘੱਟਾ ਲੱਗੇ ਕੰਬਲਾਂ ਦੀ ਬੁੱਕਲ ਮਾਰ ਕੇ ਔਰਤਾਂ ਲਗਾਤਾਰ ਉਸ ਪਥਰੀਲੀ ਜ਼ਮੀਨ ਨੂੰ ਇਸ ਲਾਇਕ ਬਣਾਉਣ ਵਿਚ ਜੁਟੀਆਂ ਰਹਿੰਦੀਆਂ ਜਿਸ ਤੋਂ ਉਸ ਵਿਚ ਕੁਝ ਉਗਾਇਆ ਜਾ ਸਕੇ ਪਰ ਸਾਰੀ ਮਿਹਨਤ ਬੇਕਾਰ ਚਲੀ ਜਾਂਦੀ।
ਖਾਣ ਲਈ ਕੁਝ ਵੀ ਨਹੀਂ ਸੀ। ਕੁਝ ਸਮੇਂ ਤੱਕ ਉਡੀਕ ਕਰਨ ਮਗਰੋਂ ਇਲਿਆਸ ਨੇ ਇਕ ਆਦਮੀ ਨਾਲ ਦੋਸਤੀ ਕਰ ਲਈ ਜਿਸ ਦਾ ਨਾਂ ਮਦਲਕਾ ਸੀ। ਉਹ ਭਰ ਜਵਾਨ ਤੇ ਮੋਟਾ ਤਕੜਾ ਸੀ ਤੇ ਉਸ ਨੇ ਸੜਕ ਬਣਾਉਣ ਵਾਲਿਆਂ ਨਾਲ ਮਜ਼ਦੂਰੀ ਸ਼ੁਰੂ ਕੀਤੀ ਹੋਈ ਸੀ।
“ਕਿਉਂ ਬਈ, ਤੈਨੂੰ ਇਥੇ ਕਿਉਂ ਲਿਆਂਦਾ।” ਮਦਲਕਾ ਨੇ ਇਕ ਦਿਨ ਉਸ ਤੋਂ ਪੁੱਛਿਆ।
“ਮੈਂ ਹੜਤਾਲ ਵਿਚ ਸ਼ਾਮਲ ਸੀ ਤੇ ਹੁਣ ਮੈਨੂੰ ਗੋਰੇ ਇਸ ਸ਼ਹਿਰ ਵਿਚ ਨਹੀਂ ਰਹਿਣ ਦੇਣਗੇ।”
“ਹੜਤਾਲ ਵਿਚ? ਕਦੋਂ ਹੋਈ ਸੀ?” ਮਦਲਕਾ ਨੇ ਪੁੱਛਿਆ।
ਇਲਿਆਸ ਨੇ ਉਸ ਹੜਤਾਲ ਦਾ ਪੂਰਾ ਵੇਰਵਾ ਸੁਣਾਇਆ ਤੇ ਮਦਲਕਾ ਧਿਆਨ ਨਾਲ ਸੁਣਦਾ ਰਿਹਾ।
ਸੜਕ ਬਣਾਉਣ ਦਾ ਕੰਮ ਬਹੁਤ ਮਿਹਨਤ ਵਾਲਾ ਸੀ, ਪਰ ਪੂਰਾ ਹਫ਼ਤਾ ਕੰਮ ਕਰਨ ਤੋਂ ਬਾਅਦ ਉਸ ਨੂੰ ਕੁਝ ਸ਼ਿਲਿੰਗ ਮਿਲ ਜਾਂਦੇ ਸਨ ਜਿਸ ਨਾਲ ਉਹ ਰੋਟੀ ਤੇ ਤੰਬਾਕੂ ਦੀ ਲੋੜ ਪੂਰੀ ਕਰ ਲੈਂਦਾ ਸੀ। ਸਾਰਿਆਂ ਨੂੰ ਕੰਮ ਵੀ ਨਹੀਂ ਸੀ ਮਿਲਦਾ। ਬਹੁਤ ਸਾਰੇ ਬੁੱਢੇ ਤੇ ਰਿਟਾਇਰ ਲੋਕਾਂ ਨੂੰ ਵੀ ਇਥੇ ਭੇਜ ਦਿੱਤਾ ਗਿਆ ਸੀ, ਸ਼ਹਿਰ ਨੂੰ ਹੁਣ ਇਨ੍ਹਾਂ ਦੀ ਕੋਈ ਲੋੜ ਨਹੀਂ ਸੀ। ਟੁੱਟੀਆਂ-ਭੱਜੀਆਂ ਤੇ ਬੇਕਾਰ ਮਸ਼ੀਨਾਂ ਵਾਂਗ ਇਨ੍ਹਾਂ ਲੋਕਾਂ ਨੂੰ ਇਥੇ ਭਰ ਦਿੱਤਾ ਗਿਆ ਸੀ।
“ਤੂੰ ਹੜਤਾਲ ਵਿਚ ਹਿੱਸਾ ਲਿਆ ਸੀ, ਇਹ ਸੁਣ ਕੇ ਮੈਨੂੰ ਚੰਗਾ ਲੱਗਿਆ।” ਮਦਲਕਾ ਨੇ ਕਿਹਾ, “ਮੈਂ ਖੁਦ ਜੇਲ੍ਹ ਵਿਚ ਛੇ ਮਹੀਨੇ ਕੱਟ ਚੁੱਕਾ ਹਾਂ। ਸਰਕਾਰ ਖਿਲਾਫ਼ ਕੁਝ ਵੀ ਬੋਲੋ ਤਾਂ ਗੋਰੇ ਬਰਦਾਸ਼ਤ ਨਹੀਂ ਕਰਦੇ। ਮੈਨੂੰ ਹਮਲਾਵਰ ਭੀੜ ਦੀ ਅਗਵਾਈ ਕਰਨ ਦੇ ਜੁਰਮ ਵਿਚ ਫੜ ਲਿਆ ਗਿਆ ਤੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚੋਂ ਛੁੱਟਣ ਮਗਰੋਂ ਸਿੱਧਾ ਇਥੇ ਲਿਆ ਕੇ ਸੁੱਟ ਦਿੱਤਾ।
“ਕਿਸ ਤਰ੍ਹਾਂ ਦੀ ਹਮਲਾਵਰ ਭੀੜ?” ਇਲਿਆਸ ਦੀ ਉਤਸੁਕਤਾ ਵਧੀ। ਦੁਪਹਿਰ ਦੇ ਖਾਣੇ ਦਾ ਵਕਤ ਸੀ ਤੇ ਦੋਵੇਂ ਜਣੇ ਸੜਕ ਦੇ ਕੰਢੇ ਦਰਖਤ ਹੇਠਾਂ ਬਹਿ ਕੇ ਸੁਸਤਾ ਰਹੇ ਸਨ। ਮਦਲਕਾ ਬੜੇ ਉਤਸ਼ਾਹ ਨਾਲ ਸਾਰੀ ਘਟਨਾ ਦੱਸਦਾ ਗਿਆ।
ਠੇਕੇਦਾਰ ਕੋਲ ਨੌਂ ਬੰਦੇ ਸਨ ਜੋ ਸੜਕ ਬਣਾਉਣ ਦੇ ਕੰਮ ਵਿਚ ਲੱਗੇ ਹੋਏ ਸਨ। ਇਨ੍ਹਾਂ ਵਿਚੋਂ ਇਕ ਸੀ ਬੁੱਢਾ ਤਸਾਤੂ ਜੋ ਇਲਿਆਸ ਵਰਗੇ ਲੋਕਾਂ ਦੇ ਦਾਦੇ ਦੀ ਉਮਰ ਦਾ ਸੀ। ਇੰਨੇ ਬੁੱਢੇ ਆਦਮੀ ਨੂੰ ਆਪਣੇ ਪੋਤੇ ਦੀ ਉਮਰ ਦੇ ਨੌਜਵਾਨਾਂ ਨਾਲ ਪੱਥਰ ਤੋੜਦੇ ਦੇਖਣਾ ਬਹੁਤ ਬੁਰਾ ਲੱਗਦਾ ਸੀ, ਪਰ ਕੁਝ ਕੀਤਾ ਵੀ ਤਾਂ ਨਹੀਂ ਜਾ ਸਕਦਾ ਸੀ। ਬੁੱਢਾ ਤਸਾਤੂ ਜੇ ਕੰਮ ਨਾ ਕਰਦਾ ਤਾਂ ਭੁੱਖਾ ਮਰਦਾ ਸੀ।
ਇਕ ਦਿਨ ਜਦ ਠੇਕੇਦਾਰ ਨੇ ਦੁਪਹਿਰ ਦੇ ਖਾਣੇ ਵਕਤ ਸੀਟੀ ਵਜਾਈ ਤਾਂ ਸਾਰੇ ਲੋਕ ਕਤਾਰ ਬਣਾ ਕੇ ਖੜ੍ਹੇ ਹੋ ਗਏ ਪਰ ਤਸਾਤੂ ਲੰਮਾ ਪਿਆ ਰਿਹਾ।
“ਉਸ ਬੁੜ੍ਹੇ ਨੂੰ ਕਹਿ, ਛੇਤੀ ਉਠੇæææਇਹ ਸੌਣ ਦਾ ਵਕਤ ਨਹੀਂ ਹੈ।” ਠੇਕੇਦਾਰ ਨੇ ਤਲਖੀ ਨਾਲ ਉਚੀ ਦੇਣੀ ਕਿਹਾ।
ਜੋ ਆਦਮੀ ਬੁੱਢੇ ਤਸਾਤੂ ਨੂੰ ਜਗਾਉਣ ਗਿਆ ਸੀ, ਉਸ ਨੇ ਮੁੜ ਆ ਕੇ ਦੱਸਿਆ, “ਉਹ ਸੌਂ ਨਹੀਂ ਰਿਹਾ। ਉਹ ਆਪਣੇ ਵੱਡੇ-ਵਡੇਰਿਆਂ ਕੋਲ ਜਾ ਚੁੱਕਾ ਹੈ। ਹੋ ਸਕਦਾ ਹੈ, ਉਸ ਨੂੰ ਇਸ ਧਰਤੀ ਨਾਲੋਂ ਉਥੇ ਜ਼ਿਆਦਾ ਪਿਆਰ ਮਿਲੇ।” ਸਾਰਿਆਂ ਨੇ ਗੌਰ ਨਾਲ ਦੇਖਿਆ, ਬੁੱਢਾ ਤਸਾਤੂ ਪੁਰਾਣੇ ਕੱਪੜਿਆਂ ਦੀ ਗਠੜੀ ਵਾਂਗ ਇੱਟਾਂ-ਪੱਥਰਾਂ ਦੇ ਟੁਕੜਿਆਂ ਉਤੇ ਪਿਆ ਹੋਇਆ ਸੀ।
ਤਸਾਤੂ ਦੀ ਅਰਥੀ ਨਾਲ ਸਾਰੇ ਜਣੇ ਗਏ, ਭਾਵੇਂ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਥੋਂ ਦਾ ਰਹਿਣ ਵਾਲਾ ਸੀ ਤੇ ਕਿਥੋਂ ਆਇਆ ਸੀ? ਉਹ ਬੱਸ ਅਜਿਹਾ ਅਜਨਬੀ ਬੁੱਢਾ ਸੀ ਜਿਸ ਨੇ ਜਿਉਂਦਾ ਰਹਿਣ ਲਈ ਮਰਨ ਤੱਕ ਕੰਮ ਕੀਤਾ। ਉਸ ਨੂੰ ਕੰਬਲ ਵਿਚ ਲਪੇਟਿਆ ਗਿਆ ਜਿਹੜਾ ਘੱਟ ਤੋਂ ਘੱਟ ਫਟਿਆ ਹੋਇਆ ਸੀ ਤੇ ਕੁਝ ਹੱਦ ਤੱਕ ਸਾਫ਼ ਦਿਸਦਾ ਸੀ। ਫਿਰ ਕੈਂਪ ਦੇ ਕਿਨਾਰੇ ਉਤੇ ਚੱਟਾਨਾਂ ਹੇਠਾਂ ਉਸ ਨੂੰ ਦਫ਼ਨਾ ਦਿੱਤਾ ਗਿਆ।
ਇਲਿਆਸ ਨੂੰ ਯਾਦ ਹੈ, ਉਸ ਦਿਨ ਮਦਲਕਾ ਨੇ ਹੀ ਕਿਰਿਆ ਦਾ ਸਾਰਾ ਕੰਮ ਕੀਤਾ ਸੀ। ਕੁਝ ਦਿਨ ਮਗਰੋਂ ਕੈਂਪ ਤੋਂ ਛੁਟਕਾਰਾ ਪਾਉਣ ਮਗਰੋਂ ਚਿੱਟ ਉਤੇ ਮਦਲਕਾ ਨੇ ਕੋਈ ਚਿੱਠੀ ਲਿਖੀ ਜਿਸ ਨੂੰ ਲੈ ਕੇ ਇਲਿਆਸ ਸ਼ਹਿਰ ਵਿਚ ਮਦਲਕਾ ਦੇ ਸਾਥੀਆਂ ਨੂੰ ਮਿਲਿਆ ਤੇ ਦੂਜੀ ਜ਼ਿੰਦਗੀ ਸ਼ੁਰੂ ਕੀਤੀ।
ਬੜੀਆਂ ਪੁਰਾਣੀਆਂ ਗੱਲਾਂ ਹਨ। ਹਵਾਲਾਤ ਦੀ ਹਨ੍ਹੇਰੀ ਕੋਠੜੀ ਵਿਚ ਬੈਠਾ ਇਲਿਆਸ ਬੀਤੀਆਂ ਯਾਦਾਂ ਵਿਚ ਡੁੱਬਿਆ ਰਿਹਾ। ਮਦਲਕਾ ਨਾਲ ਹੋਈ ਅੱਜ ਦੀ ਮੁਲਾਕਾਤ ‘ਤੇ ਉਸ ਨੂੰ ਕੋਈ ਰੰਜ ਨਹੀਂ ਹੈ।
ਉਧਰ, ਬਿਊਕਸ ਆਪਣੇ ਜ਼ਖ਼ਮੀ ਹੱਥ ਨੂੰ ਕੋਟ ਅੰਦਰ ਲੁਕੋ ਕੇ ਘੁੰਮਦਾ ਰਿਹਾ। ਕਮੀਜ਼ ਦੇ ਆਸਤੀਨ ਉਤੇ ਲਹੂ ਜੰਮ ਕੇ ਪੇਪੜੀ ਬਣ ਗਿਆ ਸੀ। ਸਿਰ ‘ਤੇ ਬਹੁਤ ਜ਼ਿਆਦਾ ਪੀੜ ਹੋ ਰਹੀ ਸੀ ਤੇ ਹਲਕਾ ਜਿਹਾ ਬੁਖਾਰ ਵੀ। ਦਰਦ ਤੇ ਬੇਸਬਰੀ ਨਾਲ ਉਹ ਬਹੁਤ ਸਾਰੇ ਮਰੀਜ਼ਾਂ ਵਾਂਗ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਿਹਾ ਸੀ।
ਡਾਕਟਰ ਦਾ ਉਹ ਵੇਟਿੰਗ ਰੂਮ, ਪ੍ਰਾਈਵੇਟ ਮਕਾਨ ਦਾ ਬਾਹਰ ਵਾਲਾ ਕਮਰਾ ਸੀ ਜਿਸ ਅੰਦਰ ਦੀਵਾਰ ਦੇ ਸਹਾਰੇ ਲੱਗੇ ਬੈਂਚ ਉਤੇ ਕਈ ਮਰੀਜ਼ ਬੈਠੇ ਸਨ।
ਬਿਊਕਸ ਨੇ ਸੋਚ ਲਿਆ ਸੀ ਕਿ ਉਹ ਵੀ ਡਾਕਟਰ ਨੂੰ ਉਵੇਂ ਹੀ ਮਿਲੇਗਾ ਜਿਵੇਂ ਕੋਈ ਵੀ ਸਾਧਾਰਨ ਮਰੀਜ਼ ਮਿਲਦਾ ਹੈ। ਅਜਿਹਾ ਕਰਨ ਨਾਲ ਉਸ ਉਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਵੇਗਾ।
‘ਤੂੰ ਇਹ ਕਹਿ ਕੇ ਅੱਧੀ ਰਾਤ ਨੂੰ ਡਾਕਟਰ ਦੇ ਕਿਉਂ ਨਹੀਂ ਪਹੁੰਚਿਆ, ਕਿ ਪੁਲਿਸ ਨੇ ਗੋਲੀ ਮਾਰੀ ਹੈ’, ਬਿਊਕਸ ਨੇ ਸੋਚਿਆ। ਉਂਜ ਇਸ ਡਾਕਟਰ ਦਾ ਅਜੇ ਠੀਕ-ਠੀਕ ਪਤਾ ਵੀ ਨਹੀਂ ਸੀ। ਉਸ ਨੂੰ ਯਾਦ ਹੈ ਕਿ ਇਕ ਵਾਰ ਇਸ ਡਾਕਟਰ ਨੇ ਉਸ ਦੇ ਸੰਗਠਨ ਨੂੰ ਚੰਦਾ ਦਿੱਤਾ ਸੀ। ਉਸ ਵੇਲੇ ਬਿਊਕਸ ਆਪਣੇ ਕਿਸੇ ਸਾਥੀ ਦੇ ਇਲਾਜ ਦੇ ਸਿਲਸਿਲੇ ਵਿਚ ਆਇਆ ਸੀ, ਪਰ ਇਹ ਬਹੁਤ ਪੁਰਾਣਾ ਕਿੱਸਾ ਹੈ ਤੇ ਉਦੋਂ ਦੀ ਗੱਲ ਹੈ ਜਦੋਂ ਬਿਊਕਸ ਦੇ ਸਾਥੀ ਸ਼ਹਿਰ ਵਿਚ ਥਾਂ-ਥਾਂ ਘੁੰਮ ਕੇ ਆਪਣੇ ਹਮਦਰਦਾਂ ਤੋਂ ਸਹਾਇਤਾ ਰਕਮਾਂ ਇਕੱਠੀਆਂ ਕਰ ਰਹੇ ਸਨ। ਮਿਲਦੇ ਵੀ ਉਨ੍ਹਾਂ ਨੂੰ ਹੀ ਸਨ ਜਿਨ੍ਹਾਂ ਬਾਰੇ ਇਕ ਹੱਦ ਤੱਕ ਯਕੀਨ ਹੁੰਦਾ ਸੀ। ਹੁਣ ਜਦਕਿ ਸਾਰੀਆਂ ਕਾਰਵਾਈਆਂ ਗੈਰ-ਕਾਨੂੰਨੀ ਐਲਾਨੀਆਂ ਗਈਆਂ ਸਨ ਤੇ ਸਾਰੇ ਸੰਗਠਨਾਂ ਉਤੇ ਪਾਬੰਦੀ ਲਾ ਦਿੱਤੀ ਗਈ ਹੈ, ਕੀ ਡਾਕਟਰ ਦਾ ਉਹੀ ਵਤੀਰਾ ਹੋਵੇਗਾ ਜੋ ਪਹਿਲਾਂ ਸੀ, ਬਿਊਕਸ ਨੇ ਮਨ ਹੀ ਮਨ ਸੋਚਿਆ। ਫਿਰ ਵੀ ਕੁਝ ਨਾ ਕੁਝ ਤਾਂ ਕਹਿਣਾ ਹੀ ਪਵੇਗਾ। ਸੱਟ ਲੱਗਣ ਦੀ ਕੋਈ ਵਾਜਿਬ ਵਜ੍ਹਾ ਤਾਂ ਲੱਭਣੀ ਪਵੇਗੀ। ਉਸ ਨੇ ਆਪਣਾ ਹੱਥ ਹਿਲਾਇਆ ਤੇ ਦਰਦ ਬੜੀ ਤੇਜ਼ੀ ਨਾਲ ਉਠਿਆ।
ਬੁੱਢਾ ਬੰਦਾ ਦੀਵਾਰ ਦੇ ਕੋਨੇ ਦਾ ਸਹਾਰਾ ਲੈ ਕੇ ਸੌਂ ਗਿਆ ਸੀ, ਪਰ ਉਹਦਾ ਮੂੰਹ ਅਜੇ ਵੀ ਕੰਬ ਰਿਹਾ ਸੀ।
ਕਾਫ਼ੀ ਇੰਤਜ਼ਾਰ ਤੋਂ ਬਾਅਦ ਬਿਊਕਸ ਦੀ ਵਾਰੀ ਆਈ।
“ਆਓ, ਮਿਸਟਰ ਬੈਂਜਾਮਿਨ।” ਡਾਕਟਰ ਨੇ ਐਨਕਾਂ ਪਿੱਛੇ ਛੁਪੀਆਂ ਨਜ਼ਰਾਂ ਨਾਲ ਦੇਖਿਆ; ਕੁਝ ਇਸ ਤਰ੍ਹਾਂ ਜਿਵੇਂ ਪਤਾ ਲਾਉਣਾ ਚਾਹੁੰਦਾ ਹੋਵੇ ਕਿ ਉਸ ਨੇ ਸਹੀ ਨਾਮ ਲਿਆ ਜਾਂ ਨਹੀਂ?
“ਮੇਰਾ ਨਾਂ ਬਿਊਕਸ ਹੈ?”
“ਅੱਛਾ-ਅੱਛਾ ਬਿਊਕਸ।” ਡਾਕਟਰ ਨੇ ਕਿਹਾ। ਉਹ ਮੰਨਦਾ ਸੀ ਕਿ ਇਨ੍ਹੀਂ ਦਿਨੀਂ ਲੋਕ ਆਪਣੇ ਨਾਂ ਵੀ ਉਵੇਂ ਹੀ ਬਦਲ ਰਹੇ ਹਨ ਜਿਵੇਂ ਕਮੀਜ਼ ਬਦਲਦੇ ਹਨ। “ਤੁਸੀਂ ਪਹਿਲਾਂ ਵੀ ਇਕ ਵਾਰ ਆ ਚੁੱਕੇ ਹੋ। ਉਸ ਵਕਤ ਤੁਸੀਂ ਬਿਮਾਰ ਨਹੀਂ ਸੀ। ਕਿਉਂ, ਮੈਂ ਠੀਕ ਕਹਿ ਰਿਹਾ ਹਾਂ ਨਾ?” ਫਿਰ ਕਾਲੀ ਨਰਸ ਵੱਲ ਘੁੰਮ ਕੇ ਕਿਹਾ, “ਇਸ ਮਰੀਜ਼ ਦਾ ਕਾਰਡ ਬਣਾਉਣ ਦੀ ਲੋੜ ਨਹੀਂ ਹੈ।”
ਨਰਸ ਨੇ ਬਿਊਕਸ ਦਾ ਬਟਨ ਖੋਲ੍ਹਣਾ ਸ਼ੁਰੂ ਕੀਤਾ। ਡਾਕਟਰ ਨੂੰ ਈਥਰ ਤੇ ਤੰਬਾਕੂ ਦਾ ਮੁਸ਼ਕ ਇਕੱਠਾ ਚੜ੍ਹਿਆ, ਤੇ ਉਸ ਨੇ ਕੁਝ ਝਿਜਕ ਨਾਲ ਕਿਹਾ, “ਓਹੋ, ਤੁਸੀਂ ਤਾਂ ਖੁਦ ਨੂੰ ਜ਼ਖ਼ਮੀ ਕੀਤਾ ਹੋਇਆ ਹੈ।”
ਨਰਸ ਨੇ ਕੈਂਚੀ ਨਾਲ ਕਮੀਜ਼ ਦਾ ਆਸਤੀਨ ਕੱਟ ਦਿੱਤਾ ਤੇ ਇਹ ਸੱਪ ਦੀ ਸੁੱਕੀ ਕੁੰਜ ਵਾਂਗ ਭੁੰਜੇ ਡਿੱਗ ਪਿਆ। ਜ਼ਖਮ ਨੂੰ ਦੇਖ ਕੇ ਬਿਊਕਸ ਘਬਰਾ ਗਿਆ ਤੇ ਝੱਟ ਦੇਣੀ ਦੂਜੇ ਬੰਨੇ ਦੇਖਣ ਲੱਗ ਪਿਆ।
ਡਾਕਟਰ ਉਸ ਨੂੰ ਦੇਖ ਕੇ ਮੁਸਕਰਾਇਆ। ਫਿਰ ਅੱਗੇ ਝੁਕ ਕੇ ਦੇਖਣ ਲੱਗਾ, “ਓਹ, ਕਾਫ਼ੀ ਡੂੰਘਾ ਜ਼ਖ਼ਮ ਹੈ। ਨਰਸ, ਟਾਂਕੇ ਲਾਉਣੇ ਪੈਣਗੇæææਇਸ ਨੂੰ ਸਾਫ਼ ਕਰੋ।”
“ਦਰਅਸਲ ਇਕæææਇਕ ਐਕਸੀਡੈਂਟæææ।” ਬਿਊਕਸ ਨੇ ਸਫ਼ਾਈ ਦੇਣੀ ਚਾਹੀ, ਪਰ ਡਾਕਟਰ ਨੇ ਉਹਦੇ ਮੂੰਹ ਵਿਚ ਥਰਮਾਮੀਟਰ ਪਾ ਦਿੱਤਾ ਤੇ ਉਹਨੂੰ ਚੁੱਪ ਹੋਣਾ ਪਿਆ। ਥਰਮਾਮੀਟਰ ਬਾਹਰ ਆਉਂਦਿਆਂ ਹੀ ਬਿਊਕਸ ਨੇ ਕਿਹਾ, “ਡਾਕਟਰ, ਮੈਂ ਤੁਹਾਡੇ ਨਾਲ ਇਕ ਪਾਸੇ ਦੋ ਮਿੰਟ ਗੱਲ ਕਰਨੀ ਚਾਹੁੰਦਾ ਹਾਂ।”
“ਠੀਕ ਹੈ, ਠੀਕ ਹੈ। ਗੱਲ ਵੀ ਕਰ ਲਵਾਂਗੇ ਪਰ ਪੱਟੀ ਤਾਂ ਬੰਨ੍ਹ ਲਈਏ।”
ਹੁਣ ਬਾਂਹ ਉਤੇ ਪੱਟੀ ਬੰਨ੍ਹੀ ਜਾ ਚੁੱਕੀ ਸੀ ਤੇ ਨਰਸ ਸਾਰਾ ਸਾਮਾਨ ਚੁੱਕਣ ਲੱਗ ਪਈ ਸੀ। ਡਾਕਟਰ ਕੋਨੇ ਵਿਚ ਬਣੇ ਵਾਸ਼-ਬੇਸਿਨ ਵਿਚ ਹੱਥ ਧੋ ਰਿਹਾ ਸੀ।
“ਤੁਹਾਨੂੰ ਲੱਗਦਾ ਹੋਵੇਗਾ ਕਿ ਹੱਥ ਸੁੰਨ ਹੋ ਗਿਆ ਹੈ,” ਡਾਕਟਰ ਨੇ ਕਿਹਾ, “ਪਰ ਘਬਰਾਉਣਾ ਨਹੀਂ, ਇਹ ਇੰਜੈਕਸ਼ਨ ਕਰ ਕੇ ਹੈ। ਮੈਂ ਕੁਝ ਦਵਾਈਆਂ ਦੇ ਰਿਹਾ ਹਾਂ, ਜੇ ਬੁਖਾਰ ਹੋਵੇ ਤਾਂ ਖਾ ਲੈਣੀਆਂ।” ਫਿਰ ਨਰਸ ਨੂੰ ਮੁਖਾਤਿਬ ਹੋ ਕੇ ਕਿਹਾ, “ਨਰਸ, ਸਾਨੂੰ ਇਕ-ਇਕ ਕੱਪ ਚਾਹ ਮਿਲ ਸਕਦੀ ਹੈ?”
ਨਰਸ ਦੂਜੇ ਕਮਰੇ ਵਿਚ ਚਲੀ ਗਈ ਤੇ ਉਹ ਦੋਵੇਂ ਇਕੱਲੇ ਰਹਿ ਗਏ। ਡਾਕਟਰ ਆਪਣੀ ਸੀਟ ਉਤੇ ਬੈਠ ਕੇ ਮੇਜ਼ ਉਤੇ ਪਏ ਸਾਮਾਨ, ਬਲੱਡ ਪ੍ਰੈਸ਼ਰ ਅਪਰੇਟਸ ਤੇ ਦਵਾਈ ਲਿਖਣ ਵਾਲੇ ਪੈਡ ਨੂੰ ਉਂਜ ਹੀ ਇਧਰ-ਉਧਰ ਕਰ ਕੇ ਰੱਖਦਾ ਰਿਹਾ।
ਬਿਊਕਸ ਨੇ ਦੱਸਿਆ ਕਿ ਇਉਂ ਲੱਗ ਰਿਹਾ ਹੈ ਜਿਵੇਂ ਉਸ ਦੇ ਹੱਥ ਨੂੰ ਕੱਟ ਕੇ ਸਰੀਰ ਨਾਲੋਂ ਅਲੱਗ ਕਰ ਦਿੱਤਾ ਗਿਆ ਹੋਵੇ। “ਡਾਕਟਰ, ਤੁਹਾਨੂੰ ਹਰ ਐਕਸੀਡੈਂਟ ਦੀ ਰਿਪੋਰਟ ਕਰਨੀ ਪੈਂਦੀ ਹੈ?” ਉਸ ਨੇ ਡਾਕਟਰ ਦੀ ਦੁਬਿਧਾ ਭਾਂਪਦਿਆਂ ਪੁੱਛਿਆ।
“ਆਮ ਹਾਲਾਤ ਵਿਚ ਅਜਿਹਾ ਕਰਨਾ ਹੀ ਪੈਂਦਾ ਹੈæææਤੇ ਕਰਨਾ ਵੀ ਚਾਹੀਦਾ ਹੈ।” ਡਾਕਟਰ ਨੇ ਕਿਹਾ ਤੇ ਸਿਗਰਟ ਦੀ ਡੱਬੀ ਬਿਊਕਸ ਵੱਲ ਕੀਤੀ।
“ਦਰਅਸਲ਼ææਇਉਂ ਹੋਇਆ ਕਿæææ,” ਬਿਊਕਸ ਨੇ ਕਹਿਣਾ ਚਾਹਿਆ ਪਰ ਡਾਕਟਰ ਨੇ ਉਸ ਦੀ ਗੱਲ ਵਿਚੋਂ ਟੋਕ ਦਿੱਤੀ ਤੇ ਸਿਗਰਟ ਦਾ ਸੂਟਾ ਮਾਰਨ ਤੋਂ ਬਾਅਦ ਕਿਹਾ, “ਮਿਸਟਰ ਬਿਊਕਸ, ਜ਼ਖਮ ਦੇਖਦਿਆਂ ਹੀ ਮੈਂ ਦੱਸ ਸੱਕਦਾ ਹਾਂ ਕਿ ਇਹ ਗੋਲੀ ਲੱਗਣ ਨਾਲ ਹੋਇਆ ਹੈ ਜਾਂ ਚਾਕੂ ਨਾਲ। ਗੋਲੀ-ਲੱਗੇ ਜ਼ਖ਼ਮ ਨਾਲ ਭਾਵੇਂ ਮੇਰਾ ਬਹੁਤਾ ਵਾਸਤਾ ਨਹੀਂ ਪੈਂਦਾ, ਪਰ ਤੁਹਾਡੀ ਬਾਂਹ ਦੇ ਜ਼ਖਮ ਨੂੰ ਮੈਂ ਸਮਝ ਰਿਹਾ ਹਾਂæææਪੁਲਿਸ ਦੀ ਗੋਲੀ ਸੀ?”
ਬਿਊਕਸ ਨੇ ‘ਹਾਂ’ ਵਿਚ ਸਿਰ ਹਿਲਾਇਆ। ਡਾਕਟਰ ਨੇ ਕਿਹਾ, “ਮੇਰਾ ਵੀ ਇਹੋ ਅੰਦਾਜ਼ਾ ਸੀ। ਅੱਜ ਕੱਲ੍ਹ ਮੇਰੇ ਦੇਸ ਵਿਚ ਇਹ ਸਭ ਕੁਝ ਬਹੁਤ ਹੋ ਰਿਹਾ ਹੈ। ਬੇਸ਼ੱਕ ਕਾਨੂੰਨ ਕਹਿੰਦਾ ਹੈ ਕਿ ਅਜਿਹੇ ਮਾਮਲਿਆਂ ਦੀ ਮੈਂ ਪੁਲਿਸ ਨੂੰ ਰਿਪੋਰਟ ਕਰਾਂ।”
“ਤੁਸੀਂ ਫਿਰ ਕਾਨੂੰਨ ਦਾ ਪਾਲਣ ਕਰੋਗੇ?”
ਡਾਕਟਰ ਨੇ ਇਕ ਵਾਰ ਆਪਣੀ ਰਿਪੋਰਟ ਵੱਲ ਦੇਖਿਆ, ਫਿਰ ਕੁਝ ਸੋਚਦਿਆਂ ਹੌਲੀ ਜਿਹੀ ਆਖਿਆ, “ਕਾਨੂੰਨ ਬਣਾਉਣ ਵੇਲੇ ਜੇ ਸਮਾਜ ਨੂੰ ਵੀ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੋਵੇ ਤਾਂ ਇਸ ਦਾ ਪਾਲਣ ਕਰਨਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੋ ਜਾਂਦੀ ਹੈ, ਪਰ ਜੇ ਕਾਨੂੰਨ ਬਿਨਾਂ ਲੋਕਾਂ ਦੀ ਸਹਿਮਤੀ ਜਾਂ ਜ਼ਿੰਮੇਵਾਰੀ ਦੇ ਬਣਾਇਆ ਜਾਂਦਾ ਹੈ, ਤਾਂ ਗੱਲ ਹੋਰ ਹੈ।”
ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਡਾਕਟਰ ਨੇ ਫਿਰ ਕਿਹਾ, “ਫਿਰ ਵੀ ਸਾਡੇ ਦੇਸ ਵਿਚ ਜੋ ਹਾਲਾਤ ਹਨ, ਉਨ੍ਹਾਂ ਨੂੰ ਦੇਖਦਿਆਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕਾਨੂੰਨ ਕਿਸ ਦੇ ਪੱਖ ਵਿਚ ਖੜ੍ਹਾ ਹੋ ਰਿਹਾ ਹੈ। ਜੇ ਕਾਨੂੰਨ ਕਿਸੇ ਮੁਜਰਮ, ਕਾਤਲ ਜਾਂ ਬਲਾਤਕਾਰੀ ਨੂੰ ਸਜ਼ਾ ਦਿੰਦਾ ਹੈ, ਤਾਂ ਮੈਨੂੰ ਮਦਦ ਕਰਨੀ ਚਾਹੀਦੀ ਹੈ, ਪਰ ਜੇ ਕਾਨੂੰਨ ਦੂਜਿਆਂ ਦੇ ਪੱਖ ਵਿਚ ਖੜ੍ਹਾ ਹੁੰਦਾ ਹੈ ਤੇ ਨਿਆਂ ਵਾਸਤੇ ਲੜਨ ਵਾਲਿਆਂ ਨੂੰ ਸਜ਼ਾ ਦਿੰਦਾ ਹੈ, ਤਾਂ ਮੈਂ ਉਸ ਦਾ ਪਾਲਣ ਕਰਨ ਲਈ ਉਕਾ ਹੀ ਪਾਬੰਦ ਨਹੀਂ ਹਾਂ। ਅਸਲ ਵਿਚ ਉਨ੍ਹਾਂ ਨੇ ਹੀ ਮੈਨੂੰ ਅਜਿਹਾ ਮੌਕਾ ਦੇ ਦਿੱਤਾ ਹੈ ਕਿ ਮੈਂ ਆਪਣੀ ਭੂਮਿਕਾ ਤੈਅ ਕਰ ਲਵਾਂ। ਮਿਸਟਰ ਬਿਊਕਸ ਸਾਡੇ ਦੇਸ ਅੰਦਰ ਅੱਜ ਇਹੋ ਕੁਝ ਹੋ ਰਿਹਾ ਹੈ। ਅਨਿਆਂ ਦਾ ਬੋਲਬਾਲਾ ਹੈ ਤੇ ਕੁਝ ਹਿੰਮਤੀ ਲੋਕ ਹਨ ਜੋ ਆਪਣੀ ਜਾਨ ਉਤੇ ਖੇਡ ਕੇ ਉਸ ਦਾ ਵਿਰੋਧ ਕਰ ਰਹੇ ਹਨæææਕਾਸ਼, ਮੈਂ ਵੀ ਇਸ ਵਿਚ ਕੁਝ ਕਰ ਸਕਦਾ।”
ਉਸ ਨੇ ਬਿਊਕਸ ਵੱਲ ਦੇਖਿਆ। ਇਉਂ ਲਗਦਾ ਸੀ ਜਿਵੇਂ ਕਿੰਨੇ ਦਿਨਾਂ ਤੋਂ ਉਹ ਅਜਿਹਾ ਭਾਸ਼ਣ ਦੇਣ ਲਈ ਸੋਚ ਰਿਹਾ ਸੀ।
“ਆਉ, ਆਪਾਂ ਚਾਹ ਪੀ ਲਈਏæææਤੁਸੀਂ ਵੀ ਸੋਚ ਰਹੇ ਹੋਵੇਗੇ ਕਿ ਚਾਹ ਦੇ ਚੱਕਰ ਵਿਚ ਬੁਰੇ ਫਸੇæææ।”
“ਅਜਿਹਾ ਕਿਉਂ?”
“ਕਿਉਂਕਿ ਮੈਂ ਭਾਸ਼ਣ ਦੇ ਰਿਹਾ ਹਾਂ।”
“ਨਹੀਂ ਡਾਕਟਰ”, ਬਿਊਕਸ ਨੇ ਕਿਹਾ, “ਮੈਨੂੰ ਤੁਹਾਡੀ ਗੱਲ ਸੁਣ ਕੇ ਬਹੁਤ ਚੰਗਾ ਲੱਗਾ।”
ਡਾਕਟਰ ਨੂੰ ਅਚਾਨਕ ਕੁਝ ਯਾਦ ਆਇਆ ਤੇ ਉਹ ਉਠ ਕੇ ਅੰਦਰ ਚਲੇ ਗਿਆ।
ਬਾਹਰ ਸ਼ਾਮ ਡੂੰਘੀ ਹੋ ਰਹੀ ਸੀ ਤੇ ਅਸਮਾਨ ਵਿਚ ਬੈਂਗਣੀ ਰੰਗ ਫੈਲ ਰਿਹਾ ਸੀ। ਦੂਰ ਸ਼ਹਿਰ ਦੀਆਂ ਖੂਬਸੂਰਤ ਬੱਤੀਆਂ ਦੀ ਸ਼ਾਨ ਫੈਲੀ ਹੋਈ ਸੀ ਤੇ ਲਗਦਾ ਸੀ ਜਿਵੇਂ ਹਵਾਈ ਹਮਲੇ ਤੋਂ ਬਾਅਦ ਸ਼ਹਿਰ ਫਿਰ ਜਾਗ ਪਿਆ ਸੀ। ਬਾਹਰ ਕਾਲਿਆਂ ਲਈ ਬਣੇ ਸਿਨੇਮਾ ਹਾਲ ਦੀ ਖਿੜਕੀ ਦੇ ਮੂਹਰੇ ਟਿਕਟ ਲੈਣ ਵਾਲਿਆਂ ਦੀ ਕਤਾਰ ਲੱਗੀ ਹੋਈ ਸੀ। ਕੋਈ ਸ਼ਰਾਬੀ ਡਿੱਕੋ-ਡੋਲੇ ਖਾਂਦਾ ਜਾ ਰਿਹਾ ਸੀ। ਸ਼ਨਿਚਰਵਾਰ ਦੀ ਰਾਤ ਮੌਜ-ਮਸਤੀ ਕਰਨ ਵਾਲਿਆਂ ਦੀ ਰਾਤ ਹੁੰਦੀ ਹੈ। ਥੋੜ੍ਹਾ ਹੋਰ ਅੱਗੇ ਕਿਸੇ ਅਖਬਾਰ ਦਾ ਇਸ਼ਤਿਹਾਰ ਸੀ: “ਗੁਪਤ ਪਰਚਿਆਂ ਬਾਰੇ ਸਕਿਉਰਿਟੀ ਚੀਫ਼ ਦੀ ਰਿਪੋਰਟ।”
“ਮੇਰੀ ਪਤਨੀ ਅਪਾਹਜਾਂ ਲਈ ਕੱਪੜੇ ਇਕੱਠੇ ਕਰਦੀ ਹੈ, ਤੁਸੀਂ ਇਹ ਕੋਟ ਲੈ ਲਵੋ, ਆਰਾਮ ਰਹੇਗਾ,” ਡਾਕਟਰ ਨੇ ਕਿਹਾ, “ਇਹ ਸਾਈਜ਼ ਵਿਚ ਵੱਡਾ ਹੋਵੇਗਾ, ਖੈਰ ਕੋਈ ਗੱਲ ਨਹੀਂ।”
“ਬਹੁਤæææਬਹੁਤ ਸ਼ੁਕਰੀਆ,” ਬਿਊਕਸ ਨੇ ਆਪਣਾ ਪੁਰਾਣਾ ਕੋਟ ਲਾਹ ਕੇ ਡਾਕਟਰ ਦਾ ਦਿੱਤਾ ਹੋਇਆ ਕੋਟ ਪਹਿਨ ਲਿਆ। ਪੁਰਾਣੇ ਕੋਟ ਦੀ ਜੇਬ ਵਿਚ ਪਏ ਸਾਮਾਨ ਨੂੰ ਦੂਜੇ ਕੋਟ ਵਿਚ ਰੱਖਣ ਵਿਚ ਡਾਕਟਰ ਨੇ ਵੀ ਬਿਊਕਸ ਦੀ ਮਦਦ ਕੀਤੀ।
ਬਿਊਕਸ ਹੁਣ ਜਾਣ ਦੀ ਤਿਆਰੀ ਵਿਚ ਸੀ।
“ਡਾਕਟਰ, ਹੁਣ ਚੱਲਦਾ ਹਾਂæææਤੁਹਾਡਾ ਕਾਫ਼ੀ ਵਕਤ ਲੈ ਲਿਆ।” ਬਿਊਕਸ ਨੇ ਕੋਟ ਦਾ ਬਟਨ ਬੰਦ ਕਰਦਿਆਂ ਕਿਹਾ, “ਮੈਂ ਫਿਰ ਮਿਲਾਂਗਾæææਤੁਸੀਂ ਤਾਂ ਸਮਝ ਹੀ ਰਹੇ ਹੋਵੋਗੇ ਕਿæææ।”
“ਬਿਲਕੁਲ ਸਮਝ ਰਿਹਾ ਹਾਂæææ,” ਡਾਕਟਰ ਨੇ ਕਿਹਾ, “ਸਿਰ ਦਰਦ ਹੋਣ ਵੇਲੇ ਚਾਰ-ਚਾਰ ਘੰਟੇ ਦੇ ਵਕਫ਼ੇ ਮਗਰੋਂ ਦਵਾਈ ਲੈ ਲੈਣਾ ਤੇæææਆਪਣਾ ਪੂਰਾ ਖਿਆਲ ਰੱਖਣਾ।”
ਬਿਊਕਸ ਸੜਕ ਉਤੇ ਤੁਰਿਆ ਜਾ ਰਿਹਾ ਸੀ। “ਮੈਂ ਤੁਹਾਨੂੰ ਆਪਣੇ ਸੁਪਨਿਆਂ ਵਿਚ ਦੇਖਾਂਗਾ,” ਡਾਕਟਰ ਨੇ ਮਨ ਹੀ ਮਨ ਕਿਹਾ ਤੇ ਖਿੜਕੀ ਬੰਦ ਕਰ ਦਿੱਤੀ।
#