ਲਗਜ਼ਰੀ ਕਾਰਾਂ ਨੇ ਪੰਜਾਬ ਦੇ ਖਜ਼ਾਨੇ ਦਾ ਧੂੰਆਂ ਕੱਢਿਆ

ਬਠਿੰਡਾ: ਪ੍ਰਾਈਵੇਟ ਕਾਰਾਂ ਵਰਤਣ ਵਾਲੇ ਪੰਜਾਬ ਦੇ ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਖਜ਼ਾਨੇ ਦਾ ਮੀਟਰ ਘੁੰਮਾ ਦਿੱਤਾ ਹੈ। ਪੰਜ ਵਜ਼ੀਰਾਂ ਅਤੇ 11 ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਕੈਮਰੀ ਤੇ ਕਰੋਲਾ ਨੂੰ ਅਲਵਿਦਾ ਆਖ ਕੇ ਨਿੱਜੀ ਫਾਰਚੂਨਰ ਤੇ ਇਨੋਵਾ ਗੱਡੀਆਂ ‘ਤੇ ਸਫਰ ਸ਼ੁਰੂ ਕਰ ਦਿੱਤਾ ਹੈ।

ਸਰਕਾਰ ਵਲੋਂ ਇਨ੍ਹਾਂ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਪ੍ਰਤੀ ਕਿਲੋਮੀਟਰ 15 ਰੁਪਏ ਤੇਲ ਖਰਚ ਦਿੱਤਾ ਜਾਂਦਾ ਸੀ। ਸਰਕਾਰ ਨੇ ਹੁਣ ਇੱਕ ਜੂਨ ਤੋਂ ਇਸ ਵਿਚ ਵਾਧਾ ਕਰ ਕੇ 18 ਰੁਪਏ ਪ੍ਰਤੀ ਕਿਲੋਮੀਟਰ ਤੇਲ ਖਰਚ ਕਰ ਦਿੱਤਾ ਹੈ।
ਪੰਜਾਬ ਦੀ ਮੰਤਰੀ ਮੰਡਲ ਸ਼ਾਖਾ ਤੋਂ ਆਰæਟੀæਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਾਲ 2012 13 ਵਿਚ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਆਪਣੇ ਪ੍ਰਾਈਵੇਟ ਵਾਹਨ ਵਰਤਣ ਦੀ ਖੁੱਲ੍ਹ ਦੇ ਦਿੱਤੀ ਸੀ। ਰਾਜ ਸਰਕਾਰ ਤੇਲ ਖਰਚ ਤੋਂ ਬਿਨਾਂ ਡਰਾਈਵਰ ਦੀ ਤਨਖਾਹ ਅਤੇ ਮੁਰੰਮਤ ਵਾਸਤੇ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਵੀ ਦਿੰਦੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲੇ ਵਜ਼ੀਰ ਤੇ ਮੁੱਖ ਸੰਸਦੀ ਸਕੱਤਰ ਰੋਜ਼ਾਨਾ 200 ਤੋਂ 250 ਕਿਲੋਮੀਟਰ ਸਫਰ ਕਰਨ ਲੱਗੇ ਹਨ ਕਿਉਂਕਿ ਤੇਲ ਖਰਚ ਦੀ ਕੋਈ ਸੀਮਾ ਹੀ ਨਹੀਂ ਹੈ। ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਪਣੀ ਫਾਰਚੂਨਰ ਗੱਡੀ 3 ਸਤੰਬਰ 2013 ਤੋਂ ਵਰਤ ਰਹੇ ਹਨ। ਸ਼ੁਰੂ ਤੋਂ ਫਰਵਰੀ 2015 ਤੱਕ ਉਹ ਰੋਜ਼ਾਨਾ ਔਸਤਨ 236 ਕਿਲੋਮੀਟਰ ਪ੍ਰਾਈਵੇਟ ਗੱਡੀ ਵਿਚ ਸਫਰ ਕਰ ਰਹੇ ਹਨ। ਖਜ਼ਾਨੇ ਚੋਂ ਉਨ੍ਹਾਂ ਨੂੰ 480 ਦਿਨਾਂ ਦੇ 17æ04 ਲੱਖ ਰੁਪਏ ਤੇਲ ਖਰਚ ਦੇ ਜਾਰੀ ਹੋਏ ਹਨ। ਜਨ ਸਿਹਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ 12 ਜਨਵਰੀ 2015 ਤੋਂ ਫਾਰਚੂਨਰ ਗੱਡੀ ਵਰਤਣੀ ਸ਼ੁਰੂ ਕੀਤੀ ਹੈ। 31 ਮਾਰਚ 2015 ਤੱਕ ਉਨ੍ਹਾਂ ਦੀ ਪ੍ਰਾਈਵੇਟ ਗੱਡੀ ਰੋਜ਼ਾਨਾ ਔਸਤ 218 ਕਿਲੋਮੀਟਰ ਚੱਲੀ ਹੈ। ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪ੍ਰਾਈਵੇਟ ਫਾਰਚੂਨਰ ਗੱਡੀਆਂ ਵਰਤ ਰਹੇ ਹਨ। ਇਵੇਂ ਹੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਨਵੰਬਰ 2014 ਤੋਂ ਆਪਣੀ ਪ੍ਰਾਈਵੇਟ ਟੌਏਟਾ ਇਨੋਵਾ ਵਰਤਣੀ ਸ਼ੁਰੂ ਕੀਤੀ ਹੈ ਜਿਸ ਦੇ ਤੇਲ ਖਰਚ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਹਨ। ਵਜ਼ੀਰ ਰੱਖੜਾ ਦਾ ਤਰਕ ਹੈ ਕਿ ਸਰਕਾਰੀ ਗੱਡੀਆਂ ਕਾਫੀ ਪੁਰਾਣੀਆਂ ਹੋ ਗਈਆਂ ਹਨ ਜਿਸ ਕਰ ਕੇ ਵਜ਼ੀਰ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਨਿੱਜੀ ਵਾਹਨ ਵਰਤ ਰਹੇ ਹਨ। ਮੁੱਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਆਪਣੀ ਫਾਰਚੂਨਰ ਗੱਡੀ ਵਿਚ ਸਫਰ ਕਰਦੇ ਹਨ ਜੋ ਰੋਜ਼ਾਨਾ ਔਸਤਨ 311 ਕਿਲੋਮੀਟਰ ਚੱਲਦੀ ਹੈ। ਉਨ੍ਹਾਂ ਦੀ ਫਾਰਚੂਨਰ ਗੱਡੀ 257 ਦਿਨਾਂ ਵਿਚ 80,151 ਕਿਲੋਮੀਟਰ ਚੱਲੀ ਹੈ ਜਿਸ ਦਾ 12æ02 ਲੱਖ ਰੁਪਏ ਤੇਲ ਖਰਚ ਖਜ਼ਾਨੇ ਚੋਂ ਤਾਰਿਆ ਗਿਆ ਹੈ। ਹਰਮੀਤ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਲਕਾ ਰਾਜਧਾਨੀ ਤੋਂ ਦੂਰ ਪੈਂਦਾ ਹੈ ਅਤੇ ਹਲਕਾ ਭੂਗੋਲਿਕ ਤੌਰ ਤੇ ਲੰਮਾ ਚੌੜ੍ਹਾ ਹੋਣ ਕਰ ਕੇ ਗੱਡੀ ਜ਼ਿਆਦਾ ਚੱਲਦੀ ਹੈ। ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਆਪਣੀ ਪ੍ਰਾਈਵੇਟ ਟੋਇਟਾ ਕਿਰਲੋਸਕਰ ਗੱਡੀ ਵਰਤਦੇ ਹਨ। ਉਨ੍ਹਾਂ ਦੀ ਗੱਡੀ ਸਤੰਬਰ 2014 ਤੋਂ ਫਰਵਰੀ 2015 ਤੱਕ ਔਸਤ 282 ਕਿਲੋਮੀਟਰ ਰੋਜ਼ਾਨਾ ਚੱਲਦੀ ਰਹੀ ਹੈ। ਉਨ੍ਹਾਂ ਨੂੰ 7æ63 ਲੱਖ ਰੁਪਏ ਦਾ ਤੇਲ ਖਰਚ ਦਿੱਤਾ ਗਿਆ ਹੈ। ਮੁੱਖ ਸੰਸਦੀ ਸਕੱਤਰ (ਖੇਡਾਂ ਤੇ ਯੁਵਕ ਮਾਮਲੇ) ਪਵਨ ਕੁਮਾਰ ਟੀਨੂੰ ਦੀ ਨਿੱਜੀ ਗੱਡੀ ਰੋਜ਼ਾਨਾ ਔਸਤਨ 224 ਕਿਲੋਮੀਟਰ ਚੱਲਦੀ ਹੈ। ਉਨ੍ਹਾਂ ਨੂੰ ਸਵਾ ਦੋ ਸਾਲਾਂ ਦਾ ਤੇਲ ਖਰਚਾ 27æ63 ਲੱਖ ਰੁਪਏ ਜਾਰੀ ਕੀਤਾ ਗਿਆ ਹੈ।
ਮੁੱਖ ਸੰਸਦੀ ਸਕੱਤਰ ਨੰਦ ਲਾਲ 16 ਅਪਰੈਲ 2013 ਤੋਂ ਆਪਣੀ ਇਨੋਵਾ ਗੱਡੀ ਵਰਤ ਰਹੇ ਹਨ ਜੋ ਰੋਜ਼ਾਨਾ ਔਸਤਨ 190 ਕਿਲੋਮੀਟਰ ਸਫਰ ਕਰਦੇ ਹਨ। ਉਨ੍ਹਾਂ ਨੂੰ ਕਰੀਬ ਡੇਢ ਸਾਲ ਦੇ 15æ66 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਗਏ ਹਨ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਆਪਣੀ ਫਾਰਚੂਨਰ ਗੱਡੀ ਵਰਤ ਰਹੇ ਹਨ। ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਅਗਸਤ 2012 ਤੋਂ ਆਪਣੀ ਪ੍ਰਾਈਵੇਟ ਫਾਰਚੂਨਰ ਗੱਡੀ ਵਰਤ ਰਹੇ ਹਨ। ਕਰੀਬ ਸਵਾ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਰੋਜ਼ਾਨਾ 168 ਕਿਲੋਮੀਟਰ ਸਫਰ ਕੀਤਾ ਹੈ, ਹਾਲਾਂਕਿ ਉਨ੍ਹਾਂ ਦੇ ਹਲਕੇ ਦਾ ਭੂਗੋਲਿਕ ਘੇਰਾ 5 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਹੈ। ਸਰਕਾਰ ਨੇ ਉਨ੍ਹਾਂ ਨੂੰ 21æ81 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਹਨ।
ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ 26 ਨਵੰਬਰ 2012 ਤੋਂ ਦਸੰਬਰ 2014 ਤੱਕ ਤੇਲ ਖਰਚ ਸਮੇਤ ਡਰਾਈਵਰ ਦੀ ਤਨਖਾਹ ਆਦਿ 19æ68 ਲੱਖ ਦੀ ਅਦਾਇਗੀ ਕੀਤੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲਿਆਂ ਵਿਚ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਐਨæਕੇæ ਸ਼ਰਮਾ, ਅਵਿਨਾਸ਼ ਚੰਦਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਸ਼ਾਮਲ ਹਨ।