ਭੁੱਲਰ ਪਿਛੋਂ ਹੋਰ ਸਿੱਖ ਕੈਦੀਆਂ ਨੂੰ ਪੰਜਾਬ ਤਬਦੀਲ ਕਰਨ ਦੀ ਤਿਆਰੀ

ਅੰਮ੍ਰਿਤਸਰ: ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਪਿੱਛੋਂ ਅਜਿਹੇ ਹੋਰ ਸਿੱਖ ਕੈਦੀਆਂ ਬਾਰੇ ਵੀ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ 15 ਤੋਂ ਵਧੇਰੇ ਸਿੱਖ ਕੈਦੀ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਹਨ, ਜਿਨ੍ਹਾਂ ਵਿਚ ਸਜ਼ਾਵਾਂ ਭੁਗਤ ਚੁੱਕੇ ਤੇ ਵਿਚਾਰ ਅਧੀਨ ਕੈਦੀ ਵੀ ਹਨ।

ਇਨ੍ਹਾਂ ਵਿਚੋਂ ਚਾਰ ਕੈਦੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ, ਯੂæਪੀæ ਦੀਆਂ ਜੇਲ੍ਹਾਂ ਵਿਚ ਦੋ, ਕਰਨਾਟਕ ਵਿਚ ਇਕ ਤੇ ਰਾਜਸਥਾਨ ਵਿਚ ਵੀ ਇਕ ਸ਼ਾਮਲ ਹੈ। ਅਜਿਹੇ 80 ਤੋਂ ਵੱਧ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਬਾਰੇ ਬਜ਼ੁਰਗ ਸਿੱਖ ਆਗੂ ਭਾਈ ਸੂਰਤ ਸਿੰਘ ਖਾਲਸਾ ਵੱਲੋਂ ਤਕਰੀਬਨ ਚਾਰ ਮਹੀਨਿਆਂ ਤੋਂ ਭੁੱਖ ਹੜਤਾਲ ਕੀਤੀ ਗਈ ਹੈ। ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਮਗਰੋਂ ਗੁਰਦੀਪ ਸਿੰਘ ਖਹਿਰਾ ਕਰਨਾਟਕ ਜੇਲ੍ਹ, ਦਇਆ ਸਿੰਘ ਲਾਹੌਰੀਆ, ਪਰਮਜੀਤ ਸਿੰਘ ਭਿਊਰਾ, ਵਰਿਆਮ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਸਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਫ਼ੌਜੀ ਵੀ ਪੰਜਾਬ ਵਾਪਸੀ ਦੀ ਲਾਈਨ ਵਿਚ ਲੱਗੇ ਹਨ। ਕਰਨਾਟਕ ਸਰਕਾਰ ਨੇ ਗੁਲਬਰਗਾ ਜੇਲ੍ਹ ਵਿਚ ਬੰਦ ਖਾੜਕੂ ਗੁਰਦੀਪ ਸਿੰਘ ਖਹਿਰਾ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਖਹਿਰਾ ਗੁਲਬਰਗਾ ਦੀ ਜੇਲ੍ਹ ਵਿਚ ਉਮਰ ਕੈਦ ਭੁਗਤ ਰਿਹਾ ਹੈ। ਕਰਨਾਟਕ ਦੇ ਗ੍ਰਹਿ ਵਿਭਾਗ ਨੇ ਪੰਜਾਬ ਗ੍ਰਹਿ ਵਿਭਾਗ ਨੂੰ ਸੂਚਿਤ ਕੀਤਾ ਹੈ ਕਿ ਖਹਿਰਾ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਲਈ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ, ਹੁਣ ਕਿਸੇ ਵੇਲੇ ਵੀ ਖਹਿਰਾ ਦੀ ਜੇਲ੍ਹ ਤਬਦੀਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਖਹਿਰਾ ਖਿਲਾਫ 1996 ਵਿਚ ਦਿੱਲੀ ਤੇ ਬਿਦਰ (ਕਰਨਾਟਕ) ਵਿਚ ਦੋ ਵੱਖ-ਵੱਖ ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ। ਸੂਤਰਾਂ ਮੁਤਾਬਕ ਹੁਣ ਤੱਕ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਵੱਲੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਲਈ ਅਰਜੀ ਦਾਇਰ ਕੀਤੀ ਗਈ ਸੀ। ਖਹਿਰਾ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਜਲੌਅਪੁਰ ਖਹਿਰਾ ਦਾ ਰਹਿਣ ਵਾਲਾ ਹੈ। ਭੁੱਲਰ ਤੋਂ ਬਾਅਦ ਅਜਿਹੇ ਅੱਠ ਸਿੱਖ ਕੈਦੀ, ਜਿਨ੍ਹਾਂ ਬਾਰੇ ਸੂਰਤ ਸਿੰਘ ਖਾਲਸਾ ਸੰਘਰਸ਼ ਕਮੇਟੀ ਨੇ ਜੇਲ੍ਹ ਤਬਾਦਲੇ ਦੀ ਮੰਗ ਡੀæਜੀæਪੀæ ਸੁਮੇਧ ਸੈਣੀ ਕੋਲ ਕਰ ਚੁੱਕੀ ਹੈ, ਵਿਚ ਦਿਆ ਸਿੰਘ ਲਾਹੌਰੀਆ, ਪਰਮਜੀਤ ਭਿਓਰਾ, ਗੁਰਦੀਪ ਸਿੰਘ, ਵਰਿਆਮ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਲਖਵਿੰਦਰ ਸਿੰਘ, ਸਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦੇ ਨਾਂ ਜ਼ਿਕਰਯੋਗ ਹਨ।
ਦਵਿੰਦਰਪਾਲ ਸਿੰਘ ਭੁੱਲਰ ਨੂੰ 1993 ਵਿਚ ਦਿੱਲੀ ਵਿਖੇ ਬੰਬ ਧਮਾਕੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 2001 ਵਿਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਵਰ੍ਹੇ ਉਸ ਦੀ ਮਾੜੀ ਸਿਹਤ ਤੇ ਮਾਨਸਿਕ ਹਾਲਤ ਨੂੰ ਵੇਖਦਿਆਂ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਨੂੰ ਰੱਦ ਕਰਦਿਆਂ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮਗਰੋਂ ਉਸਦੀ ਪਤਨੀ ਵੱਲੋਂ ਪੰਜਾਬ ਸਰਕਾਰ ਕੋਲ ਅਪੀਲ ਦਾਇਰ ਕੀਤੀ ਗਈ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾੜੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮਨੁੱਖੀ ਹਮਦਰਦੀ ਵਜੋਂ ਉਸ ਨੂੰ ਤਿਹਾੜ ਤੋਂ ਅੰਮ੍ਰਿਤਸਰ ਤਬਦੀਲ ਕੀਤਾ ਜਾਵੇ। ਉਸਦੀ ਅਪੀਲ ਨੂੰ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਕੋਲ ਭੇਜ ਦਿੱਤਾ ਸੀ। ਦੋਵਾਂ ਸਰਕਾਰਾਂ ਦੀ ਸਹਿਮਤੀ ਮਗਰੋਂ ਹੁਣ ਉਸ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਦਾ ਫੈਸਲਾ ਹੋਇਆ ਸੀ।
__________________________________________________
ਇਨ੍ਹਾਂ ਸਿੱਖ ਕੈਦੀਆਂ ਬਾਰੇ ਵਿਚਾਰਾਂ
ਗੁਰਦੀਪ ਸਿੰਘ ਖਹਿਰਾ ਕਰਨਾਟਕ ਜੇਲ੍ਹ, ਦਇਆ ਸਿੰਘ ਲਾਹੌਰੀਆ, ਪਰਮਜੀਤ ਸਿੰਘ ਭਿਊਰਾ, ਵਰਿਆਮ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਸਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਫ਼ੌਜੀ, ਲਾਲ ਸਿੰਘ (ਨਾਭਾ ਜੇਲ੍ਹ), ਹਰਭਜਨ ਸਿੰਘ (85), ਮੋਹਨ ਸਿੰਘ (73), ਸਵਰੂਪ ਸਿੰਘ (66), ਅਵਤਾਰ ਸਿੰਘ (77) ਤੇ ਸੁਭੇਗ ਸਿੰਘ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਬਹੁਤੇ ਸਿੱਖ ਕੈਦੀ ਜਾਂ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਜਾਂ ਫਿਰ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ ਹਨ ਜਿਨ੍ਹਾਂ ਦੀ ਰਿਹਾਈ ਲਈ ਵੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ।
__________________________________________________
ਸੁਰੱਖਿਆ ਦਾ ਭਾਰ ਚੁੱਕਣ ਦੇ ਸਮਰੱਥ ਨੇ ਪੰਜਾਬ ਦੀਆਂ ਜੇਲ੍ਹਾਂ?
ਚੰਡੀਗੜ੍ਹ: ਦਵਿੰਦਰਪਾਲ ਭੁੱਲਰ ਤੋਂ ਬਾਅਦ ਅੱਠ ਹੋਰ ਸਿੱਖ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਵੱਡੀ ਪੱਧਰ ਉਤੇ ਫੋਨਾਂ ਦੀ ਵਰਤੀ ਹੁੰਦੀ ਹੈ ਤੇ ਨਿੱਤ ਦਿਨ ਜੇਲ੍ਹ ਵਿਚ ਤਰ੍ਹਾਂ-ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਸਵਾਲ ਉੱਠ ਰਹੇ ਹਨ ਕਿ ਪੰਜਾਬ ਦੀਆਂ ਇਨ੍ਹਾਂ ਜੇਲ੍ਹਾਂ ਵਿਚੋਂ ਇਨ੍ਹਾਂ ਖਾੜਕੂਆਂ ਲਈ ਭੱਜਣਾ ਅਸਾਨ ਹੈ। ਇਹ ਵੀ ਅਹਿਮ ਤੱਥ ਹੈ ਕਿ 2004 ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਓਰਾ ਨਾਂ ਦੇ ਖਾਲਿਸਤਾਨੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚੋਂ ਸਰੁੰਗ ਬਣਾ ਕੇ ਫਰਾਰ ਹੋ ਗਏ ਸਨ। ਲੰਬਾ ਸਮਾਂ ਸਰੁੰਗ ਪੁੱਟਣ ਦੇ ਬਾਵਜੂਦ ਪੁਲਿਸ ਨੂੰ ਕੰਨੋ-ਕੰਨ ਖ਼ਬਰ ਨਹੀਂ ਹੋਈ ਸੀ। ਇਸ ਲਈ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਤਾਂ ਚੰਡੀਗੜ੍ਹ ਨਾਲੋਂ ਕਿਤੇ ਮਾੜਾ ਹੈ।
__________________________________________________
ਭੁੱਲਰ ਨੂੰ ਭਜਾਉਣ ਦੀ ਸਾਜ਼ਿਸ਼: ਬਿੱਟਾ
ਕੁੱਲ ਹਿੰਦ ਅਤਿਵਾਦ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਆਖਿਆ ਕਿ ਇਹ ਉਸ ਨੂੰ ਭਜਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਉਸਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਗਿਆ ਹੈ ਤੇ ਹੁਣ ਉਸ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਮਗਰੋਂ ਉਸ ਨੂੰ ਮਾਨਸਿਕ ਤੌਰ ਉਤੇ ਠੀਕ ਨਾ ਹੋਣ ਦੇ ਆਧਾਰ ਉਤੇ ਮਨੋਰੋਗ ਹਸਪਤਾਲ ਵਿਚ ਭੇਜ ਦਿੱਤਾ ਜਾਵੇਗਾ, ਜਿਥੋਂ ਉਸ ਲਈ ਭੱਜਣਾ ਸੌਖਾ ਹੋਵੇਗਾ।
__________________________________________________
ਦਿਮਾਗੀ ਬਿਮਾਰ ਬੰਦੇ ਤੋਂ ਕੀ ਖਤਰਾ: ਬਾਦਲ
ਜਲੰਧਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ 1993 ਬੰਬ ਧਮਾਕਿਆਂ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਰੱਖੇ ਜਾਣ ਨਾਲ ਪੰਜਾਬ ਦੀ ਅਮਨ ਸ਼ਾਂਤੀ ਪ੍ਰਭਾਵਿਤ ਨਹੀਂ ਹੋਵੇਗੀ। ਬਾਦਲ ਦਾ ਕਹਿਣਾ ਹੈ ਕਿ ਭੁੱਲਰ ਬਿਮਾਰ ਹੈ, ਭਾਵੇਂ ਉਹ ਤਿਹਾੜ ਰਹੇ ਜਾਂ ਅੰਮ੍ਰਿਤਸਰ, ਇਸ ਨਾਲ ਅਤਿਵਾਦ ਦਾ ਕੋਈ ਖਤਰਾ ਨਹੀਂ। ਦੱਸਣਯੋਗ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਸ਼ਿਫਟ ਕਰਨ ਉਤੇ ਖਾਲਿਸਤਾਨ ਵਿਰੋਧੀਆਂ ਨੇ ਇਤਰਾਜ਼ ਜਤਾਇਆ ਸੀ ਤੇ ਭੁੱਲਰ ਦੇ ਪੰਜਾਬ ਆਉਣ ਨਾਲ ਹਾਲਾਤ ਵਿਗੜਨ ਦਾ ਖਦਸ਼ਾ ਜਤਾਇਆ ਸੀ।