ਹੁਣ ਭੁੱਲਰ ਦੀ ਰਿਹਾਈ ਲਈ ਸ਼ੁਰੂ ਹੋਈ ਚਾਰਾਜੋਈ

ਅੰਮ੍ਰਿਤਸਰ: ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ ਕੀਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਉਤੇ ਰਿਹਾਈ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪ੍ਰੋæ ਭੁੱਲਰ 20 ਸਾਲ ਤੋਂ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਰਿਹਾ ਤੇ ਕੇਂਦਰ ਸਰਕਾਰ ਨੇ ਕਦੇ ਵੀ ਉਨ੍ਹਾਂ ਨੂੰ ਪੈਰੋਲ ‘ਤੇ ਜਾਣ ਦੀ ਮਨਜੂਰੀ ਨਹੀਂ ਦਿੱਤੀ ਪਰ ਹੁਣ ਉਹ ਪੰਜਾਬ ਸਰਕਾਰ ਦੀ ਹਿਰਾਸਤ ਵਿਚ ਹੈ।

ਇਸ ਲਈ ਭੁੱਲਰ ਨੂੰ ਮੈਡੀਕਲ ਅਨਫਿੱਟ ਦੇ ਆਧਾਰ ‘ਤੇ ਕਦੇ ਵੀ ਪੈਰੋਲ ਮਿਲ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰੋæ ਭੁੱਲਰ ਨੂੰ 40 ਦਿਨ ਦੀ ਪੈਰੋਲ ‘ਤੇ ਭੇਜਣ ਦੀ ਤਿਆਰੀ ਵੀ ਹੋ ਚੁੱਕੀ ਹੈ।
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਆਰæਕੇæ ਸ਼ਰਮਾ ਨੇ ਆਖਿਆ ਹੈ ਕਿ ਭੁੱਲਰ ਪੈਰੋਲ ਪ੍ਰਾਪਤ ਕਰ ਸਕਦਾ ਹੈ। ਜੇਲ੍ਹ ਨਿਯਮਾਂ ਦੇ ਮੁਤਾਬਕ ਉਹ ਪੈਰੋਲ ਪ੍ਰਾਪਤ ਕਰਨ ਦਾ ਹੱਕ ਰੱਖਦਾ ਹੈ ਪਰ ਫਿਲਹਾਲ ਇਸ ਬਾਰੇ ਕੋਈ ਅਰਜ਼ੀ ਪ੍ਰਾਪਤ ਨਹੀਂ ਹੋਈ ਹੈ। ਅਰਜ਼ੀ ਮਿਲਣ ਮਗਰੋਂ ਹੀ ਇਸ ਉਤੇ ਵਿਚਾਰ ਕੀਤਾ ਜਾਵੇਗਾ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਤੇ ਹੋਰਨਾਂ ਨੇ ਭੁੱਲਰ ਨਾਲ ਮੁਲਾਕਾਤ ਕਰਨ ਮਗਰੋਂ ਸਰਕਾਰ ਨੂੰ ਅਪੀਲ ਕੀਤੀ ਕਿ ਭੁੱਲਰ ਦੀ ਰਿਹਾਈ ਲਈ ਲੋੜੀਂਦੀ ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਭੁੱਲਰ ਦੀ ਪਤਨੀ ਨਵਨੀਤ ਕੌਰ ਦਾ ਕਹਿਣਾ ਹੈ ਕਿ ਭੁੱਲਰ ਦੀ ਪੈਰੋਲ ਉਤੇ ਰਿਹਾਈ ਲਈ ਅਰਜ਼ੀ ਪਾਈ ਜਾਵੇਗੀ। ਇਸ ਲਈ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਰਿਹਾਈ ਭੁੱਲਰ ਦੀ ਸਿਹਤ ਦੇ ਆਧਾਰ ਉਤੇ ਮੰਗੀ ਜਾ ਰਹੀ ਹੈ।
ਸਿੱਖ ਜਥੇਬੰਦੀ ਦਲ ਖਾਲਸਾ ਦੇ ਕਨਵੀਨਰ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਵਿੰਦਰ ਪਾਲ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਸ਼ਿਫਟ ਕਰਨ ਤੋਂ ਬਾਅਦ ਪੈਰੋਲ ਉਤੇ ਰਿਹਾਅ ਕੀਤਾ ਜਾਵੇਗਾ। ਬਿੱਟੂ ਨੇ ਕਿਹਾ ਕਿ ਭੁੱਲਰ ਨੂੰ ਇਸ ਲਈ ਪੰਜਾਬ ਦੀ ਜੇਲ੍ਹ ਵਿਚ ਲਿਆਂਦਾ ਗਿਆ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਉਤੇ ਬੈਠੇ ਸੂਰਤ ਸਿੰਘ ਖਾਲਸਾ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਗੰਭੀਰਤਾ ਦਿਖਾਵੇ। ਉਨ੍ਹਾਂ ਕਿਹਾ ਕਿ ਸੂਰਤ ਸਿੰਘ ਖਾਲਸਾ ਦੀ ਮੁਹਿੰਮ ਰੰਗ ਲਿਆ ਰਹੀ ਹੈ ਤੇ ਸਰਕਾਰ ਵੀ ਨੀਂਦ ਖੁੱਲ੍ਹ ਰਹੀ ਹੈ। ਬਿੱਟੂ ਮੁਤਾਬਕ ਸੂਰਤ ਸਿੰਘ ਖਾਲਸਾ ਦੇ ਹੱਕ ਵਿਚ ਬਣੀ ਸੰਘਰਸ਼ ਕਮੇਟੀ ਨੇ ਜਦੋਂ ਸਰਕਾਰ ਨਾਲ ਗੱਲਬਾਤ ਕੀਤੀ ਸੀ ਤਾਂ ਸਭ ਤੋਂ ਅਹਿਮ ਮੰਗ ਇਹ ਸੀ ਕਿ ਦਵਿੰਦਰ ਸਿੰਘ ਭੁੱਲਰ ਨੂੰ ਰਿਹਾਅ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਕੈਦੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸੇ ਕਰਕੇ ਹੀ ਹੁਣ ਸਰਕਾਰ ਵੱਲੋਂ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਸ਼ਿਫਟ ਕਰਕੇ ਪੈਰੋਲ ਉਤੇ ਰਿਹਾਅ ਕਰਨ ਦੀ ਤਿਆਰੀ ਵਿਚ ਹੈ।
_____________________________________________
ਭੁੱਲਰ ਦਾ ਤਬਾਦਲਾ ਕਰਵਾਉਣ ਦਾ ਸਿਹਰਾ ਲੈਣ ਦੀ ਲੱਗੀ ਦੌੜ
ਨਵੀਂ ਦਿੱਲੀ: ਸਿੱਖ ਜਥੇਬੰਦੀਆਂ ਤੇ ਕੁਝ ਸਿਆਸੀ ਧਿਰ ਵਿਚ ਪ੍ਰੋæ ਦਵਿੰਦਰ ਪਾਲ ਭੁੱਲਰ ਦੀ ਤਿਹਾੜ ਜੇਲ੍ਹ ਵਿਚੋਂ ਪੰਜਾਬ ਤਬਦੀਲੀ ਦਾ ਸਿਹਰਾ ਆਪਣੇ ਸਿਰ ਲੈਣ ਦੀ ਹੋੜ ਲੱਗ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæ ਕੇæ ਨੇ ਬੰਦੀ ਸਿੱਖਾਂ ਦੀ ਰਿਹਾਈ ਮਾਮਲੇ ਵਿਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਦਾ ਦਾਅਵਾ ਕੀਤਾ ਹੈ।
ਜੀæ ਕੇæ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਦੀ ਪਟੀਸ਼ਨ ਦੇ ਆਧਾਰ ਉਤੇ ਹੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਸਕੱਤਰ ਨੂੰ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਸਮੂਹ ਕੈਦੀਆਂ ਲਈ ਇਕੋ ਜਿਹਾ ਨਿਯਮ-ਕਾਨੂੰਨ ਬਣਾਉਣ ਵਾਸਤੇ ਅੱਠ ਹਫਤਿਆਂ ਦੀ ਸਮੇਂ ਸੀਮਾਂ ਤੈਅ ਕੀਤੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਇਸ ਬਾਰੇ ਕੋਸ਼ਿਸ਼ ਨਾ ਕਰਦੀ ਤਾਂ ਇਹ ਸੰਭਵ ਨਹੀਂ ਸੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਇਹ ਸਭ ਦਿੱਲੀ ਦੀ ਕੇਜਰੀਵਾਲ ਸਰਕਾਰ ਕਾਰਨ ਸੰਭਵ ਹੋ ਸਕਿਆ ਹੈ।
_________________________________________________
ਭੁੱਲਰ ਦੇ ਜੇਲ੍ਹ ਤਬਾਦਲੇ ਤੋਂ ਪਿੰਡ ਵਸਨੀਕ ਨੇ ਬਾਗੋ-ਬਾਗ
ਭਗਤਾ ਭਾਈ: ਤਕਰੀਬਨ 23 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸਿੱਖ ਨੌਜਵਾਨ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਤੋਂ ਬਾਅਦ ਉਸ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਵਿਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪ੍ਰੋæ ਭੁੱਲਰ ਦੇ ਪਰਿਵਾਰਕ ਮੈਂਬਰ ਤੇ ਸਿੱਖ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਮਾੜੀ ਸਰੀਰਕ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ਼੍ਹ ਵਿਚ ਤਬਦੀਲ ਕਰਨ ਦੀ ਮੰਗ ਕਰ ਰਹੀਆਂ ਸਨ। ਪ੍ਰੋæ ਭੁੱਲਰ ਦੀ ਜੇਲ੍ਹ ਤਬਦੀਲੀ ਤੇ ਇਸ ਤੋਂ ਕੁਝ ਦਿਨਾਂ ਬਾਅਦ ਉਸ ਦੀ ਪੈਰੋਲ ਉਤੇ ਰਿਹਾਈ ਦੀ ਸੰਭਾਵਨਾ ਉਪਰੰਤ ਉਸ ਦੇ ਜੱਦੀ ਘਰ ਦਾ ਤਾਲਾ ਖੁੱਲ੍ਹਣ ਦੀ ਪੂਰੀ ਆਸ ਬਣ ਗਈ ਹੈ। ਗੌਰਤਲਬ ਹੈ ਕਿ ਪਿਛਲੇ ਢਾਈ ਦਹਾਕਿਆਂ ਤੋਂ ਦਵਿੰਦਰਪਾਲ ਦੇ ਘਰ ਨੂੰ ਹਮੇਸ਼ਾ ਤਾਲਾ ਹੀ ਲੱਗਾ ਰਿਹਾ ਹੈ ਤੇ ਕਦੇ-ਕਦਾਈਂ ਹੀ ਉਸ ਦੇ 82 ਸਾਲਾ ਬਿਰਧ ਮਾਤਾ ਉਪਕਾਰ ਕੌਰ ਪਿੰਡ ਗੇੜਾ ਮਾਰਦੇ ਸਨ। ਪ੍ਰੋæ ਭੁੱਲਰ ਦੇ ਚਚੇਰੇ ਭਾਈ ਮੁਖ਼ਤਿਆਰ ਸਿੰਘ ਭੁੱਲਰ ਤੇ ਗੁਰਮੇਜ ਸਿੰਘ ਨੇ ਜੇਲ੍ਹ ਤਬਦੀਲੀ ਉਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਰ ਨੇ ਪਿਛਲੇ ਤਕਰੀਬਨ 23 ਸਾਲਾਂ ਤੋਂ ਦੁੱਖ-ਤਕਲੀਫਾਂ ਦਾ ਹੀ ਸਾਹਮਣਾ ਕੀਤਾ ਹੈ ਤੇ ਕਦੇ ਕਿਸੇ ਪਾਸਿਓਂ ਸੁੱਖ ਦਾ ਬੁੱਲਾ ਨਹੀਂ ਆਇਆ।