ਚੰਡੀਗੜ੍ਹ: ਕਬਾੜ ਨਾਲ ਰੌਕ ਗਾਰਡਨ ਨੂੰ ਸਿਰਜ ਕੇ ਚੰਡੀਗੜ੍ਹ ਨੂੰ ਦੁਨੀਆਂ ਦੇ ਨਕਸ਼ੇ ਉਪਰ ਉਭਾਰਨ ਵਾਲੇ ਨੇਕ ਚੰਦ ਸੈਣੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ 11-12 ਜੂਨ ਦੀ ਦਰਮਿਆਨੀ ਰਾਤ ਨੂੰ ਚੰਡੀਗੜ੍ਹ ਦੇ ਪੀæਜੀæਆਈæ ਵਿਚ ਆਖ਼ਰੀ ਸਾਹ ਲਿਆ। ਨੇਕ ਚੰਦ ਨੂੰ ਨਵੰਬਰ 2014 ਵਿਚ ਕੈਂਸਰ ਹੋਣ ਬਾਰੇ ਪਤਾ ਲੱਗ ਗਿਆ ਸੀ ਪਰ ਉਨ੍ਹਾਂ ਨੇ ਬੱਚਿਆਂ ਤੋਂ ਇਹ ਭੇਤ ਲੁਕਾਈ ਰੱਖਿਆ। ਨੇਕ ਚੰਦ ਦਾ ਜਨਮ 15 ਦਸੰਬਰ, 1924 ਨੂੰ ਪਿੰਡ ਬਾਰੀਆਂ ਕਲਾਂ, ਸ਼ੰਕਰਗੜ੍ਹ (ਜੋ ਹੁਣ ਪਾਕਿਸਤਾਨ ਵਿਚ ਹੈ) ਵਿਖੇ ਹੋਇਆ।
ਉਨ੍ਹਾਂ ਦਾ ਬਚਪਨ ਆਮ ਬੱਚਿਆਂ ਵਾਂਗ ਹੀ ਬੀਤਿਆ ਪਰ ਉਸ ਨੂੰ ਟੁੱਟੀਆਂ-ਫੁੱਟੀਆਂ ਚੀਜ਼ਾਂ ਘਰ ਲਿਆਉਣ ਤੇ ਮਿੱਟੀ ਦੇ ਖਿਡੌਣੇ ਬਣਾਉਣ ਦੀ ਆਦਤ ਉਸ ਵੇਲੇ ਵੀ ਸੀ। ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਗ਼ੁਲਾਮ ਮੈਗੜੀ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ। 1947 ਨੂੰ ਦੇਸ਼ ਵੰਡ ਸਮੇਂ ਹੋਏ ਦੰਗਿਆਂ ਦਾ ਸੇਕ ਨੇਕ ਚੰਦ ਦੇ ਪਰਿਵਾਰ ਨੂੰ ਵੀ ਝੱਲਣਾ ਪਿਆ ਤੇ ਉਹ ਆਪਣੀ ਮਾਤ-ਭੂਮੀ ਛੱਡ ਕੇ ਗੁਰਦਾਸਪੁਰ ਨੇੜੇ ਪਿੰਡ ਪੀਰੋ-ਚੇਚੀ ਆ ਵਸੇ। ਇਥੇ ਉਨ੍ਹਾਂ ਨੂੰ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵਿਚ ਨੌਕਰੀ ਮਿਲ ਗਈ। ਜਦੋਂ ਚੰਡੀਗੜ੍ਹ ਵਿਚ ਪੰਜਾਬ ਦੀ ਨਵੀਂ ਰਾਜਧਾਨੀ ਉਸਾਰਨ ਦਾ ਫ਼ੈਸਲਾ ਹੋਇਆ ਤਾਂ 1952 ਵਿਚ ਉਨ੍ਹਾਂ ਦੀ ਬਦਲੀ ਬਤੌਰ ਰੋਡ ਇੰਸਪੈਟਰ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਵਿਚ ਹੋ ਗਈ। ਇਥੇ ਬਦਲੀ ਨੇ ਹੀ ਉਨ੍ਹਾਂ ਦੇ ਅੰਦਰ ਛੁਪੀ ਕਲਾ ਨੂੰ ਵਿਕਸਿਤ ਹੋਣ ਦਾ ਮੌਕਾ ਦੇ ਦਿੱਤਾ।
ਚੰਡੀਗੜ੍ਹ ਦੇ ਰਾਹਾਂ ਤੇ ਸੜਕਾਂ ਦਾ ਸਰਵੇ ਕਰਦਿਆਂ ਉਨ੍ਹਾਂ ਮੌਜੂਦਾ ਰੌਕ ਗਾਰਡਨ ਵਾਲੀ ਜੰਗਲੀ ਤੇ ਸੁੰਨਸਾਨ ਥਾਂ ਉਤੇ ਆਲੇ-ਦੁਆਲੇ ਲੁੱਕ ਦੇ ਢੋਲ ਲਗਾ ਕੇ ਵਿਭਾਗ ਦਾ ਸਟੋਰ ਬਣਾ ਲਿਆ। ਇਥੇ ਵਿਚਰਦਿਆਂ ਹੀ ਨੇਕ ਚੰਦ ਦੇ ਅੰਦਰ ਛੁਪੇ ਕਲਾਕਾਰ ਮਨ ਨੇ ਰੌਕ ਗਾਰਡਨ ਦੀ ਸਿਰਜਣਾ ਦੀ ਸ਼ੁਰੂਆਤ ਕੀਤੀ। ਉਹ ਤੁਰਦੇ-ਫਿਰਦੇ, ਆਉਂਦੇ-ਜਾਂਦੇ, ਪਹਾੜਾਂ ਤੇ ਚੋਆਂ ਵਿਚੋਂ ਵਿਲੱਖਣ ਪੱਥਰ ਇਕੱਠੇ ਕਰਕੇ ਇਥੇ ਲਿਆ ਢੇਰ ਲਗਾਉਂਦੇ ਗਏ ਤੇ ਹੌਲੀ ਹੌਲੀ ਇਨ੍ਹਾਂ ਤੋਂ ਕੁਝ ਨਾ ਕੁਝ ਬਣਾਉਂਦੇ ਗਏ। ਮਨਸਾ ਦੇਵੀ ਦੇ ਮੇਲੇ ਵਾਲੇ ਸਥਾਨ ਉਤੇ ਪਈਆਂ ਟੁੱਟੀਆਂ ਚੂੜੀਆਂ, ਉਜੜੇ ਘਰਾਂ ਦਾ ਸਾਜ਼ੋ ਸਾਮਾਨ ਤੇ ਨਵੀਆਂ ਉੱਸਰ ਰਹੀਆਂ ਕੋਠੀਆਂ ਦਾ ਫ਼ਾਲਤੂ ਸਾਮਾਨ ਉਨ੍ਹਾਂ ਦੀਆਂ ਕਲਾ ਕ੍ਰਿਤਾਂ ਦਾ ਕੱਚਾ ਮਾਲ ਬਣੇ। ਉਸ ਵੇਲੇ ਚੰਡੀਗੜ੍ਹ ਦਾ ਡਿਜ਼ਾਇਨ ਫਰਾਂਸ ਦੇ ਭਵਨ ਨਿਰਮਾਤਾ ਲੀ ਕਾਰਬੂਜੇ ਤਿਆਰ ਕਰ ਰਹੇ ਸਨ। ਨੇਕ ਚੰਦ ਨੇ ਪ੍ਰਸਿੱਧ ਸੁਖਨਾ ਝੀਲ ਨੇੜੇ ਇਕ ਛੋਟੇ ਜਿਹੇ ਹਿੱਸੇ ਨੂੰ ਸਾਫ਼ ਕਰਕੇ ਇਕ ਛੋਟਾ ਜਿਹਾ ਬਗ਼ੀਚਾ ਬਣਾ ਕੇ ਲੋਕਾਂ ਨੂੰ ਅਨੋਖੀ ਦੁਨੀਆਂ ਦੇ ਰੂ-ਬ-ਰੂ ਕਰਵਾਇਆ ਸੀ। ਸਰਕਾਰੀ ਸੜਕ ਨਿਰੀਖਕ ਦੇ ਤੌਰ ਉਤੇ ਕੰਮ ਕਰਦੇ ਸਮੇਂ ਨੇਕ ਚੰਦ ਨੇ ਆਪਣੇ ਖਾਲੀ ਸਮੇਂ ਦੌਰਾਨ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿਚੋਂ ਬੇਕਾਰ ਤੇ ਲੋਕਾਂ ਵੱਲੋਂ ਸੁੱਟਿਆ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਨੇਕ ਚੰਦ ਨੇ ਆਪਣੀ ਸੋਚ ਨੂੰ ਨਵਾਂ ਰੂਪ ਦੇਣ ਲਈ ਇਨ੍ਹਾਂ ਸਮੱਗਰੀਆਂ ਨੂੰ ਆਪਣੇ ਵੱਲੋਂ ਬਣਾਈ ਪ੍ਰਯੋਗਸ਼ਾਲਾ ਵਿਚ ਚੁੱਪ-ਚੁਪੀਤੇ ਰੀਸਾਈਕਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਲਈ ਤਕਰੀਬਨ ਦੋ ਦਹਾਕਿਆਂ ਤੱਕ ਰਾਤ ਦੇ ਹਨੇਰੇ ਵਿਚ ਸਾਈਕਲ ਉਤੇ ਬੇਕਾਰ ਸਾਮਾਨ ਦੀ ਭਾਲ ਵਿਚ ਜੰਗਲ ਤੇ ਹੋਰ ਥਾਈਂ ਜਾਂਦੇ ਰਹੇ। ਨੇਕ ਚੰਦ ਦੇ ਇਸ ਵਿਲੱਖਣ ਪ੍ਰੋਜੈਕਟ ਉੱਤੇ ਇਕ ਵਾਰ ਪ੍ਰਸ਼ਾਸਕੀ ਕੁਹਾੜਾ ਵੱਜਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਸੀ ਪਰ ਭਾਰੀ ਜਨਤਕ ਹਮਾਇਤ ਕਾਰਨ ਸਮੇਂ ਦੇ ਹਾਕਮ ਅਜਿਹਾ ਨਾ ਕਰ ਸਕੇ। ਕਲਾ ਦੇ ਪਾਰਖੂ ਅਧਿਕਾਰੀਆਂ ਨੇ ਨਾ ਸਿਰਫ ਨੇਕ ਚੰਦ ਦੀ ਇਸ ਵਿਲੱਖਣ ਕਲਾ ਦੀ ਪ੍ਰਸੰਸਾ ਹੀ ਕੀਤੀ ਬਲਕਿ ਉਸ ਨੂੰ ਲੋੜ ਅਨੁਸਾਰ ਮਦਦ ਲਈ ਸਹਾਇਕ ਅਮਲਾ ਫੈਲਾ ਵੀ ਦਿੱਤਾ ਜਿਸ ਸਦਕਾ 40 ਏਕੜ ਵਿਚ ਫੈਲਿਆ ਮੌਜੂਦਾ ਰੌਕ ਗਾਰਡਨ ਵਿਸ਼ਵ ਪ੍ਰਸਿੱਧੀ ਵਾਲਾ ਸਥਾਨ ਬਣ ਸਕਿਆ।
___________________________________________
ਪ੍ਰਸ਼ਾਸਨ ਨੂੰ 18 ਵਰ੍ਹੇ ਹਨੇਰੇ ਵਿਚ ਰੱਖ ਉਸਾਰਦੇ ਰਹੇ ‘ਸੁਫ਼ਨਿਆਂ ਦਾ ਮਹੱਲ’
ਆਮ ਤੇ ਖ਼ਾਸ ਲੋਕਾਂ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਤਕਰੀਬਨ 18 ਵਰ੍ਹੇ ਹਨੇਰੇ ਵਿਚ ਰੱਖਦਿਆਂ ਨੇਕ ਚੰਦ ਇਸ ਸੁੰਨਸਾਨ, ਵੀਰਾਨ ਤੇ ਜੰਗਲਾਤ ਵਾਲੀ ਥਾਂ ਉਤੇ ਆਪਣੇ ‘ਸੁਫ਼ਨਿਆਂ ਦਾ ਮਹੱਲ’ ਉਸਾਰਦੇ ਰਹੇ। ਜਦੋਂ ਇਸ ਖੇਤਰ ਦੇ ਜੰਗਲਾਂ ਦੀ ਸਫਾਈ ਕੀਤੀ ਤਾਂ ਨੇਕ ਚੰਦ ਦੀਆਂ ਕਲਾਕਿਰਤਾਂ ਦੀ ਲੋਕਾਂ ਨੂੰ ਝਲਕ ਮਿਲੀ। ਨੇਕ ਚੰਦ ਦੇ ਸਿਰਜੇ ਅਦਭੁੱਤ ਸੰਸਾਰ ਦਾ ਇਲਮ ਪਹਿਲੀ ਵਾਰ 1973 ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੋਇਆ। ਉਹ ਇਹ ਸਭ ਕੁਝ ਦੇਖ ਕੇ ਦੰਗ ਰਹਿ ਗਏ ਤੇ ਇਸ ਬਾਰੇ ਉਸ ਵੇਲੇ ਦੇ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਡਾæ ਮਹਿੰਦਰ ਸਿੰਘ ਰੰਧਾਵਾ ਨੂੰ ਜਾ ਦੱਸਿਆ। ਪ੍ਰਸ਼ਾਸਨ ਨੇ ਇਸ ਦਾ ਮਲੀਆ ਮੇਟ ਕਰਨ ਦਾ ਯਤਨ ਕੀਤਾ ਪਰ ਸ਼ ਰੰਧਾਵਾ ਦੀ ਪਾਰਖੂ ਅੱਖ ਨੇ ਨੇਕ ਚੰਦ ਦੀਆਂ ਕਲਾਕਿਰਤਾਂ ਦਾ ਮੁੱਲ ਪਛਾਣ ਕੇ ਇਸ ਨੂੰ ‘ਰੌਕ ਗਾਰਡਨ’ ਦਾ ਸਰੂਪ ਦਿੱਤਾ। ਜਦੋਂ ਸਾਲ 1985 ਵਿਚ ਨੇਕ ਚੰਦ ਰੋਡ ਇੰਸਪੈਕਟਰ ਦੇ ਅਹੁਦੇ ਤੋਂ ਮੁਕਤ ਹੋਏ ਤਾਂ ਉਨ੍ਹਾਂ ਨੂੰ ਰੌਕ ਗਾਰਡਨ ਦਾ ਕੰਸਲਟੈਂਟ ਨਿਯੁਕਤ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਇਰੈਕਟਰ-ਕਮ-ਕ੍ਰੀਏਟਰ ਰੌਕ ਗਾਰਡਨ ਦਾ ਅਹੁਦਾ ਬਖਸ਼ਿਆ। ਨੇਕ ਚੰਦ ਭਾਵੇਂ ਅੱਜ ਇਸ ਦੁਨੀਆਂ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਇਨ੍ਹਾਂ ਕਲਾਕਿਰਤਾਂ ਦੇ ਅੰਗ ਸੰਗ ਹੀ ਰਹੇਗੀ।
________________________________________________
ਨੇਕ ਸ਼ਖ਼ਸੀਅਤ ਦੀਆਂ ਪ੍ਰਾਪਤੀਆਂ
-ਚੰਡੀਗੜ੍ਹ ਵਿਚ ਰੋਡ ਇੰਸਪੈਕਟਰ ਵਜੋਂ 1951 ਤੋਂ ਸੇਵਾ ਸ਼ੁਰੂ ਕੀਤੀ
-1958 ਦੇ ਨੇੜੇ ਤੇੜੇ ਰੌਕ ਗਾਰਡਨ ਦਾ ਕੰਮ ਅਰੰਭਿਆ
-ਉਨ੍ਹਾਂ ਦੇ ਕੰਮ ਕਈ ਦੇਸ਼ਾਂ ਦੇ ਅਜਾਇਬ ਘਰਾਂ ਦਾ ਸ਼ਿੰਗਾਰ ਬਣੇ
-ਰੌਕ ਗਾਰਡਨ ਦੇ ਇਤਿਹਾਸ ਬਾਰੇ ਫਰਾਂਸ ਵਿਚ ਇਕ ਫਿਲਮ ਵੀ ਬਣੀ
-1974 ਵਿਚ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਨੂੰ ਚਾਰਜਸ਼ੀਟ ਵੀ ਕੀਤਾ ਗਿਆ
-1976 ਨੂੰ ਉਦਘਾਟਨ ਹੋਇਆ ਤਾਂ ਕਬਾੜ ਨਾਲ ਸਿਰਜੀਆਂ ਕ੍ਰਿਤੀਆਂ ਦੇਖ ਕੇ ਦੁਨੀਆਂ ਦੰਗ ਰਹਿ ਗਈ
-ਕੌਮਾਂਤਰੀ ਮਹੱਤਵ ਪ੍ਰਾਪਤ ਪ੍ਰੋਜੈਕਟ ਲਈ 1980 ਵਿਚ ਪੈਰਿਸ ਵਿਚ ਸਨਮਾਨ
-ਭਾਰਤ ਸਰਕਾਰ ਨੇ 1983 ਵਿਚ ਉਨ੍ਹਾਂ ਬਾਰੇ ਡਾਕ ਟਿਕਟ ਜਾਰੀ ਕੀਤੀ
-1984 ਵਿਚ ਭਾਰਤ ਸਰਕਾਰ ਨੇ ਨੇਕ ਚੰਦ ਨੂੰ ਪਦਮਸ੍ਰੀ ਨਾਲ ਨਿਵਾਜਿਆ
-ਵਾਸ਼ਿੰਗਟਨ ਵਿਚ ਫੈਂਟੇਸੀ ਸਕਲਪਚਰ ਗਾਰਡਨ ਕੈਪੀਟਲ ਚਿਲਡਰਨ ਮਿਊਜ਼ੀਅਮ ਤਿਆਰ ਕੀਤਾ
-ਨਿਊਯਾਰਕ ਵਿਚ ਅਮਰੀਕਨ ਫੋਕ ਆਰਟ ਮਿਊਜ਼ੀਅਮ ਵਿਚ ਕੰਮ ਕੀਤਾ
_______________________________________________
ਰੋਡ ਇੰਸਪੈਕਟਰ ਨੇ ਇਸ ਤਰ੍ਹਾਂ ਚੁਣਿਆ ਪਥਰੀਲਾ ਰਾਹæææ
ਨੇਕ ਚੰਦ ਨੇ ਤਿੰਨ ਸਾਲ ਪਹਿਲਾਂ ਆਪਣੀ ਮਿਲਣੀ ਦੌਰਾਨ ਸਹਿ ਸੁਭਾਅ ਹੀ ਕਿਹਾ ਸੀ ਕਿ ਉਸ ਨੇ ਤਾਂ ਸ਼ੁਗਲ-ਸ਼ੁਗਲ ਵਿਚ ਹੀ ਰੌਕ ਗਾਰਡਨ ਸਿਰਜ ਦਿੱਤਾ ਸੀ। ਜਦੋਂ ਚੰਡੀਗੜ੍ਹ ਵਿਚ ਪੰਜਾਬ ਦੀ ਨਵੀਂ ਰਾਜਧਾਨੀ ਉਸਾਰਨ ਦਾ ਫ਼ੈਸਲਾ ਹੋਇਆ ਤਾਂ 1952 ਵਿਚ ਉਨ੍ਹਾਂ ਦੀ ਬਦਲੀ ਬਤੌਰ ਰੋਡ ਇੰਸਪੈਟਰ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਵਿਚ ਹੋ ਗਈ। ਇਥੇ ਬਦਲੀ ਨੇ ਹੀ ਉਨ੍ਹਾਂ ਦੇ ਅੰਦਰ ਛੁਪੀ ਕਲਾ ਨੂੰ ਵਿਕਸਿਤ ਹੋਣ ਦਾ ਮੌਕਾ ਦੇ ਦਿੱਤਾ। ਚੰਡੀਗੜ੍ਹ ਦੁਨੀਆਂ ਦਾ ਹਸੀਨ ਤੇ ਆਧੁਨਿਕ ਸ਼ਹਿਰ ਬਣਨ ਲੱਗਿਆ ਤਾਂ ਨੇਕ ਚੰਦ ਨੂੰ ਟੁੱਟ ਭੱਜ ਦੇ ਟੁਕੜਿਆਂ ਨਾਲ ਪੁਤਲੇ ਬਣਾਉਣ ਦਾ ਫੁਰਨਾ ਫੁਰਿਆ। ਉੱਚੀਆਂ ਨੀਵੀਆਂ ਥਾਵਾਂ ਨੂੰ ਕਲਾਤਮਕ ਛੋਹਾਂ ਦਿੱਤੀਆਂ ਜਾਣ ਲੱਗੀਆਂ। ਨੇਕ ਚੰਦ ਸਾਈਕਲ ਰਾਹੀਂ ਸ਼ਿਵਾਲਿਕ ਦੇ ਪਹਾੜਾਂ, ਸੁਖਨਾ ਚੋਅ, ਪਟਿਆਲਾ ਕੀ ਰਾਓ ਤੇ ਘੱਗਰ ਦਰਿਆ ਵੱਲ ਘੁੰਮਦਾ-ਫਿਰਦਾ ਪੱਥਰਾਂ ਨੂੰ ਟਟੋਲਦਾ ਤੇ ਜਿਹੜਾ ਪੱਥਰ ਉਸ ਨੂੰ ਟੁੰਬਦਾ, ਉਹ ਪਹਾੜ ਤੋਂ ਉਸ ਨੂੰ ਹੇਠਾਂ ਸਾਈਕਲ ਵੱਲ ਰੋੜ੍ਹ ਦਿੰਦਾ। ਫਿਰ ਪਹਾੜਾਂ ਤੋਂ ਥੱਲੇ ਆ ਕੇ ਸਾਈਕਲ ਦੀ ਸਮਰੱਥਾ ਅਨੁਸਾਰ ਪੱਥਰਾਂ ਨੂੰ ਮੁੜ ਛਾਂਟਦਾ ਤੇ ਪੀæਡਬਲਿਊæਡੀæ ਦੇ ਸਟੋਰ ਵਿਖੇ ਲਿਜਾ ਕੇ ਢੇਰੀ ਕਰ ਦਿੰਦਾ।
ਇਸ ਤੋਂ ਇਲਾਵਾ ਮਨਸਾ ਦੇਵੀ ਦੇ ਮੇਲੇ ਪਿੱਛੋਂ ਉਥੋਂ ਟੁੱਟੀਆਂ ਚੂੜੀਆਂ ਤੇ ਹੋਰ ਟੁੱਟ-ਭੱਜ ਝੋਲੇ ਭਰ ਕੇ ਲੈ ਆਉਂਦਾ ਸੀ। ਫਿਰ ਨੇਕ ਚੰਦ ਦੇ ਮੌਜੀ ਮਨ ਨੇ ਸਟੋਰ ਦੇ ਇਰਦ-ਗਿਰਦ ਪਿੱਪਲ-ਬੋਹੜ ਆਦਿ ਦੇ ਦਰੱਖਤ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਵੱਡੀਆਂ ਕੋਠੀਆਂ ਦੇ ਬਾਹਰ ਅਕਸਰ ਗਮਲੇ ਸੁੱਟੇ ਮਿਲਦੇ ਅਤੇ ਉਹ ਗਮਲਿਆਂ ਵਿਚਲੇ ਬੂਟੇ ਕੱਢ ਕੇ ਉਨ੍ਹਾਂ ਨੂੰ ਪਾਲਦੇ।
ਦੱਸਣਯੋਗ ਹੈ ਕਿ 24 ਜਨਵਰੀ 1973 ਨੂੰ ਜਦੋਂ ਦਰੱਖਤਾਂ ਨਾਲ ਭਰਪੂਰ ਮੁੱਢਲੇ ਰੌਕ ਗਾਰਡਨ ਦਾ ਉਦਘਾਟਨ ਕੀਤਾ ਸੀ ਤਾਂ ਇਹ ਕੌਮਾਂਤਰੀ ਖਬਰ ਬਣੀ ਸੀ। 10 ਦਸੰਬਰ 1983 ਨੂੰ ਵਾਟਰ ਫਾਲ ਤੇ 23 ਸਤੰਬਰ 1993 ਨੂੰ ਤੀਸਰੇ ਫੇਜ਼ ਸ਼ੁਰੂ ਹੋਏ ਸਨ। ਇਥੇ ਸਟੋਰਨੁਮਾ ਕੁਟੀਆ ਵਿਚ ਅਕਸਰ ਉਨ੍ਹਾਂ ਦੀ ਪਤਨੀ ਕਮਲਾ ਸੈਣੀ ਵੀ ਆ ਜਾਂਦੀ ਸੀ ਤੇ ਉਹ ਦੋਵੇਂ ਪੱਥਰਾਂ ਤੇ ਕਬਾੜ ਨੂੰ ਫਰੋਲਦੇ ਕਲਾਕਿਰਤਾਂ ਸਿਰਜਦੇ ਸਨ। ਉਸ ਵੇਲੇ ਉਹ ਇਥੇ ਅੱਗ ਬਾਲ ਕੇ ਸੱਪਾਂ ਤੇ ਮੱਛਰਾਂ ਤੋਂ ਬਚਾਅ ਕਰਦੇ ਰਹੇ ਹਨ।
_____________________________________________________
ਜਦੋਂ 20 ਸਾਲ ਦੀ ਘਾਲਣਾ ਰੰਗ ਲਿਆਈ
ਨੇਕ ਚੰਦ ਦੀ 20 ਸਾਲ ਦੀ ਘਾਲਣਾ ਆਖਰ ਰੰਗ ਲਿਆਈ ਤੇ ਰੌਕ ਗਾਰਡਨ ਦਾ ਉਦਘਾਟਨ 1976 ਵਿਚ ਚੀਫ਼ ਇੰਜੀਨੀਅਰ ਕੁਲਬੀਰ ਸਿੰਘ ਨੇ ਕੀਤਾ। ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਟੀæਐਨæ ਚਤੁਰਵੇਦੀ ਨੇ ਨੇਕ ਚੰਦ ਨੂੰ ਪੰਜ ਹਜ਼ਾਰ ਰੁਪਏ ਨਕਦ ਤੇ ਇਕ ਸਰਟੀਫੀਕੇਟ ਦਿੱਤਾ। 1980 ਤੋਂ ਬਾਅਦ ਰੌਕ ਗਾਰਡਨ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ਤੇ ਨੇਕ ਚੰਦ ਨੂੰ ਸਾਲ 1984 ਵਿਚ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਰੌਕ ਗਾਰਡਨ ਵਿਚ ਲੱਗੇ ਬੁੱਤਾਂ ਬਾਰੇ ਭਾਰਤੀ ਡਾਕ ਟਿਕਟ ਵੀ ਛਾਪੀ ਗਈ ਹੈ ਤੇ ਕਈ ਕਿਤਾਬਾਂ ਵੀ ਉਨ੍ਹਾਂ ਬਾਰੇ ਛਪ ਰਹੀਆਂ ਹਨ। ਰੌਕ ਗਾਰਡਨ ਵਿਚ ਚੀਨੀ ਦੀ ਮਿੱਟੀ ਦੇ ਟੁੱਟੇ ਬਰਤਨਾਂ, ਬਿਜਲੀ ਦੇ ਸਾਮਾਨ, ਟੁੱਟੀਆਂ ਚੂੜੀਆਂ, ਇਲੈਕਟ੍ਰਾਨਿਕ ਸਵਿੱਚ, ਪਲੱਗ, ਟਿਊਬ ਲਾਈਟ, ਮਾਰਬਲ, ਪੱਥਰ, ਇਸ਼ਨਾਨ ਘਰ ਦੀਆਂ ਟਾਇਲਾਂ, ਸਾਈਕਲ ਦੇ ਫਰੇਮ ਵਰਗੇ ਬੇਕਾਰ ਸਾਮਾਨ ਨੂੰ ਵਰਤੋਂ ਵਿਚ ਲਿਆ ਕੇ ਮਨੁੱਖਾਂ, ਔਰਤਾਂ, ਜਾਨਵਰਾਂ ਤੇ ਭਗਵਾਨ ਦੀਆਂ ਮੂਰਤੀਆਂ ਹਨ। ਚੰਡੀਗੜ੍ਹ ਦੇ ਸੈਕਟਰ ਇਕ ਵਿਚ ਸਥਿਤ ਰੌਕ ਗਾਰਡਨ ਹੁਣ 40 ਏਕੜ ਦੇ ਖੇਤਰ ਵਿਚ ਫੈਲਿਆ ਹੈ ਜਿਥੇ ਪੂਰੇ ਮੁਲਕ ਸਮੇਤ ਦੁਨੀਆਂ ਭਰ ਵਿਚੋਂ ਹਰ ਸਾਲ ਢਾਈ ਲੱਖ ਤੋਂ ਵੀ ਵਧੇਰੇ ਸੈਲਾਨੀ ਵੇਖਣ ਲਈ ਆਉਂਦੇ ਹਨ ਜਿਸ ਤੋਂ ਟਿਕਟਾਂ ਦੀ ਵਿਕਰੀ ਨਾਲ ਤਕਰੀਬਨ 1æ8 ਕਰੋੜ ਦੀ ਸਾਲਾਨਾ ਆਮਦਨੀ ਹੁੰਦੀ ਹੈ।