ਕਿਸਾਨਾਂ ਦੇ ਗੁੱਸੇ ਨੂੰ ਸੱਤਾ ਵਿਰੁਧ ਵਰਤੇਗਾ ‘ਆਪ’ ਦਾ ਬਾਗੀ ਧੜਾ

ਮੁਹਾਲੀ: ਆਮ ਆਦਮੀ ਪਾਰਟੀ (ਆਪ) ਦਾ ਬਾਗੀ ਧੜਾ ਕਿਸਾਨਾਂ ਦੇ ਗੁੱਸੇ ਨੂੰ ਸੱਤਾ ਵਿਰੁੱਧ ਵਰਤਣ ਦੀ ਰਣਨੀਤੀ ਘੜ ਰਿਹਾ ਹੈ। ਇਸ ਧੜੇ ਦੇ ਲੀਡਰ ਯੋਗੇਂਦਰ ਯਾਦਵ ਕਿਸਾਨਾਂ ਦੀ ਬੇਚੈਨੀ ਬਾਰੇ ਭਲੀਭਾਂਤ ਜਾਣਦੇ ਹਨ। ਉਹ ਕਿਸਾਨਾਂ ਦੀ ਇਸ ਬੇਚੈਨੀ ਤੇ ਗੁੱਸੇ ਨੂੰ ਸੱਤਾ ਵਿਰੁੱਧ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ।

ਇਸ ਧੜੇ ਨੇ ਕਿਸਾਨਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਚੱਪੜਚਿੜੀ ਵਿਚ ‘ਜੈ ਕਿਸਾਨ ਅੰਦੋਲਨ’ ਦੇ ਬੈਨਰ ਹੇਠ ਮਹਾਂ ਕਿਸਾਨ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿਚ ਸਵਰਾਜ ਅਭਿਆਨ ਦੀ ਨੈਸ਼ਨਲ ਵਰਕਿੰਗ ਕਮੇਟੀ ਦੇ ਮੈਂਬਰਾਂ ਸਮੇਤ ਪੰਜਾਬ, ਹਰਿਆਣਾ ਤੇ ਹੋਰ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਕਿਸਾਨਾਂ ਦੀ ਹਾਲਤ ਹੋਰ ਨਿੱਘਰਦੀ ਜਾ ਰਹੀ ਹੈ। ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਭੂਮੀ ਗ੍ਰਹਿਣ ਬਿੱਲ ਬਾਰੇ ਮੋਦੀ ਸਰਕਾਰ ਦੀ ਨੀਤੀ ਤੋਂ ਵੀ ਕਿਸਾਨ ਖਫ਼ਾ ਹਨ। ਇਸ ਲਈ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਰੋਹ ਨੂੰ ਆਪਣੇ ਹੱਕ ਵਿਚ ਵਰਤਣਾ ਚਾਹੁੰਦੀਆਂ ਹਨ। ਇਸ ਸਮਾਗਮ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸ਼ਿਰਕਤ ਕਰਨ ਦੀ ਹਾਮੀ ਭਰੀ ਹੈ। ਸਵਰਾਜ ਅਭਿਆਨ ਵੱਲੋਂ ਇਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਵਿਖੇ ‘ਜੈ ਕਿਸਾਨ ਅੰਦੋਲਨ’ ਦੇ ਬੈਨਰ ਹੇਠ ਕਿਸਾਨ ਸੰਮੇਲਨ ਕਰਵਾਇਆ ਗਿਆ ਸੀ, ਜਿਸ ਵਿਚ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਬਾਅਦ ਵਿਚ ਸਾਰਿਆਂ ਨੇ ਜੰਗੀ ਯਾਦਗਾਰ ਉਤੇ ਨਤਮਸਤਕ ਹੋ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰੱਖਿਆ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਂਝੀ ਲੜਾਈ ਲੜਨ ਦਾ ਪ੍ਰਣ ਕੀਤਾ। ਇਸ ਮੌਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੇ ਪਹਿਲੇ ਪੜਾਅ ਅਧੀਨ ਪਹਿਲੀ ਅਗਸਤ ਨੂੰ ਸੇਵਾ ਸਿੰਘ ਠੀਕਰੀਵਾਲਾ ਤੋਂ ਮੁਹਾਲੀ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਇਹ ਮਾਰਚ ਠੀਕਰੀਵਾਲਾ ਤੋਂ ਸ਼ੁਰੂ ਹੋ ਕੇ ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਬਹਾਦਰਗੜ੍ਹ, ਰਾਜਪੁਰਾ, ਬਨੂੜ ਤੋਂ ਹੁੰਦਿਆਂ ਮੁਹਾਲੀ ਪਹੁੰਚ ਕੇ ਖ਼ਤਮ ਹੋਵੇਗਾ। ਇਸ ਮਗਰੋਂ 10 ਅਗਸਤ ਨੂੰ ਨਵੀਂ ਦਿੱਲੀ ਵਿਚ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਰੋਸ ਪ੍ਰਗਟਾਉਣ ਲਈ ਦੇਸ਼ ਵਿਆਪੀ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਸਵਰਾਜ ਅਭਿਆਨ ਦੇ ਆਗੂ ਪ੍ਰੋæ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਭੂਮੀ ਗ੍ਰਹਿਣ ਐਕਟ ਵਿਚ ਜਲਦਬਾਜ਼ੀ ਵਿਚ ਕੀਤੀਆਂ ਗਈਆਂ ਬੇਲੋੜੀਆਂ ਸੋਧਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਵੱਡੇ ਸਨਅਤੀ ਘਰਾਣਿਆਂ ਤੇ ਕਲੋਨਾਈਜ਼ਰਾਂ ਦੇ ਦਬਾਅ ਅੱਗੇ ਝੁਕ ਗਈ ਹੈ। ਕੇਂਦਰ ਨੇ ਭੂਮੀ ਗ੍ਰਹਿਣ ਐਕਟ ਬਦਲਣ ਲਈ ਪਾਰਲੀਮੈਂਟ ਵਿਚ ਬਹਿਸ ਕਰਾਉਣ ਤੋਂ ਬਚਣ ਲਈ ਕਾਹਲੀ ਵਿਚ ਆਰਡੀਨੈਂਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਰਸਾਨੀ ਨੂੰ ਬਚਾਉਣ ਲਈ ਮੋਦੀ ਸਰਕਾਰ ਵਿਰੁੱਧ ਸਾਂਝੀ ਲੜਾਈ ਲੜਨ ਦੀ ਲੋੜ ਹੈ। ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਡੇ ਸਨਅਤੀ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਜਬਰ ਜ਼ਮੀਨਾਂ ਖੋਹਣ ਦੀ ਤਿਆਰੀ ਵਿਚ ਹੈ। ਉਨ੍ਹਾਂ ਨਰੇਂਦਰ ਮੋਦੀ ਨੂੰ ਦੇਸ਼ ਲਈ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਕਾਂਗਰਸੀ ਵੀ ਦੁੱਧ ਧੋਤੇ ਨਹੀਂ ਹਨ ਕਿਉਂਕਿ ਕਾਂਗਰਸ ਨੇ ਹੀ ਕਿਸਾਨਾਂ ਨੂੰ ਤਬਾਹ ਕਰਨ ਦੀ ਸ਼ੁਰੂਆਤ ਕੀਤੀ ਸੀ।
______________________________
ਦਸ ਅਗਸਤ ਤੋਂ ਦੇਸ਼ ਵਿਆਪੀ ਜਨ ਅੰਦੋਲਨ ਦਾ ਐਲਾਨ
ਯੋਗੇਂਦਰ ਧੜੇ ਵੱਲੋਂ 10 ਅਗਸਤ ਨੂੰ ਨਵੀਂ ਦਿੱਲੀ ਵਿਚ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਰੋਸ ਪ੍ਰਗਟਾਉਣ ਲਈ ਦੇਸ਼ ਵਿਆਪੀ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੇ ਪਹਿਲੇ ਪੜਾਅ ਅਧੀਨ ਪਹਿਲੀ ਅਗਸਤ ਨੂੰ ਸੇਵਾ ਸਿੰਘ ਠੀਕਰੀਵਾਲਾ ਤੋਂ ਮੁਹਾਲੀ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਇਹ ਮਾਰਚ ਠੀਕਰੀਵਾਲਾ ਤੋਂ ਸ਼ੁਰੂ ਹੋ ਕੇ ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਬਹਾਦਰਗੜ੍ਹ, ਰਾਜਪੁਰਾ, ਬਨੂੜ ਤੋਂ ਹੁੰਦਿਆਂ ਮੁਹਾਲੀ ਪਹੁੰਚ ਕੇ ਖ਼ਤਮ ਹੋਵੇਗਾ।