ਬਠਿੰਡਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਬਸਿਡੀ ਛੱਡਣ ਦੀ ਅਪੀਲ ਪੰਜਾਬ ਵਿਚ ਕੋਈ ਰੰਗ ਨਹੀਂ ਦਿਖਾ ਸਕੀ ਹੈ। ਸਰਦੇ ਪੁੱਜਦੇ ਘਰ ਵੀ ਰਸੋਈ ਗੈਸ ਦੀ ਸਬਸਿਡੀ ਛੱਡਣ ਨੂੰ ਤਿਆਰ ਨਹੀਂ ਹਨ। ਇਥੋਂ ਤੱਕ ਕਿ ਸੂਬੇ ਦੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਵੀ ਸਬਸਿਡੀ ਨਹੀਂ ਛੱਡੀ ਹੈ। ਪੰਜਾਬ ਵਿਚ ਹੁਣ ਤੱਕ ਸਿਰਫ 12,471 ਸਰਦੇ ਪੁੱਜਦੇ ਲੋਕਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗੀ ਹੈ।
ਪੰਜਾਬ ਵਿਚ ਇਸ ਵੇਲੇ 72æ65 ਲੱਖ ਘਰੇਲੂ ਗੈਸ ਕੁਨੈਕਸ਼ਨ ਹਨ ਤੇ ਇਨ੍ਹਾਂ ਵਿਚੋਂ ਸਬਸਿਡੀ ਛੱਡਣ ਵਾਲੇ ਸਿਰਫ 0æ17 ਫੀਸਦੀ ਬਣਦੇ ਹਨ। ਪ੍ਰਧਾਨ ਮੰਤਰੀ ਨੇ ਅਗਸਤ 2014 ਵਿਚ ਦੇਸ਼ ਦੇ ਚੰਗੀ ਮਾਲੀ ਹਾਲਤ ਵਾਲੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਬਸਿਡੀ ਵਾਲਾ ਗੈਸ ਸਿਲੰਡਰ ਲੈਣ ਦੀ ਥਾਂ ਮਾਰਕੀਟ ਭਾਅ ਉਤੇ ਗੈਸ ਖਰੀਦਣ ਤਾਂ ਜੋ ਸਬਸਿਡੀ ਦੀ ਬੱਚਤ ਵਾਲਾ ਪੈਸਾ ਦੇਸ਼ ਦੀ ਭਲਾਈ ਉਤੇ ਖਰਚਿਆ ਜਾ ਸਕੇ। ਮਿਲੇ ਵੇਰਵਿਆਂ ਮੁਤਾਬਕ ਪੰਜਾਬ ਵਿਚ ਤਿੰਨ ਕੰਪਨੀਆਂ ਦੇ ਗੈਸ ਕੁਨੈਕਸ਼ਨ ਹਨ। ਇੰਡੇਨ ਗੈਸ ਦੇ ਪੰਜਾਬ ਵਿਚਲੇ ਖਪਤਕਾਰਾਂ ਵਿਚੋਂ 8862 ਖਪਤਕਾਰਾਂ ਨੇ ਰਸੋਈ ਗੈਸ ਉਤੇ ਸਬਸਿਡੀ ਛੱਡੀ ਹੈ ਜਦੋਂ ਕਿ ਹਿੰਦੋਸਤਾਨ ਪੈਟਰੋਲੀਅਮ ਦੇ ਸਿਰਫ 2277 ਅਜਿਹੇ ਖਪਤਕਾਰ ਹਨ, ਜਿਨ੍ਹਾਂ ਨੇ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਸਿਰਫ 1332 ਖਪਤਕਾਰਾਂ ਨੇ ਸਬਸਿਡੀ ਦਾ ਤਿਆਗ ਕੀਤਾ ਹੈ।
ਸਬਸਿਡੀ ਛੱਡਣ ਵਾਲਿਆਂ ਦੀ ਸੂਚੀ ਵਿਚ ਪੰਜਾਬ ਦੇ ਕਿਸੇ ਵਜ਼ੀਰ ਤੇ ਮੁੱਖ ਸੰਸਦੀ ਸਕੱਤਰ ਦਾ ਨਾਂ ਨਹੀਂ ਹੈ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੀਕਸ਼ਣ ਸੂਦ ਕੋਲ ਭਾਰਤ ਗੈਸ ਦਾ ਕੁਨੈਕਸ਼ਨ ਹੈ ਤੇ ਉਨ੍ਹਾਂ ਨੇ ਰਸੋਈ ਗੈਸ ਉਤੇ ਸਬਸਿਡੀ ਛੱਡ ਦਿੱਤੀ ਹੈ। ਭਾਵੇਂ ਪੰਜਾਬ ਦੇ ਵਜ਼ੀਰ ਤੇ ਮੁੱਖ ਸੰਸਦੀ ਸਕੱਤਰ ਕਰੋੜਪਤੀ ਹਨ ਤੇ ਮਾਰਕੀਟ ਰੇਟ ਉਤੇ ਸਿਲੰਡਰ ਖਰੀਦਣ ਦੀ ਪਹੁੰਚ ਰੱਖਦੇ ਹਨ ਪਰ ਉਨ੍ਹਾਂ ਨੇ ਖੁਦ ਸਬਸਿਡੀ ਛੱਡਣ ਵਾਲਾ ਕਦਮ ਨਹੀਂ ਚੁੱਕਿਆ ਹੈ। ਵਿਰੋਧੀ ਧਿਰ ਕਾਂਗਰਸ ਦੇ ਵੀ ਕਿਸੇ ਨੇਤਾ ਨੇ ਸਬਸਿਡੀ ਨਹੀਂ ਤਿਆਗੀ ਹੈ। ਵਪਾਰਕ ਖੇਤਰ ਵਿਚੋਂ ਲੁਧਿਆਣਾ ਦੇ ਓਸਵਾਲ ਪਰਿਵਾਰ ਨੇ ਇਸ ਮਾਮਲੇ ਵਿਚ ਪਹਿਲ ਕੀਤੀ ਹੈ। ਸ੍ਰੀ ਜੇæਐਲ਼ ਓਸਵਾਲ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਉਨ੍ਹਾਂ ਦੇ ਪਰਿਵਾਰ ਕੋਲ ਘਰੇਲੂ ਰਸੋਈ ਗੈਸ ਦੇ ਚਾਰ ਕੁਨੈਕਸ਼ਨ ਹਨ ਤੇ ਉਨ੍ਹਾਂ ਨੇ ਸਾਰੇ ਸਿਲੰਡਰ ਹੁਣ ਮਾਰਕੀਟ ਕੀਮਤ ਉਤੇ ਖਰੀਦਣ ਦਾ ਫੈਸਲਾ ਕੀਤਾ ਹੈ।
ਦਿਲਚਸਪ ਤੱਥ ਹੈ ਕਿ ਅੰਮ੍ਰਿਤਸਰ ਪੁਲਿਸ ਦੇ ਇਕ ਹੌਲਦਾਰ ਅਸ਼ਵਨੀ ਕੁਮਾਰ ਨੇ ਵੀ ਸਬਸਿਡੀ ਛੱਡ ਦਿੱਤੀ ਹੈ। ਮਲੋਟ ਤੇ ਗਿੱਦੜਬਾਹਾ ਦੇ ਅੱਧੀ ਦਰਜਨ ਖਪਤਕਾਰਾਂ ਨੇ ਵੀ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਖਪਤਕਾਰਾਂ ਵਿਚੋਂ ਇਸ ਮਾਮਲੇ ਵਿਚ ਪਹਿਲਾ ਨੰਬਰ ਜ਼ਿਲ੍ਹਾ ਪਟਿਆਲਾ ਦਾ ਹੈ ਜਿਥੋਂ ਦੇ 520 ਸਰਦੇ ਪੁੱਜਦੇ ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਤੇ ਇਸ ਕੰਪਨੀ ਦੇ ਫਿਰੋਜ਼ਪੁਰ ਦੇ ਸਿਰਫ ਇਕ ਖਪਤਕਾਰ ਨੇ ਸਬਸਿਡੀ ਛੱਡੀ ਹੈ। ਐਚæਪੀæ ਦੇ ਖਪਤਕਾਰਾਂ ਵਿਚੋਂ ਜ਼ਿਲ੍ਹਾ ਮੋਗਾ ਦੇ 671 ਤੇ ਫਤਹਿਗੜ੍ਹ ਸਾਹਿਬ ਦੇ 670 ਸਰਦੇ ਪੁੱਜਦੇ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਵਿਚ ਭਾਰਤ ਗੈਸ ਤੇ ਐਚæਪੀæ ਦੇ 158 ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਜਦੋਂ ਕਿ ਇਨ੍ਹਾਂ ਕੰਪਨੀਆਂ ਦੇ ਜਲੰਧਰ ਦੇ 410 ਖਪਤਕਾਰਾਂ ਨੇ ਅਜਿਹਾ ਕਦਮ ਚੁੱਕਿਆ ਹੈ।
ਪ੍ਰਧਾਨ ਮੰਤਰੀ ਦਾ ਟੀਚਾ ਸੀ ਕਿ ਘੱਟੋ ਘੱਟ 10 ਫੀਸਦੀ ਖਪਤਕਾਰ ਰਸੋਈ ਗੈਸ ਦੀ ਸਬਸਿਡੀ ਛੱਡ ਦੇਣ ਪਰ ਇਹ ਟੀਚਾ ਕਾਫੀ ਵੱਡਾ ਹੈ। ਦੇਸ਼ ਦੇ ਹੁਣ ਤੱਕ 5æ16 ਲੱਖ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਮੁਲਕ ਵਿਚ ਘਰੇਲੂ ਗੈਸ ਦੇ 17æ78 ਕਰੋੜ ਕੁਨੈਕਸ਼ਨ ਹਨ ਤੇ ਇਸ ਹਿਸਾਬ ਨਾਲ ਦੇਸ਼ ਦੇ ਸਿਰਫ 0æ29 ਫੀਸਦੀ ਖਪਤਕਾਰਾਂ ਨੇ ਹੀ ਸਬਸਿਡੀ ਨਾ ਲੈਣ ਦਾ ਫੈਸਲਾ ਕੀਤਾ ਹੈ। ਮੁੱਖ ਸੰਸਦੀ ਸਕੱਤਰ (ਖੁਰਾਕ ਤੇ ਸਪਲਾਈ) ਪ੍ਰਕਾਸ਼ ਚੰਦ ਗਰਗ ਨੇ ਮੰਨਿਆ ਕਿ ਪੰਜਾਬ ਵਿਚ ਸਬਸਿਡੀ ਛੱਡਣ ਦੀ ਅਪੀਲ ਨੂੰ ਮੱਠਾ ਹੁੰਗਾਰਾ ਮਿਲਿਆ ਹੈ। ਪੰਜਾਬ ਵਜ਼ਾਰਤ ਤੇ ਪ੍ਰਮੁੱਖ ਲੋਕਾਂ ਨੂੰ ਇਸ ਮਾਮਲੇ ਵਿਚ ਮਾਡਲ ਬਣਨਾ ਚਾਹੀਦਾ ਹੈ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਬਣੇ।
_______________________________________________________
æææਤੇ ਸਬਸਿਡੀ ਦੇ ਭਾਰ ਨੇ ਨੱਪ ਲਈ ਪੰਜਾਬ ਸਰਕਾਰ
ਚੰਡੀਗੜ੍ਹ: ਪੰਜਾਬ ਸਰਕਾਰ ਸਿਰ ਕਿਸਾਨਾਂ ਤੇ ਪੇਂਡੂ ਗਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਸਬਸਿਡੀ ਦੀ ਰਾਸ਼ੀ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀæਐਸ਼ਪੀæਸੀæਐਲ਼) ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਦਿੱਤੀ ਜਾਂਦੀ ਮੁਆਵਜ਼ਾ ਪੂਰਤੀ ਦੀ ਰਾਸ਼ੀ ਪਿਛਲੇ ਨੌਂ ਸਾਲਾਂ ਦੌਰਾਨ 48 ਫੀਸਦੀ ਵਧ ਗਈ ਹੈ। ਸੂਬਾ ਸਰਕਾਰ ਨੂੰ ਸਾਲ 2007-08 ਦੌਰਾਨ ਮੁਫ਼ਤ ਬਿਜਲੀ ਮੁਹੱਈਆ ਕਰਨ ਲਈ ਪੀæਐਸ਼ਪੀæਸੀæਐਲ਼ ਨੂੰ 2848 ਕਰੋੜ ਰੁਪਏ ਮੁਆਵਜ਼ਾ ਪੂਰਤੀ ਵਜੋਂ ਦੇਣੇ ਪਏ ਸੀ ਜਦਕਿ ਹੁਣ ਚਾਲੂ ਸਾਲ 2015-16 ਦੌਰਾਨ 5484 ਕਰੋੜ ਰੁਪਏ ਰਾਖਵੇਂ ਰੱਖਣੇ ਪਏ ਹਨ। ਇਸ ਕਾਰਨ ਪੰਜਾਬ ਸਰਕਾਰ ਨੂੰ ਪੀæਐਸ਼ਪੀæਸੀæਐਲ਼ ਦੇ ਵਿਕਾਸ ਲਈ ਇਸ ਵਰ੍ਹੇ ਨਿਰਧਾਰਤ ਕੀਤੀ 3800 ਕਰੋੜ ਰੁਪਏ ਦੀ ਰਾਸ਼ੀ ਤੋਂ ਵੀ 1684 ਕਰੋੜ ਰੁਪਏ ਵੱਧ ਸਬਸਿਡੀ ਲਈ ਰਾਖਵੇਂ ਰੱਖਣੇ ਪਏ ਹਨ। ਇਸ ਵਰ੍ਹੇ ਬਜਟ ਵਿਚ ਪੀæਐਸ਼ਪੀæਸੀæਐਲ਼ ਦੇ ਵਿਕਾਸ ਲਈ ਤਾਂ ਕੁੱਲ 3800 ਕਰੋੜ ਰੁਪਏ ਰੱਖੇ ਹਨ ਜਦਕਿ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਪਾਵਰ ਕਾਰਪੋਰੇਸ਼ਨ ਦੀ ਮੁਆਵਜ਼ਾ ਪੂਰਤੀ ਲਈ 5484 ਕਰੋੜ ਰੁਪਏ ਰੱਖਣੇ ਪਏ ਹਨ।