ਚੰਡੀਗੜ੍ਹ: ਪੰਜਾਬ ਵਿਚ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਯੋਜਨਾ ਵੀ ਦਮ ਤੋੜਨ ਲੱਗੀ ਹੈ। ਸੂਬੇ ਵਿਚਲੇ ਕਈ ਪ੍ਰਾਈਵੇਟ ਹਸਪਤਾਲਾਂ ਨੇ ਪਿਛਲਾ ਭੁਗਤਾਨ ਨਾ ਕਰਨ ਕਰਕੇ ਮਰੀਜ਼ਾਂ ਦਾ ਮੁਫਤ ਇਲਾਜ ਕਰਨਾ ਬੰਦ ਕਰ ਦਿੱਤਾ ਹੈ। ਸਾਲ 2015-16 ਲਈ ਜਾਰੀ ਕੀਤੇ ਆਮ ਬਜਟ ਵਿਚ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਯੋਜਨਾ ਤਹਿਤ 19713 ਮਰੀਜ਼ਾਂ ਦੇ ਇਲਾਜ ਲਈ 235 ਕਰੋੜ ਖਰਚ ਕੀਤੇ ਜਾ ਚੁੱਕੇ ਹਨ।
ਨਾਲ ਹੀ ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਲਈ 25 ਕਰੋੜ ਰੁਪਏ ਇਲਾਜ ਲਈ ਰਿਜ਼ਰਵ ਰੱਖੇ ਹਨ ਪਰ ਲੁਧਿਆਣਾ ਸਥਿਤ ਓਸਵਾਲ ਹਸਪਤਾਲ ਦੇ ਨਵੇਂ ਫੈਸਲੇ ਨਾਲ ਸਰਕਾਰ ਦੇ ਦਾਅਵੇ ਦੀ ਪੋਲ ਖੁੱਲ ਗਈ ਹੈ।
ਹਸਪਤਾਲ ਨੇ ਇਸ ਯੋਜਨਾ ਤਹਿਤ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਸਰਕਾਰ ਨੇ ਇਲਾਜ ਬਦਲੇ ਕੀਤਾ ਜਾਣ ਵਾਲਾ ਭੁਗਤਾਨ ਨਹੀਂ ਕੀਤਾ ਹੈ। ਤਕਰੀਬਨ ਚਾਰ ਕਰੋੜ ਦੀ ਅਦਾਇਗੀ ਫਸੀ ਹੋਈ ਹੈ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਅਦਾਇਗੀ ਨਹੀਂ ਕਰਦੀ, ਨਵੇਂ ਮਰੀਜ਼ਾਂ ਦਾ ਰਜਿਸਟਰੇਸ਼ਨ ਨਹੀਂ ਕੀਤਾ ਜਾਵੇਗਾ। ਕਿਉਂਕਿ ਵਰਤਮਾਨ ਵਿਚ ਹਸਪਤਾਲ ਨਾਲ 1500 ਮਰੀਜ਼ ਜੁੜੇ ਹੋਏ ਹਨ। ਮਰੀਜ਼ਾਂ ਦੀ ਜ਼ਿਆਦਾ ਗਿਣਤੀ ਕਾਰਨ ਰੇਡੀਏਸ਼ਨ ਮਸ਼ੀਨ ‘ਤੇ ਵੀ ਲੋਡ ਵਧ ਰਿਹਾ ਹੈ। ਹਸਪਤਾਲ ਦੇ ਇਸ ਫੈਸਲੇ ਨਾਲ ਨਵੇਂ ਮਰੀਜ਼ ਪਰੇਸ਼ਾਨ ਹਨ।
ਸ਼ਹਿਰ ਵਿਚ ਹੀ ਮੌਜੂਦ ਸੀæਐਮæਸੀæਐਚ ਤੇ ਡੀæਐਮæਸੀæਐਚæ ਨੇ ਸਰਕਾਰ ਕੋਲ ਉਨ੍ਹਾਂ ਦੀ ਕੋਈ ਅਦਾਇਗੀ ਪੈਂਡਿੰਗ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਹੋ ਰਹੇ ਇਲਾਜ ਲਈ ਪੈਸੇ ਦੀ ਕਮੀ ਨਹੀਂ ਹੈ। ਇਸ ਸਕੀਮ ਨਾਲ ਜੁੜੇ ਹਸਪਤਾਲਾਂ ਦੇ ਬਿੱਲ ਸਮਾਂ ਰਹਿੰਦੇ ਕਲੀਅਰ ਕਰ ਦਿੱਤੇ ਜਾਂਦੇ ਹਨ। ਜੇਕਰ ਲੁਧਿਆਣਾ ਵਿਚ ਓਸਵਾਲ ਹਸਪਤਾਲ ਨੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਬੰਦ ਕੀਤਾ ਹੈ ਤਾਂ ਇਸ ਦੀ ਜਾਂਚ ਕੀਤਾ ਜਾਵੇਗੀ। ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਵਿਚੋਂ ਜਾਰੀ ਕੀਤੀ ਰਕਮ ਦੇ ਵੇਰਵਿਆਂ ਅਨੁਸਾਰ ਦਸੰਬਰ 2011 ਤੋਂ ਦਸੰਬਰ 2012 ਤੱਕ 6027 ਮਰੀਜ਼ਾਂ ਨੂੰ 64,93,85,163 ਰੁਪਏ, ਜਨਵਰੀ 2012 ਤੋਂ ਦਸੰਬਰ 2013 ਤੱਕ 5561 ਮਰੀਜ਼ਾਂ ਨੂੰ 61,32,51,364 ਰੁਪਏ ਤੇ ਜਨਵਰੀ ਤੋਂ ਪੰਜ ਨਵੰਬਰ 2014 ਤੱਕ 6809 ਮਰੀਜ਼ਾਂ ਨੂੰ 92,2042,740 ਰੁਪਏ ਜਾਰੀ ਕੀਤੇ ਗਏ ਹਨ।
ਇਹ ਅੰਕੜੇ ਫ਼ੰਡ ਵਿਚੋਂ ਰਿਲੀਜ਼ ਕੀਤੀ ਰਕਮ ਦਾ ਵੇਰਵਾ ਹੀ ਨਹੀਂ ਦੱਸਦੇ ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਰਾਜ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਸ਼ੁਰੂ ਕੀਤਾ ਗਿਆ ਸੀ। ਇਸ ਵਿਚੋਂ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਡੇਢ ਲੱਖ ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਕੈਂਸਰ ਦੇ ਮਰੀਜ਼ ਨੂੰ ਸਿੱਧੀ ਦਿੱਤੀ ਜਾਂਦੀ ਰਹੀ ਹੈ ਪਰ ਬਹੁਤੀ ਦਫਤਰੀ ਕਾਰਵਾਈ ਕਾਰਨ ਸਹਾਇਤਾ ਰਾਸ਼ੀ ਦੇਰ ਨਾਲ ਰਿਲੀਜ਼ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਸਰਕਾਰ ਨੇ ਪਹਿਲੀ ਨਵੰਬਰ 2013 ਤੋਂ ਮੁਫ਼ਤ ਇਲਾਜ ਦੀ ਸਹੂਲਤ ਦੇ ਦਿੱਤੀ ਸੀ।
ਇਸ ਲਈ 16 ਹਸਪਤਾਲਾਂ ਨੂੰ ਪ੍ਰਵਾਨਿਤ ਪੈਨਲ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਸੱਤ ਸਰਕਾਰੀ ਤੇ ਨੌਂ ਪ੍ਰਾਈਵੇਟ ਹਸਪਤਾਲ ਹਨ। ਹਸਪਤਾਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੈਂਸਰ ਬਾਰੇ ਪਤਾ ਲੱਗਦਿਆਂ ਹੀ ਮਰੀਜ਼ ਦਾ ਮੁਫ਼ਤ ਇਲਾਜ ਸ਼ੁਰੂ ਕਰਕੇ ਵਿੱਤੀ ਮਦਦ ਲਈ ਸਿਹਤ ਵਿਭਾਗ ਨੂੰ ਕੇਸ ਭੇਜ ਦਿੱਤਾ ਜਾਵੇ। ਸਰਕਾਰੀ ਹਸਪਤਾਲਾਂ ਨੂੰ ਫ਼ੰਡ ਵਿਚੋਂ ਅਗਾਊਂ ਪੰਦਰਾਂ-ਪੰਦਰਾਂ ਲੱਖ ਦੀ ਰਕਮ ਦੇ ਦਿੱਤੀ ਗਈ ਹੈ। ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ ਦਾ ਇਲਾਜ ਸਰਕਾਰ ਵੱਲੋਂ ਮੁਕਰਰ ਰੇਟ ‘ਤੇ ਕੀਤਾ ਜਾਂਦਾ ਹੈ। ਪ੍ਰਾਈਵੇਟ ਹਸਪਤਾਲ ਮਰੀਜ਼ ਦੇ ਇਲਾਜ ‘ਤੇ ਖਰਚ ਕੀਤੀ ਗਈ ਰਕਮ ਦਾ ਸਰਟੀਫਿਕੇਟ ਤਾਂ ਦਿੱਤਾ ਜਾ ਰਿਹਾ ਹੈ ਪਰ ਇਸ ਇਲਾਜ ਤੇ ਇਸ ‘ਤੇ ਖ਼ਰਚ ਕੀਤੀ ਰਕਮ ਦਾ ਵੇਰਵਾ ਨਹੀਂ ਹੁੰਦਾ ਹੈ।
_____________________________________
ਪੰਜਾਬ ਵਿਚ ਕੈਂਸਰ ਦੇ 24 ਹਜ਼ਾਰ ਮਰੀਜ਼
ਪੰਜਾਬ ਸਰਕਾਰ ਵੱਲੋਂ 2013 ਵਿਚ ਡੋਰ ਟੂ ਡੋਰ ਕਰਵਾਏ ਗਏ ਸਰਵੇ ਦੀ ਰਿਪੋਰਟ ਵਿਚ ਸੂਬੇ ਵਿਚ ਕੈਂਸਰ ਦੇ 20 ਹਜ਼ਾਰ ਮਰੀਜ਼ ਮਿਲੇ ਸੀ। ਇਸ ਦੇ ਨਾਲ ਹੀ 84453 ਮਰੀਜ਼ਾਂ ਨੂੰ ਸ਼ੱਕੀ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਸੀ। ਕੈਂਸਰ ਨਾਲ ਮਾਲਵਾ ਬੈਲਟ ਜ਼ਿਆਦਾ ਪ੍ਰਭਾਵਿਤ ਹੈ। ਕੈਂਸਰ ਦਾ ਇਲਾਜ ਸਰਕਾਰ ਲਈ ਬੜੀ ਚੁਣੌਤੀ ਬਣਿਆ ਹੋਇਆ ਹੈ। ਸਰਕਾਰ ਨੇ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਪੂਰੇ ਸੂਬੇ ਵਿਚ ਨਿੱਜੀ ਤੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨਾਲ ਟਾਈਅੱਪ ਕੀਤਾ ਹੋਇਆ ਹੈ। ਜਿਥੇ ਗਰੀਬ ਮਰੀਜ਼ਾਂ ਨੂੰ ਡੇਢ ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।
____________________________________
ਪਹਿਲਾਂ ਵੀ ਵਿਵਾਦਾਂ ਵਿਚ ਘਿਰੀ ਰਹੀ ਹੈ ਯੋਜਨਾ
ਚੰਡੀਗੜ੍ਹ: ਮੁੱਖ ਮੰਤਰੀ ਕੈਂਸਰ ਰਾਹਤ ਫੰਡ ਯੋਜਨਾ ਪਹਿਲਾਂ ਵੀ ਵਿਵਾਦਾਂ ਵਿਚ ਘਿਰੀ ਰਹੀ ਹੈ। ਇਸ ਯੋਜਨਾ ਤਹਿਤ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਾਪਤ ਹੋ ਰਹੀ ਸਰਕਾਰੀ ਰਕਮ ਦੇ ਖਰਚ ਦਾ ਲੁਕੋਅ ਰੱਖਣ ਦੇ ਦੋਸ਼ ਲੱਗਦੇ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਵੱਲੋਂ ਸਿਹਤ ਵਿਭਾਗ ਨੂੰ ਕੈਂਸਰ ਦੇ ਮਰੀਜ਼ ਦੇ ਇਲਾਜ ਦੇ ਖ਼ਰਚ ਦਾ ਇਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਪਰ ਇਸ ਵਿਚ ਇਲਾਜ, ਟੈਸਟਾਂ ਜਾਂ ਅਪਰੇਸ਼ਨ ਆਦਿ ਦਾ ਵੇਰਵਾ ਨਹੀਂ ਦਿੱਤਾ ਜਾ ਰਿਹਾ ਹੈ। ਮਰੀਜ਼ ਤੋਂ ਵੀ ਇਸ ਦਾ ਓਹਲਾ ਰੱਖਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਰੀਜ਼ ਤੋਂ ਇਕ ਨਿਰਧਾਰਤ ਫ਼ਾਰਮ ‘ਤੇ ਦਸਤਖ਼ਤ ਕਰਾ ਲਏ ਜਾਂਦੇ ਹਨ ਜੋ ਪੈਸੇ ਵਸੂਲਣ ਲਈ ਵਿਭਾਗ ਨੂੰ ਭੇਜਣ ਲਈ ਕਾਫ਼ੀ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਫੰਡ ਦੇ ਲਾਭਪਾਤਰਾਂ ਲਈ ਛਪਵਾਏ ਫ਼ਾਰਮਾਂ ਵਿਚ ਵੀ ਕਈ ਤਰ੍ਹਾਂ ਦਾ ਓਹਲਾ ਰੱਖਿਆ ਗਿਆ ਹੈ ਜਿਸ ਦੀ ਆੜ ਹੇਠ ਪ੍ਰਾਈਵੇਟ ਹਸਪਤਾਲਾਂ ਦੀਆਂ ਮੌਜਾਂ ਬਣ ਗਈਆਂ ਹਨ। ਇਸ ਫ਼ਾਰਮ ਵਿਚ ਵੀ ਇਲਾਜ ਦੇ ਵੇਰਵੇ ਦੇਣ ਦਾ ਕੋਈ ਖਾਨਾ ਨਹੀਂ ਹੈ।
________________________________
ਮਾਲਵੇ ਵਿਚ ਕੈਂਸਰ ਦਾ ਸਭ ਤੋਂ ਵੱਧ ਕਹਿਰ
ਕੈਂਸਰ ਦਾ ਕਹਿਰ ਸਭ ਤੋਂ ਵੱਧ ਪੰਜਾਬ ਦੇ ਮਾਲਵੇ ਇਲਾਕੇ ਵਿਚ ਹੈ। ਇਸ ਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ ਮੰਨਿਆ ਜਾ ਰਿਹਾ ਹੈ। ਜਰਮਨ ਦੀ ਇਕ ਲਬਾਰਟਰੀ ਮਾਈਕਰੋਟਰੇਸ ਮਿਨਰਲ ਵੱਲੋਂ ਖੇਤੀ ਵਿਰਾਸਤ ਨਾਲ ਮਿਲ ਕੇ ਕੈਂਸਰ ਤੋਂ ਪੀੜਤ ਤੇ ਸਿਹਤਮੰਦ ਲੋਕਾਂ ਦੇ ਨਹੁੰ ਤੇ ਵਾਲਾਂ ‘ਤੇ ਕੀਤੀ ਗਈ ਟੈਸਟ ਵਿਧੀ ਖੋਜ ਤੋਂ ਸਾਹਮਣੇ ਆਇਆ ਹੈ ਕਿ ਯੂਰੇਨੀਅਮ ਸਮੇਤ ਭਾਰੀ ਧਾਤਾਂ ਦੀ ਬਹੁਤਾਤ ਨੇ ਮਾਲਵਾ ਖੇਤਰ ਦੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ। ਇਸ ਖੋਜ ਲਈ ਨਮੂਨੇ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ 12 ਪਿੰਡਾਂ ਤੇ ਫਰੀਦਕੋਟ ਸ਼ਹਿਰ ਵਿਚੋਂ ਲਏ ਗਏ ਸਨ ਜਿਨ੍ਹਾਂ ਦੇ ਅਧਾਰ ‘ਤੇ ਅੱਗੇ ਖੋਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪੀਅਨਾਂ ਦੇ ਮੁਕਾਬਲੇ ਮਲਵੱਈਆਂ ਵਿਚ ਭਾਰੀ ਧਾਤਾਂ ਕਾਰਨ 23 ਫ਼ੀਸਦੀ ਵੱਧ ਛਾਤੀ ਦੇ ਕੈਂਸਰ ਫਿਰ ਯੂਟਰਾਈਨ ਤੇ ਖਾਣੇ ਵਾਲੀ ਨਲੀ ਵਿਚ ਵੱਧ ਪਾਇਆ ਗਿਆ ਹੈ।