ਨਵੀਂ ਦਿੱਲੀ: ਦੇਸ਼ ਵਿਚ ਨਸ਼ਿਆਂ ਦੇ ਖ਼ਤਰੇ ਤੋਂ ਸਭ ਤੋਂ ਵੱਧ ਜਿਹੜੇ ਸੂਬੇ ਜੂਝ ਰਹੇ ਹਨ, ਉਨ੍ਹਾਂ ਵਿਚ ਪੰਜਾਬ ਤੇ ਮਨੀਪੁਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿਚ ਤਕਰੀਬਨ 70 ਫ਼ੀਸਦੀ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ। ਮਨੀਪੁਰ ਵਿਚ ਨਸ਼ਿਆਂ ਦੇ ਸ਼ਿਕਾਰ 72 ਫ਼ੀਸਦੀ ਨੌਜਵਾਨ ਏਡਜ਼ ਨਾਲ ਪੀੜਤ ਹਨ।
ਸਮਾਜਿਕ ਨਿਆਂ ਬਾਰੇ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੇ ਦੱਸਿਆ ਕਿ ਨਸ਼ਿਆਂ ਦੀ ਮੰਗ ਘਟਾਉਣ ਬਾਰੇ ਨੀਤੀ ਤਿਆਰ ਕਰਨ ਲਈ ਸਰਕਾਰ ਕਾਫ਼ੀ ਸਰਗਰਮ ਹੈ ਤੇ ਛੇਤੀ ਹੀ ਖਰੜੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਗਹਿਲੋਤ ਨੇ ਇਨ੍ਹਾਂ ਦੋਵਾਂ ਰਾਜਾਂ ਦਾ ਉਚੇਚੇ ਤੌਰ ਉਤੇ ਜ਼ਿਕਰ ਕਰਦਿਆਂ ਕਿਹਾ ਕਿ ਮੰਤਰਾਲੇ ਵੱਲੋਂ ਪੰਜਾਬ ਤੇ ਮਨੀਪੁਰ ਦੇ ਸਥਾਨਕ ਸਰੋਤ ਸਿਖਲਾਈ ਕੇਂਦਰਾਂ ਰਾਹੀਂ ਨਸ਼ਿਆਂ ਬਾਰੇ ਤਫਸੀਲੀ ਜਾਣਕਾਰੀ ਤੇ ਤੱਥ ਇਕੱਠੇ ਕਰਨ ਲਈ ਇਕ ਸਰਵੇਖਣ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਦੀ ਮਦਦ ਨਾਲ ਪੰਜਾਬ ਵਿਚ ਕੀਤੇ ਜਾ ਰਹੇ ਸਰਵੇਖਣ ਰਾਹੀਂ ਇਸ ਖ਼ਤਰੇ ਨਾਲ ਨਜਿੱਠਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਤੇ ਪੰਜਾਬ ਪੁਲਿਸ ਨੇ ਹਾਲ ਹੀ ਵਿਚ ਇਸ ਮੁਹਿੰਮ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਹੈ। ਪੁਲਿਸ ਵੱਲੋਂ ਪਹਿਲੇ ਪੜਾਅ ਦੌਰਾਨ ਵੀ ਤਕਰੀਬਨ 17 ਹਜ਼ਾਰ ਕੇਸ ਦਰਜ ਕੀਤੇ ਗਏ ਸਨ ਤੇ ਤਸਕਰ ਕਹਿ ਕੇ ਹਜ਼ਾਰਾਂ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਸੀ। ਦੂਜੇ ਪੜਾ ਦੀ ਮੁਹਿੰਮ ਤਹਿਤ 23 ਤੋਂ 31 ਮਈ ਤੱਕ ਕੁੱਲ 1181 ਮਾਮਲੇ ਦਰਜ ਕਰਕੇ 1243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 83634 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 2305 ਕਿੱਲੋ ਭੁੱਕੀ, 36 ਕਿੱਲੋ ਅਫੀਮ, 10æ47 ਕਿੱਲੋ ਹੈਰੋਇਨ, ਅੱਠ ਕਿੱਲੋ ਕੋਕੀਨ ਤੇ 32æ5 ਕਿੱਲੋ ਸਮੈਕ ਬਰਾਮਦ ਕੀਤੀ ਹੈ ਪਰ ਪੁਲਿਸ ਦੀ ਇਹ ਮੁਹਿੰਮ ‘ਮਾੜਿਆਂ’ ਵਾਸਤੇ ਦੀ ਮੰਨੀ ਜਾਂਦੀ ਰਹੀ ਹੈ।
ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਵੀ ਸੂਬੇ ਵਿਚ ਨਸ਼ਾ ਤਸਕਰੀ ਦਾ ਵੱਡਾ ਜ਼ਰੀਆ ਹੈ। ਪੰਜਾਬ ਵਿਚ ਪਾਕਿਸਤਾਨ ਨਾਲ ਲੱਗਦੀ ਤਕਰੀਬਨ 553 ਕਿਲੋਮੀਟਰ ਭਾਰਤੀ ਸਰਹੱਦ ਉਤੇ ਇਸ ਵੇਲੇ ਵੱਡੇ ਖੇਤਰ ਵਿਚ ਕੰਡਿਆਲੀ ਤਾਰ ਲੱਗੀ ਹੋਈ ਹੈ ਪਰ ਇਹ ਤਾਰ ਕਈ ਥਾਵਾਂ ਤੋਂ ਦਰਿਆਈ ਖੇਤਰ ਵਾਲੇ ਇਲਾਕੇ ਵਿਚ ਨਹੀਂ ਹੈ। ਤਕਰੀਬਨ 21 ਕਿਲੋਮੀਟਰ ਦਾ ਅਜਿਹਾ ਹਿੱਸਾ ਹੈ, ਜਿਥੇ ਇਹ ਕੰਡਿਆਲੀ ਤਾਰ ਜਾਂ ਤਾਂ ਨਸ਼ਟ ਹੋ ਚੁੱਕੀ ਹੈ ਜਾਂ ਲੱਗੀ ਨਹੀਂ ਹੈ। ਇਸ ਵਿਚੋਂ ਤਕਰੀਬਨ ਨੌਂ ਕਿਲੋਮੀਟਰ ਦਰਿਆਈ ਖੇਤਰ ਦਾ ਅਜਿਹਾ ਇਲਾਕਾ ਹੈ, ਜਿਥੇ ਦਰਿਆ ਦੇ ਬਦਲਦੇ ਵਹਾਅ ਕਾਰਨ ਇਹ ਤਾਰ ਅਕਸਰ ਨਸ਼ਟ ਹੁੰਦੀ ਰਹਿੰਦੀ ਹੈ। ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਨਾਲ ਸਬੰਧਤ ਸਰਹੱਦੀ ਖੇਤਰ ਵਿਚ ਕਈ ਅਜਿਹੀਆਂ ਥਾਵਾਂ ਹਨ, ਜਿਥੇ ਲੁਕਣਮੋਰੀਆਂ ਹੋਣ ਕਾਰਨ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਤੇ ਹੋਰਨਾਂ ਦੀ ਤਸਕਰੀ ਸੌਖਾਲੇ ਢੰਗ ਨਾਲ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਊਂਟਰ ਇੰਟੈਲੀਜੈਂਸ ਪੁਲਿਸ ਵੱਲੋਂ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਵਿਚ ਦੋ ਪਾਕਿਸਤਾਨੀ ਤਸਕਰ ਵੀ ਸ਼ਾਮਲ ਸਨ। ਇਨ੍ਹਾਂ ਕੋਲੋਂ ਹੈਰੋਇਨ, ਭਾਰਤੀ ਕਰੰਸੀ ਤੇ ਪਿਸਤੌਲ ਬਰਾਮਦ ਕੀਤੀ ਗਈ ਸੀ। ਪੁੱਛ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਇਹ ਪਾਕਿਸਤਾਨੀ ਤਸਕਰ ਅਜਨਾਲਾ ਖੇਤਰ ਵਿਚ ਪੈਂਦੇ ਦਰਿਆਈ ਇਲਾਕੇ ਵਿਚੋਂ ਹੈਰੋਇਨ ਦੀ ਖੇਪ ਲੈ ਕੇ ਭਾਰਤ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਸਨ। ਇਨ੍ਹਾਂ ਤਸਕਰਾਂ ਦੇ ਪੁਲਿਸ ਰਿਮਾਂਡ ਵਿਚ ਹੋਰ ਵੀ ਵਾਧਾ ਕੀਤਾ ਗਿਆ ਹੈ।
____________________________________________
ਜਾਂਚ ਅਧਿਕਾਰੀ ਨਸ਼ਿਆਂ ਬਾਰੇ ਕਾਨੂੰਨ ਤੋਂ ਕੋਰੇ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਵਕੀਲ ਤੇ ਜਾਂਚ ਅਧਿਕਾਰੀ ਨਸ਼ੀਲੇ ਪਦਾਰਥਾਂ ਬਾਰੇ ਕਾਨੂੰਨ ਤੋਂ ਸੱਖਣੇ ਹਨ ਤੇ ਇਨ੍ਹਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਮੁੜ ਕਲਾਸਾਂ ਲਾਉਣੀਆਂ ਚਾਹੀਦੀਆਂ ਹਨ । ਹਾਈਕੋਰਟ ਨੇ ਸੂਬਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਇਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਬਾਰੇ ਕਾਨੂੰਨਾਂ ਤੋਂ ਵਾਕਫ ਕਰਵਾਉਣ ਲਈ ਰਿਫਰੈਸ਼ਰ ਕੋਰਸ ਕਰਵਾਏ । ਜਸਟਿਸ ਪਰਮਜੀਤ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਦੀ ਜਾਂਚ ਵਿਚ ਲੱਗੀਆਂ ਰਾਜ ਦੀਆਂ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਬਾਰੇ ਕਾਨੂੰਨਾਂ ਦੀ ਜਾਣਕਾਰੀ ਹੀ ਨਹੀਂਂ ਹੈ। ਜਿਸ ਕਾਰਨ ਉਹ ਅਦਾਲਤ ਵਿਚ ਕੱਚਾ-ਪੱਕਾ ਕੇਸ ਤਿਆਰ ਕਰਕੇ ਲੈਆਂਦੀਆਂ ਹਨ।