ਵਿਆਹਾਂ ਦੀ ਮੰਡੀ ਅਤੇ ਪੁਲਾਂ ਦੀ ਸਿਆਸਤ

ਦਲਜੀਤ ਅਮੀ
ਫੋਨ: +91-97811-21873
ਦੋਰਾਹਾ ਵਿਚ ਟੈਂਕਰ ਪੁਲ ਨਾਲ ਵੱਜਣ ਕਾਰਨ ਅਮੋਨੀਆ ਗੈਸ ਰਿਸ ਗਈ ਅਤੇ ਅੱਠ ਜੀਆਂ ਦੀ ਮੌਤ ਹੋ ਗਈ। ਇਸ ਗੈਸ ਦੀ ਮਾਰ ਹੇਠ ਆਉਣ ਵਾਲੇ ਜ਼ਖਮੀਆਂ ਦਾ ਇਲਾਜ ਹਸਪਤਾਲਾਂ ਵਿਚ ਹੋ ਰਿਹਾ ਹੈ। ਜੀਆ-ਜੰਤ, ਮਾਲ-ਡੰਗਰ ਅਤੇ ਬੂਟਿਆਂ-ਵੇਲਾਂ ਤੇ ਰੁੱਖਾਂ ਦਾ ਨੁਕਸਾਨ ਮਨੁੱਖੀ ਹਮਦਰਦੀ ਤੋਂ ਇਲਾਜ ਜਾਂ ਅੰਕੜਿਆਂ ਦੇ ਘੇਰੇ ਵਿਚ ਨਹੀਂ ਆ ਸਕਿਆ।

ਪ੍ਰਸ਼ਾਸਨ ਨੇ ਹਾਦਸੇ ਦੀ ਭੇਟ ਚੜ੍ਹਨ ਵਾਲੇ ਹਰ ਜੀਅ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਧਾ-ਅੱਧਾ ਦੇਣਾ ਹੈ।
ਅਖ਼ਬਾਰਾਂ-ਟੈਲੀਵਿਜ਼ਨਾਂ ਦੀਆਂ ਰਿਪੋਰਟਾਂ ਮੁਤਾਬਕ ਟੈਂਕਰ ਦੀ ਉਚਾਈ ਵੱਧ ਸੀ ਅਤੇ ਪੁਲ ਨੀਵਾਂ ਸੀ। ਨੀਵੇਂ ਪੁਲ ਕਾਰਨ ਟੈਂਕਰ ਦੀ ਨੋਜਲ ਟੁੱਟ ਗਈ ਅਤੇ ਗੈਸ ਰਿਸ ਗਈ। ਰਾਤ ਨੂੰ ਹੋਏ ਇਸ ਰਿਸਾਓ ਦਾ ਅਸਰ ਆਲੇ-ਦੁਆਲੇ ਦੇ ਇਲਾਕੇ ਅਤੇ ਆਵਾਜਾਈ ਉਤੇ ਹੋਇਆ। ਇਸ ਰਿਸਾਓ ਨੂੰ ਦੋ ਦਲੀਲਾਂ ਰਾਹੀਂ ਹਾਦਸਾ ਕਰਾਰ ਦਿਤਾ ਜਾ ਰਿਹਾ ਹੈ। ਪਹਿਲੀ ਇਹ ਕਿ ਪਿਛਲੇ ਦਿਨਾਂ ਵਿਚ ਪੁਲ ਹੇਠਾਂ ਸੜਕ ਉਚੀ ਕੀਤੀ ਗਈ ਸੀ। ਦੂਜੀ ਇਹ ਕਿ ਡਰਾਈਵਰ ਨੇ ਧੱਕੇ ਨਾਲ ਪੁਲ ਹੇਠੋਂ ਟੈਂਕਰ ਕੱਢਣ ਲਈ ਜ਼ੋਰ-ਅਜ਼ਮਾਈ ਕੀਤੀ। ਇਹ ਦੋਵੇਂ ਦਲੀਲਾਂ ਤੱਥਾਂ ਪੱਖੋਂ ਠੀਕ ਜਾਪਦੀਆਂ ਹਨ।
ਸੁਆਲ ਇਹ ਹੈ ਕਿ ਇਸ ਰਿਸਾਓ ਨੂੰ ਇਨ੍ਹਾਂ ਦੋਵਾਂ ਦਲੀਲਾਂ ਨਾਲ ਜੋੜ ਕੇ ਹਾਦਸਾ ਕਰਾਰ ਦਿਤਾ ਜਾਣਾ ਠੀਕ ਹੈ ਜਾਂ ਅਜਿਹੇ ਰਿਸਾਓ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ? ਟੈਂਕਰ ਫਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹ ਟੈਂਕਰ ਫਟ ਜਾਂਦਾ ਤਾਂ ਡਰਾਈਵਰ ਦੀ ਜਾਨ ਬਚਣੀ ਤਾਂ ਮੁਸ਼ਕਿਲ ਸੀ ਅਤੇ ਜਾਨੀ ਨੁਕਸਾਨ ਕਿਤੇ ਜ਼ਿਆਦਾ ਹੋ ਸਕਦਾ ਸੀ। ਜੇ ਇਸ ਖ਼ਦਸ਼ੇ ਦਾ ਡਰਾਈਵਰ ਨੂੰ ਪਤਾ ਹੋਵੇ ਤਾਂ ਉਹ ਨੀਵੇਂ ਪੁਲ ਹੇਠੋਂ ਨਿਕਲਣ ਬਾਰੇ ਕਿਉਂ ਸੋਚੇਗਾ? ਕੀ ਇਸ ਗੈਸ ਲੀਕ ਹੋਣ ਦਾ ਸਮਾਜਕ ਸੁਰੱਖਿਆ ਨਾਲ ਕੋਈ ਰਿਸ਼ਤਾ ਬਣਦਾ ਹੈ? ਵਿਕਾਸ ਦੀ ਮੌਜੂਦਾ ਧਾਰਨਾ ਉਤੇ ਸਵਾਰ ਰਫ਼ਤਾਰ ਅਤੇ ਮਿਕਦਾਰ ਨੂੰ ਸਮਾਜਕ ਸੁਰੱਖਿਆ ਨਾਲ ਜੋੜ ਕੇ ਕਿਵੇਂ ਵੇਖਿਆ ਜਾ ਸਕਦਾ ਹੈ? ਕੀ ਮਿਕਦਾਰ ਅਤੇ ਰਫ਼ਤਾਰ ਨਾਲ ਜੁੜੀ ਮਸ਼ੀਨੀ ਸਮਰੱਥਾ ਨੂੰ ਸਮਾਜ ਦੀ ਮੌਜੂਦਾ ਚੇਤਨਾ, ਜੀਵਨ ਸ਼ੈਲੀ ਅਤੇ ਸਰਕਾਰੀ ਤੰਤਰ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ?
ਗੱਡੀਆਂ ਦੀ ਸਮਰੱਥਾ ਵਧਣ ਨਾਲ ਭਾਰੇ ਟੈਂਕਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਟੈਂਕਰਾਂ ਨੇ ਪੁਰਾਣੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚ ਕਰਨੀ ਹੁੰਦੀ ਹੈ। ਜਦੋਂ ਗੱਡੀਆਂ ਦੀ ਲੰਬਾਈ ਅਤੇ ਉਚਾਈ ਵਧ ਰਹੀ ਹੈ ਤਾਂ ਇਹ ਤੈਅ ਹੋਣਾ ਚਾਹੀਦਾ ਹੈ ਕਿ ਇਹ ਕਿਨ੍ਹਾਂ ਰਾਹਾਂ ਤੋਂ, ਕਿਨ੍ਹਾਂ ਪੁਲਾਂ ਦੇ ਹੇਠੋਂ ਅਤੇ ਕਿਨ੍ਹਾਂ ਦੇ ਉਪਰੋਂ ਜਾ ਸਕਦੇ ਹਨ। ਜਦੋਂ ਅਜਿਹੇ ਟੈਂਕਰਾਂ ਨੇ ਖ਼ਤਰਨਾਕ ਚੀਜ਼ਾਂ ਦੀ ਢੋਆ-ਢੁਆਈ ਕਰਨੀ ਹੈ ਤਾਂ ਪੁਲਾਂ ਉਪਰ ਇਹ ਕਿਉਂ ਨਹੀਂ ਲਿਖਿਆ ਜਾ ਸਕਦਾ ਕਿ ਇਥੋਂ ਕਿੰਨੀ ਉਚੀ ਗੱਡੀ ਲੰਘ ਸਕਦੀ ਹੈ? ਗੱਡੀ ਵਾਲੇ ਨੂੰ ਇਕ ਥਾਂ ਤੋਂ ਤੁਰਨ ਵੇਲੇ ਕਿਉਂ ਨਹੀਂ ਪਤਾ ਹੋ ਸਕਦਾ ਕਿ ਕਿਸ ਸੜਕ ਅਤੇ ਕਿਸ ਪੁਲ ਤੋਂ ਲੰਘਿਆ ਜਾ ਸਕਦਾ ਹੈ?
ਜਦੋਂ ਢੋਆ-ਢੁਆਈ ਖ਼ਤਰਨਾਕ ਸਮਾਨ ਦੀ ਹੋ ਰਹੀ ਹੈ ਤਾਂ ਗੱਡੀ ਬਣਾਉਣ ਵਾਲਿਆਂ ਉਤੇ ਉਚਾਈ ਦਾ ਅੰਦਾਜ਼ਾ ਦੇਣ ਵਾਲਾ ਯੰਤਰ ਲਗਾਉਣ ਦੀ ਸ਼ਰਤ ਕਿਉਂ ਨਹੀਂ ਲਗਾਈ ਜਾ ਸਕਦੀ? ਮੌਜੂਦਾ ਤਕਨੀਕ ਨਾਲ ਤਾਂ ਇਹ ਵੀ ਸੰਭਵ ਹੈ ਕਿ ਘੱਟ ਉਚਾਈ ਵਾਲੀ ਥਾਂ ਉਤੇ ਗੱਡੀ ਆਪ ਬੰਦ ਹੋ ਜਾਵੇ। ਜੇ ਕਰਜ਼ੇ ਵਾਲੇ ਆਪਣੀਆਂ ਕਿਸ਼ਤਾਂ ਵਸੂਲਣ ਲਈ ਕੰਪਿਊਟਰ ਰਾਹੀਂ ਗੱਡੀਆਂ ਦੇ ਇੰਜਣ ਸੀਲ ਕਰ ਸਕਦੇ ਹਨ ਤਾਂ ਇਹ ਕੰਮ ਤੰਗ ਪੁਲਾਂ ਉਤੇ ਸਮਾਜ ਦੀ ਸੁਰੱਖਿਆ ਲਈ ਕਿਉਂ ਨਹੀਂ ਕੀਤਾ ਜਾ ਸਕਦਾ? ਜੇ ਪੂਰੀ ਦੁਨੀਆਂ ਵਿਚ ਹਰ ਥਾਂ ਦੀ ਜਾਣਕਾਰੀ ਨਾਲ ਰਾਹ ਲੱਭੇ ਜਾ ਸਕਦੇ ਹਨ ਤਾਂ ਅਜਿਹੇ ਟੈਂਕਰਾਂ ਦੀ ਸੁਰੱਖਿਅਤ ਆਵਾਜਾਈ ਦੀਆਂ ਸ਼ਰਤਾਂ ਕਿਉਂ ਨਹੀਂ ਉਲੀਕੀਆਂ ਜਾ ਸਕਦੀਆਂ?
ਜਦੋਂ ਇੰਨੀ ਵੱਡੀ ਮਿਕਦਾਰ ਵਿਚ ਅਜਿਹੇ ਖ਼ਤਰਨਾਕ ਸਮਾਨ ਨੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਹੈ ਤਾਂ ਹਾਦਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਸੰਭਾਵਨਾਵਾਂ ਘਟਾਉਣ ਵਾਲੀ ਵਿਉਂਤਬੰਦੀ ਤਾਂ ਹੋਣੀ ਹੀ ਚਾਹੀਦੀ ਹੈ, ਪਰ ਇਸ ਤੋਂ ਬਾਅਦ ਸਮਾਜਕ ਸੁਰੱਖਿਆ ਯਕੀਨੀ ਬਣਾਉਣ ਲਈ ਚੇਤਨਾ ਦਾ ਪਸਾਰਾ ਵੀ ਹੋਣਾ ਚਾਹੀਦਾ ਹੈ। ਹਾਦਸੇ ਤੋਂ ਬਾਅਦ ਚੇਤਨਾ ਹੀ ਨੁਕਸਾਨ ਘੱਟ ਕਰਨ ਦੇ ਕੰਮ ਆ ਸਕਦੀ ਹੈ। ਸੁਚੇਤ ਸਰਕਾਰੀ ਮਹਿਕਮਿਆਂ ਤੋਂ ਇਲਾਵਾ ਵਿਦਿਅਕ ਅਦਾਰਿਆਂ ਰਾਹੀਂ ਸਮਾਜ ਵਿਚ ਚੇਤਨਾ ਫੈਲਣੀ ਚਾਹੀਦੀ ਹੈ ਕਿ ਅਜਿਹੇ ਮੌਕੇ ਕਿਸ ਤਰ੍ਹਾਂ ਦੀ ਪਹਿਲਕਦਮੀ ਬਚਾਓ ਅਤੇ ਦੂਜਿਆਂ ਦੀ ਮਦਦ ਦੇ ਕੰਮ ਆਉਂਦੀ ਹੈ।
ਦੋਰਾਹੇ ਵਾਲੇ ਗੈਸ ਹਾਦਸੇ ਨੇ ਇੰਤਜ਼ਾਮੀਆ ਵਿਉਂਤਬੰਦੀ ਦੀ ਦੋਵਾਂ ਪੱਖਾਂ ਤੋਂ ਘਾਟ ਉਜਾਗਰ ਕਰ ਦਿਤੀ ਹੈ। ਇਕ ਪਾਸੇ ਟਾਲੇ ਜਾ ਸਕਣ ਵਾਲੇ ਹਾਦਸਿਆਂ ਲਈ ਲੋੜੀਂਦੀਆਂ ਪੇਸ਼ਬੰਦੀਆਂ ਦੀ ਘਾਟ ਹੈ ਤਾਂ ਦੂਜੇ ਪਾਸੇ ਹਾਦਸੇ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਚੇਤਨਾ ਦੀ। ਜੇ ਪ੍ਰਸ਼ਾਸਨ ਗੈਸ ਦੇ ਟੈਂਕਰ ਨੂੰ ਸ਼ਹਿਰੀ ਆਬਾਦੀ ਵਿਚੋਂ ਬਾਹਰ ਕੱਢ ਕੇ ਪੇਂਡੂ ਆਬਾਦੀ ਨੇੜੇ ਖੜ੍ਹਾ ਕਰ ਦਿੰਦਾ ਹੈ ਤਾਂ ਇਸ ਦੀ ਗ਼ੈਰ-ਜ਼ਿੰਮੇਵਾਰੀ ਵੀ ਹਾਦਸੇ ਦੇ ਖੌਅ ਨੂੰ ਵਧਾਉਂਦੀ ਹੈ। ਇਸੇ ਗ਼ੈਰ-ਜ਼ਿੰਮੇਵਾਰੀ ਕਾਰਨ ਇਕ ਜਣਾ ਗੈਸ ਤੋਂ ਪੀੜਤ ਹੋਇਆ ਹੈ। ਇਸ ਚਰਚਾ ਨੂੰ ਮੌਜੂਦਾ ਹਾਦਸੇ ਜਾਂ ਇਸ ਦੀ ਮਾਰ ਤੱਕ ਮਹਿਦੂਦ ਕਰਨਾ ਹਾਲਾਤ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਇਸ ਹਾਦਸੇ ਨਾਲ ਤਾਂ ਸਿਰਫ਼ ਟੈਂਕਰਾਂ ਕਾਰਨ ਸੜਕਾਂ ਉਤੇ ਅਜਿਹੇ ਖ਼ਦਸ਼ਿਆਂ ਦੀ ਨਿਸ਼ਾਨਦੇਹੀ ਹੁੰਦੀ ਹੈ। ਇਸ ਚਰਚਾ ਨੂੰ ਮੌਜੂਦਾ ਵਿਕਾਸ ਮਾਡਲ ਜਾਂ ਵਿਕਾਸ ਨਾਲ ਜੁੜੀ ਤਰਜ਼ਿ-ਜ਼ਿੰਦਗੀ ਨਾਲ ਜੋੜ ਕੇ ਵੇਖਣਾ ਜ਼ਰੂਰੀ ਹੈ।
ਖੁੱਲ੍ਹੀ ਮੰਡੀ ਦੇ ਦੌਰ ਵਿਚ ਅਜਿਹੇ ਹਾਦਸਿਆਂ ਦੀ ਸੰਭਾਵਨਾ ਵਧੀ ਹੈ। ਹੁਣ ਘੱਟ ਆਬਾਦੀ ਵਾਲੇ ਇਲਾਕਿਆਂ ਲਈ ਬਣੀਆਂ ਮਹਿੰਗੀਆਂ ਗੱਡੀਆਂ ਜ਼ਿਆਦਾ ਆਬਾਦੀ ਵਾਲੇ ਭੀੜੇ ਇਲਾਕਿਆਂ ਅਤੇ ਤੰਗ ਸੜਕਾਂ ਉਤੇ ਆ ਚੜ੍ਹੀਆਂ ਹਨ। ਇਕ ਪਾਸੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਕਾਰਾਂ ਹਨ ਅਤੇ ਦੂਜੇ ਪਾਸੇ ਵੱਡੀ ਮਿਕਦਾਰ ਵਿਚ ਸਮਾਨ ਢੋਣ ਵਾਲੇ ਟਰੱਕ ਹਨ। ਤੀਜੀ ਦੁਨੀਆਂ ਦੇ ਇਲਾਕਿਆਂ ਵਿਚ ਇਸ ਰਫ਼ਤਾਰ ਅਤੇ ਮਿਕਦਾਰ ਦਾ ਬੋਝ ਚੁੱਕਣ ਵਾਲਾ ਢਾਂਚਾ ਨਹੀਂ ਹੈ। ਜਦੋਂ ਇਸ ਰਫ਼ਤਾਰ ਅਤੇ ਮਿਕਦਾਰ ਦੇ ਪੈਰੋਕਾਰਾਂ ਨੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਗੱਡੀਆਂ ਦੀ ਸਹੂਲਤ ਮੁਤਾਬਕ ਕਰਨ ਦਾ ਤਰੱਦਦ ਕੀਤਾ ਹੈ ਤਾਂ ਵਿਕਾਸ ਦੀਆਂ ਬੇਮੇਲ ਤੰਦਾਂ ਸੜਕਾਂ ਉਤੇ ਜੁੜਦੀਆਂ ਜਾਪਦੀਆਂ ਹਨ। ਇਕੋ ਸੜਕ ਉਤੇ ਰੇਹੜੇ-ਟਾਂਗੇ ਅਤੇ ਗੱਡੀਆਂ ਚੱਲਦੀਆਂ ਹਨ। ਗੱਡੀਆਂ ਤੋਂ ਰਫ਼ਤਾਰ ਬੋਚੀ ਨਹੀਂ ਜਾਂਦੀ ਅਤੇ ਬਲਦਾਂ ਤੋਂ ਮਸ਼ੀਨੀ ਫੁਰਤੀ ਦੀ ਤਵੱਕੋ ਕੀਤੀ ਨਹੀਂ ਜਾ ਸਕਦੀ। ਨਤੀਜੇ ਵਜੋਂ ਸੜਕਾਂ ਉਤੇ ਪੈਦਲ ਜਾਂ ਸਾਈਕਲਾਂ, ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਸਵਾਰੀ ਕਰਨ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਵਧੀ ਜਾਂਦੀ ਹੈ। ਇਨ੍ਹਾਂ ਨੂੰ ਲੱਗੀਆਂ ਮਾਰੂ ਸੱਟਾਂ ਦਾ ਤਾਂ ਕੋਈ ਹਿਸਾਬ-ਕਿਤਾਬ ਤੱਕ ਨਹੀਂ ਰੱਖਣਾ ਚਾਹੁੰਦਾ।
ਸੜਕਾਂ ਉਤੇ ਪਸਰੀ ਇਸ ਬਦਇੰਤਜ਼ਾਮੀ ਦਾ ਸਮਾਜਕ ਪਸਾਰ ਨਿੱਤ ਵਧ ਰਹੇ ਪਾੜੇ ਵਿਚ ਨਜ਼ਰ ਆਉਂਦਾ ਹੈ। ਵੱਡੀਆਂ ਤਨਖ਼ਾਹਾਂ ਵਾਲਿਆਂ ਦੇ ਛਿਮਾਹੀ-ਸਾਲਾਨਾ ਵਾਧਿਆਂ ਨੂੰ ਯਕੀਨੀ ਬਣਾਉਣ ਲਈ ਅਦਾਲਤਾਂ ਹਨ ਅਤੇ ਕਾਨੂੰਨੀ ਚਾਰਾਜੋਈਆਂ ਹਨ। ਘੱਟ ਤਨਖ਼ਾਹਾਂ ਵਾਲਿਆਂ ਲਈ ਇਕ ਪਾਸੇ ਰੋਜ਼ਗਾਰ ਦਾ ਤੋੜਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਉਜਰਤਾਂ ਬਾਬਤ ਸਰਕਾਰਾਂ ਘੱਟੋ-ਘੱਟ ਕਾਨੂੰਨੀ ਕਾਰਵਾਈ ਤੱਕ ਭੁੱਲ ਗਈਆਂ ਹਨ। ਰਫ਼ਤਾਰ, ਮਿਕਦਾਰ ਅਤੇ ਸਰਮਾਏ ਦੀ ਨੁਮਾਇਸ਼ ਹਰ ਤਬਕੇ ਦੀਆਂ ਅੱਖਾਂ ਚੁੰਧਿਆ ਰਹੀ ਹੈ। ਮਾਪੇ ਆਪਣੇ ਬੱਚਿਆਂ ਨੂੰ ਕਰਜ਼ੇ ਲੈ ਕੇ ਵੱਡੀਆਂ ਨੌਕਰੀਆਂ ਦੇ ਯੋਗ ਬਣਾਉਣ ਲਈ ਜਫ਼ਰ ਜਾਲ ਰਹੇ ਹਨ। ਨਵੇਂ ਖੁੱਲ੍ਹੇ ਕਾਲਜਾਂ ਦੀਆਂ ਇਮਾਰਤਾਂ ਵੱਡੀਆਂ ਹੋ ਰਹੀਆਂ ਹਨ। ਇਨ੍ਹਾਂ ਦੀਆਂ ਸ਼ਾਖਾਵਾਂ ਵਿਚ ਵਾਧਾ ਹੋ ਰਿਹਾ ਹੈ। ਕਾਲਜ ਯੂਨੀਵਰਸਿਟੀਆਂ ਬਣ ਰਹੇ ਹਨ। ਦੂਜੇ ਪਾਸੇ ਡਿਗਰੀਆਂ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ। ਬਠਿੰਡੇ ਫ਼ੌਜ ਵਿਚ ਸਫ਼ਾਈ ਸੇਵਕ ਦੀ ਭਰਤੀ ਲਈ ਹਰ ਤਰ੍ਹਾਂ ਦੀਆਂ ਡਿਗਰੀਆਂ ਵਾਲੇ ਉਮੀਦਵਾਰ ਪਹੁੰਚੇ ਸਨ। ਡਿਗਰੀਆਂ, ਰੋਜ਼ਗਾਰ ਅਤੇ ਉਮੀਦਾਂ ਦਾ ਮੇਲ ਨਾ ਹੋਣ ਕਾਰਨ ਪੜ੍ਹੇ-ਲਿਖੇ ਝਪੱਟਾ-ਮਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇੰਜੀਨੀਅਰ ਬੈਂਕਾਂ ਅਤੇ ਏæਟੀæਐਮæ ਦੇ ਖੋਖਿਆਂ ਨੂੰ ਸੰਨ੍ਹਾਂ ਲਗਾਉਂਦੇ ਫੜੇ ਜਾਂਦੇ ਹਨ।
ਮੌਜੂਦਾ ਜੀਵਨ ਸ਼ੈਲੀ ਦਾ ਨਤੀਜਾ ਹੈ ਕਿ ਵਿਆਹ, ਘਰਾਂ ਵਿਚੋਂ ਮੈਰਿਜ ਪੈਲੇਸਾਂ ਵਿਚ ਪਹੁੰਚ ਗਏ ਹਨ। ਮੈਰਿਜ ਪੈਲੇਸਾਂ ਦਾ ਕਚਰਾ ਸੁੱਟਣ ਦਾ ਕੋਈ ਇੰਤਜ਼ਾਮ ਨਹੀਂ। ਮੈਰਿਜ ਪੈਲੇਸਾਂ ਵਿਚੋਂ ਆਉਂਦੀਆਂ ਆਵਾਜ਼ਾਂ ਨੇ ਲਾਗਲੀਆਂ ਆਬਾਦੀਆਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਨ੍ਹਾਂ ਥਾਂਵਾਂ ਦਾ ਸ਼ੋਰ ਅਤੇ ਕਚਰਾ ਲੋਕਾਂ ਦੀ ਜ਼ਿੰਦਗੀ ਉਤੇ ਅਸਰਅੰਦਾਜ਼ ਹੋਇਆ ਹੈ, ਪਰ ਸੁਣਵਾਈ ਕਿਤੇ ਨਹੀਂ ਹੁੰਦੀ। ਇਨ੍ਹਾਂ ਮੈਰਿਜ ਪੈਲੇਸਾਂ ਨੂੰ ਪ੍ਰਦੂਸ਼ਣ ਫੈਲਾਉਂਦੀਆਂ ਸਨਅਤਾਂ ਅਤੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਦੀਆਂ ਨਿਕਾਸੀਆਂ ਦੀ ਨਵੀਂ ਕੜੀ ਵਜੋਂ ਸਮਝਿਆ ਜਾਣਾ ਜ਼ਰੂਰੀ ਹੈ। ਇਨ੍ਹਾਂ ਮੈਰਿਜ ਪੈਲੇਸਾਂ ਵਿਚ ਸ਼ਰਾਬ ਸਰਕਾਰੀ ਇਜਾਜ਼ਤ ਨਾਲ ਪੀਤੀ ਜਾਂਦੀ ਹੈ ਅਤੇ ਸ਼ਰਾਬੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਆਪ ਵੀ ਇਸੇ ਮਾਰ ਵਿਚ ਆਉਂਦੇ ਹਨ। ਜੇ ਸ਼ਰਾਬ ਪੀਣ ਦੀ ਪ੍ਰਵਾਨਗੀ ਦੇਣ ਵਾਲੇ ਮਹਿਕਮੇ ਸ਼ਰਾਬੀਆਂ ਅਤੇ ਸੜਕ ਹਾਦਸਿਆਂ ਦਾ ਰਿਸ਼ਤਾ ਸਮਝਣ ਵਿਚ ਨਾਕਾਮਯਾਬ ਰਹੇ ਹਨ ਤਾਂ ਇਸ ਨੂੰ ਬੇਅਕਲੀ ਨਹੀਂ, ਸਗੋਂ ਬਦਨੀਅਤੀ ਕਿਹਾ ਜਾਵੇਗਾ।
ਇਨ੍ਹਾਂ ਹਾਲਾਤ ਵਿਚ ਵਿਆਹਾਂ ਅਤੇ ਪੁਲਾਂ ਦੇ ਉਦਘਾਟਨ ਸਮਾਗਮਾਂ ਦੀਆਂ ਸਾਂਝੀਆਂ ਤੰਦਾਂ ਸਮਝਣੀਆਂ ਜ਼ਰੂਰੀ ਹਨ। ਹੁਣ ਪੰਜਾਬ ਵਿਚ ਵਿਆਹ ਕਰਨ ਵੇਲੇ ਇਹ ਦਲੀਲ ਆਮ ਦਿਤੀ ਜਾਂਦੀ ਹੈ ਕਿ ਮੁੰਡੇ ਵਾਲਿਆਂ ਨੇ ਫਲਾਣੇ ਪੈਲੇਸ ਵਿਚ ਵਿਆਹ ਕਰਨ ਦੀ ਮੰਗ ਕੀਤੀ ਹੈ। ਵਿਆਹ ਦਾ ਰੁਤਬਾ ਪੈਲੇਸ ਦੀ ਚੋਣ ਨਾਲ ਜੁੜ ਗਿਆ ਹੈ। ਵਿਆਹ ਵਾਲੇ ਕੁੜੀ-ਮੁੰਡੇ ਦੀ ਥਾਂ ਪੈਲੇਸ ਦਾ ਬੰਦੋਬਸਤ ਜ਼ਿਆਦਾ ਚਰਚਾ ਵਿਚ ਰਹਿੰਦੇ ਹਨ। ਵਿਆਹਾਂ ਉਤੇ ਕੈਮਰੇ ਵਾਲੇ ਸ਼ਗਨ ਪਾਉਣ ਵਾਲਿਆਂ ਦੀਆਂ ਮਿਲਣੀਆਂ ਤੋਂ ਲੈ ਕੇ ਬੁਰਕੀਆਂ ਪਾਉਣ ਦਾ ਸਲੀਕਾ ਤੈਅ ਕਰਦੇ ਹਨ। ਅਜਿਹੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਸਨ ਕਿ ਪੈਲੇਸਾਂ ਉਤੇ ਹੋਏ ਖ਼ਰਚੇ ਕੁੜੀ-ਮੁੰਡੇ ਦੀ ਜ਼ਿੰਦਗੀ ਬਿਹਤਰ ਕਰ ਸਕਦੇ ਸਨ, ਪਰ ਬਾਅਦ ਵਿਚ ਕਈ ਸਾਲਾਂ ਤੱਕ ਰੁਲ਼ਦੇ ਰਹੇ। ਦੂਜੇ ਪਾਸੇ ਪੁਲਾਂ ਦੇ ਉਦਘਾਟਨਾਂ ਲਈ ਮੁਕਾਮੀ ਵਿਧਾਨ ਸਭਾ, ਲੋਕ ਸਭਾ ਦੇ ਨੁਮਾਇੰਦਿਆਂ ਤੋਂ ਲੈ ਕੇ ਸੂਬੇ ਦੇ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਦੀਆਂ ਤਕਰਾਰਾਂ ਹੁੰਦੀਆਂ ਹਨ। ਇਹ ਉਦਘਾਟਨ ਸਿਆਸਤਦਾਨਾਂ ਅਤੇ ਸਰਕਾਰਾਂ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਹੁੰਦੇ ਹਨ। ਇਹ ਸਮਾਗਮ ਵੱਡੇ ਤੋਂ ਵੱਡੇ ਅਤੇ ਮਹਿੰਗੇ ਤੋਂ ਮਹਿੰਗੇ ਹੋ ਰਹੇ ਹਨ।
ਪੰਜਾਬ ਦਾ ਖ਼ਜ਼ਾਨਾ ਦੱਸਦਾ ਹੈ ਕਿ ਇਨ੍ਹਾਂ ਉਦਘਾਟਨੀ ਸਮਾਗਮਾਂ ਦਾ ਬੋਝ ਚੁੱਕਣਾ ਕਿੰਨਾ ਮੁਸ਼ਕਿਲ ਹੈ। ਇਨ੍ਹਾਂ ਉਦਘਾਟਨੀ ਸਮਾਗਮਾਂ ਨਾਲ ਜੁੜੀਆਂ ਸੜਕਾਂ ਅਤੇ ਪੁਲ ਗੱਡੀਆਂ ਦੀ ਰਫ਼ਤਾਰ ਅਤੇ ਵਜ਼ਨ ਨੂੰ ਬੋਚ ਸਕਣ ਤੋਂ ਇਨਕਾਰੀ ਹਨ। ਇਨ੍ਹਾਂ ਸੜਕਾਂ ਉਤੇ ਦੋ ਪਹੀਆ ਸਵਾਰ ਦੀ ਜਾਨ ਸਦਾ ਖ਼ਤਰੇ ਵਿਚ ਹੈ ਅਤੇ ਮਹਿੰਗੀ ਗੱਡੀ ਖਰੀਦਣ ਵਾਲੇ ਦੇ ਪੈਸੇ ਦਾ ਮੁੱਲ ਨਹੀਂ ਪੈਂਦਾ। ਜੇ ਮਹਿੰਗੀ ਗੱਡੀ ਆਪਣੀ ਰਫ਼ਤਾਰ ਉਤੇ ਭੱਜੀ ਹੀ ਨਹੀਂ ਤਾਂ ਖਰੀਦਣ ਦਾ ਕੀ ਫਾਇਦਾ?
ਇਸੇ ਤਰ੍ਹਾਂ ਮੈਰਿਜ ਪੈਲੇਸਾਂ ਦੇ ਵਿਆਹ ਦੀ ਸ਼ਾਨੋ-ਸ਼ੌਕਤ ਘਰਾਂ ਦਾ ਤਵਾਜ਼ਨ ਵਿਗਾੜ ਦਿੰਦੀ ਹੈ। ਇਹ ਬਦਇੰਤਜ਼ਾਮੀ ਹੈ ਜੋ ਦੁਰਾਹੇ ਵਿਚ ਗੈਸ ਬਣ ਕੇ ਰਿਸ ਜਾਂਦੀ ਹੈ ਅਤੇ ਮੈਰਿਜ ਪੈਲੇਸਾਂ ਤੋਂ ਘਰਾਂ ਵਿਚ ਕਰਜ਼ਾ ਬਣ ਕੇ ਪਸਰ ਜਾਂਦੀ ਹੈ। ਇਹ ਬਦਇੰਤਜ਼ਾਮੀ ਹੈ ਜੋ ਸੜਕ ਹਾਦਸਿਆਂ ਰਾਹੀਂ ਰੋਜ਼ ਸਾਹਮਣੇ ਆਉਂਦੀ ਹੈ ਅਤੇ ਪੜ੍ਹਿਆਂ-ਲਿਖਿਆਂ ਨੂੰ ਝਪੱਟੇ ਮਾਰਨੇ ਜਾਂ ਸੰਨ੍ਹਾਂ ਲਗਾਉਣੀਆਂ ਸਿਖਾਉਂਦੀ ਹੈ। ਬੋਚੀ ਨਾ ਜਾ ਸਕਣ ਵਾਲੀ ਰਫ਼ਤਾਰ ਅਤੇ ਮਿਕਦਾਰ ਜਿਊਂਦੇ ਜੀਅ ਬੰਦੇ ਨੂੰ ਮੰਡੀ ਦੇ ਵਸ ਪਾਉਂਦੀ ਹੈ ਅਤੇ ਥੋੜ੍ਹਾ ਜਿਹਾ ਤਵਾਜ਼ਨ ਡੋਲਣ ਉਤੇ ਬੰਦੇ ਨੂੰ ਮੌਤ ਦੇ ਮੂੰਹ ਪਾਉਂਦੀ ਹੈ।
ਜਦੋਂ ਗੱਡੀਆਂ ਦੀ ਮਸ਼ੀਨੀ ਸਮਰੱਥਾ ਦੀ ਨੁਮਾਇਸ਼ ਹੋ ਰਹੀ ਹੈ ਅਤੇ ਮੈਰਿਜ ਪੈਲੇਸ ਜਾਂ ਕੈਮਰਿਆਂ ਵਾਲੇ ਵਿਆਹਾਂ ਦੀ ਪ੍ਰਾਪਤੀ ਬਣੇ ਹਨ ਤਾਂ ਹਾਦਸਾ ਸਾਡੀਆਂ ਬਰੂਹਾਂ ਉਤੇ ਖੜ੍ਹਾ ਹੈ। ਬਦਇੰਤਜ਼ਾਮੀ ਦਾ ਇਹ ਆਲਮ ਸਿਰਜਣ ਵਾਲੀ ਖੁੱਲ੍ਹੀ ਮੰਡੀ ਅਤੇ ਸਰਕਾਰ ਆਪਣੇ ਪਰਉਪਕਾਰੀ ਅਦਾਰਿਆਂ ਨਾਲ ਮੁਆਵਜ਼ੇ ਦੀ ਖੇਡ ਖੇਡਣ ਲੱਗੇ ਹਨ। ਜਿਵੇਂ ਇਹ ਬਦਇੰਤਜ਼ਾਮੀ ਅਰਸ਼ੋਂ ਉਤਰੀ ਹੋਵੇ ਅਤੇ ਮਰਨਾ ਬੰਦੇ ਦਾ ਕੁਦਰਤੀ ਸ਼ੌਕ ਹੋਵੇ।