-ਜਤਿੰਦਰ ਪਨੂੰ
ਕਈ ਵਾਰੀ ਸਾਧਾਰਨ ਚੁਟਕਲੇ ਵੀ ਕਈ ਕੁਝ ਕਹਿ ਜਾਂਦੇ ਹਨ। ਇੱਕ ਚੁਟਕਲਾ ਅਸੀਂ ਅਖਬਾਰਾਂ ਵਿਚ ਬੜੀ ਵਾਰ ਪੜ੍ਹ ਚੁੱਕੇ ਸਾਂ ਕਿ ਲਾਲੂ ਪ੍ਰਸਾਦ ਯਾਦਵ ਨੇ ਰਾਬੜੀ ਦੇਵੀ ਨੂੰ ਕਿਹਾ ਕਿ ‘ਜੇ ਤੂੰ ਮੇਰੀ ਬੰਦ ਮੁੱਠੀ ਵਿਚ ਲੁਕਾ ਕੇ ਰੱਖੇ ਪੈਸਿਆਂ ਬਾਰੇ ਇਹ ਦੱਸ ਦੇਵੇਂ ਕਿ ਪੰਜ ਰੁਪਏ ਹਨ ਤਾਂ ਮੈਂ ਪੰਜ ਦੇ ਪੰਜ ਤੈਨੂੰ ਦੇ ਦੇਵਾਂਗਾ।’ ਰਾਬੜੀ ਦੇਵੀ ਇਹ ਵੀ ਨਹੀਂ ਸੀ ਦੱਸ ਸਕੀ।
ਬਿਹਾਰ ਦੀ ਰਾਜਨੀਤੀ ਵਿਚ ਲਾਲੂ ਦੀ ਭੰਡੀ ਕਰਨ ਵਾਲੇ ਇਸ ਚੁਟਕਲੇ ਤੋਂ ਹੱਸਿਆ ਕਰਦੇ ਸਨ, ਪਰ ਹੁਣ ਇਸ ਵਿਚ ਕੁਝ ਵਾਧਾ ਹੋ ਗਿਆ ਹੈ। ਨਵਾਂ ਚੁਟਕਲਾ ਇਹ ਕਹਿੰਦਾ ਹੈ ਕਿ ਲਾਲੂ ਨੇ ਰਾਬੜੀ ਨੂੰ ਇਹੋ ਕਿਹਾ ਸੀ ਕਿ ‘ਜੇ ਤੂੰ ਮੇਰੀ ਬੰਦ ਮੁੱਠੀ ਵਿਚ ਲੁਕਾ ਕੇ ਰੱਖੇ ਪੈਸਿਆਂ ਬਾਰੇ ਇਹ ਦੱਸ ਦੇਵੇਂ ਕਿ ਪੰਜ ਰੁਪਏ ਹਨ ਤਾਂ ਮੈਂ ਪੰਜ ਦੇ ਪੰਜ ਤੈਨੂੰ ਦੇ ਦੇਵਾਂਗਾ’, ਪਰ ਹੁਣ ਦੀ ਰਾਬੜੀ ਨੇ ਅੱਗੋਂ ਹੱਸ ਕੇ ਪੁੱਛਿਆ: ‘ਇੱਕੋ ਮੁੱਠੀ ਬਾਰੇ ਕਿਹਾ ਹੈ ਕਿ ਦੋਂਹ ਬਾਰੇ, ਤੇਰਾ ਕੋਈ ਪਤਾ ਨਹੀਂ, ਪੰਜ ਏਧਰ ਰੱਖ ਕੇ ਪੰਝੀ ਰੁਪਏ ਓਧਰ ਰੱਖੀ ਬੈਠਾ ਹੋਵੇਂਗਾ।’
ਚੁਟਕਲਿਆਂ ਦੀ ਭਾਸ਼ਾ ਵਿਚ ਬੇਅਕਲ ਸਮਝੀ ਜਾਂਦੀ ਰਾਬੜੀ ਦੇਵੀ ਹੁਣ ਅਕਲ ਦੀਆਂ ਪੌੜੀਆਂ ਚੜ੍ਹ ਗਈ ਹੈ, ਭਾਰਤ ਦੀ ਕੂਟਨੀਤੀ ਇਸ ਆਜ਼ਾਦ ਦੇਸ਼ ਨੂੰ ਸੱਤਰ ਤੋਂ ਦੋ ਸਾਲ ਘੱਟ ਚਲਾਉਣ ਦੇ ਬਾਅਦ ਵੀ ਓਨੀ ਚੜ੍ਹੀ ਨਹੀਂ ਦਿੱਸ ਰਹੀ। ਲਾਲੂ ਹਰ ਕਿਸੇ ਨਾਲ ਹਾਸਾ-ਠੱਠਾ ਕਰਦਾ ਤੇ ਸਿੱਧੇ ਤੀਰ ਚਲਾਉਂਦਾ ਹੋਣ ਦੇ ਬਾਵਜੂਦ ਅੰਦਰ ਦੀ ਗੱਲ ਲੁਕਾਉਣ ਵਾਲਾ ਮੰਨਿਆ ਜਾਂਦਾ ਹੈ, ਪਰ ਜਿਨ੍ਹਾਂ ਦੇ ਮੱਥੇ ਉਤੇ ਤਿਊੜੀਆਂ ਦਾ ਤ੍ਰਿਸ਼ੂਲ ਬਣਦਾ ਹਰ ਕਿਸੇ ਨੂੰ ਨਜ਼ਰ ਆਉਂਦਾ ਹੈ, ਉਹ ਇਸ ਤਰ੍ਹਾਂ ਹਿੱਕਾਂ ਠੋਕ ਕੇ ਗੱਲ ਕਰਦੇ ਹਨ ਕਿ ਕੂਟਨੀਤੀ ਦਾ ਕੋਈ ਸਬਕ ਪੜ੍ਹਨ ਦੀ ਗੱਲ ਹੀ ਨਹੀਂ ਲੱਗਦੀ। ਭਾਰਤੀ ਲੀਡਰਸ਼ਿਪ ਨੂੰ ਕਈ ਮਾਮਲਿਆਂ ਵਿਚ ਪਰਪੱਕ ਹੋਣ ਦੀ ਲੋੜ ਹੈ। ਇਸ ਹਫਤੇ ਜਦੋਂ ਇੱਕ ਦਿਨ ਇਸ ਦੇਸ਼ ਦੀ ਫੌਜ ਨੇ ਮਨੀਪੁਰ ਨੇੜੇ ਇੱਕ ਸਫਲ ਕਾਰਵਾਈ ਕਰ ਕੇ ਭਾਰਤ ਦੇ ਵਿਰੁੱਧ ਹਮਲਾਵਰੀ ਦਾ ਇੱਕ ਕੈਂਪ ਤਬਾਹ ਕੀਤਾ ਤਾਂ ਉਸ ਦੇ ਬਾਅਦ ਕੂਟਨੀਤਕ ਪਰਪੱਕਤਾ ਦੀ ਘਾਟ ਮੁੜ ਕੇ ਨਜ਼ਰ ਆਈ ਹੈ।
ਹਾਲੇ ਕੁਝ ਦਿਨ ਹੋਏ ਹਨ, ਜਦੋਂ ਮਨੀਪੁਰ ਵਿਚ ਜਾਂਦਾ ਭਾਰਤੀ ਫੌਜ ਦਾ ਇੱਕ ਕਾਫਲਾ ਘੇਰ ਕੇ ਅਤਿਵਾਦੀਆਂ ਨੇ ਹਮਲਾ ਕੀਤਾ ਤੇ ਡੇਢ ਦਰਜਨ ਤੋਂ ਵੱਧ ਫੌਜੀ ਮਾਰ ਦਿੱਤੇ ਸਨ। ਇਹ ਬਹੁਤ ਵੱਡਾ ਨੁਕਸਾਨ ਸੀ ਤੇ ਇਸ ਤੋਂ ਦੇਸ਼ ਦੇ ਲੋਕਾਂ ਨੂੰ ਗੁੱਸਾ ਆਉਣਾ ਸੁਭਾਵਕ ਸੀ। ਫੌਜੀ ਕਮਾਂਡਰ ਵੀ ਇਸ ਤੋਂ ਗੁੱਸੇ ਵਿਚ ਆਏ ਹੋਣਗੇ। ਉਨ੍ਹਾਂ ਇੱਕ ਹਫਤੇ ਅੰਦਰ ਇਸ ਗੁੱਸੇ ਨੂੰ ਕਾਰਵਾਈ ਵਿਚ ਬਦਲਿਆ ਤੇ ਅਚਾਨਕ ਹਮਲਾ ਕਰ ਕੇ ਅਤਿਵਾਦੀਆਂ ਦਾ ਇੱਕ ਵੱਡਾ ਟਿਕਾਣਾ ਤਬਾਹ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਸ ਵਿਚ ਸੌ ਤੋਂ ਵੱਧ ਅਤਿਵਾਦੀ ਮਾਰੇ ਗਏ। ਇਸ ਫੌਜੀ ਐਕਸ਼ਨ ਤੋਂ ਲੋਕ ਵੀ ਆਮ ਕਰ ਕੇ ਖੁਸ਼ ਸਨ।
ਜਿੰਨਾ ਕੁਝ ਦੱਸਣ ਦੀ ਲੋੜ ਸੀ, ਫੌਜ ਦੀ ਤਰਜਮਾਨ ਇੱਕ ਮਹਿਲਾ ਅਫਸਰ ਨੇ ਪ੍ਰੈਸ ਨੋਟ ਪੜ੍ਹ ਕੇ ਪੂਰੀ ਕਰ ਦਿੱਤੀ ਸੀ ਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਸੀ ਰਹੀ। ਇਸ ਪਿੱਛੋਂ ਇੱਕ ਰਾਜ ਮੰਤਰੀ ਨੇ ਮੀਡੀਏ ਨਾਲ ਗੱਲਬਾਤ ਵਿਚ ਕਈ ਕੁਝ ਹੋਰ ਕਹਿ ਦਿੱਤਾ, ਜਿਸ ਵਿਚ ਇਹ ਗੱਲ ਸ਼ਾਮਲ ਸੀ ਕਿ ਇਹ ਕਾਰਵਾਈ ਭਾਰਤੀ ਫੌਜ ਨੇ ਗਵਾਂਢੀ ਦੇਸ਼ ਮਾਇਨਾਮਾਰ ਦੇ ਅੰਦਰ ਜਾ ਕੇ ਕੀਤੀ ਹੈ ਤੇ ਉਥੋਂ ਦੀ ਫੌਜ ਤੇ ਸਰਕਾਰ ਦੀ ਸਹਿਮਤੀ ਇਸ ਵਿਚ ਸ਼ਾਮਲ ਸੀ। ਅਗਲੀ ਗੱਲ ਰਾਜ ਮੰਤਰੀ ਨੇ ਇਹ ਕਹਿ ਦਿੱਤੀ ਕਿ ਨਾਲ ਲੱਗਦੇ ਦੇਸ਼ ਵਿਚ ਜਾ ਕੇ ਜਿਵੇਂ ਅਸੀਂ ਇਹ ਕਾਰਵਾਈ ਕੀਤੀ ਹੈ, ਉਸ ਤੋਂ ਹੁਣ ਦੂਸਰੇ ਦੇਸ਼ਾਂ ਨੂੰ ਵੀ ਭਾਰਤ ਦੇ ਇਰਾਦਿਆਂ ਬਾਰੇ ਸਮਝ ਜਾਣਾ ਚਾਹੀਦਾ ਹੈ। ਭਾਰਤ ਦੇ ਰਾਜ ਮੰਤਰੀ ਦੀ ਏਨੀ ਗੱਲ ਨੇ ਵੱਡੇ ਵਿਵਾਦ ਨੂੰ ਜਨਮ ਦੇ ਦਿੱਤਾ।
ਸਾਨੂੰ ਇਸ ਦੀ ਪ੍ਰਵਾਹ ਨਹੀਂ ਕਿ ਪਾਕਿਸਤਾਨ ਇਸ ਉਤੇ ਭੁੜਕਿਆ ਤੇ ‘ਦੂਸਰੇ ਦੇਸ਼’ ਕਹੇ ਜਾ ਸਕਦੇ ਬਾਕੀ ਦੇਸ਼ ਕਿਉਂ ਨਹੀਂ ਭੜਕੇ? ਭੜਕਣਾ ਸਿਰਫ ਓਸੇ ਨੇ ਸੀ, ਜਿਸ ਦੀ ਦਾੜ੍ਹੀ ਵਿਚ ਚੋਰ ਵਾਲਾ ਤਿਨਕਾ ਸੀ। ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੇ ਕੈਂਪ ਹਨ, ਇਸ ਕਰ ਕੇ ਭੜਕਣਾ ਵੀ ਹੋਰਨਾਂ ਨੇ ਨਹੀਂ, ਪਾਕਿਸਤਾਨ ਨੇ ਹੀ ਸੀ। ਉਸ ਦੇਸ਼ ਦੀ ਸਰਕਾਰ ਅਤੇ ਫੌਜ ਦੀ ਨੀਤੀ ਤੇ ਸਥਿਤੀ ਬਾਰੇ ਅਸੀਂ ਪਿਛਲੇ ਹਫਤੇ ਲਿਖ ਚੁੱਕੇ ਹਾਂ ਅਤੇ ਮੁੜ-ਮੁੜ ਉਹੋ ਗਿੱਲਾ ਪੀਹਣ ਨਹੀਂ ਪਾਉਣਾ ਚਾਹੁੰਦੇ। ਵੱਡੀ ਗੱਲ ਸਿਰਫ ਇਹ ਹੈ ਕਿ ਪਾਕਿਸਤਾਨ ਦੀ ਪਾਰਲੀਮੈਂਟ ਦੇ ਉਤਲੇ ਸਦਨ ਵਿਚ ਉਨ੍ਹਾਂ ਨੇ ਭਾਰਤ ਦੇ ਖਿਲਾਫ ਮਤਾ ਪਾਸ ਕਰ ਦਿੱਤਾ, ਜਿਸ ਨਾਲ ਭਾਰਤ ਦਾ ਕੁਝ ਵਿਗੜਨਾ ਨਹੀਂ, ਤੌੜੀ ਉਬਲੇਗੀ ਤਾਂ ਆਪਣੇ ਕੰਢੇ ਸਾੜ ਲਵੇਗੀ। ਆਪਣੇ ਦੇਸ਼ ਦੀ ਅੰਦਰੂਨੀ ਰਾਜਨੀਤੀ ਵਿਚ ਉਨ੍ਹਾਂ ਲਈ ਇਹ ਕੁਝ ਕਰਨਾ ਜ਼ਰੂਰੀ ਵੀ ਸੀ, ਜਿਹੜਾ ਕਰਨ ਵਿਚ ਕੋਈ ਵੀ ਰਾਜਸੀ ਲੀਡਰ ਪਿੱਛੇ ਨਹੀਂ ਸੀ ਰਹਿ ਸਕਦਾ।
ਓਧਰ ਵਾਲਿਆਂ ਬਾਰੇ ਮੱਥਾ ਮਾਰਨ ਦੀ ਥਾਂ ਸਾਨੂੰ ਆਪਣਾ ਘਰ ਵੇਖਣਾ ਚਾਹੀਦਾ ਹੈ। ਭਾਰਤ ਦੇ ਰਾਜ ਮੰਤਰੀ ਦੇ ਇਸ ਬਿਆਨ ਨੇ ਭਾਰਤ ਦੀ ਸਥਿਤੀ ਇਸ ਗੱਲੋਂ ਖਰਾਬ ਕਰ ਦਿੱਤੀ ਕਿ ਮਾਇਨਾਮਾਰ ਨੇ ਭਾਰਤ ਦੇ ਇਸ ਦਾਅਵੇ ਦਾ ਖੰਡਨ ਕਰ ਦਿੱਤਾ। ਅਸਲ ਵਿਚ ਖੰਡਨ ਕੀਤਾ ਨਹੀਂ, ਉਸ ਦੇਸ਼ ਦੀ ਸਰਕਾਰ ਨੂੰ ਕਰਨਾ ਪਿਆ ਹੈ। ਕਾਰਵਾਈ ਦੀ ਪਹਿਲੀ ਜਾਣਕਾਰੀ ਜਦੋਂ ਜਾਰੀ ਕੀਤੀ ਗਈ, ਉਦੋਂ ਮਾਇਨਾਮਾਰ ਦੀ ਫੌਜ ਨੇ ਇਸ ਸਬੰਧ ਵਿਚ ਚੁੱਪ ਸਹਿਮਤੀ ਦੇ ਪ੍ਰਭਾਵ ਦਿੱਤੇ ਸਨ, ਪਰ ਜਦੋਂ ਵਾਰ-ਵਾਰ ਇਹ ਕਿਹਾ ਗਿਆ ਕਿ ਮਾਇਨਾਮਾਰ ਦੀ ਫੌਜ ਨੇ ਮਦਦ ਕੀਤੀ ਹੈ ਤਾਂ ਇਸ ਨਾਲ ਉਨ੍ਹਾਂ ਲਈ ਕਈ ਉਲਝਣਾਂ ਖੜੀਆਂ ਹੋ ਗਈਆਂ ਸਨ।
ਭਾਰਤ ਦੇ ਰਾਜਸੀ ਆਗੂ ਸ਼ਾਇਦ ਇਹ ਸੋਚਦੇ ਹੋਣ ਕਿ ਕਾਰਵਾਈ ਅਸੀਂ ਕੀਤੀ ਹੈ ਤੇ ਦਹਿਸ਼ਤਗਰਦੀ ਵਿਰੁਧ ਲੜਾਈ ਵਿਚ ਮੁਫਤ ਦਾ ਮਾਣ ਮਾਇਨਾਮਾਰ ਨੂੰ ਮਿਲਦਾ ਹੋਣ ਕਰ ਕੇ ਉਹ ਖੁਸ਼ ਹੋਣਗੇ। ਇੱਕ ਹੋਰ ਪੱਖ ਇਨ੍ਹਾਂ ਨੇ ਸੋਚਿਆ ਹੀ ਨਹੀਂ। ਕਿਸੇ ਵੀ ਦੇਸ਼ ਦੀ ਸਰਕਾਰ ਤੇ ਫੌਜ ਆਪਣੇ ਦੇਸ਼ ਵਿਚ ਕਿਸੇ ਹੋਰ ਦੇਸ਼ ਨੂੰ ਕਾਰਵਾਈ ਕਰਨ ਦੀ ਖੁੱਲ੍ਹ ਦੇਵੇ ਤਾਂ ਲੋਕਾਂ ਮੂਹਰੇ ਉਸ ਦੀ ਕਮਜ਼ੋਰੀ ਜ਼ਾਹਰ ਹੁੰਦੀ ਹੈ। ਅਮਰੀਕਾ ਨੂੰ ਆਪਣੇ ਦੇਸ਼ ਵਿਚ ਏਦਾਂ ਦੀਆਂ ਕਾਰਵਾਈਆਂ ਕਰਨ ਦੀ ਖੁੱਲ੍ਹ ਦੇ ਕੇ ਪਾਕਿਸਤਾਨ ਦੀ ਸਰਕਾਰ ਆਪਣਾ ਜਲੂਸ ਕਈ ਵਾਰ ਕੱਢਵਾ ਚੁੱਕੀ ਹੈ। ਮਾਇਨਾਮਾਰ ਇਸ ਲਈ ਸਹਿਮਤ ਨਹੀਂ ਹੋ ਸਕਦਾ। ਇਸ ਕਾਰਨ ਉਸ ਨੂੰ ਇਹ ਜਵਾਬ ਵੀ ਦੇਣਾ ਪੈ ਜਾਣਾ ਸੀ ਕਿ ਜਿਹੜੇ ਕੈਂਪ ਭਾਰਤ ਦੀ ਫੌਜ ਨੇ ਆਣ ਕੇ ਸਹਿਮਤੀ ਨਾਲ ਤੋੜੇ ਹਨ, ਉਹ ਹੁਣ ਤੱਕ ਉਥੇ ਚੱਲਦੇ ਕਿਸ ਦੀ ਸਹਿਮਤੀ ਅਤੇ ਸਰਪ੍ਰਸਤੀ ਨਾਲ ਸਨ? ਮਾਇਨਾਮਾਰ ਦੀ ਫੌਜ ਇਹ ਦੋਸ਼ ਲੈਣ ਨੂੰ ਤਿਆਰ ਨਹੀਂ ਹੋ ਸਕਦੀ ਕਿ ਉਸ ਦਾ ਦੇਸ਼ ਦਹਿਸ਼ਤਗਰਦੀ ਦਾ ਅੱਡਾ ਬਣਿਆ ਪਿਆ ਹੈ। ਭਾਰਤ ਦੇ ਰਾਜ ਮੰਤਰੀ ਦੀ ਮੀਡੀਏ ਨਾਲ ਗੱਲਬਾਤ ਨੇ ਭਾਰਤ ਦੀ ਮਦਦ ਕਰਨ ਲਈ ਸਹਿਮਤ ਹੋਏ ਤੇ ਕਾਰਵਾਈ ਦੇ ਮੌਕੇ ਇੱਕ ਤਰ੍ਹਾਂ ਸਾਥ ਦੇਂਦੇ ਰਹੇ ਗਵਾਂਢੀ ਦੇਸ਼ ਮਾਇਨਾਮਾਰ ਨੂੰ ਚੌਵੀ ਘੰਟਿਆਂ ਵਿਚ ਖੰਡਨ ਕਰਨ ਲਈ ਮਜਬੂਰ ਕਰ ਦਿੱਤਾ।
ਰਹੀ ਗੱਲ ਕੁੜਤੇ ਤੋਂ ਬਾਹਰ ਆਉਣ ਦੀ, ਇਸ ਦੀਆਂ ਢੁਕਵੀਆਂ ਤੇ ਭੱਦੀਆਂ ਦੋਵੇਂ ਕਿਸਮ ਦੀਆਂ ਮਿਸਾਲਾਂ ਭਾਰਤ ਦੀ ਰਾਜਨੀਤੀ ਵਿਚ ਮੌਜੂਦ ਹਨ। ਭੱਦੀਆਂ ਮਿਸਾਲਾਂ ਵਿਚੋਂ ਇੱਕ ਹੁਣ ਵਾਲੀ ਹੈ, ਜਦੋਂ ਮਨੀਪੁਰ ਸਰਹੱਦ ਟੱਪ ਕੇ ਫੌਜ ਨੇ ਮਾਇਨਾਮਾਰ ਦੇ ਖੇਤਰ ਵਿਚ ਉਹ ਕਾਰਵਾਈ ਕੀਤੀ, ਜਿਸ ਬਾਰੇ ਚੌਵੀ ਘੰਟੇ ਪਿੱਛੋਂ ਮਾਇਨਾਮਾਰ ਨੂੰ ਇਹ ਕਹਿਣਾ ਪੈ ਗਿਆ ਕਿ ਸਾਡੀ ਹੱਦ ਅੰਦਰ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੀ ਨਹੀਂ। ਇਸ ਨਾਲ ਭਾਰਤ ਦੀ ਸਾਖ ਨੂੰ ਸੱਟ ਵੱਜੀ। ਪਹਿਲੀ ਭੱਦੀ ਮਿਸਾਲ ਵਾਜਪਾਈ ਸਰਕਾਰ ਵੇਲੇ ਦੀ ਸੀ। ਉਦੋਂ ਪੰਜ ਐਟਮੀ ਧਮਾਕੇ ਕਰਨ ਮਗਰੋਂ ਦਿੱਲੀ ਤੋਂ ਬਾਕਾਇਦਾ ਐਲਾਨ ਕੀਤਾ ਗਿਆ ਤਾਂ ਉਸ ਵਿਚ ਮੁਕੰਮਲ ਠਰ੍ਹੰਮਾ ਸੀ, ਪਰ ਇੱਕ ਦਿਨ ਪਿੱਛੋਂ ਜੰਮੂ ਜਾ ਕੇ ਕੇਂਦਰੀ ਮੰਤਰੀ ਮਦਨ ਨਾਲ ਖੁਰਾਣਾ ਨੇ ਜਾਮੇ ਤੋਂ ਬਾਹਰ ਆਉਣ ਵਾਲਾ ਕੰਮ ਕਰ ਦਿੱਤਾ। ਉਸ ਨੇ ਸਿੱਧੇ ਇਹ ਲਫਜ਼ ਬੋਲ ਦਿੱਤੇ ਕਿ ਭਾਰਤ ਹੁਣ ਐਟਮੀ ਤਾਕਤ ਹੈ ਤੇ ਅਸੀਂ ਪਾਕਿਸਤਾਨ ਨੂੰ ਕਹਿੰਦੇ ਹਾਂ ਕਿ ਉਹ ਤਾਰੀਖ ਤੈਅ ਕਰ ਕੇ ਜਦੋਂ ਚਾਹੇ ਸਾਡੇ ਨਾਲ ਲੜ ਕੇ ਵੇਖ ਸਕਦਾ ਹੈ। ਦੇਸ਼ ਦੇ ਅਕਲਮੰਦਾਂ ਨੇ ਉਦੋਂ ਖੁਰਾਣਾ ਦੇ ਇਸ ਬਿਆਨ ਦੀ ਨੁਕਤਾਚੀਨੀ ਕੀਤੀ ਸੀ, ਪਰ ਛੋਟੇ ਭਾਂਡੇ ਵਾਂਗ ਛੇਤੀ ਉਬਾਲਾ ਖਾ ਜਾਣ ਵਾਲੇ ਨੱਚਦੇ ਫਿਰਦੇ ਸਨ।
ਨਤੀਜਾ ਕੀ ਨਿਕਲਿਆ ਸੀ? ਅਗਲੇ ਦਿਨੀਂ ਪਾਕਿਸਤਾਨ ਨੇ ਭਾਰਤ ਦੇ ਉਦੋਂ ਕੀਤੇ ਗਏ ਪੰਜ ਧਮਾਕਿਆਂ ਦੇ ਨਾਲ ਇੰਦਰਾ ਗਾਂਧੀ ਦੇ ਵਕਤ ਦਾ ਇੱਕ ਧਮਾਕਾ ਜੋੜ ਕੇ ਛੇ ਧਮਾਕੇ ਕਰ ਕੇ ਦੱਸ ਦਿੱਤਾ ਕਿ ਐਟਮੀ ਤਾਕਤ ਉਹ ਵੀ ਬਣ ਚੁੱਕਾ ਹੈ। ਇਸ ਦੇ ਬਾਅਦ ਮਦਨ ਲਾਲ ਖੁਰਾਣਾ ਨੂੰ ਮੀਡੀਏ ਵਾਲਿਆਂ ਨੇ ਇਸ ਬਾਰੇ ਪੁੱਛਿਆ ਕਿ ਹੁਣ ਉਹ ਕੀ ਕਹਿਣਾ ਚਾਹੇਗਾ?
ਜਵਾਬ ਬੜਾ ਦਿਲਚਸਪ ਸੀ। ਖੁਰਾਣਾ ਕਹਿਣ ਲੱਗਾ: ‘ਮੇਰੇ ਇੱਕੋ ਬਿਆਨ ਨੇ ਪਾਕਿਸਤਾਨ ਨੂੰ ਚੁੱਪ ਤੋੜਨ ਲਈ ਏਦਾਂ ਮਜਬੂਰ ਕੀਤਾ ਕਿ ਉਸ ਦੀ ਹਕੀਕਤ ਦੁਨੀਆਂ ਦੇ ਸਾਹਮਣੇ ਖੁੱਲ੍ਹ ਗਈ ਹੈ। ਹੁਣ ਤੱਕ ਮੁੱਕਰਦਾ ਰਿਹਾ ਪਾਕਿਸਤਾਨ ਹੁਣ ਇਸ ਤੋਂ ਮੁੱਕਰ ਨਹੀਂ ਸਕੇਗਾ।’ ਇਹ ਬਿਆਨ ਸਿਰਫ ਢੀਠਤਾਈ ਦਾ ਨਮੂਨਾ ਸੀ।
ਹੁਣ ਆਈਏ ਇਨ੍ਹਾਂ ਤੋਂ ਪਹਿਲੇ ਵੇਲੇ ਦੀ ਕੂਟਨੀਤੀ ਵੱਲ। ਨਰਸਿਮਹਾ ਰਾਓ, ਰਾਜੀਵ ਗਾਂਧੀ ਤੇ ਹੋਰ ਕੋਈ ਵੀ ਆਗੂ ਉਸ ਪੱਧਰ ਦਾ ਇਸ ਪੱਖੋਂ ਲੱਭਣਾ ਔਖਾ ਹੈ, ਜਿਹੜਾ ਪੱਧਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੀ। ਭਾਰਤ ਦਾ ਪਹਿਲਾ ਐਟਮੀ ਧਮਾਕਾ ਕਰਨ ਦੀ ਯੋਜਨਾਬੰਦੀ ਉਸ ਨੇ 1971 ਦੀ ਜੰਗ ਦੇ ਉਸ ਕੌੜੇ ਤਜਰਬੇ ਤੋਂ ਛੋਹੀ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਪਾਕਿਸਤਾਨ ਦੀ ਮਦਦ ਲਈ ਆਪਣਾ ਜੰਗੀ ਬੇੜਾ ਬੰਗਾਲ ਦੀ ਖਾੜੀ ਵੱਲ ਠੇਲ੍ਹਿਆ ਸੀ। ਜਵਾਬ ਵਿਚ ਸੋਵੀਅਤ ਰੂਸ ਨੇ ਵਲਾਦੀਵੋਸਤਕ ਤੋਂ ਇੱਕ ਪਣਡੁਬੀ ਏਧਰ ਨੂੰ ਠੇਲ੍ਹਣ ਦਾ ਕਦਮ ਚੁੱਕਿਆ ਤਾਂ ਅਮਰੀਕੀ ਬੇੜੇ ਨੂੰ ਬਰੇਕ ਲੱਗ ਗਈ। ਉਦੋਂ ਇੰਦਰਾ ਗਾਂਧੀ ਨੇ ਸੋਚ ਲਿਆ ਸੀ ਕਿ ਐਟਮੀ ਤਾਕਤ ਹਿੰਦੁਸਤਾਨ ਨੂੰ ਚਾਹੀਦੀ ਹੈ, ਪਰ ਇਹ ਕੰਮ ਉਸ ਨੇ ਰੌਲਾ ਪਾ ਕੇ ਸ਼ੁਰੂ ਨਹੀਂ ਸੀ ਕੀਤਾ, ਇੱਕ ਸੌ ਤੋਂ ਘੱਟ ਬੰਦਿਆਂ ਦੀ ਜਿਹੜੀ ਟੀਮ ਇਸ ਕੰਮ ‘ਤੇ ਲਾਈ ਸੀ, ਉਨ੍ਹਾਂ ਦੇ ਵੀ ਖੱਬੇ ਹੱਥ ਨੂੰ ਸੱਜੇ ਹੱਥ ਦਾ ਪਤਾ ਲੱਗਣ ਤੋਂ ਅੰਤ ਤੱਕ ਓਹਲਾ ਰੱਖਿਆ ਗਿਆ।
ਬੰਗਲਾ ਦੇਸ਼ ਦੀ ਜੰਗ ਵੇਲੇ ਇਹ ਗੱਲ ਚਰਚਾ ਵਿਚ ਆਈ ਸੀ ਕਿ ਭਾਰਤ ਦਾ ਇੱਕ ਮੰਤਰੀ ਅੰਦਰ ਦੀਆਂ ਗੱਲਾਂ ਦੁਸ਼ਮਣ ਨੂੰ ਪੁਚਾਉਂਦਾ ਰਿਹਾ ਸੀ। ਇੰਦਰਾ ਗਾਂਧੀ ਨੇ ਕਿਸੇ ਦੀ ਛਾਂਟੀ ਨਹੀਂ ਸੀ ਕੀਤੀ, ਓਹਲਾ ਰੱਖਣ ਦੀ ਆਦਤ ਅੱਗੇ ਤੋਂ ਵਧਾ ਲਈ ਸੀ। ਐਟਮੀ ਧਮਾਕੇ ਦਾ ਪ੍ਰਤੀਕਰਮ ਕਿਉਂਕਿ ਸੰਸਾਰ ਵਿਚ ਹੋਣਾ ਸੀ, ਇਸ ਲਈ ਵਿਦੇਸ਼ ਮੰਤਰੀ ਸਵਰਨ ਸਿੰਘ ਨੂੰ ਇਸ ਦੀ ਅਗੇਤੀ ਤਿਆਰੀ ਲਈ ਕਹਿਣਾ ਪੈਣਾ ਸੀ, ਉਸ ਨੂੰ ਧਮਾਕੇ ਦੇ ਅਠਤਾਲੀ ਘੰਟੇ ਪਹਿਲਾਂ ਦੱਸਿਆ ਗਿਆ ਤੇ ਰੱਖਿਆ ਮੰਤਰੀ ਜਗਜੀਵਨ ਰਾਮ ਨੂੰ ਦੱਸਿਆ ਤੱਕ ਨਹੀਂ ਸੀ ਗਿਆ। ਕਾਰਨ ਵੀ ਸਾਰਿਆਂ ਨੂੰ ਪਤਾ ਸੀ, ਪਰ ਕੋਈ ਵੀ ਛੋਟਾ-ਵੱਡਾ ਆਗੂ ਇਸ ਉਤੇ ਕਿੰਤੂ ਨਹੀਂ ਸੀ ਕਰ ਸਕਿਆ।
ਫਿਰ ਜਦੋਂ ਧਮਾਕਾ ਕਰਨਾ ਸੀ, ਪੋਖਰਨ ਵਿਚ ਵੀ ਕਈ ਉਲਝਣਾਂ ਪੇਸ਼ ਆਈਆਂ। ਪਹਿਲਾਂ ਤਾਂ ਜਿਸ ਮਾਹਰ ਦੀ ਅਗਵਾਈ ਹੇਠ ਧਮਾਕਾ ਕਰਨਾ ਸੀ, ਮਾਰੂਥਲ ਵਿਚ ਉਸ ਦੀ ਜੀਪ ਕਿਸੇ ਥਾਂ ਰੇਤ ਵਿਚ ਫਸ ਗਈ। ਪੂਰੇ ਤਨਾਅ ਦੌਰਾਨ ਉਹ ਪੰਜ ਮਿੰਟ ਲੇਟ ਪੁੱਜਾ ਤੇ ਏਸੇ ਲਈ ਅੱਠ ਵਜੇ ਕੀਤਾ ਜਾਣ ਵਾਲਾ ਧਮਾਕਾ ਅੱਠ ਵੱਜ ਕੇ ਪੰਜ ਮਿੰਟ ਉਤੇ ਕੀਤਾ ਗਿਆ। ਫਿਰ ਪ੍ਰਧਾਨ ਮੰਤਰੀ ਨੂੰ ਸੂਚਿਤ ਕਰਨ ਲਈ ਰਾਖਵਾਂ ਟੈਲੀਫੋਨ ਪ੍ਰਬੰਧ ਸਖਤ ਗਰਮੀ ਕਾਰਨ ਕੰਮ ਤੋਂ ਜਵਾਬ ਦੇ ਗਿਆ ਤਾਂ ਇੱਕ ਜੀਪ ਉਤੇ ਨਾਲ ਦੇ ਪਿੰਡ ਦੇ ਡਾਕਖਾਨੇ ਤੋਂ ਕੋਡ ਵਰਡ ਵਿਚ ਸਿਰਫ ਏਨਾ ਸੁਨੇਹਾ ਦਿੱਤਾ ਗਿਆ ਸੀ: ‘ਦ ਬੁੱਧਾ ਹੈਜ਼ ਫਾਈਨਲੀ ਸਮਾਈਲਡ’ (ਆਖਰਕਾਰ ਬੁੱਧ ਮੁਸਕੁਰਾ ਪਿਆ)। ਇਸ ਪਿੱਛੋਂ ਸਰਕਾਰ ਦਾ ਦਿੱਲੀ ਤੋਂ ਸੰਖੇਪ ਜਿਹਾ ਬਿਆਨ ਸੀ ਕਿ ‘ਭਾਰਤ ਨੇ ਪੁਰਅਮਨ ਲੋੜਾਂ ਲਈ ਐਟਮੀ ਧਮਾਕਾ ਕੀਤਾ ਹੈ।’
ਸਾਡੀ ਅੱਜ ਦੀ ਸਰਕਾਰ ਦੇ ਅਹਿਲਕਾਰਾਂ ਤੇ ਵਾਜਪਾਈ ਸਰਕਾਰ ਵੇਲੇ ਦੇ ਮਦਨ ਲਾਲ ਖੁਰਾਣੇ ਵਰਗਿਆਂ ਨੂੰ ਇਸ ਨਾਲ ਤੋਲਿਆ ਜਾਵੇ ਤਾਂ ਇਸ ਵਿਚੋਂ ਕੂਟਨੀਤੀ ਕਿਤੇ ਨਹੀਂ ਲੱਭਦੀ। ਜੇ ਕੁਝ ਲੱਭਦਾ ਹੈ ਤਾਂ ਉਹ ਏਨਾ ਨਿਗੂਣਾ ਕਿ ਚੁਟਕਲੇ ਵਿਚ ਸਿਆਣੀ ਹੋ ਗਈ ਜਾਪਦੀ ਰਾਬੜੀ ਦੇਵੀ ਨਾਲ ਵੀ ਇਨ੍ਹਾਂ ਨੂੰ ਨਹੀਂ ਤੋਲਿਆ ਜਾ ਸਕਦਾ। ਏਨੀ ਸਮਝ ਆ ਜਾਂਦੀ ਤਾਂ ਭਾਰਤ ਦੀ ਕੂਟਨੀਤੀ ਦੇ ਮਹਾਂਰਥੀਆਂ ਨੂੰ ਇਹ ਪਤਾ ਲੱਗ ਜਾਣਾ ਸੀ ਕਿ ਬੰਦ ਰੱਖੀ ਹੋਈ ਮੁੱਠੀ ਵਾਲੀ ਕੂਟਨੀਤੀ ਵੱਧ ਅਸਰ ਵਾਲੀ ਹੁੰਦੀ ਹੈ। ਬਾਬੇ ਕਹਿੰਦੇ ਹੁੰਦੇ ਸਨ ਕਿ ਅਕਲ ਦੀ ਦਾੜ੍ਹ ਸਮਾਂ ਪਾ ਕੇ ਉਗਦੀ ਹੈ।