ਅਮਰੀਕਾ ਵਲੋਂ ਸ਼ਿੰਗਾਰਿਆ ਨਵਾਂ ‘ਖੇਤਰੀ ਥਾਣੇਦਾਰ’

ਹਿੰਦ-ਅਮਰੀਕੀ ਰੱਖਿਆ ਚੌਖਟਾ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਇਸ ਵਿਚ ਅਮਰੀਕਾ ਵਲੋਂ ਆਪਣੇ ਡਿਫੈਂਸ ਰਿਸ਼ਤਿਆਂ ਨੂੰ ‘ਨਵੇਂ ਪੜਾਅ’ ਉਤੇ ਪਹੁੰਚਾਉਂਦਿਆਂ ਹਿੰਦੁਸਤਾਨ ਨੂੰ ‘ਖੇਤਰੀ ਸੁਰੱਖਿਆ ਮੁਹੱਈਆ ਕਰਾਉਣ ਵਾਲੇ’ ਭਾਵ ਥਾਣੇਦਾਰ ਸਟੇਟ ਵਜੋਂ ਸ਼ਿੰਗਾਰਿਆ ਗਿਆ ਹੈ। ਇਸ ਦਾ ਭਾਵ ਹੈ, ਅਮਰੀਕਾ ਦੀ ਆਲਮੀ ਯੁੱਧਨੀਤੀ ‘ਚ ਉਸ ਦਾ ਛੋਟਾ ਭਾਈਵਾਲ ਹੋਣ ਦੀ ਭੂਮਿਕਾ।

ਹੱਥਲੇ ਲੇਖ ਵਿਚ ਇਸ ਸਮਝੌਤੇ ਤਹਿਤ ਕੁਲ ਆਲਮ ਦੇ ਬੁਰਾਈ ਦੇ ਧੁਰੇ ਅਮਰੀਕਨ ਸਟੇਟ ਨਾਲ ਹਿੰਦੁਸਤਾਨੀ ਨਿਜ਼ਾਮ ਦੀ ਗੂੜ੍ਹੀ ਹੋ ਰਹੀ ਸਾਂਝ ਦੇ ਭਵਿੱਖੀ ਖ਼ਦਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ। ਇਸ ਸਮਝੌਤੇ ਦੀ ਹਿੰਦੁਸਤਾਨ ਦੇ ਭਵਿੱਖ ਲਈ ਵੱਡੀ ਅਹਿਮੀਅਤ ਹੋਣ ਕਾਰਨ ਮਸ਼ਹੂਰ ਅੰਗਰੇਜ਼ੀ ਰਸਾਲੇ ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਦੇ ਇਸ ਸੰਪਾਦਕੀ ਦਾ ਤਰਜਮਾ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਅਨੁਵਾਦ: ਬੂਟਾ ਸਿੰਘ
ਅਮਰੀਕਾ ਲਈ ਹਿੰਦੁਸਤਾਨ ਦੀ ‘ਪੂਰਬ ਵਿਚ ਸਰਗਰਮ ਹੋਣ’ ਦੀ ਨੀਤੀ ਦੀ ਜੋ ਅਹਿਮੀਅਤ ਹੈ, ਉਸ ਨੂੰ ਅੰਗੀਕਾਰ ਕਰ ਕੇ, ਅਮਰੀਕੀ ਰੱਖਿਆ ਮੰਤਰੀ ਐਸ਼ਟਨ ਕਾਰਟਰ ਨੇ ਆਪਣਾ ਹਿੰਦੁਸਤਾਨ ਦਾ ਤਿੰਨ-ਰੋਜ਼ਾ ਦੌਰਾ ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨੀ ਸਮੁੰਦਰੀ ਫੌਜ ਦੀ ਪੂਰਬੀ ਕਮਾਨ ਤੋਂ ਸ਼ੁਰੂ ਕੀਤਾ। ਆਖ਼ਿਰਕਾਰ, ਇਹ ਸਮੁੰਦਰੀ ਫੌਜ ਦੀ ਪੂਰਬੀ ਕਮਾਨ ਹੀ ਹੈ ਜਿਸ ਨੂੰ ਮਲੱਕਾ ਜਲ-ਡਮਰੂਆਂ ਅਤੇ ਦੱਖਣੀ ਚੀਨ ਸਾਗਰ ਵਿਚ ਗਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਤੇ ਹਿੰਦੁਸਤਾਨ-ਅਮਰੀਕੀ ਯੁੱਧਨੀਤਕ ਸਹਿਯੋਗ ਦੇ ਮਜ਼ਬੂਤ ਹੋਣ ਨਾਲ, ਹਿੰਦੁਸਤਾਨੀ ਸਮੁੰਦਰੀ ਫੌਜ ਅਮਰੀਕਾ ਦੇ ‘ਏਸ਼ੀਆ ਪ੍ਰਸ਼ਾਂਤ ਸਾਗਰੀ ਖਿੱਤੇ ਨੂੰ ਮੁੜ ਤਰਤੀਬ ਦੇਣ’ ਦੇ ਕਾਜ ਨੂੰ ਵੀ ਅੱਗੇ ਵਧਾ ਰਹੀ ਹੋਵੇਗੀ ਜਿਸ ਦਾ ਉਦੇਸ਼ ਚੀਨ ਦੇ ਉਭਰਨ ਨੂੰ ਰੋਕਣਾ ਹੈ। ਇਹ ਨੀਤੀ ਵਾਸ਼ਿੰਗਟਨ ਵਲੋਂ ‘ਏਸ਼ੀਆ ਨੂੰ ਧੁਰਾ ਬਣਾਉਣ’ ਵਜੋਂ ਜ਼ਿਆਦਾ ਮਸ਼ਹੂਰ ਹੈ। ਅਮਰੀਕੀ ਰੱਖਿਆ ਵਿਭਾਗ ਬਹੁਤ ਬੇਬਾਕੀ ਨਾਲ ਕਹਿ ਰਿਹਾ ਸੀ ਕਿ ਉਸ ਦੇ ਮੰਤਰੀ ਦਾ ਦੌਰਾ ਹਿੰਦੁਸਤਾਨ ਦੀ ‘ਪੂਰਬ ਵਿਚ ਸਰਗਰਮ ਹੋਣ’ ਦੀ ਨੀਤੀ ਅਤੇ ਅਮਰੀਕਾ ਦੀ ਏਸ਼ੀਆ ਪ੍ਰਸ਼ਾਂਤ ਸਾਗਰੀ ਖਿੱਤੇ ਨੂੰ ਮੁੜ-ਤਰਤੀਬ ਦੇਣ ਦੀ ਨੀਤੀ ਦੇ ਮਿਲਾਪ ਦਾ ਲਾਹਾ ਲੈਣ ਲਈ ਹੈ। ਤੇ, ਜਿਵੇਂ ਕਾਰਟਰ ਨੇ ਇਸ ਨੂੰ ਪੇਸ਼ ਕੀਤਾ: “ਜਦੋਂ ਸਮੁੰਦਰੀ ਸੁਰੱਖਿਆ, ਤੇ ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਆ ਜਾਂਦੀ ਹੈ ਤਾਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ।”
ਵਿਸ਼ਾਖਾਪਟਨਮ ਤੋਂ ਕਾਰਟਰ ਦਿੱਲੀ ਆ ਗਿਆ, ਜਿਥੇ ਉਸ ਨੇ ਅਤੇ ਉਸ ਦੇ ਹਿੰਦੁਸਤਾਨੀ ਹਮ-ਰੁਤਬਾ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਨਵੇਂ ਦਸ-ਸਾਲਾ ਰੱਖਿਆ ਚੌਖਟਾ ਸਮਝੌਤੇ ਉਪਰ ਸਹੀ ਪਾਈ। ਇਸ ਨੇ 2005 ਦੇ ‘ਅਮਰੀਕੀ-ਹਿੰਦੁਸਤਾਨ ਰੱਖਿਆ ਰਿਸ਼ਤੇ ਦਾ ਨਵਾਂ ਚੌਖਟਾ’ ਸਮਝੌਤੇ ਦੀ ਥਾਂ ਲਈ ਹੈ ਜਿਸ ਨੇ ਦਸ ਵਰ੍ਹੇ ਪਹਿਲਾਂ ਸਿਵਲ ਪਰਮਾਣੂ ਸੌਦੇ ਨਾਲ ਮਿਲ ਕੇ ਦੋਹਾਂ ਮੁਲਕਾਂ ਦੀ ‘ਯੁੱਧਨੀਤਕ ਹਿੱਸੇਦਾਰੀ’ ਨੂੰ ਮਜ਼ਬੂਤ ਕੀਤਾ ਸੀ। 2005 ਦੇ ਰੱਖਿਆ ਚੌਖਟਾ ਸਮਝੌਤੇ ਵਿਚ ਵੀ ਹਿੰਦ ਸਾਗਰ ਅਤੇ ਇਸ ਤੋਂ ਪਾਰ ਦੇ ਸਮੁੰਦਰੀ ਖੇਤਰ ਵਿਚ ਸਮੁੰਦਰੀ ਫੌਜ ਦੀਆਂ ਮੁਹਿੰਮਾਂ ਵਿਚ ਹਿੰਦ-ਅਮਰੀਕੀ ਸਹਿਯੋਗ ਸ਼ਾਮਲ ਸੀ। ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਨੂੰ ਉਹ ਫੌਜੀ ਅਤੇ ਯੁੱਧਨੀਤਕ ਰਿਸ਼ਤਾ ਕਬੂਲ ਹੈ ਜੋ ਅਮਰੀਕਾ ਹਿੰਦੁਸਤਾਨ ਤੋਂ ਉਮੀਦ ਕਰਦਾ ਹੈ- ਪੇਇਚਿੰਗ ਨੂੰ ਘੇਰਨ ਦੀ ਅਮਰੀਕੀ ਯੁੱਧਨੀਤੀ ਵਿਚ ਨਵੀਂ ਦਿੱਲੀ ਦੀ ਛੋਟੇ ਹਿੱਸੇਦਾਰ ਵਜੋਂ ਸ਼ਮੂਲੀਅਤ, ਪਰ ਹਿੰਦੁਸਤਾਨ ਦੇ ਲੋਕ ਇਕ ਪਿਛੋਂ ਇਕ ਬਣਨ ਵਾਲੀਆਂ ਹਕੂਮਤਾਂ ਨੂੰ ਇਹ ਇਜਾਜ਼ਤ ਕਿਉਂ ਦਿੰਦੇ ਹਨ ਕਿ ਉਹ ਅਮਰੀਕੀ-ਚੀਨੀ ਰਿਸ਼ਤੇ ਦੇ ਸਫ਼ਰ-ਮਾਰਗ ਨੂੰ ਇਹ ਖੁੱਲ੍ਹ ਦੇ ਦੇਣ ਕਿ ਹਿੰਦ-ਚੀਨ ਰਿਸ਼ਤੇ ਉਨ੍ਹਾਂ ਵਲੋਂ ਤੈਅ ਕੀਤੇ ਜਾਣਗੇ?
ਨਵੀਂ ਦਿੱਲੀ ਵਿਚ ਕਾਰਟਰ ਨੇ ਮੋਦੀ ਦੀ ‘ਮੇਕ ਇਨ ਇੰਡੀਆ’ ਦੀ ਨੀਤੀ ਅਤੇ ਰੱਖਿਆ ਵਪਾਰ ਤੇ ਤਕਨਾਲੋਜੀ ਪਹਿਲਕਦਮੀ ਦੇ ਮੇਲ ਉਪਰ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਜੋ ਨਵੇਂ ਰੱਖਿਆ ਚੌਖਟਾ ਸਮਝੌਤੇ ਦਾ ਅਹਿਮ ਹਿੱਸਾ ਹੈ। ਮੋਦੀ ਨੇ ਆਸ ਪ੍ਰਗਟਾਈ ਕਿ ਅਮਰੀਕੀ ਕੰਪਨੀਆਂ- ਭਾਵ, ਫੌਜੀ-ਸਨਅਤੀ ਢਾਂਚੇ ਦੀਆਂ ਕੰਪਨੀਆਂ, “ਮੇਕ ਇਨ ਇੰਡੀਆ ਪਹਿਲਕਦਮੀ ਵਿਚ ਸਰਗਰਮੀ ਨਾਲ ਹਿੱਸਾ ਲੈਣਗੀਆਂ ਅਤੇ ਹਿੰਦੁਸਤਾਨ ਵਿਚ ਆਪਣੀਆਂ ਸਨਅਤੀ ਇਕਾਈਆਂ ਲਾਉਣਗੀਆਂ”, ਜਦਕਿ ਕਾਰਟਰ ਨੇ ਯੁੱਧਨੀਤਕ ਹਿੱਸੇਦਾਰ ਵਜੋਂ ਹਿੰਦੁਸਤਾਨ ਦੀ ਅਹਿਮੀਅਤ ਉਪਰ ਜ਼ੋਰ ਦੇਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਪਹਿਲਾਂ ਹੀ, ਕਈ ਹਿੰਦੁਸਤਾਨੀ ਕਾਰੋਬਾਰੀ ਸਮੂਹ- ਟਾਟਾ, ਰਿਲਾਇੰਸ ਇੰਡਸਟਰੀਜ਼, ਰਿਲਾਇੰਸ ਅਡੈਗ, ਮਹਿੰਦਰਾ ਅਤੇ ਐਲ਼ ਐਂਡ ਟੀæ, ਆਪਣੇ ਕਾਰੋਬਾਰ ਲਈ ਮੋਟੇ ਮੁਨਾਫ਼ਿਆਂ ਵਾਲੇ ਮੌਕੇ ਦੇਖ ਕੇ ਅਮਰੀਕੀ ਫੌਜੀ-ਸਨਅਤੀ ਢਾਂਚੇ ਵਿਚਲੀਆਂ ਅਹਿਮ ਅਮਰੀਕੀ ਕਾਰਪੋਰੇਸ਼ਨਾਂ ਨਾਲ ਰਿਸ਼ਤੇ ਗੰਢਣ ਦਾ ਸਿਰਤੋੜ ਯਤਨ ਕਰ ਰਹੇ ਹਨ। ਨਿਸ਼ਚੇ ਹੀ ਨਵਾਂ ਰੱਖਿਆ ਚੌਖਟਾ ਸਮਝੌਤਾ ਪੂਰੀ ਤਰ੍ਹਾਂ ਗੁਪਤ ਹੈ, ਪਰ ਸਮੁੰਦਰੀ ਸੁਰੱਖਿਆ ਵਿਚ ਹਿੰਦੁਸਤਾਨੀ ਸਮੁੰਦਰੀ ਫੌਜ ਦੀ ਵਧਵੀਂ ਭੂਮਿਕਾ ਸਪਸ਼ਟ ਹੈ, ਨਾ ਸਿਰਫ਼ ਹਿੰਦ ਸਾਗਰ ਵਿਚ ਸਗੋਂ ਮਲੱਕਾ ਦੇ ਜਲ-ਡਮਰੂਆਂ ਅਤੇ ਦੱਖਣ ਚੀਨ ਸਾਗਰ ਵਿਚ ਵੀ। ਇਵੇਂ ਹੀ “ਅਤਿ-ਆਧੁਨਿਕ ਸੂਖ਼ਮ ਤਕਨਾਲੋਜੀ, ਜਿਵੇਂ ਜੈਟ ਇੰਜਣ ਅਤੇ ਏਅਰ ਕਰਾਫ਼ਟ ਕੈਰੀਅਰ ਡਿਜ਼ਾਈਨ, ਬਾਰੇ ਸਹਿਯੋਗ ਦੇ ਨਵੇਂ ਮੌਕੇ” ਵੀ ਪ੍ਰਤੱਖ ਹਨ। ਅਮਰੀਕਾ ਚਾਹੁੰਦਾ ਹੈ ਕਿ ਉਸ ਦੇ ਮੁੱਖ ਛੋਟੇ ਭਾਈਵਾਲ ਜਪਾਨ, ਆਸਟਰੇਲੀਆ, ਸਿੰਗਾਪੁਰ, ਹਿੰਦੁਸਤਾਨ ਅਤੇ ਵੀਅਤਨਾਮ ਸਮੁੰਦਰੀ ਫੌਜ ਦੀਆਂ ਸਾਂਝੀਆਂ ਮਸ਼ਕਾਂ ਉਸ ਨਾਲ ਮਿਲ ਕੇ ਕਰਨ, ਪਰ ਕੀ ਇਹ ਅਮਲ ਵਿਚ ਸਾਕਾਰ ਹੋਣਗੀਆਂ, ਅਜੇ ਕੋਈ ਵੀ ਇਸ ਬਾਰੇ ਯਕੀਨ ਨਾਲ ਇਹ ਨਹੀਂ ਕਹਿ ਸਕਦਾ। ਅਹਿਮ ਗੱਲ, ਕਾਰਟਰ ਨੇ ਹਿੰਦੁਸਤਾਨ ਦੇ “ਨਾ ਸਿਰਫ਼ ਆਰਥਿਕ ਅਤੇ ਫੌਜੀ ਤੌਰ ‘ਤੇ, ਸਗੋਂ ਨਾਲ ਹੀ ਅੱਜ ਵੀ ਅਤੇ ਭਵਿੱਖ ਵਿਚ ਵੀ ਇਕ ਖੇਤਰੀ ਸੁਰੱਖਿਆ ਦੇਣ ਵਾਲੇ ਵਜੋਂ ਉਭਰਨ” ਦੀ ਗੱਲ ਕੀਤੀ (ਰੱਖਿਆ ਵਿਭਾਗ ਨਿਊਜ਼, ਵਾਸ਼ਿੰਗਟਨ, 4 ਜੂਨ 2015)।
ਯਕੀਨਨ, ਨਵੀਂ ਦਿੱਲੀ ਸਮਝਦੀ ਹੈ ਕਿ ਚੀਨ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਮੰਗਵਾਉਣ ਵਾਲਾ ਮੁਲਕ ਹੈ ਜਿਸ ਦਾ 60 ਫ਼ੀਸਦੀ ਤੇਲ ਪੱਛਮੀ ਏਸ਼ੀਆ ਤੋਂ ਹਿੰਦ ਸਾਗਰ, ਮਲੱਕਾ ਦੇ ਜਲ-ਡਮਰੂਆਂ ਅਤੇ ਦੱਖਣੀ ਚੀਨ ਸਾਗਰ ਵਿਚੋਂ ਲੰਘ ਕੇ ਆ ਰਿਹਾ ਹੈ। ਇਸ ਰੂਪ ਵਿਚ ਚੀਨ ‘ਸਮੁੰਦਰੀ ਆਵਾਜਾਈ ਦੀ ਆਜ਼ਾਦੀ’ ਬਾਰੇ ਜੇ ਜ਼ਿਆਦਾ ਨਹੀਂ ਤਾਂ ਉਨਾ ਹੀ ਫ਼ਿਕਰਮੰਦ ਹੈ ਜਿਸ ਨੂੰ ਵਾਸ਼ਿੰਗਟਨ ‘ਸੁਰੱਖਿਆ ਦੇਣ’ ਦਾ ਜ਼ੋਰਦਾਰ ਦਾਅਵਾ ਕਰਦਾ ਹੈ। ਦਰਅਸਲ, ਅਮਰੀਕਾ ਅਤੇ ਇਸ ਦੇ ਕੁਝ ਹੋਰ ਏਸ਼ੀਆਈ ਛੋਟੇ ਭਾਈਵਾਲਾਂ ਵਲੋਂ ਸਮੁੰਦਰੀ ਆਵਾਜਾਈ ਅਤੇ ਉਨ੍ਹਾਂ ਸਾਗਰਾਂ ਦੇ ਅੰਦਰ ਅਤੇ ਉਪਰ ਫੌਜੀ ਸਮੁੰਦਰੀ ਜਹਾਜਾਂ ਅਤੇ ਹਵਾਈ ਜਹਾਜਾਂ ਦੀ ਟੁਕੜੀ ਦੀਆਂ ‘ਆਜ਼ਾਦੀਆਂ’ ਦਾ ਹੱਕ ਜਤਾਏ ਜਾਣ ਨਾਲ ਪੇਇਚਿੰਗ ਦੇ ਆਪਣੀ ਤੇਲ ਦਰਾਮਦ ਦੀ ਸੰਭਵ ਨਾਕਾਬੰਦੀ ਕੀਤੇ ਜਾਣ ਦੇ ਖ਼ਦਸ਼ੇ ਹੋਰ ਡੂੰਘੇ ਹੀ ਹੋਏ ਹਨ ਜੋ ਪੱਛਮੀ ਏਸ਼ੀਆ ਤੋਂ ਚੀਨ ਦੇ ਪੂਰਬੀ ਸਮੁੰਦਰੀ ਕੰਢੇ ਉਪਰ ਇਨ੍ਹਾਂ ਸਾਗਰਾਂ ਵਿਚੋਂ ਦੀ ਹੋ ਕੇ ਜਾ ਰਿਹਾ ਹੈ। ਇਹ ਚੀਨ ਵਲੋਂ ਮੁਤਬਾਦਲ ਸਮੁੰਦਰੀ ਰਸਤਾ ਲੱਭਣ ਦੇ ਵੱਡੇ ਕਾਰਨਾਂ ਵਿਚੋਂ ਇਕ ਹੋ ਸਕਦਾ ਹੈ, ਪੱਛਮੀ ਏਸ਼ੀਆ ਤੋਂ ਹੌਰਮੁਜ਼ ਦੇ ਜਲ-ਡਮਰੂ ਵਿਚੋਂ ਹੁੰਦੇ ਹੋਏ ਅਰਬ ਸਾਗਰ ਉਪਰ ਗਵਾਡਰ ਦੀ ਬੰਦਰਗਾਹ ਤਕ, ਅਤੇ ਫਿਰ ਇਥੋਂ ਪਾਕਿਸਤਾਨ ਵਿਚ ਪਾਈਪ-ਲਾਈਨਾਂ, ਸੜਕਾਂ ਅਤੇ ਰੇਲਵੇ ਰਸਤਿਆਂ ਤੋਂ ਹੁੰਦੇ ਹੋਏ ਅਤੇ ਫਿਰ ਇਸ ਤੋਂ ਅੱਗੇ ਉਤਰ-ਪੱਛਮੀ ਚੀਨ ਵਿਚ ਸਿਨਜਿਆਂਗ ਉਗਹੁਰ ਖੇਤਰ ਵਿਚ ਕਾਸ਼ਗਰ ਤਕ। ਇਹੀ ਬਦਲ ਹੈ ਜੋ ਪਾਕਿਸਤਾਨ-ਚੀਨ ਆਰਥਿਕ ਲਾਂਘੇ ਦੀ ਯੋਜਨਾ ਦਾ ਕੇਂਦਰ ਹੈ ਜੋ ਜਿਵੇਂ ਦੱਸਿਆ ਜਾ ਰਿਹਾ ਹੈ, ਕਸ਼ਮੀਰ ਦੇ ਪਾਕਿਸਤਾਨ ਵਾਲੇ ਹਿੱਸੇ ਵਿਚੋਂ ਦੀ ਲੰਘਦਾ ਹੈ ਅਤੇ ਇਸ ‘ਤੇ ਹਿੰਦੁਸਤਾਨ ਨੂੰ ਇਤਰਾਜ਼ ਹੈ।
ਹਿੰਦੁਸਤਾਨ ਨੂੰ ਅਮਰੀਕੀ ਸਾਮਰਾਜਵਾਦ ਨਾਲ ਸਹਿਯੋਗ ਕਰਦੇ ਹੋਏ ਅਮਰੀਕਾ ਵਲੋਂ ਏਸ਼ੀਆ-ਪ੍ਰਸ਼ਾਂਤ ਸਾਗਰ ਖਿੱਤੇ ਦੇ ਵੱਡੇ ਸਮੁੰਦਰੀ ਮਾਰਗਾਂ ਉਪਰ ਕਬਜ਼ਾ ਕਰਨ ਦੇ ਯਤਨਾਂ ਦੁਆਰਾ ਚੀਨ ਨੂੰ ਅਲੱਗ-ਥਲੱਗ ਕਰਨ ਅਤੇ ਇਸ ਜ਼ਰੀਏ ਚੀਨ ਨੂੰ ਉਸ ਦੇ ਤੇਲ ਸਪਲਾਈ ਰਸਤਿਆਂ ਦੀ ਨਾਕਾਬੰਦੀ ਕਰਨ ਦੀਆਂ ਧਮਕੀਆਂ ਦੇਣ ਦੇ ਸਿੱਟਿਆਂ ਬਾਰੇ ਫ਼ਿਕਰਮੰਦ ਹੋਣਾ ਚਾਹੀਦਾ ਹੈ। ਨਾਲ ਹੀ, ਹਿੰਦੁਸਤਾਨ ਨੂੰ ਆਪਣੀਆਂ ਮਾਲਾਬਾਰ ਅੰਦਰਲੀਆਂ ਸਮੁੰਦਰੀ ਫੌਜ ਦੀਆਂ ਮਸ਼ਕਾਂ (ਜੰਗੀ ਚਾਲਾਂ?) ਵਿਚ ਜਪਾਨ ਨੂੰ ਹਿੱਸਾ ਲੈਣ ਦੇ ਸੱਦੇ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਹਿੰਦੁਸਤਾਨੀ ਚਾਲਾਂ ਨਵੀਂ ਦਿੱਲੀ ਦੀ ਆਪਣੀ ਤਾਕਤ ਨੂੰ ਆਪਣੀਆਂ ਕੌਮੀ ਹੱਦਾਂ ਤੋਂ ਪਾਰ ਪੇਸ਼ ਕਰਨ ਦੇ ਰੁਝਾਨ ਵਿਚੋਂ ਨਿਕਲਦੀਆਂ ਹਨ ਜਿਨ੍ਹਾਂ ਨੂੰ ਅਮਰੀਕੀ ਸਾਮਰਾਜਵਾਦ ਦੀ ਤੁੱਖਣਾ ਹੈ।
‘ਅਗਲੀ ਪੀੜ੍ਹੀ’ ਦੇ ਹਵਾਈ ਜਹਾਜ ਕਰੀਅਰ ਡਿਜ਼ਾਈਨ ਅਤੇ ਨਿਰਮਾਣ ਵਿਚ ਅਮਰੀਕੀ ਭਾਈਵਾਲੀ ਦੀਆਂ ਮੱਦਾਂ ਵਾਲਾ ਨਵਾਂ ਰੱਖਿਆ ਚੌਖਟਾ ਸਮਝੌਤਾ, ਤੇ ਵਧੇਰੇ ਆਮ ਕਰ ਕੇ, ਹਿੰਦੁਸਤਾਨ ਦੀਆਂ ਸਮੁੰਦਰੀ ਫੌਜ ਦੀਆਂ ਲੜਾਈਆਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਅਮਰੀਕਾ ਦੀ ਹਿੰਦੁਸਤਾਨ ਨੂੰ ਇਕ ‘ਖੇਤਰੀ ਸੁਰੱਖਿਆ ਮੁਹੱਈਆ ਕਰਾਉਣ ਵਾਲੇ’ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਕਰਨ ਦੀ ਯੋਜਨਾ ਦਾ ਹਿੱਸਾ ਹੈ ਅਤੇ ਇਹ ਭੂਮਿਕਾ ਇਹਦੇ ਲਈ ਵਾਸ਼ਿੰਗਟਨ ਵਲੋਂ ਉਲੀਕੀ ਗਈ ਹੈ।