ਬਲਜੀਤ ਬਾਸੀ
ਜੀਅ ਚਾਹੇ ਪੰਛੀ ਹੋ ਜਾਵਾਂ
ਉਡਦਾ ਜਾਵਾਂ, ਗਾਉਂਦਾ ਜਾਵਾਂ
ਅਣ-ਛੁਹ ਸਿਖਰਾਂ ਨੂੰ ਛੋਹ ਪਾਵਾਂ
ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ
ਫੇਰ ਕਦੇ ਵਾਪਸ ਨਾ ਆਵਾਂæææ।
ਸ਼ਿਵ ਕੁਮਾਰ ਜਿਹੇ ਰੁਮਾਂਸਵਾਦੀ ਕਵੀ ਦਾ ਹੀ ਨਹੀਂ, ਹਰ ਇਕ ਦਾ ਜੀਅ ਕਰਦਾ ਹੈ ਕਠੋਰ ਧਰਤੀ ਦੇ ਜੀਅ ਜੰਜਾਲਾਂ ਤੋਂ ਪੰਛੀ ਦੀ ਤਰ੍ਹਾਂ ਮੁਕਤ ਹੋ ਜਾਣ ਨੂੰ। ਸੱਚ-ਮੁੱਚ ਬੜਾ ਹੀ ਚੰਚਲ ਹੈ ਮਨੁੱਖ ਦਾ ਜੀਅ। ਗੁਰਬਾਣੀ ਵਿਚ ਵੀ ਆਇਆ ਹੈ, “ਪਤਾ ਨਹੀਂ ਕਾਹੇ ਜੀਅ ਕਰਹਿ ਚਤਰਾਈ॥” ਇਹ ਜੀਅ ਅਕਸਰ ਡੋਲਦਾ ਤੇ ਮਚਲਦਾ ਹੀ ਰਹਿੰਦਾ ਹੈ। ਕਦੇ ਲਗਦਾ ਹੈ, ਕਦੇ ਨਹੀਂ ਲਗਦਾ; ਕਦੇ ਲਾਉਣਾ ਪੈਂਦਾ ਹੈ ਤੇ ਕਦੇ ਰੱਖਣਾ। ਕਦੇ ਕਿਸੇ ‘ਤੇ ਆ ਜਾਂਦਾ ਹੈ, ਕਦੇ ਕਿਸੇ ਤੋਂ ਉਕਤਾ ਜਾਂਦਾ ਹੈ। ਅਕਸਰ ਹੀ ਕੰਮ ਤੋਂ ਟਲਣ ਲਗਦਾ ਹੈ, ਫਿਰ ਅਚਾਨਕ ਵਣ ਦੇ ਮੋਰ ਵਾਂਗ ਝੂਮਣ ਲਗਦਾ ਹੈ। ਕਦੇ ਕੱਚਾ ਹੋਣ ਲਗਦਾ, ਕਦੇ ਕੱਚਾ-ਕੱਚਾ, ਖੱਟਾ ਤਾਂ ਹੋਇਆ ਹੀ ਰਹਿੰਦਾ ਹੈ। ਅਜੇ ਕੁਝ ਕਰਨ ਕਰਨ ਨੂੰ ਹੀ ਕਰਦਾ ਹੈ ਕਿ ਫਿਰ ਕਤਰਾਉਣਾ ਸ਼ੁਰੂ ਹੋ ਜਾਂਦਾ ਹੈ। ਕਦੇ ਥੋੜ੍ਹਾ ਹੋ ਜਾਂਦਾ ਹੈ, ਕਦੇ ਭਰ ਜਾਂਦਾ ਹੈ। ਕਦੇ ਘਟ ਜਾਂਦਾ ਹੈ, ਕਦੇ ਖੁਲ੍ਹ ਜਾਂਦਾ ਹੈ। ਕਦੇ ਕਾਹਲਾ ਪੈ ਜਾਂਦਾ ਹੈ, ਕਦੇ ਹੌਲਾ। ਗੁਰੂ ਅਮਰ ਦਾਸ ਸਾਹਿਬ ਫਰਮਾਉਂਦੇ ਹਨ, “ਲਖ ਚਉਰਾਸੀਹ ਜੀਅ ਉਪਾਏ॥” ਭਾਵੇਂ ਇਥੇ ਗੁਰੂ ਸਾਹਿਬ ਨੇ ਜੂਨਾਂ ਦੀ ਗਿਣਤੀ ਦੱਸੀ ਹੈ ਪਰ ਮੈਨੂੰ ਤਾਂ ਲਗਦਾ ਹੈ ਉਹ ਜੀਅ ਸ਼ਬਦ ਦੀ ਖਾਸੀਅਤ ਦੱਸ ਰਹੇ ਹਨ। ਇਸ ਸ਼ਬਦ ਦੇ ਕਈ ਰੁਪਾਂਤਰ ਹਨ ਜਿਨ੍ਹਾਂ ਦੇ ਕੁਝ ਵੱਖਰੇ ਵੱਖਰੇ ਅਰਥ ਵੀ ਹਨ: ਜੀਵ (ਅਚਰਜ ਭਇਆ ਜੀਵ ਤੇ ਸੀਉ-ਭਗਤ ਕਬੀਰ); ਜੀਅ (ਜੇਤੇ ਜੀਅ ਜੀਵਹਿ ਲੈ ਸਾਹਾ-ਗੁਰੂ ਨਾਨਕ ਦੇਵ); ਜੀ (ਗੁਰਮਤੀ ਪਰਗਾਸੁ ਹੋਆ ਜੀ-ਗੁਰੂ ਅਮਰ ਦਾਸ); ਜੀਆ (ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ-ਗੁਰੂ ਨਾਨਕ ਦੇਵ); ਜੀਅਰਾ (ਹਰਿ ਬਿਨੁ ਅੰਤਰਿ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ-ਗੁਰੂ ਰਾਮ ਦਾਸ); (ਪਾਪੀ ਜੀਅਰਾ ਲੋਭ ਕਰਤ ਹੈ-ਭਗਤ ਕਬੀਰ); ਜੀਅੜਾ (ਇਉ ਸਰਪਨਿ ਕੈ ਵਸਿ ਜੀਅਵਾਂ ਅੰਤਰਿ ਹਊਮੈ ਦੋਇ-ਗੁਰੂ ਨਾਨਕ ਦੇਵ); ਜੀਵੜਾ (ਆਹ ਕਰੂੰ ਤੋ ਜਗ ਜਲੇ ਔਰ ਜੰਗਲ ਭੀ ਜਲ ਜਾਏ ਪਾਪੀ ਜੀਵੜਾ ਨਾ ਜਲੇ ਜਿਸ ਮੇ ਆਹ ਸਮਾਏ); ਜੀਓ, (ਜੀਓ ਦਾ ਰੋਗ ਵਲਾਂਵਦਾ ਈ-ਵਾਰਿਸ ਸ਼ਾਹ); ਜਿਉੜਾ (ਸਣੇ ਪਲੰਘ ਦੇ ਹੀਰ ਹੁਣ ਹੋਈ ਤੇਰੀ, ਘੋਲ ਘਤੀਆਂ ਜਿਉੜਾ ਵਾਰਿਆ ਈ-ਵਾਰਿਸ ਸ਼ਾਹ)।
ਜੀਅ ਇਕ ਧੁਰੇ ਦੀ ਨਿਆਈ ਹੈ ਜਿਸ ਤੋਂ ਬਿਨਾ ਮਨੁੱਖੀ ਜੀਵਨ ਚੱਲ ਨਹੀਂ ਸਕਦਾ। ਕਿੰਨੇ ਰੰਗ ਲਾਏ ਹਨ, ਇਸ ਜੀਅ ਨੇ। ਫਰੋਲੀਏ ਜ਼ਰਾ ਇਸ ਦੀ ਜੀਵਨੀ। ਇਸ ਸ਼ਬਦ ਦਾ ਮੁਢਲਾ ਰੂਪ ਹੈ ਜੀਵ। ḔਵḔ ਧੁਨੀ ਅਕਸਰ ਹੀ ਸਵਰ ਵਿਚ ਬਦਲ ਜਾਂਦੀ ਹੈ, ਉਂਜ ਇਹ ਧੁਨੀ ਆਪ ਵੀ ਇਕ ਅਰਧ ਸਵਰ ਹੀ ਹੈ। ਮਿਸਾਲ ਵਜੋਂ ਸਵਭਾਵ ‘ਸੁਭਾਅ’ ਬਣ ਗਿਆ, ਜਵਾਰ ‘ਜੁਆਰ’ ਤੇ ਭਾਵ ‘ਭਾਅ ਜਾਂ ਭਾਉ’। ਇਸ ਧੁਨੀ ਪਰਿਵਰਤਨ ਕਾਰਨ ਜੀਵ ਜੀਅ ਜਾਂ ਜੀਉ ਬਣ ਗਿਆ। ਜੀਅ ਤੇ ਜੀ ਦਾ ਉਚਾਰਣ ਇਕੋ ਹੀ ਹੈ, ਬੱਸ ਅਸੀਂ ਸ਼ਬਦ-ਜੋੜ ਪ੍ਰਮਾਣਿਕ ਨਹੀਂ ਬਣਾ ਸਕੇ। ਸ਼ਬਦ ਦੇ ਹੋਰ ਰੁਪਾਂਤਰ ਕਾਵਿਕ ਜਿਹੇ ਹਨ। ਜੀਵ ਵਿਚ ਜਿਉਣ, ਜ਼ਿੰਦਾ ਰਹਿਣ ਦੇ ਭਾਵ ਹਨ। ਸੋ ਜੀਵ ਨਾਂਵ ਦਾ ਮੁਖ ਅਰਥ ਹੈ, ਜੋ ਜਿਉਂਦਾ ਹੈ। ਅਸਲ ਵਿਚ ਜੀਵ ਸ਼ਬਦ ਦੇ ਦੋ ਮੁਖ ਅਰਥ ਹਨ- 1æ ਪਦਾਰਥਵਾਚਕ: ਜੋ ਜਿਉਂਦਾ ਹੈ ਅਰਥਾਤ ਜਾਨਵਰ; 2æ ਭਾਵਵਾਚਕ: ਜਿਉਂਦੇ ਪ੍ਰਾਣੀ ਦਾ ਜੀਵਨਮਈ ਤੱਤ। ਇਨ੍ਹਾਂ ਦੋਹਾਂ ਮੁਖ ਅਰਥਾਂ ਤੋਂ ਅੱਗੇ ਹੋਰ ਅਰਥ ਪ੍ਰਛਾਈਆਂ ਫੁੱਟਦੀਆਂ ਹਨ। ਪਹਿਲੇ ਅਰਥ ਤੋਂ ਇਹ ਸਾਰੀ ਕਾਇਨਾਤ ਦੇ ਪ੍ਰਾਣੀਆਂ ਦਾ ਸੂਚਕ ਬਣਦਾ ਹੈ ਜਿਵੇਂ ਉਪਰ ਚੌਰਾਸੀ ਲੱਖ ਵਾਲੀ ਮਿਸਾਲ ਦਿੱਤੀ ਗਈ ਹੈ। ਪਰ ਸ਼ਬਦਾਂ ਦਾ ਅਰਥ-ਸੰਕੁਚਨ ਵੀ ਹੁੰਦਾ ਹੈ, ਮਤਲਬ ਛੋਟੇ ਦਾਇਰੇ ਤੱਕ ਸੀਮਿਤ ਹੋ ਜਾਂਦਾ ਹੈ। ਇਸ ਤਰ੍ਹਾਂ ਜੀਅ ਦਾ ਇਕ ਅਰਥ ਕਿਸੇ ਪਰਿਵਾਰ ਆਦਿ ਦੇ ਮੈਂਬਰਾਂ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ “ਕਿੰਨੇ ਜੀਅ ਹਨ ਤੁਹਾਡੇ ਘਰ ਦੇ?” “ਜੀਅ ਪ੍ਰਤੀ ਆਮਦਨ।” ਹੋਰ ਅੱਗੋਂ ਪਰਿਵਾਰ ਦੇ ਬੱਚਿਆਂ ਨੂੰ ਵੀ ਜੀਅ ਕਿਹਾ ਜਾਂਦਾ ਹੈ, “ਜੋ ਜੀਅ ਆਵੇ ਸੋ ਰਾਜ਼ੀ ਜਾਵੇ।” ਜੀਵ ਜਾਂ ਜੀਅ ਸ਼ਬਦ ਛੋਟੇ ਕਿਟਾਣੂਆਂ, ਕੀੜੇ-ਮਕੌੜਿਆਂ ਲਈ ਵੀ ਵਰਤਿਆ ਜਾਂਦਾ ਹੈ, “ਜੀਅ ਪੈ ਕੇ ਮਰੇਂ ਤੂੰ”, “ਨਾਲੀ ਵਿਚ ਜੀਅ ਪੈ ਗਏ ਹਨ।” ਗੁਰਬਾਣੀ ਵਿਚ ਜੀਵ ਦਾ ਇਕ ਅਰਥ ਪਾਣੀ ਵੀ ਹੋ ਗਿਆ ਹੈ ਕਿਉਂਕਿ ਜੀਵ ਇਸ ‘ਤੇ ਨਿਰਭਰ ਹਨ, “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ” (ਗੁਰੂ ਅਰਜਨ ਦੇਵ), “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥” (ਗੁਰੂ ਨਾਨਕ ਦੇਵ), “ਜੀਵ ਗਯੋ ਘਟ ਮੇਘਨ ਕੋ॥” (ਕ੍ਰਿਸਨਾਵ)। ਸੰਸਕ੍ਰਿਤ ਵਿਚ ਜੀਵ ਦੇ ਅਰਥ ਵਿਸ਼ਨੂੰ, ਬ੍ਰਹਸਪਤੀ ਵੀ ਹਨ। ਭਾਵੇਂ ਵਿਗਿਆਨਕ ਤੌਰ ‘ਤੇ ਬਨਸਪਤੀ ਵੀ ਜੀਵ ਹੀ ਹੈ ਪਰ ਆਮ ਸਮਝ ਅਨੁਸਾਰ ਬਨਸਪਤੀ ਜੀਵ ਦੀ ਕੋਟੀ ਵਿਚ ਨਹੀਂ ਆਉਂਦੀ ਕਿਉਂਕਿ ਇਹ ਗਤੀਸ਼ੀਲ ਨਹੀਂ। ਉਂਜ ਪੰਜਾਬੀ ਵਿਚ ਅੰਗਜਰੇਜ਼ੀ ਸ਼ਬਦ ਬਾਇਆਲੋਜੀ ਲਈ ਜੀਵ-ਵਿਗਿਆਨ ਸ਼ਬਦ ਘੜਿਆ ਗਿਆ ਹੈ।
ਇਸ ਸ਼ਬਦ ਦਾ ਭਾਵਵਾਚੀ ਪਸਾਰ ਬਹੁਤ ਹੋਇਆ ਹੈ। ਇਹ ਇਕ ਤਰ੍ਹਾਂ ਮਨੁੱਖ ਦੇ ਅੰਦਰਲਾ ਮਨੁੱਖ ਹੈ ਭਾਵ ਉਸ ਦਾ ਜੀਵਨਮਈ ਅੰਸ਼। ਬੋਲਚਾਲ ਵਿਚ ਇਹ ਚਿੱਤ, ਮਨ, ਦਿਲ, ਮੂਡ ਦੇ ਅਰਥਾਂ ਵਿਚ ਆਮ ਹੀ ਵਰਤਿਆ ਜਾਂਦਾ ਹੈ ਕਿਉਂਕਿ ਇਹ ਸਭ ਕੁਝ ਜੀਵਨ ਦੀ ਨਿਸ਼ਾਨੀ ਹਨ, ਮਨੁੱਖ ਦਾ ਆਪਾ ਹੈ। ਕੁਝ ਮਿਸਾਲਾਂ ਦਿੰਦੇ ਹਾਂ: ਜੀਅ ਬੈਠ ਗਿਆ; ਜੀਅ ਖਰਾਬ ਹੋ ਗਿਆ; ਜੀਅ ਨਹੀਂ ਲਗਦਾ, ਜੀਅ ਦਾ ਜੰਜਾਲ, ਜੀਅ ਨਹੀਂ ਮੰਨਦਾ। ਦਰਅਸਲ ਜੀਅ ਜਾਂ ਜੀਵ ਜਿਉਣ ਵੱਲ ਹੀ ਲਿਜਾਂਦੇ ਹਨ। ਜੀਣਾ, ਜਿਉਣਾ, ਜੀਵਣਾ ਇਸੇ ਸ਼ਬਦ ਦੇ ਕਿਰਿਆ ਰੂਪ ਹਨ। ਇਸ ਸ਼ਬਦ ਦੀ ਅਧਿਆਤਮਕ ਸੰਦਰਭ ਵਿਚ ਵੀ ਵਰਤੋਂ ਹੋਈ ਹੈ। ਭਾਰਤੀ ਅਧਿਆਤਮਕਤਾ ਅਨੁਸਾਰ ਇਹ ਮਨੁੱਖ ਵਿਚ ਪਰਮਾਤਮਾ (ਪਰਮ ਆਤਮਾ) ਦਾ ਅੰਸ਼ ਹੈ ਜੋ ਉਸ ਤੋਂ ਵਿਛੜ ਕੇ ਆਇਆ ਹੈ ਤੇ ਉਸੇ ਵਿਚ ਸਮਾ ਜਾਣਾ ਹੈ ਭਾਵੇਂ ਵਿਗਿਆਨਕ ਤੌਰ ‘ਤੇ ਇਸ ਨੂੰ ਇਸ ਤਰ੍ਹਾਂ ਨਿਖੇੜਨਾ ਬੇਥਵੀ ਗੱਲ ਹੋਵੇਗੀ। ਅਧਿਆਤਮਕ ਸੰਦਰਭ ਵਿਚ ਅਜਿਹਾ ਹੀ ਹੁੰਦਾ ਹੈ, “ਈਸ਼ਵਰ ਜੀਵ ਏਕ ਇਮ ਜਾਨਹੁ॥” ਜਦ ਜੰਤੂ ‘ਚੋਂ ਜੀਵ ਨਿਕਲ ਜਾਂਦਾ ਹੈ ਤਾਂ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਇਥੇ ਜੀਵ ਇਕ ਤਰ੍ਹਾਂ ਆਤਮਾ ਜਾਂ ਰੂਹ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ, “ਕਾਹੇ ਜੀਅ ਕਰਹਿ ਚਤਰਾਈ॥” ਧਿਆਨ ਦਿਉ ਕਿ ਅਜਿਹੇ ਵਾਕ ਵਿਚ ਜੀਅ ਦਾ ਆਮ ਅਰਥ ਚਿੱਤ ਜਾਂ ਮਨ ਲਿਆ ਜਾਵੇਗਾ ਪਰ ਅਧਿਆਤਮਵਾਦੀ ਇਸ ਦਾ ਅਰਥ ਆਤਮਾ ਕਰਨਗੇ, “ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ॥” ਗੁਰਬਾਣੀ ਵਿਚ ਇਸ ਦੇ ਰੂਪ ਜੀਅਰਾ\ਜੀਅੜਾ ਦੀ ਅਜਿਹੇ ਅਰਥਾਂ ਵਿਚ ਕਾਫੀ ਵਰਤੋਂ ਮਿਲਦੀ ਹੈ, “ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ॥” (ਗੁਰੂ ਨਾਨਕ ਦੇਵ)
ਭਾਰਤੀ ਅਧਿਆਤਮਵਾਦ ਅਨੁਸਾਰ ਜੀਵ/ਜੀਅ, ਆਤਮਾ ਅਮਰ ਹੈ। ਇਸੇ ਲਈ ਇਸ ਨੂੰ ਜੀਵਆਤਮਾ ਵੀ ਕਿਹਾ ਜਾਂਦਾ ਹੈ। ਗੁਰੂਆਂ ਨੇ ਇਸ ਲਈ ਜੀਅ ਪਰਾਣ ਸ਼ਬਦ ਜੁੱਟ ਵੀ ਵਰਤਿਆ ਹੈ, “ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥” ਭਗਤੀ ਸਾਹਿਤ ਦੇ ਸੰਦਰਭ ਵਿਚ Ḕਜੀਵ ਇਸਤਰੀḔ ਪਦ ਇਸਤਰੀ ਰੂਪ ਵਿਚ ਪਰਮਾਤਮਾ ਨੂੰ ਲੋਚਦੀ ਆਤਮਾ (ਜੀਵ) ਲਈ ਵਰਤਿਆ ਜਾਂਦਾ ਹੈ।
ਜੀਵ ਆਦਿ ਸ਼ਬਦਾਂ ਤੋਂ ਹੋਰ ਬਹੁਤ ਸਾਰੇ ਸ਼ਬਦ ਬਣੇ ਹਨ, ਜਿਵੇਂ ਜੀਵਨ, ਜੀਵਨੀ, ਜੈਵਿਕ, ਸੁਜੀਵ, ਸੰਜੀਵਨੀ (ਬੂਟੀ), ਨਿਰਜੀਵ, ਜੀਵੰਤ, ਜੈਵਿਕ, ਉਪਜੀਵਕਾ, ਜੀਵਾਣੂੰ, ਜਗਜੀਵਨ, ਮਰਜੀਵੜੇ ਆਦਿ। ਬਹੁਤ ਸਾਰੇ ਸ਼ਬਦ-ਜੁੱਟ ਵੀ ਬਣੇ ਹਨ ਜਿਵੇਂ ਜੀਵ-ਜੰਤੂ, ਜੀਆ ਪੋਤਾ, ਜੀਆ ਘਾਤ, ਜੀਵ ਹੱਤਿਆ, ਜੀਅ ਜਾਨ, ਜੀਅ ਤੋੜ ਆਦਿ। ਮੁਹਾਵਰੇ ਜੀਓ ਤੇ ਜੀਣ ਦਿਓ, ਜੀ ਭਿਆਣੇ ਹੋਣਾ, ਜੀਅ ਮਾਰਨਾ। Ḕਜੀਅ ਪੈਣਾḔ ਦੇ ਦੋ ਅਰਥ ਹਨ- ਮੁਰਦੇ ਦਾ ਦੁਬਾਰਾ ਜੀਵਿਤ ਹੋ ਜਾਣਾ ਅਤੇ ਸਰੀਰ ਆਦਿ ਵਿਚ ਕਿਰਮ ਪੈ ਜਾਣੇ। ਇਥੇ ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਸਨਮਾਨਬੋਧਕ ਸ਼ਬਦ ḔਜੀḔ ਜਿਵੇਂ “ਮੈ ਜੀ ਨਾਮਾ ਹੋ ਜੀ॥” (ਭਗਤ ਨਾਮਦੇਵ); “ਮੇਰੇ ਮਾਧਉ ਜੀ ਸਤਸੰਗਤਿ ਮਿਲੈ ਸੁ ਤਰਿਆ॥” (ਗੁਰੂ ਅਰਜਨ ਦੇਵ) ਜੀਵ ਧਾਤੁ ਨਾਲ ਸਬੰਧਤ ਨਹੀਂ। ਇਸ ਸ਼ਬਦ ਦਾ ਖੁਰਾ ਵੀ ḔਆਰਯḔ ਸ਼ਬਦ ਵਿਚ ਹੈ ਤੇ ਇਸ ਦੀ ਵਿਆਖਿਆ “ਆਰੀਆ ਦੇ ਆੜੀ” ਕਾਲਮ ਵਿਚ ਹੋ ਚੁੱਕੀ ਹੈ। ਬਹੁਤ ਸਾਰੇ ਕੋਸ਼ਕਾਰ ਇਸ ਨੂੰ ਚਰਚਿਤ ਜੀਵ ਨਾਲ ਹੀ ਜੋੜਦੇ ਹਨ। ਇਸੇ ਤਰ੍ਹਾਂ ਮੰਜੇ ਦਾ ਜੀਅ ਵੀ ਇਥੇ ਸਬੰਧਤ ਨਹੀਂ, ਇਹ ਜਾਨਣ ਲਈ ਪੜ੍ਹੋ ਕਾਲਮ “ਮੰਜੇ ਦਾ ਜੀਅ ਤੇ ਸਾਈਨ ਥੀਟਾ।”
ਸ਼ਬਦ ਮਾਹਿਰਾਂ ਅਨੁਸਾਰ ਜੀਵ ਸ਼ਬਦ ਭਾਰੋਪੀ ਖਾਸੇ ਵਾਲਾ ਹੈ। ਅਸੀਂ ਪਿਛੇ ਬਾਇਆਲੋਜੀ (Biology) ਵਿਸ਼ੇ ਲਈ ਪੰਜਾਬੀ ਵਿਚ ਘੜੇ ਸ਼ਬਦ ‘ਜੀਵ-ਵਿਗਿਆਨ’ ਦਾ ਜ਼ਿਕਰ ਕੀਤਾ ਸੀ। Biology ਸ਼ਬਦ ਵਿਚਲਾ ਘਟਕ ‘bio’ ਜੀਵ ਦਾ ਸੁਜਾਤੀ ਦੱਸਿਆ ਜਾਂਦਾ ਹੈ। ਗਰੀਕ bio ਦਾ ਅੱਖਰੀ ਅਰਥ ਹੁੰਦਾ ਹੈ, ਮਨੁੱਖ ਦਾ Ḕਆਪਣਾ ਜੀਵਨ ਜਾਂ ਜੀਵਨੀḔ, ਜ਼ਿੰਦਗੀ, ਜੀਵਨ ਕਾਲ। Biography (ਜੀਵਨੀ) ਵਿਚਲਾ ਬਇਓ ਵੀ ਇਹੋ ਹੈ। ਇਕ ਭਾਰੋਪੀ ਮੂਲ ਹੈ ‘Gweie’ ਜਿਸ ਦਾ ਅਰਥ ਹੈ, ਜਿਉਣਾ। ਇਸ ਮੂਲ ਤੋਂ ਭਾਰੋਪੀ ਭਾਸ਼ਾਵਾਂ ਵਿਚ ਕਈ ਸ਼ਬਦ ਵਿਕਸਿਤ ਹੋਏ ਹਨ। ਸੰਸਕ੍ਰਿਤ ਦਾ ḔਜੀਵḔ ਇਸੇ ਦਾ ਸੁਜਾਤੀ ਹੈ। ਇਸ ਮੂਲ ਤੋਂ ਬਣੇ ਅੰਗਰੇਜ਼ੀ ਸ਼ਬਦ ਹਨ- Quick, Vivid, Vitamin, Whiskey, Amphibious, Microbe, Hygiene. ਕੁਝ ਇਕ ਦੀ ਵਿਆਖਿਆ ਕਰਦੇ ਹਾਂ। ਪੁਰਾਣੀ ਅੰਗਰੇਜ਼ੀ ਵਿਚ ਇਸ ਤੋਂ ਸ਼ਬਦ ਬਣਿਆ Cwic ਜਿਸ ਦਾ ਮਤਲਬ ਹੁੰਦਾ ਹੈ ਜਿਉਂਦਾ, ਸਜੀਵ। ਇਸੇ ਤੋਂ ਅਜੋਕੀ ਅੰਗਰੇਜ਼ੀ ਦਾ ਸ਼ਬਦ Quick ਬਣਿਆ। ਨਾਂਵ ਦੇ ਤੌਰ ‘ਤੇ ਇਸ ਸ਼ਬਦ ਦਾ ਅਰਥ ਹੁੰਦਾ ਹੈ, ਜਿਉਂਦਾ ਮਨੁੱਖ ਤੇ ਵਿਸ਼ੇਸ਼ਣ ਦੇ ਤੌਰ ‘ਤੇ ਤੇਜ਼, ਫੁਰਤੀਲਾ। ਤੇਜ਼ੀ ਜਾਂ ਫੁਰਤੀ ਵਿਚ ਜਿਉਂਦੇ ਹੋਣ ਦਾ ਗੁਣ ਹੈ। ਲਾਤੀਨੀ ਵਿਚ ਇਸ ਮੂਲ ਤੋਂ ਬਣਿਆ ਹੈ Vivus ਜਿਸ ਦਾ ਅਰਥ ਵੀ ਜਿਉਂਦਾ ਹੀ ਹੁੰਦਾ ਹੈ। Vivus ਤੋਂ ਅੱਗੇ ਅੰਗਰੇਜ਼ੀ ਦਾ Vivid (ਸੁਜੀਵ), Vitamin, Whiskey, Hygiene, Revive, Survive ਆਦਿ ਸ਼ਬਦ ਬਣੇ। ਸ਼ਰਾਬ ਪੀਣ ਵਾਲਿਆਂ ਲਈ ਸ਼ੁਭ ਖਬਰ ਹੈ ਕਿ ਵਿਸਕੀ ਦਾ ਸ਼ਾਬਦਿਕ ਅਰਥ ਹੁੰਦਾ ਹੈ, ਜੀਵਨ ਦਾ ਪਾਣੀ ਜਾਂ ਜੀਵਨਦਾਤਾ ਜਲ। ਹਾਈਜੀਨ ਦਾ ਸ਼ਾਬਦਿਕ ਅਰਥ ਹੁੰਦਾ ਹੈ, ਵਧੀਆ ਤਰ੍ਹਾਂ ਜੀਣਾ। Revive ਤੇ Survive ਵਿਚਲੇ Vive ਦਾ ਭਾਵ ਵੀ ਜਿਉਣਾ ਹੀ ਹੈ।