ਭਰਾਵਾਂ ਦਾ ਸੰਗ-ਸਾਥ

ਭਰਾਵਾਂ ਦਾ ਮਾਣ-1
ਪੰਜਾਬੀ ਕਥਾ ਜਗਤ ਦੇ ਮਿਸਾਲੀ ਹਸਤਾਖਰ ਵਰਿਆਮ ਸਿੰਘ ਸੰਧੂ ਨੇ ਆਪਣੀਆਂ ਯਾਦਾਂ ਦੇ ਭਰੇ-ਭੁਕੰਨੇ ਬੋਹੀਏ ਵਿਚੋਂ ਕੁਝ ਯਾਦਾਂ ‘ਭਰਾਵਾਂ ਦਾ ਮਾਣ’ ਨਾਂ ਦੀ ਲੜੀ ਵਿਚ ਪਰੋਈਆਂ ਹਨ। ਇਨ੍ਹਾਂ ਯਾਦਾਂ ਦਾ ਬਿਰਤਾਂਤ ਕਹਾਣੀ ਰਸ ਦੇ ਵਲਟੋਹੇ ਤਾਂ ਵਰਤਾਉਂਦਾ ਹੀ ਹੈ, ਨਾਲ ਦੀ ਨਾਲ ਸਰੋਕਾਰਾਂ ਅਤੇ ਸੁਨੇਹਿਆਂ ਦਾ ਝੰਡਾ ਵੀ ਬੁਲੰਦ ਕਰਦਾ ਹੈ।

ਵਰਿਆਮ ਦੀ ਹਰ ਰਚਨਾ ਬਹੁ-ਪਾਸਾਰੀ ਹੁੰਦੀ ਹੈ, ਇਸੇ ਕਰ ਕੇ ਹੀ ਪਾਠਕ ਨੂੰ ਉਹ ਸਹਿਜੇ ਹੀ ਆਪਣੇ ਨਾਲ ਤੋਰੀ ਰੱਖਦਾ ਹੈ। ਇਸ ਲੇਖ ਲੜੀ ਦੀ ਪਹਿਲੀ ਕੜੀ ‘ਭਰਾਵਾਂ ਦਾ ਸੰਗ-ਸਾਥ’ ਵਿਚ ਉਹਨੇ ਆਪਣੇ ਸਾਥੀਆਂ ਦੇ ਸੰਗ-ਸਾਥ ਅਤੇ ਏਕੇ ਦਾ ਨਕਸ਼ਾ ਖਿੱਚਿਆ ਹੈ। ਇਸ ਨਕਸ਼ੇ ਵਿਚ ਉਹਦਾ ਪਿੰਡ, ਪਿੰਡ ਵਿਚ ਵਸਦੇ ਜੀਅ ਅਤੇ ਇਨ੍ਹਾਂ ਜੀਆਂ ਦੀਆਂ ਤਾਂਘਾਂ, ਤੱਦੀਆਂ ਤੇ ਤੌਖਲੇ ਹਰ ਮੋੜ ‘ਤੇ ਖੜ੍ਹੇ ਆਪਣੀ ਕਹਾਣੀ ਆਪ ਸੁਣਾ ਰਹੇ ਜਾਪਦੇ ਹਨ। ਵਰਿਆਮ ਨੇ ਪਿੰਡ ਦੇ ਜੀਆਂ ਅਤੇ ਹੋਰ ਸੰਗੀ-ਸਾਥੀਆਂ ਦੇ ਸਿਰ ਉਤੇ ਕੀਤੀ ਸਰਗਰਮੀ ਦੀ ਇਹ ਕਹਾਣੀ ਪੂਰੀ ਰੀਝ ਨਾਲ ਸੁਣਾਈ ਹੈ। -ਸੰਪਾਦਕ

ਵਰਿਆਮ ਸੰਧੂ
ਈਮੇਲ: ੱਅਰੇਅਮਸਅਨਦਹੁ@ਗਮਅਲਿ।ਚੋਮ

ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਿੱਕਾ ਜਿਹਾ ਬਿਰਤਾਂਤ ਹਾਜ਼ਰ ਹੈ।
1971-72 ਦਾ ਸਾਲ ਸੀ ਸ਼ਾਇਦ। ਨਕੋਦਰ ਵਿਚ ‘ਕ੍ਰਾਂਤੀਕਾਰੀ ਲੇਖਕਾਂ’ ਵੱਲੋਂ ਕਾਨਫਰੰਸ ਕੀਤੀ ਗਈ। ਪਰਚੇ ਪੜ੍ਹੇ ਗਏ, ਗਰਮਾ-ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਜ਼ਾਰਾਂ ਵਿਚ ਜੋਸ਼ੀਲੇ ਨਾਅਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ ਵਾਲੀ ਕਾਨਫਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ। ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿਚ ਆਪਣਾ ਗੀਤ ਗਾ ਕੇ ਪੜ੍ਹਿਆ।
ਇਸ ਕਾਨਫਰੰਸ ਦੇ ਮੁੱਖ ਕਰਨਧਾਰਾਂ ਵਿਚ ਪਾਸ਼ ਵੀ ਸੀ। ਉਹ ਕੁਝ ਚਿਰ ਹੋਇਆ ਜੇਲ੍ਹ ਵਿਚੋਂ ਰਿਹਾ ਹੋ ਕੇ ਆਇਆ ਸੀ। ਉਨ੍ਹੀਂ ਦਿਨੀਂ ਉਹਦੀ ਬੜੀ ਚੜ੍ਹਤ ਸੀ। ਕਈ ਲੇਖਕਾਂ ਨੇ ਤਾਂ ਉਹਨੂੰ ਪਹਿਲੀ ਵਾਰ ਵੇਖਿਆ ਸੀ। ਉਹ ਸਵੇਰ ਦੇ ਪ੍ਰੋਗਰਾਮ ਵਿਚ ਬੋਲਿਆ ਨਹੀਂ ਸੀ। ਸਾਰੇ ਸਮਝਦੇ ਸਨ ਕਿ ਰਾਤ ਦੇ ਕਵੀ ਦਰਬਾਰ ਵਿਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾ। ਕਵੀ ਦਰਬਾਰ ਸਮਾਪਤੀ ‘ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆ। ਪਾਸ਼ ਥਾਣੇ ਦੀ ਕੰਧ ਨਾਲ ਲੱਗੀ ਸਟੇਜ ‘ਤੇ ਖੜ੍ਹਾ ਹੋਇਆ। ਇਹੋ ਥਾਣਾ ਸੀ ਜਿਸ ਵਿਚ ਉਹਨੂੰ ਕਦੀ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ ਸੀ। ਉਸ ਨਾਲ ਜ਼ਿਆਦਤੀ ਕੀਤੀ ਗਈ ਸੀ। ਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ ਸੀ। ਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀ। ਜ਼ਾਹਿਰ ਹੈ, ਸਵੇਰ ਤੋਂ ਹੁਣ ਤੱਕ ਥਾਣੇ ਵਾਲੇ ਸਭ ਕੁਝ ਸੁਣਦੇ ਰਹੇ ਸਨ।
ਹੁਣ ਸਰੋਤੇ ਸੁਣਨਾ ਤੇ ਜਾਣਨਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈ। ਪਾਸ਼ ਨੇ ਕੋਈ ਭਾਸ਼ਨ ਨਹੀਂ ਕੀਤਾ। ਕੋਈ ਕਵਿਤਾ ਨਹੀਂ ਸੁਣਾਈ। ਉਸ ਨੇ ਅਸਮਾਨ ਵੱਲ ਬਾਂਹ ਉਚੀ ਚੁੱਕੀ ਤੇ ਗਰਜਵੀਂ ਆਵਾਜ਼ ਵਿਚ ਪੁਲਿਸ ਵਾਲਿਆਂ ਨੂੰ ਸੁਣਾ ਕੇ ਸਿਰਫ਼ ਇੰਨਾ ਹੀ ਕਿਹਾ:
ਗਾਲ੍ਹਾਂ ਕੱਢੀਆਂ ਗਲੀ ਵਿਚ ਖੜ੍ਹ ਕੇ, ਮਾਣ ਭਰਾਵਾਂ ਦੇ।
ਇੰਨੀ ਆਖ ਕੇ ਉਹ ਸਟੇਜ ਤੋਂ ਉਤਰ ਆਇਆ। ਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ ਉਠਿਆ। ਇਕੋ ਗੱਲ ਵਿਚ ਸਾਰੀ ਗੱਲ ਆਖੀ ਗਈ ਸੀ। ਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈ। ਦੁਸ਼ਮਣ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ। ਭਰਾ ਨਾਲ ਨਾ ਹੋਣ ਤਾਂ ਮਿਰਜ਼ੇ ਵਰਗੇ ਜਵਾਨ ਦੀ ਵੀ ਦੁਸ਼ਮਣਾਂ ਦੇ ਵਾਰ ਸਹਿੰਦਿਆਂ ਧਾਹ ਨਿਕਲ ਜਾਂਦੀ ਹੈ, “ਜੱਟ ਬਾਝ ਭਰਾਵਾਂ ਮਾਰਿਆ, ਕੋਈ ਨਾ ਮਿਰਜ਼ੇ ਸੰਗ।”
***
ਉਨ੍ਹੀਂ ਦਿਨੀਂ ਮੈਂ ਵੀ ਭਰਾਵਾਂ ਦੇ ਸੰਗ-ਸਾਥ ਵਿਚ ਵਿਚਰ ਰਿਹਾ ਸਾਂ।
ਉਂਜ ਲੋਕਾਂ ਦੇ ਸੰਗ-ਸਾਥ ਵਿਚ ਜੀ-ਵਿਚਰ ਕੇ ਕੁਝ ਚੰਗਾ ਕਰਨ ਦੀ ਤਾਂਘ ਮੇਰੇ ਮਨ ਵਿਚ ਮੁੱਢ ਤੋਂ ਸੀ। 16-17 ਸਾਲਾਂ ਦੀ ਉਮਰ ਵਿਚ ਮੈਂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਦੇ ਗ਼ਦਰੀ ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਯਾਦ ਵਿਚ ‘ਦੇਸ਼ ਭਗਤ ਯਾਦਗਾਰ ਲਾਇਬਰੇਰੀ’ ਸਥਾਪਤ ਕੀਤੀ। ਕਮਰਾ ਕਿਰਾਏ ‘ਤੇ ਲੈ ਕੇ ਉਸ ਵਿਚ ਫ਼ਰਨੀਚਰ ਰਖਵਾਇਆ। ਕਿਤਾਬਾਂ ਖ਼ਰੀਦੀਆਂ। ਅਖ਼ਬਾਰਾਂ ਤੇ ਰਸਾਲੇ ਮੰਗਵਾਉਣੇ ਸ਼ੁਰੂ ਕੀਤੇ। ਲਾਇਬਰੇਰੀ ਦੀ ਆਪ ਹੀ ਦੇਖ ਭਾਲ ਕਰਦਾ। ਲੋਕ ਆਉਂਦੇ, ਲਾਇਬਰੇਰੀ ਵਿਚ ਬੈਠ ਕੇ ਪੜ੍ਹਦੇ। ਮੇਰੇ ਮਨ ਨੂੰ ਠੰਢ ਪੈਂਦੀ। ਪਿੰਡ ਵਿਚ ਆਪ ਹੀ ਅਦਾਕਾਰੀ ਕਰ ਕੇ ਡਰਾਮੇ ਕਰਨ ਦੀ ਰਵਾਇਤ ਮੇਰੇ ਸੀਨੀਅਰਾਂ ਨੇ ਸ਼ੁਰੂ ਕੀਤੀ ਸੀ। ਇਹ ਡਰਾਮੇ ਸਾਰਾ ਪਿੰਡ ਹੁੰਮ-ਹੁਮਾ ਕੇ ਵੇਖਦਾ। ਮੈਂ ਇਸ ਰੀਤ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਅੱਗੇ ਤੋਰਿਆ। ਫਿਰ ਕੁਝ ਸਾਲਾਂ ਬਾਅਦ ‘ਗੁਰੂ ਨਾਨਕ ਮਿੱਤਰ-ਮੰਡਲ’ ਨਾਂ ਦੀ ਜਥੇਬੰਦੀ ਕਾਇਮ ਕੀਤੀ। ਪਿੰਡ ਸੁਧਾਰ ਦੇ ਕੰਮ ਕਰਨੇ ਸ਼ੁਰੂ ਕੀਤੇ। ਹਫ਼ਤੇ ਦੇ ਹਫ਼ਤੇ ਪਿੰਡ ਦੀਆਂ ਗਲੀਆਂ ਬਾਜ਼ਾਰ ਸਾਫ਼ ਕਰਦੇ। ਇਸ ਵਿਚ ਮੇਰੇ ਸਾਥੀ ਮੈਥੋਂ ਵੱਡੀ ਉਮਰ ਦੇ ਲੋਕ ਵੀ ਹੁੰਦੇ, ਸਰਕਾਰੀ ਮੁਲਾਜ਼ਮ ਵੀ ਹੁੰਦੇ। ਇਨ੍ਹੀਂ ਦਿਨੀਂ ਹੀ ਯੁਵਕ ਕੇਂਦਰ ਦੇ ਸਾਥੀਆਂ ਦੇ ਸੰਪਰਕ ਵਿਚ ਆਇਆ। ਅਸੀਂ ਆਸ ਪਾਸ ਦੇ ਪਿੰਡਾਂ ਵਿਚ ਲੱਗਦੇ ਮੇਲਿਆਂ ਜਾਂ ਇਕੱਠਾਂ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਾਉਂਦੇ। ਆਪਣੇ ਇਨਕਲਾਬੀ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ।
ਦੇਸ਼ ਵਿਚ ਨਵੀਂ ਇਨਕਲਾਬੀ ਤਹਿਰੀਕ ਚੱਲੀ ਤਾਂ ਮੈਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦਾ ਹਮਦਰਦ ਬਣ ਗਿਆ। ਇਨਕਲਾਬੀ ਸਾਥੀਆਂ ਨੂੰ ਸਾਂਭਦਾ, ਸੇਵਾ-ਪਾਣੀ ਕਰਦਾ, ਮੀਟਿੰਗਾਂ ਕਰਵਾਉਂਦਾ, ਇਸ਼ਤਿਹਾਰ ਲਵਾਉਂਦਾ, ਹੋਰ ਸਾਥੀਆਂ ਨੂੰ ਨਾਲ ਜੋੜਦਾ, ਪਰ ਛੇਤੀ ਹੀ ਮਹਿਸੂਸ ਹੋਇਆ ਕਿ ਲਹਿਰ ਦੇ ਰੂਪੋਸ਼ ਹੋਣ ਨਾਲ ਲੋਕਾਂ ਨਾਲ ਸਿੱਧੇ ਸੰਪਰਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਪਿੰਡ ਦੇ ਜਿਹੜੇ ਲੋਕ ਪਹਿਲਾਂ ਮੈਨੂੰ ਅਗਾਂਹਵਧੂ ਨੌਜਵਾਨ ਵਜੋਂ ਜਾਣਦੇ-ਪਛਾਣਦੇ ਸਨ; ਮੈਨੂੰ ਪਿਆਰ ਦਿੰਦੇ ਸਨ; ਹੁਣ ਕੁਝ ਕੁਝ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੇ। ਮੈਂ ਲਹਿਰ ਤੋਂ ਕਿਨਾਰਾਕਸ਼ੀ ਕਰਨ ਲੱਗਾ ਤਾਂ ਨਾਗੀ ਰੈਡੀ ਗਰੁਪ ਵਾਲੇ ਸਾਥੀਆਂ ਨੇ ਜਨਤਕ ਜਥੇਬੰਦੀਆਂ ਬਣਾ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ ਦੀ ਨੀਤੀ ਦਾ ਐਲਾਨ ਕੀਤਾ। ਲੋਕਾਂ ਵਿਚ ਕੰਮ ਕਰ ਕੇ ਉਨ੍ਹਾਂ ਨੂੰ ਨਾਲ ਜੋੜਨ ਦੀ ਨੀਤੀ ਮੇਰੇ ਮਾਫ਼ਕ ਸੀ। ਮੈਂ ਅਧਿਆਪਕ ਯੂਨੀਅਨ ਵਿਚ ਕੰਮ ਕਰਨ ਲੱਗਾ। ਨਾਲ ਦੀ ਨਾਲ ‘ਨੌਜਵਾਨ ਭਾਰਤ ਸਭਾ’ ਦੇ ਝੰਡੇ ਹੇਠਾਂ ਹੋਣ ਵਾਲੀਆਂ ਸਰਗਰਮੀਆਂ ਨਾਲ ਸਰਗਰਮ ਨਾਤਾ ਜੋੜ ਲਿਆ। ਪਿੰਡ ਵਿਚ ‘ਨੌਜਵਾਨ ਭਾਰਤ ਸਭਾ’ ਦੀ ਬਰਾਂਚ ਕਾਇਮ ਕੀਤੀ।
ਮੈਂ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਸੁਧਾਰ ਤੇ ਸਮਾਜ ਸੁਧਾਰ ਦੇ ਕੁਝ ਅਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਸਦਕਾ ਆਮ ਪਿੰਡ ਵਾਸੀ ਸਾਨੂੰ ਆਪਣੀ ਧਿਰ ਸਮਝਣ ਤੇ ਸਾਡੇ ਬਾਰੇ ਉਨ੍ਹਾਂ ਦਾ ਸ਼ੱਕ-ਸ਼ੁਬ੍ਹੇ ਵਾਲਾ ਰਵੱਈਆ ਤਬਦੀਲ ਹੋ ਜਾਵੇ। ਮੈਂ ਪਿਛਲੇ ਸਾਲਾਂ ਵਿਚ ਪਿੰਡ ਦੇ ਲੋਕਾਂ ਵਿਚ ਕੰਮ ਕਰ ਕੇ ਆਪਣੀ ਮਾੜੀ-ਮੋਟੀ ਪੈਂਠ ਬਣਾਈ ਹੋਈ ਸੀ। ਹੁਣ ਵੀ ਅਸੀਂ ਇਹੋ ਜਿਹੇ ਕੰਮ ਕਰ ਰਹੇ ਸਾਂ ਜਿਸ ਨਾਲ ਲੋਕਾਂ ਦਾ ਸਾਡੇ ਵਿਚ ਵਿਸ਼ਵਾਸ ਵਧ ਰਿਹਾ ਸੀ।
ਉਨ੍ਹਾਂ ਦਿਨਾਂ ਵਿਚ ਝੋਨੇ ਦੀ ਫ਼ਸਲ ਵਿਚ ਪਾਉਣ ਲਈ ਖਾਦ ਮਿਲਣੀ ਮੁਸ਼ਕਿਲ ਹੋ ਗਈ ਸੀ। ਖਾਦ ਦੀ ਨਕਲੀ ਥੋੜ ਦਾ ਢਕਵੰਜ ਰਚ ਕੇ ਆੜ੍ਹਤੀਏ ਤੇ ਦੁਕਾਨਦਾਰ ਖਾਦ ਬਲੈਕ ਵਿਚ ਵੇਚ ਰਹੇ ਸਨ। ਦੋ-ਦੋ ਚਾਰ-ਚਾਰ ਬੋਰੀਆਂ ਲੈਣ ਵਾਲੇ ਛੋਟੇ ਕਿਸਾਨ ਤਾਂ ਲਿਲਕੜੀਆਂ ਲੈਂਦੇ ਫਿਰਦੇ ਸਨ ਪਰ ਤਕੜੇ ਲੋਕ ਬਲੈਕ ਵਿਚ ਖਾਦ ਲੈ ਕੇ ਫ਼ਸਲਾਂ ਨੂੰ ਪਾ ਰਹੇ ਸਨ। ਕਾਲੀ ਭਾਅ ਮਾਰਦੇ ਉਨ੍ਹਾਂ ਦੇ ਝੋਨੇ ਹੱਸਣ ਲੱਗੇ। ਛੋਟੇ ਕਿਸਾਨਾਂ ਦੀ ਫ਼ਸਲ ਉਨ੍ਹਾਂ ਦੇ ਚਿਹਰਿਆਂ ਵਾਂਗ ਪੀਲੀ ਪੈ ਗਈ। ਛੋਟੇ ਕਿਸਾਨਾਂ ਨਾਲ ਇਹ ਬੇਨਿਆਈਂ ਸੀ। ਸਾਨੂੰ ਪਤਾ ਲੱਗਾ ਕਿ ਆੜ੍ਹਤੀ ਤੇ ਦੁਕਾਨਦਾਰ ਵੱਡੇ ਕਿਸਾਨਾਂ ਨੂੰ ਰਾਤ-ਬਰਾਤੇ ਬਲੈਕ ਦੀ ਖਾਦ ਪਹੁੰਚਾਉਂਦੇ ਸਨ। ਅਸੀਂ ਰਾਤ ਨੂੰ ਪਿੰਡ ਦੇ ਰਾਹਵਾਂ ‘ਤੇ ਲੁਕਵੇਂ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ। ਇਕ ਰਾਤ ਪਿੰਡ ਦੀ ਪਹੁੰਚ-ਸੜਕ ‘ਤੇ ਖਾਦ ਦਾ ਲੱਦਿਆ ਰੇੜ੍ਹਾ ਅਸੀਂ ਹੱਥ ਦੇ ਕੇ ਰੋਕ ਲਿਆ। ਰੇੜ੍ਹੇ ‘ਤੇ ਬੈਠਾ ਆੜ੍ਹਤੀਆ ਸਾਰੀ ਗੱਲ ਸਮਝ ਕੇ ਰੇੜ੍ਹਾ ਛੱਡ ਕੇ ਦੌੜ ਗਿਆ। ਬੰਦਾ ਅਸੀਂ ਪਛਾਣ ਲਿਆ ਸੀ। ਰੇੜ੍ਹੇ ਵਾਲੇ ਨੂੰ ਅਸੀਂ ਕਿਹਾ ਕਿ ਉਹ ਬਲੈਕ ਦੀ ਖਾਦ ਢੋਅ ਕੇ ਗ਼ੈਰ-ਕਾਨੂੰਨੀ ਕੰਮ ਕਰ ਰਿਹਾ ਹੈ। ਉਹ ਤਰਲੇ ਲੈਣ ਲੱਗਾ। ਅਸੀਂ ਉਹਨੂੰ ਕਿਹਾ ਕਿ ਜਿਸ ਥਾਂ ਖਾਦ ਪਹੁੰਚਾਉਣ ਲਈ ਕਿਹਾ ਗਿਆ ਹੈ, ਉਹ ਉਥੇ ਰੇੜ੍ਹਾ ਲੈ ਚੱਲੇ, ਅਸੀਂ ਉਹਨੂੰ ਕੁਝ ਨਹੀਂ ਕਹਿੰਦੇ। ਕੁਝ ਨੌਜਵਾਨ ਅਸੀਂ ਉਸ ਨਾਲ ਤੋਰ ਦਿੱਤੇ ਤੇ ਮੈਂ ਪੁਲਿਸ ਵੱਲ ਚਲਾ ਗਿਆ। ਪੁਲਿਸ ਸਾਡਾ ਭੈਅ ਮੰਨਦੀ ਸੀ। ਛੋਟਾ ਥਾਣੇਦਾਰ ਸਾਡੇ ਨਾਲ ਦੋ ਸਿਪਾਹੀ ਲੈ ਕੇ ਤੁਰ ਪਿਆ।
ਅਸੀਂ ਉਸ ਹਵੇਲੀ ਵਿਚ ਜਾ ਪੁੱਜੇ ਜਿੱਥੇ ਖਾਦ ਰਖਵਾਈ ਗਈ ਸੀ। ਖਾਦ ਵਾਲਾ ਕਿਸਾਨ ਆਖੇ, “ਜੀ; ਸਾਡਾ ਕੀ ਕਸੂਰ! ਅਸੀਂ ਨਾਲੇ ਬਲੈਕ ਵਿਚ ਖ਼ਰੀਦੀਏ ਤੇ ਨਾਲੇ ਗੁਨਾਹਗਾਰ ਅਖਵਾਈਏ। ਹੁਣ ਖਾਦ ਤਾਂ ਪੌਣੀ ਏ ਨਾ ਜੀ ਫ਼ਸਲ ਨੂੰ। ਸਮੇਂ ਮਾਰ ਤਾਂ ਨਹੀਂ ਨਾ ਕਰਨੀ।” ਅਸੀਂ ਆਖੀਏ, “ਤੁਹਾਡਾ ਕਸੂਰ ਨਾ ਸਹੀ, ਪਰ ਜਿਨ੍ਹਾਂ ਨੂੰ ਖਾਦ ਮਿਲਦੀ ਈ ਨਹੀਂ, ਉਨ੍ਹਾਂ ਦਾ ਵੀ ਕੀ ਕਸੂਰ? ਜੇ ਇਹ ਕੰਮ ਠੀਕ ਹੁੰਦਾ ਤਾਂ ਖਾਦ ਲਿਆਉਣ ਵਾਲਾ ਭੱਜਦਾ ਕਿਉਂ?”
ਮੁੱਕਦੀ ਗੱਲ, ਅਸੀਂ ਉਹ ਖਾਦ ਕਬਜ਼ੇ ਵਿਚ ਲੈ ਲਈ ਤੇ ਸਵੇਰੇ ਪੁਲਿਸ ਚੌਕੀ ਕੋਲ ਬੈਠ ਕੇ ਛੋਟੇ ਕਿਸਾਨਾਂ ਨੂੰ ਦੋ ਦੋ ਬੋਰੀਆਂ ਖਾਦ ਲਾਗਤ ਮੁੱਲ ‘ਤੇ ਵੇਚੀ। ਕੁਝ ਦਿਨਾਂ ਬਾਅਦ ਅਸੀਂ ਖਾਦ ਦਾ ਭਰਿਆ ਟਰੱਕ ਕਾਬੂ ਕਰ ਲਿਆ। ਪਿੰਡ ਵਿਚ ਢੋਲ ਵਜਵਾ ਦਿੱਤਾ ਕਿ ਜਿਹੜਾ ਜਦੋਂ ਆ ਕੇ ਨਾਂ ਲਿਖਵਾ ਦੇਵੇਗਾ, ਉਹਨੂੰ ਉਹਦੇ ਨਾਂ ਦੀ ਤਰਤੀਬ ਅਨੁਸਾਰ ਲਾਗਤ ਮੁੱਲ ‘ਤੇ ਖਾਦ ਮਿਲੇਗੀ। ਨਾਂਵਾਂ ਦੀ ਤਰਤੀਬ ਅਨੁਸਾਰ ਲੰਮੀ ਲਾਈਨ ਲੱਗ ਗਈ। ਵਾਰੀ ‘ਤੇ ਬੰਦਾ ਆਉਂਦਾ ਜਾਵੇ, ਸਾਨੂੰ ਪੈਸੇ ਜਮ੍ਹਾਂ ਕਰਵਾਏ ਤੇ ਦੋ ਦੋ ਬੋਰੀ ਖਾਦ ਚੁੱਕੀ ਜਾਵੇ। ਛੋਟੇ ਕਿਸਾਨਾਂ ਲਈ ਇੰਨਾ ਹੀ ਬਹੁਤ ਸੀ। ਕੁਝ ਨਾ ਮਿਲਣ ਨਾਲੋਂ ਕੁਝ ਤਾਂ ਮਿਲ ਰਿਹਾ ਸੀ। ਲੋਕ ਆਖਣ, “ਉਏ ਭਾਊ! ਨਹੀਂ ਰੀਸਾਂ ਤੁਹਾਡੀਆਂ। ਤੁਸੀਂ ਤਾਂ ਤੇਰਾਂ ਤੇਰਾਂ ਤੋਲ’ਤਾ।”
ਸਾਡੇ ਏਕੇ ਅਤੇ ਵਜ੍ਹਕੇ ਕਰ ਕੇ ਪੁਲਿਸ ਆੜ੍ਹਤੀਆਂ, ਦੁਕਾਨਦਾਰਾਂ ਤੇ ਧਨੀ ਕਿਸਾਨਾਂ ਦੀ ਹਮਾਇਤ ਕਰਨਾ ਚਾਹੁੰਦੀ ਹੋਈ ਵੀ ਸਾਡਾ ਸਾਥ ਦੇਣ ਲਈ ਮਜਬੂਰ ਸੀ। ਲੋਕਾਂ ਦਾ ਸਮੂਹ ਸਾਡੇ ਹੱਕ ਵਿਚ ਵੇਖ ਕੇ ਉਨ੍ਹਾਂ ਦਾ ਕੋਈ ਚਾਰਾ ਨਹੀਂ ਸੀ ਚੱਲਦਾ। ਆੜ੍ਹਤੀਏ ਤੇ ਧਨੀ ਕਿਸਾਨ ਵੀ ਸਾਡੇ ਜਾਣੂ ਹੀ ਸਨ। ਅਸੀਂ ਇੰਨਾ ਕੁ ਰਾਹ ਰੱਖ ਲੈਂਦੇ ਕਿ ਉਨ੍ਹਾਂ ਉਤੇ ਮੁਕੱਦਮਾ ਦਰਜ ਕਰਨ ‘ਤੇ ਬਹੁਤਾ ਜ਼ੋਰ ਨਾ ਦਿੰਦੇ। ਇੰਜ ਪੁਲਿਸ ਦਾ ਵੀ ਉਨ੍ਹਾਂ ਅੱਗੇ ਓਹਲਾ ਰਹਿ ਜਾਂਦਾ ਕਿ ਵੇਖੋ! ਅਸੀਂ ਤੁਹਾਡੇ ‘ਤੇ ਕੇਸ ਨਹੀਂ ਬਣਾਇਆ। ਅਸੀਂ ਵੇਚੀ ਖਾਦ ਦੇ ਪੈਸੇ ਪੁਲਿਸ ਦੀ ਹਾਜ਼ਰੀ ਵਿਚ ਮਾਲਕ ਨੂੰ ਦੇ ਕੇ ਦਸਤਖ਼ਤ ਕਰਵਾ ਲੈਂਦੇ। ਪੁਲਿਸ ਦੀ ਗਵਾਹੀ ਨਾਲ ਹੁੰਦੀ। ਆੜ੍ਹਤੀਆ ਜਾਂ ਦੁਕਾਨਦਾਰ ਇੰਨੇ ਨਾਲ ਹੀ ਸੰਤੁਸ਼ਟ ਹੋ ਜਾਂਦਾ ਕਿ ਉਸ ‘ਤੇ ਕੇਸ ਨਹੀਂ ਬਣਿਆ। ਅੰਦਰੋਂ ਸਾਡੇ ਨਾਲ ਨਾਰਾਜ਼ ਹੋਣ ਦੇ ਬਾਵਜੂਦ ਉਹ ਉਤੋਂ ਉਤੋਂ ਸਾਡੇ ਧੰਨਵਾਦੀ ਹੀ ਹੁੰਦੇ।
ਲੋਕ ਭਲਾਈ ਦਾ ਇਹ ਪੈਂਤੜਾ ਸਾਡੇ ਕੰਮ ਆ ਰਿਹਾ ਸੀ। ਮੇਰਾ ਆਗੂ ਰੋਲ ਹੋਣ ਕਰ ਕੇ ਪਿੰਡ ਦੇ ਆਮ ਲੋਕ ਬਹੁਤ ਪਿਆਰ ਤੇ ਸਤਿਕਾਰ ਦੇਣ ਲੱਗ ਪਏ ਸਨ। ਪਿੰਡ ਦੇ ਕਹਿੰਦੇ ਕਹਾਉਂਦੇ ਬੰਦੇ, ਅੰਦਰੋਂ ਜੋ ਮਰਜ਼ੀ ਸੋਚਦੇ ਹੋਣ, ਪਰ ਮੂੰਹ ਉਤੇ ਮੇਰੀ ਵਡਿਆਈ ਕਰਨੋਂ ਨਾ ਉਕਦੇ। ਪਿੰਡ ਵਾਲੇ ਮੇਰਾ ਇੰਨਾ ਮਾਣ ਕਰਨ ਲੱਗੇ ਕਿ ਕੋਈ ਮੁੱਖ ਮੰਤਰੀ ਜਾਂ ਮੰਤਰੀ ਸਾਡੇ ਪਿੰਡ ਆਉਂਦਾ ਤਾਂ ਉਸ ਅੱਗੇ ਪਿੰਡ ਦੀਆਂ ਮੰਗਾਂ ਪਿੰਡ ਦਾ ਸਰਪੰਚ ਨਹੀਂ ਸੀ ਰੱਖਦਾ; ਮੰਗਾਂ ਰੱਖਣ ਤੇ ਪਿੰਡ ਦੀ ਮਹੱਤਤਾ ਬਾਰੇ ਬੋਲਣ ਲਈ ਮੈਨੂੰ ਹੀ ਕਿਹਾ ਜਾਂਦਾ। ਪੰਚਾਇਤ ਵੀ ਇਹ ਮਾਣ ਮੈਨੂੰ ਦੇ ਕੇ ਖ਼ੁਸ਼ ਹੁੰਦੀ। ਮੈਂ ਸਭ ਦਾ ਸਾਂਝਾ ਤੇ ਉਨ੍ਹਾਂ ਦਾ ਆਪਣਾ ਸਾਂ।
ਆਪਣੀ ਵਧਦੀ ਸਾਖ਼ ਕਾਰਨ ਅਸੀਂ ਥੋੜਾ ਹੋਰ ਉਤਸ਼ਾਹ ਵਿਚ ਆ ਗਏ। ਸੋਚਿਆ; ਕੁਝ ਪਿੰਡ ਸੁਧਾਰ ਦੇ ਕੰਮ ਸ਼ੁਰੂ ਕੀਤੇ ਜਾਣ। ਕੰਮ ਸੌਖਾ ਨਹੀਂ ਸੀ। ਦਸਾਂ ਪਿੰਡਾਂ ਜਿੱਡਾ ਤਾਂ ਪਿੰਡ ਸੀ। ਬਾਰਾਂ ਪੱਤੀਆਂ ਵਾਲਾ ਵੱਡਾ ਪਿੰਡ ਹੋਣ ਕਰ ਕੇ ਵਣ-ਵਣ ਦੀ ਲੱਕੜੀ ਨੂੰ ਇਕ ਸੂਤਰ ਵਿਚ ਬੰਨ੍ਹ ਕੇ ਰੱਖਣਾ ਸੌਖਾ ਨਹੀਂ ਸੀ। ਇਕ ਜਣਾ ਜਾਂ ਇਕ ਧਿਰ ਕੋਈ ਗੱਲ ਕਰੇ ਤਾਂ ਵਿਰੋਧੀ ਧਿਰ ਉਸ ਦੇ ਖ਼ਿਲਾਫ਼ ਪੈਂਤੜਾ ਮੱਲਣ ਨੂੰ ਪਹਿਲਾਂ ਲੰਗੋਟਾ ਕੱਸੀ ਖੜੋਤੀ ਹੁੰਦੀ। ਵਿਰੋਧ ਕਰਨ ਵਾਲੇ ਕੀਤੀ ਗੱਲ ਦਾ ਮਹੱਤਵ ਨਾ ਸਮਝਦੇ। ਉਨ੍ਹਾਂ ਤਾਂ ਬੱਸ ਵਿਰੋਧ ਕਰਨਾ ਹੁੰਦਾ। ਵਿਰੋਧ ਨਿਜੀ ਵੀ ਹੁੰਦੇ ਤੇ ਰਾਜਸੀ ਵੀ। ਚੌਧਰੀ ਕਿਸਮ ਦੇ ਲੋਕ ਤਾਂ ਪਹਿਲਾਂ ਹੀ ਸੋਚਦੇ ਸਨ ਕਿ ਅਸੀਂ ਪੰਚਾਇਤ ਤੇ ਪਿੰਡ ਦੇ ਮੁਖੀਆਂ ਦੇ ਉਤੋਂ ਵਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਰਾਹ ਸੌਖਾ ਨਹੀਂ ਸੀ, ਪਰ ਅਸੀਂ ਉਦਮ ਕਰਨਾ ਜ਼ਰੂਰੀ ਸਮਝਿਆ। ਸਾਡੀ ਸਕੀਮ ਨੂੰ ਸਮੂਹਕ ਪ੍ਰਵਾਨਗੀ ਮਿਲ ਸਕੇ, ਇਸ ਮਕਸਦ ਲਈ ਮੈਂ ਤੇ ਮੇਰੇ ਸਾਥੀਆਂ ਨੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਘਰ-ਘਰ ਜਾ ਕੇ ਮਿਲਣਾ ਸ਼ੁਰੂ ਕੀਤਾ। ਮਿਲਣੀਆਂ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਪਤਵੰਤਿਆਂ ਨੂੰ ਜਾਣਕਾਰੀ ਦਿੰਦੇ। ਪਿੰਡ ਦੇ ਤਤਕਾਲੀ ਸਰਪੰਚ, ਪੰਚਾਂ ਤੇ ਰਹਿ ਚੁੱਕੇ ਪਹਿਲੇ ਸਰਪੰਚਾਂ ਤੋਂ ਇਲਾਵਾ ਹੋਰ ਵੀ ਕਹਿੰਦੇ ਕਹਾਉਂਦੇ ਬਜ਼ੁਰਗਾਂ ਤੇ ਵਿਭਿੰਨ ਸਿਆਸੀ ਵਿਚਾਰਾਂ ਵਾਲੇ ਕਾਰਕੁਨਾਂ ਨੂੰ ਮੈਂ ਤੇ ਮੇਰੇ ਸਾਥੀਆਂ ਨੇ ਮਿਲ ਮਿਲ ਕੇ ਆਪਣਾ ਏਜੰਡਾ ਦੱਸਿਆ ਤੇ ਉਨ੍ਹਾਂ ਨੂੰ ਸਾਥ ਦੇਣ ਦੀ ਬੇਨਤੀ ਕੀਤੀ। ਅਸੀਂ ਨਹੀਂ ਸਾਂ ਚਾਹੁੰਦੇ ਕਿ ਕੋਈ ਅਜਿਹੀ ਗੱਲ ਕਰੀਏ ਜਿਸ ਨਾਲ ਪਿੰਡ ਦੇ ਕਿਸੇ ਬੰਦੇ ਨੂੰ ਲੱਗੇ ਕਿ ‘ਮੱਛਰੀ ਹੋਈ ਮੁੰਡ੍ਹੀਰ ਹਿੱਕ ਦੇ ਧੱਕੇ ਨਾਲ ਮਨਆਈਆਂ ਕਰਨ ਲੱਗੀ ਹੈ।’
ਇਕੱਲੇ ਇਕੱਲੇ ਜਣੇ ਨੂੰ ਕੀਤੀ ਬੇਨਤੀ ਕਾਰਨ ਹਰ ਬੰਦਾ ਆਪਣੇ ਆਪ ਨੂੰ ਅਹਿਮ ਸਮਝਦਾ। ਇਸ ਯੋਜਨਾ ਨੂੰ ਠੀਕ ਢੰਗ ਨਾਲ ਸਿਰੇ ਚਾੜ੍ਹਨ ਲਈ ਅਸੀਂ ਸੁਹਿਰਦਤਾ ਨਾਲ ਉਸ ਦੀ ਸਲਾਹ ਵੀ ਲੈਂਦੇ। ਉਸ ਦੀ ਸਲਾਹ ‘ਤੇ ਅਮਲ ਕਰਨ ਦਾ ਵਚਨ ਵੀ ਦਿੰਦੇ। ਉਸ ਦੀ ਰਾਇ ਨੂੰ ਮਹੱਤਵ ਦਿੱਤੇ ਜਾਣ ਕਰ ਕੇ ਉਹ ਅੰਦਰੇ ਅੰਦਰ ਖ਼ੁਸ਼ ਵੀ ਹੁੰਦਾ ਤੇ ਸਾਡਾ ਸਾਥ ਦੇਣ ਦਾ ਵਾਅਦਾ ਵੀ ਕਰਦਾ। ਜਿਨ੍ਹਾਂ ਜਿਨ੍ਹਾਂ ਤੋਂ ਵਿਰੋਧ ਕੀਤੇ ਜਾਣ ਦੀ ਆਸ ਸੀ, ਅਸੀਂ ਉਨ੍ਹਾਂ ਨੂੰ ਮਿਲ ਕੇ ਵੀ ਜਦੋਂ ਉਨ੍ਹਾਂ ਦੀ ਹਉਂ ਨੂੰ ਤ੍ਰਿਪਤ ਕਰ ਲਿਆ ਤਾਂ ਇਕ ਐਤਵਾਰ ਨੂੰ ਪਿੰਡ ਦੇ ਸਾਰੇ ਉਨ੍ਹਾਂ ਅਹਿਮ ਬੰਦਿਆਂ ਦੀ ਮੀਟਿੰਗ ਪਿੰਡ ਦੇ ਸਕੂਲ ਵਿਚ ਬੁਲਾ ਲਈ। ਪੰਜਾਹ ਤੋਂ ਵੱਧ ਬੰਦੇ ਹੋਣਗੇ। ਮੈਂ ਉਠ ਕੇ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਦਾ ਪੇਸ਼ਗੀ ਧੰਨਵਾਦ ਕੀਤਾ ਕਿ ਨਿਜੀ ਗੱਲਬਾਤ ਵਿਚ ਉਨ੍ਹਾਂ ਨੇ ਸੁਧਾਰਾਂ ਦੀ ਯੋਜਨਾ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਸੁਧਾਰਾਂ ਨਾਲ ਸਾਡਾ ਹੀ ਭਲਾ ਹੋਣਾ ਹੈ। ਸਾਰਿਆਂ ਨੇ ਇਕਮੱਤ ਨਾਲ ਸਾਡੀ ਯੋਜਨਾ ਨੂੰ ਸਿਰੇ ਚਾੜ੍ਹੇ ਜਾਣ ਲਈ ਹਾਮੀ ਭਰੀ।
ਹੁਣ ਅਸੀਂ ਇਕ ਇੱਕ ਮੁੱਦੇ ਨੂੰ ਲੈ ਕੇ ਚਰਚਾ ਕੀਤੀ। ਵਿਆਹ ਉਤੇ ਯਾਰਾਂ ਬੰਦਿਆਂ ਤੋਂ ਵੱਧ ਜੰਜ ਨਹੀਂ ਜਾਏਗੀ। ਦਾਜ ਦਾ ਵਿਖਾਲਾ ਨਾ ਪਾਇਆ ਜਾਏ। ਬਜ਼ੁਰਗਾਂ ਦੇ ਮਰਨੇ ‘ਤੇ ਫ਼ਜ਼ੂਲ ਦੀਆਂ ਖ਼ਰਚੀਲੀਆਂ ਰਸਮਾਂ ਨਾ ਕੀਤੀਆਂ ਜਾਣ। ਪਿੰਡ ਵਿਚ ਗੰਦੇ ਅਸ਼ਲੀਲ ਰਿਕਾਰਡ ਵੱਜਣ ਦੀ ਮਨਾਹੀ ਹੋਵੇ। ਸ਼ਰਾਬ ਪੀ ਕੇ ਪਿੰਡ ਵਿਚ ਕੋਈ ਲਲਕਾਰਾ ਨਾ ਮਾਰੇ। ਅਸੀਂ ਅਜਿਹੇ ਕਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ। ਜਿਹੜਾ ਨਿਯਮਾਂ ਦੀ ਉਲੰਘਣਾ ਕਰੇ, ਉਹਦੇ ਲਈ ਜੁਰਮਾਨਾ ਵੀ ਰੱਖਿਆ ਗਿਆ।
ਨਿਯਮਾਂ ਦਾ ਠੀਕ ਪਾਲਣ ਹੋ ਰਿਹਾ ਵੇਖਣ/ਜਾਣਨ ਲਈ ਨਿਗਰਾਨੀ ਕੌਣ ਕਰੇਗਾ? ਇਨ੍ਹਾਂ ਨੂੰ ਲਾਗੂ ਕੌਣ ਕਰੇਗਾ? ਇਕੱਠ ਨੇ ਇਹ ਜ਼ਿੰਮੇਵਾਰੀ ਸਾਨੂੰ ਸੌਂਪ ਦਿਤੀ। ਉਨ੍ਹਾਂ ਅਨੁਸਾਰ ਕਿਸੇ ਹੋਰ ਕੋਲੋਂ ਇਹ ਕੰਮ ਨੇਪਰੇ ਨਹੀਂ ਚੜ੍ਹਨ ਲੱਗਾ। ਅਸੀਂ ‘ਸਾਂਝੇ’ ਬੰਦੇ ਸਭ ਨੂੰ ਮਨਜ਼ੂਰ ਸਾਂ। ਇਹ ਕਿਹਾ ਗਿਆ ਕਿ ਜਿਹੜਾ ਬੰਦਾ ਵੀ ਪਿੰਡ ਵਿਚ ਕਿਤੇ ਨਿਯਮ ਦੀ ਉਲੰਘਣਾ ਹੁੰਦੀ ਵੇਖੇ, ਉਹ ‘ਵਰਿਆਮ ਸਿੰਘ ਨੂੰ ਸੂਚਿਤ ਕਰ ਦੇਵੇ।’ ਸਭ ਦੇ ਰਜਿਸਟਰ ਉਤੇ ਦਸਤਖ਼ਤ ਕਰਵਾ ਲਏ ਗਏ।
ਅਸੀਂ ਖ਼ੁਸ਼ ਸਾਂ ਕਿ ਬੜੀ ਖ਼ੁਸ਼-ਅਸਲੂਬੀ ਨਾਲ ਸਾਰੀ ਸਕੀਮ ਸਿਰੇ ਚੜ੍ਹ ਗਈ ਸੀ। ਅਸੀਂ ਇਹ ਵੀ ਜਾਣਦੇ ਸਾਂ ਕਿ ਕਿਸੇ ਦਬਾਅ ਨਾਲ ਲੋਕਾਂ ਨੂੰ ਆਪਣੇ ਅਨੁਸਾਰੀ ਨਹੀਂ ਬਣਾਇਆ ਜਾ ਸਕਦਾ। ਜੁਰਮਾਨੇ ਕਰਨੇ ਜਾਂ ਜੁਰਮਾਨੇ ਉਗਰਾਹੁਣਾ ਸਾਡਾ ਮਕਸਦ ਨਹੀਂ ਸੀ। ਅਸੀਂ ਪਿਆਰ, ਸਮਝੌਤੀ ਤੇ ਆਪਸੀ ਭਰੱਪਣ ਨਾਲ ਹੀ ਨਿਯਮਾਂ ਨੂੰ ਲਾਗੂ ਕਰਨਾ ਚਾਹੁੰਦੇ ਸਾਂ। ਅਸੀਂ ਲੋਕਾਂ ਨੂੰ ਇਹ ਪ੍ਰਭਾਵ ਬਿਲਕੁਲ ਨਹੀਂ ਸਾਂ ਦੇਣਾ ਚਾਹੁੰਦੇ ਕਿ ਬਲਪੂਰਵਕ ਉਨ੍ਹਾਂ ਤੋਂ ਕੋਈ ਗੱਲ ਮਨਵਾਈ ਜਾ ਰਹੀ ਹੈ। ਅਸੀਂ ਤਾਂ ਇਹ ਅਹਿਸਾਸ ਦਿਵਾਈ ਰੱਖਣਾ ਚਾਹੁੰਦੇ ਸਾਂ ਕਿ ਨਿਯਮਾਂ ਦਾ ਪਾਲਣ ਸਭ ਦੇ ਆਪਣੇ ਹਿਤ ਵਿਚ ਹੈ। ਉਨ੍ਹਾਂ ਨੇ ਕਿਸੇ ਦੇ ਆਖਣ ‘ਤੇ ਨਹੀਂ, ਸਗੋਂ ਆਪਣੇ ਮਨ ਦੇ ਆਖਣ ‘ਤੇ ਹੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੈ।
ਹੋਏ ਫ਼ੈਸਲਿਆਂ ਦੀ ਸੂਚਨਾ ਦਿੰਦਾ ਢੋਲ ਪਿੰਡ ਵਿਚ ਵਜਵਾ ਦਿਤਾ। ਸਾਡੀ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਲੋਕਾਂ ਨੇ ਸਵੈ-ਬੰਧੇਜ ਦੇ ਤੌਰ ‘ਤੇ ਨਿਯਮਾਂ ਨੂੰ ਮੰਨਣਾ ਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਦੀ ਸ਼ਿਕਾਇਤ ਕਰਨ ਦੀ ਥਾਂ ਲੋਕ ਆਪ ਆ ਕੇ ਇਹ ਦੱਸਣ ਤੇ ਆਖਣ ਲੱਗੇ ਕਿ ਉਨ੍ਹਾਂ ਦੇ ਪਰਿਵਾਰ ਵਿਚ ਫ਼ਲਾਂ ਸਮਾਗ਼ਮ ਹੋ ਰਿਹਾ ਹੈ; ਮੈਂ ਜਾਂ ਮੇਰਾ ਕੋਈ ਸਾਥੀ ਬੇਸ਼ੱਕ ਜਾ ਕੇ ਵੇਖ ਲਵੇ ਕਿ ਨਿਯਮ ਠੀਕ ਤਰ੍ਹਾਂ ਲਾਗੂ ਹੋ ਰਿਹਾ ਹੈ ਜਾਂ ਨਹੀਂ।
ਕਈ ਵਾਰ ਸਮਾਗਮ ਹੋ ਜਾਣ ਤੋਂ ਬਾਅਦ ਵੀ ਕੋਈ ਜਣਾ ਆ ਕੇ ਦੱਸਦਾ ਕਿ ਉਨ੍ਹਾਂ ਨੇ ਨਿਯਮਾਂ ਅਨੁਸਾਰ ਸਾਰਥ ਸਿਰੇ ਚਾੜ੍ਹਿਆ ਹੈ। ਸਾਡੀ ਇਹ ਕੋਈ ਮੰਗ ਨਹੀਂ ਸੀ ਕਿ ਅਗਲਾ ਸਾਨੂੰ ਆਪਣੇ ਘਰ ਵਿਚ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਜਾਂ ਪਿੱਛੋਂ ਆ ਕੇ ਕੋਈ ਸੂਚਨਾ ਦੇਵੇ। ਇਹ ਤਾਂ ਉਨ੍ਹਾਂ ਦੀ ਆਪਣੀ ਖ਼ੁਸ਼ੀ ਸੀ। ਇਨ੍ਹਾਂ ਸੁਧਾਰਕ ਨਿਯਮਾਂ ਮੁਤਾਬਕ ਵਿਚਰਨਾ ਉਨ੍ਹਾਂ ਨੂੰ ਚੰਗਾ ਚੰਗਾ ਲੱਗਣ ਲੱਗਾ ਸੀ। ਇਹ ਉਨ੍ਹਾਂ ਦੇ ਸਾਂਝੇ ਭਲੇ ਦੀ ਗੱਲ ਸੀ।
ਇਕ ਸ਼ਾਮ ਸਾਡਾ ਬਜ਼ੁਰਗ ਮਾਸਟਰ ਮੁਲਖ਼ ਰਾਜ ਮੇਰੇ ਘਰ ਆ ਗਿਆ। ਉਹ ਕੁਝ ਘਬਰਾਇਆ ਹੋਇਆ ਸੀ। ਜਦੋਂ ਮੇਰਾ ਪਿਤਾ ਮੈਨੂੰ ਪਹਿਲੇ ਦਿਨ ਸਕੂਲ ਦਾਖ਼ਲ ਕਰਵਾਉਣ ਗਿਆ ਸੀ, ਮਾਸਟਰ ਮੁਲਖ ਰਾਜ ਨੇ ਮੇਰੀ ਪਿੱਠ ‘ਤੇ ਥਾਪੀ ਦਿੰਦਿਆਂ ਕਿਹਾ ਸੀ, “ਪੁੱਤਰਾ ਡਰਦਾ ਕਿਉਂ ਏਂ? ਮੈਂ ਤੇਰਾ ਦਾਦਾ ਆਂ। ਤੇਰਾ ਪਿਉ ਵੀ ਇਨ੍ਹਾਂ ਤੱਪੜਾਂ ‘ਤੇ ਬਹਿ ਕੇ ਮੇਰੇ ਕੋਲੋਂ ਪੜ੍ਹਦਾ ਰਿਹੈ।”
ਗੱਲ ਠੀਕ ਸੀ; ਆਪਣੇ ਸੇਵਾ-ਕਾਲ ਦੇ ਪਹਿਲੇ ਦਿਨਾਂ ਵਿਚ ਉਹਨੇ ਮੇਰੇ ਪਿਤਾ ਨੂੰ ਵੀ ਪੜ੍ਹਾਇਆ ਸੀ। ਹੁਣ ਮੈਂ ਉਹਦਾ ਵਿਦਿਆਰਥੀ ਸਾਂ। ਦਿਲਚਸਪ ਗੱਲ ਇਹ ਕਿ ਜਦੋਂ ਮੈਂ ਜੇæਬੀæਟੀæ ਕਰ ਕੇ ਪੂਹਲਾ ਭਾਈ ਤਾਰੂ ਸਿੰਘ ਵਿਚ ਪ੍ਰਾਇਮਰੀ ਅਧਿਆਪਕ ਲੱਗਾ ਤਾਂ ਮੁਲਖ ਰਾਜ ਉਦੋਂ ਸਿੰਘਪੁਰੇ ਦੇ ਸਕੂਲ ਵਿਚ ਮਾਸਟਰ ਸੀ। ਪੂਹਲਿਆਂ ਨੂੰ ਸਿੰਘਪੁਰੇ ਵਿਚੋਂ ਲੰਘ ਕੇ ਜਾਈਦਾ ਸੀ। ਸਾਡੇ ਘਰ ਵੀ ਨੇੜੇ ਨੇੜੇ ਹੋਣ ਕਰ ਕੇ ਮੈਂ ਤੇ ਮੇਰਾ ਦਾਦਾ-ਗੁਰੂ ਇਕੱਠੇ ਹੀ ਸਕੂਲਾਂ ਨੂੰ ਤੁਰਦੇ। ਉਹ ਸਿੰਘਪੁਰੇ ਰੁਕ ਜਾਂਦਾ ਤੇ ਮੈਂ ਅਗਲੇ ਪਿੰਡ ਤੁਰ ਜਾਂਦਾ ਆਪਣੇ ਸਕੂਲੇ। ਸੈਂਟਰ ਮੀਟਿੰਗਾਂ ‘ਤੇ ਵੀ ਇਕੱਠੇ ਜਾਂਦੇ। ਉਸ ਕੋਲ ਸਕੂਲ ਵਿਚ ਤਿੰਨਾਂ ਪਿੰਡਾਂ ਦੀ ਡਾਕ ਵੀ ਆਉਂਦੀ ਸੀ। ਉਹ ਪੂਹਲੇ ਡਾਕ ਵੰਡਣ ਆਉਂਦਾ ਤਾਂ ਸਕੂਲ ਵਿਚ ਮੇਰੇ ਕੋਲ ਆ ਜਾਂਦਾ। ਚਿੱਠੀਆਂ ਤਾਂ ਮੇਰੇ ਸਕੂਲ ਦੇ ਮੁੰਡਿਆਂ ਨੂੰ ਦੇ ਦਿੰਦਾ, ਪਰ ਜਿਸ ਘਰ ਮਨੀਆਰਡਰ ਆਇਆ ਹੁੰਦਾ, ਉਨ੍ਹਾਂ ਘਰ ਜਾਣ ਲਈ ਮੈਨੂੰ ਨਾਲ ਤੋਰ ਲੈਂਦਾ। ਉਹ ਪੂਹਲਿਆਂ ਦੀਆਂ ਮੁਟਿਆਰ ਕੁੜੀਆਂ ਵੱਲ ਇਸ਼ਾਰਾ ਕਰ ਕੇ ਗੱਲੀਂ ਬਾਤੀਂ ਮੈਨੂੰ ਵੀ ਛੇੜਦਾ ਰਹਿੰਦਾ ਤੇ ਮੈਂ ਵੀ ਕੁੜੀਆਂ ਦੀਆਂ ਮਾਂਵਾਂ ਦਾ ਨਾਂ ਲੈ ਕੇ ਉਸ ਨਾਲ ਹਾਸਾ-ਠੱਠਾ ਕਰ ਲੈਂਦਾ। ਇੰਜ ਅਸੀਂ, ਉਹਦੇ ਰਿਟਾਇਰ ਹੋਣ ਤੋਂ ਪਹਿਲਾਂ, ਕੁਝ ਸਮਾਂ ਸਹਿਕਰਮੀ, ਸਨੇਹੀ ਤੇ ਸੱਜਣਾਂ ਵਾਂਗ ਵੀ ਵਿਚਰਦੇ ਰਹੇ।
ਮਾਸਟਰ ਮੁਲਖ ਰਾਜ ਕਹਿੰਦਾ, “ਸਰਦਾਰ ਵਰਿਆਮ ਸਿਅ੍ਹਾਂ! ਬੜੀ ਮੁਸ਼ਕਿਲ ‘ਚ ਫਸ ਗਏ ਆਂ ਯਾਰ! ਪੁੱਤ ਮੁੜ ਕੇ ਜੂ ਤੇਰੇ ਕੋਲ ਗੱਲ ਆਉਣੀ ਏਂ, ਤੂੰ ਹੁਣੇ ਈ ਕੋਈ ਹੱਲ ਕੱਢ ਖਾਂ ਯਾਰ!”
‘ਸਰਦਾਰ’, ‘ਪੁੱਤ’, ਤੇ ‘ਯਾਰ’ ਦੇ ਸੰਬੋਧਨ ਤੋਂ ਮੈਨੂੰ ਹਾਸਾ ਆ ਗਿਆ। ਮੈਂ ਉਸ ਦੇ ਗੋਡਿਆਂ ਨੂੰ ਘੁੱਟ ਲਿਆ।
“ਗੁਰੂ ਜੀ ਗੱਲ ਤਾਂ ਦੱਸੋ।”
ਗੱਲ ਇਹ ਸੀ ਕਿ ਸਵੇਰੇ ਉਸ ਦੇ ਪਿਛਲੀ ਉਮਰੇ ਹੋਏ ਸਭ ਤੋਂ ਛੋਟੇ ‘ਪੇਟ-ਘਰੋੜੀ’ ਦੇ ਮੁੰਡੇ ਦੀ ਜੰਜ ਜਾਣੀ ਸੀ। ਜੰਜ ਦੇ ਯਾਰਾਂ ਦੀ ਥਾਂ ਬਾਰਾਂ ਬੰਦੇ ਬਣਦੇ ਸਨ। ਹੁਣ ਇਹ ਤਾਂ ਯਾਦ ਨਹੀਂ ਕਿ ਰਿਸ਼ਤਾ ਕਿਹੜਾ ਸੀ, ਪਰ ਗੱਲ ਕੁਝ ਇੰਜ ਸੀ ਕਿ ਤਿੰਨ ਜਣੇ ਜੰਜ ਵਿਚ ਜਾਣ ਵਾਲੇ ਬਰਾਬਰ ਦੇ ਰਿਸ਼ਤੇ ਵਾਲੇ ਸਨ। ਜਾਂ ਤਾਂ ਤਿੰਨੇ ਜੰਜੇ ਜਾਣ ਜਾਂ ਕੋਈ ਵੀ ਨਾ ਜਾਵੇ। ਰਿਸ਼ਤਾ ਅਹਿਮ ਸੀ। ਛੱਡਿਆਂ ਵੀ ਗੁਜ਼ਾਰਾ ਨਹੀਂ ਸੀ। ਸਾਰਿਆਂ ਨੂੰ ਲਿਜਾਂਦੇ ਸਨ ਤਾਂ ਨਿਯਮ ਟੁੱਟਦਾ ਸੀ। ਜੇ ਉਨ੍ਹਾਂ ਵਿਚੋਂ ਇਕ ਨੂੰ ਵਾਧੂ ਸਮਝ ਕੇ ਛੱਡਦੇ ਸਨ; ਰਿਸ਼ਤਾ ਟੁੱਟਦਾ ਸੀ। ਅਗਲੇ ਆਖਣਾ ਸੀ, “ਫਿਰ ਮੈਂ ਹੀ ਮਾੜਾ ਹੋ ਗਿਆ ਨਾ!”
ਮੁਲਖ ਰਾਜ ਅਸੂਲੀ ਬੰਦਾ ਸੀ। ਉਹ ਦੋਵੇਂ ਪਾਸੇ ਰੱਖਣੇ ਚਾਹੁੰਦਾ ਸੀ। ਪਿੰਡ ਦੇ ਬਣੇ ਅਸੂਲ ਵੀ ਨਿਭਾਉਣਾ ਚਾਹੁੰਦਾ ਸੀ ਤੇ ਰਿਸ਼ਤੇਦਾਰੀ ਵੀ। ਮੇਰੇ ਹਿਸਾਬ ਨਾਲ ਮੁਲਖ ਰਾਜ ਦਾ ਮੇਰੇ ਕੋਲ ‘ਸਮੱਸਿਆ’ ਲੈ ਕੇ ਆਉਣਾ ਹੀ ਦੱਸਦਾ ਸੀ ਕਿ ਉਹ ਕਿੰਨੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਨਿਯਮਾਂ ਦਾ ਪਾਲਣ ਕਰਨ ਲਈ ਪਾਬੰਦ ਸੀ। ਮੈਂ ਕਲੱਕੜ ਨਹੀਂ ਸਾਂ। ਹੱਸ ਕੇ ਕਿਹਾ, “ਗੁਰੂ ਜੀ ਹੱਲ ਤਾਂ ਸੌਖਾ ਈ ਏ। ਜਦੋਂ ਜੰਜ ਚੜ੍ਹਨ ਲੱਗੇ ਤਾਂ ਬੰਦੇ ਯਾਰਾਂ ਹੀ ਹੋਣ। ਕਿਸੇ ਓਪਰੇ ਵੇਖਣ ਵਾਲੇ ਨੂੰ ਲੱਗੇ ਕਿ ਜੰਜ ਦੀ ਗਿਣਤੀ ਹਿਸਾਬ ਅਨੁਸਾਰ ਹੀ ਹੈ, ਪਰ ਕਿਸੇ ਆਪਣੇ ਇਕ ਅਸਲੋਂ ਨੇੜਲੇ ਬੰਦੇ ਨੂੰ ਕੁਝ ਚਿਰ ਪਹਿਲਾਂ ਪਿੰਡੋਂ ਬਾਹਰ ਜਾ ਕੇ ਓਹਲੇ ਜਿਹੇ ਖਲੋਣ ਲਈ ਆਖ ਛੱਡੋ। ਉਹਨੂੰ ਉਥੋਂ ਕਾਰ ਵਿਚ ਬਿਠਾ ਲਿਓ। ਮਸਲਾ ਹੱਲ ਹੋ ਗਿਆ।”
ਉਹ ਫਿੱਕਾ ਜਿਹਾ ਹੱਸਿਆ, “ਸੋਚਿਆ ਤਾਂ ਅਸੀਂ ਵੀ ਕੁਝ ਇੰਜ ਹੀ ਸੀ, ਪਰ ਤੇਰੇ ਨਾਲ ਧੋਖਾ ਕਰਨਾ ਚੰਗਾ ਨਹੀਂ ਸੀ ਲੱਗਦਾ।”
ਮੈਂ ਆਦਰ ਨਾਲ ਝੁਕ ਕੇ ਉਹਦੇ ਪੈਰਾਂ ਨੂੰ ਆਪਣੇ ਹੱਥਾਂ ਵਿਚ ਘੁੱਟ ਲਿਆ।