ਜਬਰ ਜਨਾਹ ਦੀ ਪੀੜਤ ਕੁੜੀ ਚੱਲ ਵਸੀ

ਸ਼ਨੀਵਾਰ ਨੂੰ ਸਵੇਰੇ ਸਿੰਗਾਪੁਰ ਦੇ ਹਸਪਤਾਲ ਵਿਚ ਲਿਆ ਆਖਰੀ ਸਾਹ

ਸਿੰਗਾਪੁਰ: ਨਵੀਂ ਦਿੱਲੀ ਦੀ ਇਕ ਬੱਸ ਵਿਚ ਜਬਰ ਜਨਾਹ ਪੀੜਤ ਕੁੜੀ ਨੇ ਇਥੇ ਮਾਊਂਟ ਐਲਿਜ਼ਬਥ ਹਸਪਤਾਲ ਵਿਚ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਨੂੰ ਸਵੇਰੇ 4:45 ਵਜੇ ਆਖ਼ਰੀ ਸਾਹ ਲਿਆ। ਉਸ ਨੂੰ 27 ਦਸੰਬਰ ਨੂੰ ਨਵੀਂ ਦਿੱਲੀ ਤੋਂ ਇਸ ਹਸਪਤਾਲ ਵਿਖੇ ਲਿਆਂਦਾ ਗਿਆ ਸੀ।
ਯਾਦ ਰਹੇ ਕਿ 16 ਦਸੰਬਰ ਨੂੰ ਛੇ ਜਣਿਆਂ ਨੇ ਚਲਦੀ ਬੱਸ ਵਿਚ ਉਸ ਨਾਲ ਜ਼ਬਰਦਸਤੀ ਕੀਤੀ ਸੀ ਅਤੇ ਬਾਅਦ ਵਿਚ ਉਸ ਨੂੰ ਬੱਸ ਵਿਚੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ ਸੀ। ਉਸ ਦੀ ਹਾਲਤ ਬਹੁਤ ਗੰਭੀਰ ਸੀ ਅਤੇ  ਉਸ ਨੂੰ ਬਚਾਉਣ ਲਈ ਡਾਕਟਰਾਂ ਨੂੰ ਉਸ ਦੀਆਂ ਬੁਰੀ ਤਰ੍ਹਾਂ ਖਰਾਬ ਹੋਈਆਂ ਆਂਦਰਾਂ ਵੀ ਕੱਢਣੀਆਂ ਪੈ ਗਈਆਂ ਸਨ। ਉਸ ਦੇ ਲਗਾਤਾਰ ਛੇ ਅਪ੍ਰੇਸ਼ਨ ਕੀਤੇ ਗਏ ਤੇ ਜਦੋਂ ਗੱਲ ਵੱਸੋਂ ਬਾਹਰ ਹੋ ਗਈ ਤਾਂ ਉਸ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ।
ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਇਸ ਦਲੇਰ ਕੁੜੀ ਦੀ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਮੌਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਇਸੇ ਦੌਰਾਨ ਦਿੱਲੀ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਵਿਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਰੋਸ ਵਿਖਾਵੇ ਭੜਕਣ ਦੇ ਡਰ ਤੋਂ ਸਰਕਾਰ ਨੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ ਅਤੇ ਇੰਡੀਆ ਗੇਟ ਤੇ ਹੋਰ ਥਾਈਂ ਲੋਕਾਂ ਦੇ ਇਕੱਠੇ ਹੋਣ ਉਤੇ ਵੀ ਪਾਬੰਦੀ ਲਾ ਦਿੱਤੀ ਹੈ। ਚੇਤੇ ਰਹੇ ਕਿ ਜਬਰ ਜਨਾਹ ਦੀ ਇਸ ਘਟਨਾ ਖ਼ਿਲਾਫ਼ ਦਿੱਲੀ ਦੇ ਲੋਕ, ਖ਼ਾਸ ਕਰ ਕੇ ਨੌਜਵਾਨ ਸੜਕਾਂ ‘ਤੇ ਨਿਕਲ ਆਏ ਸਨ ਅਤੇ ਉਨ੍ਹਾਂ ਨੇ ਕੜਾਕੇ ਦੀ ਠੰਢ ਅਤੇ ਪੁਲਿਸ ਦੇ ਜਬਰ ਦੀ ਪ੍ਰਵਾਹ ਨਾ ਕਰਦਿਆਂ ਰੋਸ ਵਿਖਾਵੇ ਜਾਰੀ ਰੱਖੇ ਸਨ। ਰੋਸ ਵਿਖਾਵੇ ਇਕ ਵਾਰ ਤਾਂ ਬਹੁਤ ਹਿੰਸਕ ਵੀ ਹੋ ਗਏ ਸਨ ਜਿਸ ਵਿਚ ਦੋਹਾਂ ਪਾਸਿਆਂ ਦੇ ਤਕਰੀਬਨ 200 ਜਣੇ ਫੱਟੜ ਹੋ ਗਏ। ਇਸ ਝੜਪ ਦੌਰਾਨ ਥੱਲੇ ਡਿੱਗ ਕੇ ਫੱਟੜ ਹੋਏ ਪੁਲਿਸ ਦੇ ਇਕ ਸਿਪਾਹੀ ਦੀ ਹਸਪਤਾਲ ਵਿਚ ਮੌਤ ਵੀ ਹੋ ਗਈ।
ਮਾਊਂਟ ਐਲਿਜ਼ਬਥ ਹਸਤਪਾਲ ਦੇ ਚੀਫ਼ ਐਗਜ਼ੈਕਟਿਵ ਕੈਲਵਿਨ ਲੋਹ ਨੇ ਦੱਸਿਆ ਕਿ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ। ਜ਼ਖ਼ਮਾਂ ਕਾਰਨ ਉਸ ਦੇ ਸਰੀਰ ਅਤੇ ਦਿਮਾਗ ‘ਤੇ ਬਹੁਤ ਜ਼ਿਆਦਾ ਅਸਰ ਪਿਆ ਸੀ; ਫਿਰ ਵੀ ਉਹ ਬਹੁਤ ਦਲੇਰੀ ਨਾਲ ਮੌਤ ਨਾਲ ਲੜਦੀ ਰਹੀ, ਪਰ ਅੱਜ ਸਵੇਰੇ 4:45 ਵਜੇ ਉਸ ਦੇ ਅਹਿਮ ਅੰਗ ਕੰਮ ਕਰਨ ਤੋਂ ਜਵਾਬ ਦੇ ਗਏ ਅਤੇ ਉਹ ਮੌਤ ਦੀ ਬੁੱਕਲ ਵਿਚ ਜਾ ਬੈਠੀ।
ਅਜੇ ਤੱਕ ਇਸ ਕੁੜੀ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ। ਪੈਰਾ ਮੈਡੀਕਲ ਦੀ ਇਹ ਵਿਦਿਆਰਥਣ ਨਵੀਂ ਦਿੱਲੀ ਵਿਚ ਇੰਟਰਨਸ਼ਿਪ ਲਈ ਆਈ ਹੋਈ ਸੀ ਅਤੇ 16 ਦਸੰਬਰ ਨੂੰ ਰਾਤੀਂ 9:00 ਵਜੇ ਆਪਣੇ ਇਕ ਸਾਥੀ ਨਾਲ ਫਿਲਮ ਦੇਖਣ ਤੋਂ ਬਾਅਦ ਉਹ ਬੱਸ ਵਿਚ ਸਵਾਰ ਹੋਈ ਸੀ। ਬੱਸ ਵਿਚ ਸਵਾਰ ਛੇ ਮੁਲਜ਼ਮਾਂ ਨੇ ਦੋਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਅਤੇ ਕੁੜੀ ਨਾਲ ਜਬਰ ਜਨਾਹ ਕੀਤਾ, ਫਿਰ ਦੋਹਾਂ ਨੂੰ ਬੱਸ ਵਿਚੋਂ ਧੱਕਾ ਦੇ ਦਿੱਤਾ। ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ।

Be the first to comment

Leave a Reply

Your email address will not be published.