ਇਕ ਬਰਖ਼ੁਰਦਾਰ ਦੇ ਵਿਆਹ ਦਾ ਬਿਰਤਾਂਤ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਡੈਡੀ ਜੀ, ਇਹ ਗੱਲ ਗਲਤ ਨਹੀਂ ਹੈ। ਨਵੀਂ ਲਿਆਂਦੀ ਕਾਰ ਤੇ ਮੇਰੇ ਲਈ ਖਰੀਦੀ ਕਾਇਨੈਟਿਕ, ਦੋਹਾਂ ਦੀ ਕੀਮਤ, ਅਮਰੀਕਾ ਰਹਿੰਦੇ ਮੇਰੇ ਹਸਬੈਂਡ ਨੇ ਹੀ ਅਦਾ ਕੀਤੀ ਹੈ।”
ਕਈ ਸਾਲਾਂ ਬਾਅਦ ਅਮਰੀਕਾ ਤੋਂ ਪੱਕਾ ਹੋ ਕੇ ਪੰਜਾਬ ਪਰਤੇ ਸੋਹਣੇ ਸੁਨੱਖੇ ਸਰਦਾਰ ਲੜਕੇ ਨਾਲ ਵਿਆਹੀ ਹੋਈ ਆਪਣੀ ਬੇਟੀ ਮੂੰਹੋਂ ਇਹ ਗੱਲ ਸੁਣ ਕੇ ਡੈਡੀ, ਮੰਮੀ ਤੇ ਕੁੜੀ ਦੇ ਭੈਣ-ਭਰਾ ਚੁੱਪ ਜਿਹੇ ਹੋ ਗਏ। ਸਾਰਾ ਟੱਬਰ ਆਪਣੀ ਧੀ ਦੇ ਮੂੰਹ ਵੱਲ ਦੇਖਦਾ ਹੀ ਰਹਿ ਗਿਆ। ਹੱਦ ਹੋ ਗਈ!

ਇਹ ਗੱਲ ਉਸ ਨੇ ਕਹਿ ਕਿਵੇਂ ਦਿੱਤੀ?æææ’ਅਸੀਂ ਪੁਰਾਣੀ ਕਾਰ ਵੇਚੀ ਐ, ਕੋਲੋਂ ਹੋਰ ਪੈਸੇ ਪਾ ਕੇ ਪੰਜ-ਛੇ ਲੱਖ ਰੁਪਏ ਦੀ ਕਾਰ ਲਈ ਹੈ। ਸਰਕਾਰੀ ਨੌਕਰੀ ਕਰ ਰਹੀ ਇਸ ਕੁੜੀ ਦਾ ਦਫ਼ਤਰ ਦੁਰੇਡੇ ਹੋਣ ਕਰ ਕੇ ਇਸ ਨੂੰ ਨਵੀਂ ਕਾਇਨੈਟਿਕ ਵੀ ਅਸੀਂ ਲੈ ਕੇ ਦਿੱਤੀ ਹੈ। ਕੁੜੀ ਦੇ ਸਾਹਮਣੇ ਦੋਹਾਂ ਦੀ ਕੀਮਤ ਅਸੀਂ ਚੁਕਾਈ ਹੈ। ਬੈਂਕ ਵਿਚੋਂ ਪੈਸੇ ਕਢਾਉਣ ਤੋਂ ਲੈ ਕੇ ਗੱਡੀਆਂ ਦੀ ਪੇਮੈਂਟ ਤੇ ਰਜਿਸਟਰੇਸ਼ਨ ਵਗੈਰਾ ਕਰਵਾਉਣ ਤੱਕ ਇਕ ਇਕ ਗੱਲ ਦਾ ਸਾਡੀ ਧੀ ਨੂੰ ਪਤਾ ਹੈ, ਪਰ ਅੱਜ ਇਸ ਨੇ ਮੂੰਹ ਭਰ ਕੇ ਹੋਰ ਈ ਗੱਲ ਕੱਢ ਮਾਰੀ। ਅਖੇ, ਦੋਵੇਂ ਗੱਡੀਆਂ ਅਮਰੀਕਾ ਰਹਿੰਦੇ ਮੇਰੇ ਪਤੀ ਨੇ ਲੈ ਕੇ ਦਿੱਤੀਆਂ ਹਨ’। ਚੱਲਦੀਆਂ ਗੱਲਾਂ ਵਿਚ ਅਚਾਨਕ ਚੇਤੇ ਆ ਜਾਣ ਵਾਂਗ, ਨਵ-ਵਿਆਹੀ ਕੁੜੀ ਵੱਲੋਂ ਕਹੀ ਗੱਲ ਨੇ ਘਰ ਦੇ ਸਾਰੇ ਜੀਆਂ ਦੇ ਚਿਹਰਿਆਂ ਉਤੇ ਸਵਾਲੀਆ ਚਿੰਨ੍ਹ ਗੱਡ ਦਿੱਤੇ। ਹੈਰਾਨ ਹੋਏ ਸਾਰੇ ਜੀਅ ਕੁੜੀ ਦੇ ਮੂੰਹੋਂ ਕੋਈ ਅਗਲੀ ਗੱਲ ਸੁਣਨ ਲਈ ਕਾਹਲੇ ਜਿਹੇ ਪੈਣ ਲੱਗੇ।
ਇਸ ਗੱਲਬਾਤ ਦਾ ਪਿਛੋਕੜ ਇਹ ਹੈ ਕਿ ਅੱਠ-ਦਸ ਕੁ ਮਹੀਨੇ ਪਹਿਲੋਂ ਇਸ ਪਰਿਵਾਰ ਨੇ ਅਮਰੀਕਾ ਵਿਚੋਂ ਪੱਕਾ ਹੋ ਕੇ ਆਏ ਗੁਰਸਿੱਖ ਲੜਕੇ ਨਾਲ ਆਪਣੀ ਬੇਟੀ ਦਾ ਵਿਆਹ ਕੀਤਾ। ਦੋ-ਢਾਈ ਕੁ ਮਹੀਨੇ ਪੰਜਾਬ ਬਿਤਾ ਕੇ, ਵਿਆਹ ਉਪਰੰਤ ਲੜਕਾ ਵਾਪਸ ਚਲਾ ਗਿਆ। ਉਧਰ ਜਾ ਕੇ ਉਸ ਨੇ ਆਪਣੀ ਪਤਨੀ ਨੂੰ ਆਪਣੇ ਪਾਸ ਬੁਲਾਉਣ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਲਈ।
ਕੁੜੀ ਦੇ ਪੇਕਿਆਂ ਨੇ ਉਸ ਨੂੰ ਨਵੀਂ ਕਾਇਨੈਟਿਕ ਲੈ ਦਿੱਤੀ। ਨਾਲ ਹੀ ਉਨ੍ਹਾਂ ਆਪਣੀ ਪੁਰਾਣੀ ਛੋਟੀ ਕਾਰ ਵੇਚ ਕੇ ਵੱਡੀ ਕਾਰ ਵੀ ਖਰੀਦ ਲਈ। ਪਤਾ ਨਹੀਂ ਤਾਂ ਪਿੰਡ ਵਿਚ ਲੋਕੀਂ ਚੁਰ-ਚੁਰ ਕਰਦੇ ਹੋਣਗੇ, ਜਾਂ ਵੈਸੇ ਹੀ ਇਕ ਸ਼ਾਮ ਘਰ ਦੇ ਵਿਹੜੇ ਵਿਚ ਦੋਵੇਂ ਗੱਡੀਆਂ ਇਕੱਠੀਆਂ ਖੜ੍ਹੀਆਂ ਦੇਖ ਕੇ ਕੁੜੀ ਦੇ ਬਾਪ ਨੇ ਸਹਿਵਨ ਹੀ ਗੱਲ ਕੀਤੀ, “ਪਿੰਡ ਵਿਚ ਲੋਕੀਂ ਗੱਲਾਂ ਤਾਂ ਜ਼ਰੂਰ ਕਰਦੇ ਹੋਣਗੇ ਕਿ ‘ਬਾਹਰਲੇ ਮੁੰਡਿਆਂ’ ਨਾਲ ਕੁੜੀਆਂ ਵਿਆਹ ਕੇ ਕਈ ਕਈ ਸਾਲ ਕਰਜ਼ੇ ਦੀਆਂ ਪੰਡਾਂ ਸਿਰ ਚੜ੍ਹੀਆਂ ਰਹਿੰਦੀਆਂæææਪਰ ਇਨ੍ਹਾਂ ਨੇ ਦੋ ਗੱਡੀਆਂ ਲੈ ਲਈਆਂ, ਐਨੀ ਛੇਤੀ।æææਜ਼ਰੂਰ ਇਨ੍ਹਾਂ ਨੂੰ ਅਮਰੀਕਾ ਵਾਲੇ ਪ੍ਰਾਹੁਣੇ ਨੇ ਗੱਡੀਆਂ ਲੈ ਕੇ ਦਿੱਤੀਆਂ ਹੋਣਗੀਆਂ।”
ਘਰ ਦੇ ਮੁਖੀ ਦੀ ਇਸ ਗੱਲ ਨੂੰ ਟੱਬਰ ਦੇ ਬਾਕੀ ਜੀਆਂ ਨੇ ਤਾਂ ਹਾਸੇ-ਭਾਣੇ ਵਜੋਂ ਹੀ ਲਿਆ, ਪਰ ਵਿਆਹੁੰਦੜ ਕੁੜੀ ਦੇ ਉਤਰ ਨੇ ਸਾਰਿਆਂ ਨੂੰ ਗੰਭੀਰ ਕਰ ਦਿੱਤਾ। ਫੁਕਰੀ ਜਿਹੀ ਫ਼ਿਤਰਤ ਵਾਲੇ ਲੋਕਾਂ ਨੂੰ ਤਾਂ ਚੜ੍ਹੀ-ਲੱਥੀ ਦਾ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ ਇੱਜ਼ਤ ਤੇ ਸਵੈਮਾਣ ਵਾਲੇ ਕਬੀਲਦਾਰ ਲੋਕ ਜਵਾਈਆਂ-ਭਾਈਆਂ ਪ੍ਰਤੀ ਸੰਵੇਦਨਸ਼ੀਲ ਰਿਸ਼ਤੇ ਕਾਰਨ ਧੇਲੇ ਦੀ ਰਵਾਦਾਰੀ ਨਹੀਂ ਰੱਖਦੇ, ਉਨ੍ਹਾਂ ਲਈ ਅਜਿਹੀ ਗੱਲ ਹਿੱਕ ‘ਤੇ ਤੀਰ ਵੱਜਣ ਵਾਂਗ ਹੁੰਦੀ ਹੈ।
ਬਾਪ ਨੂੰ ‘ਠਾਹ ਸੋਟੇ’ ਵਰਗਾ ਜਵਾਬ ਦੇ ਕੇ ਕੁੜੀ ਤਾਂ ਕਿਸੇ ਜੇਤੂ ਜਰਨੈਲ ਵਾਂਗ ਮੰਦ-ਮੰਦ ਮੁਸਕਰਾ ਰਹੀ ਸੀ, ਪਰ ਟੱਬਰ ਦੇ ਬਾਕੀ ਸਾਰੇ ਜੀਅ ਉਸ ਦੇ ਮੂੰਹੋਂ ਆਪਣੀ ਗੱਲ ਦੀ ਪ੍ਰੋੜ੍ਹਤਾ ਵਜੋਂ ਕੁਝ ਸੁਣਨ ਦੀ ਆਸ ਰੱਖ ਰਹੇ ਸਨ। ਅਮਰੀਕਨ ਜਵਾਈ ਵੱਲੋਂ ਗੱਡੀਆਂ ਲੈ ਕੇ ਦੇਣ ਦੀ ਗੱਲ ਝੂਠੀ ਨਿਕਲਦੀ ਹੈ ਕਿ ਸੱਚੀ, ਇਹ ਜਾਣਨ ਲਈ ਥੋੜ੍ਹਾ ਜਿਹਾ ਅਗਲਾ-ਪਿਛਲਾ ਬਿਰਤਾਂਤ ਹੋਰ ਪੜ੍ਹਨਾ ਪਵੇਗਾ।
ਪੰਜਾਬ ਵਸਦੇ ਇਸ ਪਰਿਵਾਰ ਵਿਚ ਵਿਆਹਿਆ ਨੌਜਵਾਨ ਹੋਰ ਅਨੇਕਾਂ ਪੰਜਾਬੀ ਗੱਭਰੂਆਂ ਵਾਂਗ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਨ ਦੇ ਦਿਨਾਂ ਵਿਚ ਹੀ ਕਿਸੇ ਤਰ੍ਹਾਂ ਅਮਰੀਕਾ ਪਹੁੰਚ ਗਿਆ। ਜ਼ਿੰਦਗੀ ਦੇ ਉਹ ਵਰ੍ਹੇ ਜਿਨ੍ਹਾਂ ਵਿਚ ਮਾਂ-ਬਾਪ ਦੀ ਝਿੜਕ-ਬਿੜਕ ਦੇ ਹੁੰਦਿਆਂ-ਸੁੰਦਿਆਂ ਵੀ ਅਕਸਰ ਨਿਆਣਿਆਂ ਦੇ ਵਿਗੜਨ-ਤਿਗੜਨ ਦੀ ਸੰਭਾਵਨਾ ਹੁੰਦੀ ਹੈ, ਇਹ ਗੱਭਰੂ ਇਕੱਲਾ ਹੀ ਰਿਹਾ। ਅਮਰੀਕਾ ਦੀ ‘ਰੰਗੀਨ’ ਇਕੱਲ ਹੰਢਾਉਂਦਿਆਂ ਵੀ, ਭਗਤ ਕਬੀਰ ਦੇ ਕਹਿਣ ਅਨੁਸਾਰ ‘ਕਾਜਰ ਕੀ ਕੋਠੜੀ’ ਵਿਚ ਪੈਣ ਦੇ ਬਾਵਜੂਦ ਆਪਣੇ ‘ਤੇ ਕਾਲਖ ਨਹੀਂ ਲੱਗਣ ਦਿੱਤੀ। ਟੈਕਸੀ ਚਲਾਉਣ ਤੋਂ ਬਚਦਾ ਸਮਾਂ ਇਹ ਗੁਰਮਤਿ ਪ੍ਰਚਾਰ ਦੇ ਲੇਖੇ ਲਾਉਂਦਾ ਰਿਹਾ-ਇਕ ਪ੍ਰਚਾਰ ਸੰਸਥਾ ਦਾ ਸਰਗਰਮ ਮੈਂਬਰ ਬਣ ਕੇ ਵੀ ਅਤੇ ਨਿੱਜੀ ਤੌਰ ਉਤੇ ਆਪਣੇ ਵੱਖਰੇ ਯਤਨਾਂ ਰਾਹੀਂ ਵੀ। ਸਿਰਫ਼ ਆਪਣੇ ਸਿੱਖੀ ਸਰੂਪ ਦੀ ਹੀ ਸਾਂਭ-ਸੰਭਾਲ ਨਹੀਂ ਰੱਖੀ, ਸਗੋਂ ਆਪਣੇ ਸੰਪਰਕ ਵਿਚ ਆਉਣ ਵਾਲੇ ਸਿੱਖ ਪਿਛੋਕੜ ਵਾਲੇ ਗੱਭਰੂਆਂ ਨੂੰ ਵੀ ਰਹਿਤ-ਬਹਿਤ ਰੱਖਣ ਲਈ ਪ੍ਰੇਰਦਾ ਰਿਹਾ। ਮਿਹਨਤ ਨਾਲ ਕਿਰਤ ਕਰਦਿਆਂ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਸਾਜੇ ਨਿਰਮਲ ਪੰਥ ਦੇ ਪ੍ਰਚਾਰ-ਪਸਾਰ ਲਈ ਤਤਪਰ ਰਿਹਾ।
ਅਮਰੀਕਾ ਵਿਚ ਪੱਕੇ ਕਾਗਜ਼ ਮਿਲ ਜਾਣ ‘ਤੇ ਇਹ ਲੜਕਾ ਵਿਆਹ ਕਰਵਾਉਣ ਪੰਜਾਬ ਗਿਆ। ਤਕਰੀਬਨ ਦੋ ਦਹਾਕਿਆਂ ਬਾਅਦ ਪਿੰਡ ਪਹੁੰਚੇ ਖੁੱਲ੍ਹੀ ਦਾੜ੍ਹੀ ਵਾਲੇ ਤੇ ਦਸਤਾਰਧਾਰੀ ਗੱਭਰੂ ਵੱਲ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਪੰਜਾਬ ਦੇ ਜਿਨ੍ਹਾਂ ਪਿੰਡਾਂ ਵਿਚ ਹੁਣ ਪੱਗਾਂ ਵੀ ਲੋਪ ਹੋ ਰਹੀਆਂ ਹਨ, ਉਥੇ ਅਮਰੀਕਾ ਜਿਹੇ ਮੁਲਕ ਤੋਂ ਸਿੱਖੀ ਸਰੂਪ ਵਾਲਾ ਮੁੰਡਾ ਪਰਤਿਆ ਦੇਖ ਕੇ ਹੈਰਾਨੀ ਹੋਣੀ ਕੁਦਰਤੀ ਹੀ ਸੀ।
ਖੈਰ! ਨੌਜਵਾਨ ਨੇ ਘਰੇ ਜਾ ਕੇ ‘ਬਾਹਰਲੇ’ ਮੁੰਡਿਆਂ ਵਾਂਗ ਅਮੀਰੀ ਚੋਚਲੇ ਨਹੀਂ ਕੀਤੇ। ਦਰਜਨਾਂ ਕੁੜੀਆਂ ਦੇਖ ਦੇਖ ਕੇ ਨਾਂਹ ਕਰੀ ਜਾਣ ਦੀ ਬਜਾਏ ਇਸ ਨੇ ਮਾਪਿਆਂ ਤੇ ਰਿਸ਼ਤੇਦਾਰਾਂ ਵੱਲੋਂ ਸੁਝਾਏ ਪਰਿਵਾਰ ਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ। ਆਪਣੇ ਵਿਆਹ ਦੀ ਅਰੰਭਤਾ ਤੋਂ ਹੀ ਉਸ ਨੇ ਗੁਰਮਤਿ ਅਨੁਸਾਰ ਜੀਵਨ ਜਿਊਣ ਦਾ ਫੈਸਲਾ ਕਰ ਲਿਆ। ਵਿਆਹ ਸ਼ਾਦੀਆਂ ਸਮੇਂ ਤਿਲਕ ਲਾਉਣੇ, ਲਾਲ ਗਾਨੇ ਬੰਨ੍ਹਣੇ, ਤੇਲ ਚੋਣੇ, ਸਿਹਰੇ ਬੰਨ੍ਹਣੇ ਤੇ ਹਾਰ ਪਾਉਣ ਵਰਗੇ ‘ਛੰਗਣ-ਮੰਗਣ’ ਕਰਨ ਤੋਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਲੜਕੀ ਵਾਲਿਆਂ ਨੂੰ ਵੀ ਸੁਨੇਹੇ ਭੇਜ ਦਿੱਤੇ ਗਏ ਕਿ ਉਹ ਮੈਰਿਜ ਪੈਲੇਸ ਨਾ ਬੁੱਕ ਕਰਦੇ ਫਿਰਨ, ਸਗੋਂ ਬਰਾਤੀਆਂ ਨੂੰ ਠਹਿਰਾਉਣ ਲਈ ਤੇ ਅਨੰਦ ਕਾਰਜ ਵਾਸਤੇ ਪਿੰਡ ਵਿਚ ਹੀ ਪ੍ਰਬੰਧ ਕਰਨ।
ਵਿਦੇਸਾਂ ਵਿਚ ਖੱਟੀ ਕਮਾਈ ਕਰ ਕੇ ਫਿਰ ਪੰਜਾਬ ਜਾ ਕੇ ਖਰਚੀਲੇ ਤੇ ਭੜਕੀਲੇ ਵਿਆਹ ਕਰਾਉਣ ਵਾਲੇ ਮੁੰਡਿਆਂ ਦੇ ਉਲਟ ਇਸ ਨੌਜਵਾਨ ਨੇ ਵੱਖਰੀ ਰੀਤ ਅਪਣਾਈ। ਕਥਿਤ ਸਿੰਗਰਾਂ ਦੇ ਅਖਾੜੇ ਲਾ ਕੇ ਗੰਦ-ਮੰਦ ਸੁਣਨ/ਸੁਣਾਉਣ ਦੀ ਥਾਂ ਇਸ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਚੋਟੀ ਦੇ ਪ੍ਰਚਾਰਕ ਤੇ ਕੀਰਤਨੀਏ ਬੁਲਾਏ ਜਿਨ੍ਹਾਂ ਨੇ ਇਸ ਦੇ ਘਰੇ ਵੀ, ਤੇ ਅਨੰਦ ਕਾਰਜ ਮੌਕੇ ਵੀ ਤਤਿ-ਗੁਰਮਤਿ ਦਾ ਪ੍ਰਚਾਰ ਕੀਤਾ। ਇਸ ਦੇ ਆਪਣੇ ਤੇ ਸਹੁਰੇ ਪਿੰਡ ਤੋਂ ਇਲਾਵਾ ਸਾਰੇ ਇਲਾਕੇ ਵਿਚ ਇਸ ਨਿਵੇਕਲੇ, ਪਰ ਪ੍ਰਭਾਵਸ਼ਾਲੀ ਵਿਆਹ ਦੀ ਚਰਚਾ ਹੋਈ। ਆਲੇ-ਦੁਆਲੇ ਪਿੰਡਾਂ ਤੇ ਸਾਰੀ ਸਕੀਰੀ ਰਿਸ਼ਤੇਦਾਰੀ ਵਿਚ ਸੱਚੇ ਮਾਰਗ ‘ਤੇ ਚੱਲਣ ਵਾਲੇ ਇਸ ਗੱਭਰੂ ਦੀ ਭਰਪੂਰ ਉਸਤਤਿ ਹੋਈ।
æææਤੇ ਇਸ ਇਨਕਲਾਬੀ ਬਰਖ਼ੁਰਦਾਰ ਦੀ ਹਮਸਫ਼ਰ ਬਣੀ ਸੁਘੜ ਸਿਆਣੀ ਲੜਕੀ ਨੇ ਜਦੋਂ ਆਪਣੇ ਵਿਆਹ ਦੇ ਚੋਣਵੇਂ ਵੇਰਵੇ ਦਿੰਦਿਆਂ ਆਪਣੇ ਪਿਤਾ ਨੂੰ ਪੁੱਛਿਆ, “ਡੈਡੀ ਜੀ, ਜੇ ਅਮਰੀਕਾ ਤੋਂ ਆਇਆ ਮੇਰਾ ਸਰਦਾਰ ਕਿਸੇ ਵੱਡੇ ਸ਼ਹਿਰ ਦੇ ਆਲੀਸ਼ਾਨ ਮੈਰਿਜ ਪੈਲੇਸ ਵਿਚ ਵਿਆਹ ਕਰਾਉਣ ਦੀ ਮੰਗ ਕਰਦਾ, ਮੁੰਦੀਆਂ-ਕੰਬਲਾਂ ਨਾਲ ਮਿਲਣੀਆਂ ਲਿਖਾਉਂਦਾ, ਗਹਿਣੇ ਤੇ ਮੂੰਹੋਂ ਮੰਗ ਕੇ ਦਾਜ ਦੀਆਂ ਹੋਰ ਆਈਟਮਾਂ ਗਿਣਾਉਂਦਾ, ਗਿਣਵੇਂ ਬੰਦਿਆਂ ਦੀ ਬਰਾਤ ਦੀ ਥਾਂ ਜੇ ਉਹ ਪੂਰਾ ਵੱਗ ਇਕੱਠਾ ਕਰ ਲਿਆਉਂਦਾ, ਤੇ ਮੰਗ ਰੱਖਦਾ ਉਹ ‘ਨੌਨ-ਵੈਜ ਸੇਵਾ’ ਦੀ, ਮਨੋਰੰਜਨ ਲਈ ਲਿਆਉਂਦਾ ਅਸ਼ਲੀਲ ਪਹਿਰਾਵੇ ਵਾਲੀਆਂ ਡਾਂਸਰਾਂ ਤੇ ਨਾਲੇ ਆਖਦਾ ਕਿ ਹੇੜ੍ਹ ਨੂੰ ਪਰੋਸੋ ਸ਼ਰਾਬæææਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਤੁਸੀਂ ਇਹ ਸਾਰਾ ਕੁਝ ਕਰਿਆ ਹੁੰਦਾæææਭਲਾ ਪਿਤਾ ਜੀ, ਫਿਰ ਅਸੀਂ ਵਿਆਹ ਤੋਂ ਬਾਅਦ ਐਨੀ ਜਲਦੀ ਗੱਡੀਆਂ ਖਰੀਦ ਸਕਦੇ ਸੀ?æææਇਸ ਬਿਨਾਅ ‘ਤੇ ਮੈਂ ਇਨ੍ਹਾਂ ਗੱਡੀਆਂ ਦੀ ਕੀਮਤ ਤਾਰਨ ਵਾਲਾ, ਆਪਣੇ ਅਸੂਲ-ਪ੍ਰਸਤ ਸਰਦਾਰ ਨੂੰ ਮੰਨਿਆ ਹੈ। ਕੀ ਮੈਂ ਕੋਈ ਗਲਤ ਸਮਝਦੀ ਹਾਂ?”
ਅੰਤਿਕਾ: ਪਾਠਕੋ! ਇਹ ਕੋਈ ਮਨ-ਘੜਤ ਕਹਾਣੀ ਨਹੀਂ। ਇਸ ਕਹਾਣੀ ਦਾ ਮੁੱਖ ਪਾਤਰ ਹਰਮਿੰਦਰ ਸਿੰਘ ਸੇਖਾ ਨਾਂ ਦਾ ਹਸਮੁਖ ਨੌਜਵਾਨ ਹੈ ਜੋ ਸੈਨ ਹੋਜ਼ੇ ਸ਼ਹਿਰ ਦਾ ਹੀ ਵਸਨੀਕ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਮੇਰੇ ਸੰਪਰਕ ਵਿਚ ਆਏ ਇਸ ਗੱਭਰੂ ਬਾਰੇ ਇਹ ਲੇਖ, ਉਸ ਦੀ ਚਾਪਲੂਸੀ ਜਾਂ ਫੋਕੀ ਵਡਿਆਈ ਕਰਨ ਲਈ ਨਹੀਂ ਲਿਖਿਆ। ਮੇਰਾ ਪਹਿਲਾ ਮਕਸਦ ਇਹ ਹੈ ਕਿ ਇਸ਼ਤਿਹਾਰਬਾਜ਼ੀ ਦੇ ਅਜੋਕੇ ਯੁੱਗ ਵਿਚ ਖੋਟਿਆਂ ਨੂੰ ਵੀ ਸ਼ੁੱਧ ਸੋਨਾ ਬਣਾ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸੂਲ-ਪ੍ਰਸਤ ਤੇ ਸਿਰੜੀ ਸਿਦਕੀ ਲੋਕਾਂ ਦੇ ਕਾਰਜ ਤੇ ਕਿਰਤ ਅਣਗੌਲੇ ਰਹਿ ਜਾਂਦੇ ਹਨ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਰੇ ਹੀ ‘ਲਕੀਰ ਦੇ ਫਕੀਰ’ ਨਹੀਂ ਹੁੰਦੇ। ਵਿਰਲੇ ਹੁੰਦੇ ਨੇ ਜੋ ਨਵੀਆਂ ਲੀਹਾਂ ਪਾ ਕੇ ‘ਸੱਚ ਦਾ ਦੀਵਾ’ ਜਗਦਾ ਰੱਖਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਹਨ। ਐਸੀਆਂ ਲਿਖਤਾਂ ਤੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲ ਸਕਦੀ ਹੈ।
ਦੂਜਾ ਕਾਰਨ ਇਹ, ਕਿ ਹਰਮਿੰਦਰ ਸਿੰਘ ਨੇ ਆਪਣੇ ਮਾਤਾ-ਪਿਤਾ ਤੇ ਸਹੁਰਾ ਪਰਿਵਾਰ ਵੱਲੋਂ ਮਿਲ ਰਹੀ ਭਰਪੂਰ ਪ੍ਰਸੰਸਾ ਪਿੱਛੇ ਥੋੜ੍ਹਾ-ਬਹੁਤਾ ਮੇਰਾ ਹੱਥ ਵੀ ਮੰਨਿਆ ਹੈ। ਸਹੁਰੇ ਘਰ ਵਿਚ ਹੋਈ ਉਪਰੋਕਤ ਵਾਰਤਾ ਮੇਰੇ ਨਾਲ ਸਾਂਝੀ ਕਰਦਿਆਂ ਉਸ ਨੇ ਬੜੇ ਮੋਹ ਨਾਲ ਕਿਹਾ: “ਬੁੜ੍ਹਿਆਂ ਕੋਲ ਬੈਠਣ-ਉਠਣ ਨਾਲ ਹੀ ਮਾੜੀ-ਮੋਟੀ ਸੋਝੀ ਆਈ ਹੈ ਜੀ।” ਮੇਰੇ ਬੱਚਿਆਂ ਦਾ ਹਾਣੀ ਹੋਣ ਕਰ ਕੇ, ਉਹ ਕਦੇ-ਕਦੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਪਿਆਰ ਨਾਲ ‘ਬੁੜ੍ਹਿਓ’ ਵੀ ਕਹਿ ਲੈਂਦਾ ਹੈ। ਰੱਬ ਕਰੇ! ਇਹੋ ਜਿਹੀ ਸੁੱਧ-ਬੁੱਧ ਵਾਲੇ ਬੱਚੇ ਘਰ ਘਰ ਹੋਣ।