ਸਫਰੀ, ਚੰਨ, ਦੇਵ ਥਰੀਕੇ ਤੇ ਇੰਦਰਜੀਤ ਹਸਨਪੁਰੀ ਦੀਆਂ ਗੱਲਾਂ

ਐਸ਼ ਅਸ਼ੋਕ ਭੌਰਾ
ਪਰਛਾਵੇਂ ਵੱਡੇ ਜਾਂ ਤਾਂ ਸੂਰਜ ਚੜ੍ਹਨ ਵੇਲੇ ਹੁੰਦੇ ਨੇ, ਤੇ ਜਾਂ ਫਿਰ ਡੁੱਬਣ ਵੇਲੇ। ਸਿਖਰ ਦੁਪਹਿਰੇ ਜਾਂ ਤਾਂ ਗਰਮੀ ਵੱਧ ਲਗਦੀ ਹੈ ਜਾਂ ਨਿੱਘ ਮਿਲਦਾ ਹੈ। ਜਵਾਨੀ ਵਿਚ ਬਹੁਤੇ ਕ੍ਰਿਸ਼ਮੇ ਜਿਸਮਾਨੀ ਹੁੰਦੇ ਹਨ, ਕਲਾ ਤਾਂ ਨਿਖਰਦੀ ਹੀ ਤਜਰਬੇ ਨਾਲ ਬੁਢਾਪੇ ਵਿਚ ਜਾ ਕੇ ਹੈ। ਮੈਂ ਜਿੰਨਾ ਤਿੰਨ ਕੁ ਦਹਾਕੇ ਗਾਇਕਾਂ ਵਿਚ ਵਿਚਰਿਆ ਹਾਂ, ਉਨਾ ਹੀ ਗੀਤਕਾਰਾਂ ਤੇ ਸੰਗੀਤਕਾਰਾਂ ਵਿਚ। ਢੋਲਕੀਆਂ, ਵਾਜੇ, ਘੜੇ ਤੇ ਤੂੰਬੀ ਵਜਾਉਣ ਵਾਲੇ ਬਹੁਤੇ ਜਣੇ ਜਾਂ ਤਾਂ ਮੈਨੂੰ ਜਾਣਦੇ ਹਨ, ਜਾਂ ਮੈਂ ਉਨ੍ਹਾਂ ਨੂੰ; ਇਥੋਂ ਤੱਕ ਕਿ ਇਨ੍ਹਾਂ ਦੇ ਦਫਤਰੀ ਕਲਰਕਾਂ ਦੇ ਵੇਰਵੇ ਵੀ ਪੂਰੇ ਯਾਦ ਹਨ।

ਜਦੋਂ ਮੈਂ ਜਵਾਨੀ ਵਿਚ ਸਾਂ ਤਾਂ ਕਈ ਗੀਤਕਾਰ ਬੁਢਾਪੇ ਵੱਲ ਖਿਸਕ ਗਏ ਸਨ। ਇਨ੍ਹਾਂ ਵਿਚੋਂ ਚਰਨ ਸਿੰਘ ਸਫ਼ਰੀ, ਸਾਜਨ ਰਾਏਕੋਟੀ ਤੇ ਇੰਦਰਜੀਤ ਹਸਨਪੁਰੀ ਤੁਰ ਗਏ ਹਨ, ਚੰਨ ਗੁਰਾਇਆ ਵਾਲਾ ਤਕੜਾ ਹੈ ਤੇ ਦੇਵ ਥਰੀਕਿਆਂ ਵਾਲੇ ਨੂੰ ਬੁਢਾਪਾ ਚਹੁੰ ਪਾਸਿਆਂ ਤੋਂ ਘੇਰਾ ਘੱਤੀ ਬੈਠਾ ਹੈ। ਕੁਝ ਦਿਲਚਸਪ ਯਾਦਾਂ ਦੀ ਪਟਾਰੀ ਸ਼ਬਦਾਂ ਦੀ ਬੀਨ ਨਾਲ ਖੋਲ੍ਹਣ ਦਾ ਯਤਨ ਕਰਾਂਗਾ।
***
ਚਰਨ ਸਿੰਘ ਸਫ਼ਰੀ ਕਦੇ ਬੋਦਲੀ, ਕਦੇ ਹੁਸ਼ਿਆਰਪੁਰ ਦੀਆਂ ਸਾਹਿਤ ਸਭਾਵਾਂ ਵਿਚ, ਕਦੇ ਨਰਿੰਦਰ ਬੀਬਾ ਦੇ ਘਰੇ, ਕਦੇ ਨਵੇਂ ਸ਼ਹਿਰ ‘ਨਾਨਕ ਦੀਆਂ ਗੁੱਝੀਆਂ ਰਮਜ਼ਾਂ’ ਵਾਲੇ ਪ੍ਰੋæ ਸਰੂਪ ਸਿੰਘ ਦੇ ਦਫਤਰ, ਕਦੇ ਰੇਡੀਓ ‘ਤੇ, ਜਾਂ ਫਿਰ ਜਲੰਧਰ ਦੂਰਦਰਸ਼ਨ, ਸੈਂਕੜੇ ਵੇਰਾਂ ਮਿਲਦਾ ਰਿਹਾ। ਇਨ੍ਹਾਂ ਮੁਲਾਕਾਤਾਂ ਵਿਚ ਇਕ ਸਮਾਨਤਾ ਜ਼ਰੂਰ ਹੁੰਦੀ, ਜਾਂ ਤਾਂ ਉਹਨੇ ਘੁੱਟ ਲਾਈ ਹੁੰਦੀ ਜਾਂ ਲਾਉਣ ਦੀ ਤਿਆਰੀ ਵਿਚ ਹੁੰਦਾ, ਤੇ ਜਾਂ ਫਿਰ ਰਾਤ ਦੀ ਪੀਤੀ ਜ਼ਾਹਿਰ ਹੋ ਰਹੀ ਹੁੰਦੀ। ਫਿਰ ਵੀ ਜੇ ਉਹਦੇ ਕੋਲੋਂ ਉਠਣ ਨੂੰ ਜੀਅ ਨਹੀਂ ਸੀ ਕਰਦਾ ਤਾਂ ਇਸ ਕਰ ਕੇ ਕਿ ਉਹ ਦੇਵਤਾ ਬੰਦਾ ਸੀ; ਦੂਜਾ, ਸਿੱਖ ਇਤਿਹਾਸ ਨੂੰ ਜਿਸ ਤਰ੍ਹਾਂ ਉਹ ਗੀਤਾਂ ਵਿਚ ਬੰਨ੍ਹਦਾ ਸੀ, ਉਦਾਂ ਹੋਰ ਕੋਈ ਨਹੀਂ। ‘ਸਾਕਾ ਸਰਹਿੰਦ’ ਵਰਗੀਆਂ ਨਰਿੰਦਰ ਬੀਬਾ ਦੇ ਗਾਏ ਅਮਰ ਗੀਤ ਸਫ਼ਰੀ ਦੇ ਹੀ ਹੋ ਸਕਦੇ ਸਨ। ਕੀਹਨੂੰ ਭੁੱਲ ਸਕਦਾ ਹੈ- ‘ਚੰਨ ਮਾਤਾ ਗੁਜਰੀ ਦਾ, ਸੁੱਤਾ ਕੰਡਿਆਂ ਦੀ ਸੇਜ ਵਿਛਾਈ।’
ਇਕ ਵਾਰ ਦਿੱਲੀ ਤੋਂ ਪਰਤਦਿਆਂ ਮੈਂ ਲੁਧਿਆਣੇ ਬੱਸ ਅੱਡੇ ਉਤਰਿਆ ਤਾਂ ਚਿੱਤ ਕੀਤਾ ਕਿ ਦੁਪਹਿਰਾ ਨਰਿੰਦਰ ਬੀਬਾ ਦੀ ਨਾਲ ਲਗਦੀ ਪੀਲੀ ਕੋਠੀ ਵਿਚ ਗੁਜ਼ਾਰ ਕੇ ਚਲਦੇ ਆਂ। ਬੀਬਾ ਘਰੇ ਸੀ, ਮੈਂ ਸਾਧਾਰਨ ਹੀ ਪੁੱਛਿਆ, “ਕੀ ਹੋ ਰਿਹੈ?” ਉਹ ਹੱਸ ਪਈ।
“ਤੁਸੀਂ ਹੱਸ ਕਿਉਂ ਪਏ?” ਮੈਂ ਹੈਰਾਨ ਜਿਹਾ ਹੋ ਕੇ ਕਿਹਾ।
“ਸਫ਼ਰੀ ਸਾਹਿਬ ਆਏ ਹੋਏ ਨੇ।”
“ਹੱਸਣ ਦਾ ਭੇਤ ਖੋਲ੍ਹੋ।”
“ਸਫ਼ਰੀ ਸਾਹਿਬ ਨੂੰ ਮਿਲਣ ਲਈ ਨਾ ਕਹਿਣਾ, ਉਹ ਹੁਣੇ ਟਿਕੇ ਹਨ।”
“ਪੀ ਲਈ?”
“ਹਾਂ।”
“ਇੰਨੀ ਗਰਮੀ ਵਿਚ?”
“ਗਰਮੀ ਨੂੰ ਤੂੰ ਛੱਡ, ਪੀ ਕੇ ਗੀਤ ਲਿਖਣ ਦੀ ਜਿਹੜੀ ਗਰਮੀ ਉਹਨੇ ਲਿਆਂਦੀ ਪਈ ਐ, ਉਹਦਾ ਜੁਆਬ ਨਹੀਂ। ਊਂ ਰਾਤ ਦੀ ਬੋਤਲ ਪੀ ਲਈ ਆ।”
ਅੰਦਰ ਗਿਆ ਤਾਂ ਹਾਸਾ ਮੇਰਾ ਵੀ ਨਿਕਲ ਗਿਆ, ਸਫ਼ਰੀ ਸਾਹਿਬ ਘੁਰਾੜੇ ਮਾਰ ਰਹੇ ਸਨ। ਮੈਂ ਚਿਹਰਾ ਦੇਖ ਕੇ ਵਾਪਸ ਆ ਗਿਆ। ਕੁਝ ਦਿਨਾਂ ਬਾਅਦ ਰੇਡੀਓ ਸਟੇਸ਼ਨ ‘ਤੇ ਸਾਡੀ ਦੋਹਾਂ ਦੀ ਅਲੱਗ-ਅਲੱਗ ਪ੍ਰੋਗਰਾਮਾਂ ਲਈ ਰਿਕਾਰਡਿੰਗ ਸੀ। ਇਕੱਠੇ ਹੋਏ ਤਾਂ ਮੈਂ ਉਕਤ ਘਟਨਾ ਦੱਸੀ। ਉਹ ਹੱਸ ਪਿਆ, “ਸਾਲਾ ਖਚਰਾ ਕਿਸੇ ਥਾਂ ਦਾ।”
ਅਸਲ ਵਿਚ ਸਫ਼ਰੀ ਦੀਆਂ ਗਾਲ੍ਹਾਂ ਵੀ ਉਹਦੇ ਗੀਤਾਂ ਵਰਗੀਆਂ ਹੁੰਦੀਆਂ ਸਨ।
ਜਿਨ੍ਹਾਂ ਦਿਨਾਂ ਵਿਚ ਮੈਂ ਜਲੰਧਰ ਦੂਰਦਰਸ਼ਨ ਵਾਲਾ ਲਿਸ਼ਕਾਰਾ ਪ੍ਰੋਗਰਾਮ ਪੇਸ਼ ਕਰਨਾ ਛੱਡਿਆ, ਉਹ ਮੈਨੂੰ ਸਰੂਪ ਸਿੰਘ ਕੋਲ ਨਵੇਂ ਸ਼ਹਿਰ ਦਫ਼ਤਰ ਟੱਕਰਿਆ, ਕਹਿੰਦਾ, “ਅਸ਼ੋਕ, ਲਿਸ਼ਕਾਰੇ ‘ਚ ਕਰਾ ਮੇਰੀ ਮੁਲਾਕਾਤ।” ਮਨੋਹਰ ਭਾਰਜ ਤੋਂ ਇਹ ਪ੍ਰੋਗਰਾਮ ਨਿਰਮਾਣ ਪੱਖੋਂ ਲਖਵਿੰਦਰ ਜੌਹਲ ਕੋਲ ਚਲੇ ਗਿਆ ਸੀ। ਵਰਾਇਟੀ ਪ੍ਰੋਗਰਾਮ ਦਾ ਬਹਾਨਾ ਘੜ ਕੇ ਜੌਹਲ ਮੈਨੂੰ ਆਂਹਦਾ, “ਤੇਰੀ ਦਾੜ੍ਹੀ ਵਿਚ ਚਿੱਟੇ ਆ ਗਏ ਆ, ਹੋਰ ਕਰ ਲੈ ਕੁਛ।” ਦਰਅਸਲ ਉਹਨੇ ਬਟਾਲੇ ਤੋਂ ਸਤਿੰਦਰ ਸੱਤੀ ਨੂੰ ਲੱਭ ਲਿਆ ਸੀ। ਫੈਸਲਾ ਫਿਰ ਮੇਰੇ ਹੱਕ ਵਿਚ ਇਹ ਹੋਇਆ ਕਿ ‘ਤੂੰ ਵਿਚਾਲੇ ਜਿਹੇ ਸੱਤ-ਅੱਠ ਮਿੰਟ ਮੁਲਾਕਾਤ ਕਰ ਲਿਆ ਕਰ।’
ਫਿਰ ਜਿੱਦਣ ਸਫ਼ਰੀ ਦੀ ਵਾਰੀ ਆਈ, ਉਹ ਗੇਟ ‘ਤੇ ਖੜ੍ਹਾ ਮੇਰੀ ਉਡੀਕ ਕਰ ਰਿਹਾ ਸੀ। ਨਾਲ ਉਹਦੇ ਖੂਬਸੂਰਤ ਕੁੜੀ ਸੀ।
“ਇਹ ਕੌਣ?” ਮੈਂ ਪੁੱਛਿਆ।
“ਪ੍ਰੋਗਰਾਮ ਤੋਂ ਬਾਅਦ ਦੱਸਾਂਗਾ।”
ਬਾਅਦ ਵਿਚ ਅਸੀਂ ਹੋਟਲ ‘ਤੇ ਖਾਣਾ ਖਾਣ ਲੱਗੇ ਤਾਂ ਉਹ 1600 ਦਾ ਚੈੱਕ ਵੇਖ ਕੇ ਕਹਿਣ ਲੱਗਾ, “ਅਸ਼ੋਕ, ਬੋਤਲ ਵੀ ਮੈਂ ਮੰਗਵਾਵਾਂਗਾ ਤੇ ਰੋਟੀ ਦੇ ਪੈਸੇ ਵੀ ਮੇਰੇ।” ਦੋ ਕੁ ਪੈੱਗ ਲਾ ਕੇ ਮੈਂ ਸਵਾਲ ਕਰ ਦਿੱਤਾ, “ਇਹ ਬੀਬਾ ਕੌਣ ਐ?”
ਉਹ ਕੌੜਾ ਹੋ ਗਿਆ, “ਮੇਰੇ ਸਾਹਮਣੇ ਬੀਬਾ ਨਹੀਂ ਕਹਿਣਾ। ਬੀਬਾ ਇਕੋ ਈ ਆ, ਨਰਿੰਦਰ ਬੀਬਾ। ਇਹ ਗੁਲਾਬ ਦੇ ਫੁੱਲ ਵਰਗੀ ਕੁੜੀ ਨੂੰ ਆਪਾਂ ਰਲ ਕੇ ਗਾਉਣ ਵੀ ਲਾਉਣਾ ਤੇ ਲਿਖਣ ਵੀ। ਚੱਲ ਉਠ ਸੁਣਾ ਕੁੜੀਏ।”
ਕੁੜੀ ਨੇ ਗਾਇਆ ਤਾਂ ਠੀਕ-ਠੀਕ ਹੀ ਸੀ, ਪਰ ਉਹ ਖੁਸ਼ ਬਹੁਤ ਸੀ।
ਕਹਾਣੀ ਵਿਚੋਂ ਇਹ ਸੀ ਕਿ ਉਹ ਗੀਤਾਂ ਦੀ ਕਾਪੀ ਤਾਂ ਘਰ ਭੁੱਲ ਸਕਦਾ ਸੀ, ਹਥਿਆਰਾਂ ਵਾਂਗ ਨਾਲ ਉਹਦੇ ਕਹਿਣ ਅਨੁਸਾਰ ‘ਫੁੱਲ ਪਟਾਕੇ’ ਰੱਖਣੇ ਹੀ ਚਾਹੀਦੇ ਹਨ।
1998-99 ਦੀ ਇਸ ਮੁਲਾਕਾਤ ਤੋਂ ਬਾਅਦ ਉਹ ਫਿਰ ਨਾ ਟੱਕਰਿਆ, ਤੇ ਜਿੱਦਣ ਉਹਦੇ ਤੁਰ ਜਾਣ ਦੀ ਖਬਰ ਆਈ, ਮੈਂ ਲੰਡਨ ਸੀ। ਲੇਖ ਤਾਂ ਭੋਗ ‘ਤੇ ਵਿਸ਼ੇਸ਼ ‘ਅਜੀਤ’ ਵਿਚ ਲਿਖ ਦਿੱਤਾ, ਪਰ ਆਖਰੀ ਵਾਰ ਇਸ ਮਹਾਨ ਗੀਤਕਾਰ ਦਾ ਮੂੰਹ ਵੇਖਣਾ ਨਸੀਬ ਨਾ ਹੋਇਆ।
***
‘ਨੈਣ ਪ੍ਰੀਤੋ ਦੇ, ਬਹਿ ਜਾ ਬਹਿ ਜਾ ਕਰਦੇ’ ਜਾਂ ‘ਘੁੰਡ ਵਿਚ ਨਹੀਂ ਲੁਕਦੇ, ਸੱਜਣਾਂ ਨੈਣ ਕੁਆਰੇ’ ਲਿਖਣ ਵਾਲੇ ਸਾਜਨ ਰਾਏਕੋਟੀ ਦੀ ਜ਼ਿੰਦਗੀ ਆਮ ਕਰ ਕੇ ਬਹੁਤੀ ਸੁਖਾਲੀ ਨਹੀਂ ਰਹੀ। ਦਰਜਨਾਂ ਹਿੱਟ ਗੀਤ ਲਿਖਣ ਵਾਲਾ ਇਹ ਗੀਤਕਾਰ ਸਦਾ ਓਦਰਿਆ ਹੀ ਰਿਹਾ। ਜਦੋਂ ਮੈਂ ਉਹਦੇ ਬਾਰੇ ਲਿਖਿਆ, ਦੀਦਾਰ ਸੰਧੂ ਦੇ ਦਫ਼ਤਰ ਵਿਚ ਟੱਕਰ ਗਿਆ। ਮੇਰਾ ਹੱਥ ਫੜ ਕੇ ਉਹਨੇ ਮੱਥੇ ਨੂੰ ਲਾਇਆ ਤੇ ਫਿਰ ਚੁੰਮ ਲਿਆ, ਕਹਿਣ ਲੱਗਾ, “ਅੱਜ ਮੈਨੂੰ ਅਹਿਸਾਸ ਹੋਇਐ ਕਿ ਅਖਬਾਰਾਂ ਵੀ ਸਾਜਨ ਨੂੰ ਜਾਣਦੀਆਂ ਨੇ।” ਉਹ ਪੀ ਲੈਂਦਾ ਸੀ, ਪਰ ਪਿਆਕੜ ਨਹੀਂ ਸੀ। ਜਿਹੜੀ ਗੱਲ ਉਹ ਕਹਿੰਦਾ ਹੁੰਦਾ, ‘ਅੱਜ ਮੋਏ ਕੱਲ੍ਹ ਦੂਜਾ ਦਿਨ, ਮਰਨ ਤੋਂ ਬਾਅਦ ਕਿਸੇ ਨਹੀਂ ਪੁੱਛਣਾ’, ਉਹੀ ਸੱਚੀ ਹੋ ਗਈ, ਉਹ ਵੀ ਉਹਦੇ ਭੋਗ ਵਾਲੇ ਦਿਨ। ਉਦੋਂ ਸਰਦੂਲ ਸਿਕੰਦਰ ਦਾ ਰਾਏਕੋਟੀ ਵਾਲਾ ਗੀਤ ‘ਸਿੱਖ ਲੈ ਕਲਿਹਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ’ ਵੀ ਹਿੱਟ ਹੋ ਚੁੱਕਾ ਸੀ। ਸਰਦੂਲ, ਬਲਕਾਰ ਤੇ ਹਾਕਮ ਬਖਤੜੀਵਾਲਾ ਸਮੇਤ ਉਹਦੇ ਬੜੇ ਸ਼ਾਗਿਰਦ ਪੁੱਜੇ ਹੋਏ ਸਨ। ਲੁਧਿਆਣੇ ਉਹਦੇ ਘਰ ਦੀ ਹਾਲਤ ਦੇਖ ਕੇ ਸਾਰੇ ਸਲਾਹ ਕਰਨ ਲੱਗੇ, ਪੈਸਿਆਂ ਨਾਲ ਮਦਦ ਕਰਨ ਦੀ। ਬਲਕਾਰ ਸਿੱਧੂ ਨੂੰ ਕਹਿਣ ਲੱਗੇ, ‘ਪੰਜਾਹ ਹਜ਼ਾਰ ਦੇਹ’, ਜਦੋਂ ਹਾਕਮ ਨੇ ਪੰਜ ਹਜ਼ਾਰ ਕਿਹਾ, ਗੱਲ ਬਲਕਾਰ ਨੇ ਵੀ ਆਈ-ਗਈ ਕਰ ਦਿੱਤੀ। ਘੰਟਾ ਭਰ ਲੂਣ ਵਾਲੀ ਖਿਚੜੀ ਪੱਕਦੀ ਰਹੀ, ਤੇ ਆਖਰ ਮੈਂ ਆਪਣਾ ਹਜ਼ਾਰ ਉਹਦੇ ਮੁੰਡੇ ਦੇ ਹੱਥ ਧਰ ਕੇ ਪਰਤ ਆਇਆ। ਫਿਰ ਐਲਾਨ ਸ਼ਾਗਿਰਦਾਂ ਨੇ ਪੰਜ ਲੱਖ ਦਾ ਕੀਤਾ, ਤੇ ਸੰਦੀਲੇ ਦੇ ਦੱਸਣ ਮੁਤਾਬਕ, ਦਿੱਤੀ ਹਾਲੇ ਤੱਕ ਦੁਆਨੀ ਨਹੀਂ। ਲੱਗਦਾ ਹੈ ਕਿ ਹੁਣ ਤਾਂ ਕਬਰ ਵੀ ਕਹਿੰਦੀ ਹੋਊ, ‘æææਫਿੱਟੇ ਮੂੰਹ ਤੁਹਾਡੇ।’
***
ਲੁਧਿਆਣੇ ਤੋਂ ਮੁੱਲਾਂਪੁਰ ਵੱਲ ਜਾਓ ਤਾਂ ਥਰੀਕੇ, ਇਆਲੀ ਦੇ ਮੋੜ ਤੋਂ ਪਹਿਲਾਂ ਖੱਬੇ ਹੱਥ ਕੋਠੀ ਉਤੇ ‘ਗੜਵਾ ਚਾਂਦੀ ਦਾ’ ਦਿੱਸੇਗਾ। ਇਹ ਘਰ ਇੰਦਰਜੀਤ ਹਸਨਪੁਰੀ ਦਾ ਹੈ ਜਿਹਨੇ ਲਿਖਿਆ ਸੀ, ‘ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ।’ ਅਸਲ ਵਿਚ ਫਿਲਮ ਨਿਰਮਾਣ ਕਾਰਨ ਹਸਨਪੁਰੀ ਵਪਾਰਕ ਵੀ ਬੜਾ ਸੀ। ਉਹ ਸਨਮਾਨ ਕਿਤੇ ਵੀ ਸੁੱਕਾ ਨਹੀਂ ਸੀ ਲੈਣ ਜਾਂਦਾ, ਨਾਲ ਨਗਦ ਵੀ ਮੰਗ ਲੈਂਦਾ ਸੀ। ਕਵੀ ਦਰਬਾਰਾਂ ਵਿਚ ਆ ਕੇ ਉਹ ਤਰੰਨਮ ਨਾਲ ਬੰਨ੍ਹ ਤਾਂ ਰੰਗ ਦਿੰਦਾ ਸੀ, ਪਰ ਮੈਂ ਉਹਨੂੰ ਜਿੰਨੀ ਵਾਰ ਵੀ ਸੱਦਿਆ, ਪੰਜ ਸੌ ਤੋਂ ਹਜ਼ਾਰ ਤੱਕ ਦੇਣਾ ਹੀ ਪਿਆ। ਤਰਲਾ ਉਹਨੇ ਬੁੱਢੇ ਵਾਰੇ ‘ਸ਼ੌਂਕੀ ਮੇਲੇ’ ਵਿਚ ਵੀ ਕੀਤਾ ਸੀ, ਇਕੱਤੀ ਸੌ ਲੈਣ ਦਾ। ਜਵਾਨੀ ਦਾ ਮੈਨੂੰ ਪਤਾ ਨਹੀਂ, ਪਰ ਬੁੱਢੇ ਵਾਰੇ ਲੱਤਾਂ ਵਿਚ ਪਤਾ ਨਹੀਂ ਫਰੜ ਜਿਹਾ ਕਿਉਂ ਪੈ ਗਿਆ ਸੀ, ਤੁਰਨ ਵੇਲੇ ਇਨ੍ਹਾਂ ਵਿਚਾਲਿਉਂ ਸੈਹਾ ਨਹੀਂ, ਬੱਚਾ ਲੰਘ ਸਕਦਾ ਸੀ। ਜੱਸੋਵਾਲ ਵਾਂਗ ਗਲਾਸੀ ਉਹ ਵੀ ਨੱਕੋ-ਨੱਕ ਭਰ ਕੇ ਚੁੱਕਦਾ ਸੀ, ਤੇ ਗੁਰਦੇਵ ਨਗਰ ਵਿਚ ਉਹਦੇ ਘਰ ਕਿਤੇ ਇਕੱਠੇ ਹੋ ਜਾਣ, ਤਾਂ ਜੱਸੋਵਾਲ ਨੇ ਚੁਟਕੀ ਲੈ ਕੇ ਆਖਣਾ, “ਬਈ ਹਸਨਪੁਰੀ, ਹੁਣ ਬੰਨ੍ਹ ਰੰਗ। ਇਹ ਉਹ ਗੀਤਕਾਰ ਹੈ ਜੀਹਨੇ ਗੁੱਲੀ ਨਾਲੋਂ ਵੀ ਤੇਜ਼ੀ ਨਾਲ ਗੀਤ ਘੜੇ ਨੇ, ਤੇ ਐਨੇ ਮੁਰਗੀ ਆਂਡੇ ਨਹੀਂ ਦਿੰਦੀ ਜਿੰਨੇ ਹਸਨਪੁਰੀ ਗੀਤ ਲਿਖੀ ਜਾਂਦੈ।”
ਕਵੈਂਟਰੀ (ਇੰਗਲੈਂਡ) ਬਲਦੇਵ ਮਸਤਾਨੇ ਹੋਰਾਂ ਭੰਗੜੇ-ਗਿੱਧੇ ਤੇ ਗਾਉਣ-ਵਜਾਉਣ ਦਾ ਪ੍ਰੋਗਰਾਮ ਰੱਖਿਆ। ਫ਼ਖਰ ਜ਼ਮਾਨ ਹੋਰਾਂ ਦੀ ਵਿਸ਼ਵ ਕਾਨਫਰੰਸ ਤੋਂ ਵਿਹਲਾ ਹੋ ਕੇ ਮੈਂ ਵੀ ਉਸ ਪ੍ਰੋਗਰਾਮ ਵਿਚ ਪੁੱਜ ਗਿਆ, ਹਸਨਪੁਰੀ ਪਹਿਲਾਂ ਹੀ ਬਾਰ ‘ਤੇ ਬੀਅਰ ਪੀ ਹਟਿਆ ਸੀ। ਮੈਂ ਕਿਹਾ, “ਇਕ ਹੋਰ?” ਜਵਾਬ ਦੇਖੋ, “ਮਾੜਾ ਇੰਜਣ ਸਟਾਰਟ ਤਾਂ ਹੋ ਲੈਣ ਦੇ, ਦੇਖੀਂ ਬੱਝਦੇ ਰੰਗ।” ਉਹੀ ਗੱਲ ਹੋਈ, ਗੁਰਚਰਨ ਮੱਲ ਨੇ ਆਪਣੀ ਟੀਮ ਨਾਲ ਜਦੋਂ ਇਕੱਤੀ ਢੋਲ ਨੱਚ ਨੱਚ ਕੇ ਵਜਾਏ ਤਾਂ ਸਿਖਰ ਹੋ ਗਈ; ਤੇ ਨਾਲ ਲਗਦਾ ਸੱਦਾ ਸਟੇਜ ‘ਤੇ ਆਉਣ ਦਾ ਹਸਨਪੁਰੀ ਨੂੰ ਆ ਗਿਆ। ਮੈਨੂੰ ਲਗਦਾ ਸੀ, ਉਖੜ ਜੂ ਕੰਮ; ਇਹ ਕੀ ਕਰੂ ਪਰ ਯਕੀਨ ਕਰਿਓ, ਇਹ ਗੀਤ ਸ਼ਾਇਦ ਹੰਸ ਰਾਜ ਦੇ ਮੂੰਹੋਂ ਵੀ ਇੰਨਾ ਨਾ ਜਚਿਆ ਹੋਵੇ, ਹਸਨਪੁਰੀ ਨੇ ਤਾਂ ਲੋਕ ਲੁੱਟ ਲਏ:
ਪੀਲਾ ਸੂਟ ਪਾ ਕੇ ਤੂੰ
ਸਰੋਂ ਦਾ ਫੁੱਲ ਲਗਦੀ
ਲਾਲ ਪਾ ਕੇ ਲਗਦੀ
ਗੁਲਾਬ ਨੀ ਪੰਜਾਬਣੇ
ਤੇਰਾ ਨਹੀਓਂ ਜੱਗ ‘ਤੇ
ਜਵਾਬ ਨੀ ਪੰਜਾਬਣੇæææ।
ਪੈਸੇ ਮਾੜੇ ਗਵੱਈਏ ਜਿੰਨੇ ਬਣ ਗਏ, ਪਰ ਪਿੱਛੇ ਫਿਰ ਪ੍ਰਬੰਧਕਾਂ ਨਾਲ ਬਾਰ ‘ਤੇ ਬੀਅਰ ਦਾ ਤੀਜਾ ਗਲਾਸ ਡਕਾਰਦਿਆਂ ਬੋਲਿਆ, “ਤੁਸੀਂ ਵੀ ਭਰ ਦਿਓ ਕੁਛ ਹਸਨਪੁਰੀ ਦੀ ਜੇਬ, ਘਰ ਹਾਲੇ ਪੂਰਾ ਨਹੀਂ ਹੋਇਆ।” ਸੱਚ ਇਹ ਵੀ ਹੈ ਕਿ ਉਹ ਦੁਨੀਆਂ ਵੀ ਤੇ ਘਰ ਵੀ, ਇਥੇ ਹੀ ਛੱਡ ਗਿਐ ਪਰ ਆਪਣਾ ‘ਘਰ ਪੂਰਾ ਨਹੀਂ ਹੋਇਆ’ ਵਾਲਾ ਤਕੀਆ ਕਲਾਮ ਮਰਦੇ ਦਮ ਤੱਕ ਨਹੀਂ ਛੱਡ ਸਕਿਆ। ਉਹ ਨਵੇਂ ਤੇ ਪੁੱਠਾ-ਸਿੱਧਾ ਲਿਖਣ ਵਾਲੇ ਗੀਤਕਾਰਾਂ ਦਾ ਨਾਂ ਲੈ ਕੇ ਦੰਦੀਆਂ ਬਹੁਤ ਪੀਂਹਦਾ ਸੀ। ਇਕ ਵਾਰ ਉਹ ਪ੍ਰੋæ ਮੋਹਨ ਸਿੰਘ ਮੇਲੇ ਤੋਂ ਸਨਮਾਨ ਲੈ ਕੇ ਪੰਜਾਬੀ ਭਵਨ ਦੇ ਬਾਹਰ ਪਾਰਕ ਵਿਚ ਬੈਠਾ ਕਹਿਣ ਲੱਗਾ, “ਅਸ਼ੋਕ ਤੇਰੀਆਂ ਵਧਾਈਆਂ ਸਿਰ ਮੱਥੇ, ਪਰ ਘਰ ਹਾਲੇ ਪੂਰਾ ਨਹੀਂ ਹੋਇਆ, ਕਿਤੇ ਸਾਹਿਤ ਅਕੈਡਮੀ ਜਾਂ ਭਾਸ਼ਾ ਵਿਭਾਗ ਦੇ ਦੇਵੇ ਨਾ ਸ਼੍ਰੋਮਣੀ ਅਵਾਰਡ।”
ਤਮ੍ਹਾਂ ਤਾਂ ਚਲੋ ਬੰਦੇ ਦੀ ਮਰਦੀ ਨਹੀਂ ਹੁੰਦੀ, ਪਰ ਜਿੰਨਾ ਮੈਂ ਹਸਨਪੁਰੀ ਦੀ ਸ਼ਾਇਰੀ ਤੇ ਜ਼ਿੰਦਗੀ ਦਾ ਸਰਵੇਖਣ ਕਰਦਾ ਰਿਹਾਂ, ਕਹਿ ਸਕਦਾ ਹਾਂ ਕਿ ਉਹਦੇ ਆਖਰੀ ਸਾਹ ਨਾਲ ਵੀ ਕੋਈ ਇੱਛਾ ਜਾਂ ਲਾਲਸਾ ਬਾਹਰ ਜ਼ਰੂਰੀ ਆਈ ਹੋਵੇਗੀ, ਝੋਰਾ ਊਂ ਉਹਨੂੰ ਇਕੋ ਸੀ ਕਿ ਉਹਦਾ ਕੋਈ ਪੁੱਤਰ ਸ਼ਾਇਰ ਨਹੀਂ ਬਣ ਸਕਿਆ। ਚੋਰ ਗੀਤਕਾਰਾਂ ਬਾਰੇ ਉਹ ਸਟੇਜ ‘ਤੇ ਵੀ ਕਹਿ ਦਿੰਦਾ ਸੀ, “ਸਾਲੇ ਕੁੱਤੇ।”
***
ਸਨਅਤੀ ਸ਼ਹਿਰ ਗੁਰਾਇਆ, ਟੋਕੇ ਬਣਾਉਣ ਲਈ ਮਸ਼ਹੂਰ; ਤੇ ਉਥੇ ਹੀ ਕਿਸੇ ਵੇਲੇ ਰੁੜਕਾ ਰੋਡ ‘ਤੇ ਰੰਗ-ਰੋਗਨ ਦੀ ਦੁਕਾਨ ਹੁੰਦੀ ਸੀ, ਚੰਨ ਗੁਰਾਇਆ ਵਾਲੇ ਦੀ। ਫਗਵਾੜੇ ਕਾਲਜ ਪੜ੍ਹਦੇ ਅਸੀਂ ਕਈ ਮੁੰਡੇ ਉਹਨੂੰ ਵੇਖਣ ਚਲੇ ਗਏ ਸਾਂ ਇਕੱਠੇ ਹੋ ਕੇ, ਮਿਲੇ ਨਹੀਂ ਦੂਰੋਂ ਹੀ ‘ਅਹੁ ਬੈਠਾ, ਅਹੁ ਚੱਲਿਆ, ਸੁਨੱਖਾ, ਅੱਖਾਂ ਛੋਟੀਆਂ’ ਵਰਗੀਆਂ ਟਿੱਪਣੀਆਂ ਕਰ ਕੇ ਆ ਗਏ। ਫਿਰ ਮੈਂ ਰੇਲਵੇ ਲਾਈਨ ਨਾਲ ਪੈਂਦੀ ਉਸ ਦੀ ਕੋਠੀ ਕਈ ਵਾਰ ਗਿਆ, ਕਈ ਵਾਰ ਰਿਹਾ।
ਸਾਲ 1990 ਵਿਚ ਜਦੋਂ ਮੈਂ ‘ਅਜੀਤ’ ਲਈ ਗੀਤਕਾਰਾਂ ਦੀਆਂ ਮੁਲਾਕਾਤਾਂ ਦਾ ਮਸਾਲਾ ਇਕੱਤਰ ਕਰ ਰਿਹਾ ਸਾਂ, ਉਹਨੂੰ ਮਿਲਣ ਚਲਾ ਗਿਆ। ਕਹਿੰਦਾ, “ਰਾਤ ਰਹਿ”, ਮੈਂ ਮੰਨ ਗਿਆ। ਉਹਨੇ ਆਪ ਤਾਂ ਨਾ ਕਦੇ ਮੀਟ ਤੇ ਆਂਡਾ ਖਾਧਾ, ਤੇ ਨਾ ਪੀਤੀ ਕਦੇ। ਦਫ਼ਤਰ ਵਿਚ ਗੱਲਾਂ-ਬਾਤਾਂ ਕਰਦਿਆਂ ਉਹ ਕਹਿਣ ਲੱਗਾ, “ਲਾਉਣੀ ਘੁੱਟ?” ਮੈਂ ਕਿਹਾ, “ਨਹੀਂ, ਮੈਂ ਪੀਂਦਾ ਨਹੀਂ।” ਗਰਮੀ ਕਰ ਕੇ ਬੀਅਰ ਮੰਗਵਾ ਲਈ। ਦੋ ਪੀ ਲਈਆਂ, ਨਾਲ ਕੱਚੇ ਪਨੀਰ ਦੀਆਂ ਟੁਕੜੀਆਂ। ਘਰ ਤਾਂ ਚਲੇ ਗਿਆ, ਚੰਗਾ ਹੋਇਆ ਕਿ ਮੈਨੂੰ ਹੇਠਲੇ ਕਮਰੇ ਵਿਚ ਪਾ’ਤਾ। ਪੈਂਦੇ ਸਾਰ ਮੰਜਾ ਘੁੰਮਣ ਲੱਗ ਪਿਆ ਤੇ ਫਿਰ ਜਿਵੇਂ ਉਲਟੀਆਂ ਨਾਲ ਭਾਖੜਾ ਡੈਮ ਦੇ ਗੇਟ ਖੁੱਲ੍ਹ ਗਏ ਹੋਣ। ਪਹਿਲਾਂ ਉਹਦੀ ਸਿੰਕ ਭਰੀ, ਤੇ ਫਿਰ ਸਾਰੀ ਰਾਤ ਪਾਣੀ ਪਾ-ਪਾ ਸਾਫ਼ ਕਰਦਾ ਰਿਹਾ। ਚੰਗੀ ਗੱਲ ਇਹ ਸੀ ਕਿ ਮੈਂ ਸਵੇਰੇ ਠੀਕ ਵੀ ਸੀ, ਤੇ ਉਹਨੂੰ ਪਤਾ ਵੀ ਨਹੀਂ ਸੀ ਲੱਗਾ।
ਇਕ ਸਵਾਲ ਤੋਂ ਚੰਨ ਜਾਣੀ, ਭੁੱਲਾ ਰਾਮ ਚੰਨ ਮੇਰੇ ਨਾਲ ਰੱਜ ਕੇ ਨਾਰਾਜ਼ ਵੀ ਰਿਹੈ ਤੇ ਗੁੱਸੇ ਵੀ। ਮੈਂ ਕਿਤੇ ਉਹਨੂੰ ਪੁੱਛ ਬੈਠਾ, ‘ਕੱਟੇ ਦਾ ਕਸੂਰ ਕੋਈ ਨਾ, ਪਹਿਲਾਂ ਆਪਣੀ ਕੱਟੀ ਨੂੰ ਸਮਝਾ ਲੈ’ ਲਿਖਣ ਦੀ ਕੀ ਲੋੜ ਸੀ। ਚੜ੍ਹ ਗਿਆ ਉਹਦਾ ਪਾਰਾ, “ਚੰਡੀਗੜ੍ਹ ਰਹਿਣ ਵਾਲੀਏæææਤੈਨੂੰ ਯਾਦ ਨਹੀਂ, ‘ਸਰਪੰਚ’ ਦੇ ਗੀਤ ਭੁੱਲ ਗਏ, ਨਰਿੰਦਰ ਬੀਬਾ ਨੇ ਮੈਨੂੰ ਰੱਜ ਕੇ ਗਾਇਆ, ਕੁਲਦੀਪ ਮਾਣਕ ਨੇ ਵੀæææਜਵਾਨੀ ਵਿਚ ਸ਼ੈਤਾਨੀ ਹੋ ਗਈ, ਫਿਰ ਕੀ ਹੋਇਆæææਜਿਹੜਾ ਉਠਦਾ ਕੱਟੇ ਤੋਂ ਗਾਹਾਂ ਨਹੀਂ ਤੁਰਦਾæææ।” ਰਾਜ਼ੀ ਵੀ ਫਿਰ ਅਸੀਂ ਛੇਤੀ ਹੋ ਗਏ ਤੇ ਇਸ ਵੇਲੇ ਚੰਨ ਮੇਰੇ ਕਾਫੀ ਨੇੜਲਿਆਂ ਵਿਚੋਂ ਹੈ। ਕੁਲਦੀਪ ਮਾਣਕ ਵੀ ਪਹਿਲਾਂ ਪਹਿਲ ਉਹਨੂੰ ਬਹੁਤ ਭੰਡਦਾ ਸੀ, ਫਿਰ ‘ਬਲਬੀਰੋ ਭਾਬੀ’ ਜਦੋਂ ਰਲ ਕੇ ਬਣਾਈ ਤਾਂ ਉਹ ਬਹੁਤ ਕਰੀਬ ਹੋ ਗਏ। ‘ਗੁੱਸੇ ਵਿਚ ਦੁੱਲੇ ਨੂੰ ਮਿਹਰੂ ਮਾਰੇ ਬੋਲੀਆਂ’ ਵਰਗੀਆਂ ਗਾਥਾਵਾਂ ਚੰਨ ਤੋਂ ਲਿਖਾ ਕੇ ਮਾਣਕ ਨੇ ਬਾਅਦ ਵਿਚ ਰਿਕਾਰਡ ਕਰਵਾਈਆਂ।
ਚੰਨ ਸੱਚੀਂ ਚੰਨ ਵਰਗਾ ਹੀ ਹੈ, ਸੁਨੱਖਾ ਵੀ, ਚੰਗਾ ਵੀ, ਮਿੱਠਾ ਵੀ, ਕੌੜਾ ਵੀ ਤੇ ਕਦੇ ਭਲੇ ਵੇਲਿਆਂ ਵਿਚ ਉਹਦੇ ਵੀ ਟਰੱਕ ਚੱਲਦੇ ਸਨ। ਪਹਿਲਾਂ ਪਹਿਲ ਤਾਂ ਉਹ ਝੂਰਦਾ ਲਗਦਾ ਸੀ ਕਿ ਘਰ ਵਿਚ ਨਾ ਪੁੱਤ ਨਾ ਧੀ, ਪਰ ਹੁਣ ਮਿਲਿਆ ਤਾਂ ਕਹਿੰਦਾ, “ਪੰਜਾਬ ਦੇ ਜਿਨ੍ਹਾਂ ਘਰਾਂ ਵਿਚ ਵੈਲੀ ਜੰਮ ਪਏ ਨੇ, ਉਨ੍ਹਾਂ ਨਾਲੋਂ ਤਾਂ ਚੰਗਾ ਈ ਆਂ।”
ਕਦੇ ਗੁਰਾਇਆ ਵਿਚੋਂ ਲੰਘੋ ਤਾਂ ਚੰਨ ਨਾਲ ਤੁਸੀਂ ਹੱਥ ਮਿਲਾ ਕੇ ਵੇਖਿਓ, ਉਹ ਘੁੱਟ ਕੇ ਆਪਣੇ ਗਲ ਨਾਲ ਲਾ ਲਵੇਗਾ।
***
ਦੇਵ ਥਰੀਕੇ ਵਰਗਾ ਕੱਦ ਗੀਤਕਾਰੀ ਵਿਚ ਕੱਢਣਾ ਬਹੁਤ ਔਖਾ ਹੈ। ਮਾਣਕ ਤੇ ਦੇਵ ਨੂੰ ਅਲੱਗ-ਅਲੱਗ ਵੀ ਨਹੀਂ ਕੀਤਾ ਜਾ ਸਕਦਾ। ਜਦੋਂ ਉਹ ਥਰੀਕਿਆਂ ਤੋਂ ਝਾਂਡਿਆਂ ਦੇ ਸਕੂਲ ਨੂੰ ਜਾਂਦਾ ਹੁੰਦਾ ਸੀ, ਲੋਕ ਉਂਗਲੀ ਕਰ ਕੇ ਆਖਦੇ, “ਅਹੁ ਜਾਂਦਾ ਬਈ ਥਰੀਕਿਆਂ ਵਾਲਾ ਦੇਵ।” ਹੁਣ ਉਹ ਰਿਟਾਇਰ ਹੋ ਗਿਐ, ਪੀਣੀ ਛੱਡ ਗਿਐ, ਕਿਉਂਕਿ ਹਾਲੇ ਸਰੀਰ ਨਹੀਂ ਛੱਡਣਾ ਚਾਹੁੰਦਾ।
ਉਹਨੂੰ ਸੰਘਰਸ਼ ਕਰਦੇ ਨੂੰ ਵੇਖਿਆ ਹੈ, ਤੇ ਹੁਣ ਪੁੱਤਰ ਦੇ ਵਿਯੋਗ ਧਾਹੀਂ ਰੋਂਦੇ ਨੂੰ ਵੀ, ਮਾਣਕ ਦੀ ਮੌਤ ‘ਤੇ ਵਿਲਕਦੇ ਨੂੰ ਵੀ, “ਓ ਵਾਰੀ ਤਾਂ ਮੇਰੀ ਸੀ, ਚਲੇ ਤੂੰ ਗਿਐਂ।”
ਜਦੋਂ ਮੇਰੇ ਅੰਦਰ ਗੀਤਕਾਰ ਬਣਨ ਦਾ ਢਿੱਡ-ਜਲਾਟ ਹੁੰਦਾ ਸੀ, ਮੈਂ ਦੇਵ ਥਰੀਕਿਆਂ ਵਾਲੇ ਨੂੰ ਉਸਤਾਦ ਧਾਰਨ ਲਈ ਪਾਪੜ ਵੇਲਦਾ ਰਿਹਾ। ਹੁਣ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ, ਕਹੇਗਾ, “ਤੂੰ ਤਾਂ ਪਤੰਦਰਾ ਮੇਰਾ ਭਰਾ ਐਂæææ।” ਤੇ ਸੱਚ ਇਹ ਹੈ ਕਿ ਉਹਨੂੰ ਬਾਪੂ ਬਾਪੂ ਕਹਿੰਦਿਆਂ ਦੀ ਸਾਡੀ ਨਿਭ ਗਈ ਹੈ। ਸੋਚ ਨਹੀਂ ਸੀ ਸਕਦਾ ਕਿ ਅਸੀਂ ਗੀਤਕਾਰ ਵਜੋਂ ਕਦੇ ਇਕ ਐਲਬਮ ਵਿਚ ਇਕੱਠੇ ਹੋਵਾਂਗੇ। ‘ਸੋਨੋਟੋਨ’ ਕੰਪਨੀ ਵਿਚ ਮਾਣਕ ਨੇ ਤਿੰਨ ਕੈਸਿਟਾਂ ਰਿਕਾਰਡ ਕਰਨ ਦੇ ਸਾਰੇ ਪੈਸੇ ਪਹਿਲਾਂ ਲੈ ਲਏ। ਮਾਲਕ ਰਿਕਾਰਡਿੰਗ ਵੇਲੇ ‘ਜਿਉਣਾ ਮੋੜ’ ਵਰਗਾ ਮੈਟਰ ਲੱਭਣ। ਉਨ੍ਹਾਂ ਲਾਲਿਆਂ ਨੂੰ ਕੀ ਪਤਾ ਸੀ! ਮਾਣਕ ਕਹਿਣ ਲੱਗਾ, “ਗੋਲੀ ਮਾਰੋ ਜਿਉਣੇ ਮੌੜ ਨੂੰ, ਉਹ ਤਾਂ ਗਾ-ਗਾ ਕੇ ਘਸਾ’ਤਾ ਪੂਰਾ, ਡਾਕੂ ਹਰਫੂਲ ਸਿੰਘ ਹੈਗਾ ਮੇਰੇ ਕੋਲ।’ ਉਨ੍ਹਾਂ ‘ਹਾਂ’ ਕਰ ਦਿੱਤੀ, ਮੈਟਰ ਵਿਚੋਂ ਨਿਕਲੇ ਤਿੰਨ ਗੀਤ, ਪ੍ਰੀਤਮ ਬਰਾੜ ਕਹੇ, ‘ਭੌਰੇ ਤੋਂ ਲਿਖਾ ਲਓ’। ਮੈਨੂੰ ਕਹਾਣੀ ਨਹੀਂ ਸੀ ਪਤਾ। ਮਾਣਕ ਕਹੀ ਜਾਵੇ, ‘ਦੇਵ ਤੋਂ ਪੁੱਛ ਲੈ’। ਪੁੱਛਾਂ ਇਸ ਕਰਕੇ ਨਾ, ਕਿ ਉਹਨੇ ਕਹਿਣਾ, ਬਾਕੀ ਵੀ ਮੈਂ ਹੀ ਲਿਖ ਦਿੰਨਾਂ, ਤੇ ਮੇਰਾ ਚਾਅ ਰਹਿ ਜਾਣਾ ਸੀ। ਪਹਿਲੇ ਤਿੰਨ ਗੀਤ ਸੁਣ ਕੇ ਬਾਕੀ ਚਾਰ ਮੈਂ ਲਿਖ ਦਿੱਤੇ, ਤੇ ਮਾਣਕ ਦੀ ‘ਕਿੱਸਾ ਡਾਕੂ ਹਰਫੂਲ ਸਿੰਘ’ ਫਿਰ ਮੇਰੀ ਤੇ ਦੇਵ ਦੀ ਸਾਂਝੀ ਟੇਪ ਬਣ ਗਈ।
ਦੇਵ ਬਾਰੇ ਆਮ ਲੋਕ ਸੁਣੀ-ਸੁਣਾਈ ਗੱਲ ਤੇ ਅਫ਼ਵਾਹ ਅੱਗੇ ਤੋਰ ਰਹੇ ਹਨ ਕਿ ਉਹ ਨਹੀਂ ਗੀਤ ਲਿਖਦਾ, ਉਹਦੀ ਘਰਵਾਲੀ ਪੀਤੋ ਲਿਖਦੀ ਹੈ। ਜਿਹੜੇ ਥਰੀਕੇ ਉਹਦੇ ਘਰ ਗਏ ਹਨ, ਉਹ ਜਾਣਦੇ ਹਨ ਕਿ ਉਹਨੂੰ ਹਾਲੇ ਤੱਕ ਨਹੀਂ ਪਤਾ ਕਿ ਮਿਰਜ਼ਾ ਕਿਥੋਂ ਦਾ ਸੀ, ਹੀਰ ਰਾਂਝੇ ਦਾ ਕੀ ਸਬੰਧ ਸੀ, ‘ਜਿਉਣਾ ਮੌੜ’ ਸ਼ਿੰਦੇ ਦਾ ਕਿਉਂ ਚੱਲਿਆ, ਮਾਣਕ ਤੇ ਦੇਵ ਰੁੱਸ ਕਿਉਂ ਗਏ ਸਨ ਤੇ ਫਿਰ ਇਹ ਕੀ ਪਤਾ ਲੱਗ ਜੂ ਕਿ ਕਲੀ, ਲੋਕ ਗਾਥਾ ਤੇ ਗਾਣਾ ਕੀ ਹੁੰਦੇ ਨੇ। ਅਸਲ ਵਿਚ ਦੇਵ ਨਾਲ ਉਹਦੀ ਨਿਭੀ ਬਹੁਤ ਹੈ। ਕਈਆਂ ਨੂੰ ਤਾਂ ਅੱਖਾਂ ਦਿਖਾਉਂਦੀ ਹੀ ਰਹੀ ਹੈ, ਇੱਦਾਂ ਦੀਆਂ ਝੂਠੀਆਂ ਖਬਰਾਂ ਪੜ੍ਹਦੇ ਵੀ ਉਹੀ ਰਹੇ ਨੇ।
ਸਾਲ 2010 ਵਿਚ ਉਹ ਚੇਤਨਾ ਪ੍ਰਕਾਸ਼ਨ ਵਾਲੇ ਗੁਲਾਟੀ ਨਾਲ ਮੇਰੇ ਘਰੇ ਵੱਡੇ ਸਮਾਗਮ ‘ਤੇ ਆਇਆ, ਜੱਸੋਵਾਲ ਪਹਿਲਾਂ ਹੀ ਆਇਆ ਹੋਇਆ ਸੀ। ਦੇਵ ਬੋਲਿਆ, “ਮਾਣਕ ਤਾਂ ਆਵੇਗਾ ਹੀ ਆਵੇਗਾ ਅਸ਼ੋਕ ਦੇ ਫੰਕਸ਼ਨ ‘ਤੇ।” ਜਦ ਨੂੰ ਉਹ ਆਇਆ, ਉਹਦੀ ਸੁਣੋ, “ਇਹ ਵੀ ਬੈਠਾ ਮੂਹਰੇ, ਵਿਹਲਾ ਜਥੇਦਾਰ ਜੱਸੋਵਾਲ ਵੀ।” ਕਹੀ ਤਾਂ ਉਹਨੇ ਚੁਭਵੀਂ ਸੀ, ਪਰ ਸਾਰੇ ਹੱਸ ਪਏ।
ਮਾਣ ਨਾਲ ਕਹਾਂਗਾ ਕਿ ਇਨ੍ਹਾਂ ਯੁੱਗ ਗੀਤਕਾਰਾਂ ਨਾਲ ਮੈਂ ਘੜੀਆਂ ਨਹੀਂ, ਦਿਨ ਗੁਜ਼ਾਰੇ ਹਨ।
ਦੇਵ ਥਰੀਕੇ ਵਾਲਿਆ ਤੇਰੇ ਲੱਗਦੇ ਬੋਲ ਪਿਆਰੇ।
ਦੀਵੇ ਵਾਂਗੂੰ ਬਾਲ ਕੇ ਮੈਨੂੰ ਰੱਖ ਲੈ ਵਿਚ ਚੁਬਾਰੇ।
ਦੁੱਖ ਹੈ ਕਿ ਹੁਣ ਦੇਵ ਵਾਲਾ ਦੀਵਾ ਬੁਝਣ ਦੇ ਹਾਲਾਤ ਬਣ ਰਹੇ ਹਨ; ਫਿਰ ਦੱਸੋ ਤਾਂ ਸਹੀ ਕਿਹੜੇ ਚੁਬਾਰੇ ਵਿਚ ਰੱਖੀਏ।