ਮਹਾਂਰਿਸ਼ੀ ਦੇ ਪਹਿਲੇ ਦਰਸ਼ਨ

ਦੇਵਿੰਦਰ ਸਤਿਆਰਥੀ ਨੇ ਹਿੰਦੀ, ਉਰਦੂ ਅਤੇ ਪੰਜਾਬੀ-ਤਿੰਨਾਂ ਹੀ ਭਾਸ਼ਾਵਾਂ ਵਿਚ ਸਾਹਿਤ ਰਚਨਾ ਕੀਤੀ। ਉਨ੍ਹਾਂ ਦਾ ਅਸਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉਥੋਂ ਦੇ ਲੋਕ ਜੀਵਨ, ਲੋਕ ਸਾਹਿਤ, ਗੀਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਕਿਤਾਬਾਂ ਅਤੇ ਵਾਰਤਾਵਾਂ ਵਿਚ ਸਾਂਭ ਦਿੱਤਾ।

ਦਿੱਲੀ ਦੇ ਸਾਹਿਤਕ ਹਲਕਿਆਂ ਵਿਚ ਉਨ੍ਹਾਂ ਦੀ ਸਾਹਿਤ ਰਚਨਾ ਲਈ ਖਬਤ ਕਰਕੇ ਉਨ੍ਹਾਂ ਬਾਰੇ ਕਈ ਲਤੀਫੇ ਬਣੇ ਹੋਏ ਸਨ। ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ‘ਸਤਿਯੁਗੀ ਬੰਦੇ’ ਨਾਂ ਦੀ ਲੇਖ ਲੜੀ ਵਿਚ ਇਕ ਲੇਖ ਪਾਠਕ ਪਹਿਲਾਂ ਪੜ੍ਹ ਚੁਕੇ ਹਨ। ਭੁੱਲਰ ਹੋਰਾਂ ਮਰਹੂਮ ਸਤਿਆਰਥੀ ਬਾਰੇ ਕੁਝ ਹੋਰ ਲੇਖ ਭੇਜੇ ਹਨ ਜੋ ਪਾਠਕਾਂ ਦੀ ਨਜ਼ਰ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ, ਮੇਰੇ ਸਵੈਵਿਸ਼ਵਾਸ ਵਿਚ ਵਾਧਾ ਕਰਨ ਵਾਲੀ ਇਕ ਗੱਲ ਇਹ ਵੀ ਸੀ ਕਿ ਮੈਂ ਦੇਵਿੰਦਰ ਸਤਿਆਰਥੀ ਦੇ ਪਿੰਡਾਂ ਦਾ ਹਾਂ। ਕਈ ਸਾਲਾਂ ਮਗਰੋਂ ਮੈਂ ਸੋਵੀਅਤ ਯੂਨੀਅਨ ਦੇ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਕੰਮ ਕਰਨ ਵਾਸਤੇ ਦਿੱਲੀ ਜਾ ਪਹੁੰਚਿਆ ਜਿਥੇ ਸਾਹਿਤ ਅਤੇ ਸੜਕਾਂ ਉਤੇ ਸਤਿਆਰਥੀ ਜੀ ਦੀ ਮਾਲਕੀ ਸੀ। ਮੇਰਾ ਰੂਸੀ ਰਸਾਲਾ ਭਾਪਾ ਪ੍ਰੀਤਮ ਸਿੰਘ ਦੇ ਨਵਯੁਗ ਪ੍ਰੈਸ ਵਿਚ ਛਪਦਾ ਸੀ ਜਿਸ ਕਰਕੇ ਮੇਰਾ ਉਥੇ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਸਤਿਆਰਥੀ ਜੀ ਦੇ ਪਹਿਲੀ ਵਾਰ ਦਰਸ਼ਨ ਉਥੇ ਹੀ ਹੋਏ। ਉਨ੍ਹਾਂ ਨੂੰ ਨੇੜਿਉਂ ਦੇਖ ਕੇ ਇਉਂ ਲਗਿਆ ਜਿਵੇਂ ਗੁਰੂਦੇਵ ਰਾਬਿੰਦਰਨਾਥ ਟੈਗੋਰ ਹੁਣੇ-ਹੁਣੇ ਸ਼ਾਂਤੀ ਨਿਕੇਤਨ ਤੋਂ ਪੈਦਲ ਤੁਰ ਕੇ ਆਏ ਹੋਣ-ਘਸੇ ਹੋਏ ਬੂਟ, ਲੰਮੇ ਸਫ਼ਰ ਤੋਂ ਆਇਆਂ ਵਰਗੇ ਕਪੜੇ, ਦਾੜ੍ਹੀ ਉਤੇ ਧੂੜ, ਪਰ ਕੁਝ-ਕੁਝ ਵਿਰਲੇ ਰੇਸ਼ਮੀ ਕੇਸਾਂ ਦੀ ਝਾਲਰ ਹੇਠ ਚੌੜਾ ਨੂਰਾਨੀ ਮੱਥਾ!
ਲਾਹੌਰ ਵੇਲੇ ਦੀ ਗੱਲ ਹੈ। ਦੁੱਧ-ਚਿੱਟੀ ਰੇਸ਼ਮੀ ਦਾੜ੍ਹੀ ਵਾਲੇ ਟੈਗੋਰ ਨਾਲ ਉਹੋ ਜਿਹੀ ਕਾਲੀ ਦਾੜ੍ਹੀ ਵਾਲੇ ਸਤਿਆਰਥੀ ਦੀ ਤਸਵੀਰ ਦੇਖ ਕੇ ਪਿਤਰਸ ਬੁਖਾਰੀ ਨੇ ਕਿਹਾ ਸੀ, “ਖਿਜ਼ਾਬ ਤੋਂ ਪਹਿਲਾਂ, ਖਿਜ਼ਾਬ ਤੋਂ ਪਿੱਛੋਂ।” ਪਰ ਹੁਣ ਇਹ ਵੀ ਗੁਰੂਦੇਵ ਵਾਂਗ “ਖਿਜ਼ਾਬ ਤੋਂ ਪਹਿਲਾਂ” ਹੋ ਚੁਕੇ ਸਨ। ਇਸ ਇਕਰੂਪਤਾ ਕਰਕੇ ਹੀ ਤਾਂ ਟੈਗੋਰ-ਸ਼ਤਾਬਦੀ ਦੇ ਮੌਕੇ ਉਤੇ ਕਲਕੱਤੇ ਦੇ ਇਕ ਟੈਕਸੀ ਵਾਲੇ ਨੇ ਸਤਿਆਰਥੀ ਜੀ ਨੂੰ ਤੁਰਿਆ ਜਾਂਦਾ ਦੇਖ ਕੇ ਆਪਣੇ ਸਾਥੀ ਨੂੰ ਕਿਹਾ ਸੀ, “ਵੇਖ ਓਏ ਨਰੈਣ ਸਿਆਂ, ਸ਼ਤਾਬਦੀ ਵਿਚ ਤਾਂ ਹਾਲੇ ਸੱਤ ਮਹੀਨੇ ਪਏ ਨੇ, ਗੁਰੂਦੇਵ ਪਹਿਲਾਂ ਹੀ ਆ ਪਹੁੰਚੇ।”
ਭਾਪਾ ਜੀ ਨੇ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ ਤਾਂ ਦੋਵਾਂ ਦੇ ਪਿੰਡਾਂ ਦੀ ਨੇੜਤਾ ਸੁਣ ਕੇ ਉਹ ਗਦਗਦ ਹੋ ਗਏ, “ਲਓ ਜੀ, ਪਿਥੋ ਤਾਂ ਸਾਡੇ ਭਦੌੜ ਦਾ ਇਕ ਅਗਵਾੜ ਹੀ ਸਮਝੋ। ਭਾਪਾ ਜੀ, ਇਹਨੂੰ ਮੇਰੇ ਗੁਆਂਢੀ ਪਿੰਡ ਦਾ ਨਾ ਕਹੋ, ਮੇਰੇ ਪਿੰਡ ਦਾ ਹੀ ਕਹੋ।”
ਭਾਪਾ ਜੀ ਆਪਣੇ ਮੇਜ਼ ਉਤੇ ਕੰਮ ਖਿਲਾਰੀ ਬੈਠੇ ਸਨ। ਕੁਝ ਕੁਝ ਸ਼ਰਾਰਤੀ ਲਹਿਜ਼ੇ ਵਿਚ ਬੋਲੇ, “ਜੇ ਇਹ ਗੱਲ ਹੈ ਤਾਂ ਭੁੱਲਰ ਨੂੰ ਕਿਤੇ ਲਿਜਾ ਕੇ ਚਾਹ ਵੀ ਪਿਆਓ ਤੇ ਨਾਲ ਕੋਈ ਰਚਨਾ ਵੀ ਸੁਣਾਓ।”
ਰਚਨਾ ਸੁਣਾਉਣ ਦੀ ਸਤਿਆਰਥੀ ਜੀ ਦੀ ਮਸ਼ਹੂਰ ਤੇ ਬਹੁਚਰਚਿਤ ਆਦਤ ਬਾਰੇ ਮੈਨੂੰ ਅਜੇ ਕੋਈ ਇਲਮ ਨਹੀਂ ਸੀ। ਮੈਂ ਤਾਂ ਪਿੰਡ ਤੋਂ ਗਿਆ ਸੀ ਅਤੇ ਅਜਿਹੇ ਵੱਡੇ ਲੇਖਕਾਂ ਨਾਲ ਅਜੇ ਮੇਰਾ ਵਾਹ ਪੈਣਾ ਸੀ। ਵਾਹ ਪੈਣ ਨਾਲ ਹੀ ਉਨ੍ਹਾਂ ਦੀਆਂ ਆਦਤਾਂ ਦਾ ਪਤਾ ਲੱਗਣਾ ਸੀ। ਇਸ ਪਹਿਲੀ ਮਿਲਣੀ ਵਿਚ ਹੀ ਉਹ ਮੈਨੂੰ ਚਾਂਦਨੀ ਚੌਕ ਦੀ ਇਕ ਭੀੜੀ ਜਿਹੀ ਵੀਹੀ ਵਿਚਲੇ ਇਕ ਅੱਧ-ਹਨੇਰੇ ਤੇ ਥਿੰਧੇ ਜਿਹੇ ਚਾਹ-ਖ਼ਾਨੇ ਵਿਚ ਲੈ ਗਏ ਅਤੇ ‘ਛੋਟੀ ਜਿਹੀ ਰਚਨਾ’ ਆਖ ਕੇ ਸਾਰਾ ‘ਸੂਈ ਬਾਜ਼ਾਰ’ ਸੁਣਾ ਛੱਡਿਆ।
ਉਸ ਪਿੱਛੋਂ ਦੇ ਲੰਮੇ ਸਾਲਾਂ ਵਿਚ ਪਤਾ ਨਹੀਂ ਕਿੰਨੀ ਵਾਰ ਮੁਲਾਕਾਤ ਹੋਈ ਹੋਵੇਗੀ, ਪਰ ਇਕ ਵਾਰ ਉਨ੍ਹਾਂ ਨੂੰ ਇਕ ਸਾਹਿਤਕ ਸਨਮਾਨ ਦੇਣ ਵਾਲੀ ਸੰਸਥਾ ਨੇ ਮੈਨੂੰ ਉਨ੍ਹਾਂ ਬਾਰੇ ਲੇਖ ਤੁਰਤ ਲਿਖਣ ਲਈ ਕਿਹਾ ਤਾਂ ਉਨ੍ਹਾਂ ਨਾਲ ਲੰਮੀ ਮੁਲਾਕਾਤ ਦੀ ਲੋੜ ਮਹਿਸੂਸ ਹੋਈ। ਤਦ ਸਵਾਲ ਪੈਦਾ ਹੋਇਆ, ਲੱਭਿਆ ਕਿਥੇ ਜਾਵੇ? ਉਨ੍ਹਾਂ ਦੇ ਬਾਲਪਣ ਵਿਚ, ਹਰ ਮਾਂ ਵਾਂਗ, ਉਨ੍ਹਾਂ ਦੀ ਮਾਂ ਉਨ੍ਹਾਂ ਦੀ ਤਲੀ ਉਤੇ Aੁਂਗਲ ਫੇਰ ਕੇ ਗਾਉਂਦੀ ਹੁੰਦੀ ਸੀ, ਆਲੀਓ-ਪਾਲੀਓ, ਇਕ ਕੱਟਾ ਸੀ, ਇਕ ਵੱਛਾ ਸੀ, ਸਾਡਾ ਦੇਵ ਚਾਰਨ ਗਿਆ, ਹੱਥ ਖੂੰਡੀ ਸੀ, ਸਿਰ ਭੂੰਗੀ ਸੀ, ਕਿਸੇ ਨੇ ਵੇਖਿਆ ਹੋਵੇ, ਆਹ ਜਾਂਦੀ ਪੈੜ, ਆਹ ਜਾਂਦੀ ਪੈੜæææ। ਤੇ ਫੇਰ ਉਹ ਕੱਛ ਵਿਚ ਕੁਤਕੁਤਾੜੀ ਕੱਢ ਕੇ ਖਿੜ-ਖਿੜ ਹੱਸ ਪੈਂਦੀ ਸੀ, “ਥਿਆ ਗਿਆ, ਥਿਆ ਗਿਆ, ਥਿਆ ਗਿਆ।” ਉਨ੍ਹਾਂ ਦੀਆਂ ਪੈੜਾਂ ਤਾਂ ਦਿੱਲੀ ਦੀ ਹਰੇਕ ਸੜਕ ਉਤੇ, ਪਾਰਕਾਂ ਵਿਚ, ਕਾਫੀ ਹਾਊਸਾਂ ਤੇ ਚਾਹ-ਖ਼ਾਨਿਆਂ ਵਿਚ, ਆਰਟ ਗੈਲਰੀਆਂ ਤੇ ਪ੍ਰਦਰਸ਼ਨੀਆਂ ਵਿਚ, ਸਭਾਵਾਂ ਵਿਚ ਤੇ ਗੋਸ਼ਟੀਆਂ ਵਿਚ, ਨਵਯੁਗ ਤੇ ਜਨਤਕ ਪ੍ਰੈਸ ਵਿਖੇ, ਅਨੇਕ ਥਾਂਵਾਂ ਉਤੇ ਹਨ, ਪਰ “ਥਿਆ ਗਿਆ, ਥਿਆ ਗਿਆ” ਕਿਥੇ ਹੋਵੇ?
ਉਨ੍ਹਾਂ ਦੀ ਸੌਖ ਵਾਲੀ ਇਕ ਥਾਂ ਮਿਲਣ ਦਾ ਸੁਨੇਹਾ ਦਿੱਤਾ, ਪਰਵਾਨਗੀ ਵੀ ਆਈ, ਪਰ ਉਡੀਕਦਿਆਂ ਸ਼ਾਮ ਹੋ ਗਈ। ਕੁਝ ਦਿਨਾਂ ਮਗਰੋਂ ਭਾਪਾ ਜੀ ਹੱਥ ਉਨ੍ਹਾਂ ਦਾ ਸੁਨੇਹਾ ਮੇਰੇ ਘਰ ਆਉਣ ਦਾ ਆ ਗਿਆ। ਭਾਪਾ ਜੀ ਨੂੰ ਕਹਿੰਦੇ, “ਜੀ ਉਸ ਦਿਨ ਮੈਂ ਭੁੱਲਰ ਨੂੰ ਮਿਲਣ ਦਾ ਇਕਰਾਰ ਕਰ ਕੇ ਉਡੀਕਦਾ ਰਖਿਆ, ਹੁਣ ਪਸ਼ਚਾਤਾਪ ਵਜੋਂ ਮੈਂ ਆਪ ਉਹਦੇ ਘਰ ਜਾਵਾਂਗਾ।” ਆਏ ਤਾਂ ਕੱਛੇ ਮਾਰੀ ਹੋਈ ਫ਼ਾਈਲ ਨਾਲ ਇਕ ਬਹੁਤ ਮੋਟਾ ਖਰੜਾ ਵੀ ਸੀ। ਚਾਹ-ਪਾਣੀ ਮਗਰੋਂ ਗੱਲਾਂ ਕਰਨ ਲਗੇ ਤਾਂ ਵਿਚ-ਵਿਚ ਮੇਰੀ ਨਜ਼ਰ ਸੁਤੇਸਿਧ ਹੀ ਉਸ ਖਰੜੇ ਉਤੇ ਵੀ ਪੈਂਦੀ ਰਹੀ। ਹੁਣ ਤੱਕ ਹਰ ਹੱਥ ਆਏ ਬੰਦੇ ਨੂੰ, ਉਹ ਪੜ੍ਹਿਆ ਹੋਵੇ ਜਾਂ ਅਨਪੜ੍ਹ, ਉਹਨੂੰ ਸਾਹਿਤਕ ਮੱਸ ਹੋਵੇ ਭਾਵੇਂ ਨਾ, ਉਨ੍ਹਾਂ ਦੀ ਖਰੜਾ ਸੁਣਾਉਣ ਦੀ ਲਤ ਬਾਰੇ ਮੈਂ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ। ਲੋਕ-ਗੀਤਾਂ ਦੇ ਮਹਾਂਰਥੀ ਬਾਰੇ ਜਿਹੜੇ ਲੋਕ-ਲਤੀਫ਼ੇ ਤੇ ਲੋਕ-ਅਖਾਣ ਜੁੜੇ ਹਨ, ਉਨ੍ਹਾਂ ਵਿਚੋਂ ਅਨੇਕ ਉਨ੍ਹਾਂ ਦੇ ਖਰੜਾ ਸੁਣਾਉਣ ਬਾਰੇ ਹੀ ਹਨ।
ਕਹਿੰਦੇ ਹਨ ਕਿ ਇਕ ਵਾਰ ਸਾਹਿਤ ਤੇ ਸਭਿਆਚਾਰ ਦੇ ਕੁਝ ਪ੍ਰੇਮੀਆਂ ਨੇ ਭਾਰਤ-ਪਾਕਿ ਸਦਭਾਵਨਾ ਵਧਾਉਣ ਬਾਰੇ ਕੁਝ ਕਰਨ ਦੀ ਵਿਉਂਤ ਬਣਾਈ। ਉਨ੍ਹਾਂ ਨੇ ਦੋਵਾਂ ਸਰਕਾਰਾਂ ਤੋਂ ਸਾਹਿਤਕ-ਸਭਿਆਚਾਰਕ ਸਬੰਧਾਂ ਦੇ ਵਾਧੇ ਦੀ ਮੰਗ ਕਰਦਾ ਹੋਇਆ ਇਕ ਬਿਆਨ ਤਿਆਰ ਕੀਤਾ ਅਤੇ ਉਸ ਉਤੇ ਲੇਖਕਾਂ, ਕਲਾਕਾਰਾਂ ਤੇ ਹੋਰ ਸਭਿਆਚਾਰਕ ਕਾਮਿਆਂ ਦੇ ਦਸਤਖ਼ਤ ਕਰਾਉਣੇ ਸ਼ੁਰੂ ਕਰ ਦਿੱਤੇ। ਅਜਿਹੇ ਬਿਆਨ ਉਤੇ ਸਤਿਆਰਥੀ ਜੀ ਨੇ ਤਾਂ ਦਸਤਖ਼ਤ ਕਰਨੇ ਹੀ ਹੋਏ ਜਿਨ੍ਹਾਂ ਵਾਸਤੇ ਪਾਕਿਸਤਾਨ ਦੇ ਲੋਕ ਵੀ ਓਨੇ ਹੀ ਆਪਣੇ ਸਨ ਜਿੰਨੇ ਹਿੰਦੋਸਤਾਨ ਦੇ। ਕੁਝ ਦਿਨਾਂ ਮਗਰੋਂ ਸੀæਆਈæਡੀæ ਦਾ ਇਕ ਅਧਿਕਾਰੀ ਨਵੀਂ ਫ਼ਾਈਲ ਵਿਚ ਇਕ ਕੋਰੇ ਕਾਗਜ਼ ਉਤੇ ਇਕ ਅਖ਼ਬਾਰੀ ਖ਼ਬਰ ਦੀ ਕਤਰਨ ਚੇਪ ਕੇ ਆ ਗਿਆ ਜਿਸ ਵਿਚ ਉਸ ਬਿਆਨ ਦਾ ਅਤੇ ਉਸ ਉਤੇ ਦਸਤਖ਼ਤ ਕਰਨ ਵਾਲੇ ਮੋਟੇ ਮੋਟੇ ਨਾਂਵਾਂ ਦਾ ਜ਼ਿਕਰ ਸੀ। ਉਹ ਇਕ ਇਕ ਕਰ ਕੇ ਅਨੇਕ ਸਵਾਲ ਪੁੱਛੀ ਗਿਆ, “ਬਿਆਨ ਦੇ ਪਿਛੇ ਕੌਣ ਹੈ? ਕਿਉਂ ਦਿੱਤਾ ਹੈ? ਅਸਲ ਮਨੋਰਥ ਕੀ ਹੈ? ਪਾਕਿਸਤਾਨ ਨਾਲ ਦੋਸਤੀ ਤੋਂ ਤੁਸੀਂ ਲੋਕਾਂ ਨੇ ਕੀ ਲੈਣਾ ਹੈ?” ਖ਼ਾਨਾਪੂਰੀ ਕਰਨ ਮਗਰੋਂ ਫ਼ਾਈਲ ਬੰਦ ਕਰ ਕੇ ਉਹ ਜਾਣ ਲਈ ਤਿਆਰ ਹੋਇਆ।
ਤੁਰਨ ਲਗੇ ਅਧਿਕਾਰੀ ਨੂੰ ਸਤਿਆਰਥੀ ਜੀ ਬੋਲੇ, “ਹਜ਼ੂਰ, ਇਹ ਜੋ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਦਿੱਤੇ ਹਨ, ਉਹ ਜੀ ਇਕ ਤਰ੍ਹਾਂ ਨਾਲ ਅਧੂਰੇ ਹਨ। ਤੁਸੀਂ ਤਾਂ ਕਿਸੇ ਸਵਾਲ ਦਾ ਜਵਾਬ ਮੈਨੂੰ ਪੂਰਾ ਦੇਣ ਹੀ ਨਹੀਂ ਦਿੱਤਾ। ਮੈਨੂੰ ਤੁਸੀਂ ਵਿਚੋਂ ਹੀ ਟੋਕ ਟੋਕ ਕੇ ਚੁੱਪ ਕਰਾਉਂਦੇ ਰਹੇ। ਇਕ ਛੋਟੀ ਜਿਹੀ ਰਚਨਾ ਸੁਣਦੇ ਜਾਵੋ ਜੋ ਤੁਹਾਨੂੰ ਸਰਕਾਰੀ ਟਿੱਪਣੀ ਪੂਰੀ ਤੇ ਸਹੀ ਲਿਖਣ ਵਿਚ ਜ਼ਰੂਰ ਸਹਾਈ ਹੋਵੇਗੀ!”
ਉਹ ਖ਼ੁਸ਼ ਹੋ ਕੇ ਥਾਂਏਂ ਬੈਠ ਗਿਆ। ਸਤਿਆਰਥੀ ਜੀ ਨੇ ਚੇਪੀਆਂ ਲਗੀਆਂ ਵਾਲਾ ਇਕ ਮੋਟਾ ਖਰੜਾ ਖੋਲ੍ਹਿਆ ਅਤੇ ਪਾਠ ਅਰੰਭ ਕਰ ਦਿੱਤਾ। ਇਹ ਸਪੱਸ਼ਟ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ ਕਿ ਰਚਨਾ ਦਾ ਭਾਰਤ-ਪਾਕਿ ਸਬੰਧਾਂ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ। ਕੁਝ ਚਿਰ ਪਿਛੋਂ ਅਧਿਕਾਰੀ ਨੇ ਬੇਚੈਨੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਫੇਰ ਉਹ ਸਿਰ ਖੁਰਕਣ ਲੱਗ ਪਿਆ। ਆਖ਼ਰ ਉਹਨੇ ਖੜ੍ਹਾ ਹੋ ਕੇ ਜਾਣ ਲਈ ਹੱਥ ਜੋੜੇ। ਇਨ੍ਹਾਂ ਨੇ ਉਹਦੇ ਜੋੜੇ ਹੋਏ ਹੱਥ ਫੜੇ ਅਤੇ “ਬੱਸ ਜੀ, ਥੋੜ੍ਹਾ ਜਿਹਾ ਰਹਿ ਗਿਆ” ਆਖਦਿਆਂ ਉਹਨੂੰ ਕੁਰਸੀ ਉਤੇ ਇਕ ਤਰ੍ਹਾਂ ਨਾਲ ਸੁੱਟ ਹੀ ਲਿਆ। ਉਹ ਕੁਝ ਮਿੰਟਾਂ ਮਗਰੋਂ ਉਠਣ ਦੀ ਕੋਸ਼ਿਸ਼ ਕਰੇ, ਇਹ ਫੜ ਕੇ ਫੇਰ ਬਿਠਾ ਲੈਣ।
ਆਖ਼ਰ ਜਦੋਂ ਇਨ੍ਹਾਂ ਨੇ ਆਖ਼ਰੀ ਸਤਰਾਂ ਪੜ੍ਹ ਕੇ ਫ਼ਾਈਲ ਸੰਤੋਖੀ, ਤ੍ਰੇਲੀਓ-ਤ੍ਰੇਲੀ ਹੋਏ ਅਧਿਕਾਰੀ ਨੇ ਪੈਰੀਂ ਡਿਗ ਕੇ ਰੋਣਹਾਕੀ ਆਵਾਜ਼ ਵਿਚ ਕਿਹਾ, “ਗੁਰੂ ਜੀ, ਜੋ ਬਿਆਨ ਮਰਜ਼ੀ ਦੇਵੋ। ਲੇਖਕਾਂ ਦੇ ਤਾਂ ਕੀ, ਭਾਵੇਂ ਪਾਕਿਸਤਾਨ ਦੀ ਫ਼ੌਜ ਦੇ ਪੱਖ ਵਿਚ ਬੋਲੋ। ਮੈਨੂੰ ਹੁਣ ਸਰਕਾਰ ਨੌਕਰੀਉਂ ਤਾਂ ਭਾਵੇਂ ਕੱਢ ਦੇਵੇ, ਮੈਂ ਪੁੱਛਗਿੱਛ ਕਰਨ ਤੁਹਾਡਾ ਬੂਹਾ ਤਾਂ ਅਗੇ ਤੋਂ ਵੜਨੋਂ ਰਿਹਾ!” ਤੇ ਉਹ ਫੇਰ ਕਦੀ ਸਤਿਆਰਥੀ ਜੀ ਦੇ ਘਰ ਵਾਲੀ ਗਲੀ ਤਾਂ ਕੀ, ਘਰ ਦੇ ਨੇੜਿਉਂ ਲੰਘਦੀ ਵੱਡੀ ਸੜਕ, ਰੋਹਤਕ ਰੋਡ ਦੇ ਨੇੜੇ-ਤੇੜੇ ਵੀ ਦਿਖਾਈ ਨਹੀਂ ਦਿੱਤਾ।
ਇਕ ਦਿਨ ਮੈਂ ਆਪਣੇ ਰੂਸੀ ਦਫ਼ਤਰੋਂ ਆ ਕੇ ਕਨਾਟ ਪਲੇਸ ਦੇ ਪਲਾਜ਼ਾ ਸਿਨਮੇ ਕੋਲੋਂ ਚਾਂਦਨੀ ਚੌਕ ਵਾਲੇ ਫਟਫਟੇ ਉਤੇ ਚੜ੍ਹਨ ਲਗਿਆ। ਨੇੜੇ ਹੀ ਖਲੋਤੇ ਸਤਿਆਰਥੀ ਜੀ ਕਿਸੇ ਨੂੰ ਰਚਨਾ ਸੁਣਾ ਰਹੇ ਸਨ। ਸਰੋਤਾ ਤਪੀ ਹੋਈ ਧਰਤੀ ਉਤੇ ਖਲੋਤਿਆਂ ਵਾਂਗ ਕਦੀ ਖੱਬਾ ਪੈਰ ਚੁਕ ਲਵੇ, ਕਦੀ ਸੱਜਾ। ਉਹਦੇ ਚਿਹਰੇ ਉਤੋਂ ਪਰੇਸ਼ਾਨੀ ਮੁੜ੍ਹਕਾ ਬਣ-ਬਣ ਚੋ ਰਹੀ ਸੀ। ਨਵਯੁਗ ਚਲਣ ਦੇ ਸੱਦੇ ਦੇ ਜਵਾਬ ਵਿਚ ਉਹ ਬੋਲੇ, “ਮੇਰੇ ਲਈ ਇਕ ਸੀਟ ਰੱਖ ਛੱਡਣੀ” ਅਤੇ ਫੇਰ ਖਰੜੇ ਦੇ ਪਾਠ ਵਿਚ ਮਗਨ ਹੋ ਗਏ। ਇਕ-ਇਕ ਕਰ ਕੇ ਸਵਾਰੀਆਂ ਆਉਂਦੀਆਂ ਗਈਆਂ। ਜਦੋਂ ਆਖਰੀ ਸੀਟ ਰਹਿ ਗਈ, ਮੇਰੇ ਆਵਾਜ਼ ਦਿੱਤਿਆਂ ਉਹ ਮੂੰਹ ਵਿਚਲੇ ਸ਼ਬਦ ਨਾਲ ਹੀ ਭੋਗ ਪਾ ਕੇ ਤੁਰ ਪਏ ਅਤੇ ਬਦਕਿਸਮਤ ਸਰੋਤਾ ਟੋਕਰੇ ਹੇਠੋਂ ਛੁੱਟੇ ਕਾਂ ਵਾਂਗ ਪਤਾ ਹੀ ਨਹੀਂ ਕਿਧਰ ਉਡਾਰੀ ਲਾ ਗਿਆ।
ਆ ਕੇ ਮੇਰੇ ਨਾਲ ਦੀ ਸੀਟ ਉਤੇ ਬੈਠੇ ਤਾਂ ਮੈਂ ਪੁਛਿਆ, “ਸਤਿਆਰਥੀ ਜੀ, ਤੁਹਾਡਾ ਇਹ ਸਰੋਤਾ ਕੌਣ ਸੀ?” ਬੋਲੇ, “ਪਤਾ ਨਹੀਂ ਜੀ ਕੌਣ ਸੀ। ਦਰਅਸਲ ਜੀ ਉਹਨੇ ਮੈਥੋਂ ਰੀਗਲ ਥੇਟਰ ਦਾ ਰਾਹ ਪੁੱਛਿਆ ਸੀ। ਮੈਂ ਕਿਹਾ, ਰੀਗਲ ਦਾ ਰਾਹ ਵੀ ਦਸਦੇ ਹਾਂ, ਪਹਿਲਾਂ ਇਹ ਦੋ ਕੁ ਪੰਨੇ ਤਾਂ ਸੁਣੋ!”
ਤੇ ਫੇਰ ਉਹ ਪ੍ਰਸਿੱਧ ਘਟਨਾ, ਜਦੋਂ ਲਾਲ ਕਿਲੇ ਦੇ ਸਾਹਮਣੇ ਵਾਲੇ ਘਾਹ ਉਤੇ ਉਨ੍ਹਾਂ ਨੇ ਇਕ ਸਰੋਤਾ ਲੱਭ ਲਿਆ ਸੀ। ਧਿਆਨ ਖਰੜੇ ਵਲ ਲਗਿਆ ਦੇਖ ਸਰੋਤੇ ਦਾ ਖਿਸਕ ਜਾਣਾ ਰੋਕਣ ਲਈ ਇਨ੍ਹਾਂ ਨੇ ਉਹਦੀ ਜਾਕਟ ਦਾ ਬਟਨ ਘੁੱਟ ਕੇ ਫੜ ਲਿਆ। ਨਿਸਚਿੰਤ ਹੋ ਕੇ, ਮਚਾਕੇ ਲਾ-ਲਾ ਕੇ ਪਾਠ ਮੁਕਾਇਆ ਤਾਂ ਦੇਖਿਆ ਸਰੋਤਾ ਪਤਾ ਨਹੀਂ ਕਦੋਂ ਜਾਨ ਬਚਾ ਕੇ ਭੱਜ ਗਿਆ ਸੀ। ਸਤਿਆਰਥੀ ਜੀ ਦੇ ਖਰੜਾ-ਪਾਠ ਤੋਂ ਬਚਣ ਲਈ ਨੇੜੇ ਹੀ ਰੇੜ੍ਹੀ ਲਾ ਕੇ ਖਲੋਤੇ ਅਮਰੂਦ ਵੇਚਣ ਵਾਲੇ ਤੋਂ ਚਾਕੂ ਲੈ ਕੇ ਉਹਨੇ ਆਪਣੀ ਜਾਕਟ ਦੀ ਟਾਕੀ ਹੀ ਲਾਹ ਛੱਡੀ ਸੀ ਅਤੇ ਵਢੀ ਹੋਈ ਉਹ ਗਿੱਠ-ਭਰ ਟਾਕੀ ਸਤਿਆਰਥੀ ਜੀ ਦੇ ਹੱਥ ਵਿਚ ਫੜੇ ਹੋਏ ਬਟਨ ਨਾਲ ਲਾਲ ਕਿਲੇ ਦੇ ਝੰਡੇ ਵਾਂਗ ਝੂਲ ਰਹੀ ਸੀ।
ਖਰੜਾ ਸੁਣਾਉਣ ਦੀ ਉਨ੍ਹਾਂ ਦੀ ਆਦਤ ਦੀਆਂ ਅਨੇਕ ਕਹਾਣੀਆਂ ਹਨ ਅਤੇ ਹਰ ਕਹਾਣੀ ਪਹਿਲੀ ਤੋਂ ਵੱਧ ਦਿਲਚਸਪ ਤੇ ਹੈਰਾਨਕੁਨ ਹੈ। ਜ਼ਰੂਰੀ ਨਹੀਂ ਸੀ ਕਿ ਉਹ ਰਚਨਾ ਸੁਣਾਉਣੀ ਮੁੱਢੋਂ ਹੀ ਸ਼ੁਰੂ ਕਰਦੇ। ਜਿਥੋਂ ਖਰੜਾ ਖੁੱਲ੍ਹ ਗਿਆ, ਉਥੋਂ ਹੀ ਠੀਕ ਸੀ। ਜੇ ਸਰੋਤਾ ਕੋਈ ਬਹਾਨਾ ਬਣਾ ਕੇ ਜਾਂ ਤਰਲਾ-ਮਿੰਨਤ ਕਰ ਕੇ ਵਿਦਾ ਹੋਣ ਵਿਚ ਸਫਲ ਹੋ ਜਾਵੇ ਜਾਂ ਇਨ੍ਹਾਂ ਨੂੰ ਹੀ ਕਿਸੇ ਕਾਰਨ ਉਥੋਂ ਤੁਰਨਾ ਪੈ ਜਾਵੇ ਤਾਂ ਪੰਨਾ ਜਾਂ ਪੈਰਾ ਮੁਕਾਉਣਾ ਵੀ ਕੋਈ ਜ਼ਰੂਰੀ ਨਹੀਂ ਸੀ ਹੁੰਦਾ। ਜੋ ਸ਼ਬਦ ਮੂੰਹ ਵਿਚ ਹੈ, ਉਥੇ ਹੀ ਸ਼ੁਭ-ਸਮਾਪਤੀ!