ਨੱਥੂ ਰਾਮ ਗੋਡਸੇ ਦਾ ਇਕਬਾਲੀਆ ਬਿਆਨ
ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਨੇ ਇਹ ਬਿਆਨ 5 ਮਈ 1949 ਨੂੰ ਅਦਾਲਤ ਵਿਚ ਦਿੱਤਾ। ਵਾਰਦਾਤ ਮਗਰੋਂ ਨੰਦਲਾਲ ਮਹਿਤਾ ਵਲੋਂ ਦਿੱਲੀ ਦੇ ਤੁਗਲਕ ਰੋਡ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਜਿਸ ਦੀ ਸੁਣਵਾਈ 27 ਮਈ 1948 ਨੂੰ ਸ਼ੁਰੂ ਹੋਈ ਤੇ 10 ਫਰਵਰੀ 1949 ਨੂੰ ਮੁੱਕੀ। ਗੋਡਸੇ ਨੂੰ ਫਾਂਸੀ ਦੀ ਸਜ਼ਾ ਹੋਈ।
ਗੋਡਸੇ ਦੇ ਬਿਆਨ ਬਾਰੇ ਬੈਂਚ ਦੇ ਇਕ ਜੱਜ ਜੀæਡੀæ ਖੋਸਲਾ ਨੇ ਬਾਅਦ ਵਿਚ ਲਿਖਿਆ ਸੀ ਕਿ “ਜੇ ਕਿਤੇ ਗੋਡਸੇ ਨੂੰ ਕਿਹਾ ਜਾਂਦਾ, ਪਬਲਿਕ ਵਿਚ ਆਪਣਾ ਬਿਆਨ ਦੇਹ; ਤੇਰੇ ਕੇਸ ਦਾ ਫੈਸਲਾ ਪਬਲਿਕ ਕਰੇ ਤਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਗੋਡਸੇ ਨੂੰ ਬਰੀ ਕਰ ਦੇਣਾ ਸੀ।” ਸੱਚਮੁੱਚ ਗੋਡਸੇ ਦਾ ਇਹ ਇਕਬਾਲੀਆ ਬਿਆਨ ਆਪਣੇ ਆਪ ਵਿਚ ਬੜਾ ਕੁਝ ਬਿਆਨ ਕਰ ਰਿਹਾ ਹੈ। ਇਸ ਵਿਚ ਬਹੁਤ ਕੁਝ ਅਣਕਿਹਾ ਵੀ ਹੈ ਜਿਸ ਦੀਆਂ ਘੁੰਡੀਆਂ ਫਿਰ ਆਰæਐਸ਼ਐਸ਼ ਦੀਆਂ ਬਾਅਦ ਵਾਲੀਆਂ ਸਰਗਰਮੀਆਂ ਨਾਲ ਖੁੱਲ੍ਹਦੀਆਂ ਹਨ। ਰਾਸ਼ਟਰਵਾਦ ਦਾ ਜਨੂੰਨ ਉਹਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਜਨੂੰਨ ਦੀ ਪੜ੍ਹਤ ਲਈ ਅਸੀਂ ਇਹ ਲਿਖਤ ਛਾਪ ਰਹੇ ਹਾਂ, ਜਿਸ ਦਾ ਤਰਜਮਾ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ।
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪਾਕਿਸਤਾਨ ਬਣਨ ਦੀ ਸਾਰੀ ਜ਼ਿਮੇਵਾਰੀ ਕੀ ਹਿੰਦੁਸਤਾਨੀ ਮੁਸਲਮਾਨਾਂ ਸਿਰ ਹੈ? ਜਿਨ੍ਹਾਂ ਭਾਰਤੀ ਮੁਸਲਮਾਨਾਂ ਨੇ 1945 ਵਿਚ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ, ਜਦੋਂ ਪਾਕਿਸਤਾਨ ਬਣ ਗਿਆ, ਉਹ ਸੁੰਨ ਹੋ ਗਏ, ਉਨ੍ਹਾਂ ਦੇ ਪੈਰਾਂ ਹੋਠੋਂ ਜ਼ਮੀਨ ਨਿਕਲ ਗਈ। ਹਿੰਦੂ ਲੀਡਰਾਂ ਨੇ ਜਿਨਾਹ ਦੀ ਦੇਸ਼-ਵੰਡ ਦੀ ਤਜਵੀਜ਼ ਕਿਉਂ ਮੰਨੀ? ਜਿਨ੍ਹਾਂ ਲੋਕਾਂ ਨੇ ਕੌਮੀਅਤ ਦਾ ਆਧਾਰ ਧਰਮ ਨੂੰ ਨਹੀਂ ਮੰਨਿਆ, ਉਨ੍ਹਾਂ ਨੇ ਧਰਮ ਅਧਾਰਤ ਬਟਵਾਰਾ ਕਿਉਂ ਮੰਨ ਲਿਆ? ਰਾਸ਼ਟਰੀ ਲੀਡਰਸ਼ਿਪ ਨੇ ਉਨ੍ਹਾਂ ਮੁਸਲਮਾਨਾਂ ਨਾਲ ਧਰੋਹ ਕਮਾਇਆ ਜਿਹੜੇ ਦੇਸ਼-ਵੰਡ ਖਿਲਾਫ ਸਨ। ਭਾਰਤੀ ਮੁਸਲਮਾਨਾਂ ਅੰਦਰ 1947 ਤੋਂ ਬਾਅਦ ਬੇਗਾਨਗੀ ਦਾ ਯੁਗ ਸ਼ੁਰੂ ਹੁੰਦਾ ਹੈ।
-ਸ਼ਾਇਰ, ਅਫਸਾਨਾ ਨਵੀਸ, ਮੁਗਲੇਆਜ਼ਮ ਅਤੇ ਮਹਾਂਭਾਰਤ ਦਾ ਸੰਵਾਦ ਲੇਖਕ ਰਾਹੀ ਮਾਸੂਮ ਰਜ਼ਾ।
ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਵਲੋਂ 5 ਮਈ 1949 ਨੂੰ ਦਿੱਤਾ ਅਦਾਲਤ ਵਿਚਲਾ ਬਿਆਨ। ਵਾਰਦਾਤ ਮਗਰੋਂ ਨੰਦਲਾਲ ਮਹਿਤਾ ਵਲੋਂ ਦਿੱਲੀ ਦੇ ਤੁਗਲਕ ਰੋਡ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ, ਜਿਸ ਦੀ ਸੁਣਵਾਈ 27 ਮਈ 1948 ਨੂੰ ਸ਼ੁਰੂ ਹੋਈ ਤੇ 10 ਫਰਵਰੀ 1949 ਨੂੰ ਮੁੱਕੀ। ਫਾਂਸੀ ਦੀ ਸਜ਼ਾ ਹੋਈ, ਪੰਜਾਬ ਹਾਈਕੋਰਟ ਸ਼ਿਮਲਾ ਨੇ ਪੁਸ਼ਟੀ ਕੀਤੀ। ਗੋਡਸੇ ਦਾ ਬਿਆਨ ਇਨਾ ਬਾਦਲੀਲ ਤੇ ਤਾਕਤਵਰ ਸੀ ਕਿ ਬੈਂਚ ਦੇ ਇਕ ਜੱਜ ਜੀæਡੀæ ਖੋਸਲਾ ਨੇ ਬਾਅਦ ਵਿਚ ਲਿਖਿਆ, “ਜੇ ਕਿਤੇ ਗੋਡਸੇ ਨੂੰ ਕਿਹਾ ਜਾਂਦਾ, ਪਬਲਿਕ ਵਿਚ ਆਪਣਾ ਬਿਆਨ ਦੇਹ, ਤੇਰੇ ਕੇਸ ਦਾ ਫੈਸਲਾ ਪਬਲਿਕ ਕਰੇ ਤਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਗੋਡਸੇ ਨੂੰ ਬਰੀ ਕਰ ਦੇਣਾ ਸੀ।”
ਇਕਬਾਲੀਆ ਬਿਆਨ: ਸ਼ਰਧਾਵਾਨ ਬ੍ਰਾਹਮਣ ਪਰਿਵਾਰ ਵਿਚ ਜੰਮਿਆ ਹੋਣ ਕਰਕੇ ਕੁਦਰਤਨ ਮੈਂ ਹਿੰਦੂ ਧਰਮ, ਹਿੰਦੂ ਇਤਿਹਾਸ ਅਤੇ ਹਿੰਦੂ ਰਵਾਇਤਾਂ ਦਾ ਅਦਬ ਕਰਦਾ ਸਾਂ। ਮੈਨੂੰ ਹਿੰਦੂ ਮੱਤ ਉਪਰ ਮਾਣ ਸੀ। ਜਦੋਂ ਮੇਰੀ ਸੁਰਤ ਸੰਭਲੀ, ਮੈਂ ਧਾਰਮਿਕ ਤੇ ਸਿਆਸੀ ਵਿਵਾਦਾਂ, ਅੰਧ-ਵਿਸ਼ਵਾਸਾਂ ਤੋਂ ਮੁਕਤ ਹੋਣ ਲੱਗਾ। ਜਨਮ ਅਧਾਰਤ ਊਚ-ਨੀਚ, ਜਾਤ-ਪਾਤ ਦੇ ਖਾਤਮੇ ਵਾਸਤੇ ਕੰਮ ਕਰਨ ਲੱਗ ਪਿਆ। ਮੇਰਾ ਵਿਸ਼ਵਾਸ ਸੀ ਕਿ ਊਚ-ਨੀਚ ਦਾ ਰੁਤਬਾ ਬੰਦੇ ਦੇ ਕੰਮ ਨਿਰਧਾਰਤ ਕਰਦੇ ਹਨ, ਜਨਮ ਨਹੀਂ। ਇਸ ਕਰਕੇ ਮੈਂ ਛੂਆ-ਛੂਤ ਵਿਰੋਧੀ ਸੰਗਠਨ ਆਰæਐਸ਼ਐਸ਼ ਦਾ ਮੈਂਬਰ ਬਣ ਗਿਆ।
ਮੈਂ ਜਾਤ ਮੁਕਤ ਲੰਗਰ ਵਿਚ ਭੋਜਨ ਛਕਦਾ ਜਿਥੇ ਬ੍ਰਾਹਮਣ, ਖੱਤਰੀ, ਵੈਸ਼, ਚਮਾਰ ਅਤੇ ਭੰਗੀ ਇਕੱਠੇ ਖਾਣਾ ਖਾਂਦੇ। ਜਾਤ-ਪਾਤ ਦੇ ਨਿਯਮ ਤੋੜ ਕੇ ਅਸੀਂ ਇਕੱਠੇ ਬੈਠਦੇ। ਮੈਂ ਰਾਵਣ, ਚਾਣਕਯ, ਦਾਦਾਭਾਈ ਨਾਰੋਜੀ, ਵਿਵੇਕਾਨੰਦ, ਗੋਖਲੇ ਅਤੇ ਤਿਲਕ ਦੀਆਂ ਲਿਖਤਾਂ ਪੜ੍ਹੀਆਂ। ਭਾਰਤ, ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਦਾ ਪੁਰਾਤਨ ਤੇ ਆਧੁਨਿਕ ਇਤਿਹਾਸ ਪੜ੍ਹਿਆ। ਮੈਂ ਸਮਾਜਵਾਦ ਅਤੇ ਮਾਰਕਸਵਾਦ ਬਾਰੇ ਜਾਣਿਆ। ਸਭ ਤੋਂ ਵਧੀਕ ਨੀਝ ਨਾਲ ਮੈਂ ਵੀਰ ਸਾਵਰਕਰ ਅਤੇ ਗਾਂਧੀ ਜੀ ਦੀਆਂ ਲਿਖਤਾਂ ਅਤੇ ਤਕਰੀਰਾਂ ਪੜ੍ਹੀਆਂ-ਸੁਣੀਆਂ। ਮੇਰੇ ਖਿਆਲ ਵਿਚ ਪਿਛਲੇ 30 ਸਾਲਾਂ ਦੌਰਾਨ ਭਾਰਤੀਆਂ ਦਾ ਮਨ ਅਤੇ ਕਾਰਜ ਘੜਨ ਵਿਚ ਇਨ੍ਹਾਂ ਦੋ ਸ਼ਖਸਾਂ ਨੇ ਸਭ ਤੋਂ ਵਧੀਕ ਅਸਰ ਪਾਇਆ।
ਉਕਤ ਅਧਿਐਨ ਪਿਛੋਂ ਮੇਰਾ ਵਿਸ਼ਵਾਸ ਬਣਿਆ ਕਿ ਵਿਸ਼ਵ ਨਾਗਰਿਕ ਵਜੋਂ ਅਤੇ ਦੇਸ਼ ਭਗਤ ਹੋਣ ਨਾਤੇ ਮੈਂ ਹਿੰਦੂਆਂ ਅਤੇ ਹਿੰਦੂ ਮੱਤ ਵਾਸਤੇ ਕੁਝ ਕਰਾਂ। ਤੀਹ ਕਰੋੜ ਹਿੰਦੂ ਦੁਨੀਆਂ ਦੀ ਕੁੱਲ ਵਸੋਂ ਦਾ ਪੰਜਵਾਂ ਹਿੱਸਾ ਹਨ, ਇਨ੍ਹਾਂ ਦੀ ਆਜ਼ਾਦੀ ਅਤੇ ਹਿਤਾਂ ਦੀ ਸੁਰੱਖਿਆ ਦਾ ਮਤਲਬ ਹਿੰਦੁਸਤਾਨ ਦਾ ਭਲਾ ਕਰਨਾ ਸੀ। ਇਸ ਸੋਚ ਸਦਕਾ ਮੈਨੂੰ ਹਿੰਦੂ ਸੰਗਠਨਵਾਦੀ ਨਜ਼ਰੀਆ ਤੇ ਪ੍ਰੋਗਰਾਮ ਖਿਚ ਪਾਉਂਦਾ।
1920 ਵਿਚ ਲੋਕਮਾਨਿਆ ਤਿਲਕ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਵਿਚ ਗਾਂਧੀ ਜੀ ਦਾ ਪ੍ਰਭਾਵ ਵਧਣ ਲੱਗਾ ਤੇ ਆਖਰ ਸਿਖਰ ‘ਤੇ ਪੁੱਜ ਗਿਆ। ਲੋਕ-ਜਾਗ੍ਰਿਤੀ ਵਾਸਤੇ ਉਸ ਦੇ ਕੀਤੇ ਕੰਮ, ਸੱਚ ਅਤੇ ਅਹਿੰਸਾ ਦੇ ਨਾਅਰੇ ਦਿਲਾਂ ਵਿਚ ਧੂਹ ਪਾਉਂਦੇ ਸਨ ਤੇ ਉਹ ਦੇਸ਼ ਅੱਗੇ ਆਪਣੇ ਖਿਆਲਾਂ ਦੀ ਨੁਮਾਇਸ਼ ਲਾਉਣ ਵਿਚ ਪੂਰਾ ਉਸਤਾਦ ਸੀ। ਸਮਝਦਾਰ ਬੰਦੇ ਨੂੰ ਇਨ੍ਹਾਂ ਨਾਅਰਿਆਂ ਵਿਚ ਕੋਈ ਨੁਕਸ ਨਹੀਂ ਸੀ ਲਗਦਾ ਭਾਵੇਂ ਕਿ ਇਨ੍ਹਾਂ ਵਿਚ ਨਾ ਕੁਝ ਨਵਾਂ ਸੀ, ਨਾ ਮੌਲਿਕ। ਲੋਕ ਲਹਿਰ ਵਿਚ ਅਜਿਹਾ ਕੁਝ ਹੋਇਆ ਈ ਕਰਦੈ। ਇਨ੍ਹਾਂ ਨਾਅਰਿਆਂ ਸਦਕਾ ਰੋਜ਼ਮੱਰਾ ਜੀਵਨ ਵਿਚ ਆਮ ਜਨਤਾ ਭਲੀਮਾਣਸ ਹੋ ਜਾਵੇਗੀ, ਇਹ ਸੋਚਣਾ ਮਹਿਜ਼ ਖਾਬੋ-ਖਿਆਲ ਹੈ।
ਸਨਮਾਨ, ਫਰਜ਼, ਪਰਿਵਾਰ ਅਤੇ ਦੇਸ਼ ਨਾਲ ਪਿਆਰ ਦਰਅਸਲ ਅਹਿੰਸਾ ਦੀ ਥਾਂ ਸਾਨੂੰ ਤਾਕਤ ਵਰਤਣ ਵਾਸਤੇ ਮਜਬੂਰ ਕਰਦੇ ਹਨ। ਹਮਲਾਵਰ ਨਾਲ ਹਥਿਆਰਬੰਦ ਮੁਕਾਬਲਾ ਕਰਨਾ ਗਲਤ ਕਿਵੇਂ ਹੋਇਆ? ਹਮਲੇ ਨੂੰ ਪਛਾੜਨ ਅਤੇ ਹਮਲਾਵਰ ਨੂੰ ਕਾਬੂ ਕਰਨ ਨੂੰ ਮੈਂ ਨੈਤਿਕ ਤੇ ਧਾਰਮਿਕ ਫਰਜ਼ ਸਮਝਦਾ ਹਾਂ। ਰਾਮਾਇਣ ਵਿਚ ਸੀਤਾ ਨੂੰ ਮੁਕਤ ਕਰਨ ਵਾਸਤੇ ਰਾਮ ਚੰਦਰ ਖੌਫਨਾਕ ਯੁੱਧ ਲੜ ਕੇ ਰਾਵਣ ਦਾ ਕਤਲ ਕਰਦੇ ਹਨ। ਕੰਸ ਦੀ ਬਦੀ ਦਾ ਖਾਤਮਾ ਕ੍ਰਿਸ਼ਨ ਉਸ ਦਾ ਕਤਲ ਕਰਕੇ ਕਰਦੇ ਹਨ। ਦੋਸਤਾਂ, ਰਿਸ਼ਤੇਦਾਰਾਂ ਸਮੇਤ ਅਰਜਨ ਨੂੰ ਪੂਜਨੀਕ ਭੀਸ਼ਮ ਪਿਤਾਮਾ ਦਾ ਕਤਲ ਕਰਨਾ ਪਿਆ ਕਿਉਂਕਿ ਉਹ ਗਲਤ ਧਿਰ ਨਾਲ ਜਾ ਖਲੋਤੇ ਸਨ। ਰਾਮ, ਕ੍ਰਿਸ਼ਨ ਅਤੇ ਅਰਜਨ ਨੂੰ ਮਹਾਤਮਾ ਗਾਂਧੀ ਵਲੋਂ ਹਿੰਸਾ ਲਈ ਕਸੂਰਵਾਰ ਠਹਿਰਾਉਣਾ ਮੇਰੇ ਖਿਆਲ ਅਨੁਸਾਰ ਮਨੁਖੀ ਕਰਮ ਦੇ ਝਰਨੇ ਦੀ ਰੰਗੀਨੀ ਤੋਂ ਅਗਿਆਨੀ ਹੋਣਾ ਹੈ।
ਛਤਰਪਤੀ ਸ਼ਿਵਾਜੀ ਨੇ ਮੁਸਲਿਮ ਜਬਰ ਨੂੰ ਭਾਰਤ ਵਿਚੋਂ ਪਹਿਲੋਂ ਰੋਕਿਆ, ਫਿਰ ਖਤਮ ਕੀਤਾ। ਹਮਲਾਵਰ ਅਫਜ਼ਲ ਖਾਨ ਨੂੰ ਕਾਬੂ ਕਰਨਾ ਤੇ ਫਿਰ ਕਤਲ ਕਰਨਾ ਨਿਹਾਇਤ ਜਰੂਰੀ ਸੀ, ਨਹੀਂ ਤਾਂ ਖੁਦ ਖਤਮ ਹੋ ਜਾਣਾ ਸੀ। ਸ਼ਿਵਾਜੀ, ਰਾਣਾ ਪ੍ਰਤਾਪ ਤੇ ਗੁਰੂ ਗੋਬਿੰਦ ਸਿੰਘ ਵਰਗੇ ਬੁਲੰਦ ਜੰਗਬਾਜ਼ਾਂ ਨੂੰ ਭਟਕੇ ਦੇਸ਼ ਭਗਤ ਕਹਿਣ ਨਾਲ ਗਾਂਧੀ ਅੰਦਰਲੀ ਗਲਤ ਧਾਰਨਾ ਜੱਗ ਜ਼ਾਹਰ ਹੋ ਗਈ। ਲੱਗੇਗਾ ਵਿਰੋਧਾਭਾਸ ਪਰ ਗਾਂਧੀ ਹਿੰਸਕ ਸ਼ਾਂਤੀ ਦੂਤ ਸੀ ਜਿਸ ਦੇ ਸੱਚ ਅਤੇ ਅਹਿੰਸਾ ਸਦਕਾ ਦੇਸ਼ ਵਾਸੀ ਅਣਕਹੀਆਂ ਮੁਸੀਬਤਾਂ ਦਾ ਸ਼ਿਕਾਰ ਹੋਏ ਜਦਕਿ ਰਾਣਾ ਪ੍ਰਤਾਪ, ਸ਼ਿਵਾਜੀ ਅਤੇ ਗੁਰੂ ਜੀ ਹਮੇਸ਼ਾ ਦਿਲਾਂ ਵਿਚ ਵਸਦੇ ਰਹਿਣਗੇ ਜਿਨ੍ਹਾਂ ਸਦਕਾ ਗੁਲਾਮਾਂ ਨੂੰ ਆਜ਼ਾਦੀ ਮਿਲੀ।
ਬੱਤੀ ਸਾਲਾਂ ਦੀ ਉਕਸਾਹਟ ਉਦੋਂ ਸਿਖਰ ‘ਤੇ ਪੁੱਜੀ ਜਦੋਂ ਮੁਸਲਮਾਨਾਂ ਦੇ ਹੱਕ ਵਿਚ ਗਾਂਧੀ ਨੇ ਵਰਤ ਰੱਖ ਲਿਆ। ਮੈਂ ਇਸ ਨਤੀਜੇ ‘ਤੇ ਪੁੱਜਾ ਕਿ ਇਹ ਤਮਾਸ਼ਾ ਬੰਦ ਹੋਣਾ ਚਾਹੀਦਾ ਹੈ। ਦੱਖਣੀ ਅਫਰੀਕਾ ਵਿਚ ਭਾਰਤੀਆਂ ਦੇ ਭਲੇ ਵਾਸਤੇ ਗਾਂਧੀ ਨੇ ਕਾਫੀ ਕੰਮ ਕੀਤਾ ਪਰ ਜਦੋਂ ਉਹ ਭਾਰਤ ਪਰਤਿਆ ਉਸ ਅੰਦਰ ਭਰਮ ਕਾਇਮ ਹੋ ਗਿਆ ਕਿ ਗਲਤ ਅਤੇ ਸਹੀ ਦਾ ਫੈਸਲਾ ਕਰਨ ਵਾਲਾ ਜੱਜ ਉਹ ਖੁਦ ਇਕੱਲਾ ਹੈ। ਦੇਸ਼ ਨੂੰ ਉਸ ਦੀ ਅਗਵਾਈ ਚਾਹੀਦੀ ਹੈ ਤਾਂ ਮੰਨਣਾ ਪਵੇਗਾ ਕਿ ਉਹ ਅਭੁੱਲ ਹੈ, ਜੇ ਨਹੀਂ ਮੰਨਦੇ, ਉਹ ਕਾਂਗਰਸ ਤੋਂ ਵੱਖ ਰਹਿ ਕੇ ਆਪਣਾ ਰਸਤਾ ਤੈਅ ਕਰੇਗਾ। ਇਸ ਵਤੀਰੇ ਵਿਚ ਕਿਸੇ ਸੋਧ ਸੁਧਾਰ ਦੀ ਗੁੰਜਾਇਸ਼ ਨਹੀਂ ਸੀ। ਕਾਂਗਰਸ ਉਸ ਅੱਗੇ ਆਤਮ ਸਮਰਪਣ ਕਰੇ, ਉਸ ਦੇ ਇਸ਼ਾਰਿਆਂ ‘ਤੇ ਨੱਚੇ, ਉਸ ਦੇ ਆਦਿਵਾਸੀ ਫਲਸਫੇ, ਪਾਗਲਪਣ ਤੇ ਪਿਛਾਖੜੀ ਨਜ਼ਰੀਏ ਨੂੰ ਸੱਤ ਕਰਕੇ ਜਾਣੇ, ਨਹੀਂ ਫਿਰ ਉਸ ਬਗੈਰ ਕੰਮ ਚਲਾ ਕੇ ਦੇਖ ਲਏ।
ਹਰੇਕ ਮਸਲੇ ਦਾ ਜੱਜ ਉਹੀ ਸੀ ਕੇਵਲ। ਸਿਵਲ ਨਾਫੁਰਮਾਨੀ ਕਿਵੇਂ ਚਲਾਉਣੀ ਹੈ, ਉਹ ਦੱਸੇਗਾ, ਹੋਰ ਕਿਸੇ ਨੂੰ ਪਤਾ ਨਹੀਂ, ਕਦੋਂ ਅੰਦੋਲਨ ਸ਼ੁਰੂ ਕਰੇ, ਕਦੋਂ ਮੁਕਾਏ, ਬੇਸ਼ਕ ਸਫਲ ਹੋਏ ਜਾਂ ਫੇਲ੍ਹ, ਲੋਕਾਂ ਦਾ ਘਾਣ ਹੋਏ ਜਾਂ ਸਿਆਸੀ ਨੁਕਸਾਨ, ਇਨ੍ਹਾਂ ਗੱਲਾਂ ਦਾ ਮਹਾਤਮਾ ਉਪਰ ਕੋਈ ਅਸਰ ਨਹੀਂ ਕਿਉਂਕਿ ਉਹ ਅਭੁੱਲ ਹੈ। ਆਪਣੇ ਆਪ ਨੂੰ ਅਭੁੱਲ ਸਾਬਤ ਕਰਨ ਲਈ ਉਸ ਨੇ ਨਾਹਰਾ ਘੜਿਆ, ‘ਸਤਿਆਗ੍ਰਹਿ’ ਕਦੀ ਫੇਲ੍ਹ ਨਹੀਂ ਹੁੰਦਾ।’ ਸਤਿਆਗ੍ਰਹਿ ਹੁੰਦਾ ਕੀ ਹੈ? ਇਸ ਬਾਰੇ ਕੇਵਲ ਉਹੀ ਜਾਣਦਾ ਹੈ, ਹੋਰ ਕਿਸੇ ਨੂੰ ਪਤਾ ਨਹੀਂ। ਇਉਂ ਮਹਾਤਮਾ ਆਪਣੇ ਮੁਕੱਦਮੇ ਦਾ ਜੱਜ ਆਪ ਬਣ ਗਿਆ। ਬਚਗਾਨਾ ਪਾਗਲਪਣ ਤੇ ਸਖਤ ਆਤਮਸੰਜਮ ਇਕੱਠੇ ਹੋ ਗਏ ਜਿਸ ਨਾਲ ਉਹ ਅਮੋੜ ਅਤੇ ਅਪਹੁੰਚ ਹੋ ਗਿਆ।
ਬਹੁਤ ਲੋਕ ਜਾਣਦੇ ਸਨ ਕਿ ਉਸ ਦੀ ਸਿਆਸਤ ਤਰਕ ਵਿਹੂਣੀ ਹੈ, ਜਾਂ ਉਹ ਕਾਂਗਰਸ ਵਿਚੋਂ ਨਿਕਲ ਜਾਣ ਜਾਂ ਫਿਰ ਸਿਰ ਸੁੱਟ ਕੇ ਆਪਣੀ ਅਕਲ ਉਸ ਦੇ ਕਦਮਾਂ ਵਿਚ ਅਰਪਣ ਕਰਨ, ਉਹ ਜਿਵੇਂ ਚਾਹੇ ਵਰਤੇ। ਅਨੰਤ ਗੈਰ ਜ਼ਿੰਮੇਵਾਰੀ ਦੇ ਸਿਖਰ ਉਪਰ ਪੁੱਜ ਕੇ ਉਸ ਨੇ ਕਦਮ-ਕਦਮ ‘ਤੇ ਗਲਤੀਆਂ ਕਰਨ ਦਾ ਅਪਰਾਧ ਕੀਤਾ, ਅਸਫਲਤਾ ਦਰ ਅਸਫਲਤਾ, ਬਰਬਾਦੀ ਦਰ ਬਰਬਾਦੀ।
ਭਾਰਤ ਦੀ ਰਾਸ਼ਟਰੀ ਭਾਸ਼ਾ ਦੇ ਮਸਲੇ ਸਮੇਂ ਜਦੋਂ ਉਹ ਮੁਸਲਿਮ ਪੱਖੀ ਹੋ ਗਿਆ, ਉਦੋਂ ਉਸ ਦੇ ਘਟੀਆ ਰਵੱਈਏ ਦੀ ਸਮਝ ਆ ਗਈ। ਹਿੰਦੀ ਨੂੰ ਪ੍ਰਥਮ ਸਥਾਨ ਕਿਉਂ ਨਾ ਮਿਲੇ? ਸ਼ੁਰੂ ਵਿਚ ਉਹ ਹਿੰਦੀ ਦਾ ਹਮਾਇਤੀ ਸੀ ਪਰ ਜਦੋਂ ਦੇਖਿਆ ਮੁਸਲਮਾਨਾਂ ਨੂੰ ਹਿੰਦੀ ਪਸੰਦ ਨਹੀਂ, ਉਹ ਹਿੰਦੁਸਤਾਨੀ ਦੇ ਹੱਕ ਵਿਚ ਹੋ ਗਿਆ। ਹਰੇਕ ਭਾਰਤੀ ਨੂੰ ਪਤਾ ਹੈ ਹਿੰਦੁਸਤਾਨੀ ਨਾਮ ਦੀ ਕੋਈ ਭਾਸ਼ਾ ਨਹੀਂ। ਇਸ ਦੀ ਕੋਈ ਵਿਆਕਰਣ ਨਹੀਂ, ਸ਼ਬਦਾਵਲੀ ਨਹੀਂ। ਇਹ ਉਪ ਭਾਸ਼ਾ ਹੈ ਜੋ ਕੇਵਲ ਬੋਲੀ ਜਾਂਦੀ ਹੈ, ਲਿਖੀ ਨਹੀਂ ਜਾਂਦੀ। ਹਿੰਦੀ-ਉਰਦੂ ਮਿਲਾਪ ਤੋਂ ਬਣੀ ਇਹ ਦੋਗਲੀ ਬੋਲੀ ਹੈ ਜਿਸ ਨੂੰ ਮਹਾਤਮਾ ਦੀ ਸਿਆਣਪ ਵੀ ਹਰਮਨ ਪਿਆਰੀ ਨਹੀਂ ਬਣਾ ਸਕੀ। ਮੁਸਲਮਾਨਾਂ ਨੂੰ ਖੁਸ਼ ਰੱਖਣ ਦੀ ਮਨਸ਼ਾ ਨਾਲ ਉਸ ਨੇ ਚਾਹਿਆ ਹਿੰਦੁਸਤਾਨੀ ਸਾਰੇ ਭਾਰਤ ਦੀ ਕੌਮੀ ਜ਼ਬਾਨ ਹੋਵੇ। ਉਸ ਦੇ ਅੰਨ੍ਹੇ ਮੁਰੀਦਾਂ ਨੇ ਉਸ ਦੀ ਮੰਨਣੀ ਹੀ ਸੀ, ਦੋਗਲੀ ਬੋਲੀ ਉਹ ਵੀ ਬੋਲਣ ਲਗ ਪਏ। ਹਿੰਦੀ ਦੀ ਸੁੰਦਰਤਾ ਅਤੇ ਪਾਕੀਜ਼ਗੀ ਕੋਠੇ ‘ਤੇ ਬਿਠਾ ਦਿੱਤੀ ਤਾਂ ਕਿ ਮੁਸਲਮਾਨ ਖੁਸ਼ ਹੋ ਜਾਣ। ਉਸ ਨੇ ਆਪਣੇ ਸਾਰੇ ਤਜਰਬੇ ਹਿੰਦੂਆਂ ਦੀ ਕੀਮਤ ਤਾਰ ਕੇ ਕੀਤੇ।
ਅਗਸਤ 1946 ਤੋਂ ਪਿਛੋਂ ਮੁਸਲਮਾਨਾਂ ਦੀਆਂ ਪ੍ਰਾਈਵੇਟ ਫੌਜਾਂ ਨੇ ਹਿੰਦੂਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਤਤਕਾਲੀ ਵਾਇਸਰਾਏ ਲਾਰਡ ਵੇਵਿਲ, ਗੌਰਮੈਂਟ ਆਫ ਇੰਡੀਆ ਐਕਟ 1935 ਲਾਗੂ ਕਰਕੇ ਬਲਾਤਕਾਰ, ਕਤਲ ਅਤੇ ਲੁਟਖੋਰ ਰੋਕ ਸਕਦਾ ਸੀ, ਨਹੀਂ ਰੋਕੇ। ਬੰਗਾਲ ਤੋਂ ਕਰਾਚੀ ਤੱਕ ਹਿੰਦੂ ਖੂਨ ਵਗਿਆ ਭਾਵੇਂ ਕਿਤੇ ਕਿਤੇ ਹਿੰਦੂਆਂ ਨੇ ਮੁਕਾਬਲਾ ਵੀ ਕੀਤਾ। ਸਤੰਬਰ ਵਿਚ ਅੰਤ੍ਰਿਮ ਸਰਕਾਰ ਬਣੀ ਜਿਸ ਨੂੰ ਸਰਕਾਰ ਦੇ ਹੀ ਮੁਸਲਿਮ ਲੀਗੀ ਮੈਂਬਰ ਨੇ ਸਾਬੋਤਾਜ ਕਰ ਦਿੱਤਾ। ਜਿਉਂ ਜਿਉਂ ਮੁਸਲਮਾਨ, ਸਰਕਾਰ ਨਾਲ ਦਗਾ ਕਰਦੇ ਗਏ, ਗਾਂਧੀ ਦਾ ਉਨ੍ਹਾਂ ਪ੍ਰਤੀ ਹੇਜ ਵਧਦਾ ਗਿਆ। ਲਾਰਡ ਵੇਵਿਲ ਕੋਈ ਹੱਲ ਨਾ ਕੱਢ ਸਕਿਆ ਤਾਂ ਅਸਤੀਫਾ ਦੇ ਗਿਆ ਤੇ ਲਾਰਡ ਮਾਊਂਟਬੈਟਨ ਆ ਗਿਆ। ਬਾਬਾ ਮਰਿਆ ਗੁਲਾਬੋ ਜੰਮੀ।
ਰਾਸ਼ਟਰਵਾਦ ਤੇ ਸਮਾਜਵਾਦ ਦਾ ਢੰਡੋਰਾ ਪਿੱਟਣ ਵਾਲੀ ਕਾਂਗਰਸ ਨੇ ਅੰਦਰਖਾਤੇ ਪਾਕਿਸਤਾਨ ਦੇਣਾ ਮੰਨ ਲਿਆ, ਯਾਨਿ ਜਿਨਾਹ ਦੇ ਨੇਜ਼ੇ ਅਗੇ ਗੋਡੇ ਟੇਕ ਦਿੱਤੇ। ਭਾਰਤ ਦਾ ਜਿਉਂਦਾ ਵਸਦਾ ਤੀਜਾ ਹਿੱਸਾ ਕੱਟ ਵੱਢ ਕੇ 15 ਅਗਸਤ 1947 ਨੂੰ ਸਾਡੇ ਵਾਸਤੇ ਪਰਦੇਸ ਕਰ ਦਿੱਤਾ।
ਕਾਂਗਰਸ ਨੇ ਕਿਹਾ ਕਿ ਮਾਉਂਟਬੈਟਨ ਵਰਗਾ ਮਹਾਨ ਵਾਇਸਰਾਏ ਭਾਰਤ ਵਿਚ ਪਹਿਲਾਂ ਕਦੀ ਨਹੀਂ ਆਇਆ। ਭਾਰਤ ਨੂੰ ਸੱਤਾ ਸੌਂਪਣ ਦੀ ਤਰੀਕ 30 ਜੂਨ 1948 ਮਿਥੀ ਗਈ ਪਰ ਮਾਉਂਟਬੈਟਨ ਨੇ ਆਪ੍ਰੇਸ਼ਨ ਕਰਕੇ ਵਢਿਆ ਭਾਰਤ ਦਸ ਮਹੀਨੇ ਪਹਿਲਾਂ ਸੌਂਪ ਦਿੱਤਾ। ਇਹ ਹੈ ਉਹ ਤੋਹਫਾ, ਜਿਹੜਾ ਤੀਹ ਸਾਲ ਦੀ ਤਾਨਾਸ਼ਾਹੀ ਕਰਨ ਮਗਰੋਂ ਗਾਂਧੀ ਨੇ ਹਾਸਲ ਕੀਤਾ, ਇਸ ਨੂੰ ਕਾਂਗਰਸ ਆਜ਼ਾਦੀ ਆਖਦੀ ਹੈ, Ḕਸੱਤਾ ਦਾ ਸ਼ਾਂਤਮਈ ਤਬਾਦਲਾ।Ḕ ਹਿੰਦੂ-ਮੁਸਲਿਮ ਏਕਤਾ ਦਾ ਬੁਲਬੁਲਾ ਆਖਰ ਫਟ ਗਿਆ। ਨਹਿਰੂ ਅਤੇ ਉਸ ਦੀ ਜੁੰਡਲੀ ਦੀ ਪ੍ਰਵਾਨਗੀ ਨਾਲ ਤਾਨਾਸ਼ਾਹ ਸਟੇਟ ਦਾ ਜਨਮ ਹੋਇਆ ਜਿਸ ਨੂੰ ਇਹ ਆਖਦੇ ਹਨ, ਅਸੀਂ ਕੁਰਬਾਨੀਆਂ ਨਾਲ ਆਜ਼ਾਦੀ ਲਈ ਹੈ। ਕਿਸ ਦੀਆਂ ਕੁਰਬਾਨੀਆਂ ਨਾਲ? ਗਾਂਧੀ ਦੀ ਸੰਮਤੀ ਨਾਲ ਕਾਂਗਰਸ ਦੇ ਸਿਖਰਲੇ ਲੀਡਰਾਂ ਨੇ ਜਦੋਂ ਉਹ ਦੇਸ਼ ਵੱਢ ਦਿੱਤਾ ਜਿਸ ਨੂੰ ਅਸੀਂ ਪੂਜਦੇ ਹਾਂ, ਮੇਰੇ ਮਨ ਵਿਚ ਪੂਰਨ ਕਰੋਧ ਜਾਗਿਆ।
ਹਿੰਦੂ ਰਿਫਿਊਜ਼ੀਆਂ ਨੇ ਦਿੱਲੀ ਦੀ ਇਕ ਮਸਜਿਦ ਵਿਚ ਟਿਕਾਣਾ ਕਰ ਲਿਆ ਤਾਂ ਗਾਂਧੀ ਨੇ ਮਰਨ ਵਰਤ ਰੱਖ ਲਿਆ। ਵਰਤ ਛੱਡਣ ਵਾਸਤੇ ਜੋ ਸ਼ਰਤਾਂ ਰੱਖੀਆਂ, ਉਨ੍ਹਾਂ ਵਿਚ ਇਕ, ਇਸ ਮਸਜਿਦ ਨੂੰ ਖਾਲੀ ਕਰਨਾ ਵੀ ਸੀ। ਪਰ ਜਦੋਂ ਪਾਕਿਸਤਾਨ ਵਿਚ ਹਿੰਦੂਆਂ ਖਿਲਾਫ ਹਿੰਸਾ ਭੜਕੀ, ਗਾਂਧੀ ਨੇ ਪਾਕਿਸਤਾਨ ਸਰਕਾਰ ਜਾਂ ਮੁਸਲਮਾਨਾਂ ਖਿਲਾਫ ਇਕ ਸ਼ਬਦ ਨਹੀਂ ਉਚਾਰਿਆ ਕਿ ਜੁਲਮ ਰੁਕੇ। ਮਰਨ ਵਰਤ ਛੱਡਣ ਵਾਸਤੇ ਕੋਈ ਸ਼ਰਤ ਉਸ ਨੇ ਮੁਸਲਮਾਨਾਂ ਉਪਰ ਨਹੀਂ ਲਾਈ ਕਿਉਂਕਿ ਗਾਂਧੀ ਏਨਾ ਚਤੁਰ ਸੀ, ਜਾਣਦਾ ਸੀ ਮੁਸਲਮਾਨਾਂ ਨੂੰ ਉਸ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੋਣਾ। ਪਾਕਿਸਤਾਨੀ ਮੁਸਲਮਾਨਾਂ ‘ਤੇ ਸ਼ਰਤਾਂ ਠੋਸਣ ਤੋਂ ਹੁਸ਼ਿਆਰੀ ਸਦਕਾ ਟਲ ਜਾਂਦਾ ਸੀ। ਤਜਰਬੇ ਤੋਂ ਜਾਣ ਗਿਆ ਸੀ ਕਿ ਜਿਨਾਹ ਉਪਰ ਵਰਤਾਂ ਦਾ ਅਸਰ ਨਹੀਂ ਹੁੰਦਾ, ਮੁਸਲਿਮ-ਲੀਗ ਗਾਂਧੀ ਦੀ ਅੰਤਰ-ਆਤਮਾ ਬਾਰੇ ਲਾਪ੍ਰਵਾਹ ਸੀ।
ਹੁਣ ਗਾਂਧੀ ਨੂੰ ਰਾਸ਼ਟਰ ਪਿਤਾ ਕਿਹਾ ਜਾਣ ਲੱਗਾ ਹੈ। ਜੇ ਉਹ ਰਾਸ਼ਟਰ ਪਿਤਾ ਹੁੰਦਾ, ਦੇਸ਼ ਵੰਡ ਵਾਸਤੇ ਸਹਿਮਤੀ ਦੇ ਕੇ ਧੋਖਾਧੜੀ ਕਿਉਂ ਕਰਦਾ? ਮੈਂ ਆਪਣੇ ਕਥਨ ਉਪਰ ਕਾਇਮ ਹਾਂ ਕਿ ਗਾਂਧੀ ਨੇ ਫਰਜ਼ ਨਿਭਾਉਣ ਤੋਂ ਕੋਤਾਹੀ ਕੀਤੀ। ਉਸ ਨੇ ਸਾਬਤ ਕੀਤਾ, ਉਹ ਪਾਕਿਸਤਾਨ ਦਾ ਪਿਤਾਮਾ ਹੈ। ਉਸ ਦੀ ਜ਼ਮੀਰ ਦੀ ਆਵਾਜ਼, ਰੁਹਾਨੀ ਤਾਕਤ, ਅਹਿੰਸਾ ਦਾ ਫਲਸਫਾ ਜਿਸ ਬਾਰੇ ਬਥੇਰਾ ਬਾਤ ਦਾ ਬਤੰਗੜ ਬਣਾਇਆ ਗਿਆ, ਜਿਨਾਹ ਦੇ ਫੌਲਾਦੀ ਇਰਾਦੇ ਅੱਗੇ ਸ਼ਕਤੀਹੀਣ ਹੋ ਗਏ, ਚੂਰ ਚੂਰ ਹੋ ਗਏ।
ਗਾਂਧੀ ਨੂੰ ਕਤਲ ਕਰਨ ਬਾਰੇ ਜਦੋਂ ਮੈਂ ਸੋਚਿਆ, ਮੈਨੂੰ ਮਹਿਸੂਸ ਹੋਇਆ, ਲੋਕ ਮੈਨੂੰ ਨਫਰਤ ਕਰਨ ਲੱਗ ਜਾਣਗੇ, ਆਤਮ ਸਨਮਾਨ ਜਾਨ ਤੋਂ ਪਿਆਰਾ ਹੁੰਦਾ ਹੈ, ਖੁੱਸ ਜਾਏਗਾ। ਉਸੇ ਵਕਤ ਮੈਨੂੰ ਇਹ ਵੀ ਲੱਗਾ ਕਿ ਗਾਂਧੀ ਨਾ ਰਿਹਾ ਤਾਂ ਭਾਰਤੀ ਸਿਆਸਤ ਵਧੀਕ ਸਮਰੱਥਾਵਾਨ ਹੋਵੇਗੀ, ਦੁਸ਼ਮਣ ਦਾ ਮੁਕਾਬਲਾ ਕਰ ਸਕੇਗੀ, ਹਥਿਆਰਬੰਦ ਸੈਨਾ ਨਾਲ ਲੈਸ ਹੋਵੇਗੀ। ਮੇਰਾ ਭਵਿੱਖ ਪੂਰਨ ਤੌਰ ‘ਤੇ ਖਤਮ ਹੋ ਜਾਏਗਾ ਪਰ ਮੇਰੀ ਸਟੇਟ ਪਾਕਿਸਤਾਨ ਦੇ ਸਹਿਮ ਤੋਂ ਮੁਕਤ ਹੋ ਜਾਏਗੀ। ਹੋ ਸਕਦੈ ਲੋਕ ਮੈਨੂੰ ਗਾਲਾਂ ਦੇਣ, ਅਕਲ ਤੋਂ ਸੱਖਣਾ ਸਿਰ ਫਿਰਿਆ ਕਹਿਣ ਪਰ ਰਾਸ਼ਟਰ ਮਜ਼ਬੂਤੀ ਨਾਲ ਸੁਤੰਤਰ ਹੋ ਕੇ ਉਸ ਰਾਹ ‘ਤੇ ਚਲੇਗਾ ਜਿਹੜਾ ਤਰਕਸੰਗਤ ਹੈ, ਇਸੇ ਦੀ ਜਰੂਰਤ ਹੈ।
ਸਾਰੀ ਉਧੇੜ-ਬੁਣ ਕਰਨ ਪਿਛੋਂ ਮੈਂ ਆਖਰ ਫੈਸਲੇ ਉਪਰ ਪੁੱਜ ਗਿਆ ਪਰ ਮੈਂ ਕਿਸੇ ਨੂੰ ਆਪਣੇ ਇਰਾਦੇ ਦੀ ਭਿਣਕ ਨਹੀਂ ਪੈਣ ਦਿੱਤੀ। ਮੈਂ ਆਪਣੇ ਹੱਥਾਂ ਨੂੰ ਹੌਸਲਾ ਦੇ ਕੇ 30 ਜਨਵਰੀ 1948 ਨੂੰ ਬਿਰਲਾ ਭਵਨ ਦੀ ਪ੍ਰਾਰਥਨਾ ਸਭਾ ਵਿਚ ਗਾਂਧੀ ਉਪਰ ਗੋਲੀਆਂ ਦਾਗ ਦਿੱਤੀਆਂ। ਉਸ ਬੰਦੇ ਉਪਰ ਗੋਲੀਆਂ ਦਾਗੀਆਂ ਜਿਸ ਦੀ ਨੀਤੀ ਸਦਕਾ ਲੱਖਾਂ ਹਿੰਦੂ ਬਰਬਾਦ ਹੋਏ। ਇਹੋ ਜਿਹੇ ਮੁਜਰਿਮ ਨੂੰ ਸਬਕ ਸਿਖਾਉਣ ਵਾਸਤੇ ਕੋਈ ਕਾਨੂੰਨੀ ਮਸ਼ੀਨਰੀ ਨਾ ਹੋਣ ਕਾਰਨ ਮੈਂ ਘਾਤਕ ਗੋਲੀਆਂ ਚਲਾਈਆਂ। ਕਿਸੇ ਬੰਦੇ ਪ੍ਰਤੀ ਮੇਰੇ ਮਨ ਵਿਚ ਦੁਸ਼ਮਣੀ ਨਹੀਂ ਪਰ ਮੇਰੇ ਮਨ ਵਿਚ ਉਸ ਸਰਕਾਰ ਬਾਰੇ ਕੋਈ ਸਤਿਕਾਰ ਨਹੀਂ ਜਿਸ ਦੀ ਪਾਲਿਸੀ ਮੁਸਲਮਾਨਾਂ ਦੇ ਨਾਜਾਇਜ਼ ਹਿਤ ਪੂਰੇ ਕਰੇ। ਸਾਫ ਦਿਸ ਰਿਹਾ ਸੀ ਸਰਕਾਰ ਦੀ ਇਹ ਪਾਲਿਸੀ ਗਾਂਧੀ ਦੀ ਮੌਜੂਦਗੀ ਕਾਰਨ ਸੀ।
ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਹਿਰੂ ਗਾਹੇ-ਬਗਾਹੇ ਕਹਿੰਦਾ ਰਹਿੰਦਾ ਹੈ ਕਿ ਭਾਰਤ ਧਰਮ ਨਿਰਪੱਖ ਸਟੇਟ ਹੈ ਪਰ ਪਾਕਿਸਤਾਨ ਦੀ ਮਜ੍ਹਬੀ ਸਟੇਟ ਬਣਾਉਣ ਵਾਸਤੇ ਨਹਿਰੂ ਨੇ ਲੀਡਿੰਗ ਰੋਲ ਅਦਾ ਕੀਤਾ ਤੇ ਗਾਂਧੀ ਦੀ ਮੁਸਲਿਮ ਹਿਤੈਸ਼ੀ ਪਾਲਿਸੀ ਨੇ ਉਸ ਦਾ ਕੰਮ ਸੌਖਾ ਕਰ ਦਿੱਤਾ। ਜੋ ਮੈਂ ਕੀਤਾ ਉਸ ਦੀ ਪੂਰੀ ਜ਼ਿਮੇਵਾਰੀ ਕਬੂਲਦਾ ਹੋਇਆ ਮੈਂ ਅਦਾਲਤ ਸਾਹਮਣੇ ਖਲੋਤਾ ਹਾਂ, ਜੱਜ ਮੇਰੇ ਬਾਰੇ ਫੈਸਲਾ ਸੁਣਾਉਣ, ਯੋਗ ਸਜ਼ਾ ਦੇਣ। ਮੇਰੇ ਬਾਰੇ ਰਹਿਮ ਦਿਲ ਨਾ ਹੋਣ, ਨਾ ਮੈਂ ਕਿਸੇ ਹੋਰ ਨੂੰ ਰਹਿਮ ਦੀ ਅਪੀਲ ਕਰਨ ਦਿਆਂਗਾ। ਸਾਰੇ ਪਾਸਿਓਂ ਮੇਰੀ ਆਲੋਚਨਾ ਹੋਈ ਹੈ, ਤਾਂ ਵੀ ਜੋ ਮੈਂ ਕੀਤਾ, ਉਸ ਬਾਰੇ ਥਿੜਕਿਆ ਨਹੀਂ। ਕੋਈ ਸ਼ੱਕ ਨਹੀਂ ਇਮਾਨਦਾਰ ਇਤਿਹਾਸਕਾਰ ਮੇਰੇ ਕਾਰਜ ਦਾ ਲੇਖਾ-ਜੋਖਾ ਕਰਨਗੇ ਤੇ ਭਵਿੱਖ ਵਿਚ ਕਦੀ ਸਹੀ ਕੀਮਤ ਪਾਉਣਗੇ। ਹੁਣ ਤੁਸੀਂ ਦੇਖੋ ਇਤਿਹਾਸ ਮੇਰੇ ਬਾਰੇ ਕੀ ਫੈਸਲਾ ਸੁਣਾਏਗਾ। ਜੈ ਹਿੰਦ।