ਨੰਗੀਆਂ ਲੱਤਾਂ ਵਾਲਾ ਮੁੰਡਾ

ਕਹਾਣੀ ‘ਨੰਗੀਆਂ ਲੱਤਾਂ ਵਾਲਾ ਮੁੰਡਾ’ 21ਵੀਂ ਸਦੀ ਵਿਚ ਵਿਚਰ ਰਹੇ ਭਾਰਤ ਦੀ ਮਾਮਰਿਕ ਕਥਾ ਹੈ। ਕਹਾਣੀਕਾਰ ਐਸ਼ ਸਾਕੀ ਨੇ ਮਨੁੱਖਾ ਜਾਤ ਦੇ ਜਮਾਤੀ ਖਾਨਿਆਂ ਨੂੰ ਖੂਬ ਫੜਿਆ ਹੈ। ਅੱਜ ਜਦੋਂ ਮੁਲਕ ਦੇ ਹਰ ਘਰ ਤਕ ਬਾਜ਼ਾਰ ਪੁੱਜ ਗਿਆ ਹੈ, ਠੰਢ ਵਿਚ ਠਿਠਕਦੇ ਨੰਗੀਆਂ ਲੱਤਾਂ ਵਾਲੇ ਬੱਚੇ ਅਤੇ ਉਨ੍ਹਾਂ ਦੇ ਟੱਬਰ ਦੋ ਡੰਗ ਦੀ ਰੋਟੀ ਲਈ ਜੂਝ ਰਹੇ ਗਨ। ਇਹ ਉਹੀ ਬੱਚੇ ਹਨ ਜਿਨ੍ਹਾਂ ਨੂੰ ਕੁੱਲ ਦੁਨੀਆਂ, ਕੱਲ੍ਹ ਦਾ ਭਵਿੱਖ ਆਖਦੀ ਹੈ। ਇਸ ਭਵਿੱਖ ਦੇ ਪੈਰੀਂ ਜੂਠ ਦੇ ਪਹਾੜ ਬੱਝੇ ਹੋਏ ਹਨ।

-ਸੰਪਾਦਕ

ਐਸ਼ ਸਾਕੀ
ਦਿੱਲੀ-ਯੂæਪੀæ ਬਾਰਡਰ ‘ਤੇ ਇਕ ਕਲੋਨੀ ਵਿਚ ਮੇਰਾ ਘਰ ਹੈ। ਅਸਲ ਵਿਚ ਵੇਖਣ ਨੂੰ ਤਾਂ ਇਹ ਇਲਾਕਾ ਦਿੱਲੀ ਦਾ ਹੀ ਹਿੱਸਾ ਲੱਗਦਾ ਹੈ। ਦਿੱਲੀ ਅਤੇ ਯੂæਪੀæ ਵਿਚਕਾਰ ਇਕ ਸੜਕ ਪੈਂਦੀ ਹੈ ਜਿਹੜੀ ਬਹੁਤ ਚੱਲਦੀ ਹੈ। ਇਹੋ ਸੜਕ ਯੂæਪੀæ ਅਤੇ ਦਿੱਲੀ ਨੂੰ ਵੱਖਰਾ ਕਰਦੀ ਹੈ। ਜੇ ਉਸ ਸੜਕ ਨੂੰ ਵਿਚਕਾਰੋਂ ਹਟਾ ਲਿਆ ਜਾਵੇ ਤਾਂ ਸਾਰਾ ਇਲਾਕਾ ਦਿੱਲੀ ਬਣ ਜਾਵੇਗਾ।
ਯੂæਪੀæ ਇਲਾਕੇ ਦੀ ਜਿਸ ਕਲੋਨੀ ਬਾਰੇ ਮੈਂ ਗੱਲ ਕਰ ਰਿਹਾ ਹਾਂ, ਉਹ ਤਿੰਨ ਬਲਾਕਾਂ ਵਿਚ ਵੰਡਿਆ ਹੋਇਆ ਹੈ। ਉਨ੍ਹਾਂ ਦੇ ਏæ, ਬੀæ ਤੇ ਸੀæ ਨਾਂ ਰੱਖੇ ਹੋਏ ਹਨ। ਹਰ ਬਲਾਕ ਵਿਚ ਸਰਕਾਰ ਵਲੋਂ ਇਕ ਇਕ ਮਾਰਕੀਟ ਬਣਾਈ ਹੋਈ ਹੈ। ਦੁਕਾਨਾਂ ਦੀ ਇਕ ਲੰਮੀ ਸਾਰੀ ਕਤਾਰ ਵਿਚੋਂ ਵਸੋਂ ਲਈ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਉਥੇ ਹਲਵਾਈ, ਪਰਚੂਨ ਤੇ ਮੁਨਿਆਰੀ ਦੀ ਦੁਕਾਨ ਹੈ, ਡਾਕਟਰ ਤੇ ਨਾਈ ਵੀ ਹੈ। ਮੇਰਾ ਘਰ ਏæ ਬਲਾਕ ਵਿਚ ਪੈਂਦਾ ਹੈ। ਉਸ ਬਲਾਕ ਦੀ ਮਾਰਕੀਟ ਵਿਚ ਵੀ ਜ਼ਰੂਰਤ ਦੀਆਂ ਸਾਰੀਆਂ ਦੁਕਾਨਾਂ ਹਨ। ਉਸ ਵਿਚ ਵਿੱਕੀ ਨਾਂ ਦਾ ਰੈਸਤੋਰਾਂ ਵੀ ਖੁੱਲ੍ਹਾ ਹੋਇਆ ਹੈ।
ਵਿੱਕੀ ਰੈਸਤੋਰਾਂ ਦੋ ਸਕੇ ਭਰਾ ਚਲਾਉਂਦੇ ਹਨ। ਇਕ ਅਠੱਤੀ ਕੁ ਸਾਲ ਦਾ ਲੱਗਦਾ ਹੈ, ਦੂਜਾ ਕੋਈ ਚਾਲੀ ਦਾ ਹੋਵੇਗਾ। ਉਹ ਦੋਵੇਂ ਰੈਸਤੋਰਾਂ ਤੋਂ ਤਿੰਨ-ਚਾਰ ਮੀਲ ਦੂਰ ਇਕ ਪੌਸ਼ ਕਲੋਨੀ ਵਿਚ ਰਹਿੰਦੇ ਹਨ।
ਛੋਟਾ ਭਰਾ ਮੈਨੂੰ ਜਿਸ ਦਾ ਨਾਂ ਤਾਂ ਪਤਾ ਨਹੀਂ; ਗੋਰਾ, ਲੰਮ-ਸਲੰਮਾ, ਸਮਾਰਟ ਦਿਸਦਾ ਹੈ। ਸਿਰ ਦੇ ਖਾਸੇ ਵਾਲ ਉਡੇ ਹੋਏ ਹਨ। ਉਹ ਆਪਣੀ ਸਿਹਤ ਬਾਰੇ ਬਹੁਤ ਸੁਚੇਤ ਰਹਿੰਦਾ ਹੈ। ਅਸਲ ਵਿਚ ਉਹ ਇੰਗਲੈਂਡ ਤਿੰਨ-ਚਾਲ ਸਾਲ ਲਾ ਆਇਆ ਹੈ। ਮੈਨੂੰ ਇਹ ਪਤਾ ਨਹੀਂ ਕਿ ਉਹ ਇੰਗਲੈਂਡ ਕੀ ਕਰਨ ਗਿਆ ਸੀ। ਬੱਸ ਉਹਦੇ ਪਹਿਰਾਵੇ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਉਹ ਬਾਹਰਲਾ ਮੁਲਕ ਵੇਖ ਚੁਕਾ ਹੈ।
ਉਹ ਘਰੋਂ ਚਾਰ ਮੀਲ ਦੂਰ ਪੈਦਲ ਹੀ ਪਹੁੰਚਦਾ ਹੈ। ਕਈ ਵਾਰੀ ਉਹ ਵਿਚਕਾਰ ਨੱਸਣ ਵੀ ਲੱਗਦਾ ਹੈ, ਪਰ ਵੱਡਾ ਭਰਾ ਸਾਧਾਰਨ ਜਿਹਾ ਜਾਪਦਾ ਹੈ। ਉਸ ਦਾ ਪਹਿਰਾਵਾ ਵੀ ਬੱਸ ਆਮ ਜਿਹਾ। ਨਾਂ ਉਹਦੇ ਦਾ ਵੀ ਮੈਨੂੰ ਪਤਾ ਨਹੀਂ।
ਕਤਾਰ ਵਿਚ ਸਭ ਦੁਕਾਨਾਂ ਮੂਹਰੇ ਵਰਾਂਡਾ ਛੱਡਿਆ ਹੋਇਆ ਹੈ। ਦੁਕਾਨਾਂ ਦਾ ਆਕਾਰ ਬਹੁਤਾ ਵੱਡਾ ਨਹੀਂ। ਉਨ੍ਹਾਂ ਨੇ ਆਪਣੇ ਬੈਠਣ ਲਈ ਵਰਾਂਡੇ ‘ਚ ਕਾਊਂਟਰ ਲਾ ਕੇ ਥਾਂ ਬਣਾਈ ਹੋਈ ਹੈ ਜਿਸ ਪਿਛੇ ਪਈ ਕੁਰਸੀ ‘ਤੇ ਦੋਵੇਂ ਭਰਾ ਵਾਰੋ-ਵਾਰੀ ਬੈਠਦੇ ਜਾਂ ਆਪਣੀ ਡਿਊਟੀ ਦਿੰਦੇ ਹਨ। ਗਾਹਕ ਆਉਂਦਾ ਅਤੇ ਪੈਸੇ ਦਿੰਦਾ ਹੈ। ਉਨ੍ਹਾਂ ਨੇ ਸੱਜੇ ਹੱਥ ਸੰਦੂਕੜੀ ਰੱਖੀ ਹੋਈ ਹੈ ਜਿਹੜੀ ਖੁੱਲ੍ਹੀ ਹੀ ਰਹਿੰਦੀ ਹੈ। ਸੰਦੂਕੜੀ ਦੇ ਦੋ ਭਾਗ ਹਨ। ਉਪਰਲੇ ਭਾਗ ਵਿਚ ਉਹ ਸਿੱਕੇ ਰੱਖਦੇ ਹਨ ਜਾਂ ਪੰਜ-ਦਸ ਦੇ ਨੋਟ। ਹੇਠਲੇ ਭਾਗ ਵਿਚ ਉਹ ਪੰਜਾਹਾਂ ਤੋਂ ਲੈ ਕੇ ਪੰਜ ਸੌ ਜਾਂ ਕਈ ਵਾਰੀ ਹਜ਼ਾਰ ਦਾ ਨੋਟ ਪਾਉਂਦੇ ਰਹਿੰਦੇ ਨੇ।
ਕਾਊਂਟਰ ਪਿਛੇ ਦੋ ਦੁਕਾਨਾਂ ਜੋੜ ਕੇ ਹਾਲਨੁਮਾ ਥਾਂ ਬਣਾਈ ਹੋਈ ਹੈ। ਉਸ ਵਿਚ ਰੋਟੀ ਖਾਣ ਵਾਲਿਆਂ ਲਈ ਵਧੀਆ ਫਰਨੀਚਰ ਲੱਗਾ ਹੋਇਆ ਹੈ। ਹਾਲ ਏæਸੀæ ਹੈ। ਬਹੁਤੇ ਗਾਹਕ ਰਾਤੀਂ ਆ ਕੇ ਉਸ ‘ਚ ਬੈਠ ਖਾਣੇ ਦਾ ਅਨੰਦ ਮਾਣਦੇ ਹਨ।
ਵਰਾਂਡੇ ਅੱਗੇ ਖਾਸੀ ਖੁੱਲ੍ਹੀ ਥਾਂ ਹੈ। ਗਰਮੀ ਦੇ ਮੌਸਮ ‘ਚ ਸ਼ਾਮ ਹੁੰਦਿਆਂ ਇਕ ਨੌਕਰ ਉਸ ਖੁੱਲ੍ਹੀ ਥਾਂ ਨੂੰ ਸਾਫ਼ ਕਰ ਕੇ ਉਸ ‘ਤੇ ਪਾਣੀ ਦਾ ਛਿੜਕਾਓ ਕਰ ਮੇਜ਼ ਕੁਰਸੀਆਂ ਲਾ ਦਿੰਦਾ ਹੈ। ਸਟੈਂਡ ਵਾਲੇ ਦੋ ਕੂਲਰ ਰੱਖ ਦਿੰਦਾ ਹੈ। ਜਦੋਂ ਹਨੇਰਾ ਹੋਏ ਖਾਣ ਵਾਲੇ ਗਾਹਕ ਬਹੁਤੇ ਹੋ ਜਾਣ ਅਤੇ ਏæਸੀæ ਹਾਲ ਵਿਚ ਥਾਂ ਨਹੀਂ ਮਿਲਦੀ ਤਾਂ ਉਹ ਬਾਹਰ ਬੈਠ ਜਾਂਦੇ ਹਨ। ਕਈ ਸ਼ੌਕੀਨ ਤਾਂ ਇੰਜ ਵੀ ਖੁੱਲ੍ਹੇ ‘ਚ ਬੈਠ ਕੇ ਖਾਣਾ ਪਸੰਦ ਕਰਦੇ ਹਨ।
ਉਸ ਖਾਲੀ ਥਾਂ ਇਕ ਵੱਡਾ ਸਾਰਾ ਰੁੱਖ ਵੀ ਹੈ ਜਿਸ ਦੀ ਜੜ੍ਹ ਵਿਚ ਲਾਲ ਰੰਗ ਦੇ ਫੁੱਲਾਂ ਵਾਲੀ ਬੋਗਨਵਿਲੀਆ ਦੀ ਵੇਲ ਉਗੀ ਹੋਈ ਹੈ। ਉਹ ਰੁੱਖ ਤਾਂ ਭਾਵੇਂ ਨਿੰਮ ਦਾ ਹੈ, ਪਰ ਫੁੱਲਾਂ ਦਾ ਮੌਸਮ ਆਉਣ ‘ਤੇ ਬੋਗਨਵਿਲੀਆ ਦੇ ਫੁੱਲਾਂ ਨਾਲ ਭਰ ਜਾਂਦਾ ਹੈ। ਇਉਂ ਜਾਪਦਾ ਜਿਵੇਂ ਉਹ ਨਿੰਮ ਦਾ ਨਹੀਂ, ਸਗੋਂ ਬੋਗਨਵਿਲੀਆ ਦਾ ਹੀ ਰੁੱਖ ਹੋਵੇ।
ਰੈਸਤੋਰਾਂ ਦੀ ਅਗਲੀ, ਯਾਨਿ ਤੀਜੀ ਦੁਕਾਨ ਨੂੰ ਉਨ੍ਹਾਂ ਨੇ ਸਟੋਰ ਬਣਾਇਆ ਹੋਇਆ ਹੈ। ਉਸ ਵਿਚ ਬੈਠ ਕੇ ਨੌਕਰ ਸਬਜ਼ੀ ਕੱਟਦੇ, ਆਟਾ ਗੁੰਨ੍ਹਦੇ ਅਤੇ ਮਸਾਲਾ ਕੁੱਟਦੇ ਹਨ। ਉਨ੍ਹਾਂ ਉਸ ਵਿਚ ਪੁਰਾਣਾ ਟੇਪ ਰਿਕਾਰਡਰ ਵੀ ਰੱਖਿਆ ਹੋਇਆ ਹੈ ਜਿਸ ‘ਤੇ ਹਰ ਵੇਲੇ ਫਿਲਮੀ ਗਾਣੇ ਵੱਜਦੇ ਰਹਿੰਦੇ ਹਨ। ਦੋਵੇਂ ਭਰਾਵਾਂ ਨੇ ਬਹੁਤ ਹੁਨਰਮੰਦ ਕੁੱਕ ਰੱਖੇ ਹੋਏ ਹਨ ਜਿਹੜੇ ਬਹੁਤ ਸੁਆਦ ਖਾਣਾ ਪਕਾਉਂਦੇ ਹਨ।
ਸਾਰਾ ਖਾਣਾ ਦੇਸੀ ਘਿਓ ਵਿਚ ਤਿਆਰ ਹੁੰਦਾ ਹੈ ਜਿਸ ਲਈ ਕਦੇ ਵੀ ਕੰਜੂਸੀ ਨਹੀਂ ਵਰਤੀ ਜਾਂਦੀ। ਕੁੱਕ ਕਾਲੀ ਦਾਲ, ਸ਼ਾਹੀ ਪਨੀਰ ਅਤੇ ਮਲਾਈ ਕੋਫਤਾ ਬਣਾਉਂਦੇ ਹਨ। ਦੋ ਸੁੱਕੀਆਂ ਸਬਜ਼ੀਆਂ ਵੀ ਬਣਾਉਂਦੇ ਹਨ। ਗਾਹਕ ਕਦੇ ਕਦਾਈਂ ਬਦਲਾਅ ਲਈ ਰੈਸਤੋਰਾਂ ‘ਚ ਰੋਟੀ ਖਾਣਾ ਪਸੰਦ ਕਰਦੇ ਹਨ। ਕਿਸੇ ਦਿਨ ਜਨਮ ਦਿਨ ਦੀ ਪਾਰਟੀ ਜਾਂ ਕਿਸੇ ਦੇ ਵਿਆਹ ਦੀ ਵਰ੍ਹੇਗੰਢ ‘ਤੇ ਵੀ ਗਾਹਕਾਂ ਦੀ ਭੀੜ ਜੁੜ ਜਾਂਦੀ ਹੈ।
ਕਈ ਗਾਹਕ ਉਥੋਂ ਰਾਤੀਂ ਖਾਣਾ ਪੈਕ ਕਰਵਾ ਕੇ ਵੀ ਲੈ ਜਾਂਦੇ ਹਨ। ਗਾਹਕ ਆਪ ਕਾਊਂਟਰ ‘ਤੇ ਆਰਡਰ ਦਿੰਦਾ ਹੈ। ਉਹ ਆਪਣੀ ਪਸੰਦ ਦੀਆਂ ਚੀਜ਼ਾਂ ਲਿਖਵਾ ਦਿੰਦਾ ਹੈ। ਕਾਊਂਟਰ ‘ਤੇ ਮਾਈਕ ਲੱਗਾ ਹੋਇਆ ਹੈ ਜਿਸ ਦਾ ਸੰਪਰਕ ਤਿੰਨ ਨੰਬਰ ਦੁਕਾਨ ਨਾਲ ਹੈ।
ਮਾਲਕ ਆਪਣੀ ਸੀਟ ‘ਤੇ ਬੈਠਾ ਤੀਜੀ ਦੁਕਾਨ ਤੀਕ ਮਾਈਕ ਰਾਹੀਂ ਬੋਲ ਕੇ ਆਰਡਰ ਕਰਦਾ ਹੈ ਤੇ ਜੋ ਚੀਜ਼ ਗਾਹਕ ਨੇ ਲਿਜਾਣੀ ਹੁੰਦੀ ਹੈ, ਉਹ ਪੈਕ ਹੋ ਕੇ ਆ ਜਾਂਦੀ ਹੈ।
ਦੋਵੇਂ ਭਾਈਆਂ ਦਾ ਇਹ ਰੈਸਤੋਰਾਂ ਸਿਰਫ਼ ਖਾਣ-ਪੀਣ ਤੀਕ ਹੀ ਸੀਮਤ ਨਹੀਂ, ਉਨ੍ਹਾਂ ਨੇ ਦੁੱਧ ਦਾ ਕੰਮ ਵੀ ਤੋਰਿਆ ਹੋਇਆ ਹੈ। ਦੁੱਧ ਵਾਲੀਆਂ ਵੱਡੀਆਂ ਕੰਪਨੀਆਂ ਸਵੇਰੇ ਚਾਰ ਵਜੇ ਟਰੱਕਾਂ ‘ਚੋਂ ਦੁੱਧ ਦੀਆਂ ਥੈਲੀਆਂ ਲਾਹ ਰੈਸਤੋਰਾਂ ‘ਤੇ ਛੱਡ ਜਾਂਦੀਆਂ ਹਨ। ਪਿੰਡਾਂ ਦੇ ਦੋਧੀ ਵੀ ਸਾਈਕਲਾਂ ‘ਤੇ ਡਰੰਮਾਂ ਰਾਹੀਂ ਸਵੇਰੇ ਪੰਜ ਵਜੇ ਤੀਕ ਦੁੱਧ ਦੁਕਾਨ ‘ਤੇ ਖੁੱਲ੍ਹੇ ਮੂੰਹ ਵਾਲੇ ਡਰੰਮ ਵਿਚ ਪਾ ਜਾਂਦੇ ਹਨ। ਛੇ ਵਜੇ ਤੀਕ ਬਲਾਕ ਏæ ਵਾਲੇ ਲੋਕ ਹੱਥਾਂ ‘ਚ ਡੋਲੂ ਜਾਂ ਡੱਬੇ ਲੈ ਕੇ ਦੁੱਧ ਲੈਣ ਦੁਕਾਨ ‘ਤੇ ਆਉਣ ਲੱਗਦੇ ਹਨ। ਇਸ ਤੋਂ ਇਲਾਵਾ ਉਹ ਇਸ ਨਾਲ ਕਈ ਵਾਰੀ ਬਰੈਡ, ਬਿਸਕੁਟ, ਰਸ ਜਾਂ ਨਮਕੀਨ ਵੀ ਖ਼ਰੀਦ ਕੇ ਲੈ ਜਾਂਦੇ ਹਨ। ਇਹ ਸਭ ਚੀਜ਼ਾਂ ਵੀ ਦੁਕਾਨ ‘ਤੇ ਮਿਲਦੀਆਂ ਹਨ।
ਰੈਸਤੋਰਾਂ ‘ਚ ਦੋਵੇਂ ਭਰਾ ਡਿਊਟੀ ਨਿਭਾਉਂਦੇ ਹਨ। ਦੁੱਧ ਅਤੇ ਹੋਰ ਸਾਮਾਨ ਦੀ ਵਿਕਰੀ ਸਵੇਰੇ ਛੇ ਵਜੇ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਿਸ ਵਿਚ ਬਹੁਤੇ ਬੰਨ੍ਹੇ ਗਾਹਕ ਹੀ ਆਉਂਦੇ ਹਨ।
ਸਵੇਰ ਦੇ ਸੱਤ ਵਜੇ ਤੀਕ ਇਹ ਸਾਰਾ ਕੰਮ ਇਕ ਖ਼ਾਸ ਨੌਕਰ ਦੇ ਸਿਰ ਛੱਡਿਆ ਹੁੰਦਾ ਹੈ ਜਿਹੜਾ ਉਨ੍ਹਾਂ ਦੀਆਂ ਨਜ਼ਰਾਂ ਵਿਚ ਬਹੁਤ ਇਮਾਨਦਾਰ ਹੈ। ਫਿਰ ਸੱਤ ਵਜੇ ਤੀਕ ਛੋਟਾ ਭਰਾ ਆਪਣੀ ਸਿਹਤ ਦਾ ਖ਼ਿਆਲ ਰੱਖਦਾ ਹੋਇਆ ਘਰੋਂ ਪੈਦਲ ਚੱਲਦਾ ਤੇ ਕਦੇ ਨੱਸਦਾ ਠੀਕ ਵਕਤ ‘ਤੇ ਰੈਸਤੋਰਾਂ ਆ ਕੰਮ ਸਾਂਭ ਲੈਂਦਾ ਹੈ।
ਮੈਂ ਵੀ ਸਵੇਰੇ ਛੇ ਜਾਂ ਸਵਾ ਛੇ ਵਜੇ ਤੀਕ ਦੁੱਧ ਵਾਲਾ ਡੋਲੂ ਲੈ ਉਥੇ ਪਹੁੰਚ ਜਾਂਦਾ ਹਾਂ। ਕਈ ਦਿਨਾਂ ਤੋਂ ਮੈਂ ਰੈਸਤੋਰਾਂ ‘ਤੇ ਅਜੀਬ ਜਿਹੀ ਗੱਲ ਹੁੰਦੀ ਵੇਖਦਾ ਆ ਰਿਹਾ ਹਾਂ। ਸਰਦੀਆਂ ਦੇ ਦਿਨ ਹੋਣ ਕਰ ਕੇ ਅਜੇ ਸਵੇਰੇ ਹਨੇਰਾ ਹੁੰਦਾ ਹੈ। ਸਵਾ ਛੇ ਵਜੇ ਕੋਈ ਅਠਾਈ ਤੀਹ ਸਾਲ ਦੀ ਉਮਰ ਵਾਲਾ ਬੰਦਾ ਰੋਜ਼ ਸਾਈਕਲ ‘ਤੇ ਉਥੇ ਆਉਂਦਾ ਹੈ। ਉਹ ਸਾਈਕਲ ਬੈਂਚ ਨਾਲ ਲਾ ਕੇ ਖੜ੍ਹਾ ਕਰ ਤਿੰਨ ਨੰਬਰ ਕਮਰੇ ਅੱਗੇ ਬਣੇ ਵਰਾਂਡੇ ਵਿਚ ਜਾਂਦਾ ਹੈ ਜਿੱਥੇ ਅਕਸਰ ਹਨੇਰਾ ਹੁੰਦਾ, ਕਿਉਂਕਿ ਉਸ ਵੇਲੇ ਰੈਸਤੋਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਉਥੇ ਸੁੱਤੇ ਪਏ ਹੁੰਦੇ ਹਨ। ਰੈਸਤੋਰਾਂ ਦੀ ਸਿਰਫ਼ ਉਹੀ ਬੱਤੀ ਜਗਦੀ ਹੁੰਦੀ ਜਿਹੜੀ ਕਾਊਂਟਰ ‘ਤੇ ਲੱਗੀ ਹੋਈ ਹੈ।
ਉਥੇ ਘੁਸਮੁਸੇ ਵਿਚ ਉਹ ਸ਼ਖ਼ਸ, ਕਨੱਸਤਰ ਚੁੱਕੀ ਆਉਂਦਾ ਦਿਸਦਾ ਹੈ। ਵਰਾਂਡੇ ‘ਚੋਂ ਚੁੱਕ ਕੇ ਲਿਆਂਦੇ ਕਨੱਸਤਰ ਵਿਚੋਂ ਉਹ ਕੁਝ ਆਪਣੇ ਸਾਈਕਲ ਉਤੇ ਟੰਗੇ ਪੀਪੇ ਵਿਚ ਪਾਉਂਦਾ ਹੈ। ਖਾਲੀ ਕੀਤਾ ਕਨੱਸਤਰ ਉਥੇ ਜ਼ਮੀਨ ‘ਤੇ ਧਰਦਾ ਅਤੇ ਆਪਣੇ ਸਾਈਕਲ ‘ਤੇ ਚੜ੍ਹ ਅੱਗੇ ਲੰਘ ਜਾਂਦਾ ਹੈ। ਇਹ ਸਭ ਮੈਂ ਕਈ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ, ਕਿਉਂਕਿ ਮੇਰਾ ਦੁੱਧ ਲੈਣ ਆਉਣ ਦਾ ਤੇ ਉਸ ਦਾ ਰੈਸਤੋਰਾਂ ਆਉਣ ਦਾ ਲਗਪਗ ਇਕੋ ਵਕਤ ਹੁੰਦਾ ਹੈ।
ਇਕ ਦਿਨ ਮੇਰੇ ਮਨ ‘ਚ ਆਈ, ਦੁੱਧ ਵੇਚ ਰਹੇ ਨੌਕਰ ਕੋਲੋਂ ਇਸ ਬੰਦੇ ਬਾਰੇ ਪੁੱਛਾਂ ਜਿਹੜਾ ਸਵੇਰੇ ਉਥੇ ਦਿਸਦਾ, ਪਰ ਮੈਂ ਇਸ ਨੂੰ ਐਵੇਂ ਫਜ਼ੂਲ ਗੱਲ ਸਮਝ ਕੁਝ ਨਹੀਂ ਕਿਹਾ।
ਫਿਰ ਇਕ ਦਿਨ ਰੋਜ਼ ਵਾਂਗ ਮੈਂ ਸਵੇਰੇ ਦੁੱਧ ਲੈਣ ਲਈ ਹੱਥ ‘ਚ ਡੋਲੂ ਫੜੀ ਰੈਸਤੋਰਾਂ ਵੱਲ ਆ ਰਿਹਾ ਸੀ। ਉਸ ਦਿਨ ਮੌਸਮ ਬਹੁਤ ਠੰਢਾ ਸੀ। ਤੇਜ਼ ਸੀਤ ਹਵਾ ਚੱਲ ਰਹੀ ਸੀ। ਪਾਲਾ ਰੋਜ਼ ਨਾਲੋਂ ਵੱਧ ਮਹਿਸੂਸ ਹੋ ਰਿਹਾ ਸੀ। ਲੋਈ ‘ਚ ਲਿਪਟੇ ਹੋਣ ‘ਤੇ ਵੀ ਠੰਢ ਲੱਗ ਰਹੀ ਸੀ।
ਅਜੇ ਮੈਂ ਰੈਸਤੋਰਾਂ ‘ਤੇ ਪਹੁੰਚਣ ਵਾਲਾ ਹੀ ਸੀ ਕਿ ਮੇਰੀ ਨਜ਼ਰ ਦੂਰੋਂ ਉਸ ਸਾਈਕਲ ਵਾਲੇ ‘ਤੇ ਪਈ ਜਿਸ ਨੇੜੇ ਦਸ-ਗਿਆਰਾਂ ਸਾਲਾਂ ਦਾ ਇਕ ਮੁੰਡਾ ਖੜ੍ਹਾ ਸੀ। ਮੁੰਡੇ ਦੇ ਹੱਥ ਵਿਚ ਵੱਡਾ ਸਾਰਾ ਭਾਂਡਾ ਫੜਿਆ ਹੋਇਆ ਸੀ। ਸਾਈਕਲ ਵਾਲਾ ਉਚੀ ਆਵਾਜ਼ ਵਿਚ ਪਤਾ ਨਹੀਂ ਉਸ ਨੂੰ ਕੀ ਕਹਿ ਰਿਹਾ ਸੀ।
ਅਜੇ ਮੈਂ ਉਨ੍ਹਾਂ ਵੱਲ ਵੇਖ ਹੀ ਰਿਹਾ ਸੀ ਕਿ ਸਾਈਕਲ ਵਾਲੇ ਨੇ ਉਸ ਮੁੰਡੇ ਦੇ ਮੂੰਹ ‘ਤੇ ਦੋ-ਤਿੰਨ ਚਪੇੜਾਂ ਮਾਰੀਆਂ ਅਤੇ ਉਹਦੇ ਹੱਥ ਫੜਿਆ ਭਾਂਡਾ ਖੋਹ ਕੇ ਦੂਰ ਵਗ੍ਹਾ ਮਾਰਿਆ। ਇਸ ਤਰ੍ਹਾਂ ਕਰ ਕੇ ਉਹ ਫਿਰ ਉਚੀ ਆਵਾਜ਼ ਵਿਚ ਮੁੰਡੇ ਨੂੰ ਗਾਲ੍ਹਾਂ ਕੱਢਣ ਲੱਗਿਆ।
ਮੈਂ ਦੁੱਧ ਲੈਣ ਜਾਣ ਦੀ ਥਾਂ ਸਿੱਧਾ ਉਸ ਕੋਲ ਆ ਜਾਂਦਾ ਹਾਂ। “ਕੀ ਹੋਇਆ ਬਈ, ਕਿਉਂ ਸਵੇਰੇ ਸਵੇਰੇ ਠੰਢ ‘ਚ ਇਸ ਜੁਆਕ ਨੂੰ ਮਾਰ ਰਿਹਾ ਹੈਂ?” ਮੈਂ ਪੁੱਛਿਆ।
“ਬਾਬੂ ਜੀ ਚੋਰ ਹੈ ਇਹ।”
ਉਸ ਦੀ ਇਸ ਗੱਲ ‘ਤੇ ਮੈਂ ਉਸ ਮੁੰਡੇ ਵੱਲ ਵੇਖਣ ਲੱਗਦਾ ਹਾਂ ਜਿਸ ਨੇ ਸਰੀਰ ‘ਤੇ ਸਿਰਫ਼ ਇਕ ਪਤਲੀ ਜਿਹੀ ਕਮੀਜ਼ ਪਹਿਨੀ ਹੋਈ ਹੈ। ਇੰਨੀ ਠੰਢ ਵਿਚ ਵੀ ਜਿਸ ਦੀਆਂ ਲੱਤਾਂ ਨੰਗੀਆਂ ਹਨ, ਪੈਰ ਨੰਗੇ ਹਨ। ਉਹ ਅੱਖਾਂ ‘ਤੇ ਆਪਣਾ ਸੱਜਾ ਹੱਥ ਧਰ ਕੇ ਰੋ ਰਿਹਾ ਸੀ।
“ਬਈ ਇੰਨੀ ਸਵੇਰੇ ਇਸ ਨੇ ਤੇਰੀ ਕੀ ਚੋਰੀ ਕਰ ਲਈ ਜਿਹੜਾ ਤੂੰ ਇਸ ਨੂੰ ਮਾਰਿਆ?” ਮੈਂ ਸਾਈਕਲ ਵਾਲੇ ਨੂੰ ਪੁੱਛਿਆ।
“ਨਾ ਹੀ ਪੁੱਛੋ ਬਾਬੂ ਜੀ, ਮੇਰਾ ਤਾਂ ਮਨ ਕਰਦਾ ਮਾਰ ਮਾਰ ਕੇ ਇਹਦੀ ਚਮੜੀ ਉਧੇੜ ਦੇਵਾਂ, ਇਹਦੀ ਸ਼ਕਲ ਵਿਗਾੜ ਦੇਵਾਂ।” ਸਾਈਕਲ ਵਾਲਾ ਗੁੱਸੇ ਨਾਲ ਮੁੰਡੇ ਵੱਲ ਵੇਖ ਕੇ ਬੋਲਿਆ।
ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ।
“ਬਈ ਤੂੰ ਗੱਲ ਤਾਂ ਦੱਸ, ਫਿਰ ਤੂੰ ਭਾਵੇਂ ਇਸ ਦੀ ਚਮੜੀ ਉਧੇੜ ਦੇਈਂ ਜਾਂ ਸ਼ਕਲ ਵਿਗਾੜ ਦੇਈਂ।”
ਮੇਰੀ ਗੱਲ ਸੁਣ ਸਾਈਕਲ ਵਾਲਾ ਸਾਰੀ ਕਹਾਣੀ ਦੱਸਣ ਲੱਗਾ:
“ਬਾਬੂ ਜੀ, ਇਸ ਰੈਸਤੋਰਾਂ ਵਿਚ ਜਿਹੜੇ ਬੰਦੇ ਰੋਟੀ ਖਾਣ ਆਉਂਦੇ ਨੇ, ਉਹ ਪੈਸੇ ਵਾਲੇ ਹੀ ਹੁੰਦੇ ਨੇ। ਇਥੇ ਤਾਂ ਦਾਲ ਦੀ ਪਲੇਟ ਚਾਲੀ ਰੁਪਏ ਦੀ ਮਿਲਦੀ ਹੈ ਜਦੋਂਕਿ ਇਨ੍ਹਾਂ ਚਾਲੀ ਰੁਪਿਆਂ ਨਾਲ ਇਕ ਗ਼ਰੀਬ ਪਰਿਵਾਰ ਹਫ਼ਤਾ ਭਰ ਦਾਲ ਪਕਾ ਕੇ ਰੋਟੀ ਖਾ ਸਕਦਾ ਹੈ। æææਪਨੀਰ ਤੇ ਮਲਾਈ ਕੋਫਤੇ ਦੀ ਤਾਂ ਗੱਲ ਹੀ ਨਾ ਕਰੋ।” ਸਾਈਕਲ ਵਾਲਾ ਬਿਨਾਂ ਰੁਕੇ ਬੋਲ ਰਿਹਾ ਸੀ, “ਉਨ੍ਹਾਂ ਅਮੀਰ ਲੋਕਾਂ ਦਾ ਖਾਣਾ ਖਾਣ ਦਾ ਵੀ ਅੰਦਾਜ਼ ਹੁੰਦਾ ਹੈ। ਪਲੇਟਾਂ ਵਿਚ ਜੂਠ ਛੱਡਣਾ ਉਹ ਆਪਣੀ ਸ਼ਾਨ ਸਮਝਦੇ ਹਨ। ਉਹ ਅਜਿਹਾ ਇਹ ਦਰਸਾਉਣ ਲਈ ਵੀ ਕਰਦੇ ਹਨ ਕਿ ਉਹ ਰੱਜੇ ਹੋਏ ਹਨ, ਭੁੱਖੇ ਨਹੀਂ। ਰੈਸਤੋਰਾਂ ‘ਤੇ ਤਾਂ ਉਹ ਐਵੇਂ ਆ ਜਾਂਦੇ ਹਨ। ਫਿਰ ਉਹ ਕੰਜੂਸ ਵੀ ਨਹੀਂ ਸਗੋਂ ਖੁੱਲ੍ਹੇ ਦਿਨ ਵਾਲੇ ਹਨ। ਮੇਰੇ ਕਿਹਾਂ, ਰੈਸਤੋਰਾਂ ‘ਚ ਜੂਠੀਆਂ ਪਲੇਟਾਂ ਧੋਣ ਵਾਲਾ ਮੁੰਡਾ ਪਲੇਟਾਂ ਦੀ ਜੂਠ ਕਨੱਸਤਰ ਵਿਚ ਇਕੱਠੀ ਕਰਦਾ ਰਹਿੰਦਾ ਹੈ। ਰਾਤ ਹੋਣ ਤਕ ਕਨੱਸਤਰ ਮੂੰਹ ਤਕ ਭਰ ਜਾਂਦਾ ਹੈ। ਮੈਂ ਸਵੇਰੇ ਹਨੇਰੇ ਜਿਹੇ ਆਉਂਦਾ ਹਾਂ, ਤੇ ਜੂਠ ਨਾਲ ਭਰਿਆ ਕਨੱਸਤਰ ਸਾਈਕਲ ‘ਤੇ ਟੰਗੇ ਪੀਪੇ ਵਿਚ ਉਲਟਾ ਕੇ ਲੈ ਜਾਂਦਾ ਹਾਂ। ਇਸ ਦੇ ਬਦਲੇ ਮੁੰਡੇ ਨੂੰ ਰੋਜ਼ ਦੇ ਪੰਜ ਰੁਪਏ ਦੇ ਦਿੰਦਾ ਹਾਂ।”
“ਪਰ ਇਸ ਕਨੱਸਤਰ ਦਾ ਮਾਲ ਤੇਰੇ ਕੀ ਕੰਮ ਆਉਂਦਾ ਹੈ?” ਮੈਂ ਸਾਈਕਲ ਵਾਲੇ ਦੀ ਗੱਲ ਕੱਟਦਿਆਂ ਪੁੱਛਦਾ ਹਾਂ।
“ਬਾਊ ਜੀ! ਮੈਂ ਸੂਰ ਪਾਲ ਰੱਖੇ ਹਨ। ਇਹ ਸਾਰਾ ਕੁਝ ਮੈਂ ਵਿਚ ਬੱਠਲ ‘ਚ ਪਾ ਕੇ ਉਨ੍ਹਾਂ ਮੂਹਰੇ ਧਰ ਦਿੰਦਾ ਹਾਂ। ਆਪ ਬਾਬੂ ਜੀ ਯਕੀਨ ਕਰੋ, ਜਿੱਦਣ ਦੇ ਸੂਰ ਇਹ ਜੂਠ ਖਾਣ ਲੱਗੇ ਨੇ, ਬਹੁਤ ਛੇਤੀ ਵਧਦੇ ਹੋਏ ਮੋਟੇ ਵੀ ਹੁੰਦੇ ਜਾਂਦੇ ਨੇ। ਰੋਜ਼ ਦੇ ਕੁੱਲ ਪੰਜ ਰੁਪਏ ਨਾਲ ਉਨ੍ਹਾਂ ਦਾ ਪੇਟ ਵੀ ਭਰ ਜਾਂਦਾ ਹੈ। ਕਿੰਨਾ ਸਸਤਾ ਹੈ ਇਹ ਕੰਮ!” ਉਸ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ।
“ਪਰ ਤੂੰ ਇਸ ਮੁੰਡੇ ਨੂੰ ਕਿਉਂ ਮਾਰਿਆ?” ਮੈਂ ਫਿਰ ਪਹਿਲਾਂ ਵਾਲਾ ਸੁਆਲ ਦੁਹਰਾਇਆ।
“ਇਹ ਚੋਰ ਹੈ ਬਾਊ ਜੀ। ਮੈਂ ਕਈ ਦਿਨਾਂ ਦਾ ਵੇਖ ਰਿਹਾ ਸੀ ਕਿ ਸੂਰਾਂ ਲਈ ਜੂਠ ਨਾਲ ਕਨੱਸਤਰ ਭਰਿਆ ਨਹੀਂ ਸੀ ਹੁੰਦਾ, ਸਗੋਂ ਰੋਜ਼ ਖਾਸਾ ਨੀਵਾਂ ਹੁੰਦਾ ਸੀ। ਜਦੋਂ ਮੈਂ ਪਲੇਟਾਂ ਸਾਫ਼ ਕਰਨ ਵਾਲੇ ਮੁੰਡੇ ਨੂੰ ਇਸ ਦਾ ਉਲਾਂਭਾ ਦਿੱਤਾ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਰੋਜ਼ ਰਾਤੀਂ ਗਿਆਰਾਂ ਵਜੇ ਕਨੱਸਤਰ ਭਰ ਕੇ ਰੱਖਣ ਦੇ ਹੀ ਪੰਜ ਰੁਪਏ ਲੈਂਦਾ ਹੈ। ਫਿਰ ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਗੜਬੜ ਹੈ।”
ਸਾਈਕਲ ਵਾਲਾ ਆਪਣੀ ਕਹਾਣੀ ਸੁਣਾ ਰਿਹਾ ਸੀ ਅਤੇ ਉਸ ਕੋਲ ਖੜ੍ਹਾ ਉਹ ਦਸ-ਗਿਆਰਾਂ ਸਾਲ ਦਾ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ। ਸਾਈਕਲ ਵਾਲੇ ਨੇ ਗੱਲ ਮੁੜ ਸ਼ੁਰੂ ਕੀਤੀ, “ਮੈਂ ਸਮਝ ਗਿਆ ਬਾਊ ਜੀ ਕਿ ਕਨੱਸਤਰ ‘ਚੋਂ ਮਾਲ ਚੋਰੀ ਹੁੰਦਾ ਹੈ। ਬਸ ਫਿਰ ਕੀ, ਮੈਂ ਅੱਜ ਸਵੇਰੇ ਚੋਰ ਨੂੰ ਫੜਨ ਲਈ ਜਲਦੀ ਆ ਗਿਆ ਤੇ ਹਨੇਰੇ ਵਿਚ ਲੁਕ ਕੇ ਖੜ੍ਹ ਗਿਆ, ਕੋਈ ਛੇ ਵਜੇ ਤੋਂ ਵੀ ਪਹਿਲਾਂ। ਮੈਂ ਵੇਖਿਆ, ਇਹ ਉਧਰ ਝੁੱਗੀਆਂ ਵਲੋਂ ਟੁਰਿਆ ਆ ਰਿਹਾ ਸੀ। ਮੈਂ ਚੁੱਪ ਖੜ੍ਹਾ ਇਸ ਨੂੰ ਵੇਖਦਾ ਰਿਹਾ। ਫਿਰ ਵਰਾਂਡੇ ਵਿਚ ਜਾ ਕੇ ਇਸ ਨੇ ਕਨੱਸਤਰ ਵਿਚੋਂ ਵੱਡਾ ਡੱਬਾ ਮਾਲ ਦਾ ਭਰ ਲਿਆ। ਇਹ ਅਜੇ ਮੁੜ ਝੁੱਗੀਆਂ ਵੱਲ ਜਾਣ ਨੂੰ ਹੋਇਆ ਹੀ ਸੀ ਕਿ ਮੈਂ ਇਸ ਨੂੰ ਫੜ ਲਿਆ। ਫਿਰ ਇਹ ਚੋਰ ਹੀ ਤਾਂ ਹੋਇਆ।”
ਆਪਣੀ ਗੱਲ ਮੁਕਾਉਂਦਿਆਂ ਸਾਰ ਸਾਈਕਲ ਵਾਲੇ ਨੇ ਨੰਗੀਆਂ ਲੱਤਾਂ ਵਾਲੇ ਮੁੰਡੇ ਦੇ ਮੂੰਹ ‘ਤੇ ਜ਼ੋਰ ਨਾਲ ਵਿਚ ਚਪੇੜ ਮਾਰੀ। ਉਸ ਨੂੰ ਚੋਰ ਆਖ ਗਾਲ੍ਹ ਕੱਢੀ।
“ਬਈ ਤੂੰ ਇਸ ਨੂੰ ਨਾ ਮਾਰ। ਮੈਂ ਇਸ ਕੋਲੋਂ ਪੁੱਛਦਾ ਹਾਂ ਗੱਲ ਕੀ ਹੈ।”
“ਕਿਉਂ ਬਈ, ਤੂੰ ਇਸ ਤਰ੍ਹਾਂ ਕਿਉਂ ਕਰਦਾ ਸੀ?” ਮੈਂ ਉਸ ਮੁੰਡੇ ਕੋਲੋਂ ਪੁੱਛਿਆ। ਪਹਿਲਾਂ ਤਾਂ ਉਸ ਨੇ ਕੋਈ ਜੁਆਬ ਨਹੀਂ ਦਿੱਤਾ, ਪਰ ਦੂਜੀ ਵਾਰੀ ਪੁੱਛਣ ‘ਤੇ ਉਹ ਰੋਂਦਾ ਹੋਇਆ ਬੋਲਣ ਲੱਗਾ, “ਮਾਂ ਮੈਨੂੰ ਸਵੇਰੇ ਹਨੇਰੇ ਉਠਾ ਦਿੰਦੀ ਹੈ। ਉਸ ਵੇਲੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ। ਫਿਰ ਮੈਨੂੰ ਠੰਢ ਵੀ ਬਹੁਤ ਲੱਗਦੀ ਹੈ। ਸਾਰਿਆਂ ਤੋਂ ਪਹਿਲਾਂ ਡੱਬਾ ਲੈ ਕੇ ਮੈਂ ਇੱਥੇ ਆ ਜਾਂਦਾ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਭਾਂਡੇ ਸਾਫ਼ ਕਰਨ ਵਾਲਾ ਮੁੰਡਾ ਹਨੇਰੇ ਵਿਚ ਪੀਪਾ ਕਿਥੇ ਰੱਖਦਾ ਹੈ? ਫਿਰ ਮੈਂ ਚੁੱਪ-ਚਾਪ ਪੀਪੇ ‘ਚੋਂ ਮਾਲ ਦਾ ਡੱਬਾ ਭਰ ਕੇ ਘਰ ਲੈ ਜਾਂਦਾ ਹਾਂ।”
“ਪਰ ਤੁਸੀਂ ਇਸ ਦਾ ਕੀ ਕਰਦੇ ਹੋ?” ਮੈਂ ਉਸ ਦੀ ਗੱਲ ਕੱਟ ਕੇ ਅਗਲਾ ਸੁਆਲ ਪੁੱਛਦਾ ਹਾਂ, ਪਰ ਇਸ ਵਾਰੀ ਉਹ ਮੁੰਡਾ ਰੁਕਦਾ ਨਹੀਂ, ਸਗੋਂ ਤੁਰੰਤ ਮੇਰੇ ਸੁਆਲ ਦਾ ਜੁਆਬ ਦੇਣ ਲੱਗਦਾ ਹੈ, “ਸਾਡਾ ਬਾਪੂ ਨਹੀਂ ਹੈ। ਉਹ ਤਾਂ ਪਿਛਲੇ ਸਾਲ ਬਿਮਾਰ ਹੋ ਕੇ ਮਰ ਗਿਆ ਸੀ। ਹੁਣ ਮੇਰੀ ਮਾਂ ਹੈ ਜਿਸ ਨਾਲ ਅਸੀਂ ਚਾਰ ਭੈਣ ਭਰਾ ਰਹਿੰਦੇ ਹਾਂ। ਮੈਂ ਉਨ੍ਹਾਂ ਵਿਚੋਂ ਸਭ ਤੋਂ ਵੱਡਾ ਹਾਂ। ਅਸੀਂ ਸਾਰੇ ਬਾਪੂ ਨਾਲ ਪਿੰਡੋਂ ਸ਼ਹਿਰ ਕੰਮ ਕਰਨ ਲਈ ਆਏ ਸੀ। ਇਥੇ ਸਰਕਾਰੀ ਕੁਆਟਰ ਬਣ ਰਹੇ ਹਨ। ਠੇਕੇਦਾਰ ਨੇ ਸਾਡੇ ਰਹਿਣ ਲਈ ਕੁਆਟਰਾਂ ਨੇੜੇ ਹੀ ਝੁੱਗੀਆਂ ਬਣਾ ਰੱਖੀਆਂ ਹਨ। ਪਹਿਲਾਂ ਤਾਂ ਮੇਰੀ ਮਾਂ, ਬਾਪੂ ਨਾਲ ਮਿਲ ਕੇ ਦਿਹਾੜੀ ਕਰਿਆ ਕਰਦੀ ਸੀ ਤੇ ਸਭ ਕੁਝ ਠੀਕ-ਠਾਕ ਟੁਰਦਾ ਸੀ, ਪਰ ਹੁਣ ਇਕੱਲੀ ਮਾਂ ਦਿਹਾੜੀ ਕਰਦੀ ਹੈ। ਮੈਂ ਤਾਂ ਅਜੇ ਛੋਟਾ ਹਾਂ ਕੁਝ ਕਰਨ ਜੋਗਾ ਨਹੀਂ। ਬਸ ਮਾਂ ਦਿਹਾੜੀ ਕਰਦੀ ਹੈ ਤੇ ਮੈਂ ਛੋਟੇ ਭੈਣ-ਭਰਾਵਾਂ ਨੂੰ ਸਾਂਭਦਾ ਹਾਂ। ਇਕੱਲੀ ਮਾਂ ਦੀ ਦਿਹਾੜੀ ਦੇ ਪੈਸਿਆਂ ਨਾਲ ਤਾਂ ਦਾਲ-ਸਬਜ਼ੀ ਨਹੀਂ ਖ਼ਰੀਦੀ ਜਾ ਸਕਦੀ। ਉਸ ਨਾਲ ਤਾਂ ਮਸਾਂ ਆਟਾ ਤੇ ਦੁੱਧ-ਚਾਹ ਚੱਲਦੀ ਹੈ। ਮੈਂ ਸਵੇਰੇ ਕਿਸੇ ਦੇ ਆਉਣ ਤੋਂ ਪਹਿਲਾਂ ਪੀਪੇ ‘ਚੋਂ ਮਾਲ ਦਾ ਡੱਬਾ ਭਰ ਕੇ ਲੈ ਜਾਂਦਾ ਹਾਂ ਜਿਸ ਨਾਲ ਅਸੀਂ ਸਾਰੇ ਸਵੇਰੇ-ਸ਼ਾਮ ਰੋਟੀ ਖਾ ਲੈਂਦੇ ਹਾਂ। ਸਾਨੂੰ ਇਹ ਸੁਆਦ ਵੀ ਬਹੁਤ ਲੱਗਦਾ ਹੈ। ਸਵੇਰੇ ਭਾਵੇਂ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈæææ ਭਾਵੇਂ ਸਵੇਰੇ ਮੇਰੀਆਂ ਲੱਤਾਂ ਨੰਗੀਆਂ ਹੁੰਦੀਆਂ ਹਨæææਮੈਨੂੰ ਠੰਢ ਵੀ ਬਹੁਤ ਲੱਗਦੀ ਹੈ, ਪਰ ਤਾਂ ਵੀ ਮੈਂ ਮਾਂ ਦੇ ਕਿਹਾਂ ਇੱਧਰ ਆ ਜਾਂਦਾ ਹਾਂ ਤੇæææ!”
ਮੁੰਡਾ ਬੋਲਣਾ ਬੰਦ ਕਰ ਦਿੰਦਾ ਹੈ। ਕਹਾਣੀ ਇਥੇ ਹੀ ਮੁੱਕ ਜਾਂਦੀ ਹੈ।
ਠੰਢ ਨਾਲ ਕੰਬਦਾ ਮਾਹੌਲ ਜਿਵੇਂ ਭੈਅਭੀਤ ਹੋ ਜਾਂਦਾ ਹੈ, ਸ਼ਾਂਤ ਤੇ ਡਰਾਉਣਾ ਹੋ ਜਾਂਦਾ ਹੈ, ਪਰ ਉਦੋਂ ਹੀ ਮੈਨੂੰ ਨੰਗ-ਧੜੰਗੇ ਉਹ ਚਾਰ ਬੱਚੇ ਇਕ-ਦੂਜੇ ਨੂੰ ਧੱਕੇ ਮਾਰਦੇ ਹੋਏ, ਭੁੱਖੇ, ਹਾਬੜੇ ਬੱਠਲ ਵਿਚ ਮੂੰਹ ਮਾਰਦੇ ਦਿਸਣ ਲੱਗਦੇ ਹਨ। ਇਕੱਲੇ ਨਹੀਂ ਸਗੋਂ ਸੂਰਾਂ ਨਾਲ ਮਿਲ ਕੇ ਬੱਠਲ ਵਿਚ ਪਈ ਜੂਠ ਖਾਂਦੇ ਦਿਸਣ ਲੱਗਦੇ ਹਨæææ।