ਮੁੰਬਈ ਗੇੜੀ ‘ਤੇ ਗਈ ਕਾਨਾ ਸਿੰਘ ਨੇ ਐਤਕੀਂ ਬਿਜਲ-ਗੱਡੀ ਦਾ ਵਿਸਥਾਰ ਖਿੱਚਦਿਆਂ ਜਮਾਤੀ ਧਿਰਾਂ ਦਾ ਨਿਖੇੜਾ ਬਹੁਤ ਬਾਰੀਕੀ ਨਾਲ ਕੀਤਾ ਹੈ। ਕਿਤੇ ਕੋਈ ਨਾਅਰਾ ਨਹੀਂ, ਕਿਤੇ ਕੋਈ ਉਚੇਚਾ ਜ਼ੋਰ ਨਹੀਂ ਲਾਇਆ, ਤੇ ਠੋਕ-ਵਜਾ ਕੇ ਗੱਲ ਕਹਿ ਸੁਣਾਈ ਹੈ। ਜਿਵੇਂ ਇਕ ਲੇਖਕ ਨੇ ਕਿਹਾ ਹੈ ਕਿ ਲੇਖਕ ਤਾਂ ਬੱਸ ਵੇਰਵੇ ਦੇਵੇ ਤੇ ਖੁਦ ਪਾਸੇ ਹੋ ਜਾਵੇ।
ਐਨ ਇਸੇ ਤਰ੍ਹਾਂ ਕਾਨਾ ਸਿੰਘ ਆਪਣੀ ਸੰਖੇਪ ਜਿਹੀ ਕਹਾਣੀ ਸੁਣਾ ਕੇ ਪਾਸੇ ਹੋ ਜਾਂਦੀ ਹੈ ਅਤੇ ਪੜ੍ਹਨ-ਸੁਣਨ ਵਾਲੇ ਅੱਗੇ ਸਵਾਲਾਂ ਦਾ ਟੋਕਰਾ ਉਲੱਦ ਜਾਂਦੀ ਹੈ। -ਸੰਪਾਦਕ
ਕਾਨਾ ਸਿੰਘ
ਫੋਨ:+91-95019-44944
ਮੇਰੇ ਵਾਲ ਬੜੇ ਬੇਮੁਹਾਰੇ ਹਨ ਅਤੇ ਮੂਹਰਲੀਆਂ ਲਿਟਾਂ ਹੋਰ ਵੀ ਬੇਹੁਦਰੀਆਂ ਤੇ ਗੁਸਤਾਖ਼। ਇਹ ਝੱਖੜ-ਝਾਂਜੇ ਵਿਚ ਜਾਂ ਬੱਸ ਅਰ ਸਕੂਟਰ ਉਤੇ ਬੈਠੀ ਦੀਆਂ ਅੱਖਾਂ ਅੱਗੇ ਪੈਂਦੀਆਂ ਮੈਨੂੰ ਬਹੁਤ ਤੰਗ ਕਰਦੀਆਂ। ਇਨ੍ਹਾਂ ਵਾਲਾਂ ਨੂੰ ਕਾਬੂ ਕਰਨ ਲਈ ਮੈਨੂੰ ਕਾਫ਼ੀ ਸੂਈਆਂ ਦੀ ਲੋੜ ਪੈਂਦੀ ਹੈ। ਵਾਲ ਸੰਘਣੇ ਹੋਣ ਕਾਰਨ ਮੇਰਾ ਜੂੜਾ ਵੀ ਢਿਲਕ-ਢਿਲਕ ਪੈਂਦਾ ਹੈ। ਢਿਲਕੇ ਹੋਏ ਜੂੜੇ ਤੋਂ ਮੈਨੂੰ ਬੜੀ ਕੋਫ਼ਤ ਹੁੰਦੀ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਪੱਜ ਬਜ਼ਾਰ ਗਈ ਮੈਂ ਸੂਈਆਂ ਦੀ ਭਾਲ ਵਿਚ ਮਨਿਆਰੀ ਦੀਆਂ ਦੁਕਾਨਾਂ ‘ਤੇ ਵੀ ਨਜ਼ਰ ਮਾਰਦੀ ਰਹਿੰਦੀ ਹਾਂ।
ਪੱਕੀਆਂ-ਪੀਢੀਆਂ ਸੂਈਆਂ ਦੀ ਮੈਨੂੰ ਹਮੇਸ਼ਾਂ ਤਲਾਸ਼ ਰਹਿੰਦੀ ਹੈ। ਸੂਈਆਂ ਜੋ ਨਾ ਆਪ ਹਿੱਲਣ ਅਤੇ ਨਾ ਹੀ ਵਾਲਾਂ ਨੂੰ ਆਪਣੀ ਥਾਂ ਤੋਂ ਹਿਲਣ ਦੇਣ।
ਵੱਡੇ ਅਤੇ ਭਰੇ ਪਰਿਵਾਰ ਦੇ ਮੇਰੇ ਉਪਰੋ-ਥਲੀ ਦੇ ਭੈਣਾਂ-ਭਰਾਵਾਂ ਦਾ ਮੈਨੂੰ ਛੇੜ ਕੇ ਕਰੋਧ ਵਿਚ ਲਿਆਉਣ ਦਾ ਇਕ-ਮਾਤਰ ਹਥਿਆਰ ਹੁੰਦਾ ਸੀ, ਮੇਰੇ ਕੰਘੀ ਕੀਤੇ, ਸੰਵਰੇ ਵਾਲਾਂ ਨੂੰ ਹੱਥ ਮਾਰ ਕੇ ਖਿੰਡਾ ਦੇਣਾ।
ਆਪਣੇ ਧਿਆਨ ਵਿਚ ਮਗਨ ਪੜ੍ਹਦੀ-ਲਿਖਦੀ ਜਾਂ ਗੀਟੇ ਖੇਡਦੀ ਦੇ ਸਿਰ ਉਤੇ ਕੋਈ ਵੀਰ ਧੱਫ਼ਾ ਮਾਰ ਜਾਂਦਾ ਤੇ ਫਿਰ ਮੇਰੇ ਚੀਕ-ਚਿਹਾੜੇ ਉਤੇ ਸਾਰੇ ਹੱਸ-ਹਸਾ ਕੇ ਅਨੰਦ ਮਾਣਦੇ।
ਬਜ਼ਾਰਾਂ ਵਿਚ ਆਮ ਵਿਕਦੀਆਂ ਸੂਈਆਂ ਵਿਰਲੇ ਵਾਲਾਂ ਨੂੰ ਤਾਂ ਕਾਬੂ ਕਰ ਲੈਂਦੀਆਂ ਹਨ, ਪਰ ਘਣੇ ਅਤੇ ਲਹਿਰੀਏ ਵਾਲਾਂ ਨੂੰ ਚਿਮਟਿਆਣ ਨਾਲ ਉਹ ਇਕ-ਅੱਧ ਵਾਰੀ ਵਿਚ ਹੀ ਮੂੰਹ ਅੱਡ ਲੈਂਦੀਆਂ ਹਨ।
ਪਿਛਲੀ ਤੋਂ ਪਿਛਲੇਰੀ ਫੇਰੀ ਦੀ ਗੱਲ ਹੈ। ਮੁੰਬਈ ਦੇ ਚੌਪਾਟੀ ਤੱਟ ਉਤੇ ਐਵੇਂ ਹੀ ਟਹਿਲ ਰਹੀ ਸਾਂ। ਉਥੇ ਬਾਲ-ਪਰਿਵਾਰ ਨਾਲ ਗੁਜ਼ਾਰੇ ਸੁਖਦ-ਪਲਾਂ ਦੀ ਯਾਦ ਵਿਚ ਕਦੇ ਪੁਰਾਣੀਆਂ ਕਿਤਾਬਾਂ ‘ਤੇ ਨਜ਼ਰ ਮਾਰਦੀ ਤੇ ਕਦੇ ਚੂੜੀਆਂ-ਕਾਂਟੇ-ਰੁਮਾਲਾਂ ਆਦਿ ਨਿੱਕ-ਸੁੱਕ ਦੀਆਂ ਪਟੜੀਆਂ ਨੂੰ ਵੇਖਦੀ-ਟਟੋਲਦੀ।
ਅਚਾਨਕ ਮੇਰੀ ਨਜ਼ਰ ਗਦਰਾਈ ਹੋਈ ਮਰਹੱਟਣ ਦੇ ਸਟਾਲ ਉਤੇ ਪਈਆਂ ਹੋਈਆਂ ਵਾਲ-ਚਿਮਟੀਆਂ ‘ਤੇ ਪਈ। ਇਹ ਅੱਧੇ-ਚੰਨ ਦੀ ਸ਼ਕਲ ਵਿਚ ਅੱਧੇ ਕੁ ਇੰਚ ਦੇ ਮੋਟੇ ਪਤਰੇ ਦੀਆਂ ਪੱਕੀਆਂ ਤੇ ਸ਼ਾਹ ਕਾਲੀਆਂ ਸੂਈਆਂ ਸਨ। ਮੈਂ ਇਕ ਸੂਈ ਚੁੱਕ ਕੇ ਖੱਬੀ ਉਂਗਲ ਨੂੰ ਚਿਮਟਿਆ ਕੇ ਵੇਖਿਆ। ਡਾਢੀ ਪੱਕੀ ਸੀ ਉਹ। ਬੜਾ ਜ਼ੋਰ ਲਗਾਣ ‘ਤੇ ਹੀ ਖੁੱਲ੍ਹ ਸਕੀ।
ਸੂਈਆਂ ਸਸਤੀਆਂ ਵੀ ਬਹੁਤ ਸਨ। ਬਸ ਇਕ ਜੋੜੀ ਦਾ ਇਕ ਰੁਪਿਆ। ਮੈਂ ਦੋ ਪੱਤੇ ਖਰੀਦ ਲਏ।
ਆਉਂਦੇ ਦੋ ਸਾਲ ਇਹੀ ਦੋ ਪੱਤੇ ਚੱਲਦੇ ਰਹੇ, ਉਂਜ ਦੇ ਉਂਜ। ਨਾ ਇਨ੍ਹਾਂ ਦਾ ਰੰਗ ਲੱਥਾ ਤੇ ਨਾ ਹੀ ਪਕੜ ਢਿੱਲੀ ਪਈ। ਮੈਂ ਇਹ ਚਿਮਟੀਆਂ ਬਹੁਤ ਸੰਭਾਲ ਕੇ ਰੱਖਦੀ ਸਾਂ। ਰਤਾ ਅੱਗੇ-ਪਿੱਛੇ ਹੋਈਆਂ ਨਹੀਂ ਕਿ ਮੈਂ ਔਖੀ ਹੋਈ ਨਹੀਂ।
ਚੰਡੀਗੜ੍ਹ, ਮੁਹਾਲੀ ਦੀਆਂ ਮੁਨਿਆਰ-ਦੁਕਾਨਾਂ ਅੱਗਿਉਂ ਲੰਘਦੀ ਅਕਸਰ ਹੀ ਨਜ਼ਰ ਮਾਰਦੀ ਰਹੀ, ਪਰ ਕਿਧਰੇ ਵੀ ਨਾ ਮਿਲੀਆਂ ਮੈਨੂੰ ਇਨ੍ਹਾਂ ਦੇ ਨਾਲ ਦੀਆਂ ਚਿਮਟੀਨੁਮਾ ਸੂਈਆਂ। ਹੁਣ ਜਦੋਂ ਵੀ ਮੈਂ ਮੁੰਬਈ ਗਈ, ਕਾਫ਼ੀ ਜੋੜੇ ਲੈ ਆਵਾਂਗੀ, ਪੱਤਿਆਂ ਦੇ ਪੱਤੇ; ਤਾਂ ਜੁ ਰਹਿੰਦੀ ਉਮਰ ਵਿਚ ਕਦੇ ਵੀ ਉਨ੍ਹਾਂ ਦੀ ਥੁੜ੍ਹ ਮਹਿਸੂਸ ਨਾ ਹੋਵੇ। ਮੈਂ ਪੱਕੀ ਧਾਰਨਾ ਬਣਾ ਲਈ।
ਇਕ ਵਾਰ ਫਿਰ ਮੁੰਬਈ ਦਾ ਚੱਕਰ ਲੱਗ ਗਿਆ। ਹਮੇਸ਼ਾਂ ਵਾਂਗ ਫਿਰ ਟਿਕਟ ਲੈ ਕੇ ਬਹਿ ਗਈ ਅੰਧੇਰੀ ਤੋਂ ਚਰਚ ਗੇਟ ਲਈ ਲੋਕਲ ਬਿਜਲ-ਗੱਡੀ ਦੇ ਜ਼ਨਾਨੇ ਡੱਬੇ ਵਿਚ।
ਮੁੰਬਈ ਦੀਆਂ ਲੋਕਲ ਬਿਜਲ-ਗੱਡੀਆਂ ਵਿਚ ਸਬਜ਼ੀਆਂ, ਫ਼ਲ, ਮੱਛੀ, ਭਾਂਡੇ, ਸਾੜ੍ਹੀਆਂ, ਨਾਈਟੀਆਂ, ਅੰਗੀਆਂ, ਪੇਟੀਕੋਟ, ਚਾਦਰਾਂ, ਮਨਿਆਰ ਦਾ ਸਾਰਾ ਸਮਾਨ ਅਤੇ ਹੋਰ ਵੀ ਰੋਜ਼ਾਨਾ ਜ਼ਿੰਦਗੀ ਲਈ ਲੋੜੀਂਦਾ ਸਾਰਾ ਨਿੱਕ-ਸੁੱਕ; ਕੋਈ ਐਸੀ ਚੀਜ਼ ਨਹੀਂ ਜੋ ਨਾ ਵਿਕਦੀ ਹੋਵੇ।
ਸਿਰਾਂ ‘ਤੇ ਛਾਬੇ ਧਰੀ ਦਗੜ-ਦਗੜ ਕਰਦੀਆਂ ਤਗੜੀਆਂ ਗਠੀਲੀਆਂ ਤੇ ਫੁਰਤੀਲੀਆਂ ਨੌਂਗਜ਼ੀ ਸਾੜ੍ਹੀਆਂ ਵਿਚ ਕੱਸੀਆਂ ਹੋਈਆਂ ਪੱਛਮੀ ਘਾਟ ਦੀਆਂ ਮੂਲ-ਨਿਵਾਸੀ ਮਰਹੱਟਣਾਂ, ਕੰਮ-ਕਾਜੀ ਔਰਤਾਂ ਨੂੰ ਹੱਥੋ-ਹੱਥ ਵਸਤਾਂ ਵੇਚਦੀਆਂ ਅਤੇ ਤਾਬੜ-ਤੋੜ ਪੈਸੇ ਬਟੋਰਦੀਆਂ ਅੱਖ-ਪਲਕਾਰੇ ਵਿਚ ਹੀ ਸਟੇਸ਼ਨੋਂ-ਸਟੇਸ਼ਨ ਲਹਿੰਦੀਆਂ ਚੜ੍ਹਦੀਆਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ।
ਇਨ੍ਹਾਂ ਛਾਬੇਦਾਰ ਤੀਵੀਆਂ ਨੂੰ ਘਾਟਣਾ, ਯਾਨੀ ਪੇਂਡੂ ਕਰ ਕੇ ਜਾਣਿਆ ਜਾਂਦਾ ਹੈ।
ਮੁੰਬਈ ਵਿਚ ਜਿਵੇਂ ਪਾਕਿਸਤਾਨ ਦੇ ਮਹਾਂਨਗਰ ਕਰਾਚੀ ਅਤੇ ਹੈਦਰਾਬਾਦ ਦੇ ਪਿਛੋਕੜ ਵਾਲੀ ਕਿਸੇ ਸਿੰਧਣ ਨੂੰ ਜੇ ‘ਕਲਿਆਣੀ ਸਿੰਧਣ’ ਅਰਥਾਤ ਪੂਰਬੀ ਮੁੰਬਈ ਦੀ ਬਸਤੀ, ਕਲਿਆਣ ਵਿਚ ਆ ਵਸੇ ਹੇਠਲੀ ਮੱਧ-ਸ਼੍ਰੇਣੀ ਦੀ ਸਿੰਧੀ ਆਖ ਦੇਈਏ ਤਾਂ ਸਮਝੋ ਲੜਾਈ ਮੁੱਲ ਲੈ ਲਈ। ਉਸੇ ਤਰ੍ਹਾਂ ਸ਼ਹਿਰੀ ਮਰਹੱਟਣ ਵੀ ‘ਘਾਟਣ’ ਆਖਣ ‘ਤੇ ਤੁਹਾਨੂੰ ਨਾਨੀ ਯਾਦ ਕਰਵਾ ਸਕਦੀ ਹੈ।
ਗੱਡੀ ਦਾਦਰ ਦਾ ਸਟੇਸ਼ਨ ਪਿੱਛੇ ਛੱਡ ਚੁੱਕੀ ਸੀ ਜਦੋਂ ਸੂਈਆਂ ਕਲਿੱਪਾਂ ਦੇ ਛਾਬੇ ਵਾਲੀ ਦੇ ਸਮਾਨ ਵਿਚੋਂ ਮੈਂ ਆਪਣੇ ਮਤਲਬ ਦੀਆਂ ਵਾਲ-ਚਿਮਟੀਆਂ ਢੂੰਡਣ ਲੱਗੀ।
ਫੈਂਸੀ, ਮੋਤੀਦਾਰ, ਨਕਾਸ਼ੀ ਵਾਲੀਆਂ ਰੰਗ-ਬਰੰਗੀਆਂ ਜੋੜੀਆਂ ਉਹ ਵਿਖਾਈ ਜਾਵੇ ਤੇ ਮੈਂ ਰੱਦ ਕਰੀ ਜਾਵਾਂ।
ਆਖਰ ਮੈਂ ਆਪਣੇ ਸਿਰੋਂ ਉਹ ਪੁਰਾਣੀ ਚਿਮਟੀ ਲਾਹ ਕੇ ਆਖਿਆ ਕਿ ਮੈਨੂੰ ਇਹੋ ਜਿਹੀ ਚਿਮਟੀ ਚਾਹੀਦੀ ਹੈ। ਹੂ-ਬ-ਹੂ।
“ਛੀ! ਛੀ! ਯੇ ਭੀ ਕੋਈ ਕਾਂਟਾ ਹੈ? ਘਾਟੀ ਕੇ ਮਾਫ਼ਕ!” ਆਖਦੀ, ਨੱਕ-ਮੂੰਹ ਸਿਕੋੜਦੀ ਉਹ ਅਗਲੀਆਂ ਸਵਾਰੀਆਂ ਵਲ ਤੁਰ ਗਈ।